ਅੱਧੀ ਚੁੰਝ ਵਾਲੀ ਚਿੜੀ/ਜਨਮ ਦਿਨ
ਜਨਮ ਦਿਨ
ਅੱਜ ਠੰਢ ਜ਼ਿਆਦਾ ਲੱਗ ਰਹੀ ਸੀ। ਕਹਿੰਦੇ ਨੇ, ਚਲਦੀ ਹਵਾ ਮੌਸਮ ਨੂੰ ਹੋਰ ਠੰਢਾ ਕਰ ਦਿੰਦੀ ਹੈ।
ਉਹ ਅੱਜ ਵੀ ਪਹਿਲੇ ਦਿਨਾਂ ਵਾਂਗ ਆਪਣੀ ਥਾਂ ਉੱਤੇ ਖੜ੍ਹਾ ਸੀ। ਉਸ ਦੇ ਪਿੰਡੇ ਪਏ ਲੀੜੇ ਠੰਢ ਨੂੰ ਰੋਕ ਰਹੇ ਸਨ ਜਾਂ ਸੱਦ ਰਹੇ ਸਨ, ਪਤਾ ਨਹੀਂ ਸੀ ਲੱਗਦਾ।
ਉਹ ਆਪਣੇ ਪਾਏ ਕੱਪੜਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਓਧਰ ਕਰ ਲੈਂਦਾ ਜਿਧਰੋਂ ਉਸ ਨੂੰ ਲਗਦਾ, ਹਵਾ ਉਸ ਤਕ ਪਹੁੰਚ ਰਹੀ ਹੈ।
ਇਹ ਕੰਮ ਦੇਖਣ ਵਾਲੇ ਨੂੰ ਕਾਫੀ ਔਖਾ ਅਤੇ ਥਕਾ ਦੇਣ ਵਾਲਾ ਲੱਗ ਸਕਦਾ ਸੀ ਕਿਉਂਕਿ ਇਉਂ ਕਰਦਿਆਂ ਉਸ ਨੂੰ ਹੱਥ ਫੜੇ ਗੁਬਾਰੇ ਵੀ ਸੰਭਾਲਣੇ ਪੈਂਦੇ ਸਨ।
ਉਹ ਓਨੇ ਕੁ ਗ਼ੁਬਾਰੇ ਲੈ ਕੇ ਖੜ੍ਹਦਾ ਜਿੰਨੇ ਕੁ ਸੰਭਾਲਣ ਦੇ ਸਮਰੱਥ ਹੁੰਦਾ ਜਾਂ ਉਸ ਨੂੰ ਉਮੀਦ ਹੁੰਦੀ ਕਿ ਉਹ ਵਿਕ ਜਾਣਗੇ।
ਰੰਗ-ਬਿਰੰਗੇ ਗ਼ੁਬਾਰਿਆਂ ਨੂੰ ਉਹ ਖੁਦ ਫੁਲਾਉਂਦਾ ਤੇ ਸਜਾਉਂਦਾ।
ਠੰਢ ਕਰਕੇ ਉਹ ਔੱਜ ਦੇਰ ਤਕ ਇਥੇ ਠਹਿਰਨਾ ਨਹੀਂ ਚਾਹੁੰਦਾ ਸੀ। ਨੀਵੇਂ ਹੋ ਕੇ ਤੁਰ ਰਹੇ ਬੱਂਦਲ ਕਦੇ ਵੀ ਮੀਹ ਜਾਂ ਬਰਫ਼ ਨੂੰ ਰਾਹ ਦੇ ਸਕਦੇ ਸਨ।
ਉਹ ਸੂਰਜ ਛੁਪਣ ਦੇ ਬਾਅਦ ਹੀ ਇਥੇ ਪੁੱਜਦਾ। ਹਲਕਾ-ਹਲਕਾ ਨ੍ਹੇਰਾ ਸਮਾਂ ਗੁਜ਼ਰਨ ਦੇ ਨਾਲ ਗੂੜ੍ਹਾ ਹੋ ਜਾਂਦਾ। ਉਹ ਓਨੀ ਦੇਰ ਤਕ ਓਥੇ ਰਹਿੰਦਾ ਜਦ ਤਕ ਸਾਰਾ ਸਮਾਨ ਨਾ ਵਿਕ ਜਾਂਦਾ ਜਾਂ ਥੱਕ ਨਾ ਜਾਂਦਾ।
ਨ੍ਹੇਰ-ਚਾਣਨ ਵਿਚ ਗ਼ੁਬਾਰਿਆਂ ਦਾ ਸਮੂਹ ਇਵੇਂ ਲੱਗਦਾ ਜਿਵੇਂ ਕੋਈ ਫੁੱਲਾਂ ਦਾ ਬਗ਼ੀਚਾ ਤੁਰ-ਫਿਰ ਰਿਹਾ ਹੈ।
ਕਾਫ਼ੀ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਕਈ ਗ਼ੁਬਾਰੇ ਅਜੇ ਵੀ ਉਹਦੇ ਕੋਲ ਸਨ। ਉਹ ਕਈ ਤਰ੍ਹਾਂ ਦੀਆਂ ਸੋਚਾਂ ਵਿਚ ਘਿਰਿਆ ਨਿੱਕੇ-ਨਿੱਕੇ ਪੈਰ ਪੁੱਟਦਾ ਇਧਰ-ਓਧਰ ਹੋ ਰਿਹਾ ਸੀ। ਅਚਾਨਕ ਵੱਡੀ ਸਾਰੀ ਕਾਰ ਉਹਦੇ ਕਰੀਬ ਆਂ ਖੜ੍ਹੀ ਹੋਈ। ਕਾਰ ਸਵਾਰੀਆਂ ਨਾਲ ਭਰੀ ਹੋਈ ਸੀ। ਕਾਰ ਦੇ ਦਰਵਾਜ਼ੇ ਖੁੱਲ੍ਹਦਿਆਂ ਹੀ ਗੱਲਾਂ ਅਤੇ ਹਾਸੇ ਦੀ ਫੁਹਾਰ ਨਾਲ ਉਹ ਘਿਰ ਗਿਆ।
'ਲਓ, ਆਪਣੀ ਗੱਲ ਬਣ ਗਈ। ਚੰਗਾ ਹੋਇਆ ਇਧਰ ਨਿਕਲ ਆਏ ਹਾਂ।"
"ਹਾਏ, ਬਾਹਰ ਕਿੰਨੀ ਠੰਢ ਏ।"
"ਤੁਸੀ ਸਾਰੇ ਗ਼ੁਬਾਰੇ ਖਰੀਦ ਲੈਣਾ। ਹੋਰ ਕਿੱਧੈ ਜਾਵਾਂਗੇ ਇਸ ਵੇਲੇ।"
"ਬੱਚੂ ਤੇਰੇ ਜਨਮ ਦਿਨ 'ਤੇ ਚੰਗੀ ਰੌਣਕ ਲੱਗ ਜਾਵੇਗੀ। ਕਿਵੇਂ ਲੁਕਿਆ ਬੈਠਾ..."
"ਇਹ ਗ਼ੁਬਾਰੇ ਤਾਂ ਬਹੁਤ ਸੋਹਣੇ ਹਨ..!"
ਪਲਾਂ ਵਿਚ ਹੀ ਸਾਰਾ ਮਾਹੌਲ ਗਰਮਾ ਗਿਆ। ਦੇਖਦਿਆਂ-ਦੇਖਦਿਆਂ ਉਹ ਰੰਗ-ਬਿਰੰਗੇ ਕੱਪੜੇ ਪਾਈ ਲੋਕਾਂ ਵਿਚ ਘਿਰ ਗਿਆ। ਉਸ ਨੇ ਮਹਿਸੂਸ ਕੀਤਾ ਜਿਵੇਂ ਹੁਣ ਠੰਢ ਘੱਟ ਲੱਗਣ ਲੱਗੀ ਹੈ।
ਉਸ ਦੀ ਨਜ਼ਰ ਕਾਰ ਵਿਚ ਬੈਠੇ ਪੰਜ ਕੁ ਸਾਲ ਦੇ ਬੱਚੇ ਉੱਪਰ ਜਾਂ ਟਿਕੀ। ਉਹ ਸਾਰਿਆਂ ਤੋਂ ਵੱਖਰਾ ਜਿਹਾ ਲੱਗ ਰਿਹਾ ਸੀ। ਉਹਦੇ ਸਿਰ 'ਤੇ ਚਮਕਦਾਰ ਟੋਪੀ ਸੋਭ ਰਹੀ ਸੀ। ਉਹ ਰੂਪ ਉਹਦੇ ਅੰਦਰ ਤਕ ਲਹਿ ਗਿਆ। ਉਸ ਰੂਪ ਨੇ ਉਸ ਨੂੰ ਗਰਮਾ ਦਿੱਤਾ।
"ਇਹ ਗੁਬਾਰਾ ਮੈਂ ਲਵਾਂਗੀ। ਕੇਕ ਕੱਟਣ ਵੇਲੇ ਦੇਵਾਂਗੀ..."
ਕੇਕ ਦਾ ਨਾਂ ਨਾ ਲੈ, ਮੇਰੇ ਮੂੰਹ ਵਿਚ ਪਾਣੀ ਆ ਜਾਂਦਾ ਹੈ।"
"ਇਸ ਵਾਰ ਤਾਂ ਬਹੁਤ ਵੱਡਾ ਕੇਕ ਬਣਵਾਇਆ। ਖਾ ਲਿਓ ਜਿੰਨਾ ਜੀਅ ਕਰੇ।"
"ਮੰਗ ਕੇ ਖਾਣ ਨਾਲ ਮਜ਼ਾ ਨਹੀਂ ਆਉਂਦਾ। ਮੈਂ ਤਾਂ ਖੋਹ ਕੇ ਖਾਵਾਂਗੀ।"
"ਤੈਨੂੰ ਤਾਂ ਮੈਂ ਆਪਣੀ ਪਲੇਟ ਵੱਲ ਝਾਕਣ ਵੀ ਨਾ ਦੇਵਾਂਗੀ..."
"ਆਪਣੀਆਂ ਗੱਲਾਂ ਛੱਡੋ। ਪਰ ਇਧਰ ਦੇਖੋ। ਦੇਰ ਨਾ ਕਰੋ। ਜਿਸ ਨੂੰ ਜੋ ਚਾਹੀਦਾ, ਦੱਸੋ।"
"ਮੈਨੂੰ ਤਾਂ ਸਾਰੇ ਪਸੰਦ ਹਨ। ਸਾਲ ਬਾਅਦ ਆਉਣਾ ਜਨਮ ਦਿਨ..."
ਸਾਰੇ ਮਾਹੌਲ ਨੇ ਗੁਬਾਰੇ ਵੇਚਣ ਵਾਲੇ ਨੂੰ ਅਸਥਿਰ ਕਰ ਦਿੱਤਾ। ਉਹ ਜੋ ਦੇਖ ਸੁਣ ਰਿਹਾ ਸੀ ਉਹ ਸਰੀਰ ਕਰਕੇ ਸੀ। ਉਸ ਦਾ ਮਨ ਕਿਸੇ ਹੋਰ ਪਾਸੇ ਘੁੰਮ ਰਿਹਾ ਸੀ।
ਉਸ ਨੇ ਜਨਮ ਦਿਨ ਪਹਿਲੀ ਵਾਰ ਸੁਣਿਆ ਸੀ। ਜਨਮ ਦਿਨ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ? ਲੋਕ ਉਸ ਵੇਲੇ ਕੀ ਕਰਦੇ ਹਨ? ਕੀ ਇਹ ਮੰਗ ਕੇ ਮਨਾਇਆ ਜਾਂਦਾ ਹੈ।
ਇਹ ਪ੍ਰਸ਼ਨ ਉਸ ਦੇ ਦਿਮਾਗ਼ ਵਿਚ ਵਾ-ਵਰੋਲੇ ਵਾਂਗ ਘੁੰਮਣ ਲੱਗੇ।
ਉਹ ਇਹ ਵੀ ਸੋਚ ਰਿਹਾ ਸੀ ਕਿ ਮੰਗਣ ਨਾਲ ਉਸ ਦਾ ਸੰਬੰਧ ਬਹੁਤ ਪੁਰਾਣਾ ਹੈ, ਸ਼ਾਇਦ ਜਨਮ ਤੋਂ ਹੀ।
ਜਦ ਉਹ ਬੱਚਾ ਸੀ ਤਾਂ ਮਾਂ ਉਸ ਨੂੰ ਕੁੱਛੜ ਚੁੱਕ ਮੰਗਦੀ ਹੁੰਦੀ ਸੀ। ਥੋੜ੍ਹਾ ਵੱਡਾ ਹੋਣ ਬਾਅਦ ਉਸ ਦੇ ਮਾਪਿਆਂ ਨੇ ਉਸ ਨੂੰ ਮੰਗਣ ਲਗਾ ਦਿੱਤਾ।
ਆਸ-ਪਾਸ ਦੀ ਸੋਝੀ ਹੋਣ ਬਾਅਦ ਉਸ ਨੂੰ ਮੰਗਣਾ ਚੰਗਾ ਨਾ ਲੱਗਾ। ਉਹ ਕੋਈ ਕੰਮ ਕਰ ਕੇ ਪੈਸੇ ਲੈਣਾ ਚਾਹੁੰਦਾ ਸੀ।
ਮੰਗਣ ਸਮੇਂ ਫੈਲੇ ਹੱਥ ਅਤੇ ਆਪਣੀਆਂ ਲਿਲੜੀਆਂ ਵੀ ਉਸ ਨੂੰ ਚੇਤੇ ਆਈਆਂ। ਉਹ ਜਦ ਆਪਣੀ ਉਮਰ ਤੋਂ ਕਿਤੇ ਵੱਡੇ ਅਣਜਾਣੇ ਲੋਕਾਂ ਨੂੰ ਅਸੀਸ ਦਿੰਦਾ ਤਾਂ ਉਸ ਨੂੰ ਸ਼ਰਮ ਆ ਜਾਂਦੀ।
ਬਦਲੇ ਵਿਚ ਉਸ ਨੂੰ ਕਦੇ ਅਸੀਸ ਨਾ ਮਿਲੀ। ਪੈਸੇ ਦੇਣ ਅਤੇ ਨਾ ਦੇਣ ਵਾਲੇ ਦੋਹਾਂ ਦੀਆਂ ਨਜ਼ਰਾਂ ਉਸ ਨੂੰ ਵਿੰਨ੍ਹ ਜਾਂਦੀਆਂ। ਜਿਨ੍ਹਾਂ ਦੀ ਚੋਭ ਦੇਰ ਤਕ ਮਹਿਸੂਸ ਹੁੰਦੀ ਰਹਿੰਦੀ। ਅੱਜ ਉਸ ਦੇ ਸਾਰੇ ਗ਼ੁਬਾਰੇ ਵਿਕ ਗਏ। ਇਸ ਨੇ ਉਸ ਨੂੰ ਖੁਸ਼ੀ ਨਾਲ ਭਰਨ ਦੇ ਨਾਲ-ਨਾਲ ਉਸ ਦਾ ਸਰੀਰ ਦੀ ਗਰਮਾ ਦਿੱਤਾ।
ਹੱਥ ਵਿਚ ਆਏ ਨੋਟਾਂ ਅਤੇ ਸਿੱਕਿਆਂ ਨੇ ਉਹਦੇ ਖੰਭ ਲਾ ਦਿੱਤੇ। ਬਿਜਲੀ ਜਿਹਾ ਵਿਚਾਰ ਲਿਸਕਿਆ। ਉਹ ਦੀ ਜਨਮ ਦਿਨ ਮਨਾ ਕੇ ਦੇਖੇਗਾ। ...
ਬੱਚੇ-ਵੱਡੇ ਕਾਰ ਵਿਚ ਬੈਠਣ ਲੱਗੇ। ਹਰ ਜੀਅ ਦੂਜੇ ਨੂੰ ਥਾਂ ਦੇਣ ਲਈ ਸੁੰਗੜ ਰਿਹਾ ਸੀ। ਗਰਮ ਕੱਪੜਿਆਂ ਨੇ ਉਹਨਾਂ ਨੂੰ ਲੋੜੋਂ ਵੱਧ ਮੋਟਾ ਕੀਤਾ ਹੋਇਆ ਸੀ।
ਗ਼ੁਬਾਰੇ ਵਾਲਾ ਮੁੰਡਾ ਘਰ ਜਾਣ ਨੂੰ ਪਿਛਾਂਹ ਵੱਲ ਮੁੜਿਆ। ਉਸ ਦੀ ਨਜ਼ਰ ਕਾਰ ਦੀ ਖੁੱਲ੍ਹੀ ਡਿੱਕੀ ਵੱਲ ਗਈ। ਪਲ-ਛਿਣ ਵਿਚ ਉਹ ਸਮਾਨ ਨਾਲ ਸਮਾਨ ਬਣ ਬੈਠ ਗਿਆ।
ਸਾਰਾ ਰਾਹ ਉਹ ਨੰਢ ਅਤੇ ਸੋਚ ਨਾਲ ਲੜਦਾ ਰਿਹਾ। ਖੁਸ਼ੀ ਦੀ ਲੋਅ ਇਹ ਸੀ ਕਿ ਆਪਣੀਆਂ ਅੱਖਾਂ ਨਾਲ ਉਹ ਪਹਿਲੀ ਵਾਰ ਜਨਮ ਦਿਨ ਮਨਾਇਆ ਜਾਂਦਾ ਦੇਖੇਗਾ।
ਕਾਰ ਰੁਕਦਿਆਂ ਹੀ ਉਸ ਵਿਚੋਂ ਸਭ ਤੋਂ ਪਹਿਲਾ ਉਤਰਨ ਵਾਲਾ ਗ਼ੁਬਾਰੇ ਵੇਚਣ ਵਾਲਾ ਮੁੰਡਾ ਸੀ। ਹਨ੍ਹੇਰੇ ਵਿਚ ਵੀ ਉਸ ਨੇ ਛੁਪਣ ਲਈ ਦਰੱਖ਼ਤ ਦੀ ਓਟ ਲਈ।
ਦੂਜੇ ਲੋਕ ਵੀ ਕਾਰ ਵਿਚੋਂ ਉਤਰੇ, ਸਮਾਨ ਉਤਾਰਿਆ ਅਤੇ ਗੱਲਾਂ ਕਰਦੇ, ਹੱਸਦੇ, ਘਰ ਅੰਦਰ ਚਲੇ ਗਏ।
ਹੁਣ, ਬਾਹਰ ਖਾਮੋਸ਼ੀ ਅਤੇ ਠੰਢ ਬਚੀ ਸੀ।
ਬੰਦ ਘਰ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਥਾਣੀ ਪੀਲੀ ਲੋਅ ਦਿਸਦੀ ਸੀ।
ਹਵਾ ਨੂੰ ਸਹਾਰਦਾ ਹੋਇਆ ਉਹ ਇਹੋ ਜਿਹੀ ਥਾਂ ਲੱਭਣ ਲੱਗਾ ਜਿਥੋਂ ਉਸ ਨੂੰ ਘਰ ਦੇ ਅੰਦਰ ਦੀ ਹਲਚਲ ਦਾ ਪਤਾ ਲੱਗ ਸਕੇ।
ਆਪਣੇ ਜਤਨ ਵਿਚ ਉਹ ਉਸ ਵੇਲੇ ਸਫਲ ਹੋਇਆ ਜਦ ਸ਼ੀਸ਼ੇ ਤੋਂ ਹਟੇ ਪਰਦੇ ਵਿਚੋਂ ਦੀ ਹੱਸਦੇ, ਟੱਪਦੇ ਬੱਚੇ-ਵੱਡੇ ਦਿਖਾਈ ਦਿੱਤੇ। ਉਸ ਦੀਆਂ ਅੱਖਾਂ ਅੱਗੇ ਸਾਰਾ ਕੁਝ ਕਿਸੇ ਮੂਕ ਫਿਲਮ ਵਾਂਗ ਵਾਪਰ ਰਿਹਾ ਸੀ।
ਕਮਰੇ ਵਿਚਾਲੇ ਪਏ ਮੇਜ਼ ਉੱਤੇ ਕੇਕ ਉੱਪਰ ਮੋਮਬੈਂਤੀਆਂ ਬਲ ਰਹੀਆਂ ਸਨ। ਉਨ੍ਹਾਂ ਦੀ ਲੋਅ ਦੇ ਸੇਕ ਨੂੰ ਉਹ ਬਾਹਰ ਖੜ੍ਹਾ ਮਹਿਸੂਸ ਕਰ ਰਿਹਾ ਸੀ।
ਵੱਧਦੀ ਠੰਢ ਅਤੇ ਇਕੋ ਥਾਂ ਖੜ੍ਹੇ ਰਹਿਣ ਨੇ ਉਸ ਨੂੰ ਥਕਾ ਦਿੱਤਾ ਸੀ। ਟਿਕ-ਟਿਕੀ ਲਾ ਕੇ ਦੇਖੀ ਜਾਣ ਕਾਰਨ ਉਸ ਦੀਆਂ ਅੱਖਾਂ ਕਦੇ ਬੰਦ ਹੋ ਜਾਂਦੀਆਂ ਕਦੇ ਖੁੱਲ੍ਹ ਜਾਂਦੀਆਂ।
ਕਮਰੇ ਵਿਚ ਘੁੰਮ ਰਹੇ ਲੋਕਾਂ ਦੇ ਹੱਥੀਂ ਭਾਂਤ-ਭਾਂਤ ਦੀਆਂ ਮੱਠਿਆਈਆਂ ਨੂੰ ਦੇਖ ਉਸ ਦੀ ਭੁੱਖ ਵੀ ਜਾਗ ਪਈ ਸੀ।
ਆਪਣੇ ਦੁਆਲੇ ਕੱਪੜਿਆਂ ਨੂੰ ਕੱਸਦਿਆਂ ਉਸ ਨੇ ਆਪਣੇ ਮੂੰਹ ਵਿਚ ਆਈ ਲਾਰ ਨੂੰ ਗਲੇ ਥੱਲੇ ਉਤਾਰਿਆ ਅਤੇ ਖਾਲੀ ਠੰਢੇ ਹੱਥ ਨੂੰ ਢਿੱਡ ਉੱਪਰ ਫੇਰਿਆ। ਢਿੱਡ ਨੂੰ ਹੱਥ ਜ਼ਿਆਦਾ ਠੰਢਾ ਲੱਗਾ।
ਇਸ ਸਭ ਦੇ ਬਾਵਜੂਦ ਉਹ ਖੁਦ ਨੂੰ ਇਸ ਹਲਚਲ ਵਿਚ ਸ਼ਾਮਲ ਸਮਝ ਰਿਹਾ ਸੀ ਜੋ ਉਸ ਦੀਆਂ ਅੱਖਾਂ ਮੋਹਰੇ ਹੋ ਰਹੀ ਸੀ।
ਫੇਰ ਉਸ ਨੇ ਆਪਣੀਆਂ ਅੱਧ-ਖੁੱਲ੍ਹੀਆਂ ਅੱਖਾਂ ਨਾਲ ਖੁਦ ਨੂੰ ਅਤਿ ਸੁੰਦਰ ਕੱਪੜਿਆਂ ਵਿਚ ਸਜਿਆ ਦੇਖਿਆ। ਕਈ ਪਛਾਣੇ-ਅਣਪਛਾਣੇ ਚਿਹਰੇ ਉਸ ਦੁਆਲੇ ਖੁਸ਼ ਹੋ-ਹੋ ਘੁੰਮ ਰਹੇ ਸਨ।
ਉਹ ਵੀ ਲੋਰ ਵਿਚ ਤੇਜ਼-ਤੇਜ਼ ਘੁੰਮਣ ਲੌਂਗਾ।
ਘੁੰਮਦਿਆਂ-ਘੁੰਮਦਿਆਂ ਉਸ ਨੂੰ ਲੱਗਾ ਮੋਮਬੱਤੀਆਂ ਜਿਵੇਂ ਛੱਤ ਪਾੜ ਅਸਮਾਨ ਵੱਲ ਨੂੰ ਤੁਰ ਪਈਆਂ ਹਨ ਅਤੇ ਟਿਮਟਿਮਾਉਂਦੇ ਤਾਰਿਆਂ ਵਿਚ ਰਲ-ਮਿਲ ਗਈਆਂ ਹਨ।
ਹੁਣ ਜਿਵੇਂ ਸਾਰਾ ਅਸਮਾਨ ਉਸ ਦੀ ਖੁਸ਼ੀ ਵਿਚ ਸ਼ਾਮਲ ਸੀ।
ਇੰਨੀ ਖੁਸ਼ੀ ਆਪਣੇ ਜੀਵਨ ਵਿਚ ਉਸ ਨੇ ਕਦੇ ਮਹਿਸੂਸ ਨਹੀਂ ਕੀਤੀ ਸੀ।
ਚੰਦ ਦੀਆਂ ਕਿਰਨਾਂ ਉਸ ਨੂੰ ਕੂਲੇ-ਕੂਲੇ ਹੱਥ ਲੱਗੇ ਜਿਹੜੇ ਨਿੱਕੇ-ਨਿੱਕੇ ਇਸ਼ਾਰਿਆਂ ਨਾਲ ਉਸ ਨੂੰ ਆਪਣੇ ਵੱਲ ਸੱਦ ਰਹੇ ਸਨ।
ਇਹ ਦੇਖ ਕੇ ਉਹ ਬਹੁਤ ਪ੍ਰਸੰਨ ਹੋ ਰਿਹਾ ਸੀ। ਹੁਣ ਤਾਂ ਉਸ ਨੂੰ ਠੰਢ ਵੀ ਨਹੀਂ ਲੱਗ ਰਹੀ ਸੀ।
ਕੁਝ ਨਾ ਖਾਣ ਦੇ ਬਾਵਜੂਦ ਉਸ ਨੂੰ ਭੁੱਖ ਮਹਿਸੂਸ ਨਹੀਂ ਹੋ ਰਹੀ ਸੀ। ਹੌਂਲਾ ਹੋਇਆ ਸਰੀਰ ਜਿੱਧਰ ਚਿੱਤ ਕਰਦਾ, ਤੁਰ ਪੈਂਦਾ।
ਉਹ ਆਪਣੇ ਸੰਗੀ-ਸਾਥੀਆਂ ਨੂੰ ਪਿਛੇ ਛੱਡਦਾ ਚਲਾ ਗਿਆ। ਹੁਣ ਕੱਲਾ ਹੀ ਉਹ ਆਪਣੇ ਰਾਹ ਤੁਰ ਰਿਹਾ ਸੀ।
ਪਲ-ਪਲ ਕਰਦਿਆਂ ਰਾਤ ਬੀਤ ਗਈ। ਸਵੇਰ ਵੇਲੇ ਪੰਛੀਆਂ ਨੇ ਆਪਣੇ ਰਸੀਲੇ ਬੋਲਾਂ ਨਾਲ ਅਸਮਾਨ ਭਰ ਦਿੱਤਾ। ਪੰਛੀਆਂ ਦੀ ਆਵਾਜ਼ ਸੁਣ ਕੇ ਉੱਠਣ ਵਾਲਾ ਅਜੇ ਵੀ ਸੁੱਤਾ ਪਿਆ ਸੀ।
ਘਰਾਂ ਵਿਚੋਂ ਨਿਕਲ ਲੋਕ ਜਦ ਘੁੰਮਣ-ਫਿਰਨ ਲੱਗੇ ਤਾਂ ਉਹਨਾਂ ਖਿੜਕੀ ਥੱਲੇ ਅੱਧਲੇਟੇ ਮੁੰਡੇ ਨੂੰ ਦੇਖਿਆ ਜਿਸ ਦੇ ਅੱਧਖੁੱਲ੍ਹੇ ਖੱਬੇ ਹੱਥੋਂ ਪੈਸੇ ਨਿਕਲ ਕੇ ਖਿੱਲਰੇ ਪਏ ਸਨ ਅਤੇ ਦੂਜੇ ਹੱਥ ਨਾਲ ਕਮੀਜ਼ ਨੂੰ ਘੁੱਟ ਕੇ ਫੜਿਆ ਹੋਇਆ ਸੀ।