ਅੱਧੀ ਚੁੰਝ ਵਾਲੀ ਚਿੜੀ/ਘਰ
ਘਰ
ਜੋ ਮਾਹੌਲ ਕਮਰੇ ਦੇ ਅੰਦਰ ਸੀ, ਉਹ ਬਾਹਰ ਨਹੀਂ ਸੀ।
ਕਮਰੇ ਦੇ ਅੰਦਰ ਠੰਢੀ ਹਵਾ ਦੇ ਬੁੱਲ੍ਹੇ ਆਪਣੇ ਸੰਪਰਕ ਵਿਚ ਆਉਣ ਵਾਲੀ ਹਰ ਵਸਤੂ ਨੂੰ ਠੰਢਾ ਬਣਾ ਰਹੇ ਸਨ।
ਬਾਹਰ ਤੇਜ਼ ਲੂ ਚੱਲ ਰਹੀ ਸੀ। ਗਰਮ ਹਵਾ ਵਾਰ-ਵਾਰ ਵਸਤੂਆਂ ਨਾਲ ਟਕਰਾ ਕੇ ਉਹਨਾਂ ਨੂੰ ਆਪਣੇ ਜਿੰਨਾ ਤਪਾ ਰਹੀ ਸੀ।
ਕਮਰੇ ਵਿਚ ਬਾਵਾ, ਗਗਨ ਅਤੇ ਉਹਨਾਂ ਦੀ ਮੰਮੀ ਬੈਠੇ ਹੋਏ ਸਨ। ਕੋਈ ਪੜ੍ਹ ਰਿਹਾ ਸੀ, ਹੋਈ ਡਿਸਕਵਰੀ ਚੈਨਲ 'ਤੇ ਆ ਰਿਹਾ ਪ੍ਰੋਗਰਾਮ ਦੇਖ ਰਿਹਾ ਸੀ ਤਾਂ ਤੀਜਾ ਦੋਹਾਂ ਦੇ ਰੰਗ ਵਿਚ ਆਪਣਾ ਰੰਗ ਘੋਲੀ ਜਾ ਰਿਹਾ ਸੀ।
ਸਮਾਂ ਦੁਪਹਿਰ ਦਾ ਸੀ।
ਲੂ ਦੇ ਚੱਲਣ ਦੀ ਆਵਾਜ਼ ਅੰਦਰ ਬੈਠਿਆਂ ਨੂੰ ਵੀ ਸੁਣ ਰਹੀ ਸੀ। ਅਚਾਨਕ ਸਭ ਦਾ ਧਿਆਨ ਵੰਡਿਆ ਗਿਆ ਜਦ ਗਗਨ ਨੇ ਆਪਣੀ ਚੀਖਵੀ ਆਵਾਜ਼ ਵਿਚ ਕਿਹਾ, "ਮੰਮੀ, ਉਹ ਦੇਖੋ, ਸ਼ਾਰਕ! ਉਹ... ਉਹ ਸਾਡੇ ਕੂਲਰ 'ਤੇ ਆ ਬੈਠੀ ਏ!"
ਇਹਨਾਂ ਬੋਲਾਂ ਪਿੱਛਾ ਕਰਦਿਆਂ ਸਾਰਿਆਂ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਨਿਕਲ ਗਈਆਂ। ਸੱਚੀ ਬਾਹਰ ਪਏ ਕੂਲਰ ਉੱਪਰ ਇਕ ਸਾਰਕ ਬੈਠੀ ਹੋਈ ਸੀ। ਉਹਦੀ ਖੁੱਲ੍ਹੀ ਚੁੰਝ ਵਿਚੋਂ ਦੀ ਜੀਭ ਬਾਹਰ ਲਮਕ ਰਹੀ ਸੀ। ਤੇਜ਼ ਚਲਦੇ ਸਾਹਾਂ ਕਾਰਨ ਉਹਦੀ ਛਾਤੀ ਉੱਚੀ-ਨੀਵੀ ਹੋ ਰਹੀ ਸੀ।
ਤਿੰਨੇ ਜਣੇ ਇਕ ਟੱਕ ਸ਼ਾਰਕ ਦੀ ਹਾਲਤ ਨੂੰ ਦੇਖਣ ਲੱਗੇ। ਪਰ ਇਹ ਕੋਈ ਚੰਗਾ ਨਜ਼ਾਰਾ ਨਹੀਂ ਸੀ।
ਤਦੇ ਬਾਵਾ ਨੇ ਮਹਿਸੂਸ ਕੀਤਾ ਕਿ ਇਸ ਨੂੰ ਪਿਆਸ ਲੱਗੀ ਹੋਵੇਗੀ। ਉਸ ਨੇ ਗਗਨ ਨੂੰ ਹੁਕਮ ਦੇ ਦਿੱਤਾ, "ਜਾ, ਰਸੋਈ 'ਚੋਂ ਕੌਲੀ 'ਚ ਪਾਣੀ ਲੈ ਆ...।"
"ਤੂੰ ਜਾ...। ਮੈਂ ਨਹੀਂ ਜਾਂਦਾ।"
"ਤੈਨੂੰ, ਇਹ ਸ਼ਾਰਕ ਚੰਗੀ ਲੱਗਦੀ ਏ ਨਾ।"
"ਹਾਂ...।"
"ਤਾਂ. ਫੇਰ ਜਾ। ਪਾਣੀ ਲੈ ਆ। ਨਹੀਂ ਤਾਂ ਇਹ ਮਰ ਜਾਵੇਗੀ।"
ਬਾਵੇ ਦੀ ਗੱਲ ਮੰਨ ਕੇ ਗਗਨ ਰਸੋਈ ਵੱਲ ਚਲਾ ਗਿਆ। ਸ਼ਾਰਕ ਦੀ ਤੇਜ਼ ਧੜਕਣ ਲਗਾਤਾਰ ਜਾਰੀ ਸੀ।
ਥੋੜ੍ਹੇ ਸਮੇਂ ਵਿਚ ਹੀ ਗਗਨ ਪਾਣੀ ਲੈ ਆਇਆ।
ਸਾਰਕ ਨੂੰ ਪਾਣੀ ਦੇਣ ਲਈ ਕਮਰੇ ਦਾ ਦਰਵਾਜ਼ਾ ਜਦੋਂ ਖੋਲ੍ਹਿਆ ਗਿਆ ਤਾਂ ਸੇਕ ਦਾ ਹੜ੍ਹ ਅੰਦਰ ਵੱਲ ਨੂੰ ਵਧਿਆ।
ਤਿੰਨੇ ਜਣੇ ਇਕ-ਦੂਜੇ ਨੂੰ ਧੱਕਾ ਦਿੰਦੇ ਬਾਹਰ ਨਿਕਲ ਆਏ। ਇਹ ਵਰਤਾਰਾ ਦੇਖਦਿਆਂ ਹੀ ਸ਼ਾਰਕ ਕੂਲਰ ਤੋਂ ਉੱਡ ਕੇ ਸਾਹਮਣੇ ਲਟਕਦੀ ਬਿਜਲੀ ਦੀ ਤਾਰ ਉੱਪਰ ਜਾ ਬੈਠੀ।
ਗੈਲਰੀ ਦਾ ਫ਼ਰਸ਼ ਪੈ ਰਹੀ ਸਿੱਧੀ ਧੁੱਪ ਕਾਰਨ ਤਪਿਆ ਹੋਇਆ ਸੀ ਜਿਸ ਉੱਪਰ ਪੈਰ ਟਿਕਾਉਣਾ ਮੁਸ਼ਕਲ ਹੋ ਰਿਹਾ ਸੀ।
ਤਾਰ ਉੱਪਰ ਜਾ ਬੈਠੀ ਸ਼ਾਰਕ ਦਾ ਮੂੰਹ ਇਹਨਾਂ ਤਿੰਨਾਂ ਵੱਲ ਹੀ ਸੀ। ਕਿਸੇ ਡਰ ਕਾਰਨ ਜਾਂ ਕਿਸੇ ਆਸ ਕਾਰਨ! ਪਤਾ ਨਹੀਂ....। ਗਗਨ ਨੇ ਕੌਲੀ ਕੂਲਰ ਉੱਪਰ ਰੱਖ ਦਿੱਤੀ। ਜਲਦੀ ਹੀ ਉਹ ਮੁੜ ਕਮਰੇ ਵਿਚ ਆ ਗਏ ਅਤੇ ਆਪੋ-ਆਪਣੀ ਜਗ੍ਹਾ ਮੱਲ ਲਈ।
ਹੁਣ ਤਿੰਨਾਂ ਦਾ ਧਿਆਨ ਕੂਲਰ ਉੱਪਰ ਰੱਖੀ ਕਟੋਰੀ ਵੱਲ ਸੀ। ਸਭ ਨੂੰ ਆਪੋ-ਆਪਣੇ ਕੰਮ ਵਿਸਰ ਚੁੱਕੇ ਸਨ। ਤਿੰਨੋਂ ਜਣੇ ਚੁੱਪਚਾਪ ਸ਼ਾਰਕ ਦੀਆਂ ਹਰਕਤਾਂ ਦੇਖ ਰਹੇ ਸਨ।
ਤਾਰ ਤੋਂ ਉੱਡ ਕੇ ਉਹ ਮੁੜ ਕੂਲਰ ਉੱਪਰ ਆ ਬੈਠੀ।
ਬੈਠਦਿਆਂ ਹੀ ਉਸ ਨੇ ਆਪਣੀ ਛਾਤੀ ਨੂੰ ਥੋੜ੍ਹਾ ਉੱਚਾ ਕੀਤਾ ਅਤੇ ਗਰਦਨ ਨੂੰ ਟੇਢੀ ਕਰ ਕੇ ਆਪਣੇ ਆਲੇ-ਦੁਆਲੇ ਦਾ ਮੁਆਇਨਾ ਕੀਤਾ। ਦੋ-ਚਾਰ ਵਾਰ ਆਪਣੇ ਖੰਭਾਂ ਵਿਚ ਚੁੰਝ ਫੇਰੀ। ਫੇਰ ਆਪਣੇ ਹੀ ਅੰਦਾਜ਼ ਵਿਚ ਨਿੱਕੇ-ਨਿੱਕੇ ਪੈਰ ਪੁੱਟਦਿਆਂ ਉਹ ਕਟੋਰੀ ਵੱਲ ਵਧੀ। ਪੈਰਾਂ ਨੂੰ ਥਾਂ-ਸਿਰ ਟਿਕਾਉਣ ਬਾਅਦ ਉਸ ਨੇ ਆਪਣੀ ਚੁੰਝ ਪਾਣੀ ਵਿਚ ਡੋਬ ਦਿੱਤੀ।
ਪਾਣੀ ਪੀ ਲੈਣ ਬਾਅਦ ਉਸ ਨੇ ਸਿਰ ਉੱਚਾ ਚੁੱਕ ਅਸਮਾਨ ਵੱਲ ਦੇਖਿਆ। ਹੁਣ ਉਸ ਦੀਆਂ ਗੋਲ-ਗੋਲ ਅੱਖਾਂ ਬੰਦ ਹੋ ਰਹੀਆਂ ਸਨ, ਖੁੱਲ੍ਹ ਰਹੀਆਂ ਸਨ।
ਪਾਣੀ ਦੀ ਪਿਆਸ ਤੋਂ ਅਗ੍ਹਾਂ ਵੀ ਕੁਝ ਹੋਰ ਹੁੰਦਾ ਹੋਵੇਗਾ। ਇਸ ਸੋਚ ਨੇ ਗਗਨ ਨੂੰ ਹਲੂਣਿਆ। ਉਹ ਬੋਲ ਪਿਆ, "ਮੰਮੀ, ਇਸ ਨੂੰ ਭੁੱਖ ਵੀ ਲੱਗੀ ਹੋਵੇਗੀ..। ਮੈਂ ਰਸੋਈ 'ਚੋਂ ਇਹਦੇ ਲਈ ਰੋਟੀ ਲਿਆਂਵਾ।"
"ਤੂੰ ਤਾਂ ਬੜਾ ਦਿਆਲ ਹੋ ਗਿਆ ਏਂ... ਜਾ ਲੈ ਆ। ਸ਼ਾਇਦ ਇਕ-ਅੱਧੀ ਰੋਟੀ ਪਈ ਹੋਵੇ," ਉਸ ਦੀ ਮੰਮੀ ਨੇ ਹੱਸਦਿਆ-ਹੱਸਦਿਆ ਕਿਹਾ।
ਸਭ ਨੇ ਮਿਲ ਕੇ ਰੋਟੀ ਦੇ ਨਿੱਕੇ-ਨਿੱਕੇ ਟੁਕੜੇ ਕੀਤਾ। ਉਹਨਾਂ ਟੁਕੜਿਆਂ ਨੂੰ ਕੂਲਰ ਉੱਪਰ ਰੱਖਣ ਲਈ ਜਦ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸ਼ਾਰਕ ਪਹਿਲਾਂ ਵਾਂਗ ਉੱਡ ਕੇ ਤਾਰ 'ਤੇ ਜਾ ਬੈਠੀ।
ਬਾਹਰ ਦੀ ਗਰਮ ਹਵਾ ਨੂੰ ਬਾਹਰ ਰੱਖਣ ਲਈ ਦਰਵਾਜ਼ਾ ਜਲਦੀ ਨਾਲ ਢੋਅ ਲਿਆ ਗਿਆ।
ਕੁਝ ਕੁ ਵਕਫ਼ੇ ਬਾਅਦ ਸਾਰਕ ਕੂਲਰ 'ਤੇ ਆ ਬੈਠੀ। ਉਸ ਨੇ ਆਪਣੀ ਚੁੰਝ ਨਾਲ ਰੋਟੀ ਦੇ ਟੁਕੜਿਆਂ ਨੂੰ ਉਲਟਾ-ਪਲਟਾ ਕੇ ਦੇਖਿਆ। ਥੋੜ੍ਹਾ ਜਿਹਾ ਪਿੱਛੇ ਹੋ ਕੇ ਆਪਣੀ ਖੱਬੀ ਲੱਤ ਦੀਆਂ ਨਹੁੰਦਰਾਂ ਨਾਲ ਚੁੰਝ ਸਾਫ਼ ਕੀਤੀ। ਜਿਸਮ ਨੂੰ ਹਲਕਾ ਜਿਹਾ ਫੁਲਾਇਆ ਅਤੇ ਸੱਜੇ ਪੈਰ ਨਾਲ ਕੁਝ ਟੁਕੜਿਆਂ ਨੂੰ ਆਪਣੇ ਵੱਲ ਖਿੱਚਿਆ।
ਭੁੱਖ ਆਪਣਾ ਅਸਰ ਦਿਖਾ ਰਹੀ ਸੀ। ਸੰਭਵ ਹੈ ਇਸੇ ਕਾਰਨ ਉਸ ਦੀ ਚੁੰਝ ਜਲਦੀਜਲਦੀ ਚਲ ਰਹੀ ਸੀ।
ਤਿੰਨੇ ਜਣੇ ਸ਼ਾਰਕ ਦੀਆਂ ਹਰਕਤਾਂ ਨੂੰ ਦੇਰ ਤਕ ਦੇਖਦੇ ਰਹੇ। ਦੇਖਦਿਆਂ-ਦੇਖਦਿਆਂ ਪਤਾ ਹੀ ਨਾ ਲੱਗਾ, ਉਹਨਾਂ ਨੂੰ ਨੀਂਦ ਕਦੋਂ ਆ ਗਈ।
ਤ੍ਰਿਕਾਲਾਂ ਵੇਲੇ ਜਦ ਉਹ ਉੱਠੇ ਤਾਂ ਸ਼ਾਰਕ ਓਥੇ ਨਹੀ ਸੀ। ਰੋਟੀ ਦੇ ਬਚੇ ਹੋਏ ਕਝ ਟੁਕੜੇ ਓਥੇ ਪਏ ਹੋਏ ਸਨ।
ਤਿੰਨੇ ਜਣੇ ਹੈਰਾਨ ਸਨ। ਕੀ ਉਹ ਕੱਲੀ ਹੀ ਸਾਰੀ ਰੋਟੀ ਖਾ ਗਈ ਸੀ ਜਾਂ ਕਿ ਉਹਦੇ ਚਲੇ ਜਾਣ ਬਾਅਦ ਕੋਈ ਹੋਰ ਪਖੇਰੂ ਰੋਟੀ ਦੇ ਟੁਕੜੇ ਚੁਗ ਗਿਆ ਸੀ।
ਅਗਲੇ ਦਿਨ ਮੁੜ ਓਹੀ ਸ਼ਾਰਕ ਓਥੇ ਆਣ ਬੈਠੀ। ਉਸ ਨੂੰ ਅੱਜ ਵੀ ਪਾਣੀ-ਰੋਟੀ ਦਿੱਤੀ ਗਈ। ਉਸ ਨੇ ਵੀ ਬੀਤੇ ਕੱਲ੍ਹ ਵਾਲਾ ਵਰਤਾਓ ਕੀਤਾ।
ਤਿੰਨ-ਚਾਰ ਦਿਨਾਂ ਬਾਅਦ ਦੋਹਾਂ ਧਿਰਾਂ ਵਿਚਾਲੇ ਵਿਸ਼ਵਾਸ ਬਣ ਗਿਆ ਤਾਂ ਸ਼ਾਰਕ ਨੇ ਉੱਡਣਾ ਬੰਦ ਕਰ ਦਿੱਤਾ। ਹੁਣ ਜਦ ਵੀ ਉਸ ਨੂੰ ਖਾਣ-ਪੀਣ ਲਈ ਕੁਝ ਦਿੱਤਾ ਜਾਂਦਾ ਤਾਂ ਉਹ ਦੋ-ਚਾਰ ਪੈਰ ਪਿੱਛੇ ਹੋ ਜਾਂਦੀ ਅਤੇ ਉਥੇ ਖੜ੍ਹੀ-ਖੜ੍ਹੀ ਆਪਣੇ ਪਰ ਹਿਲਾਉਂਦੀ ਰਹਿੰਦੀ ਜਾਂ ਗਰਦਨ ਟੇਢੀ ਕਰ ਕੇ ਦੇਖਦੀ ਰਹਿੰਦੀ।
ਇਕ ਦਿਨ ਉਹਦੇ ਨਾਲ ਇਕ ਹੋਰ ਸ਼ਾਰਕ ਸੀ। ਇਸ ਦਿਨ ਦੋਹਾਂ ਨੇ ਰਲ ਕੇ ਪੀਤਾ-ਖਾਧਾ ਅਤੇ ਆਪਣੇ ਮਿੱਥੇ ਸਮੇਂ 'ਤੇ ਓਥੋਂ ਤੁਰ ਗਏ।
ਕੁਝ ਦਿਨ ਬਾਅਦ ਇਕ ਕੌਤਕ ਵਰਤਿਆ।
ਬਾਵਾ ਆਪਣੀ ਮੰਮੀ ਨਾਲ ਜਦ ਰੋਟੀ ਲੈ ਕੇ ਉਹਨਾਂ ਵਲ ਵਧੀ ਤਾਂ ਸ਼ਾਰਕ ਥੋੜ੍ਹਾ ਝਿਜਕਦੀ ਹੋਈ ਬੋਲ ਪਈ, "ਤੁਸੀਂ ਸਭ ਨੇ ਮਿਲ ਕੇ ਉਸ ਦਿਨ ਮੇਰੀ ਜਾਨ ਬਚਾ ਲਈ। ਉਸ ਤੋਂ ਬਾਅਦ ਵੀ... ਕੀ ਕਹਾਂ.. ਮੈਥੋਂ ਬੋਲ ਨਹੀ ਹੁੰਦਾ।"
ਇਹ ਕਹਿੰਦਿਆਂ ਉਸ ਦਾ ਸਿਰ ਝੁਕ ਗਿਆ। ਉਸ ਦਾ ਸਾਥੀ ਚੁੱਪ ਅਤੇ ਅਡੋਲ ਖੜ੍ਹਾ ਰਿਹਾ।
ਬਾਵਾ ਦੀ ਮੰਮੀ ਖੁਦ ਹੈਰਾਨ ਸੀ। ਉਸ ਕੋਲੋਂ ਵੀ ਕੁਝ ਨਾ ਬੋਲਿਆ ਗਿਆ। ਕੁਝ ਵਕਫ਼ੇ ਬਾਅਦ ਉਹ ਬੋਲੀ, "ਓਦਣ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਤੂੰ ਮੁਸੀਬਤ 'ਚ ਏਂ। ਤੈਨੂੰ ਜਿਉਂਦਾ ਦੇਖ ਕੇ ਅਸੀ ਸਾਰੇ ਖੁਸ਼ ਹਾਂ। ਤੇਰੇ ਆਉਣ ਨਾਲ ਸਾਨੂੰ ਕੋਈ ਤਕਲੀਫ਼ ਨਹੀ ਹੁੰਦੀ।"
"ਇਹ ਥਾਂ ਮੈਨੂੰ ਵੀ ਚੰਗੀ ਲੱਗੀ ਏ। ਅਸੀ ਦੋਹਾਂ ਮਿਲ ਕੇ ਇਕ ਗੱਲ ਸੋਚੀ ਏ। ਪਰ ਕਹਿਣ ਦੀ ਹਿੰਮਤ ਨਹੀਂ ਹੋ ਰਹੀ।"
"ਐਸੀ ਕੋਈ ਗੱਲ ਨਹੀਂ। ਤੂੰ ਜੋ ਕਹਿਣਾ ਚਾਹੁੰਦੀ ਏਂ, ਕਹਿ ਸਕਦੀ ਏਂ। ਤੇਰੀ ਮੰਗ ਕਿਹੜੀ ਸਾਡੀਆਂ ਲੋੜਾਂ ਵਾਂਗ ਵਧਦੀ ਰਹੇਗੀ। ਮੈਨੂੰ ਪਤਾ ਏ, ਤੇਰੀ ਮੰਗ ਤੇਰੇ ਜਿੰਨੀ ਹੋਵੇਗੀ। ਡਰ ਨਾ...।"
"ਅਸੀਂ ਜਿਥੇ ਪਹਿਲਾਂ ਰਹਿੰਦੇ ਸੀ, ਉਹ ਥਾਂ ਬਸਤੀ ਤੋਂ ਦੂਰ ਸੀ। ਭਾਂਤ-ਭਾਂਤ ਦੇ ਸੰਘਣੇ ਰੁੱਖ ਸਨ। ਕਿਸੇ ਨੇ ਉਹ ਸਭ ਕੱਟ ਦਿੱਤੇ। ਸਾਡੇ ਵਾਂਗ ਕਈ ਬਰਬਾਦ ਹੋ ਗਏ। ਕਈਆਂ ਦੇ ਆਲ੍ਹਣੇ ਟੁੱਟ ਗਏ। ਕਈ ਘਰ ਬੋਟਾਂ 'ਤੇ ਆਂਡਿਆਂ ਸਮੇਤ ਮਿੱਟੀ 'ਚ ਰੁਲ ਗਏ.." ਬੋਲਦਿਆਂ-ਬੋਲਦਿਆਂ ਸ਼ਾਰਕ ਦਾ ਗਲਾ ਖ਼ੁਸ਼ਕ ਹੋ ਗਿਆ। ਉਸ ਦੀਆਂ ਅੱਖਾਂ ਨੂੰ ਪਾਣੀ ਨੇ ਘੇਰ ਲਿਆ।
ਕੁਝ ਪਲ ਚੁੱਪ ਵਰਤੀ ਰਹੀ। ਤਦ ਉਹਦਾ ਸਾਥੀ ਹੌਲੀ ਜਿਹੇ ਬੋਲਿਆ, "ਅਸੀਂ ਸੁਣਿਆ ਏ, ਓਥੇ ਕੁਝ ਬਣਨ ਵਾਲਾ ਏ। ਪਤਾ ਨਹੀਂ ਕੀ ਬਣਨਾ ਏ, ਪਰ ਅਸੀਂ... ਸਾਡਾ ਘਰ...।" ਉਹ ਵੀ ਅੱਗੋਂ ਬੋਲ ਨਾ ਸਕਿਆ।
ਇਸ ਦੌਰਾਨ ਸ਼ਾਰਕ ਨੇ ਦੋ ਚਾਰ ਘੁੱਟ ਪਾਣੀ ਪੀ ਲਿਆ ਸੀ। ਉਹ ਟੁੱਟਵੀਂ, ਸੋਗੀ ਆਵਾਜ਼ ਵਿਚ ਬੋਲੀ, "ਉਥੋਂ ਉਜੜ ਕੇ ਅਸੀਂ ਨਾਲ ਦੀ ਇਕ ਬਸਤੀ ਦੇ ਇਕ ਘਰ 'ਚ ਪਨਾਹ ਲਈ। ਮਕਾਨ ਦੇ ਸਿਖਰਲੇ ਹਿੱਸੇ 'ਚ ਨਿੱਕੀ ਜਿਹੀ ਥਾਂ ਲੱਭ ਲਈ। ਅਸੀਂ ਦੋਹਾਂ ਨੇ ਰਲ ਕੇ ਆਲ੍ਹਣਾ ਤਿਆਰ ਕੀਤਾ। ਕਈ ਦਿਨਾਂ ਦੀ ਸਖ਼ਤ ਮਿਹਨਤ ਬਾਅਦ ਅਸੀਂ ਕੁਝ ਕੁ ਦਿਨ ਹੀ ਚੈਨ ਨਾਲ ਰਹੇ ਹੋਵਾਂਗੇ ਕਿ ਸਾਡੇ ਉੱਪਰ ਮੁੜ ਮੁਸੀਬਤ ਆ ਪਈ।
ਘਰ ਦੇ ਸਾਰੇ ਜੀਅ ਘਰ ਦੀ ਸਫ਼ਾਈ ਵਿਚ ਰੁੱਝ ਗਏ। ਉਹਨਾਂ ਦੀ ਆਪਸੀ ਗੱਲਬਾਤ ਤੋਂ ਪਤਾ ਲੱਗਾ ਕਿ ਘਰ ਦੇ ਵੱਡੇ ਮੁੰਡੇ ਦੇ ਵਿਆਹ ਦੇ ਦਿਨ ਨੇੜੇ ਆ ਰਹੇ ਹਨ। ਸਫ਼ਾਈ ਕਰਦਿਆਂ ਕਰਦਿਆਂ ਘਰ ਦੇ ਮਾਲਕ ਦੀ ਨਜ਼ਰ ਸਾਡੇ ਆਲ੍ਹਣੇ 'ਤੇ ਵੀ ਪੈ ਗਈ। ਉਹ ਜ਼ੋਰ ਦੀ ਚੀਖਿਆ, "ਇਹਨਾਂ ਨੇ ਤਾਂ ਸਾਡੇ ਘਰ ਨੂੰ ਬਰਬਾਦ ਕਰ ਦਿੱਤਾ ਏ। ਜਿੱਧਰ ਦੇਖੋ ਤਿਣਕੇ ਹੀ ਤਿਣਕੇ। ਇਹਨਾਂ ਨੇ ਸਾਨੂੰ ਇਥੇ ਰਹਿਣ ਨਹੀਂ ਦੇਣਾ...।" ਬੀਤੇ ਸਮੇਂ ਦੇ ਦੁੱਖ ਦੀ ਯਾਦ ਨੇ ਉਸ ਨੂੰ ਅੱਗੋਂ ਥੋਲਣੋ ਰੋਕ ਲਿਆ।
ਚੁੱਪ ਕਰ ਗਈ ਸ਼ਾਰਕ ਦੀ ਗੱਲ ਨੂੰ ਉਸ ਦੇ ਸਾਥੀ ਨੇ ਅੱਗੇ ਤੋਰਿਆ, "ਉਹ ਆਦਮੀ ਪੋੜੀ ਲਾ ਕੇ ਸਾਡੇ ਆਲ੍ਹਣੇ ਤਕ ਪਹੁੰਚ ਗਿਆ। ਅਸੀ ਉਸ ਵੇਲੇ ਆਲ੍ਹਣੇ 'ਚ ਬੈਠੇ ਹੋਏ ਸੀ। ਅਸੀਂ ਤਾਂ ਉਹਦੇ ਹੱਥ ਨਾ ਆਏ ਪਰ ਸਾਡਾ ਆਲ੍ਹਣਾ ਉਸ ਨੇ ਇਕੋ ਝਟਕੇ ਨਾਲ ਆਪਣੇ ਵੱਲ ਖਿੱਚਿਆ ਤੇ ਹਵਾ 'ਚ ਉਛਾਲ ਦਿੱਤਾ। ਆਂਡੇ ਫ਼ਰਸ਼ 'ਤੇ ਡਿੱਗਦਿਆਂ ਹੀ ਟੁੱਟ ਗਏ। ਉਹਨਾਂ ਦੇ ਟੁੱਟਣ ਦੀ ਆਵਾਜ਼ ਹੁਣ ਵੀ ਸਾਡੇ ਦੋਹਾਂ ਦੇ ਕੰਨਾਂ ਵਿਚ ਗੂੰਜਦੀ ਰਹਿੰਦੀ ਏ..। ਇਹੋ ਜਿਹੇ ਦਿਨ ਪਹਿਲਾਂ ਕਦੇ ਨਹੀਂ ਦੇਖੇ ਸਨ।"
ਸਾਰਾ ਮਾਹੌਲ ਦੁੱਖ ਵਾਲਾ ਹੋ ਗਿਆ ਸੀ। ਸ਼ਾਰਕ ਜੋੜੇ ਨਾਲ ਜੋ ਵਾਪਰਿਆ ਸੀ, ਉਸ ਦੁੱਖ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਸੀ। ਇਸ ਵਾਰਤਾ ਦਾ ਅਸਰ ਬੱਚਿਆਂ ਉੱਪਰ ਵੀ ਦਿਖਾਈ ਦੇ ਰਿਹਾ ਸੀ। ਬਾਵਾ ਉਹਨਾਂ ਦੀਆਂ ਗੱਲਾਂ ਸੁਣਦੀ-ਸੁਣਦੀ ਆਪਣੀ ਮਾਂ ਦੀ ਵੱਖੀ ਨਾਲ ਜਾ ਲੱਗੀ ਸੀ। ਗਗਨ ਕੰਧ ਨਾਲ ਲੱਗਾ ਅਹਿਲ ਖੜ੍ਹਾ ਸੀ।
ਗੱਲਾਂ-ਗੱਲਾਂ ਵਿਚ ਸ਼ਾਮ ਹੋ ਗਈ ਸੀ। ਦੂਜੇ ਪੰਖੇਰੂ ਆਪਣੇ ਘਰਾਂ ਵਲ ਉੱਡਣ ਲੱਗ ਪਏ ਸਨ। ਉਹਨਾਂ ਨੂੰ ਉੱਡਦਿਆਂ ਦੇਖ ਸ਼ਾਰਕ ਜੋੜੇ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ।
ਅੰਤ 'ਤੇ ਸ਼ਾਰਕ ਡਮਗਮ ਆਵਾਜ਼ ਵਿਚ ਬੋਲੀ, "ਤੁਸੀਂ ਸੁਭਾਅ ਦੇ ਚੰਗੇ ਲੱਗਦੇ ਓ। ਸਾਨੂੰ ਰਹਿਣ ਲਈ ਥੋੜ੍ਹੀ ਜਿਹੀ ਥਾਂ ਦੇਵੋ। ਅਸੀਂ ਓਥੇ ਨਿੱਕਾ ਜਿਹਾ ਆਲ੍ਹਣਾ ਪਾਂ ਲਵਾਂਗੇ। ਮੈਂ ਕਿਤੇ ਹੋਰ ਰਾਤ ਕੱਟਦੀ ਆਂ... ਇਹ ਕਿਤੇ ਹੋਰ। ਸਾਡੀ ਪੱਕੀ ਠਾਹਰ ਕੋਈ ਨਹੀਂ....।"
ਸ਼ਾਰਕ ਦੀਆਂ ਗੱਲਾਂ ਬਾਵਾ ਅਤੇ ਗਗਨ ਬੜੇ ਧਿਆਨ ਨਾਲ ਸੁਣ ਰਹੇ ਸਨ। ਗਗਨ ਸ਼ਾਰਕ ਦੀ ਗੱਲ ਸੁਣ ਕੇ ਉੱਛਲ ਪਿਆ, "ਮੰਮੀ ਸਾਰਕਾਂ ਨੂੰ ਆਪਣੇ ਕੋਲ ਰੱਖ ਲਓ। ਅਸੀਂ ਸਾਰੇ ਮਿਲ ਕੇ ਰਹਾਂਗੇ।"
ਕਾਫੀ ਸਮਾਂ ਹੋ ਗਿਆ ਸੀ। ਉਹਨਾਂ ਬਚੀ ਰੋਟੀ ਖਾਣ ਬਾਅਦ ਪਾਣੀ ਪੀਤਾ ਅਤੇ ਫੁੱਰਰ ਕਰ ਕੇ ਉੱਡ ਗਏ।
ਰਾਤ ਦੀ ਰੋਟੀ ਖਾਣ ਤੋਂ ਬਾਅਦ ਗਗਨ, ਬਾਵਾ, ਉਹਨਾਂ ਦੇ ਮੰਮੀ-ਪਾਪਾ ਸ਼ਾਰਕ ਜੋੜੇ ਦੀਆਂ ਗੱਲਾਂ ਕਰਦੇ ਰਹੇ।
ਬੱਚਿਆਂ ਦੀ ਰਾਏ ਸੀ ਕਿ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਜਾਵੇ।
ਉਹਨਾਂ ਦੇ ਪਾਪਾ ਨੇ ਇਹ ਤਜਵੀਜ਼ ਰੱਖੀ ਕਿ ਇਹਨਾਂ ਲਈ ਲੱਕੜੀ ਦਾ ਇਕ ਨਿੱਕਾ ਜਿਹਾ ਘਰ ਬਣਵਾ ਲੈਂਦੇ ਹਾਂ, ਜਿਸ ਨੂੰ ਕਿਸੇ ਉੱਚੀ ਥਾਂ 'ਤੇ ਰੱਖ ਦੇਵਾਂਗੇ ਤਾਂ ਕਿ ਕੋਈ ਹੋਰ ਸ਼ਿਕਾਰੀ ਪੰਛੀ ਜਾਂ ਬਿੱਲੀ ਇਹਨਾਂ ਨੂੰ ਤੰਗ ਨਾ ਕਰ ਸਕੇ।
ਘਰ ਦੇ ਸਾਰੇ ਜੀਆਂ ਨੂੰ ਇਹ ਤਜਵੀਜ਼ ਬਹੁਤ ਪਸੰਦ ਆਈ।
ਦੋ-ਤਿੰਨ ਦਿਨਾਂ ਵਿਚ ਹੀ ਲੱਕੜ ਦਾ ਇਕ ਨਿੱਕਾ ਜਿਹਾ ਘਰ ਤਿਆਰ ਕਰਵਾ ਲਿਆ ਗਿਆ। ਜੰਗਲਾਂ ਵਿਚ ਰੁੱਖਾਂ ਨਾਲ ਟੰਗੇ ਹੋਏ ਇਹੋ ਜਿਹੇ ਘਰ ਦੇਖਣ ਨੂੰ ਆਮ ਮਿਲ ਜਾਂਦੇ ਹਨ।
ਉਸ ਦਿਨ ਜਦ ਉਹ ਜੋੜਾ ਰੋਜ਼ ਵਾਂਗ ਲੂ ਤੋਂ ਬਚਣ ਲਈ ਕੂਲਰ ਉੱਪਰ ਆ ਟਿਕਿਆ ਤਾਂ ਗਗਨ ਤੇ ਬਾਵਾ ਉਹਨਾਂ ਨਾਲ ਗੱਲਾਂ ਕਰਨ ਲਈ ਬੂਹਾ ਖੋਲ੍ਹ ਕੇ ਬਾਹਰ ਨਿਕਲ ਆਏ।
ਇਧਰ-ਉਧਰ ਦੀਆਂ ਦੋ-ਚਾਰ ਗੱਲਾਂ ਕਰਨ ਬਾਅਦ ਗਗਨ ਤੋਂ ਰਿਹਾ ਨਾ ਗਿਆ। ਉਹ ਬੋਲ ਪਿਆ, "ਤੁਸੀ ਘਰ ਦੀ ਤਲਾਸ਼ ਵਿਚ ਸੀ ਨਾ...। ਮੇਰੇ ਪਾਪਾ ਨੇ ਤੁਹਾਡੇ ਲਈ ਇਕ ਨਵਾਂ ਘਰ ਬਣਵਾਇਆ ਹੈ...। ਹੁਣ ਤੁਸੀਂ ਉਸ ਵਿਚ ਆਰਾਮ ਨਾਲ ਰਹਿ ਸਕੋਗੇ।"
ਦੋਹਾਂ ਨੂੰ ਬੱਚਿਆਂ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਆ ਰਿਹਾ ਸੀ। ਉਸੇ ਵੇਲੇ ਬਾਵਾ ਨੇ ਕਿਹਾ, "ਮੇਰਾ ਭਰਾ ਸੱਚ ਕਹਿ ਰਿਹਾ ਏ। ਇਹ ਘਰ ਅਸੀਂ ਬਜ਼ਾਰੋਂ ਬਣਵਾ ਕੇ ਲਿਆਏ ਹਾਂ ਤੁਹਾਡੇ ਰਹਿਣ ਵਾਸਤੇ...।"
ਸ਼ਾਰਕ ਦੀ ਉਤਸੁਕਤਾ ਹੋਰ ਵਧ ਗਈ ਸੀ ਜਿਸ ਨੂੰ ਉਹ ਛੁਪਾ ਨਾ ਸਕੀ। ਉਹ ਬੋਲ ਹੀ ਪਈ, "ਕਿਥੇ ਰੱਖਿਆ ਏ... ?"
"ਉੱਪਰ..." ਕਹਿ ਕੇ ਗਗਨ ਤੇ ਬਾਵਾ ਪੌੜੀਆਂ ਰਾਹੀਂ ਛੱਤ ਵੱਲ ਨੱਠ ਪਏ।
ਗਰਮ ਹਵਾ ਖਹਿ-ਖਹਿ ਕੇ ਚੱਲ ਰਹੀ ਸੀ। ਫਰਸ਼ ਤਵੇ ਵਾਂਗ ਤਪਿਆ ਪਿਆ ਸੀ। ਪਰ ਘਰ ਦੇਖਣ ਦਿਖਾਉਣ ਦੇ ਸਾਹਮਣੇ ਸਭ ਕੁਝ ਨਿਰਾਰਥਕ ਸੀ।
ਲੋਹੇ ਦੀ ਤਪੀ ਰੇਲਿੰਗ ਉੱਤੇ ਬੈਠੇ ਸ਼ਾਰਕ ਜੋੜੇ ਦਾ ਧਿਆਨ ਆਪਣੇ ਵੱਲ ਕਰਦਿਆਂ ਹੋਇਆਂ ਬਾਵਾ ਨੇ ਹੱਥ ਚੁੱਕ ਕੇ ਦੂਰ ਰੱਖੇ ਘਰ ਵੱਲ ਇਸ਼ਾਰਾ ਕਰ ਕੇ ਕਿਹਾ, "ਉਹ ਦੇਖੋ, ਉਹ ਏ ਤੁਹਾਡਾ ਨਵਾਂ ਘਰ।"
ਇਸੇ ਵੇਲੇ ਬੱਚਿਆਂ ਦੀ ਮੰਮੀ ਵੀ ਆ ਗਈ ਸੀ। ਸੂਰਜ ਲੰਮੇ ਰੁੱਖਾਂ ਦੇ ਪਿੱਛੇ ਵੱਲ ਨੂੰ ਖਿਸਕ ਰਿਹਾ ਸੀ। ਜਿਸ ਕਾਰਨ ਛੱਤ ਉੱਪਰ ਡੱਬ-ਖੜੱਬੀ ਛਾਂ ਹਵਾ ਕਾਰਨ ਹਿੱਲ ਰਹੀ ਸੀ।
ਸ਼ਾਰਕ ਜੋੜੇ ਦੀਆਂ ਅੱਖਾਂ ਵਿਚ ਪਾਣੀ ਆ ਗਿਆ।
ਇਸ ਦੇ ਬਾਵਜੂਦ ਸ਼ਾਰਕ ਖੁਦ ਨੂੰ ਰੋਕ ਨਾ ਸਕੀ। ਉਸ ਨਿੱਕੀ ਜਿਹੀ ਉਡਾਰੀ ਭਰੀ ਅਤੇ ਰੱਖੇ ਹੋਏ ਆਲ੍ਹਣੇ ਨੂੰ ਨੇੜਿਓਂ ਦੇਖ ਆਈ। ਉਸ ਨੂੰ ਆਪਣੇ ਉੱਪਰ ਯਕੀਨ ਨਹੀਂ ਹੈ ਰਿਹਾ ਸੀ।
ਉਹ ਜੋ ਕਹਿਣਾ ਚਾਹੁੰਦਾ ਸੀ ਕਹਿ ਨਾ ਸੀ।
ਇੰਨੇ ਨੂੰ ਗਗਨ ਆਪਣੀ ਮੰਮੀ ਦੀ ਬਾਂਹ ਫੜ ਕੇ ਬੋਲਿਆ, "ਮੰਮੀ, ਹੁਣ ਸਾਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਜਾਇਆ ਕਰਨਗੀਆਂ।"
"ਹਾਂ, ਤੇਰੇ ਪਾਪਾ ਕਹਿੰਦੇ ਹੁੰਦੇ ਹਨ ਕਿ ਜਦ ਉਹ ਨਿੱਕੇ ਸਨ ਤਾਂ ਸਵੇਰ ਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਉੱਠਦੇ ਹੁੰਦੇ ਸਨ।"
ਪਰ ਹੁਣ ਤਾਂ ਕਦੇ-ਕਦਾਈ ਹੀ ਕਿਸੇ ਪੰਛੀ ਦੇ ਬੋਲ ਸੁਣਾਈ ਦਿੰਦੇ ਹਨ। ਪਤਾ ਨਹੀ ਕੀ ਹੁੰਦਾਂ ਜਾ ਰਿਹਾ ਏ', ਇਹ ਆਵਾਜ਼ ਬਾਵੇ ਦੀ ਸੀ।
ਇਸ ਨਿੱਕੀ ਜਿਹੀ ਗੱਲਬਾਤ ਨੇ ਸ਼ਾਰਕ ਨੂੰ ਸਹਿਜ ਅਵਸਥਾ ਵਿਚ ਲੈ ਆਂਦਾ। ਉਸ ਥੋੜ੍ਹਾ ਜਿਹਾ ਸਿਰ ਚੁੱਕਿਆ ਅਤੇ ਪੂਰੀ ਮਿਠਾਸ ਨਾਲ ਬੋਲੀ, "ਮੈ ਕੀ ਕਹਾਂ...। ਤੁਸੀਂ ਸਾਡੇ ਬੋਲ ਵਾਪਸ ਮੋੜ ਲਿਆਏ ਓ....।"