ਸਮੱਗਰੀ 'ਤੇ ਜਾਓ

ਅੱਧੀ ਚੁੰਝ ਵਾਲੀ ਚਿੜੀ/ਰਾਜਧਾਨੀ ਦਾ ਜੰਗਲ

ਵਿਕੀਸਰੋਤ ਤੋਂ

ਰਾਜਧਾਨੀ ਦਾ ਜੰਗਲ

ਇਕ ਢਾਲਵੀ ਜਿਹੀ ਥਾਂ। ਥੋੜ੍ਹਾ ਜਿਹਾ ਦੂਰ ਛੋਟੇ-ਵੱਡੇ ਪੱਥਰ ਇਕ ਦੂਜੇ ਵਿਚ ਫਸੇ ਹੋਏ ਪਏ ਹਨ। ਇਹਨਾਂ ਦੀਆਂ ਦਰਾੜਾਂ ਵਿਚ ਉੱਗਿਆ ਘਾਹ ਅਤੇ ਜੜੀ-ਬੂਟ ਹਵਾ ਦੇ ਹਲਕੇ-ਹਲਕੇ ਬੁੱਲ੍ਹਿਆਂ ਨਾਲ ਹਿੱਲ ਰਿਹਾ ਹੈ। ਇਕ ਸ਼ੇਰ ਪਰਿਵਾਰ ਦੇ ਜੀਅ ਇਧਰ-ਉਧਰ ਆਪੋ ਆਪਣੇ ਅੰਦਾਜ਼ ਨਾਲ ਲੰਮੇ ਪਏ ਹਨ। ਜੇ ਵੱਡੇ ਜੀਅ ਸ਼ਾਂਤ-ਚਿੱਤ ਹਨ ਤਾਂ ਛੋਟੇ ਬੱਚੇ ਚੰਚਲ।

ਬੱਚੇ ਆਪਸ ਵਿਚ ਖੇਡ ਰਹੇ ਹਨ। ਖੇਡਦਿਆਂ-ਖੇਡਦਿਆਂ ਉਹਨਾਂ ਦਾ ਜਦ ਚਿੱਤ ਕਰਦਾ ਹੈ ਤਾਂ ਆਪਣੇ ਮਾਪਿਆਂ ਦੇ ਪਿੰਡਿਆਂ ਨੂੰ ਵੀ ਆਪਣੀ ਖੇਡ ਵਿਚ ਸ਼ਾਮਲ ਕਰ ਲੈਂਦੇ ਹਨ। ਇਹ ਵੀ ਤਾਂ ਵੱਡੇ ਪੱਥਰਾਂ ਵਾਂਗ ਅਹਿਲ ਪਏ ਰਹਿੰਦੇ ਹਨ। ਲੱਗਦਾ ਹੈ ਚੰਗਾ ਸ਼ਿਕਾਰ ਹੱਥ ਲੱਗ ਜਾਣ ਕਾਰਨ ਸਭ ਬੇ-ਫ਼ਿਕਰ ਹੋ ਕੇ ਆਰਾਮ ਕਰ ਰਹੇ ਹਨ।

ਜੇ ਸ਼ੇਰ ਪਰਿਵਾਰ ਬਿਨਾਂ ਆਵਾਜ਼ ਕੀਤਿਆਂ ਪਿਆ ਹੈ ਤਾਂ ਇਹਦਾ ਮਤਲਬ ਇਹ ਨਹੀਂ

ਕਿ ਜੰਗਲ ਸ਼ਾਂਤ ਹੈ। ਇਥੇ ਤਾਂ ਹਰ ਵੇਲੇ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ। ਇਹੋ ਇਸ ਦਾ ਸੁਭਾਅ ਹੈ ਅਤੇ ਇਸੇ ਕਰਕੇ ਇਹ ਜੰਗਲ ਹੈ।

ਇਕ ਸ਼ੇਰਨੀ ਥੋੜ੍ਹੀ ਵੱਖ ਹੋ ਕੇ ਸੰਘਣੀ ਛਾਂ ਥੱਲੇ ਲੰਮੀ ਪਈ ਹੈ। ਉਸ ਦੇ ਦੋ ਬੱਚੇ ਆਪਸ ਵਿਚ ਖੇਡ ਰਹੇ ਹਨ। ਉਹ ਕਦੇ ਇਕ ਦੂਜੇ ਦਾ ਪਿੱਛਾ ਕਰਦੇ ਹੋਏ ਪੱਥਰਾਂ ਦੇ ਉੱਪਰ ਚੜ੍ਹ ਜਾਂਦੇ ਹਨ, ਕਦੇ ਥੱਲੇ ਵੱਲ ਆ ਜਾਂਦੇ ਹਨ। ਕਦੇ ਝਾੜੀਆਂ-ਬੂਝਿਆਂ ਦੇ ਪਿੱਛੇ ਲੁਕੇ ਬੱਚੇ ਨੂੰ ਦੂਜਾ ਬੱਚਾ ਲੱਭ ਕੇ ਖੁਸ਼ ਹੁੰਦਾ ਹੈ। ਖੇਡਦੇ-ਖੇਡਦੇ ਦੋਵੇਂ ਗਾਇਬ ਹੋ ਜਾਂਦੇ ਹਨ।

ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਉਹ ਦੌੜੇ ਆਉਂਦੇ ਦਿਖਾਈ ਦਿੰਦੇ ਹਨ। ਮਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਹ ਇਕ-ਦੂਜੇ ਤੋਂ ਪਹਿਲਾਂ ਆਪਣੀ ਮੰਗ ਰੱਖਣ ਦੇ ਲਾਲਚ ਵਿਚ ਇਕ ਦੂਜੇ ਨੂੰ ਧੱਕਾ ਦੇ ਕੇ ਥੱਲੇ ਸੁੱਟਦਿਆਂ ਹੋਇਆਂ ਅੱਗੇ ਵਧਦੇ ਹਨ। ਇਕ ਬੱਚਾ ਦੂਰੋਂ ਹੀ ਬੋਲ ਪਿਆ, "ਮਾਂ, ਮਾਂ ਸਾਨੂੰ ਰਾਜਧਾਨੀ ਲੈ.. ਚਲੋ...।"

ਮਾਂ ਕੋਲ ਪਹੁੰਚ ਕੇ ਉਹ ਉਸ ਦੇ ਆਲੇ-ਦੁਆਲੇ ਘੁੰਮਣ ਲੱਗੇ। ਉਹਦੇ ਜਿਸਮ ਉੱਪਰ ਚੜ੍ਹਦਿਆਂ, ਥੱਲੇ ਉਤਰਦਿਆਂ ਉਹ ਆਪਣੀ ਗੱਲ ਨੂੰ ਬਿਨਾਂ ਰੁਕਿਆਂ ਕਹੀ ਜਾ ਰਹੇ ਹਨ।

ਲੱਗਦਾ ਹੈ, ਉਹ ਬੋਲਣ ਨਾਲੋਂ ਸ਼ਰਾਰਤਾਂ ਜ਼ਿਆਦਾ ਕਰ ਰਹੇ ਹਨ।

ਇਕੋ ਗੱਲ ਮੁੜ-ਮੁੜ ਸੁਣ ਕੇ ਸ਼ੇਰਨੀ ਨੂੰ ਗੁੱਸਾ ਆ ਜਾਂਦਾ ਹੈ।

ਉਹ ਥੋੜ੍ਹਾ ਹਿੱਲਦੀ ਹੈ ਅਤੇ ਘੂਰ ਕੇ ਉਹਨਾਂ ਵੱਲ ਦੇਖਦੀ ਹੈ। ਬੱਚਿਆਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹਨਾਂ ਦੀ ਮੰਗ ਦਾ ਕੁਝ ਅਸਰ ਤਾਂ ਹੋਇਆ ਹੈ।

ਦੋਵੇਂ ਨਾਲ-ਨਾਲ ਜੁੜ ਕੇ ਖੜ੍ਹੇ ਹੋ ਗਏ। ਪੂਛ ਕੱਟਿਆ ਬੱਚਾ ਆਪਣੇ ਮੂੰਹ ਤੋਂ ਮੱਖੀ ਨੂੰ ਪੈਰ ਨਾਲ ਉਡਾਉਂਦਿਆਂ ਬੋਲਿਆ, "ਅਸੀਂ ਉਸ ਦਰਖ਼ਤ ਕੋਲੋਂ ਹੋ ਕੇ ਆਏ ਹਾਂ। ਓਥੇ..."

ਸ਼ੇਰਨੀ ਵੱਲੋਂ ਕੋਈ ਹਰਕਤ ਨਾ ਹੋਣ ਕਾਰਨ ਉਹ ਖ਼ਾਮੋਸ਼ ਹੋ ਗਿਆ। ਸ਼ੇਰਨੀ ਨੇ ਉਸ ਦਿਸ਼ਾ ਵੱਲ ਦੇਖਿਆ, ਜਿਸ ਵੱਲ ਉਹ ਸੰਕੇਤ ਕਰ ਰਿਹਾ ਸੀ। ਓਥੇ ਕੋਈ ਰੁੱਖ ਨਹੀਂ ਸੀ। ਉਸ ਨੇ ਮਨ ਹੀ ਮਨ ਸੋਚਿਆ ਇਹ ਕਿਤੇ ਦੂਰ ਨਿਕਲ ਗਏ ਹੋਣਗੇ। ਉਹ ਡਰ ਵੀ ਗਈ, ਜੇ ਕਿਤੇ ਕੋਈ ਜੰਗਲੀ ਗਿੱਦੜ ਜਾਂ ਕੁੱਤਾ ਇਹਨਾਂ ਦੇ ਮਗਰ ਪੈ ਜਾਂਦਾ ਤਾਂ...

ਹਿੰਮਤ ਕਰਕੇ ਦੂਜਾ ਬੱਚਾ ਬੋਲਿਆ, "ਉਸ ਦਰੱਖ਼ਤ 'ਤੇ ਬੈਠੀ ਚਿੜੀ ਰਾਜਧਾਨੀਓਂ ਹੋ ਕੇ ਆਈ ਏ...।"

ਪੂਛ ਕਟੇ ਨੇ ਕਿਹਾ, "ਕੱਲੀ ਗਈ ਸੀ... ਅਸੀ ਉਸੇ ਦੀਆਂ ਗੱਲਾਂ ਸੁਣ ਰਹੇ ਸੀ।"

ਦੂਸਰੇ ਨੇ ਵੀ ਪਿੱਛੇ ਕਹਿਣਾ ਠੀਕ ਨਾ ਸਮਝਿਆ, "ਹੋਰ ਵੀ ਕਈ ਪੰਛੀ ਤੇ ਜਾਨਵਰ ਉਸ ਦੀਆਂ ਗੱਲਾਂ ਸੁਣ ਰਹੇ ਸਨ...।"

ਸ਼ੇਰਨੀ ਵਿਚੋਂ ਬੋਲੀ, "ਕੱਲੀ ਕਿਵੇਂ ਪਹੁੰਚ ਗਈ ਓਥੇ। ਰਾਜਧਾਨੀ ਤਾਂ ਬਹੁਤ ਦੂਰ ਏ...।" ਥੋੜ੍ਹਾ ਰੁਕ ਕੇ ਅਤੇ ਪਾਸਾ ਬਦਲ ਕੇ ਬੋਲੀ, "ਝੂਠ ਬੋਲਦੀ ਹੋਵੇਗੀ। ਨਿੱਕੀ ਜਿਹੀ ਜਾਨ... ਵਿਚਾਰੀ...।"

ਪੂਛ ਕਟਾ ਬੱਚਾ ਖਰਮਸਤੀ ਕਰਦਾ ਬੋਲਿਆ, "ਸੱਚ ਬੋਲਦੀ ਸੀ। ਤਾਂ ਹੀ ਤਾਂ ਇੰਨੇ ਜਣੇ ਓਥੇ 'ਕੱਠੇ ਹੋ ਗਏ ਸਨ।"

ਦੂਜੇ ਨੇ ਗੱਲ ਦੀ ਆਪਣੇ ਢੰਗ ਨਾਲ ਹਮਾਇਤ ਕੀਤੀ, "ਓਥੇ ਹਾਜ਼ਰ ਹਰ ਜਾਨਵਰ ਸਿਰਫ਼ ਚਿੜੀ ਵੱਲ ਹੀ ਦੇਖ ਰਿਹਾ ਸੀ।"

ਸ਼ੇਰਨੀ ਨੂੰ ਬੱਚਿਆਂ ਦੀ ਅਵਾਰਗੀ ਅਤੇ ਗੱਲਾਂ ਉੱਤੇ ਗੁੱਸਾ ਆ ਰਿਹਾ ਸੀ। ਉਹ ਇਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਨੂੰ ਰੋਕਣਾ ਚਾਹੁੰਦੀ ਸੀ ਅਤੇ ਕੁਝ ਕਹਿਣ ਹੀ ਵਾਲੀ ਸੀ ਕਿ ਪੂਛ ਕਟਾ ਬੋਲ ਪਿਆ, "ਉਹ ਕਹਿ ਰਹੀ ਸੀ ਕਿ ਰਾਜਧਾਨੀ 'ਚ ਇਕ ਨਵੀਂ ਗੱਡੀ ਚੱਲੀ ਏ। ਉਹ ਉਸ ਦੀ ਸਵਾਰੀ ਵੀ ਕਰ ਆਈ ਏ...।"

ਆਪਣੇ ਚਾਰੇ ਪੈਰ ਜ਼ਮੀਨ ਉੱਪਰ ਫੈਲਾਅ ਕੇ ਅਤੇ ਪੂਛ ਨੂੰ ਹਿਲਾਉਂਦਾ ਹੋਇਆ ਦੂਜਾ ਬੱਚਾ ਉੱਚੀ ਆਵਾਜ਼ ਵਿਚ ਬੋਲਿਆ, "ਉਹ ਗੱਡੀ ਜ਼ਮੀਨ ਉੱਪਰ ਨਹੀਂ ਚਲਦੀ। ਉਹ ਤਾਂ ਜ਼ਮੀਨ ਵਿਚ ਗੱਡੇ ਡੰਡਿਆਂ ਉੱਪਰ ਦੌੜਦੀ ਏ...।"

ਪਹਿਲਾ, "ਓਥੇ ਲੋਕਾਂ ਦੀ ਭੀੜ ਬਹੁਤ ਏ....।"

ਪੂਛ ਕਟੇ ਨੇ ਪਿਛੇ ਰਹਿਣਾ ਠੀਕ ਨਾ ਸਮਝਿਆ, "ਚਿੜੀ ਕਹਿ ਰਹੀ ਸੀ... ਗੱਡੀ 'ਤੇ ਚੜ੍ਹਨ ਲਈ ਉਹ ਲੋਕੀਂ ਇਕ ਦੂਜੇ ਨੂੰ ਖੂਬ ਮਾਰ-ਕੁੱਟ ਰਹੇ ਸਨ...।"

ਮਾਂ ਨੂੰ ਚੁੱਪ ਦੇਖ ਉਹ ਥੋੜ੍ਹਾ-ਥੋੜ੍ਹਾ ਡਰ ਵੀ ਰਹੇ ਸਨ। ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀਆਂ ਹਰਕਤਾਂ ਨੂੰ ਕਾਬੂ ਵਿਚ ਨਾ ਰੱਖਿਆ। ਦੋਹਾਂ ਨੇ ਗੱਲਾਂ ਕਰਦਿਆਂ ਕਰਦਿਆਂ ਹੁਣ ਮਾਂ ਦੇ ਪਿੰਡੇ ਨੂੰ ਇਕ ਨਿੱਕੀ ਜਿਹੀ ਗੁਦਗੁਦੀ ਪਹਾੜੀ ਸਮਝ ਲਿਆ ਸੀ।

ਇਸ ਹਰਕਤ ਨਾਲ ਮਾਂ ਚਿੜ ਗਈ। ਉਸ ਆਪਣਾ ਪਿੰਡਾ ਛੰਡਿਆ ਅਤੇ ਪੂਛ ਘੁਮਾਈ ਜਿਸ ਨਾਲ ਦੋਵੇਂ ਬੱਚੇ ਮਿਆਂਕਦੇ ਹੋਏ ਦੂਰ ਜਾ ਪਏ।

ਥੋੜ੍ਹੀ ਹਿੰਮਤ ਕਰ ਕੇ ਦੋਵੇਂ ਜਣੇ ਮੁੜ ਖੜ੍ਹੇ ਹੋਏ। ਆਪਣੇ-ਆਪ ਨੂੰ ਥਾਂ ਸਿਰ ਕੀਤਾ ਅਤੇ ਅੱਗੇ-ਪਿੱਛੇ ਹੋ ਕੇ ਸ਼ੇਰਨੀ ਵਲ ਵਧਣ ਲੱਂਗੇ।

ਮਾਰ ਖਾ ਲੈਣ ਬਾਅਦ ਉਹਨਾਂ ਨੇ ਜਿਵੇਂ ਮਹਿਸੂਸ ਕੀਤਾ ਕਿ ਆਪਣੀ ਗੱਲ ਕਹਿਣ ਦਾ ਉਹਨਾਂ ਦਾ ਹੱਕ ਹੋਰ ਮਜ਼ਬੂਤ ਹੋ ਗਿਆ ਹੈ। ਸ਼ੇਰਨੀ ਚੁੱਪਚਾਪ ਆਪਣੇ ਬੱਚਿਆਂ ਦੇ ਕਾਰਨਾਮੇ ਵੇਖ-ਸੁਣ ਰਹੀ ਸੀ। ਤਦੇ ਉਸ ਦੇ ਕੰਨਾਂ ਵਿਚ ਇਕ ਹੋਰ ਗੱਲ ਪਈ। ਦੋਵੇਂ ਜਣੇ, ਹੁਣ ਸ਼ੇਰਨੀ ਤੋਂ ਥੋੜ੍ਹੀ ਵਿੱਥ ਉੱਪਰ ਆ ਖੜ੍ਹੇ ਹੋਏ ਸਨ। ਦੋਵੇਂ ਜਣੇ ਇਕੋ ਸੁਰ ਵਿਚ ਬੋਲੇ, "ਅਸੀਂ ਵੀ ਰਾਜਧਾਨੀ ਜਾਵਾਂਗੇ! ਸਾਨੂੰ ਵੀ ਗੱਡੀ ਵਿਖਾ ਲਿਆਓ।"

ਰਾਜਧਾਨੀ ਅਤੇ ਗੱਡੀ ਦਾ ਨਾਂ ਮੁੜ-ਮੁੜ ਬੱਚਿਆਂ ਦੇ ਮੂੰਹੋਂ ਸੁਣ ਉਹ ਹੈਰਾਨ ਹੋ ਰਹੀ ਸੀ। ਪਰ ਬੱਚਿਆਂ ਦੀ ਆਵਾਜ਼ ਵਿਚ ਦ੍ਰਿੜ੍ਹਤਾ ਵਧਦੀ ਜਾ ਰਹੀ ਸੀ।

"ਰਾਜਧਾਨੀ ਬਹੁਤ ਦੂਰ ਏ। ਤੁਸੀਂ ਤਾਂ ਅਜੇ ਬੱਚੇ ਓ," ਸ਼ੇਰਨੀ ਨੇ ਜਵਾਬ ਵਿਚ ਕਈ ਤਰ੍ਹਾਂ ਦੇ ਭਾਵ ਲੁਕੇ ਹੋਏ ਸਨ। ਹੈਰਾਨ ਤਾਂ ਉਹ ਪਹਿਲਾਂ ਹੀ ਸੀ।

ਇਸ ਨਾਂਹ ਨੇ ਦੋਹਾਂ ਵਿਚ ਹੋਰ ਜੋਸ਼ ਭਰ ਦਿੱਤਾ। ਆਪੋ-ਆਪਣੇ ਜਿਸਮਾਂ ਨੂੰ ਉਹਨਾਂ ਨੇ ਹਰਕਤ ਵਿਚ ਲਿਆਂਦਾ ਅਤੇ ਪਹਿਲਾਂ ਨਾਲੋਂ ਕਿਤੇ ਉੱਚੀ ਆਵਾਜ਼ ਵਿਚ ਬੋਲੇ, "ਜਾਵਾਂਗੇ, ਜਾਵਾਂਗੇ। .... ਅਸੀਂ 'ਕੱਲੇ ਚਲੇ ਜਾਵਾਂਗੇ।"

ਸ਼ੇਰਨੀ ਦੀਆਂ ਅੱਖਾਂ ਵਿਚ ਗੁੱਸਾ ਉੱਤਰ ਰਿਹਾ ਸੀ। ਇਸ ਦੀ ਜ਼ਰਾ ਜਿੰਨੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਤੋਰਿਆ, "ਜੇ ਚਿੜੀ ਜਾ ਸਕਦੀ ਏ ਤਾਂ ਅਸੀਂ ਕਿਉਂ ਨਹੀਂ। ...ਅਸੀਂ ਚਿੜੀ ਤੋਂ ਤਾਂ ਵੱਡੇ ਆਂ।"

ਮਾਂ ਨੇ ਮੁੜ ਉਹਨਾਂ ਦੀ ਅੜੀ ਤੋੜਨੀ ਚਾਹੀ, "ਰਾਹ 'ਚ ਖਤਰੇ ਹਨ। ਜੇ ਤੁਹਾਨੂੰ ਕੁਝ ਹੋ ਗਿਆ ਤਾਂ..।"

ਪੂਛ ਕਟਾ ਬੋਲ ਪਿਆ, "ਜਦ ਚਿੜੀ ਨੂੰ ਕੁਝ ਨਹੀਂ ਹੋਇਆ ਤਾਂ ਸਾਨੂੰ ਕੀ ਹੋਵੇਗਾ?"

ਮਾਂ ਬੱਚਿਆਂ ਦੀ ਜ਼ਿੱਦ ਅੱਗੇ ਬੇਬਸ ਸੀ। ਪਰ ਰਾਹ ਵਿਚ ਆਉਣ ਵਾਲਿਆਂ ਖ਼ਤਰਿਆਂ ਬਾਰੇ ਬੱਚਿਆਂ ਨੂੰ ਸਮਝਾ ਨਹੀਂ ਸੀ ਸਕਦੀ।

ਦੋਵੇਂ ਪਾਸੇ ਥੋੜ੍ਹਾ ਸਮਾਂ ਚੁੱਪ ਰਹੀ।

ਪਤਾ ਨਹੀਂ ਦੋਹਾਂ ਦੇ ਮਨ ਵਿਚ ਕੀ ਆਈ। ਇਕ ਨੇ ਦੂਸਰੇ ਨੂੰ ਕਿਹਾ, "ਆ...'ਕੱਲੇ ਹੀ ਚਲਦੇ ਹਾਂ..।"

ਦੂਜਾ ਬੋਲਿਆ, "ਜਾਣ ਤੋਂ ਪਹਿਲਾਂ ਚਿੜੀ ਕੋਲੋਂ ਰਾਹ ਪੁੱਛ ਲਵਾਂਗੇ।"

ਦੋਹਾਂ ਨੇ ਸ਼ੇਰਨੀ ਵੱਲ ਪਿੱਠ ਕੀਤੀ ਅਤੇ ਨਿੱਕੇ-ਨਿੱਕੇ ਪੈਰਾਂ ਨਾਲ ਅਗ੍ਹਾਂ ਵਧਣ ਲੱਗੇ। ਉਹ ਰਾਜਧਾਨੀ ਵੱਲ ਜਾ ਰਹੇ ਹਨ ਜਾਂ ਕਿ ਚਿੜੀ ਵੱਲ। ਉਹਨਾਂ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਸੀ। ਦੇਖਦਿਆਂ-ਦੇਖਦਿਆਂ ਉਹਨਾਂ ਕਾਫ਼ੀ ਪੈਂਡਾ ਤੈਅ ਕਰ ਲਿਆ। ਸ਼ੇਰਨੀ ਦੀ ਦੇਹ ਹੁਣ ਗੁੱਸੇ ਨਾਲ ਭਰ ਗਈ ਸੀ। ਉਹ ਇਕਦਮ ਉੱਠੀ ਅਤੇ ਪੂਰੀ ਰਫ਼ਤਾਰ ਨਾਲ ਬੱਚਿਆਂ ਵੱਲ ਦੌੜੀ। ਪਲਾਂ ਵਿਚ ਆਪਣੇ ਮੋਹਰਲੇ ਪੈਰਾਂ ਦੀ ਮਾਰ ਨਾਲ ਦੋਹਾਂ ਨੂੰ ਢੇਰ ਕਰ ਲਿਆ। ਗੋਲ-ਮੋਲ ਹੁੰਦੇ ਹੋਏ ਉਹ ਬਹੁਤ ਦੂਰ ਤਕ ਰਿੜ੍ਹਦੇ ਚਲੇ ਗਏ। ਇਹੋ ਜਿਹੀ ਮਾਰ ਉਹਨਾਂ ਨੂੰ ਪਹਿਲੀ ਵਾਰ ਪਈ ਸੀ।

ਹੁਣ ਸ਼ੇਰਨੀ ਪੈਰਾਂ ਭਾਰ ਜ਼ਮੀਨ ਉੱਪਰ ਅਟਲ ਖੜ੍ਹੀ ਸੀ ਜਦ ਕਿ ਉਹ ਦੋਵੇਂ, ਹੁਣ ਵੀ ਦੁਬਕੇ ਬੈਠੇ ਹੋਏ ਸਨ। ਉਹਨਾਂ ਦੋਹਾਂ ਦੀਆਂ ਅੱਖਾਂ ਹੀ ਸ਼ੇਰਨੀ ਵੱਲ ਝਾਕ ਰਹੀਆਂ ਸਨ।

ਸ਼ੇਰਨੀ ਨੇ ਨਾਲ ਤੁਰਨ ਲਈ ਕਿਹਾ ਪਰ ਉਹ ਪੱਥਰ ਵਾਂਗ ਓਥੇ ਹੀ ਪਏ ਰਹੇ।

ਸਥਿਤੀ ਚਿੰਤਾ ਵਾਲੀ ਸੀ। ਉਹਨਾਂ ਨੇ ਗੁੱਸੇ ਦੀ ਆਵਾਜ਼ ਨੂੰ ਵੀ ਜਿਵੇਂ ਸਮਝਦੇ ਨਾਂਹ ਕਰ ਦਿੱਤੀ ਸੀ।

ਸਮਝੌਤਾ ਹੀ ਆਖਰੀ ਰਾਹ ਲੱਗ ਰਿਹਾ ਸੀ। ਉਹ ਨਰਮੀ ਵਾਲੇ ਸ਼ਬਦ ਵਰਤਦਿਆਂ ਬੋਲੀ, "ਦੇਖੋ, ਰਾਤ ਹੋ ਰਹੀ ਏ...। ਕੋਈ ਵੀ ਸ਼ਿਕਾਰੀ ਜਾਨਵਰ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦਾ ਏ।"

"ਅਸੀਂ ਰਾਜਧਾਨੀ ਜਾਣਾ ਏ....।"

"ਚੰਗੇ ਬੱਚੇ ਰਾਤ ਨੂੰ ਆਪਣੇ ਘਰ ਜਾਂਦੇ ਹਨ। ਤੁਹਾਡੀ ਇਸ ਥਾਂ ਰਾਖੀ ਕੌਣ ਕਰੇਗਾ?" ਮਾਂ ਨੇ ਕੋਲ ਹੋ ਕੇ ਆਪਣੀ ਜੀਭ ਨਾਲ ਚੱਟਦਿਆਂ ਹੋਇਆਂ ਆਪਣੇ ਲਾਡਲਿਆਂ ਨੂੰ ਕਿਹਾ, "ਲੈ ਚੱਲਾਂਗੀ। ...ਅਸੀਂ ਸਾਰੇ ਚੱਲਾਂਗੇ... 'ਕੱਠੇ।"

ਦਿਲਾਸਾ ਮਿਲਣ 'ਤੇ ਬੱਚੇ ਖੁਸ਼ ਹੋਕੇ ਟਪੂਸੀਆਂ ਮਾਰਨ ਲੱਗੇ। ਤਿੰਨੇ ਜਣੇ ਜਦ ਆਪਣੇ ਪਰਿਵਾਰ ਵਿਚ ਪਹੁੰਚੇ ਤਾਂ ਗੂਹੜਾ ਨ੍ਹੇਰਾ ਹੋ ਗਿਆ ਸੀ।

ਰਲ-ਮਿਲ ਕੇ ਇਹ ਫ਼ੈਸਲਾ ਕੀਤਾ ਗਿਆ ਕਿ ਪਹਿਲਾਂ ਸ਼ੇਰਨੀ ਰਾਜਧਾਨੀ ਜਾਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ ਫੇਰ ਬੱਚੇ ਵੀ ਜਾਣਗੇ।

ਰਸਤੇ ਦੀ ਜਾਣਕਾਰੀ ਚਿੜੀ ਨੂੰ ਆਪਣੇ ਕੋਲ ਸੱਦ ਕੇ ਲੈ ਲਈ ਗਈ। ਅਗਲੇ ਦਿਨ ਸ਼ੇਰਨੀ ਨੇ ਅਪਣੇ ਬੱਚਿਆਂ ਨੂੰ ਜਾਣ ਤੋਂ ਪਹਿਲਾਂ ਖ਼ੂਬ ਪਿਆਰ ਕੀਤਾ ਅਤੇ ਫੇਰ ਰਾਜਧਾਨੀ ਵੱਲ ਮੂੰਹ ਕਰ ਕੇ ਤੁਰ ਪਈ।

ਸਮਾਂ ਬੀਤਣ ਲੱਗਾ। ਆਮ ਨਾਲੋਂ ਜ਼ਿਆਦਾ ਦਿਨ ਬੀਤ ਗਏ ਸਨ। ਸ਼ੇਰਨੀ ਵਾਪਸ ਨਹੀਂ ਸੀ ਆਈ। ਬੱਚਿਆਂ ਦੀ ਖੁਸ਼ੀ ਹੁਣ ਦੁੱਖ ਵਿਚ ਬਦਲਦੀ ਜਾ ਰਹੀ ਸੀ।

ਬੱਚਿਆਂ ਦੇ ਨਾਲ-ਨਾਲ ਪਰਿਵਾਰ ਦੀ ਚਿੰਤਾ ਵੀ ਵੱਧ ਰਹੀ ਸੀ। ਸ਼ੇਰ ਪਰਿਵਾਰ ਦੇ ਮੁੱਖੀ ਦਾ ਖਿਆਲ ਸੀ ਕਿ ਕਿਤੇ ਰਾਜਧਾਨੀ ਨੇ ਸ਼ੇਰਨੀ ਨੂੰ ਖਤਮ ਹੀ ਨਾ ਕਰ ਦਿੱਤਾ ਹੋਵੇ। ਚਿੰਤਾ ਦਾ ਅੰਤ ਕਰਨ ਲਈ ਕੁਝ ਉਪਾਅ ਸੋਚੇ ਗਏ। ਆਖ਼ਿਰ ਚਿੜੀ ਨੂੰ ਸੱਦਿਆ ਗਿਆ ਅਤੇ ਸ਼ੇਰ ਨੇ ਉਸ ਨੂੰ ਹੁਕਮ ਸੁਣਾਇਆ ਕਿ ਉਹ ਰਾਜਧਾਨੀ ਜਾ ਕੇ ਸ਼ੇਰਨੀ ਦਾ ਪਤਾ ਲਾਵੇ ਕਿਉਂਕਿ ਉਹ ਪਹਿਲਾਂ ਵੀ ਓਥੇ ਰਹਿ ਆਈ ਹੈ।

ਬਾਦਸ਼ਾਹ ਦਾ ਹੁਕਮ ਮੰਨ ਕੇ ਉਹ ਰਾਜਧਾਨੀ ਵੱਲ ਉੱਡ ਪਈ। ਥੋੜ੍ਹੀ ਬਹੁਤ ਮਿਹਨਤ ਕਰਕੇ ਉਹ ਉਸ ਥਾਂ ਪਹੁੰਚ ਗਈ ਜਿਥੇ ਪਹਿਲਾਂ ਉਹ ਰਹਿ ਚੁੱਕੀ ਸੀ। ਇਸ ਪ੍ਰਾਪਤੀ ਨੇ ਉਸ ਦਾ ਥਕੇਵਾਂ ਲਾਹ ਦਿੱਤਾ ਅਤੇ ਅਗਲੇ ਕੰਮ ਲਈ ਹਿੰਮਤ ਪੈਦਾ ਕਰ ਦਿੱਤੀ।

ਉਹ ਦਿਨ ਵੇਲੇ ਇਧਰ-ਉਧਰ ਘੁੰਮਦੀ। ਰਾਤ ਪਿਆਂ ਉਹ ਉਸੇ ਰੁੱਖ ਉੱਪਰ ਆ ਬੈਠ ਜਾਂਦੀ।

ਇਕ ਵਾਰ ਸ਼ੇਰਨੀ ਨੂੰ ਲੱਭਦਿਆਂ-ਲੱਭਦਿਆਂ ਚਿੜੀ ਨੂੰ ਰਾਤ ਪੈ ਗਈ। ਇਹ ਬੀਆਬਾਨ ਇਲਾਕਾ ਸੀ। ਇਸ ਇਲਾਕੇ ਵਿਚ ਖੜ੍ਹੇ ਅਨੇਕ ਰੁੱਖਾਂ ਵਿਚੋਂ ਇਕ ਉੱਪਰ ਬੈਠ ਕੇ ਉਸ ਨੇ ਰਾਤ ਗੁਜ਼ਾਰਨ ਦਾ ਫ਼ੈਸਲਾ ਕੀਤਾ।

ਜਿਵੇਂ-ਜਿਵੇਂ ਰਾਤ ਵੱਧਣ ਲੱਗੀ, ਚਿੜੀ ਨੂੰ ਭਾਂਤ-ਸੁਭਾਂਤ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਉਸ ਸੋਚਿਆ ਇਹੋ ਜਿਹੀਆਂ ਆਵਾਜ਼ਾਂ ਤਾਂ ਜੰਗਲ ਵਿਚ ਹੀ ਸੁਣਾਈ ਦਿੰਦੀਆਂ ਹਨ। ਕੀ ਮੈਂ ਮੁੜ ਜੰਗਲ ਵਿਚ ਪਹੁੰਚ ਗਈ ਹਾਂ?

ਇਹਨਾਂ ਅਵਾਜ਼ਾਂ ਵਿਚੋਂ ਇਕ ਵੱਖਰੀ ਆਵਾਜ਼ ਵੀ ਸੁਣਨ ਨੂੰ ਮਿਲੀ। ਇਹ ਸ਼ੇਰਨੀ ਦੀ ਸੀ।

ਇਕ ਹੋਰ ਗੱਲ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉਸ ਨੂੰ ਇਹ ਆਵਾਜ਼ ਜਾਣੀ-ਪਛਾਣੀ ਲੱਗੀ। ਪਰ ਇਸ ਆਵਾਜ਼ ਵਿਚ ਤਾਂ ਦੁੱਖ ਦਾ ਰਲਾ ਸੀ। ਸਭ ਕੁਝ ਉਸ ਦੀ ਸਮਝ ਤੋਂ ਪਰ੍ਹਾਂ ਸੀ।

ਹੌਲੀ-ਹੌਲੀ ਚਿੜੀ ਨੇ ਉਸੇ ਆਵਾਜ਼ ਉੱਪਰ ਆਪਣਾ ਧਿਆਨ ਟਿਕਾ ਲਿਆ। ਚਿੜੀ ਨੂੰ ਯਕੀਨ ਹੋ ਗਿਆ ਕਿ ਇਹ ਉਸੇ ਸ਼ੇਰਨੀ ਦੀ ਆਵਾਜ਼ ਹੈ ਜਿਹੜੀ ਉਸ ਨੂੰ ਜੰਗਲ ਵਿਚ ਮਿਲੀ ਸੀ। ਇਹ ਤਾਂ ਉਸੇ ਸ਼ੇਰਨੀ ਦੀ ਆਵਾਜ਼ ਹੈ ਜਿਹੜੀ ਗੱਡੀ ਦੀ ਤਲਾਸ਼ ਵਿਚ ਰਾਜਧਾਨੀ ਵੱਲ ਆਈ ਹੋਈ ਸੀ।

ਚਿੜੀ ਆਪਣੀ ਥਾਂ ਬੈਠੀ-ਬੈਠੀ ਸਵੇਰ ਦਾ ਇੰਤਜ਼ਾਰ ਕਰਨ ਲੱਗੀ।

ਸਵੇਰ ਹੋਈ ਤਾਂ ਉਹ ਉਸ ਦਿਸ਼ਾ ਵਲ ਉੱਡ ਪਈ ਜਿਧਰੋਂ ਆਵਾਜ਼ ਆ ਰਹੀ ਸੀ। ਸ਼ੇਰਨੀ ਦੀ ਲਗਾਤਾਰ ਆ ਰਹੀ ਆਵਾਜ਼ ਉਸ ਨੂੰ ਸੇਧ ਦੇ ਰਹੀ ਸੀ।

ਛੇਤੀ ਹੀ ਉਹ ਜੰਗਲੇ ਦੀ ਇਕ ਸੀਖ ਉੱਪਰ ਜਾ ਬੈਠੀ ਜਿਸ ਵਿਚ ਸ਼ੇਰਨੀ ਲੰਮੀ ਪਈ ਹੋਈ ਸੀ। ਦਰਦੀਲੀ ਆਵਾਜ਼ ਹੁਣ ਵੀ ਉਸ ਦੇ ਮੂੰਹੋਂ ਥੋੜ੍ਹੀ ਦੇਰ ਬਾਅਦ ਆਪਣੇ-ਆਪ ਨਿੱਕਲ ਰਹੀ ਸੀ।

ਸ਼ੇਰਨੀ ਨੂੰ ਉਸ ਦੇ ਆਉਣ ਦੀ ਕੋਈ ਖ਼ਬਰ ਨਹੀਂ ਸੀ, ਪਰ ਚਿੜੀ ਨੇ ਨੇੜੇ ਹੋਣ ਸਦਕਾ ਪਛਾਣ ਲਿਆ ਕਿ ਇਹ ਉਹੋ ਸ਼ੇਰਨੀ ਹੈ ਜਿਹੜੀ ਜੰਗਲ ਵਿਚ ਮਿਲੀ ਸੀ।

ਚਿੜੀ ਨੇ ਉੱਚੀ ਆਵਾਜ਼ ਵਿਚ ਪੁੱਛਿਆ, "ਤੁਸੀਂ ਇਥੇ ਕਿਵੇਂ ਪਹੁੰਚ ਗਏ? ਤੁਸੀਂ ਤਾਂ ਆਪਣੇ ਬੱਚਿਆਂ ਦੇ ਕਹੇ 'ਤੇ ਰਾਜਧਾਨੀ ਆਏ ਸੀ।"

ਤੇਜ਼ ਆਵਾਜ਼ ਨੇ ਸ਼ੇਰਨੀ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਸਿਰ ਉਤਾਂਹ ਚੁੱਕ ਸਲਾਖ ਉੱਪਰ ਬੈਠੀ ਚਿੜੀ ਨੂੰ ਦੇਖਿਆ। ਉਸ ਨੂੰ ਵੀ ਇਹ ਆਵਾਜ਼ ਜਾਣੀ ਪਛਾਣੀ ਲੱਗੀ।

ਪ੍ਰਸ਼ਨ ਦੇ ਹੁੰਗਾਰੇ ਵਿਚ ਉਸ ਕਿਹਾ, "ਮੈਂ ਹੀ ਆਪਣੇ ਬੱਚਿਆਂ ਦੇ ਕਹੇ 'ਤੇ ਰਾਜਧਾਨੀ ਆਈ ਸੀ। ਪਰ ਤੂੰ ਕੌਣ ਏਂ?" ਉਹ ਆਪਣੇ ਸ਼ੱਕ ਨੂੰ ਦੂਰ ਕਰਨਾ ਚਾਹੁੰਦੀ ਸੀ।

"ਮੈਂ ਓਹੀ ਹਾਂ ਜਿਸ ਤੋਂ ਤੁਸੀਂ ਰਾਜਧਾਨੀ ਦਾ ਰਾਹ ਪੁੱਛਿਆ ਸੀ।"

ਸ਼ੇਰਨੀ ਨੇ ਥੋੜ੍ਹਾ ਸਿੱਧਾ ਹੋਣਾ ਚਾਹਿਆ। ਪਰ ਇਸ ਦੀ ਬਜਾਇ ਉਸ ਦੇ ਮੂੰਹੋਂ ਦਰਦ ਭਰੀ ਚੀਸ ਨਿਕਲੀ। ਉਸ ਕੋਲੋਂ ਇਹੋ ਕਹਿ ਹੋਇਆ, "ਠੀਕ ਏ..."

ਚਿੜੀ ਦਾ ਧਿਆਨ ਉਸ ਜ਼ਖ਼ਮ ਵੱਲ ਚਲਾ ਗਿਆ ਜਿਹੜਾ ਪਿਛਲੀ ਸੱਜੀ ਲੱਤ ਦੇ ਪੱਟ ਉੱਪਰ ਸੀ ਅਤੇ ਉਸ ਵਿਚੋਂ ਅਜੇ ਵੀ ਖ਼ੂਨ ਸਿੰਮ ਰਿਹਾ ਸੀ।

ਚਿੜੀ ਨੇ ਹਿੰਮਤ ਕਰ ਕੇ ਪੁੱਛ ਲਿਆ, "ਇਹ ਕਿਵੇਂ ਹੋ ਗਿਆ ਏ.... ?"

ਸ਼ੇਰਨੀ ਨੇ ਸਿਰ ਘੁਮਾ ਕੇ ਉਹਦੇ ਵੱਲ ਦੇਖਿਆ ਅਤੇ ਆਪਣੀ ਵਿੱਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ, "ਤੇਰੇ ਕੋਲੋਂ ਰਾਹ ਪੁੱਛਣ ਬਾਅਦ ਮੈਂ ਉਸੇ ਸ਼ਾਮ ਚੱਲ ਪਈ। ਰਾਹ ਵਿਚ ਜਿਥੇ ਥੱਕ ਜਾਂਦੀ, ਆਰਾਮ ਕਰ ਲੈਂਦੀ। ਇਕ-ਦੋ ਵਾਰ ਸ਼ਿਕਾਰ ਵੀ ਕੀਤਾ। ਇਕ ਵਾਰ ਅਜਿਹੀ ਥਾਂ ਰਾਤ ਪੈ ਗਈ ਜਿਥੇ ਆਸ-ਪਾਸ ਸਪਾਟ ਥਾਂ ਸੀ। ਕਿਤੇ-ਕਿਤੇ ਟਾਵਾਂ ਰੁੱਖ ਸੀ। ਸਵੇਰ ਹੋਈ ਤਾਂ ਦੇਖਿਆ ਕਿ ਆਲੇ-ਦੁਆਲੇ ਕਾਫੀ ਹਿਲਜੁਲ ਹੈ। ਲੱਗਿਆ ਉਹ ਪਿੰਡਾਂ ਦੇ ਬਾਹਰ ਦੀ ਥਾਂ ਸੀ। ਬੜੀ ਮੁਸ਼ਕਲ ਨਾਲ ਝਾੜੀਆਂ ਦੇ ਪਿੱਛੇ ਲੁਕ ਕੇ ਦਿਨ ਗੁਜ਼ਾਰਿਆ। ਮੈਨੂੰ ਹੁਣ ਦੋਹਰਾ ਫ਼ਿਕਰ ਹੋ ਗਿਆ..."

ਚਿੜੀ ਨੇ ਗੱਲ ਕੱਟਦਿਆਂ ਕਿਹਾ, "ਦੋਹਰਾ ਫ਼ਿਕਰ ਕਿਸ ਚੀਜ਼ ਦਾ... ?" ਉਹ ਵੀ ਆਪਣੀ ਚਿੰਤਾ ਸਾਂਝੀ ਕਰਨਾ ਚਾਹੁੰਦੀ ਸੀ।

ਤੇਜ਼ ਦਰਦ ਕਾਰਨ ਥੋੜ੍ਹਾ ਚੁੱਪ ਰਹਿਣ ਬਾਅਦ ਬੋਲੀ, "ਇਕ ਆਪਣਾ ਤੇ ਦੂਜਾ ਬੱਚਿਆਂ ਦਾ। ਦਿਨ ਡੁੱਬਿਆ ਤਾਂ ਮੈਂ ਡਰਦੀ-ਡਰਦੀ ਓਥੋਂ ਨਿਕਲੀ। ਥੋੜ੍ਹਾ ਅੱਗੇ ਗਈ ਹੋਵਾਂਗੀ ਤਾਂ ਮੈਨੂੰ ਕਿਸੇ ਆਦਮੀ ਨੇ ਦੇਖ ਲਿਆ। ਉਸ ਨੇ ਉੱਚੀ ਬੋਲ-ਬੋਲ ਹੋਰਾਂ ਨੂੰ ਵੀ ਸੱਦ ਲਿਆ। ਉਸ ਦੇ ਬੋਲ ਹੁਣ ਵੀ ਮੇਰੇ ਕੰਨਾਂ 'ਚ ਗੂੰਜਦੇ ਹਨ।"

ਦੇਖਦਿਆਂ-ਦੇਖਦਿਆਂ ਮੈਂ ਭੀੜ ਦੇ ਅੱਗੇ-ਅੱਗੇ ਤੇ ਉਹ ਮੇਰੇ ਪਿੱਛੇ-ਪਿੱਛੇ...। ਸਭ ਦੇ ਹੱਥਾਂ ਵਿਚ ਕੁਝ ਨਾ ਕੁਝ ਸੀ ਤਾਂ ਕਿ ਮੈਨੂੰ ਮਾਰਿਆ ਜਾ ਸਕੇ। ਨੱਠਦੇ-ਨੱਠਦੇ ਉਹ ਬੋਲ ਵੀ ਰਹੇ ਸਨ। ਉਹਨਾਂ ਦੇ ਬੋਲ ਮੇਰੇ ਕੰਨ ਪਾੜ ਰਹੇ ਸਨ।

'ਜੇ ਹੱਥ ਆ ਜਾਏ ਤਾਂ ਛੱਡਾਂਗੇ ਨਹੀ।'

'ਮੈਂ ਤਾਂ ਉਹਦਾ ਸਿਰ ਵੱਢ ਕੇ ਘਰ ਲੈ ਜਾਵਾਂਗਾ। ਕਹਿੰਦੇ ਹਨ, ਇਹਦੇ ਨਾਲ ਬੁਰੇ ਅਸਰ ਤੋਂ ਬਚਿਆ ਜਾ ਸਕਦਾ ਏ।'

'ਇਹਦੀ ਖੱਲ ਹੀ ਬੜੀ ਕੀਮਤੀ ਹੁੰਦੀ ਏ...।'

'ਕਿਸੇ ਅਮੀਰਜ਼ਾਦੇ ਨੇ ਆਪਣੇ ਫਾਰਮ ਵਿਚ ਪਾਲ ਰੱਖੀ ਹੋਵੇਗੀ। ਓਥੋਂ ਨੱਠ ਆਈ ਹੋਵੇਗੀ...। ਧੋਖਾ ਦੇ ਕੇ।'

'ਠੀਕ ਏ... ਪਰ ਹੁਣ ਤਾਂ ਇਹ ਸਾਡਾ ਤੇ ਸਾਡਾ ਬੱਚਿਆਂ ਦਾ ਘਰੋਂ ਨਿਕਲਣਾ ਬੇਹਾਲ ਕਰ ਦੇਵੇਗੀ।'

"ਆਹੋ... ਅੱਜ ਤਾਂ ਇਸ ਨੂੰ ਮਾਰ ਕੇ ਹੀ ਸਾਹ ਲਵਾਂਗੇ।'

ਕਦੇ-ਕਦੇ ਲੋਅ ਸਿੱਧੀ ਅੱਖਾਂ ਵਿਚ ਆ ਕੇ ਲੱਗਦੀ। ਮੈਂ ਤਾਂ ਨ੍ਹੇਰੇ ਦੀ ਤਲਾਸ਼ ਵਿਚ ਸਾਂ। ਕੀ ਕਰਦੀ। ਅਚਾਨਕ ਕੋਈ ਲੁਕਵੀ ਥਾਂ ਮਿਲ ਗਈ। ਮੈਂ 'ਕੱਠੀ ਹੋ ਕੇ ਬੈਠ ਗਈ। ਪਰ ਆਵਾਜ਼ਾਂ ਆਉਂਦੀਆਂ ਰਹੀਆਂ। ਤਦੇ ਸੁਣਾਈ ਦਿੱਤਾ...

'ਜੰਗਲੀ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ। ਇਸ ਨੂੰ ਕੁਝ ਨਾ ਕਹੋ। ਤੁਹਾਡਾ ਕੀ ਵਿਗਾੜਿਆ ਹੈ ਇਸ ਨੇ...

'ਤਾਂ ਵਿਗਾੜ ਦੇਵੇਗੀ।'

ਕਈ ਜਣਿਆਂ ਨੇ ਮਿਲ ਕੇ ਉਸ ਨੂੰ ਨਠਾ ਦਿੱਤਾ।

ਚਿੜੀ ਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਹ ਸੁੱਕਦਾ ਜਾ ਰਿਹਾ ਸੀ। ਹਿੰਮਤ ਕਰਕੇ ਆਖ਼ਰ ਬੋਲ ਹੀ ਪਈ, "ਇਹਨਾਂ ਨੂੰ ਤਾਂ ਮੈਂ ਜਦ ਵੀ ਦੇਖਿਆ ਏ, ਆਪਸ 'ਚ ਲੜਦਿਆਂ ਹੀ ਦੇਖਿਆ ਏ। ਤੁਹਾਡੇ ਪਿਛੇ ਕਿਵੇਂ ਪੈ ਗਏ..."

ਸ਼ੇਰਨੀ ਨੂੰ ਪਿਛਲਾ ਵੇਲਾ ਯਾਦ ਆ ਗਿਆ। ਕਹਿਣ ਲੱਗੀ, "ਸਾਨੂੰ ਤਾਂ ਮਾਰਦੇ ਹੀ ਆ ਰਹੇ ਹਨ ਇਹ... ਮੈਨੂੰ ਵੀ ਮਾਰਨਾ ਹੀ ਚਾਹੁੰਦੇ ਸਨ। ਮੈਨੂੰ ਬੈਠੀ ਨੂੰ ਅਜੇ ਥੋੜ੍ਹਾ ਜਿਹਾ ਸਮਾਂ ਹੋਇਆ ਸੀ ਕਿ ਮੈਨੂੰ ਰੋਸ਼ਨੀ ਦਾ ਹੜ੍ਹ ਆਪਣੇ ਵੱਲ ਆਉਂਦਾ ਦਿਸਿਆ। ਤੇ ਫੇਰ ਅੱਖਾਂ ਨੂੰ ਕੁਝ ਵੀ ਪਤਾ ਨਾ ਲੱਗਾ।"

ਚਿੜੀ ਦੀ ਆਪਣੀ ਹਾਲਤ ਵਿਗੜਦੀ ਜਾ ਰਹੀ ਸੀ। ਉਹ ਸੋਚ ਰਹੀ ਸੀ ਕਿ ਜੇ ਜੰਗਲ ਦੇ ਤਾਕਤਵਰ ਜਾਨਵਰ ਦੀ ਇਹ ਹਾਲਤ ਹੈ ਤਾਂ ਸਾਡੀ ਕੀ ਹੋ ਸਕਦੀ ਹੈ। ਉਸ ਨੇ ਕਥਾ ਦਾ ਅੰਤ ਜਾਣਨਾ ਚਾਹਿਆ, "ਇਥੇ ਕਿਵੇਂ ਪਹੁੰਚੇ?"

"ਕੁਝ ਪਤਾ ਨਹੀਂ। ਰੋਸ਼ਨੀ ਵਿਚੋਂ ਹੀ ਕੁਝ ਆਵਾਜ਼ਾਂ ਆਈਆਂ ਸਨ ਓਧਰ... ਥੋੜ੍ਹਾ ਹੋਰ.. ਤੇ ਫੇਰ ਕੁਝ ਵੀ ਪਤਾ ਨਾ ਲੱਗਾ। ਜਦ ਹੋਸ਼ ਆਈ ਤਾਂ ਮੈਂ ਕੈਦ ਵਿਚ ਸਾਂ, ਦਰਦ ਨਾਲ ਬੇਹਾਲ..।"

ਚਿੜੀ ਨੇ ਆਪਣੀ ਵੱਲੋਂ ਪੂਰੀ ਹਮਦਰਦੀ ਨਾਲ ਕਿਹਾ, "ਇਹ ਬਹੁਤ ਬੁਰਾ ਹੋਇਆ ਏ...। ਇਹਨਾਂ ਸਲਾਖਾਂ ਨੂੰ ਤਾਂ ਅਸੀਂ ਟੁੱਕ ਵੀ ਨਹੀਂ ਸਕਦੇ...।"

ਦੁੱਖ ਨਾਲ ਭਰੀ ਅਤੇ ਉਦਾਸ ਸ਼ੇਰਨੀ ਬੋਲੀ ਤਾਂ ਉਹਦੀ ਆਵਾਜ਼ ਕੰਬ ਰਹੀ ਸੀ, "ਲੱਗਦਾ ਏ ਬਾਕੀ ਦੀ ਜ਼ਿੰਦਗੀ ਇੰਝ ਹੀ ਗੁਜ਼ਾਰਨੀ ਪਵੇਗੀ। ਹੁਣ ਜੰਗਲ ਨਸੀਬ ਨਹੀਂ ਹੋਣ ਲੱਂਗਾ। ਇਹ ਲੋਕ ਤਾਂ ਜ਼ਾਲਮ ਹਨ....।"

ਚਿੜੀ ਨੇ ਇਧਰ ਉਧਰ ਦੇਖਿਆ। ਉਸ ਦੇ ਚੇਤੇ ਵਿਚ ਆਪਣੇ ਜੰਗਲ ਦਾ ਮਾਹੌਲ ਘੁੰਮਣ ਲੱਗਾ। ਉਹ ਥੋੜ੍ਹੀ ਹਿੰਮਤ ਕਰਕੇ ਬੋਲੀ, "ਜੰਗਲ ਵਿਚ ਰਹਿ ਗਏ ਬੱਚੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ...।"

ਸ਼ੇਰਨੀ ਇਹ ਬੋਲ ਸੁਣ ਕੇ ਪੂਰੀ ਤਰ੍ਹਾਂ ਟੁੱਟ ਗਈ। ਉਸ ਦਾ ਦਰਦ ਇਸ ਨਾਲ ਹੋਰ ਵਧ ਗਿਆ। ਖੁਦ ਨੂੰ ਸੰਭਾਲਦਿਆਂ ਕਿਹਾ, "ਮੇਰੇ ਬੱਚਿਆਂ ਨੂੰ ਮੇਰੇ ਬਾਰੇ ਦੱਸ ਦੇਈ। ਪਤਾ ਨਹੀਂ ਕਦੋਂ ਉਹਨਾਂ ਨੂੰ ਮਿਲ ਸਕਾਂ...। ਇਕ ਗੱਲ ਉਹਨਾਂ ਨੂੰ ਜ਼ਰੂਰ ਸਮਝਾ ਦੇਈ ਕਿ ਉਹ ਰਾਜਧਾਨੀ ਵੱਲ ਮੂੰਹ ਕਰਨ ਦੀ ਕਦੇ ਗੱਲ ਨਾ ਕਰਨ। ...ਹੁਣ ਤੂੰ ਜਾ...। ਬਹੁਤ ਦਿਨ ਹੋ ਗਏ ਹਨ ਆਈ ਨੂੰ...।"

ਕੁਝ ਪਲਾਂ ਲਈ ਚਿੜੀ ਬਿਨਾਂ ਹਿੱਲੇ-ਜੁੱਲੇ ਲੋਹੇ ਦੀ ਸਲਾਖ ਉੱਪਰ ਬੈਠੀ ਰਹੀ। ਫੇਰ ਸਿਰ ਚੁੱਕਿਆ ਅਤੇ ਆਕਾਸ਼ ਦੇ ਨੀਲੇਪਣ ਨੂੰ ਦੇਖਿਆ। ਅਗਲੇ ਹੀ ਛਿਣ ਉਹ ਪਰ ਫੈਲਾਅ ਜੰਗਲ ਵੱਲ ਮੂੰਹ ਕਰ ਕੇ ਉੱਡ ਰਹੀ ਸੀ।