ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ/ਵਿਦੇਸ਼ੀ ਵਿਦਿਆ

ਵਿਕੀਸਰੋਤ ਤੋਂ

ਵਿਦੇਸ਼ੀ ਵਿਦਿਆ

ਊੜਾ ਉਰਦੂ ਤੇ ਐੜਾ ਅੰਗਰੇਜ਼ੀ,
ਈੜੀ ਇੰਗਲੈਂਡੋਂ ਹਿੰਦੁਸਤਾਨ ਦੇ ਵਿਚ।
ਸਸਾ ਸਾਇੰਸਾਂ ਨੇ ਆ ਕੇ ਜ਼ੋਰ ਕੀਤਾ,
ਹਾਹਾ ਹਿਸਟਰੀ ਹੋਰ ਜ਼ਬਾਨ ਦੇ ਵਿਚ।
ਕਕਾ ਕਾਇਦੇ ਹੋਰ ਦੇ ਹੋਰ ਹੋਏ,
ਖਖਾ ਖੱਪ ਮੋਏ ਘੋਟੇ ਲਾਣ ਦੇ ਵਿਚ।
ਗਗਾ ਗਾਲੀਆਂ ਕੱਢਣ ਉਸਤਾਦ ਸਾਨੂੰ,
ਸਬਕ ਚੜ੍ਹੇ ਨਾ ਜੇਕਰ ਧਿਆਨ ਦੇ ਵਿਚ।
ਘਘਾ ਘਰਾਂ ਵਿਚੋਂ ਮਾਰਾਂ ਖਾਂਵਦੇ ਹਾਂ,
ਜੇ ਨਾ ਪਾਸ ਹੋਈਏ ਇਮਤਿਹਾਨ ਦੇ ਵਿਚ।
ਙੰਙਾ ਙੁੰਣ ਙੁੰਣਾਂਦੇ ਅਠੇ ਪਹਿਰ ਰਹੀਏ,
ਲਾਲੇ ਪਏ ਰਹਿੰਦੇ ਸਾਡੀ ਜਾਨ ਦੇ ਵਿਚ।
ਚਚਾ ਚਾਰ ਬਜੇ ਛਛਾ ਛੁੱਟੀ ਹੋਵੇ,
ਜਜਾ ਜਾਵੀਏ ਅਪਣੇ ਮਕਾਨ ਦੇ ਵਿਚ।
ਝਝਾ ਝਾੜ ਪੈਂਦੀ ਅਗੋਂ ਘਰਾਂ ਵਿਚੋਂ,
‘ਕਰਦੇ ਰਹੇ ਕੀ ਦੇਰ ਲਗਾਣ ਦੇ ਵਿਚ।
ਵਵਾ ਵੇਈਂ ਵੇਈਂ ਅਗੋਂ ਅਸੀਂ ਕਰੀਏ,
ਅਕਲ ਹਾਰੇ ਬਹਾਨਾ ਬਣਾਣ ਦੇ ਵਿਚ।
ਟੈਂਕਾ ਟ੍ਰੈਨਸ ਦਾ ਪਾਸ ਇਮਤਿਹਾਨ ਕਰ ਕੇ,
ਠੱਠਾ ਠੁਡੜੇ ਖਾਈਏ ਜਹਾਨ ਦੇ ਵਿਚ।
ਡਡਾ ਡੰਡੇ ਵਜਾਉਣ ਦੇ ਯੋਗ ਕਰਦੇ,


ਮਾਪੇ ਪੁਤਰ ਇੰਗਲਿਸ਼ ਪੜ੍ਹਾਣ ਦੇ ਵਿਚ।
ਢਡਾ ਢੇਰ ਰੁਪਿਆਂ ਦੇ ਖ਼ਰਚ ਕਰਦੇ,
ਣਾਣਾ ਣੰਗ ਬਣੰਗ ਸਿਖਾਣ ਦੇ ਵਿਚ।
ਤਤਾ ਤੇਰਾਂ ਜਮਾਤਾਂ ਦੇ ਪਾਸ ਜੇਹੜੇ,
ਮੌਜਾਂ ਕਰਦੇ ਸੀ ਖਾਣ ਹੰਢਾਣ ਦੇ ਵਿਚ।
ਥਥਾ ਥੁੜੇ ਵੇਖੋ ਅਜ ਟੁਕਰੋਂ ਵੀ,
ਟਕਰਾਂ ਮਾਰਦੇ ਚੀਨ ਜਪਾਨ ਦੇ ਵਿਚ।
ਦਦਾ ਦਸੋ ਖਾਂ ਦੇਸ ਦੇ ਦਰਦੀਓ ਵੇ,
ਬੈਠੇ ਤੁਸੀਂ ਕਿਉਂ ਅਮਨ ਅਮਾਨ ਦੇ ਵਿਚ।
ਧਧਾ ਧਕੇ ਗ਼ੁਲਾਮੀ ਦੇ ਸਹਿਣ ਜੋਗਾ,
ਦੇਸ਼ ਡਿਠਾ ਜੇ ਕੋਈ ਜਹਾਨ ਦੇ ਵਿਚ।
ਨਨਾ ਨਿਰਾ ਨਿਕੰਮਿਆਂ ਕਰਨ ਮਾਪੇ,
ਪਪਾ ਪੁਤਰਾਂ ਪੜ੍ਹਨ ਪੜ੍ਹਾਨ ਦੇ ਵਿਚ।
ਫਫਾ ਫਾਰਸੀ ਪੜਨ ਤੇ ਤੇਲ ਵੇਚਣ,
ਬਬਾ ਬਣੇ ਅਖਾਣ ਜਹਾਨ ਦੇ ਵਿਚ।
ਭਬਾ ਭੁਖਿਆਂ ਮਰਨ ਦਾ ਲਿਆ ਠੇਕਾ,
ਪੜ੍ਹੇ ਜਿਹੜੇ ਅੰਗਰੇਜ਼ੀ ਨੇ ਸ਼ਾਨ ਦੇ ਵਿਚ।
ਮਮਾ ਮਗ਼ਜ਼ ਖ਼ਰਾਬ ਕਮਜ਼ੋਰ ਅਖਾਂ,
ਡਾਢੇ ਖ਼ੁਸ਼ ਨੇ ਐਨਕਾਂ ਲਾਣ ਦੇ ਵਿਚ।
ਯਯਾ ਯਾਰਾਂ ਰੁਪਿਆਂ ਦੇ ਹੋਣ ਕੁੱਲੀ,
ਰਾਰਾ ਰੇਲਾਂ ਤੇ ਪਾਣੀ ਪਿਲਾਣ ਦੇ ਵਿਚ।
ਲਲਾ ਲੋੜ ਜੇ ਪੜ੍ਹੇ ਦੀ ਇਕ ਨਿਕਲੇ,
ਨਿਕੋ ਬਾਰ, ਭਾਵੇਂ ਅੰਡੇਮਾਨ ਦੇ ਵਿਚ।
ਵਵਾ ਵੀਹ ਹਜ਼ਾਰ ਹੋ ਜਾਣ ਕਠੇ,
ਕਾਲੇ ਪਾਣੀ ਦੀ ਕੈਦ ਨੂੰ ਜਾਣ ਦੇ ਵਿਚ।


ਇਹੋ ਖਟੀ ਬਦੇਸ਼ ਦੀ ਵਿਦਿਆ ਦੀ,
ਭੁਖ ਨੰਗ ਨ ਆਵੇ ਬਿਆਨ ਦੇ ਵਿਚ।
ੜਾੜਾ ੜਲ ਬੜੱਲ ਇਹ ਠੋਕ ਦਿਤਾ,
ਲਿਖਿਆ ਠੀਕ ਜੋ ਆਇਆ ਗਿਆਨ ਦੇ ਵਿਚ।
ਔਗੁਣ ਵਿਦਿਆ ਬਦੇਸੀ ਦੇ ਬਹੁਤ ਸਾਰੇ,
ਜਿਕੂ ‘ਤਾਰੇ' ਅਣਗਿਣਤ ਅਸਮਾਨ ਦੇ ਵਿਚ।