ਇਸ਼ਕ ਸਿਰਾਂ ਦੀ ਬਾਜ਼ੀ/ਗੋਰੀ ਦਾ ਪੰਨੂੰ
ਗੋਰੀ ਦਾ ਪੁੰਨੂੰ
ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਉਂ ਸੌਂ ਭੰਨਣ ਭੱਠਿਆਰੇ
ਸੂਰਜ ਭੱਜ ਵੜਿਆ ਵਿੱਚ ਬਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਜੱਸੀ ਦਾ
ਸਿਦਕੋਂ ਮੂਲ ਨਾ ਹਾਰੇ।
ਸੱਸੀ ਪੁੰਨੂੰ ਸਿੰਧ ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸੱਤ ਕੁ ਸੌ ਵਰੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਿਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਸ ਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨ ਕੇ ਆਖਰ ਇਕ ਧੀ ਨੇ ਉਹਦੇ ਘਰ ਜਨਮ ਲਿਆ। ਧੀ ਦਾ ਨਾਂ ਉਨ੍ਹਾਂ ਸੱਸੀ ਰੱਖਿਆ। ਉਸ ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ।ਉਨਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਇਕ ਮਨਚਲੇ ਨੂੰ ਜਵਾਨ ਪਿੱਛੇ ਥਲਾਂ ਵਿੱਚ ਮਰ ਜਾਵੇਗੀ। ਰਾਜੇ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਹਨੂੰ ਇਕ ਸੰਦੁਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੋੜ ਦਿੱਤਾ।
ਭੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁਦਾ ਜਾਂਦਾ ਸੰਦੁਕ ਉਹਦੀ ਨਿਗਾਹ ਪਿਆ। ਸੰਦੁਕ ਉਹਨੇ ਫੜ ਲਿਆ। ਕੀ ਵੇਖਦੇ ਹਨ-ਇਕ ਪਿਆਰਾ ਬੱਚਾ ਵਿੱਚ ਪਿਆ ਅੰਗੁਠਾ ਚੁੰਘ ਰਿਹਾ ਹੈ । ਧੋਬੀ ਦੇ ਕੋਈ ਔਲਾਦ ਨਹੀਂ ਸੀ ! ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਬਣ ਨੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ। ਉਹ ਇਹ ਨਹੀਂ ਸੀ ਜਾਣਦੇ ਕਿ ਇਹ ਭੰਬੋਰ ਦੇ ਹਾਕਮ ਦੀ ਬੇਟੀ ਹੈ।
ਸੱਸੀਂ ਧੋਬੀਆਂ ਦੇ ਘਰ ਜਵਾਨ ਹੋ ਗਈ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲੱਗ ਪਈ। ਰਾਜੇ ਦੇ ਕੰਨੀ ਵੀ ਏਸ ਦੀ ਭਣਿਕ ਪੈ ਗਈ। ਉਹਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਸੱਸੀ ਨੇ ਆਪੂੰ ਜਾਣ ਦੀ ਥਾਂ ਆਪਣੇ ਗਲ਼ ਦਾ ਤਵੀਤ ਘੱਲ ਦਿੱਤਾ। ਰਾਜੇ ਨੇ ਤਵੀਤ ਪਛਾਣ ਲਿਆ। ਆਦਿਮ ਖਾਨ ਆਪ ਚਲ ਕੇ ਧੋਬੀਆਂ ਦੇ ਘਰ ਆਇਆ ਪਰ ਸੱਸੀ ਮਹਿਲੀਂ ਜਾਣ ਲਈ ਤਿਆਰ ਨਾ ਹੋਈ। ਭੰਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਬੜਾ ਸ਼ਾਨਦਾਰ ਮਹਿਲ ਪਵਾਇਆ
19/ ਇਸ਼ਕ ਸਿਰਾਂ ਦੀ ਬਾਜ਼ੀ
ਮਿਕਰਾਨ ਦੇ ਸੌਦਾਗਰ ਭੰਬੋਰ ਆਮ ਵਪਾਰ ਲਈ ਆਇਆ ਕਰਦੇ ਸਨ। ਉਹ ਪੁੰਨੂੰ ਪਾਸ ਸੱਸੀ ਦੇ ਹੁਸਨ ਦੀਆਂ ਬਾਤਾਂ ਪਾਉਂਦੇ। ਪੁੰਨੂੰ ਸੱਸੀ ਨੂੰ ਬਿਨਾਂ ਵੇਖੋ ਉਸ ਤੇ ਮੋਹਤ ਹੋ ਗਿਆ ਤੇ ਇਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਭੰਬੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ। ਸੱਸੀ ਪੁੰਨੂੰ ਪਿਆਰ ਮਿਲਣੀਆਂ ਮਾਣਦੇ ਰਹੇ ਅਤੇ ਭੰਬੋਰ ਸ਼ਹਿਰ ਵਿੱਚ ਉਨ੍ਹਾਂ ਦਾ ਪਿਆਰ ਮਹਿਕਾਂ ਵੰਡਦਾ ਰਿਹਾ।
ਪੁੰਨੂੰ ਦੇ ਭਰਾ ਉਸ ਨੂੰ ਲੱਭਦੇ ਲੱਭਦੇ ਭੰਬੋਰ ਜਾ ਪੁੱਜੇ। ਉਹ ਰਾਤ ਸੱਸੀ ਦੇ ਘਰ ਠਹਿਰੇ। ਰਾਤ ਸਮੇਂ ਉਨ੍ਹਾਂ ਨੇ ਪੁੰਨੂੰ ਨੂੰ ਨਸ਼ੇ ਵਿੱਚ ਬੇਹੋਸ਼ ਕਰਕੇ ਡਾਚੀ ਤੇ ਲੱਦ ਲਿਆ ਤੇ ਰਾਤੋਂ ਰਾਤ ਆਪਣੇ ਸ਼ਹਿਰ ਨੂੰ ਚਾਲੇ ਪਾ ਲਏ।
ਸੱਸੀ ਦੀ ਸਵੇਰੇ ਜਾਗ ਖੁਲ੍ਹੀ। ਵੱਖਿਆ ਉਹਦਾ ਪੁੰਨੂੰ ਉੱਥੇ ਹੈ ਨਹੀਂ ਸੀ। ਉਹ ਮਗਰੋ ਡਾਚੀ ਦਾ ਖੁਰਾ ਫੜਦੀ ਨੱਸ ਟੁਰੀ ਤੇ ਸ਼ਹਿਰਾ ਦੇ ਤਪਦੇ ਰੇਤ ਵਿੱਚ ਪੁੰਨੂੰ-ਪੁੰਨੂੰ ਕੂਕਦੀ ਮਰ ਗਈ।
ਦੂਜੇ ਬੰਨੇ ਸਵੇਰ ਸਾਰ ਪੁੰਨੂੰ ਨੂੰ ਹੋਸ਼ ਪਰਤੀ। ਉਹਨੇ ਡਾਚੀ ਉੱਪਰੋਂ ਛਾਲ ਮਾਰ ਦਿੱਤੀ ਤੇ ਓਸੇ ਪੈਰੀਂ ਵਾਪਸ ਮੁੜ ਪਿਆ। ਅੱਗ ਵਰ੍ਹਾਉਂਦੇ ਮਾਰੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਪਰਾਣ ਤਿਆਗ ਦਿੱਤੇ।
ਪੰਜਾਬ ਦੀ ਗੋਰੀ ਦੇ ਮਨ ਉੱਤੇ ਇਸ ਦਰਦਾਂ ਭਰੀ ਕਹਾਣੀ ਦਾ ਅਮਿਟ ਪਰਭਾਵ ਪਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀਂ ਜ਼ਬਰਦਸਤੀ ਲਜਾਏ ਜਾਣ ਦੇ ਵਿਰਤਾਂਤ ਨੂੰ ਬੜੇ ਦਿਲ ਵਿੰਨ੍ਹਵੇਂ ਸ਼ਬਦਾਂ ਵਿੱਚ ਉਲੀਕਿਆ ਹੈ।
ਚਰਖਾ ਕਤੇਂਦੀ ਗੋਰੀ ਨੂੰ ਆਪਣੇ ਪੁੰਨੂੰ ਦੀ ਯਾਦ ਆ ਜਾਂਦੀ ਹੈ:
ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਾਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਮੂਲ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵਲ ਧਾਵੇ।
ਤ੍ਰਿੰਜਣ ਕੱਤਦੀਆਂ ’ਚ ਕੋਈ ਜਣੀ ਸੱਸੀ ਪੁੰਨੂੰ ਦਾ ਗੀਤ ਛੂਹ ਬਹਿੰਦੀ ਹੈ:
ਉੱਚੀਆਂ ਲੰਬੀਆਂ ਟਾਹਲੀਆਂ
ਵਿੱਚ ਗੁਜਰੀ ਦੀ ਪੀਂਘ ਵੇ ਮਾਹੀਆ
ਪੀਂਘ ਝੁਟੈਂਦੇ ਦੋ ਜਣੇ
ਆਸ਼ਕ ਤੇ ਮਾਸ਼ੂਕ ਵੇ ਮਾਹੀਆ
ਪੀਂਘ ਝੁਟੈਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁੱਖ ਤੇ ਪਾ ਕੇ ਰੁਮਾਲ ਵੇ ਮਾਹੀਆ
ਸੱਸੀ ਜੁ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ ਵੇ ਮਾਹੀਆ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ
ਮਗਰੇ ਸੱਸੀ ਤੁਰ ਪਈ
ਮੈਂ ਵੀ ਚਲਸਾਂ ਤੋੜ ਵੇ ਮਾਹੀਆ
ਆਪਣੇ ਕੋਠੇ ਮੈਂ ਖੜੀ
ਪੁੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ
ਉਠ ਨੀ ਮਾਏਂ ਸੁੱਤੀਏ
ਚੁਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।
ਉਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਘੇਰ ਕੇ
ਮੱਖਣ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।
ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਚੁਣਾ
ਵਿੱਚ ਵਿੱਚ ਰਖ ਦੇ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡਕੇ ਨਾ ਜਾਈਂ ਵੇ।
ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਵਾਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਤੈਨੂੰ ਦੇਵਾਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।
ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਲਾਦੀ ਲਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ ਲਾਦੀਆਂ ਦੇ
ਅੰਦਰ ਬੜ ਜਾ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁੱਟਿਆ
ਲਾਲ ਬਾਰੀਆਂ ਦਾ।
ਮਰਨ ਕਲਾਲ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ
ਇਕ ਅਫ਼ਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ
ਵੇ ਤੂੰ ਮਰ ਜਾਏਂ ਊਂਠਾ ਅੜਿਆ
ਵੇ ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਵਸ ਬਲੋਚਾਂ ਪਾਇਆ
ਤੇ ਨਾਲ ਰੱਸੀ ਦੇ ਕੜਿਆ
ਇਸ਼ਕ ਨਾ ਦਲਣ ਦਏ ਚਲਾਕੀ
ਏਸ ਫਸਾਨਿਆ ਨੂਰੀ ਖਾਕੀ,
ਵਿੱਚ ਜੋ ਇਸਦੇ ਵੜਿਆ।
ਸੱਸੀ ਤੇਰੇ ਬਾਗ਼ ਵਿੱਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੋਲ ਇਕਰਾਰ ਤੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ
ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ
ਸੱਸੀ ਤੇਰੇ ਬਾਗ਼ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ
ਸੱਸੀ ਤੇਰੇ ਬਾਗ ਵਿੱਚ ਘੁੱਗੀਆਂ ਦਾ ਜੋੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ
ਸੱਸੀ ਤੇਰੇ ਬਾਗ ਵਿੱਚ ਉੱਤਰੇ ਵਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ
ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰੱਬ ਦੇ ਵਾਸਤੇ ਮਿਲ ਜਾ ਮਦਾਨੇ
ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ
ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨੀ ਬਲਾ
ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ
ਜਾਂਦੇ ਪੁੰਨੂੰ ਨੂੰ ਮੋੜ ਲੈ
ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨਾ ਬਲਾ
ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।
ਬੂਰੀ ਜਹੀ ਮੱਝ ਲੈ ਦਿਆਂ
ਧੀਏ ਮੱਖਣਾਂ ਨਾਲ ਟੁੱਕ ਖਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲੇ ਦੀ ਗਈ ਨੀ ਬਲਾ
ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬੱਗ ਨਾ ਰਲਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਰੋਕ ਲੈ
ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
ਹੀਰਿਆ ਹਰਨਾ ਬਾਗੀਂ ਚਰਨਾ
ਬਾਗੀਂ ਤਾਂ ਹੋ ਗੀ ਚੋਰੀ
ਪਹਿਲਾਂ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ
ਬੁੱਕ ਬੁੱਕ ਰੋਂਦੀ ਸਾਹਿਬਾਂ ਬਹਿਕੇ
ਜਿੰਦ ਗ਼ਮਾਂ ਨੇ ਖੋਰ
ਕੂਕਾਂ ਪੈਣਗਆਂ
ਨਿਹੁੰ ਨਾ ਲਗਦੇ ਜ਼ੋਰੀ