ਇਸ਼ਕ ਸਿਰਾਂ ਦੀ ਬਾਜ਼ੀ/ਮੂੰਹ-ਜ਼ੋਰ ਮੁਹੱਬਤ ਦੀ ਨਾਇਕਾ ਰਾਣੀ ਸੁੰਦਰਾਂ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਮੂੰਹ ਜ਼ੋਰ ਮੁਹੱਬਤ ਦੀ ਨਾਇਕਾ ਰਾਣੀ ਸੁੰਦਰਾਂ

ਪੂਰਨ ਭਗਤ ਦੀ ਲੋਕ ਗਾਥਾ ਦਾ ਪੰਜਾਬੀਆਂ ਦੇ ਜੀਵਨ ਤੇ ਅਮਿਟ ਪ੍ਰਭਾਵ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ। ਜਿਸ ਨੇ ਇਸ ਕਥਾ ਦਾ ਰਸ ਨਾ ਚੱਖਿਆ ਹੋਵੇ। ਇਸ ਕਥਾ ਦੇ ਤਿੰਨ ਪ੍ਰਮੁੱਖ ਪਾਤਰ ਹਨ-ਪੂਰਨ, ਲੂਣਾ ਅਤੇ ਰਾਣੀ ਸੁੰਦਰਾਂ। ਪੂਰਨ ਸਮਾਜਕ ਮਰਯਾਦਾ ਅਤੇ ਸਦਾਚਾਰਕ ਨੈਤਕ ਕਦਰਾਂ ਕੀਮਤਾਂ ਦਾ ਅਲੰਮਬਰਦਾਰ ਹੈ। ਲੂਣਾ ਉਸ ਸਮੇਂ ਦੇ ਸਮਾਜ ਵਲੋਂ ਹੋਈ ਬੇਇਨਸਾਫੀ ਅਨਜੋੜ ਵਿਆਹੁਤਾ ਜੀਵਨ ਸਦਕਾ, ਅਤ੍ਰਿਪਤ ਕਾਮੁਕ ਤ੍ਰਿਸ਼ਨਾਵਾਂ ਅਤੇ ਭਾਵਨਾਵਾਂ ਦੀ ਸ਼ਿਕਾਰ ਮਨਮੋਹਣੀ ਮੁਟਿਆਰ ਹੈ। ਰਾਣੀ ਸੁੰਦਰਾਂ ਇਕ ਅਜਿਹੀ ਹੁਸੀਨ ਔਰਤ ਹੈ ਜੋ ਜੋਗੀ ਬਣੇ ਪੂਰਨ ਨੂੰ ਵੇਖਦਿਆਂ ਸਾਰ ਹੀ ਉਸ ਤੇ ਫਿਦਾ ਹੋ ਜਾਂਦੀ ਹੈ.... ਜਦੋਂ ਪੂਰਨ ਉਸਨੂੰ ਤਿਆਗ ਕੇ ਤੁਰ ਜਾਂਦਾ ਹੈ ਤਾਂ ਉਹ ਉਸਦਾ ਵਿਛੋੜਾ ਨਾ ਝਲਦੀ ਹੋਈ ਮਹਿਲ ਤੋਂ ਛਾਲ ਮਾਰ ਕੇ ਅਪਣੀ ਜਾਨ ਕੁਰਬਾਨ ਕਰਕੇ ਮੂੰਹ ਜ਼ੋਰ ਮੁਹੱਬਤ ਦਾ ਪ੍ਰਤੀਕ ਬਣ ਜਾਂਦੀ ਹੈ।

ਪੰਜਾਬ ਦੀਆਂ ਮੁਟਿਆਰਾਂ ਨੇ ਲੂਣਾਂ ਅਤੇ ਰਾਣੀ ਸੁੰਦਰਾਂ ਦੇ ਦਰਦ ਦੀ ਵੇਦਨਾ ਅਤੇ ਪੂਰਨ ਦੇ ਜਤਸਤ ਦੀ ਭਾਵਨਾਂ ਨੂੰ ਬਿਆਨ ਕਰਨ ਵਾਲੇ ਵੇਦਨਾਤਮਕ ਸੁਰ ਵਾਲੇ ਅਨੇਕਾਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ ਜਿਨ੍ਹਾਂ ਨੂੰ ਸੁਣ ਕੇ ਪੂਰਨ ਭਗਤ ਦੀ ਲੋਕ-ਗਾਥਾ ਨੈਣਾਂ ਅੱਗੇ ਸਾਕਾਰ ਹੋ ਜਾਂਦੀ ਹੈ।

ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ 'ਤੇ ਬਹੁਤਾ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ-ਸਿਆਲਕੋਟ ਉਸ ਦੀ ਰਾਜਧਾਨੀ ਸੀ। ਸਲਵਾਨ ਇਕ ਆਸ਼ਿਕ-ਮਿਜ਼ਾਜ ਅਤੇ ਮੌਜ-ਮਸਤੀ 'ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ ਦੀ। ਢਲਦੀ ਉਮਰੇ, ਬੜੀਆਂ ਮੰਨਤਾਂ ਮਗਰੋਂ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਪੂਰਨ ਰੱਖਿਆ। ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਨਣ ਲਈ ਨਜੂਮੀ ਸੱਦ ਲਏ। ਨਜੂਮੀਆਂ ਸਲਾਹ ਦਿੱਤੀ, "ਹੇ ਰਾਜਨ! ਇਹ ਨਵ-ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।"

ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਬਾਰ੍ਹਾਂ ਵਰ੍ਹੇ ਭੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ। ਪੂਰਨ ਦੀ ਮਾਂ ਇੱਛਰਾਂ ਤੜਪਦੀ ਰਹੀ, ਕੁਰਲਾਉਂਦੀ ਰਹੀ-ਉਹਦੀਆਂ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ। ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ਼ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੌਰੇ ਵਿੱਚ ਪਾ ਦਿੱਤਾ ਗਿਆ। ਇੱਛਰਾਂ ਦੀ ਕਿਸੇ ਇਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ। ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ੱਪ੍ਰਸਤੀ ਲਈ ਨਵ-ਜੋਬਨ ਮੁਟਿਆਰ ਲੂਣਾਂ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ... ਇੱਛਰਾਂ ਲਈ ਉਹਦੇ ਅੰਦਰ ਹੁਣ ਕੋਈ ਕਸ਼ਿਸ਼ ਨਹੀਂ ਸੀ ਰਹੀ। ਇੱਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਂ-ਬਾਪ ਦੀ ਮੋਹ-ਮਮਤਾ ਤੋਂ ਸੱਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ 'ਤੇ ਚੜ੍ਹਨ ਲੱਗਾ।

ਸਮਾਂ ਆਪਣੀ ਤੋਰੇ ਤੁਰ ਰਿਹਾ ਸੀ... ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ... ਰੂਪ ਦੀ ਸਾਕਾਰ ਮੂਰਤ... ਇਕ ਅਨੋਖੀ ਚਮਕ ਉਹਦੇ ਚਿਹਰੇ 'ਤੇ ਝਲਕਾਂ ਮਾਰ ਰਹੀ ਸੀ... ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ... ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਮਿਲਣ ਦਾ ਹੁਕਮ ਸੁਣਾ ਦਿੱਤਾ।

ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅੱਥਰੂ ਵਹਿ ਤੁਰੇ... ਪੂਰਨ ਨੇ ਮਾਂ ਦੇ ਚਰਨ ਛੂਹੇ, ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣ-ਬਣ ਪੈਂਦੇ ਰੂਪ ’ਤੇ ਬਲਿਹਾਰੇ ਜਾ ਰਹੀ ਸੀ। "ਪੁੱਤ ਪੂਰਨਾ! ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾਂ ਨੂੰ ਮਿਲ ਆ" ਆਖ ਰਾਣੀ ਇੱਛਰਾਂ ਨੇ ਪੂਰਨ ਨੂੰ ਲੂਣਾਂ ਵੱਲ ਤੋਰ ਦਿੱਤਾ।

ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤਰੇਈ ਮਾਂ ਲੂਣਾਂ ਦਾ ਸੀ। ਲੂਣਾਂ ’ਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ। ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ। ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਹੋਰ ਮਰਦ ਦਾ ਮੂੰਹ ਨਹੀਂ ਸੀ ਦੇਖਿਆ। ਉਹਦੀ ਦੇਖ-ਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾਂ ਵਿੱਚ ਆਉਣ ਦੀ ਮਨਾਹੀ ਸੀ। ਲੂਣਾਂ ਢਲਦੀ ਉਮਰ ਦੇ ਸਲਵਾਨ ਤੋਂ ਖ਼ੁਸ਼ ਨਹੀਂ ਸੀ। ਉਹ ਇਕ ਅਤ੍ਰਿਪਤ ਔਰਤ ਸੀ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨੂੰ ਪਤਿਆਉਣ ਦੇ ਅਨੇਕਾਂ ਯਤਨ ਕੀਤੇ, ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ।

“ਮੇਰਾ ਲੂੰ ਲੂੰ ਭੁੱਜ ਰਿਹੈ। ਮੈਨੂੰ ਆਪਣੇ ਸੀਨੇ ਨਾਲ਼ ਲਾ ਕੇ ਮੇਰੀ ਪਿਆਸ ਬੁਝਾ ਦੇ ਪੂਰਨਾ...”

ਲੂਣਾਂ ਦੇ ਬੋਲਾਂ ’ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿਣ ਵਿੱਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ 'ਚ ਭਰ ਕੇ ਆਪਣੀ ਸੇਜ਼ 'ਤੇ ਸੁੱਟ ਲਿਆ ਪਰੰਤੂ ਪੂਰਨ ਨੇ ਇਕਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ, "ਮਾਤਾ! ਹੋਸ਼ ਕਰ! ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ। ਮੇਰੇ ਬਾਪ ਨੇ ਤੈਨੂੰ ਪਰਨਾ ਕੇ ਲਿਆਂਦੈ! ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਏਂ।"

"ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਜ਼ਾਲਮਾ! ਨਾ ਮੈਂ ਤੈਨੂੰ ਜਨਮ ਦਿੱਤੈ ਨਾ ਹੀ ਆਪਣਾ ਸੀਰ ਚੁੰਘਾਇਐ। ਮੇਰਾ ਪਤੀ ਮੇਰੇ ਬਾਪ ਦੇ ਹਾਣ ਦਾ ਏ... ਸਾਡਾ ਜੋੜ ਨੀ ਜੁੜਦਾ... ਮੇਰਾ ਜੌੜ ਤਾਂ ਤੇਰੇ ਨਾਲ ਜੁੜਦੈ। ਪੂਰਨਾ! ਆਪਣੀ ਜੁਆਨੀ ਦਾ ਮਾਣ ਰੱਖ। ਮੈਂ ਸਾਰੀ ਜ਼ਿੰਦਗੀ ਤੇਰਾ ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ।”

"ਮਾਂ ਮੈਨੂੰ ਅਜਿਹੀਆਂ ਕੱਲਾਂ ਨਾਲ਼ ਭੁਚਲਾ ਨਾ ਸਮਾਜਕ ਰਿਸ਼ਤੇ ਤੇ ਨੈਤਕ ਕਦਰਾਂ ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿਧਰ ਲੈ ਤੁਰੇਗਾ। ਮੈਂ ਤੁਹਾਡਾ ਪੁੱਤਰ ਆਂ। ਧਰਤ ਅਸਮਾਨ ਫਟ ਨੀ ਜਾਣਗੇ-ਪੁੱਤਰ ਮਾਂ ਦਾ ਰੂਪ ਹੰਢਾਵੇ....।"

“ਮੇਰੀ ਰੂਹ ਦੇ ਹਾਣੀਆਂ..... ਸਮਾਜ ਨੇ ਭਲਾ ਮੈਨੂੰ ਕੀ ਦਿੱਤੈ? ਕੱਚੀ ਕੈਲ ਨੂੰ ਅਧਖੜ ਬੁਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ਼ ਦਿੱਤੀ ਐ..... ਮੋਤੀ, ਹੀਰੇ, ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ..... ਤੂੰ ਮੇਰੀ ਬਾਂਹ ਫੜਕੇ ਪਾਰ ਲੰਘਾ ਦੇ ਸਹੁਣਿਆਂ....।"

ਲੂਣਾਂ ਪੂਰਨ ਅੱਗੇ ਵਿੱਛ-ਵਿੱਛ ਜਾ ਰਹੀ ਸੀ। ਪਰੰਤੂ ਪੂਰਨ ਉੱਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਅਡੋਲ ਖਲੋਤਾ ਆਪਣੇ ਧਰਮ ’ਤੇ ਪਹਿਰਾ ਦਿੰਦਾ, ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ, ਮਤੇ ਉਸ ਪਾਸੋਂ ਕੋਈ ਅਵੱਗਿਆ ਹੋ ਜਾਵੇ। ਆਖ਼ਰ ਉਸ ਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾਂ ਤੋਂ ਅੱਖ ਬਚਾ ਕੇ ਫ਼ੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲ਼ ਆਇਆ।

ਲੂਣਾਂ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ ਨਾਗ਼ਣ ਦਾ ਰੂਪ ਧਾਰੀ ਬੈਠੀ ਸੀ।

ਹਨ੍ਹੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾਂ ਦੇ ਮਹਿਲਾਂ ’ਚ ਪੁੱਜਾ। ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਦੀਵਾ ਬੱਤੀ ਨਹੀਂ। ਸਾਰੇ ਸ਼ਮ੍ਹਾਦਾਨ ਗੁੱਲ ਹੋਏ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ 'ਤੇ ਆਪ ਨਹੀਂ ਸੀ ਆਈ.... ਉਹ ਰਾਣੀ ਦੇ ਕਮਰੇ ਵੱਲ ਅਹੁਲਿਆ... ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ-ਸ਼ਿੰਗਾਰ ਏਧਰ-ਓਧਰ ਖਿੰਡਿਆ ਪਿਐ ...।

"ਮੇਰੀਏ ਲਾਡੋ ਰਾਣੀਏਂ ਦਸ ਖਾਂ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਏ ਹੋਏ ਨੇ..." ਆਖਦਿਆਂ ਸਲਵਾਨ ਨੇ ਲੂਣਾਂ ਨੂੰ ਬਿਠਾ ਲਿਆ। ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਉਹਦੀ ਪਿੱਠ ’ਤੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ 'ਚ ਆ ਗਈ ਤੇ ਹਟਕੋਰੇ ਭਰਦਿਆਂ ਰਾਜੇ ਨੂੰ ਮੁਖ਼ਾਤਿਬ ਹੋਈ, "ਰਾਜਨ! ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਐ, ਸ਼ਾਇਦ ਤੁਹਾਡੇ ਮਨ ਨਾ ਲੱਗੇ... ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ, ਮੇਰੇ 'ਤੇ ਐਡਾ ਕਹਿਰ ਵਾਪਰੇਗਾ... ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦੈ? ਰਾਜਿਆ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਐ, ਪਰ ਮੈਂ ਮਸੀਂ ਉਹਦੇ ਚੁੰਗਲ 'ਚੋਂ ਬਚ ਕੇ ਨਿਕਲ਼ ਸਕੀ ਆਂ...!"

ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤਕ ਗੁੱਸੇ ਨਾਲ ਕੰਬ ਉਠਿਆ, "ਪੂਰਨ ਦੀ ਇਹ ਜੁਰਅੱਤ! ਮੈਂ ਉਹਦੇ ਸੀਰਮੇ ਪਾ ਜਾਵਾਂਗਾ। ਉਹਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆਂ ਯਾਦ ਰੱਖੇਗੀ।"

ਭੋਲਾ ਸਲਵਾਨ ਕੀ ਜਾਣੇ, ਲੂਣਾਂ ਨੇ ਤਾਂ ਪੂਰਨ ’ਤੇ ਤੋਹਮਤ ਲਾਉਣ ਖ਼ਾਤਰ ਤ੍ਰਿਆ ਚਿਰੱਤਰ ਦੀ ਚਾਲ ਚੱਲੀ ਸੀ।

ਅਗਲੀ ਭਲਕ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾਂ ’ਤੇ ਮੈਲ਼ੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਦਰ ਕਰ ਦਿੱਤਾ। ਬੇਗ਼ੁਨਾਹ ਪੂਰਨ ਦੀ ਕਿਸੇ ਇਕ ਨਾ ਸੁਣੀ।

ਜੱਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ... ਰਾਣੀ ਇੱਛਰਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ... ਸ਼ਹਿਰ ਦੀ ਜਨਤਾ ਮੂਕ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ... ਰਾਜੇ ਦਾ ਤਪ ਤੇਜ਼ ਹੀ ਐਨਾ ਸੀ ਕਿਸੇ ਹਾਅ ਦਾ ਨਾਅਰਾ ਮਾਰਨ ਦੀ ਜੁਰਅੱਤ ਵੀ ਨਾ ਕੀਤੀ। ਜੱਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ...। ਜੰਗਲ 'ਚ ਜਾ ਕੇ ਉਹ ਉਹਨੂੰ ਵੱਢ-ਟੁਕ ਕੇ ਇਕ ਵਿਰਾਨ ਖੂਹ 'ਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾ ਆਏ ਹਨ।

ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇਕ ਟੋਲਾ ਉਸੇ ਖੂਹ 'ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਢਿਆ-ਟੁੱਕਿਆ ਪਿਆ ਸੀ। ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ... ਉਸ ਨੂੰ ਕਿਸੇ ਪੁਰਸ਼ ਦੇ ਕਰਾਹੁਣ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ਼ ਆ ਕੇ ਗੱਲ ਕੀਤੀ... ਉਨ੍ਹਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖ ਨਾਥ ਦੇ ਟਿੱਲੇ ਤੇ ਲੈ ਆਏ। ਗੋਰਖ ਦੀ ਤੀਮਾਰਦਾਰੀ, ਸਨੇਹ ਅਤੇ ਮੁਰਵੱਤ ਦੇ ਥਾਪੜੇ ਨੇ ਉਸ ਨੂੰ ਕੁਝ ਦਿਨਾਂ ਵਿੱਚ ਹੀ ਨੌਂ-ਬਰ-ਨੌਂ ਕਰ ਦਿੱਤਾ। ਗੋਰਖ ਨਾਥ ਦੀ ਤਲਿਸਮੀ ਸ਼ਖ਼ਸੀਅਤ ਨੇ ਪੂਰਨ ਨੂੰ ਅਜਿਹਾ ਕੀਲਿਆ ਕਿ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿੱਚ ਜੁਟ ਗਿਆ... ਤਿਆਗ ਦੀ ਮੂਰਤ ਬਣੇ ਪੂਰਨ ਨੇ ਇਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ। ਗੋਰਖ ਤਰੁੱਠਿਆ... ਉਹਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ।

ਜੋਗੀ ਬਣਿਆਂ ਪੂਰਨ ਪਹਿਲੇ ਦਿਨ ਗਲ ’ਚ ਬਗਲੀ ਪਾ ਕੇ ਭਿੱਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝੱਲਿਆ ਨਾ ਗਿਆ। ਉਨ੍ਹਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖ਼ੈਰ ਪਾਉਣ ਲਈ ਆਖਿਆ... ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ ’ਚ ਉਲੱਦ ਦਿੱਤਾ। ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਵੀ ਨਾ ਵੇਖਿਆ।

ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ-ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ, "ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ...ਹੀਰੇ ਮੋਤੀ ਨਹੀਂ।"

ਪੂਰਨ ਉਸੇ ਪੈਰੀਂ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਅਲਖ ਜਗਾਈ। ਰਾਣੀ ਸੁੰਦਰਾਂ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ, ਪੂਰਨ ’ਤੇ ਫ਼ਿਦਾ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ... ਗੋਰਖ ਦੇ ਟਿੱਲੇ 'ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ।

ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ, "ਰਾਣੀ ਮੰਗ ਜੋ ਮੰਗਣੈ... ਤੇਰੀ ਹਰ ਮੁਰਾਦ ਪੂਰੀ ਹੋਵੇਗੀ।"

"ਕਿਸੇ ਚੀਜ਼ ਦੀ ਲੋੜ ਨੀ ਨਾਥ ਜੀ।" ਸੁੰਦਰਾਂ ਨੇ ਦੋਵੇਂ ਹੱਥ ਜੋੜ ਕੇ ਆਖਿਆ।

"ਅਜੇ ਵੀ ਮੰਗ ਲੈ," ਗੋਰਖ ਮੁੜ ਬੋਲਿਆ।

"ਨਾਥ ਜੀ ਥੋਡਾ ਅਸ਼ੀਰਵਾਦ ਹੀ ਬਹੁਤ ਐ" ਸੁੰਦਰਾਂ ਭਾਵੁਕ ਹੋਈ ਆਖ ਰਹੀ ਸੀ।

“ਤੀਜਾ ਵਚਨ ਐ ... ਮੰਗ ਲੈ ਰਾਣੀਏ।"

ਸੁੰਦਰਾਂ ਲਈ ਇਹੋ ਯੋਗ ਅਵਸਰ ਸੀ। ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, “ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੁਰਨ ਦੇ ਦੇਵੋ।"

ਗੋਰਖ ਨਾਥ ਨੇ ਪੂਰਨ ਨੂੰ ਰਾਣੀ ਮੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ।

ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਰਤਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ। ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ। ਅਗਲੀ ਸਵੇਰ ਪੁਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ-ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ’ਤੇ ਖੜ੍ਹ ਕੇ ਜਾਂਦੇ ਪੁਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਓਹਲੇ ਜਾ ਕੇ ਪੁਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖੀਆਂ ਤੋਂ ਦੂਰ ਹੋ ਗਿਆ। ਪੂਰਨ ਦੇ ਪ੍ਰੇਮ 'ਚ ਦੀਵਾਨੀ ਹੋਈ ਸੁੰਦਰਾਂ ਉਹਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ। ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ... ਸੁੰਦਰਾਂ ਨੇ ਪੂਰਨ ਦੇ ਵਿਛੋੜੇ ਦਾ ਸਨ ਨਾ ਸਹਾਰ ਦਿਆ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ 'ਤੇ ਘੁੰਮਦਾ ਰਿਹਾ ...ਸਲਵਾਨ ਨੇ ਤਾਂ ਆਪਣੇ ਵਲੋਂ ਪੂਰਨ ਨੂੰ ਮਰਵਾ ਦਿੱਤਾ ਸੀ। ਰਾਣੀ ਇੱਛਰਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਉੱਚ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾਂ ਦੀ ਕੁੱਖ ਅਜੇ ਤੀਕ ਹਰੀ ਨਹੀਂ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।

ਘੁੰਮਦਾ-ਘੁੰਮਦਾ ਪੂਰਨ ਪੂਰੇ ਬਾਰ੍ਹਾਂ ਵਰ੍ਹੇ ਮਗਰੋਂ ਜੋਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ। ਸ਼ਹਿਰੋਂ ਬਾਹਰ ਉਜੜੇ ਹੋਏ ਬਾਗ਼ ਵਿੱਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ ’ਚ ਲੀਨ ਹੋ ਗਿਆ। ਬਾਗ਼ ਹਰਾ ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ। ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋਅ ਪਈ... ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰ ਲਿਆ।

ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ-ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇੱਛਰਾਂ ਦੇ ਚਰਨ ਜਾ ਛੂਹੇ।

ਉਹਦੀ ਛੂਹ ਪ੍ਰਾਪਤ ਕਰਕੇ ਇੱਛਰਾਂ ਬੋਲੀ, "ਵੇ ਪੁੱਤ ਜੋਗੀਆ, ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈ...।"

ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੂਹ ਪ੍ਰਾਪਤ ਕਰਦੇ ਹੀ ਇੱਛਰਾਂ ਦੀਆਂ ਅੱਖਾਂ ਵਿੱਚ ਮੁੜ ਜੋਤ ਪਰਤ ਆਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ।

ਪੂਰਨ ਦੇ ਮੁਖੜੇ 'ਤੇ ਅਨੁਠਾ ਜਮਾਲ ਸੀ।

ਸਲਵਾਨ ਸੁੰਨ ਹੋਇਆ ਖੜੋਤਾ ਸੀ... ਉਸ ਦੇ ਬੁੱਲ੍ਹ ਫਰਕ ਰਹੋ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾਂ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, "ਜੋਗੀ ਜੀ, ਸਾਡੇ 'ਤੇ ਦਿਆ ਕਰੋ! ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੋ।"

"ਪੁੱਤ ਤਾਂ ਰਾਜੇ ਦਾ ਹੈਗਾ-ਹੌਰ ਪੁੱਤ ਦੀ ਕੀ ਲੋੜ ਐ," ਜੋਗੀ ਬੁਲ੍ਹੀਆਂ 'ਚ ਮੁਸਕਰਾਇਆ।

"ਜੋਗੀ ਜੀ ਪੁੱਤ ਮੇਰਾ ਹੈ ਨਹੀਂ, ਸੀਗਾ ਪਰ ਕੁਕਰਮ ਕਰਕੇ ਇਸ ਦੁਨੀਆਂ 'ਚ ਨਹੀਂ ਰਿਹਾ।" ਰਾਜੇ ਦਾ ਗਲ਼ਾ ਭਰ ਆਇਆ। ਲੂਣਾਂ ਦੇ ਸਬਰ ਦਾ ਪਿਆਲਾ ਛਲਕ ਪਿਆ... ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ, "ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ-ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਹਮਤ ਲਾਈ ਸੀ..."

ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂਹ ਲਈ ਤੇ ਲੂਣਾਂ ਦਾ ਗਲ਼ ਵੱਢਣ ਲਈ ਬਾਂਹ ਉਲਾਰੀ। ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, "ਇਹਨੂੰ ਖਿਮਾ ਕਰ ਦੇਵ... ਤੁਹਾਡਾ ਪੁੱਤ ਜਿਉਂਦਾ ਹੈ... ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।"

ਵੈਰਾਗ ਦੇ ਹੰਝੂ ਵਹਿ ਟੁਰੇ ... ਇਛਰਾਂ, ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ-ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ... ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ... ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ।

ਉਹਨੇ ਭਿਖਿਆ ਦੇ ਖੱਪਰ ਵਿੱਚੋਂ ਚੌਲ ਦਾ ਇਕ ਦਾਣਾ ਚੁੱਕ ਕੇ ਲੈਣਾ ਦੀ ਹਥੇਲੀ ਤੇ ਰੱਖ ਕੇ ਆਖਿਆ, “ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ... ਤੁਹਾਡੀ ਝੋਲੀ ਵਿੱਚ ਪੁੱਤਰ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।"

ਪੁੱਤ ਦੀ ਦਾਤ ਦੀ ਬਖ਼ਸ਼ਸ਼ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਟੁਰ ਗਿਆ... ਰਾਜਾ ਤੇ ਰਾਣੀਆਂ ਭਰੋ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ...

ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ। ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਤ ਹਨ।

ਪੰਜਾਬੀ ਲੋਕ ਕਾਵਿ ਵਿੱਚ ਪੂਰਨ ਭਗਤ ਬਾਰੇ ਅਨੇਕਾਂ ਲੋਕ-ਗੀਤ ਮਿਲਦੇ ਹਨ। ਉਸ ਦੀ ਭਗਤੀ ਨੂੰ ਲੋਕ ਮਾਣਸ ਨੇ ਸਤਿਕਾਰ ਭਰੀ ਥਾਂ ਦਿੱਤੀ ਹੋਈ ਹੈ:

ਭਗਤੀ ਤੇਰੀ ਪੂਰਨਾ

ਕੱਚੇ ਧਾਗੇ ਦਾ ਸੰਗਲ ਬਣ ਜਾਵੇ

ਪੂਰਨ ਤੇ ਲੂਣਾ ਦਾ ਵਾਰਤਾਲਾਪ ਸੁਆਣੀਆਂ ਬੜੀਆਂ ਲਟਕਾਂ ਨਾਲ ਗਾਉਂਦੀਆਂ ਹਨ।

ਵੇ ਮੈਂ ਬਾਗ਼ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ

ਕਲੀਆਂ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ

ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਮੈਂ ਖੂਹਾ ਲਵਾਵਾਂ ਪੂਰਨਾ
ਵੇ ਤੂੰ ਨ੍ਹਾਵਣ ਦੇ ਪੱਜ ਆ
ਵੇ ਸੋਹਣਿਆਂ ਪੂਰਨਾ ਵੇ

ਨ੍ਹਾਵਣ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੁਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਜਦੋਂ ਗਿੱਧੇ ਦਾ ਪਿੜ ਮਘਦਾ ਹੈ ਪੂਰਨ ਭਗਤ ਨੂੰ ਯਾਦ ਕਰਦਿਆਂ ਅਨੇਕਾਂ ਬੋਲੀਆਂ ਪਾਈਆਂ ਜਾਂਦੀਆਂ ਹਨ:

ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ

ਪੂਰਨ ਤੇ ਰਾਣੀ ਲੂਣਾਂ ਦੀ ਆਪਸੀ ਗੱਲਬਾਤ ਬਾਰੇ ਕਈ ਬੋਲੀਆਂ ਪ੍ਰਾਪਤ ਹਨ:

ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ

ਜਿੰਦ ਨਿਕਲੂ ਗਰਨਾ ਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹ ਜਾ ਸੇਜ ਤੇ ਆ ਕੇ

ਮਾਈ ਮਾਈ ਪਿਆ ਭੌਂਕਦੈਂ
ਕਿੱਥੋਂ ਲਗਦੀ ਮਾਈ
ਤੇਰੀ ਖਾਤਰ ਨਾਲ ਸ਼ੌਂਕ ਦੇ
ਸੁੰਦਰ ਸੋਜ ਬਛਾਈ
ਰਾਣ ਪਰਮਾਣ ਦੌਹਾਂ ਦਾ ਇੱਕੋ
ਝੜੀ ਰੂਪ ਨੇ ਲਾਈ
ਗਲ਼ ਦੇ ਨਾਲ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੱਤ-ਰੁੱਤ ਦੇ-
ਮਸਾਂ ਜੁਆਨੀ ਆਈ

ਮਾਈ ਮਾਈ ਪਿਆ ਭੌਂਕਦੈਂ
ਕਿੱਥੋਂ ਸਾਕ ਬਣਾਇਆ
ਕਿੱਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰਗਾਇਆ
ਉਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਉਂ ਨਖ਼ਰੇ ਵਿੱਚ ਆਇਆ
ਲੂਣਾਂ ਰਾਣੀ ਨੇ-
ਹੱਥ ਬੀਣੀ ਨੂੰ ਪਾਇਆ

ਮਨ ਨੂੰ ਮੋੜ ਕੇ ਬੈਠ ਪਾਪਣੇ
ਤੋਂ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਚਲਾਈ
ਪੂਰਨ ਹੱਥ ਬੰਨ੍ਹਦਾ-
ਤੂੰ ਹੈਂ ਧਰਮ ਦੀ ਮਾਈ

ਜਦੋਂ ਮੁਟਿਆਰਾਂ ਸੁੰਦਰਾਂ ਰਾਣੀ ਅਤੇ ਜੋਗੀ ਬਣੇ ਪੂਰਨ ਦੇ ਸੰਵਾਦ ਵਾਲਾ ਦਰਦੀਲਾ ਲੋਕ ਗੀਤ ਗਾਉਂਦੀਆਂ ਹਨ ਤਾਂ ਉਹ ਇਸ ਗੀਤ ਰਾਹੀਂ ਅਪਣੇ ਮਨੋਭਾਵਾਂ ਅਤੇ ਦਰਦ ਦਾ ਇਜ਼ਹਾਰ ਕਰਦੀਆਂ ਹੋਈਆਂ ਭਾਵਾਂ ਦੇ ਦੇਸ਼ ਵਿੱਚ ਗੁਆਚ ਜਾਂਦੀਆਂ ਹਨ ਅਤੇ ਸਰੋਤਿਆਂ ਦੇ ਨੈਣਾਂ ਵਿੱਚੋਂ ਵੈਰਾਗ ਦੇ ਅੱਥਰੂ ਵਹਿ ਟੁਰਦੇ ਹਨ।

ਇਸ ਗੀਤ ਵਿੱਚ ਪੂਰਨ ਅਪਣੇ ਜੋਗਮਤ ਤੇ ਪਹਿਰਾ ਦੇਂਦਾ ਹੋਇਆ ਅਪਣਾ ਧਰਮ ਨਿਭਾਉਂਦਾ ਹੈ। ਰਾਣੀ ਸੁੰਦਰਾਂ ਨੂੰ ਵਿਸ਼ਵਾਸ ਹੈ-ਆਸਥਾ ਹੈ ਕਿ ਅਗਲੇ ਜਨਮ-ਜਨਮ ਵਿੱਚ ਉਹਨਾਂ ਦਾ ਮੇਲ ਜ਼ਰੂਰ ਹੋਵੇਗਾ। ਗੀਤ ਦੇ ਬੋਲ ਹਨ:

ਖੂਹਾ ਦੇਨੀ ਆਂ ਲਵਾ ਵੇ, ਤੂੰ ਨ੍ਹਾਵਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆਂ ਦੇ ਪੂਰਨਾ,
ਪੂਰਨਾ! ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੁਰ ਨਾ ਵੇ...

ਸਾਨੂੰ ਖੂਹੇ ਦਾ ਨਾ ਚਾਅ ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ;
ਸੁੰਦਰਾਂ ਨੂੰ ਦੁਨੀਆਂ ਦਾ ਮੋਹ ਛੱਡਿਆ ਪਾਈਆਂ ਮੁੰਦਰਾਂ ਨੀ....

ਬਾਗ ਦੇਨੀ ਆਂ ਲਵਾ ਦੇ, ਤੂੰ ਟਹਿਲਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ......

ਸਾਨੂੰ ਬਾਗਾਂ ਦਾ ਨਾ ਚਾਅ ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ...

ਧੌਲਰ ਦੇਨੀ ਆਂ ਪਵਾ ਵੇ ਤੂੰ ਵੇਖਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ.....

ਨਹੀਓਂ ਧੌਲਰਾਂ ਦਾ ਚਾਅ ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ....

ਗੂੜ੍ਹੀ ਨੈਣਾਂ ਦੀ ਪ੍ਰੀਤ ਵੇ, ਲੋਹੇ ਉੱਤੇ ਲੀਕ,
ਗੋਰਖ ਨਾਥ ਦਿਆ ਜੋਗੀਆਂ ਦੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ .....

ਜੋਗੀ ਜਾਣੇ ਨਾ ਪ੍ਰੀਤ ਨੀ, ਲੋਹੇ ਉੱਤੇ ਲੀਕ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੂੰ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ.....

ਇੱਕ ਜੋਗੀ ਸਾਡੇ ਹਾਣ ਦਾ, ਦੁੱਖ ਨਾ ਪਛਾਣਦਾ,
ਚੋਰੀ ਉੱਠ ਚੱਲਿਆ ਵੇ ਪੂਰਨਾ;
ਪੂਰਨਾ ਦੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ...

ਭਾਵੇਂ ਜਾਣ ਤੂੰ ਨਾ ਜਾਣ ਵੇ, ਅਗਲੇ ਜਹਾਨ,
ਮੇਲੇ ਤੇਰੇ ਸਾਡੇ ਹੋਣਗੇ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੁਰ ਨਾ ਵੇ...

ਪੁੱਛਦੀ ਹੈ ਗੋਲੀ ਕਿਧਰੋਂ ਤੂੰ ਆਈ ਨੀ
ਚੰਦ ਜਿਹੇ ਮੁਖ ਤੇ ਸਵਾਹ ਲਾਈ ਨੀ
ਕਿਹੜੀ ਗੱਲੋਂ ਭੈਣਾਂ ਨੂੰ ਹੋਈ ਫ਼ਕੀਰ ਨੀ
ਤਨ ਤੇ ਨਾ ਕੋਈ ਦਿਸਦੀ ਨਾ ਲੀਰ ਨੀ
ਦੱਸ ਤੈਨੂੰ ਕਿਸ ਨੇ ਮੰਗਣ ਚਾੜ੍ਹਿਆ
ਹੁੰਦਾ ਏ ਮਲੂਮ ਦੁੱਖਾਂ ਨੇ ਲਤਾੜਿਆ
ਹੁਸਨ ਕਮਾਲ ਨੀ ਪਰੀ ਦੇ ਤੁਲ ਦਾ
ਇਕ ਇਕ ਨੈਣ ਨੀ ਕਰੋੜ ਮੁੱਲ ਦਾ।