ਸਮੱਗਰੀ 'ਤੇ ਜਾਓ

ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ/2

ਵਿਕੀਸਰੋਤ ਤੋਂ
ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ
ਕਾਰਲ ਮਾਰਕਸ and ਫਰੈਡਰਿਕ ਏਂਗਲਜ਼
II. ਪਰੋਲਤਾਰੀ ਅਤੇ ਕਮਿਊਨਿਸਟ
688ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ — II. ਪਰੋਲਤਾਰੀ ਅਤੇ ਕਮਿਊਨਿਸਟਕਾਰਲ ਮਾਰਕਸ and ਫਰੈਡਰਿਕ ਏਂਗਲਜ਼

ਸਮੁੱਚੇ ਤੌਰ ਤੇ ਪਰੋਲਤਾਰੀਆਂ ਨਾਲ ਕਮਿਊਨਿਸਟਾਂ ਦਾ ਕੀ ਤਾਅਲੁੱਕ ਹੈ?

ਕਮਿਊਨਿਸਟ, ਮਜ਼ਦੂਰ ਜਮਾਤ ਦੀਆਂ ਦੂਸਰੀ ਪਾਰਟੀਆਂ ਦੇ ਖ਼ਿਲਾਫ਼ ਕੋਈ ਅਲੱਗ ਪਾਰਟੀ ਨਹੀਂ ਬਣਾਉਂਦੇ।

ਸਮੁੱਚੇ ਤੌਰ ਤੇ ਪ੍ਰੋਲਤਾਰੀ ਜਮਾਤ ਦੇ ਮੁਫ਼ਾਦ ਦੇ ਸਿਵਾ ਅਤੇ ਉਸ ਤੋਂ ਜੁਦਾ ਉਨ੍ਹਾਂਦਾ ਕੋਈ ਮੁਫ਼ਾਦ ਨਹੀਂ। ਉਹ ਆਪਣੇ ਜੁਦਾ ਅਸੂਲ ਕਾਇਮ ਨਹੀਂ ਕਰਦੇ ਜਿਨ੍ਹਾਂ ਨਾਲ ਮਜ਼ਦੂਰ ਤਹਿਰੀਕ ਨੂੰ ਕੋਈ ਖ਼ਾਸ ਸ਼ਕਲ ਦਿੰਦੀ ਜਾਏ ਅਤੇ ਕਿਸੀ ਖ਼ਾਸ ਸਾਂਚੇ ਵਿੱਚ ਢਾਲਿਆ ਜਾਏ।

ਕਮਿਊਨਿਸਟਾਂ ਦਾ ਮਜ਼ਦੂਰ ਜਮਾਤ ਦੀਆਂ ਦੂਸਰੀ ਪਾਰਟੀਆਂ ਨਾਲੋਂ ਅੱਡਰਾਪਣ ਸਿਰਫ਼ ਇਹ ਹੈ ਕਿ:

1. ਵੱਖ ਵੱਖ ਮੁਲਕਾਂ ਦੇ ਮਜ਼ਦੂਰਾਂ ਦੀ ਕੌਮੀ ਜਦੋ ਜਹਿਦ ਵਿੱਚ ਉਹ ਸਭਨਾਂ ਕੌਮੀਅਤਾਂ ਤੋਂ ਉਪਰ ਉਠ ਕੇ ਪੂਰੇ ਮਜ਼ਦੂਰ ਜਮਾਤ ਦੇ ਸਾਂਝੇ ਮੁਫ਼ਾਦ ਪਰ ਜ਼ੋਰ ਦਿੰਦੇ ਅਤੇ ਉਨ੍ਹਾਂਨੂੰ ਨੁਮਾਇਆਂ ਕਰਦੇ ਹਨ।

2. ਬੁਰਜ਼ੁਆ ਜਮਾਤ ਦੇ ਖ਼ਿਲਾਫ਼ ਮਜ਼ਦੂਰ ਜਮਾਤ ਦੀ ਜਦੋਜਹਿਦ ਅਪਣੀ ਵਿਕਾਸ ਦੇ ਜਿਨ੍ਹਾਂ ਪੜਾਵਾਂ ਵਿੱਚੋਂ ਗੁਜਰਦੀ ਹੈ ਉਨ੍ਹਾਂਵਿੱਚ ਉਹ ਹਰ ਜਗ੍ਹਾ ਅਤੇ ਹਮੇਸ਼ਾ ਪੂਰੀ ਤਹਿਰੀਕ ਦੇ ਮੁਫ਼ਾਦ ਦੀ ਤਰਜਮਾਨੀ ਕਰਦੇ ਹਨ।

ਇਸ ਲਈ ਇਕ ਤਰਫ਼ ਜਿਥੇ ਤੱਕ ਅਮਲ ਦਾ ਤਾਅਲੁੱਕ ਹੈ, ਕਮਿਊਨਿਸਟ ਹਰ ਮੁਲਕ ਦੀਆਂ ਮਜ਼ਦੂਰ ਪਾਰਟੀਆਂ ਵਿੱਚ ਸਭ ਤੋਂ ਉਂਨਤ ਅਤੇ ਸਾਬਤ ਕਦਮ ਦਸਤਾ ਹਨ, ਉਹ ਦਸਤਾ ਜੋ ਹਮੇਸ਼ਾ ਦੂਜਿਆਂ ਨੂੰ ਅੱਗੇ ਵਧਾਉਂਦਾ ਹੈ, ਅਤੇ ਦੂਸਰੀ ਤਰਫ਼ ਜਿਥੇ ਤੱਕ ਨਜ਼ਰੀਏ ਦਾ ਤਾਅਲੁੱਕ ਹੈ, ਆਮ ਮਜ਼ਦੂਰਾਂ ਨਾਲੋਂ ਉਨ੍ਹਾਂ ਨੂੰ ਫ਼ਾਇਦਾ ਇਹ ਹੈ ਕਿ ਉਹ ਮਜ਼ਦੂਰ ਤਹਿਰੀਕ ਦਾ ਅੱਗੇ ਵਧਣ ਦਾ ਰਸਤਾ ਪਹਿਚਾਣਦੇ ਹੁੰਦੇ ਹਨ। ਇਸ ਦੇ ਹਾਲਾਤ ਅਤੇ ਆਖ਼ਰੀ ਆਮ ਨਤੀਜਿਆਂ ਨੂੰ ਅੱਛੀ ਤਰ੍ਹਾਂ ਸਮਝਦੇ ਹੁੰਦੇ ਹਨ।

ਕਮਿਊਨਿਸਟਾਂ ਦਾ ਫ਼ੌਰੀ ਮਕਸਦ ਉਹੀ ਹੈ ਜੋ ਮਜ਼ਦੂਰਾਂ ਦੀਆਂ ਬਾਕੀ ਸਾਰੀਆਂ ਪਾਰਟੀਆਂ ਦਾ ਜਾਨੀ ਇਹ ਕਿ ਮਜ਼ਦੂਰਾਂ ਦੀ ਇਕ ਜਮਾਤ ਬਣੇ, ਬੁਰਜ਼ੁਆ ਜਮਾਤ ਦਾ ਗ਼ਲਬਾ ਖ਼ਤਮ ਕੀਤਾ ਜਾਏ ਅਤੇ ਪ੍ਰੋਲਤਾਰੀ ਸਿਆਸੀ ਸੱਤਾ ਪਰ ਕਬਜ਼ਾ ਕਰੇ। ਕਮਿਊਨਿਸਟਾਂ ਦੇ ਸਿਧਾਂਤਕ ਨਤੀਜੇ ਹਰਗਿਜ਼ ਕਿਸੇ ਐਸੇ ਖ਼ਿਆਲ ਜਾਂ ਅਸੂਲਾਂ ਪਰ ਆਧਾਰਿਤ ਨਹੀਂ ਹਨ ਜਿਨ੍ਹਾਂ ਨੂੰ ਕਿਸੇ ਆਲਮਗੀਰ ਸੁਧਾਰ ਦਾ ਖ਼ਾਬ ਦੇਖਣ ਵਾਲੇ ਕਿਸੇ ਸੁਧਾਰਕ ਨੇ ਖੋਜ ਲਿਆ ਹੋਵੇ ਜਾਂ ਜੋ ਉਸ ਦੇ ਦਿਮਾਗ਼ ਦੀ ਉਪਜ ਹੋਣ। ਉਹ ਤਾਂ ਫ਼ਕਤ ਉਨ੍ਹਾਂ ਹਕੀਕੀ ਰਿਸ਼ਤਿਆਂ ਨੂੰ ਆਮ ਲਫ਼ਜਾਂ ਵਿੱਚ ਪੇਸ਼ ਕਰਦੇ ਹਨ ਜੋ ਮੌਜੂਦਾ ਜਮਾਤੀ ਜਦੋਜਹਿਦ ਤੋਂ ਪੈਦਾ ਹੋਏ ਹਨ, ਇਕ ਐਸੀ ਇਤਿਹਾਾਸਕ ਤਹਿਰੀਕ ਤੋਂ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਜਾਰੀ ਹੈ। ਜਾਇਦਾਦ ਦੇ ਮੌਜੂਦਾ ਰਿਸ਼ਤਿਆਂ ਨੂੰ ਮਿਟਾਣਾ ਕਮਿਊਨਿਜ਼ਮ ਦੀ ਕੋਈ ਅੱਡਰੀ ਸਿਫ਼ਤ ਨਹੀਂ ਹੈ। ਬੀਤੇ ਜ਼ਮਾਨੇ ਵਿੱਚ ਇਤਿਹਾਾਸਕ ਹਾਲਾਤ ਦੇ ਬਦਲਣ ਪਰ ਜਾਇਦਾਦ ਦੇ ਸਾਰੇ ਰਿਸ਼ਤਿਆਂ ਵਿੱਚ ਬਰਾਬਰ ਇਤਿਹਾਾਸਕ ਤਬਦੀਲੀਆਂ ਹੁੰਦੀਆਂ ਰਹੀਆਂ ਹਨ।

ਮਸਲਨ ਫ਼ਰਾਂਸ ਦੇ ਇਨਕਲਾਬ ਨੇ ਬੁਰਜ਼ੁਆ ਜਾਇਦਾਦ ਦੇ ਹੱਕ ਵਿੱਚ ਜਾਗੀਰਦਾਰ ਜਾਇਦਾਦ ਨੂੰ ਮਿਟਾ ਦਿਤਾ। ਕਮਿਊਨਿਜ਼ਮ ਦੀ ਅੱਡਰੀ ਸਿਫ਼ਤ ਆਮ ਤੌਰ ਪਰ ਜਾਇਦਾਦ ਨੂੰ ਨਹੀਂ ਬਲਕਿ ਬੁਰਜ਼ੁਆ ਜਾਇਦਾਦ ਨੂੰ ਮਿਟਾਣਾ ਹੈ। ਲੇਕਿਨ ਆਧੁਨਿਕ ਬੁਰਜ਼ੁਆ ਜ਼ਾਤੀ ਜਾਇਦਾਦ ਮਾਲ ਨੂੰ ਪੈਦਾ ਕਰਨ ਅਤੇ ਵਰਤੋਂ ਵਿੱਚ ਲਿਆਣ ਦੇ ਉਸ ਨਿਜ਼ਾਮ ਦਾ ਆਖ਼ਰੀ ਅਤੇ ਸਭ ਤੋਂ ਮੁਕੰਮਲ ਇਜ਼ਹਾਰ ਹੈ ਜੋ ਜਮਾਤੀ ਵਿਰੋਧਾਂ ਅਤੇ ਚੰਦ ਲੋਕਾਂ ਦੇ ਹੱਥੋਂ ਅਕਸਰੀਅਤ ਦੇ ਸੋਸ਼ਣ `ਤੇ ਆਧਾਰਿਤ ਹੈ। ਇਨ੍ਹਾਂ ਅਰਥਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਕਮਿਊਨਿਸਟਾਂ ਦਾ ਨਜ਼ਰੀਆ ਮੁਖ਼ਤਸਰ ਲਫ਼ਜ਼ਾਂ ਵਿੱਚ ਜ਼ਾਤੀ ਜਾਇਦਾਦ ਨੂੰ ਮਿਟਾਣਾ ਹੈ। ਸਾਨੂੰ ਕਮਿਊਨਿਸਟਾਂ ਨੂੰ ਮਿਹਣਾ ਦਿੱਤਾ ਜਾਂਦਾ ਹੈ ਕਿ ਅਸੀਂ ਇਨਸਾਨ ਦੀ ਸਕਦਾ ਮਿਹਨਤ ਨਾਲ ਸਕਦਾ ਜਾਇਦਾਦ ਹਾਸਲ ਕਰਨ ਦਾ ਹੱਕ ਖੋਹ ਲੈਣਾ ਚਾਹੁੰਦੇ ਹਾਂ, ਹਾਲਾਂਕਿ ਕਿਹਾ ਜਾਂਦਾ ਹੈ ਕਿ ਇਹੀ ਜਾਇਦਾਦ ਤਮਾਮ ਸ਼ਖ਼ਸੀ ਆਜ਼ਾਦੀ, ਸਰਗਰਮੀ ਅਤੇ ਖ਼ੁਦ ਮੁਖ਼ਤਾਰੀ ਦੀ ਬੁਨਿਆਦ ਹੈ।

ਗਾੜ੍ਹੇ ਪਸੀਨੇ ਦੀ ਕਮਾਈ ਆਪਣੇ ਦਸਤੋ ਬਾਜ਼ੂ ਨਾਲ ਪੈਦਾ ਕੀਤੀ ਹੋਈ ਜਾਇਦਾਦ! ਕੀ ਤੁਹਾਡੀ ਮੁਰਾਦ ਛੋਟੇ ਦਸਤਕਾਰ ਅਤੇ ਛੋਟੇ ਕਿਸਾਨ ਦੀ ਜਾਇਦਾਦ ਤੋਂ ਹੈ ਜੋ ਬੁਰਜ਼ੁਆ ਜਾਇਦਾਦ ਤੋਂ ਪਹਿਲੇ ਦੀ ਸੂਰਤ ਸੀ? ਉਸ ਨੂੰ ਮਿਟਾਉਣ ਦੀ ਕੋਈ ਜ਼ਰੂਰਤ ਨਹੀਂ। ਸਨਅਤ ਦੀ ਤਰੱਕੀ ਬੜੀ ਹੱਦ ਤੱਕ ਇਸ ਨੂੰ ਮਿਟਾ ਚੁੱਕੀ ਹੈ ਅਤੇ ਆਏ ਦਿਨ ਮਿਟਾਉਂਦੀ ਜਾਂਦੀ ਹੈ।

ਜਾਂ ਸ਼ਾਇਦ ਤੁਹਾਡੀ ਮੁਰਾਦ ਆਧੁਨਿਕ ਬੁਰਜ਼ੁਆ ਜ਼ਾਤੀ ਜਾਇਦਾਦ ਤੋਂ ਹੈ?

ਲੇਕਿਨ ਕੀ ਉਜਰਤੀ ਮਿਹਨਤ ਨੇ ਮਜ਼ਦੂਰ ਦੀ ਮਿਹਨਤ ਨੇ ਉਸ ਦੇ ਲਈ ਕੋਈ ਜਾਇਦਾਦ ਪੈਦਾ ਕੀਤੀ ਹੈ? ਬਿਲਕੁਲ ਨਹੀਂ। ਇਸ ਤੋਂ ਸਿਰਫ਼ ਸਰਮਾਇਆ ਪੈਦਾ ਹੁੰਦਾ ਹੈ। ਅਤੇ ਇਹ ਉਹ ਜਾਇਦਾਦ ਹੈ ਜੋ ਉਜਰਤੀ ਮਿਹਨਤ ਦਾ ਸੋਸ਼ਣ ਕਰਦੀ ਹੈ ਅਤੇ ਜਿਸ ਦੇ ਵਧਣ ਦੀ ਵਾਹਦ ਸ਼ਰਤ ਇਹ ਹੈ ਕਿ ਹੋਰ ਸੋਸ਼ਣ ਦੇ ਲਈ ਬਰਾਬਰ ਉਜਰਤੀ ਮਿਹਨਤ ਮੁਹੱਈਆ ਹੁੰਦੀ ਰਹੇ। ਜਾਇਦਾਦ ਅਪਣੀ ਮੌਜੂਦਾ ਸੂਰਤ ਵਿੱਚ ਸਰਮਾਇਆ ਅਤੇ ਉਜਰਤੀ ਮਿਹਨਤ ਦੇ ਵਿਰੋਧ ਪਰ ਆਧਾਰਿਤ ਹੈ। ਆਓ ਆਪਾਂ ਇਸ ਵਿਰੋਧ ਦੇ ਦੋਨੋਂ ਪਹਿਲੂਆਂ ਪਰ ਗ਼ੌਰ ਕਰੀਏ।

ਸਰਮਾਇਆਦਾਰ ਹੋਣ ਦਾ ਮਤਲਬ ਪੈਦਾਵਾਰ ਵਿੱਚ ਮਹਿਜ਼ ਜ਼ਾਤੀ ਨਹੀਂ ਬਲਕਿ ਸਮਾਜੀ ਹੈਸੀਅਤ ਦਾ ਮਾਲਿਕ ਹੋਣਾ ਹੈ। ਸਰਮਾਇਆ ਰਲ ਮਿਲ ਕੇ ਕੀਤੀ ਹੋਈ ਪੈਦਾਵਾਰ ਹੈ ਅਤੇ ਬਹੁਤ ਆਦਮੀਆਂ ਦੀਆਂ ਮੁਤਹਿਦਾ ਕੋਸ਼ਿਸ਼ਾਂ ਨਾਲ ਬਲਕਿ ਆਖ਼ਿਰ ਤੱਕ ਨਿਗਾਹ ਦੌੜਾਈਏ ਤਾਂ ਸਮਾਜ ਦੇ ਤਮਾਮ ਮੈਂਬਰਾਂ ਦੀਆਂ ਮੁਤਹਿਦਾ ਕੋਸ਼ਿਸ਼ਾਂ ਨਾਲ ਹੀ ਹਰਕਤ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਲਈ ਸਰਮਾਇਆ ਕੋਈ ਸ਼ਖ਼ਸੀ ਨਹੀਂ ਬਲਕਿ ਸਮਾਜੀ ਤਾਕਤ ਹੈ। ਲਿਹਾਜ਼ਾ ਸਰਮਾਇਆ ਨੂੰ ਜਦ ਸਾਂਝੀ ਜਾਇਦਾਦ ਜਾਨੀ ਸਮਾਜ ਦੇ ਤਮਾਮ ਮੈਂਬਰਾਂ ਦੀ ਜਾਇਦਾਦ ਬਣਾਇਆ ਜਾਂਦਾ ਹੈ, ਤਾਂ ਇਸ ਨਾਲ ਸਕਦਾ ਜਾਇਦਾਦ ਸਮਾਜੀ ਜਾਇਦਾਦ ਵਿੱਚ ਨਹੀਂ ਬਦਲਦੀ, ਸਿਰਫ਼ ਜਾਇਦਾਦ ਦੀ ਸਮਾਜੀ ਹੈਸੀਅਤ ਬਦਲ ਜਾਂਦੀ ਹੈ। ਇਸ ਦੀ ਜਮਾਤੀ ਹੈਸੀਅਤ ਖ਼ਤਮ ਹੋ ਜਾਂਦੀ ਹੈ।

ਆਓ ਆਪਾਂ ਹੁਣ ਉਜਰਤੀ ਮਿਹਨਤ ਪਰ ਨਜ਼ਰ ਮਾਰੀਏ।

ਉਜਰਤੀ ਮਿਹਨਤ ਦੀ ਔਸਤ ਕੀਮਤ ਘੱਟੋ ਘੱਟ ਉਜਰਤ ਹੀ ਹੈ ਅਤੇ ਉਸ ਵਿੱਚ ਨਿਰਬਾਹ ਦੇ ਸਾਧਨਾਂ ਦੀ ਸਿਰਫ਼ ਇਤਨੀ ਹੀ ਮਿਕਦਾਰ ਸ਼ਾਮਿਲ ਹੈ ਜੋ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਕਿਸੀ ਤਰ੍ਹਾਂ ਜ਼ਿੰਦਾ ਰੱਖਣ ਦੇ ਲਈ ਕਤਈ ਜ਼ਰੂਰੀ ਹੈ। ਇਸ ਲਈ ਉਜਰਤ ਪਰ ਕੰਮ ਕਰਨ ਵਾਲਾ ਮਜ਼ਦੂਰ ਅਪਣੀ ਮਿਹਨਤ ਦੇ ਜ਼ਰੀਆ ਜੋ ਕੁਛ ਤਸਰਫ਼ ਵਿੱਚ ਲਿਆਂਦਾ ਹੈ ਉਹ ਮਹਿਜ਼ ਉਸ ਨੂੰ ਜ਼ਿੰਦਾ ਰੱਖਣ ਦੇ ਲਈ ਕਾਫ਼ੀ ਹੁੰਦਾ ਹੈ। ਸਾਡਾ ਇਹ ਮਨਸ਼ਾ ਹਰਗਿਜ਼ ਨਹੀਂ ਹੈ ਕਿ ਮਿਹਨਤ ਦੀ ਪੈਦਾਵਾਰ ਨੂੰ ਜ਼ਾਤੀ ਤਸਰਫ਼ ਵਿੱਚ ਲਿਆਉਣ ਦਾ ਇਹ ਸਿਲਸਿਲਾ ਬੰਦ ਕਰ ਦੈਂ। ਇਸ ਤਸਰਫ਼ ਦਾ ਮਕਸਦ ਜ਼ਿੰਦਗੀ ਨੂੰ ਕਾਇਮ ਰਖਣਾ ਹੈ। ਅਤੇ ਉਸ ਵਿੱਚ ਫ਼ਾਜ਼ਲ ਕੁਛ ਬਚਦਾ ਹੀ ਨਹੀਂ ਜਿਸ ਦੇ ਬਲ ਪਰ ਦੂਸਰਿਆਂ ਦੀ ਮਿਹਨਤ ਕਾਬੂ ਵਿੱਚ ਲਿਆਂਦੀ ਜਾ ਸਕੇ। ਅਸੀਂ ਮਿਟਾਣਾ ਚਾਹੁੰਦੇ ਹਾਂ ਮਹਿਜ਼ ਇਸ ਤਸਰਫ਼ ਦੇ ਇਸ ਘਟੀਆ ਚਰਿਤਰ ਨੂੰ ਜਿਸ ਦੇ ਤਹਿਤ ਮਜ਼ਦੂਰ ਜ਼ਿੰਦਾ ਰਹਿੰਦਾ ਹੈ ਫ਼ਕਤ ਸਰਮਾਇਆ ਨੂੰ ਵਧਾਉਣ ਦੇ ਲਈ, ਅਤੇ ਉਸ ਨੂੰ ਜ਼ਿੰਦਾ ਉਸ ਵਕਤ ਤੱਕ ਰਹਿਣ ਦਿੱਤਾ ਜਾਂਦਾ ਹੈ ਜਦ ਤੱਕ ਹੁਕਮਰਾਨ ਜਮਾਤ ਦੇ ਮੁਫ਼ਾਦ ਨੂੰ ਉਸ ਦੀ ਜ਼ਰੂਰਤ ਹੁੰਦੀ ਹੈ।

ਬੁਰਜ਼ੁਆ ਸਮਾਜ ਵਿੱਚ ਜ਼ਿੰਦਾ ਮਿਹਨਤ ਮਹਿਜ਼ ਇਕ ਜ਼ਰੀਆ ਹੈ ਜਮਾ ਮਿਹਨਤ ਨੂੰ ਵਧਾਉਣ ਦਾ। ਕਮਿਊਨਿਸਟ ਸਮਾਜ ਵਿੱਚ ਜਮਾ ਮਿਹਨਤ ਇਕ ਜ਼ਰੀਆ ਹੋਵੇਗੀ ਜਿਸ ਨਾਲ ਮਜ਼ਦੂਰ ਦੀ ਜ਼ਿੰਦਗੀ ਨੂੰ ਹੋਰ ਵਿਸਾਲ ਬਣਾਇਆ ਜਾਏਗਾ, ਇਸ ਨੂੰ ਹੋਰ ਜਿਆਦਾ ਭਰਪੂਰ ਬਣਾਇਆ ਜਾਏਗਾ ਅਤੇ ਤਰੱਕੀ ਦਿੱਤੀ ਜਾਏਗੀ।

ਮੁਖ਼ਤਸਰ ਇਹ ਕਿ ਬੁਰਜ਼ੁਆ ਸਮਾਜ ਵਿੱਚ ਹਾਲ ਪਰ ਅਤੀਤ ਹਾਵੀ ਹੈ। ਕਮਿਊਨਿਸਟ ਸਮਾਜ ਵਿੱਚ ਅਤੀਤ ਪਰ ਵਰਤਮਾਨ ਹਾਵੀ ਹੋਵੇਗਾ। ਬੁਰਜ਼ੁਆ ਸਮਾਜ ਵਿੱਚ ਸਰਮਾਇਆ ਆਜ਼ਾਦ ਹੈ ਅਤੇ ਉਸ ਦੀ ਅਪਣੀ ਵਿਅਕਤੀਗਤ ਹਸਤੀ ਹੈ ਜਦ ਕਿ ਜ਼ਿੰਦਾ ਇਨਸਾਨ ਮਹਿਕੂਮ ਹੈ ਉਸ ਦੀ ਕੋਈ ਹਸਤੀ ਨਹੀਂ।

ਅਤੇ ਉਸ ਸੂਰਤੇ ਹਾਲ ਦਾ ਮਿਟ ਜਾਣਾ, ਬੁਰਜ਼ੁਆ ਜਮਾਤ ਦੀ ਜ਼ਬਾਨ ਵਿੱਚ, ਨਿੱਜਤਵ ਅਤੇ ਆਜ਼ਾਦੀ ਦਾ ਮਿਟ ਜਾਣਾ ਹੈ। ਅਤੇ ਬਾਤ ਠੀਕ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਮਕਸਦ ਬੁਰਜ਼ੁਆ ਨਿੱਜਤਵ, ਬੁਰਜ਼ੁਆ ਖ਼ੁਦ ਮੁਖ਼ਤਾਰੀ ਅਤੇ ਬੁਰਜ਼ੁਆ ਆਜ਼ਾਦੀ ਨੂੰ ਮਿਟਾ ਦੇਣਾ ਹੈ।

ਪੈਦਾਵਾਰ ਦੀ ਮੌਜੂਦਾ ਬੁਰਜ਼ੁਆ ਹਾਲਤਾਂ ਵਿੱਚ ਆਜ਼ਾਦੀ ਦਾ ਮਤਲਬ ਹੈ ਤਜਾਰਤ ਦੀ ਆਜ਼ਾਦੀ; ਵੇਚਣ ਅਤੇ ਖ਼ਰੀਦਣ ਦੀ ਆਜ਼ਾਦੀ। ਲੇਕਿਨ ਅਗਰ ਖ਼ਰੀਦੋ ਫ਼ਰੋਖ਼ਤ ਨਾ ਰਹੇ ਤੋ ਖ਼ਰੀਦੋ ਫ਼ਰੋਖ਼ਤ ਦੀ ਆਜ਼ਾਦੀ ਵੀ ਨਹੀਂ ਰਹੇਗੀ। ਖ਼ਰੀਦੋ ਫ਼ਰੋਖ਼ਤ ਦੀ ਆਜ਼ਾਦੀ ਦੀ ਇਹ ਗੱਲਬਾਤ ਆਮ ਤੌਰ ਤੇ ਆਜ਼ਾਦੀ ਬਾਰੇ ਸਾਡੀ ਬੁਰਜ਼ੁਆ ਜਮਾਤ ਦੇ ਇਹ ਤਮਾਮ ਗਪੌੜ ਅਗਰ ਕੋਈ ਅਰਥ ਰਖਦੇ ਹਨ ਤਾਂ ਸਿਰਫ਼ ਮਹਿਦੂਦ ਖ਼ਰੀਦੋ ਫ਼ਰੋਖ਼ਤ ਅਤੇ ਮੱਧਕਾਲ ਦੇ ਮਜ਼ਲੂਮ ਤਾਜਰਾਂ ਦੇ ਮੁਕਾਬਲੇ ਵਿੱਚ, ਮਗਰ ਕਮਿਊਨਿਜ਼ਮ ਦੇ ਮੁਕਾਬਲੇ ਵਿੱਚ, ਜਦੋਂ ਖ਼ਰੀਦੋ ਫ਼ਰੋਖ਼ਤ ਅਤੇ ਤਜਾਰਤ ਮਿਟ ਜਾਏਗੀ, ਪੈਦਾਵਾਰ ਦੇ ਬੁਰਜ਼ੁਆ ਰਿਸ਼ਤੇ ਅਤੇ ਖ਼ੁਦ ਬੁਰਜ਼ੁਆ ਜਮਾਤ ਮਿਟ ਜਾਏਗੀ, ਇਹ ਗੱਲਬਾਤ ਕੋਈ ਅਰਥ ਨਹੀਂ ਰਖਦੀ। ਤੁਹਾਡੇ ਹੋਸ਼ ਉੱਡ ਰਹੇ ਹਨ ਕਿ ਅਸੀਂ ਜ਼ਾਤੀ ਜਾਇਦਾਦ ਨੂੰ ਮਿਟਾ ਦੇਣਾ ਚਾਹੁੰਦੇ ਹਾਂ। ਲੇਕਿਨ ਤੁਹਾਡੇ ਮੌਜੂਦਾ ਸਮਾਜ ਵਿੱਚ ਦਸ ਵਿਚੋਂ ਨੌਂ ਆਦਮੀਆਂ ਦੇ ਲਈ ਜ਼ਾਤੀ ਜਾਇਦਾਦ ਪਹਿਲੇ ਹੀ ਮਿਟ ਚੁੱਕੀ ਹੈ। ਅਤੇ ਥੋੜੇ ਆਦਮੀਆਂ ਦੇ ਲਈ ਜੋ ਰਹਿ ਗਈ ਹੈ ਤਾਂ ਇਸੇ ਵਜਹ ਕਿ ਦਸ ਵਿਚੋਂ ਨੌਂ ਇਸ ਤੋਂ ਮਹਿਰੂਮ ਹਨ। ਤੁਹਾਡੇ ਇਲਜ਼ਾਮ ਦਾ ਮਤਲਬ ਇਹ ਹੈ ਕਿ ਅਸੀਂ ਜਾਇਦਾਦ ਦੀ ਉਹ ਸੂਰਤ ਮਿਟਾ ਦੇਣਾ ਚਾਹੁੰਦੇ ਹਾਂ ਜਿਸ ਦੇ ਕਾਇਮ ਰੱਖਣ ਦੀ ਜ਼ਰੂਰੀ ਸ਼ਰਤ ਹੀ ਇਹ ਹੈ ਕਿ ਸਮਾਜ ਦੀ ਬਹੁਤ ਬੜੀ ਅਕਸਰੀਅਤ ਦੇ ਪਾਸ ਕੋਈ ਜਾਇਦਾਦ ਨਾ ਹੋਵੇ।

ਮੁਖ਼ਤਸਰ ਇਹ ਕਿ ਤੁਹਾਨੂੰ ਸ਼ਿਕਾਇਤ ਹੈ ਕਿ ਅਸੀਂ ਤੁਹਾਡੀ ਜਾਇਦਾਦ ਮਿਟਾ ਦੇਣਾ ਚਾਹੁੰਦੇ ਹਾਂ। ਬਜਾ ਹੈ। ਸਾਡਾ ਬਿਲਕੁਲ ਇਹੀ ਇਰਾਦਾ ਹੈ।

ਜਿਸ ਦਿਨ ਤੋਂ ਮਿਹਨਤ ਨੂੰ ਸਰਮਾਇਆ, ਜ਼ਰ ਜਾਂ ਲਗਾਨ ਵਿੱਚ ਨਹੀਂ ਬਦਲਿਆ ਜਾ ਸਕੇਗਾ, ਉਸ ਨੂੰ ਐਸੀ ਸਮਾਜੀ ਸ਼ਕਤੀ ਦੀ ਸ਼ਕਲ ਨਹੀਂ ਦਿੱਤੀ ਜਾ ਸਕੇਗੀ, ਜਿਸਨੂੰ ਕੋਈ ਅਪਣਾ ਅਜਾਰਾ ਬਣਾ ਸਕੇ, ਜਾਨੀ ਜਿਸ ਦਿਨ ਤੋਂ ਸਕਦਾ ਜਾਇਦਾਦ ਬੁਰਜ਼ੁਆ ਜਾਇਦਾਦ ਵਿੱਚ ਤਬਦੀਲੀ ਨਹੀਂ ਹੋ ਸਕੇਗੀ ਉਸ ਦਿਨ ਤੋਂ ਤੁਹਾਡਾ ਖ਼ਿਆਲ ਹੈ ਨਿੱਜਤਵ ਨਾਪੈਦ ਹੋ ਜਾਏਗੀ। ਫਿਰ ਤਾਂ ਤੁਹਾਨੂੰ ਇਹ ਵੀ ਮੰਨਣਾ ਪਏਗਾ ਕਿ "ਵਿਅਕਤੀ" ਤੋਂ ਤੁਹਾਡਾ ਮਤਲਬ ਹਰ ਸ਼ਖ਼ਸ ਨਹੀਂ ਸਿਰਫ਼ ਬੁਰਜ਼ੁਆ ਹੈ, ਦਰਮਿਆਨੀ ਜਮਾਤ ਦਾ ਸਾਹਿਬੇ ਜਾਇਦਾਦ ਸ਼ਖ਼ਸ। ਅਤੇ ਸਚ ਮੁਚ ਇਸ ਸ਼ਖ਼ਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।

ਸਮਾਜ ਦੀ ਪੈਦਾਵਾਰ ਨੂੰ ਆਪਣੇ ਤਸਰਫ਼ ਵਿੱਚ ਲਿਆਣ ਦੇ ਹੱਕ ਤੋਂ ਕਮਿਊਨਿਜ਼ਮ ਕਿਸੇ ਇਨਸਾਨ ਨੂੰ ਮਹਿਰੂਮ ਨਹੀਂ ਕਰਦਾ। ਉਹ ਇਨਸਾਨ ਨੂੰ ਸਿਰਫ਼ ਇਸ ਇਖ਼ਤਿਆਰ ਤੋਂ ਮਹਿਰੂਮ ਕਰਨਾ ਚਾਹੁੰਦਾ ਹੈ ਜਿਸ ਦੀ ਬਦੌਲਤ ਉਹ ਇਸ ਤਸਰਫ਼ ਦੇ ਜ਼ਰੀਏ ਦੂਸਰਿਆਂ ਦੀ ਮਿਹਨਤ ਨੂੰ ਅਪਣਾ ਗ਼ੁਲਾਮ ਬਣਾਉਂਦਾ ਹੈ। ਇਤਰਾਜ਼ ਕੀਤਾ ਜਾਂਦਾ ਹੈ ਕਿ ਜ਼ਾਤੀ ਜਾਇਦਾਦ ਦੇ ਮਿਟਦੇ ਹੀ ਸਾਰੇ ਕੰਮ ਕਾਜ ਬੰਦ ਹੋ ਜਾਣਗੇ ਅਤੇ ਹਰ ਆਦਮੀ ਪਰ ਆਲਸ ਸਵਾਰ ਹੋ ਜਾਏਗਾ।

ਇਸ ਇਤਬਾਰ ਤੋਂ ਤਾਂ ਬੁਰਜ਼ੁਆ ਸਮਾਜ ਨੂੰ ਮਹਿਜ਼ ਆਲਸ ਦੇ ਹੱਥੋਂ ਅੱਜ ਤੋਂ ਬਹੁਤ ਪਹਿਲੇ ਖ਼ਤਮ ਹੋ ਜਾਣਾ ਚਾਹੀਦਾ ਸੀ ਕਿਉਂਕਿ ਇਸ ਸਮਾਜ ਵਿੱਚ ਜੋ ਲੋਕ ਕੰਮ ਕਰਦੇ ਹਨ ਉਨ੍ਹਾਂ ਨੂੰ ਕੁਛ ਮਿਲਦਾ ਨਹੀਂ ਅਤੇ ਜਿਨ੍ਹਾਂ ਨੂੰ ਮਿਲਦਾ ਹੈ ਉਹ ਕੰਮ ਨਹੀਂ ਕਰਦੇ। ਇਹ ਇਤਰਾਜ਼ ਇਸੇ ਬਾਤ ਨੂੰ ਦੂਸਰੇ ਲਫ਼ਜ਼ਾਂ ਵਿੱਚ ਦੁਹਰਾਉਂਦਾ ਹੈ ਕਿ ਸਰਮਾਇਆ ਨਹੀਂ ਰਹੇਗਾ ਤਾਂ ਉਜਰਤੀ ਮਿਹਨਤ ਵੀ ਨਹੀਂ ਰਹੇਗੀ।

ਪਦਾਰਥਕ ਪੈਦਾਵਾਰ ਦੀ ਪੈਦਾਇਸ਼ ਅਤੇ ਤਸਰਫ਼ ਦੇ ਕਮਿਊਨਿਸਟ ਤਰੀਕੇ ਦੇ ਖ਼ਿਲਾਫ਼ ਇਹ ਤਮਾਮ ਇਤਰਾਜ਼ ਇਸੇ ਤਰ੍ਹਾਂ ਜ਼ਿਹਨੀ ਪੈਦਾਵਾਰ ਦੀ ਪੈਦਾਇਸ਼ ਅਤੇ ਤਸਰਫ਼ ਦੇ ਕਮਿਊਨਿਸਟ ਤਰੀਕੇ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਹਨ। ਬੁਰਜ਼ੁਆ ਦੀ ਨਜ਼ਰ ਵਿੱਚ ਜਿਸ ਤਰ੍ਹਾਂ ਜਮਾਤੀ ਜਾਇਦਾਦ ਦਾ ਮਿਟਣਾ ਸਿਰੇ ਤੋਂ ਪੈਦਾਵਾਰ ਦਾ ਮਿਟ ਜਾਣਾ ਹੈ, ਉਸੇ ਤਰ੍ਹਾਂ ਜਮਾਤੀ ਤਹਿਜ਼ੀਬ ਦਾ ਮਿਟ ਜਾਣਾ ਉਨ੍ਹਾਂ ਦੇ ਖ਼ਿਆਲ ਵਿੱਚ ਸਾਰੀ ਤਹਿਜ਼ੀਬ ਦਾ ਮਿਟ ਜਾਣਾ ਹੈ।

ਉਹ ਤਹਿਜ਼ੀਬ ਜਿਸ ਦੇ ਮਿਟ ਜਾਣ ਪਰ ਉਹ ਹੰਝੂ ਬਹਾਉਂਦੇ ਹਨ, ਇਨਸਾਨ ਦੀ ਬਹੁਤ ਬੜੀ ਅਕਸਰੀਅਤ ਨੂੰ ਮਹਿਜ਼ ਮਸ਼ੀਨ ਦੀ ਤਰ੍ਹਾਂ ਹਰਕਤ ਕਰਨਾ ਸਿਖਾਉਂਦੀ ਹੈ।

ਬੁਰਜ਼ੁਆ ਜਾਇਦਾਦ ਨੂੰ ਮਿਟਾਉਣ ਦੀ ਸਾਡੀ ਤਜਵੀਜ਼ ਨੂੰ ਅਗਰ ਆਪ ਆਜ਼ਾਦੀ, ਤਹਿਜ਼ੀਬ, ਕਾਨੂੰਨ ਵਗ਼ੈਰਾ ਦੇ ਬੁਰਜ਼ੁਆ ਸੰਕਲਪਾਂ ਦੀ ਕਸੌਟੀ ਪਰ ਪਰਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਹਿਸ ਵਿੱਚ ਉਲਝਣ ਦੀ ਜ਼ਰੂਰਤ ਨਹੀਂ। ਤੁਹਾਡੇ ਖ਼ਿਆਲ ਬਜਾਏ ਖ਼ੁਦ ਬੁਰਜ਼ੁਆ ਪੈਦਾਵਾਰ ਅਤੇ ਬੁਰਜ਼ੁਆ ਜਾਇਦਾਦ ਦੇ ਰਿਸ਼ਤਿਆਂ ਦਾ ਨਤੀਜਾ ਹਨ। ਉਸੇ ਤਰ੍ਹਾਂ ਜਿਵੇਂ ਤੁਹਾਡਾ ਕਾਨੂੰਨ ਦਾ ਫ਼ਲਸਫ਼ਾ ਉਸ ਦੇ ਸਿਵਾ ਕੁਛ ਨਹੀਂ ਕਿ ਤੁਹਾਡੀ ਜਮਾਤ ਦੀ ਮਰਜ਼ੀ ਨੂੰ ਸਭ ਦੇ ਲਈ ਕਾਨੂੰਨ ਬਣਾ ਦਿੱਤਾ ਗਿਆ ਅਤੇ ਉਹ ਮਰਜ਼ੀ ਐਸੀ ਹੈ ਜਿਸ ਦੇ ਅਸਲੀ ਖਾਸੇ ਅਤੇ ਸੇਧ ਨੂੰ ਤੁਹਾਡੀ ਜਮਾਤ ਦੇ ਜੀਵਨ ਦੀਆਂ ਆਰਥਿਕ ਪ੍ਰਸਥਿਤੀਆਂ ਤੈਹ ਕਰਦੀਆਂ ਹਨ।

ਇਹ ਖ਼ੁਦ ਗ਼ਰਜ਼ ਗ਼ਲਤ ਖ਼ਿਆਲੀ ਜੋ ਤੁਹਾਨੂੰ ਤਰਗ਼ੀਬ ਦਿੰਦੀ ਹੈ ਕਿ ਤੁਸੀਂ ਆਪਣੇ ਪੈਦਾਵਾਰੀ ਰਿਸ਼ਤਿਆਂ ਅਤੇ ਜਾਇਦਾਦ ਦੇ ਰਿਸਤਿਆਂ ਨੂੰ, ਜੋ ਇਤਿਹਾਸਕ ਹਨ ਅਤੇ ਪੈਦਾਵਾਰ ਦੀ ਤਰੱਕੀ ਦੇ ਨਾਲ ਬਦਲਦੇ ਰਹਿੰਦੇ ਹਨ, ਕੁਦਰਤ ਅਤੇ ਅਕਲ ਦੇ ਸਦੀਵੀ ਕਾਨੂੰਨ ਬਣਾ ਲਵੋਂ। ਇਹ ਐਸੀ ਗ਼ਲਤ ਖ਼ਿਆਲੀ ਹੈ ਜਿਸ ਵਿੱਚ ਤੁਸੀਂ ਵੀ ਪਹਿਲੇ ਦੇ ਤਮਾਮ ਹੁਕਮਰਾਨ ਅਤੇ ਫ਼ਨਾ ਹੋ ਜਾਣੇ ਵਾਲੇ ਤਬਕਿਆਂ ਦੀ ਤਰ੍ਹਾਂ ਮੁਬਤਲਾ ਹਨ। ਕਦੀਮ ਜਾਇਦਾਦ ਦੇ ਸਿਲਸਿਲੇ ਵਿੱਚ ਤੁਸੀਂ ਜੋ ਕੁਛ ਸਾਫ਼ ਸਾਫ਼ ਦੇਖਦੇ ਹੋ ਜਾਗੀਰਦਾਰ ਜਾਇਦਾਦ ਦੇ ਬਾਰੇ ਵਿੱਚ ਤੁਸੀਂ ਜਿਸ ਬਾਤ ਨੂੰ ਮੰਨਦੇ ਹੋ, ਉਹੀ ਬਾਤ ਤੁਸੀਂ ਜਾਇਦਾਦ ਦੀ ਅਪਣੀ ਬੁਰਜ਼ੁਆ ਸੂਰਤ ਦੇ ਬਾਰੇ ਵਿੱਚ ਮੰਨਣ ਤੋਂ ਮੁਨਕਰ ਹਨ।

ਖ਼ਾਨਦਾਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏਗਾ! ਬੜੇ ਤੋਂ ਬੜੇ ਇੰਤਹਾ ਪਸੰਦ ਵੀ ਕਮਿਊਨਿਸਟਾਂ ਦੀ ਇਸ ਸ਼ਰਮਨਾਕ ਤਜਵੀਜ਼ ਪਰ ਅੱਗ ਬਗੋਲਾ ਹੋ ਜਾਂਦੇ ਹਨ।

ਮੌਜੂਦਾ ਜ਼ਮਾਨੇ ਦਾ ਖ਼ਾਨਦਾਨ ਬੁਰਜ਼ੁਆ ਖ਼ਾਨਦਾਨ ਆਖ਼ਰ ਕਿਸ ਬੁਨਿਆਦ ਪਰ ਕਾਇਮ ਹੈ? ਸਰਮਾਇਆ ਪਰ ਜ਼ਾਤੀ ਮੁਨਾਫ਼ਾ ਪਰ।ਅਪਣੀ ਮੁਕੰਮਲਤਰੀਨ ਸੂਰਤ ਵਿੱਚ ਇਹ ਖ਼ਾਨਦਾਨ ਸਿਰਫ਼ ਬੁਰਜ਼ੁਆ ਜਮਾਤ ਵਿੱਚ ਪਾਇਆ ਜਾਂਦਾ ਹੈ। ਲੇਕਿਨ ਇਸ ਤਸਵੀਰ ਕਾ ਦੂਸਰਾ ਰੁਖ਼ ਇਹ ਹੈ ਕਿ ਇਕ ਤਰਫ਼ ਮਜ਼ਦੂਰ ਬੇ ਖ਼ਾਨਦਾਨ ਰਹਿਣ ਪਰ ਮਜਬੂਰ ਹਨ ਅਤੇ ਸਰੇਬਾਜ਼ਾਰ ਅਸਮਤ ਫ਼ਰੋਸ਼ੀ ਹੁੰਦੀ ਹੈ।

ਬੁਰਜ਼ੁਆ ਖ਼ਾਨਦਾਨ ਦਾ ਇਹ ਪਹਿਲੂ ਜਦ ਨਹੀਂ ਰਹੇਗਾ ਤਾਂ ਉਹ ਖ਼ਾਨਦਾਨ ਆਪਣੇ ਆਪ ਹੀ ਮਿਟ ਜਾਏਗਾ ਅਤੇ ਸਰਮਾਏ ਦੇ ਮਿਟਦੇ ਹੀ ਦੋਨੋਂ ਮਿਟ ਜਾਣਗੇ।

ਕੀ ਤੁਹਾਡਾ ਇਲਜ਼ਾਮ ਹੈ ਕਿ ਅਸੀਂ ਮਾਂ ਬਾਪ ਨੂੰ ਆਪਣੇ ਬੱਚਿਆਂ ਦੇ ਸੋਸ਼ਣ ਤੋਂ ਰੋਕਣਾ ਚਾਹੁੰਦੇ ਹਾਂ? ਅਸੀਂ ਅਪਣਾ ਇਹ ਜੁਰਮ ਮੰਨਦੇ ਹਾਂ।

ਲੇਕਿਨ ਤੁਸੀਂ ਕਹੋਗੇ ਕਿ ਅਸੀਂ ਸਭ ਤੋਂ ਕਾਬਲੇ ਇਹਤਰਾਮ ਰਿਸਤਿਆਂ ਨੂੰ ਬਰਬਾਦ ਕਰ ਦਿੰਦੇ ਹਾਂ ਕਿਉਂਕਿ ਅਸੀਂ ਘਰੇਲੂ ਤਾਲੀਮ ਦੀ ਜਗ੍ਹਾ ਸਮਾਜੀ ਤਾਲੀਮ ਜਾਰੀ ਕਰਨਾ ਚਾਹੁੰਦੇ ਹਨ।

ਅਤੇ ਤੁਹਾਡੀ ਤਾਲੀਮ? ਕੀ ਉਹ ਵੀ ਸਮਾਜੀ ਨਹੀਂ? ਕੀ ਉਹ ਵੀ ਉਨ੍ਹਾਂ ਸਮਾਜੀ ਹਾਲਾਤ ਤੋਂ ਤੈਹ ਜਿਨ੍ਹਾਂ ਵਿੱਚ ਤੁਸੀਂ ਉਹ ਤਾਲੀਮ ਦਿੰਦੇ ਹੋ? ਕੀ ਇਸ ਵਿੱਚ ਵੀ ਸਕੂਲ ਵਗ਼ੈਰਾ ਦੇ ਜ਼ਰੀਆ ਸਮਾਜ ਦੀ ਸਿਧੀ ਜਾਂ ਅਸਿਧੀ ਦਸਤ ਅੰਦਾਜ਼ੀ ਨਹੀਂ ਹੁੰਦੀ? ਤਾਲੀਮ ਵਿੱਚ ਸਮਾਜ ਦੇ ਦਖ਼ਲ ਦੀ ਕਮਿਊਨਿਸਟਾਂ ਨੇ ਈਜਾਦ ਨਹੀਂ ਕੀਤੀ। ਉਹ ਸਿਰਫ਼ ਇਸ ਦਖ਼ਲ ਦੇ ਖਾਸੇ ਨੂੰ ਬਦਲਣਾ ਅਤੇ ਤਾਲੀਮ ਨੂੰ ਹੁਕਮਰਾਨ ਜਮਾਤ ਦੇ ਅਸਰ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਨ।

ਖ਼ਾਨਦਾਨ ਅਤੇ ਤਾਲੀਮ ਦੇ ਬਾਰੇ ਵਿੱਚ ਮਾਂ ਬਾਪ ਅਤੇ ਬੱਚਿਆਂ ਦੇ ਮੁਕੱਦਸ ਰਿਸ਼ਤੇ ਦੇ ਬਾਰੇ ਵਿੱਚ ਬੁਰਜ਼ੁਆ ਖੱਪ ਉਸੇ ਕਦਰ ਨਫ਼ਰਤ ਅੰਗੇਜ਼ ਹੋ ਜਾਂਦੀ ਹੈ ਜਿਸ ਕਦਰ ਆਧੁਨਿਕ ਸਨਅਤ ਦੇ ਅਸਰ ਨਾਲ ਮਜ਼ਦੂਰਾਂ ਵਿੱਚ ਤਮਾਮ ਖ਼ਾਨਦਾਨੀ ਬੰਧਨ ਟੁੱਟਦੇ ਜਾਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਤਜਾਰਤ ਦੀ ਜਿਣਸ ਅਤੇ ਮਿਹਨਤ ਦਾ ਔਜ਼ਾਰ ਬਣਦੇ ਜਾਂਦੇ ਹਨ।

ਲੇਕਿਨ ਪੂਰਾ ਬੁਰਜ਼ੁਆ ਇਕ ਅਵਾਜ਼ ਚੀਖ਼ ਉਠਦਾ ਹੈ ਕਿ ਤੁਸੀਂ ਕਮਿਊਨਿਸਟ ਔਰਤਾਂ ਨੂੰ ਵੀ ਸਾਂਝੀ ਜਾਇਦਾਦ ਬਣਾ ਦੇਵੋਗੇ।

ਬੁਰਜ਼ੁਆ ਦੀ ਨਜ਼ਰ ਵਿੱਚ ਉਸ ਦੀ ਬੀਵੀ ਦੀ ਹੈਸੀਅਤ ਵੀ ਪੈਦਾਵਾਰ ਦੇ ਇਕ ਸਾਧਨ ਤੋਂ ਜ਼ਿਆਦਾ ਨਹੀਂ। ਫਿਰ ਜਦ ਉਹ ਸੁਣਦਾ ਹੈ ਕਿ ਪੈਦਾਵਾਰ ਸਾਧਨਾਂ ਦਾ ਸੋਸ਼ਣ ਸਾਂਝੇ ਤੌਰ ਤੇ ਕੀਤਾ ਜਾਏਗਾ ਤਾਂ ਕੁਦਰਤੀ ਤੌਰ ਪਰ ਇਸ ਦੇ ਸਿਵਾ ਹੋਰ ਕਿਸੇ ਨਤੀਜੇ ਪਰ ਨਹੀਂ ਪਹੁੰਚ ਸਕਦਾ ਕਿ ਔਰਤਾਂ ਦਾ ਵੀ ਇਹੀ ਹਸ਼ਰ ਹੋਵੇਗਾ। ਉਹ ਸੋਚ ਵੀ ਨਹੀਂ ਸਕਦਾ ਕਿ ਅਸਲ ਮਕਸਦ ਔਰਤਾਂ ਦੀ ਉਸ ਹੈਸੀਅਤ ਦਾ ਖ਼ਾਤਮਾ ਕਰਨਾ ਹੈ ਜਿਸ ਵਿੱਚ ਉਹ ਸਿਰਫ਼ ਪੈਦਾਵਾਰ ਦਾ ਸੰਦ ਬਣ ਕਰ ਰਹਿ ਗਈਆਂ ਹਨ।

ਫਿਰ ਇਸ ਤੋਂ ਵਧ ਮਜਾਕੀਆ ਗੱਲ ਕੀ ਹੋ ਸਕਦੀ ਹੈ ਕੀ ਸਾਡਾ ਬੁਰਜ਼ੁਆ ਪਾਕ ਦਾਮਨੀ ਦੇ ਜੋਸ਼ ਵਿੱਚ ਔਰਤਾਂ ਦੀ ਸਾਂਝੇਦਾਰੀ ਪਰ ਮੱਥੇ ਵੱਟ ਪਾਏ ਅਤੇ ਮਕਰ ਇਹ ਕਰੇ ਕਿ ਕਮਿਉਨਿਸਟ ਖੁਲ੍ਹੇਆਮ ਅਤੇ ਕਾਨੂੰਨੀ ਤੌਰ ਤੇ ਇਸ ਨੂੰ ਲਾਗੂ ਕਰ ਦੇਣਗੇ। ਕਮਿਊਨਿਸਟਾਂ ਨੂੰ ਔਰਤਾਂ ਨੂੰ ਸਾਂਝੀ ਜਾਇਦਾਦ ਬਣਾਉਣ ਦੀ ਕੋਈ ਲੋੜ ਨਹੀਂ। ਇਸ ਦਾ ਰਿਵਾਜ ਤਾਂ ਬਹੁਤ ਪੁਰਾਣੇ ਜ਼ਮਾਨੇ ਤੋਂ ਚਲਿਆ ਆਉਂਦਾ ਹੈ।

ਵੇਸ਼ਵਾ ਬਾਜ਼ਾਰੀ ਦਾ ਤਾਂ ਕਹਿਣਾ ਹੀ ਕੀ, ਜਦ ਆਪਣੇ ਮਜ਼ਦੂਰਾਂ ਦੀ ਬਹੂ ਬੇਟੀਆਂ ਨਾਲ ਵੀ ਜੀ ਨਹੀਂ ਭਰਦਾ ਤਾਂ ਸਾਡੇ ਬੁਰਜ਼ੁਆ ਇਕ ਦੂਸਰੇ ਦੀ ਬੀਵੀਆਂ ਨਾਲ ਨਾਜਾਇਜ਼ ਤਾਅਲੁੱਕ ਕਾਇਮ ਕਰਕੇ ਬੇਹੱਦ ਅਨੰਦ ਹਾਸਲ ਕਰਦੇ ਹਨ।

ਬੁਰਜ਼ੁਆ ਸ਼ਾਦੀ ਦਰਅਸਲ ਸਾਂਝੀਆਂ ਪਤਨੀਆਂ ਰੱਖਣ ਦਾ ਦਸਤੂਰ ਹੈ ਅਤੇ ਇਸ ਲਈ ਕਮਿਊਨਿਸਟਾਂ ਪਰ ਬੜੇ ਤੋਂ ਬੜਾ ਇਲਜ਼ਾਮ ਕੋਈ ਹੋ ਸਕਦਾ ਹੈ ਤਾਂ ਇਹੀ ਕਿ ਉਹ ਇਸ ਦੰਭੀ ਅਤੇ ਲੁਕੀ ਹੋਈ ਸਾਂਝੇਦਾਰੀ ਦੇ ਬਦਲੇ ਔਰਤਾਂ ਦੀ ਐਲਾਨੀਆ ਕਾਨੂੰਨੀ ਸਾਂਝੇਦਾਰੀ ਕਾਇਮ ਕਰਨਾ ਚਾਹੁੰਦੇ ਹਨ। ਅਤੇ ਅਸਲ ਹਕੀਕਤ ਜ਼ਾਹਿਰ ਹੈ ਕਿ ਜਦ ਮੌਜੂਦਾ ਪੈਦਾਵਾਰ ਰਿਸ਼ਤਿਆਂ ਮਿਟਣਗੇ ਤਾਂ ਇਸ ਦੇ ਨਾਲ ਔਰਤਾਂ ਨੂੰ ਸਾਂਝੇ ਵਿੱਚ ਰੱਖਣ ਦਾ ਦਸਤੂਰ, ਜਾਨੀ ਬਾਜ਼ਾਰੀ ਜਾਂ ਖ਼ਾਨਗੀ ਅਸਮਤ ਫ਼ਰੋਸ਼ੀ ਵੀ, ਜੋ ਉਨ੍ਹਾਂ ਰਿਸ਼ਤਿਆਂ ਦਾ ਨਤੀਜਾ ਹੈ, ਮਿਟ ਜਾਏਗੀ।

ਫਿਰ ਕਮਿਊਨਿਸਟਾਂ ਪਰ ਇਕ ਇਲਜ਼ਾਮ ਇਹ ਹੈ ਕਿ ਉਹ ਵਤਨ ਅਤੇ ਕੌਮੀਅਤ ਨੂੰ ਮਿਟਾ ਦੇਣਾ ਚਾਹੁੰਦੇ ਹਨ।

ਮਜ਼ਦੂਰਾਂ ਦਾ ਕੋਈ ਵਤਨ ਨਹੀਂ। ਅਤੇ ਜੋ ਉਨ੍ਹਾਂ ਦੇ ਪਾਸ ਹੈ ਨਹੀਂ, ਇਸੇ ਉਨ੍ਹਾਂ ਤੋਂ ਕੌਣ ਖੋਹ ਸਕਦਾ ਹੈ। ਕਿਉਂਕਿ ਮਜ਼ਦੂਰ ਜਮਾਤ ਨੇ ਸਭ ਤੋਂ ਪਹਿਲਾਂ ਸਿਆਸੀ ਸੱਤਾ ਹਾਸਲ ਕਰਨੀ ਹੈ, ਤਰੱਕੀ ਕਰਕੇ ਕੌਮ ਦੀ ਆਗੂ ਜਮਾਤ ਬਣਨਾ ਹੈ; ਬਲਕਿ ਖ਼ੁਦ ਕੌਮ ਬਣਨਾ ਹੈ। ਇਸ ਲਈ ਉਸ ਹੱਦ ਤੱਕ ਉਹ ਖ਼ੁਦ ਕੌਮੀ ਹੈ। ਮਗਰ ਇਸ ਲਫ਼ਜ਼ ਦਾ ਉਹ ਅਰਥ ਨਹੀਂ ਜੋ ਬੁਰਜ਼ੁਆ ਸਮਝਦੇ ਹਨ।

ਬੁਰਜ਼ੁਆ ਜਮਾਤ ਦਾ ਵਿਕਾਸ, ਤਜਾਰਤ ਦੀ ਆਜ਼ਾਦੀ, ਆਲਮਗੀਰ ਮੰਡੀ, ਪੈਦਾਵਾਰ ਦੇ ਤਰੀਕਿਆਂ ਵਿੱਚ ਅਤੇ ਉਸ ਦੇ ਮੁਤਾਬਕ ਹੀ ਜੀਵਨ ਪ੍ਰਸਥਿਤੀਆਂ ਵਿੱਚ ਇੱਕਸਾਰਤਾ ਰੋਜ਼ ਬਰੋਜ਼ ਕੌਮੀ ਫ਼ਰਕ ਤੇ ਵਿਰੋਧ ਮਿਟਾਉਂਦੇ ਜਾਂਦੇ ਹਨ। ਪ੍ਰੋਲਤਾਰੀ ਦੀ ਸੱਤਾ ਕਾਇਮ ਹੋਣ ਪਰ ਉਹ ਹੋਰ ਤੇਜ਼ੀ ਨਾਲ ਮਿਟਣਾ ਲਗਣਗੇ। ਪ੍ਰੋਲਤਾਰੀ ਦੀ ਆਜ਼ਾਦੀ ਦੀ ਪਹਿਲੀ ਸ਼ਰਤ ਇਹ ਹੈ ਕਿ ਕਮ ਅਜ਼ ਕਮ ਤਮਾਮ ਤਰੱਕੀ ਯਾਫ਼ਤਾ ਮੁਲਕ ਮਿਲ ਕਰ ਕਦਮ ਉਠਾਉਣ।

ਇਕ ਕੌਮ ਦੇ ਹੱਥੋਂ ਦੂਸਰੀ ਕੌਮ ਦਾ ਸੋਸ਼ਣ ਉਸੇ ਨਿਸਬਤ ਨਾਲ ਖ਼ਤਮ ਹੋਵੇਗਾ ਜਿਸ ਨਿਸਬਤ ਨਾਲ ਇੱਕ ਵਿਅਕਤੀ ਦੇ ਹੱਥੋਂ ਦੂਸਰੇ ਵਿਅਕਤੀ ਦਾ ਸੋਸ਼ਣ। ਜਿਤਨੀ ਤੇਜ਼ੀ ਨਾਲ ਕੌਮ ਦੇ ਅੰਦਰ ਤਬਕਿਆਂ ਦਾ ਇਖ਼ਤਲਾਫ਼ ਦੂਰ ਹੋਵੇਗਾ ਉਤਨੀ ਹੀ ਤੇਜ਼ੀ ਨਾਲ ਇੱਕ ਕੌਮ ਨਾਲ ਦੂਸਰੀ ਕੌਮ ਦੀ ਦੁਸ਼ਮਣੀ ਦੂਰ ਹੋਵੇਗੀ। ਕਮਿਊਨਿਜ਼ਮ ਪਰ ਮਜ਼੍ਹਬੀ, ਫ਼ਲਸਫ਼ੀਆਨਾ ਅਤੇ ਆਮ ਤੌਰ ਤੇ ਸਿਧਾਂਤਕ ਨੁਕਤਾ ਨਜ਼ਰ ਤੋਂ ਜੋ ਇਤਰਾਜ਼ ਕੀਤੇ ਜਾਂਦੇ ਹਨ ਉਹ ਇਸ ਕਾਬਲ ਨਹੀਂ ਕਿ ਉਨ੍ਹਾਂ ਪਰ ਸੰਜੀਦਗੀ ਨਾਲ ਗ਼ੌਰ ਕੀਤਾ ਜਾਏ।

ਕੀ ਇਹ ਸਮਝਣ ਦੇ ਲਈ ਗ਼ੈਰ ਮਾਮੂਲੀ ਅੰਤਰ ਦ੍ਰਿਸ਼ਟੀ ਦੀ ਜ਼ਰੂਰਤ ਹੈ ਕਿ ਆਦਮੀ ਦੀ ਪਦਾਰਥਿਕ ਜ਼ਿੰਦਗੀ ਦੀਆਂ ਹਾਲਤਾਂ, ਉਸ ਦੇ ਸਮਾਜੀ ਰਿਸਤਿਆਂ ਅਤੇ ਉਸ ਦੀ ਸਮਾਜੀ ਜ਼ਿੰਦਗੀ ਵਿੱਚ ਜਦ ਕੋਈ ਤਬਦੀਲੀ ਹੁੰਦੀ ਹੈ ਤਾਂ ਇਸ ਦੇ ਨਾਲ ਆਦਮੀ ਦੇ ਖ਼ਿਆਲ, ਤਸੱਵਰਾਤ ਅਤੇ ਨਜ਼ਰੀਏ, ਮੁਖ਼ਤਸਰ ਇਹ ਕਿ ਆਦਮੀ ਦੀ ਚੇਤਨਾ ਬਦਲ ਜਾਂਦੀ ਹੈ?

ਖ਼ਿਆਲਾਂ ਦੇ ਇਤਿਹਾਸ ਨੇ ਇਸ ਦੇ ਸਿਵਾ ਹੋਰ ਸਾਬਤ ਹੀ ਕੀ ਕੀਤਾ ਹੈ ਕਿ ਜਿਸ ਨਿਸਬਤ ਨਾਲ ਪਦਾਰਥਕ ਪੈਦਾਵਾਰ ਦੀ ਪ੍ਰਕਿਰਤੀ ਬਦਲਦੀ ਹੈ ਉਸੇ ਨਿਸਬਤ ਨਾਲ ਜ਼ਿਹਨੀ ਪੈਦਾਵਾਰ ਦੀ ਪ੍ਰਕਿਰਤੀ ਵੀ ਬਦਲਦੀ ਹੈ। ਹਰ ਜੁਗ ਦੇ ਹਾਕਮ ਖ਼ਿਆਲ ਉਹੀ ਰਹੇ ਹਨ ਜੋ ਹਾਕਮ ਜਮਾਤ ਦੇ ਖ਼ਿਆਲ ਸਨ। ਲੋਕ ਜਦ ਐਸੇ ਖ਼ਿਆਲਾਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਨਾਲ ਸਮਾਜ ਵਿੱਚ ਇਨਕਲਾਬ ਆਉਂਦਾ ਹੈ ਤਾਂ ਉਹ ਸਿਰਫ਼ ਇਸ ਹਕੀਕਤ ਦਾ ਇਜ਼ਹਾਰ ਕਰਦੇ ਹਨ ਕਿ ਪੁਰਾਣੇ ਸਮਾਜ ਦੇ ਅੰਦਰ ਇਕ ਨਵੇਂ ਸਮਾਜ ਦੇ ਅਨਸਰ ਪੈਦਾ ਹੋ ਗਏ ਹਨ ਅਤੇ ਜ਼ਿੰਦਗੀ ਦੇ ਪੁਰਾਣੇ ਹਾਲਾਤ ਦੇ ਨਾਲ ਨਾਲ ਹਰ ਕਦਮ ਪਰ ਪੁਰਾਣੇ ਖ਼ਿਆਲ ਵੀ ਮਿਟਦੇ ਜਾਂਦੇ ਹਨ।

ਕਦੀਮ ਦੁਨੀਆਂ ਜਦ ਆਖ਼ਰੀ ਹਿਚਕੀਆਂ ਲੈ ਰਹੀ ਸੀ ਉਸ ਵਕਤ ਕਦੀਮ ਮਜ਼ਹਬਾਂ ਪਰ ਇਸਾਈਅਤ ਨੇ ਗ਼ਲਬਾ ਪਾ ਲਿਆ। ਅਤੇ ਅਠਾਰ੍ਹਵੀਂ ਸਦੀ ਵਿੱਚ ਜਦ ਅਕਲੀ ਖ਼ਿਆਲ ਦੇ ਸਾਹਮਣੇ ਈਸਾਈ ਖ਼ਿਆਲ ਨੇ ਹਥਿਆਰ ਰੱਖ ਦਿੱਤੇ ਉਸ ਵਕਤ ਜਾਗੀਰਦਾਰ ਸਮਾਜ ਆਪਣੇ ਜ਼ਮਾਨੇ ਦੀ ਇਨਕਲਾਬੀ ਬੁਰਜ਼ੁਆ ਜਮਾਤ ਤੋਂ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕਾ ਸੀ। ਮਜ਼੍ਹਬੀ ਆਜ਼ਾਦੀ ਅਤੇ ਜ਼ਮੀਰ ਦੀ ਆਜ਼ਾਦੀ ਦੇ ਇਹ ਖ਼ਿਆਲ ਸਿਰਫ਼ ਇਹ ਜ਼ਾਹਰ ਕਰ ਰਹੇ ਸਨ ਕਿ ਇਲਮ ਦੀ ਦੁਨੀਆਂ ਵਿੱਚ ਆਜ਼ਾਦ ਮੁਕਾਬਲੇ ਦਾ ਰਾਜ ਕਾਇਮ ਹੋ ਚੁੱਕਾ ਹੈ।

ਕਿਹਾ ਜਾਏਗਾ ਕਿ "ਬਿਨਾ ਸ਼ੱਕ ਤਾਰੀਖ਼ੀ ਵਿਕਾਸ ਦੌਰਾਨ ਮਜ਼੍ਹਬੀ, ਇਖ਼ਲਾਕੀ, ਫ਼ਲਸਫ਼ੀਆਨਾ, ਸਿਆਸੀ ਅਤੇ ਕਾਨੂੰਨੀ ਖ਼ਿਆਲਾਂ ਵਿੱਚ ਤਰਮੀਮ ਹੁੰਦੀ ਰਹੀ ਹੈ। ਲੇਕਿਨ ਮਜ਼ਹਬ, ਫ਼ਲਸਫ਼ਾ, ਰਾਜਨੀਤੀ ਵਿਗਿਆਨ ਅਤੇ ਕਾਨੂੰਨ ਇਹਨਾ ਤਬਦੀਲੀਆਂ ਦੇ ਬਾਵਜੂਦ ਹਮੇਸ਼ਾ ਕਾਇਮ ਰਹੇ।"

"ਫਿਰ ਇਹਨਾ ਦੇ ਇਲਾਵਾ ਕੁਛ ਸਦੀਵੀ ਸਚਾਈਆਂ ਵੀ ਹਨ ਜਿਵੇਂ ਆਜ਼ਾਦੀ, ਇਨਸਾਫ਼ ਵਗ਼ੈਰਾ ਅਤੇ ਇਹ ਸਮਾਜ ਦੀਆਂ ਤਮਾਮ ਮੰਜਲਾਂ ਵਿੱਚ ਆਮ ਹਨ। ਲੇਕਿਨ ਕਮਿਊਨਿਜ਼ਮ ਤਮਾਮ ਸਦੀਵੀ ਸਚਾਈਆਂ ਤੋਂ ਮੁਨਕਰ ਹੈ। ਉਹ ਸਿਰੇ ਤੋਂ ਮਜ਼ਹਬ ਅਤੇ ਇਖ਼ਲਾਕ ਨੂੰ ਮਿਟਾ ਦਿੰਦਾ ਹੈ। ਇਹ ਨਹੀਂ ਕਿ ਉਨ੍ਹਾਂ ਦੀ ਕਿਸੇ ਨਵੀਂ ਬੁਨਿਆਦ ਪਰ ਸਾਜਨਾ ਕਰਦਾ ਹੋਵੇ। ਅਤੇ ਇਸ ਲਈ ਕਮਿਊਨਿਜ਼ਮ ਤਮਾਮ ਪਿਛਲੇ ਤਾਰੀਖ਼ੀ ਤਜਰਬੇ ਦੇ ਖ਼ਿਲਾਫ਼ ਚਲਦਾ ਹੈ।

"ਇਸ ਇਲਜ਼ਾਮ ਦੇ ਅਰਥ ਕੀ ਹਨ? ਤਮਾਮ ਪਿਛਲੇ ਸਮਾਜਾਂ ਦੀ ਤਾਰੀਖ਼, ਜਮਾਤੀ ਵਿਰੋਧਾਂ ਦੇ ਵਿਕਾਸ ਦੀ ਤਾਰੀਖ਼ ਹੈ। ਇਹਨਾ ਵਿਰੋਧਾਂ ਨੇ ਵੱਖ ਵੱਖ ਦੌਰਾਂ ਵਿੱਚ ਵੱਖ ਵੱਖ ਸੂਰਤਾਂ ਇਖ਼ਤਿਆਰ ਕੀਤੀਆਂ ਹਨ। ਲੇਕਿਨ ਇਹਨਾ ਦੀ ਸੂਰਤ ਕੁਛ ਵੀ ਰਹੀ ਹੋਵੇ ਇਕ ਖ਼ਸੂਸੀਅਤ ਤਮਾਮ ਪਿਛਲੀਆਂ ਸਦੀਆਂ ਵਿੱਚ ਆਮ ਰਹੀ ਅਤੇ ਉਹ ਹੈ ਸਮਾਜ ਦੇ ਇਕ ਹਿੱਸੇ ਦੇ ਹੱਥੋਂ ਦੂਸਰੇ ਦਾ ਸੋਸ਼ਣ। ਇਸ ਲਈ ਕੋਈ ਹੈਰਤ ਦੀ ਬਾਤ ਨਹੀਂ ਕਿ ਪਿਛਲੀਆਂ ਸਦੀਆਂ ਦੀ ਸਮਾਜੀ ਚੇਤਨਾ ਅਪਣੀ ਰੰਗਾ ਰੰਗੀ ਅਤੇ ਅਨੇਕਤਾ ਦੇ ਬਾਵਜੂਦ ਬਾਅਜ਼ ਆਮ ਸੂਰਤਾਂ, ਚੇਤਨਾ ਦੀਆਂ ਸੂਰਤਾਂ ਦੇ ਅੰਦਰ ਅੰਦਰ ਚਲਦੀ ਰਹੀ ਹੈ ਅਤੇ ਇਹ ਉਸ ਵਕਤ ਤੱਕ ਪੂਰੀ ਤਰ੍ਹਾਂ ਨਹੀਂ ਮਿਟ ਸਕਦੀਆਂ ਜਦ ਤੱਕ ਕਿ ਖ਼ੁਦ ਜਮਾਤੀ ਵਿਰੋਧ ਬਿਲਕੁਲ ਦੂਰ ਨਾ ਹੋ ਜਾਣ।

ਕਮਿਊਨਿਸਟ ਇਨਕਲਾਬ ਜਾਇਦਾਦ ਦੇ ਰਵਾਇਤੀ ਸੰਬੰਧਾਂ ਤੇ ਸਭ ਤੋਂ ਕਾਰੀ ਜ਼ਰਬ ਹੈ। ਇਸ ਲਈ ਕੋਈ ਹੈਰਤ ਦੀ ਗੱਲ ਨਹੀਂ ਕਿ ਇਸ ਦੇ ਵਿਕਾਸ ਦੀ ਲਪੇਟ ਵਿੱਚ ਆ ਕੇ ਰਵਾਇਤੀ ਖ਼ਿਆਲਾਂ ਦੀਆਂ ਜੜ੍ਹਾਂ ਵੀ ਕੱਟਦੀਆਂ ਜਾਂਦੀਆਂ ਹਨ।

ਲੇਕਿਨ ਹੁਣ ਕਮਿਊਨਿਜ਼ਮ ਦੇ ਖਿਲਾਫ਼ ਇਤਰਾਜਾਂ ਦਾ ਕਿੱਸਾ ਖ਼ਤਮ ਕੀਤਾ ਜਾਵੇ। ਅਸੀਂ ਦੇਖ ਆਏ ਹਨ ਕਿ ਇਨਕਲਾਬ ਵਿੱਚ ਮਜ਼ਦੂਰ ਜਮਾਤ ਦਾ ਪਹਿਲਾ ਕਦਮ ਪ੍ਰੋਲਤਾਰੀ ਨੂੰ ਹੁਕਮਰਾਨ ਜਮਾਤ ਦੀ ਜਗ੍ਹਾ ਉਪਰ ਪਹੁੰਚਾਉਣਾ ਹੈ, ਜਮਹੂਰੀਅਤ ਦੀ ਲੜਾਈ ਜਿੱਤਣਾੀ ਹੈ। ਪ੍ਰੋਲਤਾਰੀ ਆਪਣੀ ਸਿਆਸੀ ਸੱਤਾ ਦੀ ਵਰਤੋਂ ਕਰਕੇ ਰਫ਼ਤਾ ਰਫ਼ਤਾ ਪੂਰਾ ਸਰਮਾਇਆ ਬੁਰਜ਼ੁਆ ਜਮਾਤ ਤੋਂ ਖੋਹ ਲਵੇਗਾ। ਪੈਦਾਵਾਰ ਦੇ ਤਮਾਮ ਸਾਧਨਾਂ ਨੂੰ ਰਿਆਸਤ ਜਾਨੀ ਹੁਕਮਰਾਨ ਜਮਾਤ ਦੀ ਸੂਰਤ ਵਿੱਚ ਸੰਗਠਿਤ ਪ੍ਰੋਲਤਾਰੀ ਦੇ ਹੱਥਾਂ ਵਿੱਚ ਕੇਂਦ੍ਰਿਤ ਕਰ ਦੇਵੇਗਾ ਅਤੇ ਫਿਰ ਜਿਤਨੀ ਤੇਜ਼ੀ ਨਾਲ਼ ਹੋ ਸਕੇ ਤਮਾਮ ਪੈਦਾਵਾਰੀ ਸ਼ਕਤੀਆਂ ਨੂੰ ਤਰੱਕੀ ਦੇਵੇਗਾ।

ਇਸ ਵਿੱਚ ਸ਼ੱਕ ਨਹੀਂ ਕਿ ਸ਼ੁਰੂ ਵਿੱਚ ਉਸ ਨੂੰ ਅਮਲ ਵਿੱਚ ਲਿਆਉਣ ਦੀ ਇਸ ਦੇ ਸਿਵਾ ਹੋਰ ਕੋਈ ਸੂਰਤ ਨਹੀਂ ਕਿ ਜਾਇਦਾਦ ਦੇ ਹੱਕ ਅਤੇ ਬੁਰਜ਼ੁਆ ਪੈਦਾਵਾਰ ਦੇ ਸੰਬੰਧਾਂ ਤੇ ਜਾਰਿਹਾਨਾ ਹਮਲਾ ਕੀਤਾ ਜਾਵੇ। ਲਿਹਾਜ਼ਾ ਐਸੀਆਂ ਤਦਬੀਰਾਂ ਇਖ਼ਤਿਆਰ ਕੀਤੀਆਂ ਜਾਣ ਜੋ ਆਰਥਿਕ ਪੱਖ ਤੋਂ ਨਾਕਾਫ਼ੀ ਅਤੇ ਨਾਕਾਰਾ ਮਾਅਲੂਮ ਹੋਣਗੀਆਂ, ਲੇਕਿਨ ਜੋ ਤਹਿਰੀਕ ਦੇ ਦੌਰਾਨ ਅਪਣੀਆਂ ਹੱਦਾਂ ਤੋਂ ਅੱਗੇ ਲੰਘ ਜਾਣਗੀਆਂ, ਤੇ ਇਹ ਗੱਲ ਪੁਰਾਣੇ ਸਮਾਜੀ ਨਿਜ਼ਾਮ ਤੇ ਹੋਰ ਹਮਲਿਆਂ ਦੀ ਜ਼ਰੂਰਤ ਪੈਦਾ ਕਰੇਗੀ ਜੋ ਪੈਦਾਵਾਰ ਢੰਗ ਦੀ ਬਿਲਕੁਲ ਕਾਇਆ ਪਲਟ ਦੇਣ ਲਈ ਬੇਹੱਦ ਜ਼ਰੂਰੀ ਹੋਣਗੇ।

ਇਸ ਵਿੱਚ ਸ਼ੱਕ ਨਹੀਂ ਕਿ ਵੱਖ ਵੱਖ ਮੁਲਕਾਂ ਵਿੱਚ ਇਹ ਤਦਬੀਰਾਂ ਵੀ ਵੱਖ ਵੱਖ ਹੋਣਗੀਆਂ।

ਤਾਂ ਵੀ, ਸਭ ਤੋਂ ਤਰੱਕੀ ਜਾਫ਼ਤਾ ਮੁਲਕਾਂ ਵਿੱਚ ਹੇਠ ਲਿਖੀਆਂ ਤਦਬੀਰਾਂ ਬੜੀ ਹੱਦ ਤੱਕ ਕਾਬਲੇ ਅਮਲ ਸਾਬਤ ਹੋਣਗੀਆਂ।

  1. ਜ਼ਮੀਨੀ ਜਾਇਦਾਦ ਦੇ ਹੱਕ ਨੂੰ ਮਿਟਾਉਣਾ ਅਤੇ ਪੂਰੇ ਲਗਾਨ ਨੂੰ ਪਬਲਿਕ ਮਕਸਦਾਂ ਲਈ ਖ਼ਰਚ ਕਰਨਾ।
  2. ਜ਼ਿਆਦਾ ਆਮਦਨੀ ਦੇ ਨਾਲ ਨਾਲ ਵਧਦਾ ਜਾਂਦਾ ਆਮਦਨ ਟੈਕਸ ਲਗਾਉਣਾ।
  3. ਵਿਰਾਸਤ ਦੇ ਹੱਕ ਨੂੰ ਖਤਮ ਕਰਨਾ।.
  4. ਵਤਨ ਤੋਂ ਪਰਵਾਸ ਕਰ ਜਾਣ ਵਾਲਿਆਂ ਅਤੇ ਬਾਗ਼ੀਆਂ ਦੀ ਜਾਇਦਾਦ ਜ਼ਬਤ ਕਰਨਾ।.
  5. ਕਰਜੇ ਲੈਣ ਦੇਣ ਦਾ ਸਾਰਾ ਕਾਰੋਬਾਰ ਇਕ ਕੌਮੀ ਬੈਂਕ ਦੇ ਜ਼ਰੀਏ ਜਿਸ ਵਿੱਚ ਰਿਆਸਤ ਦਾ ਸਰਮਾਇਆ ਅਤੇ ਸਿਰਫ਼ ਇਸੇ ਦਾ ਅਜਾਰਾ ਹੋਵੇ ਰਿਆਸਤ ਦੇ ਹੱਥਾਂ ਵਿੱਚ ਕੇਂਦ੍ਰਿਤ ਕਰਨਾ।
  6. ਸੰਚਾਰ ਅਤੇ ਆਵਾਜਾਈ ਦੇ ਤਮਾਮ ਵਸੀਲਿਆਂ ਤੇ ਰਿਆਸਤ ਦਾ ਕੇਂਦਰੀ ਕਬਜ਼ਾ ਹੋਣਾ।
  7. ਰਿਆਸਤ ਦੇ ਕਾਰਖ਼ਾਨਿਆਂ ਅਤੇ ਪੈਦਾਵਾਰ ਦੇ ਸੰਦਾਂ ਦਾ ਵਿਸਤਾਰ ਕਰਨਾ। ਇਕ ਸਾਂਝੇ ਮਨਸੂਬੇ ਦੇ ਮੁਤਾਬਿਕ ਬੰਜਰ ਜ਼ਮੀਨ ਨੂੰ ਕਾਸ਼ਤ ਵਿੱਚ ਲਿਆਉਣਾ ਅਤੇ ਆਮ ਤੌਰ ਤੇ ਜ਼ਮੀਨ ਦੀ ਜ਼ਰਖ਼ੇਜ਼ੀ ਵਿੱਚ ਸੁਧਾਰ ਕਰਨਾ।
  8. ਕੰਮ ਕਰਨ ਦੀ ਸਭ ਤੇ ਇੱਕੋ ਜਿੰਨੀ ਜ਼ਿੰਮੇਦਾਰੀ ਹੋਣਾ। ਸਨਅਤੀ ਫ਼ੋਜਾਂ ਬਨਾਉਣਾ, ਖ਼ਾਸ ਕਰ ਜ਼ਰਾਇਤ ਦੇ ਲਈ।
  9. ਜ਼ਰਾਇਤ ਅਤੇ ਸਨਅਤ ਨੂੰ ਜੋੜਨਾ ਅਤੇ ਮੁਲਕ ਵਿੱਚ ਆਬਾਦੀ ਦੀ ਤਕਸੀਮ ਐਸੇ ਸਤੁੰਲਿਤ ਅੰਦਾਜ਼ ਵਿੱਚ ਕਰਨਾ ਕਿ ਰਫ਼ਤਾ ਰਫ਼ਤਾ ਸ਼ਹਿਰ ਅਤੇ ਦਿਹਾਤ ਦਾ ਫ਼ਰਕ ਜਾਂਦਾ ਰਹੇ।
  10. ਸਰਕਾਰੀ ਸਕੂਲਾਂ ਦੇ ਜ਼ਰੀਏ ਤਮਾਮ ਬੱਚਿਆਂ ਨੂੰ ਮੁਫ਼ਤ ਤਾਲੀਮ ਦੇਣਾ। ਕਾਰਖ਼ਾਨਿਆਂ ਵਿੱਚ ਬੱਚਿਆਂ ਤੋਂ ਕੰਮ ਲੈਣ ਦਾ ਮੌਜੂਦਾ ਰਿਵਾਜ ਬੰਦ ਕਰਨਾ। ਤਾਲੀਮ ਨੂੰ ਸਨਅਤੀ ਪੈਦਾਵਾਰ ਦੇ ਨਾਲ ਮਿਲਾਉਣਾ ਵਗ਼ੈਰਾ ਵਗ਼ੈਰਾ।

ਵਿਕਾਸ ਦੇ ਦੌਰਾਨ ਜਦ ਜਮਾਤੀ ਫਰਕ ਮਿਟ ਜਾਣਗੇ ਅਤੇ ਤਮਾਮ ਪੈਦਾਵਾਰ ਪੂਰੀ ਕੌਮ ਦੀ ਇਕ ਵਸੀਹ ਸਮਾਜੀ ਜਥੇਬੰਦੀ ਦੇ ਹੱਥਾਂ ਵਿੱਚ ਜਮ੍ਹਾ ਹੋ ਜਾਏਗੀ, ਉਸ ਵਕਤ ਸਰਬਜਨਿਕ ਸੱਤਾ ਦੀ ਸਿਆਸੀ ਖਾਸੀਅਤ ਜਾਂਦੀ ਰਹੇਗੀ। ਸਿਆਸੀ ਸੱਤਾ ਅਸਲ ਵਿੱਚ ਇਕ ਜਮਾਤ ਦੁਆਰਾ ਦੂਸਰੀ ਜਮਾਤ ਤੇ ਜ਼ੁਲਮ ਕਰਨ ਲਈ ਸੰਗਠਿਤ ਸੱਤਾ ਹੀ ਹੁੰਦੀ ਹੈ। ਪ੍ਰੋਲਤਾਰੀ ਅਗਰ ਬੁਰਜ਼ੁਆ ਜਮਾਤ ਨਾਲ ਜਦੋਜਹਿਦ ਦੇ ਦੌਰਾਨ ਹਾਲਤਾਂ ਦੇ ਦਬਾਓ ਕਰਕੇ ਹੀ ਮਜਬੂਰ ਹੋ ਜਾਂਦੀ ਹੈ ਕਿ ਇਹ ਇਕ ਜਮਾਤ ਦੀ ਸੂਰਤ ਵਿੱਚ ਆਪਣੇ ਆਪ ਨੂੰ ਜਥੇਬੰਦ ਕਰੇ, ਅਗਰ ਇਨਕਲਾਬ ਦੀ ਬਦੌਲਤ ਉਹ ਹੁਕਮਰਾਨ ਜਮਾਤ ਬਣ ਜਾਂਦੀ ਹੈ ਅਤੇ ਇਸ ਤਰ੍ਹਾਂ ਪੈਦਵਾਰ ਦੇ ਪੁਰਾਣੇ ਸੰਬੰਧਾਂ ਨੂੰ ਜ਼ਬਰਦਸਤੀ ਖ਼ਤਮ ਕਰ ਦਿੰਦੀ ਹੈ ਤਾਂ ਉਨ੍ਹਾਂ ਦੇ ਨਾਲ ਉਹ ਉਨ੍ਹਾਂ ਹਾਲਤਾਂ ਨੂੰ ਵੀ ਖ਼ਤਮ ਕਰ ਦੇਵੇਗੀ ਜਿਨ੍ਹਾਂ ਉਤੇ ਜਮਾਤੀ ਵਿਰੋਧਾਂ ਦਾ ਅਤੇ ਖ਼ੁਦ ਜਮਾਤਾਂ ਦਾ ਵਜੂਦ ਮੁਨ੍ਹੱਸਰ ਹੈ। ਅਤੇ ਇਸ ਤਰ੍ਹਾਂ ਇਕ ਜਮਾਤ ਦੀ ਹੈਸੀਅਤ ਵਿੱਚ ਖ਼ੁਦ ਆਪਣੀ ਸਰਬੁਚਤਾ ਨੂੰ ਵੀ ਖ਼ਤਮ ਕਰ ਦੇਵੇਗੀ।

ਪੁਰਾਣੇ ਬੁਰਜ਼ੁਆ ਸਮਾਜ ਅਤੇ ਉਸ ਦੇ ਤਬਕਿਆਂ ਅਤੇ ਜਮਾਤੀ ਵਿਰੋਧਾਂ ਦੀ ਥਾਂ ਇਕ ਐਸੀ ਜਥੇਬੰਦੀ ਕਾਇਮ ਹੋਵੇਗੀ ਜਿਸ ਵਿੱਚ ਹਰ ਸ਼ਖ਼ਸ ਦੀ ਆਜ਼ਾਦ ਤਰੱਕੀ ਸਭਨਾਂ ਦੀ ਆਜ਼ਾਦ ਤਰੱਕੀ ਦੀ ਸ਼ਰਤ ਹੋਵੇਗੀ।