ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ

ਵਿਕੀਸਰੋਤ ਤੋਂ
Jump to navigation Jump to search

ਯੂਰਪ ਉੱਪਰ ਇੱਕ ਭੂਤ ਮੰਡਲਾ ਰਿਹਾ ਹੈ - ਕਮਿਊਨਿਜ਼ਮ ਦਾ ਭੂਤ। ਇਸ ਭੂਤ ਨੂੰ ਉਤਾਰਨ ਲਈ ਪੁਰਾਣੇ ਯੂਰਪ ਦੀਆਂ ਤਮਾਮ ਤਾਕਤਾਂ ਪੋਪ ਅਤੇ ਜਾਰ ਮੈਟਰਨਿਖ ਅਤੇ ਗੀਜ਼ੋ, ਫ਼ਰਾਂਸੀਸੀ ਰੈਡੀਕਲ ਅਤੇ ਜਰਮਨ ਪੁਲੀਸ ਦੇ ਜਾਸੂਸਾਂ ਨੇ ਇਕ ਪਵਿੱਤਰ ਇਤਹਾਦ ਕਰ ਲਿਆ ਹੈ।

ਉਹ ਕਿਹੜੀ ਮੁਖ਼ਾਲਿਫ਼ ਪਾਰਟੀ ਹੈ ਜਿਸ ਨੂੰ ਉਸ ਦੇ ਵਿਰੋਧੀਆਂ ਨੇ ਕਮਿਊਨਿਸਟ ਕਹਿ ਕੇ ਨਾ ਭੰਡਿਆ ਹੋਵੇ? ਉਹ ਕਿਹੜੇ ਮੁਖ਼ਾਲਿਫ਼ ਹਨ ਜਿਹਨਾਂ ਨੇ ਆਪਣੇ ਨਾਲੋਂ ਜ਼ਿਆਦਾ ਤਰੱਕੀ ਪਸੰਦ ਮੁਖ਼ਾਲਿਫ਼ ਪਾਰਟੀਆਂ ਉੱਤੇ ਅਤੇ ਆਪਣੇ ਪਿੱਛਾਖੜੀ ਵਿਰੋਧੀਆਂ ਉੱਤੇ ਵੀ ਉਲਟਾ ਕਮਿਊਨਿਜ਼ਮ ਦਾ ਕਲੰਕ ਨਾ ਲਾਇਆ ਹੋਵੇ? ਇਸ ਹਕੀਕਤ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਹਨ:

  • ਤਮਾਮ ਯੂਰਪੀ ਤਾਕਤਾਂ ਨੇ ਕਮਿਊਨਿਜ਼ਮ ਨੂੰ ਹੁਣ ਆਪਣੇ ਆਪ ਵਿੱਚ ਇਕ ਤਾਕਤ ਤਸਲੀਮ ਕਰ ਲਿਆ ਹੈ।
  • ਵਕਤ ਆ ਗਿਆ ਹੈ ਕਿ ਕਮਿਊਨਿਸਟ ਹੁਣ ਸਾਰੀ ਦੁਨੀਆਂ ਦੇ ਸਾਹਮਣੇ ਖੁੱਲੇਆਮ ਆਪਣੇ ਖ਼ਿਆਲਾਂ, ਮਕਸਦਾਂ ਅਤੇ ਰੁਝਾਨਾਂ ਨੂੰ ਪ੍ਰਕਾਸ਼ਿਤ ਕਰਨ ਅਤੇ ਕਮਿਊਨਿਜ਼ਮ ਦੇ ਭੂਤ ਦੀ ਇਸ ਬੱਚਿਆਂ ਵਾਲੀ ਕਹਾਣੀ ਦੇ ਜਵਾਬ ਵਿੱਚ ਖ਼ੁਦ ਅਪਣੀ ਪਾਰਟੀ ਦਾ ਮੈਨੀਫ਼ੈਸਟੋ ਪੇਸ਼ ਕਰਨ। ਇਸ ਮਕਸਦ ਲਈ ਵੱਖ-ਵੱਖ ਦੇਸਾਂ ਦੇ ਕਮਿਊਨਿਸਟ ਲੰਦਨ ਵਿੱਚ ਜਮ੍ਹਾ ਹੋਏ ਅਤੇ ਹੇਠ ਲਿਖਿਆ ਮੈਨੀਫ਼ੈਸਟੋ ਤਿਆਰ ਕੀਤਾ ਜੋ ਅੰਗਰੇਜ਼ੀ ਫ਼ਰਾਂਸੀਸੀ ਜਰਮਨ ਇਤਾਲਵੀ ਫ਼ਲੈਮੀ ਅਤੇ ਡੈਨਿਸ਼ ਜ਼ਬਾਨਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਏਗਾ।