ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ/4

ਵਿਕੀਸਰੋਤ ਤੋਂ
ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ
ਕਾਰਲ ਮਾਰਕਸ and ਫਰੈਡਰਿਕ ਏਂਗਲਜ਼
IV. ਦੂਜੀਆਂ ਮੁਖ਼ਾਲਿਫ਼ ਪਾਰਟੀਆਂ ਦੇ ਸੰਬੰਧ ਵਿੱਚ ਕਮਿਊਨਿਸਟਾਂ ਦੀ ਪੁਜੀਸ਼ਨ

ਦੂਜੀਆਂ ਮੁਖ਼ਾਲਿਫ਼ ਪਾਰਟੀਆਂ ਦੇ ਸੰਬੰਧ ਵਿੱਚ ਕਮਿਊਨਿਸਟਾਂ ਦੀ ਪੁਜੀਸ਼ਨ

ਦੂਜੇ ਭਾਗ ਵਿੱਚ ਵਜ਼ਾਹਤ ਕੀਤੀ ਜਾ ਚੁੱਕੀ ਹੈ ਕਿ ਮਜ਼ਦੂਰ ਜਮਾਤ ਦੀਆਂ ਮੌਜੂਦਾ ਪਾਰਟੀਆਂ ਨਾਲ ਜਿਵੇਂ ਇੰਗਲਿਸਤਾਨ ਵਿੱਚ ਚਾਰਟਿਸਟਾਂ ਅਤੇ ਉਤਰੀ ਅਮਰੀਕਾ ਵਿੱਚ ਜ਼ਰਈ ਸੁਧਾਰਕਾਂ ਨਾਲ ਕਮਿਊਨਿਸਟਾਂ ਦੇ ਤਾਲੁਕਾਤ ਕੀ ਹਨ।

ਕਮਿਊਨਿਸਟ ਜਦੋਜਹਿਦ ਇਸ ਲਈ ਕਰਦੇ ਹਨ ਕਿ ਮਜ਼ਦੂਰ ਜਮਾਤ ਦੇ ਫ਼ੌਰੀ ਮਕਸਦ ਹਾਸਲ ਹੋਣ, ਇਸ ਦੇ ਆਰਜ਼ੀ ਮੁਫ਼ਾਦ ਪੂਰੇ ਕੀਤੇ ਜਾ ਸਕਣ। ਲੇਕਿਨ ਹਾਲ ਦੀ ਤਹਿਰੀਕ ਵਿੱਚ ਉਹ ਇਸ ਤਹਿਰੀਕ ਦੇ ਭਵਿਖ ਦੀ ਵੀ ਤਰਜਮਾਨੀ ਕਰਦੇ ਹਨ ਅਤੇ ਉਸ ਦਾ ਧਿਆਨ ਰੱਖਦੇ ਹਨ। ਫ਼ਰਾਂਸ ਵਿੱਚ ਕਮਿਊਨਿਸਟ ਰੂੜ੍ਹੀਵਾਦੀ ਅਤੇ ਰੈਡੀਕਲ ਬੁਰਜ਼ੁਆਜ਼ੀ ਦੇ ਖਿਲਾਫ ਸੋਸ਼ਲ ਡੀਮੋਕਰੇਟਾਂ ਨਾਲ ਏਕਾ ਕਰਦੇ ਹਨ।ਮਗਰ ਇਨਕਲਾਬ ਫ਼ਰਾਂਸ ਤੋਂ ਪਰੰਪਰਾਗਤ ਤੌਰ ਤੇ ਮਿਲੀ ਲਫ਼ਾਜੀ ਅਤੇ ਭਰਮਾਂ ਦੇ ਬਾਰੇ ਆਲੋਚਨਾਤਮਕ ਪੁਜੀਸ਼ਨ ਲੈਣ ਦਾ ਹੱਕ ਉਹਨਾਂ ਨੇ ਨਹੀਂ ਛਡਿਆ।

[ਇਸ ਪਾਰਟੀ ਦੀ ਨੁਮਾਇੰਦਗੀ ਉਸ ਸਮੇਂ ਪਾਰਲੀਮੈਂਟ ਵਿੱਚ ਲੀਦਰਿਊ-ਰੋਲੇਂ, ਸਾਹਿਤ ਵਿੱਚ ਲੂਈ ਬਲਾਂ, ਰੋਜ਼ਾਨਾ ਅਖ਼ਬਾਰਾ ਵਿੱਚ 'reforme' ਕਰਦੇ ਸਨ। ਉਹਨਾਂ ਲੋਕਾਂ ਲਈ ਸੋਸ਼ਲ ਡੈਮੋਕਰੇਸੀ ਦੇ ਲਫ਼ਜ਼ ਦਾ ਮਤਲਬ ਡੈਮੋਕਰੇਟਿਕ ਜਾਂ ਰਿਪਬਲਿਕਨ ਪਾਰਟੀ ਦਾ ਉਹ ਹਿੱਸਾ ਸੀ ਜਿਸ ਤੇ ਸੋਸ਼ਲਿਜ਼ਮ ਦਾ ਘੱਟ ਜਾਂ ਵਧ ਕੁੱਝ ਅਸਰ ਸੀ (1888ਦੀ ਅੰਗ੍ਰੇਜ਼ੀ ਐਡੀਸਨ ਲਈ ਏਂਗਲਜ਼ ਦਾ ਨੋਟ)। ਫ਼ਰਾਂਸ ਵਿੱਚ ਇਸ ਦਿਨਾਂ ਜੋ ਪਾਰਟੀ ਆਪਣੇ ਤੁਹਾਨੂੰ ਸੋਸ਼ਲ ਡੈਮੋਕਰੇਟਿਕ ਕਹਿੰਦੀ ਸੀ, ਉਸ ਦੇ ਨੁਮਾਇੰਦੇ ਸਿਆਸੀ ਜਿੰਦਗੀ ਵਿੱਚ ਲੀਦਰਿਊ - ਰੋਲੇਂ, ਸਾਹਿਤ ਵਿੱਚ ਲੂਈ ਬਲਾਂ ਕਰਦੇ ਸਨ। ਇਸ ਲਈ ਉਹ ਮੌਜੂਦਾ ਜ਼ਮਾਨੇ ਦੀ ਜਰਮਨ ਸੋਸ਼ਲ ਡੈਮੋਕਰੇਸੀ ਤੋਂ ਬਹੁਤ ਮੁਖ਼ਤਲਿਫ਼ ਸੀ(1890ਦੀ ਜਰਮਨ ਐਡੀਸਨ ਲਈ ਏਂਗਲਜ਼ ਦਾ ਨੋਟ)।]

ਸਵਿਟਜ਼ਰਲੈਂਡ ਵਿੱਚ ਉਹ ਰੈਡੀਕਲ ਪਾਰਟੀ ਦੀ ਮਦਦ ਕਰਦੇ ਹਨ। ਮਗਰ ਇਸ ਹਕੀਕਤ ਤੋਂ ਆਖਾਂ ਨਹੀਂ ਮੀਚਦੇ ਕਿ ਇਹ ਪਾਰਟੀ ਵਿਰੋਧੀ ਅੰਸ਼ਾਂ ਤੋਂ ਮਿਲ ਕੇ ਬਣੀ ਹੈ ਜਿਸ ਵਿੱਚ ਕੁੱਝ ਤਾਂ ਫ਼ਰਾਂਸੀਸੀ ਕਿਸਮ ਦੇ ਜਮਹੂਰੀ ਸੋਸ਼ਲਿਸਟ ਹਨ ਅਤੇ ਕੁੱਝ ਰੈਡੀਕਲ ਬੁਰਜ਼ੁਆ।

ਪੋਲੈਂਡ ਵਿੱਚ ਉਹ ਉਸ ਪਾਰਟੀ ਦੀ ਮਦਦ ਕਰਦੇ ਹਨ ਜੋ ਜ਼ਰਈ ਇਨਕਲਾਬ ਤੇ ਜ਼ੋਰ ਦਿੰਦੀ ਹੈ ਕਿ ਇਹੀ ਕੌਮੀ ਨਜਾਤ ਦੀ ਪਹਿਲੀ ਸ਼ਰਤ ਹੈ। 1846ਵਿੱਚ ਇਸ ਪਾਰਟੀ ਨੇ ਕਰਾਕਫ਼ ਵਿੱਚ ਬਗਾਵਤ ਦੀ ਅੱਗ ਭੜਕਾਈ ਸੀ।

ਜਰਮਨੀ ਵਿੱਚ ਬੁਰਜ਼ੁਆ ਜਮਾਤ ਜਦੋਂ ਕਦੇ ਕਿਸੇ ਇਨਕਲਾਬੀ ਰਸਤੇ ਤੇ ਕਦਮ ਰੱਖਦੀ ਹੈ ਅਤੇ ਨਿਰੰਕੁਸ਼ ਬਾਦਸ਼ਾਹੀ, ਜਾਗੀਰਦਾਰ ਜ਼ਮੀਨਦਾਰੀ ਅਤੇ ਪੈਟੀ ਬੁਰਜ਼ੁਆਜ਼ੀ ਦੇ ਖਿਲਾਫ ਇਨਕਲਾਬੀ ਕਾਰਵਾਈ ਕਰਦੀ ਹੈ ਤਾਂ ਕਮਿਊਨਿਸਟ ਉਸ ਦੇ ਨਾਲ ਮਿਲ ਕੇ ਲੜਦੇ ਹਨ।

ਲੇਕਿਨ ਇਕ ਲਮਹੇ ਦੇ ਲਈ ਵੀ ਉਹ ਬੁਰਜ਼ੁਆ ਅਤੇ ਪਰੋਲਤਾਰੀ ਦੀ ਬੁਨਿਆਦੀ ਦੁਸ਼ਮਣੀ ਦਾ ਖ਼ਿਆਲ ਨਿਹਾਇਤ ਸਪਸ਼ਟਤਾ ਦੇ ਨਾਲ ਮਜ਼ਦੂਰ ਜਮਾਤ ਦੇ ਦਿਲ ਵਿੱਚ ਬਿਠਾਉਣਾ ਬੰਦ ਨਹੀਂ ਕਰਦੇ ਤਾਂ ਕਿ ਜਦੋਂ ਵਕਤ ਆਏ ਤਾਂ ਜਰਮਨ ਮਜ਼ਦੂਰ ਇਸ ਸਮਾਜੀ ਅਤੇ ਸਿਆਸੀ ਹਾਲਾਤ ਨੂੰ ਜਿਸ ਨੂੰ ਬੁਰਜ਼ੁਆ ਜਮਾਤ ਆਪਣੇ ਗਲਬੇ ਦੇ ਨਾਲ ਨਾਲ ਲਾਜ਼ਮੀ ਕਾਇਮ ਕਰੇਗੀ, ਖ਼ੁਦ ਬੁਰਜ਼ੁਆ ਜਮਾਤ ਦੇ ਖਿਲਾਫ ਕਈ ਹਥਿਆਰ ਬਣਾ ਕੇ ਇਸਤੇਮਾਲ ਕਰਨ ਅਤੇ ਜਰਮਨੀ ਵਿੱਚ ਰਜਾਤ ਪਸੰਦ ਜਮਾਤਾਂ ਦੇ ਖਾਤਮੇ ਦੇ ਬਾਅਦ ਖ਼ੁਦ ਬੁਰਜ਼ੁਆ ਜਮਾਤ ਦੇ ਖਿਲਾਫ ਲੜਾਈ ਫ਼ੌਰਨ ਸ਼ੁਰੂ ਕਰ ਦਿੱਤੀ ਜਾਵੇ।

ਕਮਿਊਨਿਸਟਾਂ ਦੀ ਨਜ਼ਰ ਸਭ ਤੋਂ ਜ਼ਿਆਦਾ ਜਰਮਨੀ ਤੇ ਲੱਗੀ ਹੋਈ ਹੈ। ਕਿਉਂਕਿ ਇਸ ਮੁਲਕ ਵਿੱਚ ਬੁਰਜ਼ੁਆ ਇਨਕਲਾਬ ਦੀ ਘੜੀ ਆ ਪਹੁੰਚੀ ਹੈ ਅਤੇ ਇਹ ਇਨਕਲਾਬ ਲਾਜ਼ਮੀ ਯੂਰਪੀ ਤਹਿਜ਼ੀਬ ਦੀਆਂ ਬਹੁਤ ਜ਼ਿਆਦਾ ਤਰਕੀ ਯਾਫ਼ਤਾ ਹਾਲਤਾਂ ਵਿੱਚ ਅਤੇ ਇਕ ਅਜਿਹੇ ਪਰੋਲਤਾਰੀ ਦੇ ਨਾਲ ਹੋਵੇਗਾ ਜੋ ਸਤਾਰਵੀਂ ਸਦੀ ਦੇ ਇੰਗਲੈਂਡ ਅਤੇ ਅਠਾਰਵੀਂ ਸਦੀ ਦੇ ਫ਼ਰਾਂਸ ਦੇ ਪਰੋਲਤਾਰੀ ਦੇ ਮੁਕਾਬਲੇ ਬਹੁਤ ਅੱਗੇ ਵਧ ਚੁਕਾ ਹੈ। ਅਤੇ ਦੂਜੇ ਇਸ ਲਈ ਵੀ ਕਿ ਜਰਮਨੀ ਵਿੱਚ ਬੁਰਜ਼ੁਆ ਇਨਕਲਾਬ ਆਪਣੇ ਫੌਰਨ ਬਾਅਦ ਆਉਣ ਵਾਲੇ ਪ੍ਰੋਲਤਾਰੀ ਇਨਕਲਾਬ ਦੀ ਭੂਮਿਕਾ ਸਾਬਤ ਹੋਵੇਗਾ।

ਮੁਖ਼ਤਸਰ ਇਹ ਕਿ ਕਮਿਉਨਿਸਟ ਹਰ ਜਗ੍ਹਾ ਮੌਜੂਦ ਸਮਾਜੀ ਅਤੇ ਸਿਆਸੀ ਨਿਜ਼ਾਮ ਦੇ ਖ਼ਿਲਾਫ਼ ਹਰ ਇਨਕਲਾਬੀ ਤਹਿਰੀਕ ਦੀ ਮਦਦ ਕਰਦੇ ਹਨ।

ਉਹ ਇਹਨਾਂ ਸਾਰੀਆਂ ਤਹਿਰੀਕਾਂ ਵਿੱਚ ਹਰੇਕ ਦੇ ਮੋਹਰੀ ਸਵਾਲ, ਯਾਨੀ ਮਲਕੀਅਤ ਦੇ ਸਵਾਲ, ਨੂੰ ਸਾਹਮਣੇ ਲਿਆਉਂਦੇ ਹਨ ਚਾਹੇ ਉਹ ਤਹਿਰੀਕ ਉਸ ਵਕਤ ਕਿਸੇ ਵੀ ਮਰਹਲੇ ਵਿੱਚ ਕਿਉਂ ਨਾ ਹੋਵੇ।

ਅਤੇ ਸਭ ਤੋਂ ਆਖ਼ਿਰ ਵਿੱਚ ਇਹ ਕਿ ਕਮਿਉਨਿਸਟ ਹਮੇਸ਼ਾ ਤਮਾਮ ਮੁਲਕਾਂ ਦੀਆਂ ਜਮਹੂਰੀ ਪਾਰਟੀਆਂ ਵਿੱਚ ਏਕਾ ਅਤੇ ਸਮਝੌਤਾ ਕਾਇਮ ਕਰਨ ਲਈ ਕੋਸ਼ਿਸ਼ ਕਰਦੇ ਹਨ।

ਆਪਣੇ ਖ਼ਿਆਲ ਅਤੇ ਮਕਸਦ ਛੁਪਾਉਣਾ ਕਮਿਊਨਿਸਟ ਅਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ। ਉਹ ਖੁਲੇਆਮ ਐਲਾਨ ਕਰਦੇ ਹਨ ਕਿ ਉਹਨਾਂ ਦਾ ਅਸਲੀ ਮਕਸਦ ਤਦ ਹੀ ਪੂਰਾ ਹੋ ਸਕਦਾ ਹੈ ਜਦੋਂ ਮੌਜੂਦਾ ਸਮਾਜੀ ਨਿਜ਼ਾਮ ਦਾ ਤਖ਼ਤਾ ਜਬਰਦਸਤੀ ਉਲਟਾ ਦਿੱਤਾ ਜਾਏਗਾ॥ ਮਜ਼ਦੂਰਾਂ ਕੋਲ ਆਪਣੀਆਂ ਜੰਜੀਰਾਂ ਦੇ ਸਿਵਾ ਗੁਆਉਣ ਵਾਸਤੇ ਕੁਝ ਨਹੀਂ ਹੈ ਅਤੇ ਜਿਤਣ ਵਾਸਤੇ ਸਾਰੀ ਦੁਨੀਆ ਪਈ ਹੈ।

ਦੁਨੀਆ ਭਰ ਦੇ ਮਜ਼ਦੂਰੋ, ਇਕ ਹੋ ਜਾਓ!