ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਇਸ਼ਕ ਤੰਦੁਰ ਹੱਡਾਂ ਦਾ ਬਾਲਣ

ਵਿਕੀਸਰੋਤ ਤੋਂ
49619ਖੰਡ ਮਿਸ਼ਰੀ ਦੀਆਂ ਡਲ਼ੀਆਂ — ਇਸ਼ਕ ਤੰਦੁਰ ਹੱਡਾਂ ਦਾ ਬਾਲਣਸੁਖਦੇਵ ਮਾਦਪੁਰੀ

ਇਸ਼ਕ ਤੰਦੂਰ ਹੱਡਾਂ ਦਾ ਬਾਲਣ
405
ਚਿੱਟਾ ਕਾਗਜ਼ ਕਾਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜ਼ਖ ਨਾਲ ਤਪਾਵਾਂ
ਕੱਢ ਕਲੇਜਾ ਕਰਲਾਂ ਪੇੜੇ
ਹੁਸਨ ਪਲੇਥਨ ਲਾਵਾਂ
ਮੁੜ ਪਉ ਸਿਪਾਹੀਆ ਵੇ-
ਰੋਜ਼ ਔਸੀਆਂ ਪਾਵਾਂ
406
ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜ਼ਖ ਨਾਲ ਤਪਾਵਾਂ
ਕੱਢ ਕਾਲਜਾ ਕਰਲਾਂ ਪੇੜੇ
ਇਸ਼ਕ ਪਲੇਥਣ ਲਾਵਾਂ
ਕੁੱਟ ਚੂਰੀ ਮੈਂ ਪੋਣੇ ਬੰਨ੍ਹਦੀ
ਘਿਓ ਨੈਣਾਂ ਦਾ ਪਾਵਾਂ
ਜਿਗਰੀ ਯਾਰ ਦੀਆਂ-
ਬਹਿ ਕੇ ਔਂਸੀਆਂ ਪਾਵਾਂ
407
ਚਲ ਵੇ ਮਿੱਤਰਾ ਚੱਲੀਏ ਬਾਹਰ ਨੂੰ
ਦਿਲ ਦਾ ਹਾਲ ਸੁਣਾਵਾਂ
ਸੱਸ ਕੁਪੱਤੀ ਮਿਹਣੇ ਦਿੰਦੀ
ਵਿਹੁ ਖਾ ਕੇ ਮਰ ਜਾਵਾਂ
ਕੁੜੀਆਂ ਕੋਲੋਂ ਮੰਗਣ ਬਸੰਤਰ
ਕਿਹੜੇ ਵੈਦ ਤੋਂ ਲਿਆਵਾਂ
ਖਸਮ ਮੇਰੇ ਨੇ ਕਰਤੀ ਬਾਲਣ
ਕੀਹਨੂੰ ਰੋਗ ਸੁਣਾਵਾਂ
ਇਸ਼ਕ ਤੰਦੂਰ ਤਪਦਾ
ਵਿੱਚ ਹੱਡੀਆਂ ਦਾ ਬਾਲਣ ਪਾਵਾਂ

ਕੁੰਜੀਆਂ ਇਸ਼ਕ ਦੀਆਂ
ਮੈਂ ਕਿਹੜੇ ਜਿੰਦੇ ਨੂੰ ਲਾਵਾਂ
ਕਬਰਾਂ ਉਡੀਕ ਦੀਆਂ-
ਜਿਉਂ ਪੁੱਤਰਾਂ ਨੂੰ ਮਾਵਾਂ
408
ਆਉਣ ਜਾਣ ਨੂੰ ਨੌ ਦਰਵਾਜ਼ੇ
ਖਿਸਕ ਜਾਣ ਨੂੰ ਮੋਰੀ
ਕੱਢ ਕਾਲਜਾ ਤੈਨੂੰ ਦਿੱਤਾ
ਮਾਪਿਆਂ ਕੋਲੋਂ ਚੋਰੀ
ਚੂਪ ਚਾਪ ਕੇ ਐਂ ਸਿੱਟ ਦਿੱਤਾ
ਜਿਊਂ ਗੰਨੇ ਦੀ ਪੋਰੀ
ਕੂਕਾਂ ਪੈਣ ਗੀਆਂ-
ਨਹੁੰ ਨਾ ਲਗਦੇ ਜ਼ੋਰੀ
409
ਹਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਜਿਨ੍ਹਾਂ ਨੂੰ ਛੇੜੇ
ਛੱਤੀ ਕੋਠੜੀਆਂ ਨੌ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਹੀਰ ਮਜਾਜਣ ਦੇ-
ਪੜ੍ਹ ਦੇ ਬਾਹਮਣਾ ਫੇਰੇ
410
ਧਾਹਾਂ ਮਾਰ ਰੋਣ ਕਵੀਸ਼ਰ
ਡਾਕ ਗੱਡੀ ਤੇ ਚੜ੍ਹਗੀ
ਛੁਰੀ ਇਸ਼ਕ ਦੀ ਨਾਰ ਨਿਹਾਲੋ
ਤਨ ਮਨ ਦੇ ਵਿੱਚ ਬੜਗੀ
ਉਹ ਨਾ ਬਚਦੇ ਨੇ-
ਅੱਖ ਜਿਨ੍ਹਾਂ ਨਾਲ ਲੜਗੀ
411
ਦੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ੱਕਰ ਪਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਗਜ਼ਬ ਦੇ ਤਾਰੇ
ਦੁਖੀਏ ਆਸ਼ਕ ਨੂੰ-
ਨਾ ਝਿੜਕੀਂ ਮੁਟਿਆਰੇ

412
ਨੰਦ ਕੁਰ ਚੰਦ ਕੁਰ ਦੋਨੋਂ ਭੈਣਾਂ
ਆਈਆਂ ਸਕੂਲੋਂ ਪੜ੍ਹ ਕੇ
ਸ਼ੀਸ਼ੇ ਥਾਈਂ ਮੁਖੜਾ ਦੇਖਣ
ਕਿੱਸੇ ਪੜ੍ਹਦੀਆਂ ਰਲਕੇ
ਫੱਟੀ ਬਸਤਾ ਸਵਾਤ ਵਿੱਚ ਰੱਖ ਕੇ
ਬਹਿ ਗਈਆਂ ਪਲੰਘ ਤੇ ਚੜ੍ਹ ਕੇ
ਗੋਲੀ ਨੈਣਾਂ ਦੀ-
ਮਾਰ ਆਸ਼ਕਾ ਧਰ ਕੇ
413
ਨੰਦ ਕੁਰ ਚੰਦ ਕਰੁ ਦੋਨੋਂ ਭੈਣਾਂ
ਚੰਦ ਸੂਰਜ ਦੀਆਂ ਕਿਰਨਾਂ
ਹੁਸਨ ਦੋਹਾਂ ਨੂੰ ਦੇ ਲਿਆ ਰੱਬ ਨੇ
ਖੰਡ ਤੋਂ ਬਣਾ ਲਿਆ ਖੁਰਮਾ
ਅੱਖੀਆਂ ਜਾ ਲੱਗੀਆਂ
ਹੁਣ ਮੁਸ਼ਕਲ ਹੋ ਗਿਆ ਮੁੜਨਾ
ਆਪਣੇ ਯਾਰ ਬਿਨਾਂ-
ਦੋ ਕਰਮਾਂ ਨੀ ਤੁਰਨਾ
414
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵੱਜ ਗੇ ਢੋਲ ਨਗਾਰੇ
ਯਾਰੀ ਤੇਰੀ 'ਚ ਖੱਟਿਆ ਕੁਸ਼ ਨੀ
ਸੁਣ ਨਮੀਏਂ ਮੁਟਿਆਰੇ
ਅੱਡੀਓਂ ਲੈ ਕੇ ਧੁਰ ਚੋਟੀ ਤਾਈਂ
ਨਕਸ਼ ਗਿਣ ਦਿਆਂ ਸਾਰੇ
ਸਿਰ ਤੇ ਤੇਰੇ ਸੋਂਹਦਾ ਡੋਰੀਆ
ਕੇਸ ਮੱਖਣ ਦੇ ਪਾਲੇ
ਮੱਥਾ ਤੇਰਾ ਚੰਨ ਪੁੰਨਿਆਂ ਦਾ
ਪੈਂਦੇ ਨੇ ਚਮਕਾਰੇ
ਸੇਲੀ ਤੇਰੀ ਕਾਲੇ ਨਾਗ ਦੀ
ਡੰਗ ਇਸ਼ਕ ਦੇ ਮਾਰੇ
ਤੂੰ ਮੈਂ ਮੋਹ ਲਿਆ ਨੀ-
ਕੁੰਜ ਪਤਲੀਏ ਨਾਰੇ
415
ਆਸ਼ਕ ਆਸ਼ਕ ਨਾ ਕਰਿਆ ਕਰ ਤੂੰ
ਸੁਣ ਲੈ ਆਸ਼ਕ ਦੇ ਝੇੜੇ

ਨਾ ਤਾਂ ਆਸ਼ਕ ਨੇ ਵਿਆਹ ਕਰਵਾਇਆ
ਨਾ ਬੰਨ੍ਹੇ ਨੇ ਸੇਹਰੇ
ਨਾ ਤਾਂ ਆਸ਼ਕ ਨੇ ਗੱਡੀ ਬੇਦੀ
ਨਾ ਤਾਂ ਲਏ ਨੇ ਫੇਰੇ
ਬਿਨਾ ਪਾਉੜਿਓਂ ਕੋਠੇ ਚੜ੍ਹ ਗਿਆ
ਪਾ ਕੇ ਹੱਥ ਬਨੇਰੇ
ਅੱਗ ਹਰਨਾਮੀ ਨੇ-
ਲਾ ਤੀ ਕਾਲਜੇ ਮੇਰੇ
416
ਮਹਿੰਦੀ ਮਹਿੰਦੀ ਸਭ ਜਗ ਕਹਿੰਦਾ
ਮੈਂ ਵੀ ਕਹਿੰਦਾ ਮਹਿੰਦੀ
ਬਾਗਾਂ ਦੇ ਵਿੱਚ ਮਿਲਦੀ ਸਸਤੀ
ਹੱਟੀਓਂ ਮਿਲਦੀ ਮਹਿੰਗੀ
ਹੇਠਾਂ ਕੂੰਡੀ ਉਪਰ ਸੋਟਾ
ਰਗੜ ਦੋਨਾਂ ਦੀ ਸਹਿੰਦੀ
ਰਗੜ ਰਗੜ ਕੇ ਲਾ ਲੀ ਹੱਥਾਂ ਨੂੰ
ਬੱਤੀਆਂ ਬਣ ਬਣ ਲਹਿੰਦੀ
ਚੋਟਾਂ ਇਸ਼ਕ ਦੀਆਂ-
ਗੋਰਿਆਂ ਪੱਟਾਂ ਤੇ ਸਹਿੰਦੀ
417
ਸਮਝਾ ਲੈ ਬੁੜ੍ਹੀਏ ਆਪਣੇ ਪੁੱਤ ਨੂੰ
ਨਿੱਤ ਠੇਕੇ ਇਹ ਜਾਂਦਾ
ਭਰ ਭਰ ਪੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਘਰ ਦੀ ਨਾਰੀ ਬੁਰਛੇ ਵਰਗੀ
ਨਿੱਤ ਮਿਹਰੀ ਦੇ ਜਾਂਦਾ
ਲੱਗਿਆ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਂਦਾ
418
ਰੰਡੀਏ ਹਟਾ ਪੁੱਤ ਨੂੰ
ਕੋਲ ਠੇਕੇਦਾਰ ਦੇ ਜਾਵੇ
ਠੇਕੇਦਾਰ ਅਜਬ ਬੁਰਾ
ਜਿਹੜਾ ਮੁਫਤ ਸ਼ਰਾਬ ਪਲਾਵੇ

ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਘਰ ਦੀ ਰੰਨ ਬੁਰਛੇ ਵਰਗੀ
ਧੁਰ ਝਿਊਰੀ ਦੇ ਜਾਵੇ
ਚੰਦਰਾ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਵੇ
419
ਘਰ ਤਾਂ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲ਼ੋਂ ਕੋਲ਼ੀ ਮਨ੍ਹੇ ਗੱਡਾ ਲੇ
ਗੱਲਾਂ ਕਰਨ ਪਰਾਈਆਂ
ਗੱਲਾਂ ਕਰ ਕਰ ਸਾਧੂ ਹੋ ਗੇ
ਸਿਰ ਪਰ ਜਟਾਂ ਰਖਾਈਆਂ
ਚਿੱਪੀ ਫੜ ਕੇ ਮੰਗਣ ਚੜ੍ਹ ਪੇ
ਖ਼ੈਰ ਨਾ ਪਾਉਂਦੀਆਂ ਮਾਈਆਂ
ਫੁੱਲ ਵਾਂਗੂੰ ਤਰਜੇਂ ਗੀ
ਹਾਣ ਦੇ ਮੁੰਡੇ ਨਾਲ ਲਾਈਆਂ
ਲੱਗੀਆਂ ਤ੍ਰਿੰਜਣਾਂ ਦੀਆਂ
ਯਾਦ ਗੱਡੀ ਵਿੱਚ ਆਈਆਂ
ਦੇਖੀਂ ਰੱਬਾ ਚੱਕ ਨਾ ਲਈਂ
ਪੈਰ ਧੋ ਕੇ ਝਾਂਜਰਾਂ ਪਾਈਆਂ
ਪੱਟਤੀ ਆਸ਼ਕ ਨੇ-
ਪਾਵੇ ਖੜੀ ਦੁਹਾਈਆਂ
420
ਚੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ਕਰਪਾਰੇ
ਧੁੰਨੀ ਤੇਰੀ ਕੌਲ ਸ਼ਰਾਬ ਦਾ
ਪੱਟ ਬੋਤਲੋਂ ਭਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਟਹਿਕਦੇ ਤਾਰੇ
ਰਹਿੰਦੇ ਖੂੰਹਦੇ ਉਹ ਪੱਟ ਲੈਂਦੇ
ਕੰਨਾਂ ਕੋਲ ਦੇ ਵਾਲੇ
ਤੇਰੇ ਬੋਲਾਂ ਨੇ
ਮੈਂ ਪਟਿਆ ਮੁਟਿਆਰੇ
ਦੁਖੀਏ ਆਸ਼ਕ ਨੂੰ-
ਨਾ ਝਿੜਕੀਂ ਮੁਟਿਆਰੇ

421
ਚਕ ਕੇ ਘੜਾ ਤੁਰ ਪਈ ਢਾਬ ਨੂੰ
ਮਗਰੋਂ ਆਸ਼ਕ ਜਾਵੇ
ਆਉਂਦੀ ਜਾਂਦੀ ਨੂੰ ਮਾਰੇ ਸੈਨਤਾਂ
ਰਮਜ਼ਾਂ ਨਾਲ ਬੁਲਾਵੇ
ਖੜ ਗਿਆ ਬਾਂਹ ਫੜ ਕੇ-
ਦੁਖੀਆ ਹਾਲ ਸੁਣਾਵੇ
422
ਨਾਲ ਸਹੇਲੀਆਂ ਚੱਲੀ ਖੇਤ ਨੂੰ
ਤੂੰ ਮਲ ਬਹਿੰਦਾ ਗਲ਼ੀਆਂ
ਕੁੜੀਆਂ ਮੈਨੂੰ ਕਰਨ ਝਹੇਡਾਂ
ਯਾਰ ਮਾਰਦਾ ਡਲ਼ੀਆਂ
ਕਲ੍ਹ ਨੂੰ ਆਜੀ ਭੌਰਾ ਖੂਹ ਤੇ
ਗੱਲਾਂ ਕਰੂੰਗੀ ਖਰੀਆਂ
ਮੇਰੇ ਹਾਣ ਦੀਆਂ-
ਕੁੜੀਆਂ ਉਡੀਕਣ ਖੜੀਆਂ
423
ਤੇਰੀ ਖਾਤਰ ਘਰ ਬਾਰ ਛੱਡਿਆ
ਖੂਹ ਤੇ ਛੱਡ ਲਏ ਆੜੂ
ਬਿਨਾਂ ਬਸੰਤਰ ਭੁੱਜੀਆਂ ਹੱਡੀਆਂ
ਹੈ ਨਹੀਂ ਰੋਗ ਦਾ ਦਾਰੂ
ਇਸ਼ਕ ਤੇਰੇ ਦਾ ਚੜ੍ਹਿਆ ਤੇਈਆ
ਕਿਹੜਾ ਵੈਦ ਉਤਾਰੂ
ਰੋਂਦੇ ਯਾਰ ਛੱਡਗੀ-
ਤੈਨੂੰ ਕੀ ਮੁਕਲਾਵਾ ਤਾਰੂ
424
ਹੱਥ ਮੇਰੇ ਵਿੱਚ ਤੇਰੀ ਅੰਗੂਠੀ
ਉੱਤੇ ਤੇਰਾ ਨਾਮਾ
ਹਿਜ਼ਰੀਂ ਮੁੱਕੀਂ ਗ਼ਮੀ ਮੈਂ ਸੁੱਕੀ
ਨਾ ਕੁਝ ਪੀਵਾਂ ਖਾਵਾਂ
ਮਾਂ ਮੇਰੇ ਨਾਲ ਹਰਦਮ ਲੜਦੀ
ਕੀਤੀ ਅੱਡ ਭਰਾਵਾਂ
ਦੁੱਖਾਂ ਵਿੱਚ ਪੈ ਗਈ ਜਿੰਦੜੀ-
ਕੱਲਾ ਟੱਕਰੇਂ ਤਾਂ ਹਾਲ ਸੁਣਾਵਾਂ