ਖੰਡ ਮਿਸ਼ਰੀ ਦੀਆਂ ਡਲ਼ੀਆਂ/ਮੁੱਢਲੇ ਸ਼ਬਦ
ਮੁੱਢਲੇ ਸ਼ਬਦ
ਕਿਸੇ ਵਿਸ਼ੇਸ਼ ਮੌਕੇ ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਵੱਖ-ਵੱਖ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿੱਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦਿੰਦੇ ਹਾਂ। ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ-ਮੁਹਾਰੇ ਹੀ ਵਹਿ ਤੁਰਦੀਆਂ ਹਨ। ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿੱਚ ਨੱਚਿਆ ਜਾਂਦਾ ਹੈ! ਇਸ ਨੂੰ ਸਿੱਖਣ ਲਈ ਵਿਸ਼ੇਸ਼ ਉਸਤਾਦ ਦੀ ਲੋੜ ਨਹੀਂ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਅਤੇ ਸਪੱਸ਼ਟ ਹੁੰਦੀਆਂ ਹਨ। ਜਨ ਸਾਧਾਰਨ ਦੀ ਜ਼ਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਿਕ ਅਤੇ ਸਮਾਜਿਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ ਰੇਖਾ ਉਭਰਦੀ ਹੈ। ਪਹਾੜੀ, ਸਾਗਰੀ, ਮੈਦਾਨੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿੱਚ ਅੰਤਰ ਹੈ। ਕਈ ਇਲਾਕਿਆਂ ਵਿੱਚ ਮਰਦ ਤੀਵੀਆਂ ਰਲ ਕੇ ਨੱਚਦੇ ਹਨ, ਕਈਆਂ ਵਿੱਚ ਕੱਠਿਆਂ ਨੱਚਣ ਦੀ ਮਨਾਹੀ ਹੈ। ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ-ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਿਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁੱਢ ਤੋਂ ਹੀ ਹੱਡ ਭੰਨਵੀਂ ਕਾਰ ਕਰਨ ਤੋਂ ਉਪਰੰਤ ਬਦੇਸ਼ੀ ਹਮਲਾਵਰਾਂ ਨਾਲ ਜੂਝਣਾਂ ਪਿਆ ਹੈ! ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਅਤੇ ਖੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲ੍ਹਦੇ ਦਰਿਆ, ਲਹਿ ਲਹਾਂਦੀਆਂ ਫ਼ਸਲਾਂ ਅਤੇ ਪੈਲਾਂ ਪਾਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁੱਭਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾਅ ਅਤੇ ਮਰਦਊਪਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਆਮ ਦਿਸ ਆਉਂਦੇ ਹਨ। ਗਿੱਧਾ, ਭੰਗੜਾ, ਉਮਰ, ਲੁੱਡੀ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ ਹਨ। ਗਿੱਧਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਲੋਕ ਨਾਚ ਹੈ। ਗਿੱਧੇ ਦੇ ਨੱਚਣ ਨੂੰ 'ਗਿੱਧਾ ਪਾਉਣਾ` ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ,ਮੰਗਣੀ ਅਤੇ ਵਿਆਹ-ਸ਼ਾਦੀ ਦੇ ਅਵਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ।ਸਾਉਣ ਦੇ ਮਹੀਨੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ! ਤੀਆਂ ਦੇ ਗਿੱਧੇ ਦੀ ਵਿਸ਼ੇਸ਼ ਮਹੱਤਤਾ ਰਹੀ ਹੈ- ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਹਾਵ-ਭਾਵ ਪ੍ਰਗਟਾਉਣ ਲਈ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ! ਇਹਨਾਂ ਬੋਲੀਆਂ ਰਾਹੀਂ ਮੁਟਿਆਰਾਂ ਆਪਣੇ ਦਿਲਾਂ ਦੇ ਗੁੱਭ ਗੁਭਾਟ ਕੱਢਦੀਆਂ ਹਨ ਗਿੱਧਾ ਪਾਉਣ ਵੇਲੇ ਮੁੱਟਿਆਰਾਂ ਘਰ ਦੇ ਮੋਕਲੇ ਵਿਹੜੇ ਵਿੱਚ ਇੱਕ ਗੋਲ ਚੱਕਰ (ਦਾਇਰਾ) ਬਣਾ ਕੇ ਖੜੋ ਜਾਂਦੀਆਂ ਹਨ। ਕਈ ਵਾਰ ਗੱਭੇ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬੈਠ ਜਾਂਦੀ ਹੈ.....ਖੜੋਤੀਆਂ ਕੁੜੀਆਂ ਆਪਣੇ ਹੱਥਾਂ ਨਾਲ ਇੱਕ ਤਾਲ ਤਾੜੀ ਮਾਰਦੀਆਂ ਹਨ .....ਢੋਲਕ ਬਜਦੀ ਹੈ .... ਖੜੋਤੀਆਂ ਵਿੱਚੋਂ ਇੱਕ ਜਣੀ ਆ ਕੇ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੈ ਜਦ ਉਹ ਬੋਲੀ ਦਾ ਅੰਤਮ ਟੱਪਾ, ਜਿਸ ਨੂੰ ਤੋੜਾ ਵੀ ਆਖਦੇ ਹਨ, ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਮੁਟਿਆਰਾਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ।ਭਾਵ ਇਹ ਉਹ ਉਸ ਨੂੰ ਉੱਚੀ ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਬਜਾ ਕੇ ਤਾਲ ਦੇਂਦੀਆਂ ਹਨ ਤੇ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ! ਇਹ ਨਾਚ ਉਦੋਂ ਭਖਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲਕੇ ਗਾਉਂਦੀਆਂ ਹਨ।ਨੱਚਣ ਵਾਲੀਆਂ ਮੁਟਿਆਰਾਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦੇਂਦੀ ਹੈ। ਜਦੋਂ ਤਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਨਾਚੀਆਂ ਨੱਚਦੀਆਂ ਰਹਿੰਦੀਆਂ ਹਨ... ਨੱਚਦੀਆਂ ਕੁੜੀਆਂ ਹਾਲੋਂ ਬੇਹਾਲ ਹੋ ਜਾਂਦੀਆਂ ਹਨ।ਪਿੜ ਦੇ ਬੋਲੀ ਛੱਡਣ ਤੇ ਹੀ ਕੁੜੀਆਂ ਨੱਚਣਾ ਬੰਦ ਕਰਕੇ ਉਹਨਾਂ ਨਾਲ ਆ ਰਲਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਚੁੱਕੀ ਜਾਂਦੀ ਹੈ ਤੇ ਗਿੱਧਾ ਮੱਘਦਾ ਰਹਿੰਦਾ ਹੈ। ਔਰਤਾਂ ਦੇ ਗਿੱਧੇ ਨੂੰ ਮਰਦ ਨਹੀਂ ਵੇਖਦੇ! ਜਿਸ ਕਰਕੇ ਮੁੱਟਿਆਰਾਂ ਨਸੰਗ ਹੋ ਕੇ ਗਿੱਧਾ ਪਾਉਂਦੀਆਂ ਹਨ! ਪੰਜਾਬ ਦੀ ਔਰਤ ਸਦੀਆਂ ਤੋਂ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੀ ਆਈ ਹੈ। ਉਹ ਆਪਣੇ ਮਨੋਭਾਵਾਂ ਨੂੰ ਦਬਾਉਂਦੀ ਰਹੀ ਹੈ—ਪੇਕੀਂ ਵੀ ਬੰਦਸ਼ਾਂ ਸਹੁਰੀਂ ਵੀ ਤਾੜਨਾ। ਪੇਕੀਂ ਬਾਬਲ, ਭਰਾ, ਚਾਚੇ-ਤਾਇਆਂ ਦੀਆਂ ਝਿੜਕਾਂ ਸਹੁਰੀਂ ਕੁਪੱਤੀ ਸੱਸ, ਜਿਠਾਣੀ, ਨਣਦ ਅਤੇ ਅੜਬ ਪਤੀ ਵਲੋਂ ਅਣਮਨੁੱਖੀ ਤੇ ਅਣਸੁਖਾਵਾਂ ਵਰਤਾਰਾ....ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਗਿੱਧਾ ਪੰਜਾਬਣਾਂ ਦਾ ਇੱਕ ਅਜਿਹਾ ਪਿੜ ਹੈ ਜਿੱਥੇ ਉਹ ਨਸੰਗ ਹੋ ਕੇ ਆਪਣੇਂ ਦਿਲਾਂ ਦੇ ਅਰਮਾਨ ਪੂਰੇ ਕਰਦੀਆਂ ਹਨ! ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਨਚਦੀਆਂ ਹੋਈਆਂ ਮੁੱਟਿਆਰਾਂ ਆਪਣੀਆਂ ਅਤ੍ਰਿਪਤ ਕਾਮਨਾਵਾਂ ਦਾ ਪ੍ਰਗਟਾਵਾ ਗਿੱਧੇ ਦੀਆਂ ਬੋਲੀਆਂ ਪਾ ਕੇ ਕਰਦੀਆਂ ਹਨ। ਉਹ ਨੱਚਦੀਆਂ ਹੋਈਆਂ ਧੂੜਾਂ ਪੱਟ ਦੇਂਦੀਆਂ ਹਨ, ਉਹ ਬੱਕਰੇ ਬੁਲਾਂਦੀਆਂ ਹਨ, ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦੀਆਂ ਹਨ! ਮਨ ਦਾ ਬੋਝ ਹੌਲਾ ਹੋ ਜਾਂਦਾ ਹੈ.....ਰੂਹਾਂ ਸ਼ਰਸ਼ਾਰ ਹੋ ਜਾਂਦੀਆਂ ਹਨ।.... ਹੋ ਭਾਵੇਂ ਅੱਜ ਕਲ੍ਹ ਸਕੂਲਾਂ ਕਾਲਜਾਂ ਦੀਆਂ ਵਿਦਿਆਥਣਾਂ ਵਲੋਂ ਸੱਭਿਆਚਾਰਕ ਸਮਾਗਮਾਂ ਦੇ ਅਵਸਰ ਤੇ ਆਮ ਦਰਸ਼ਕਾਂ ਲਈ ਗਿੱਧਾ ਪਾਉਣ ਦਾ ਰਿਵਾਜ ਪੈ ਗਿਆ ਹੈ 10 ਪਰੰਤੂ ਇਹ ਗਿੱਧਾ ਪੁਰਾਤਨ ਗਿੱਧੇ ਦਾ ਬਦਲ ਨਹੀਂ! ਇਸ ਗਿੱਧੇ ਵਿੱਚ ਆਮ ਤੌਰ ਤੇ ਰਵਾਇਤੀ ਕਿਸਮ ਦੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ! ਉਂਜ ਵੀ ਪੰਜਾਬ ਦੇ ਲੋਕ ਜੀਵਨ ਵਿਚੋਂ ਗਿੱਧਾ ਅਲੋਪ ਹੀ ਹੋ ਗਿਆ ਹੈ। ਵਿਆਹ ਇਕੋ ਦਿਨ ਵਿੱਚ ਉਹ ਵੀ ਮੈਰਿਜ ਪੈਲੇਸਾਂ ਵਿੱਚ ਹੋਣ ਲੱਗ ਪਏ ਹਨ। ਨਾ ਨਾਨਕੀਆਂ ਗਿੱਧਾ ਪਾਉਂਦੀਆਂ ਹਨ, ਨਾ ਫੜ੍ਹਾ, ਨਾ ਕਿਧਰੇ ਛੱਜ ਕੁੱਟਿਆ ਜਾਂਦਾ ਹੈ ਨਾ ਜਾਗੋ ਕੱਢੀ ਜਾਂਦੀ ਹੈ! ਬਸ ਇੱਕ ਹੇਰਵਾ ਹੀ ਰਹਿ ਗਿਆ ਹੈ ਗਿੱਧੇ ਦਾ ਗਿੱਧਾ ਕੇਵਲ ਔਰਤਾਂ ਹੀ ਨਹੀਂ ਪਾਉਂਦੀਆਂ ਮਰਦ ਵੀ ਪਾਉਂਦੇ ਹਨ ਪਰੰਤੂ ਇਸ ਗਿੱਧੇ ਦਾ ਰੰਗ ਤੀਵੀਆਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਹੈ ਤਾਂ ਤੀਵੀਆਂ ਵਾਲਾ ਹੀ ਪਰੰਤੂ ਤੀਵੀਆਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਖੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ। ਕਾਟੋਆਂ, ਖੜਤਾਲਾਂ, ਛੈਣਿਆਂ ਅਤੇ ਬੁਦਕੂਆਂ ਆਦਿ ਲੋਕ ਸਾਜ਼ਾਂ ਦੇ ਤਾਲ ਵਿੱਚ ਬੋਲੀਆਂ ਪਾਉਂਦੇ ਗੱਭਰੂਆਂ ਦੀ ਝਾਲ ਝੱਲੀ ਨਹੀਂ ਜਾਂਦੀ। ਬੋਲੀਆਂ ਦੀ ਛਹਿਬਰ ਲੱਗ ਜਾਂਦੀ ਹੈ। ਮੇਲਿਆਂ ਮਸਾਹਵਿਆਂ ਤੇ ਬੋਲੀਆਂ ਪਾਉਂਦੇ ਗੱਭਰੂਆਂ ਦੀਆਂ ਢਾਣੀਆਂ ਆਮ ਦਿਸ ਆਉਂਦੀਆਂ ਹਨ। ਜੇ ਮਰਦਾਂ ਦੇ ਗਿੱਧੇ ਦਾ ਆਨੰਦ ਮਾਨਣਾ ਹੋਵੇ ਤਾਂ ਛਪਾਰ ਦੇ ਮੇਲੇ ਤੇ ਮਾਣਿਆਂ ਜਾ ਸਕਦਾ ਹੈ। ‘ਮਰਦਾਂ ਦੇ ਗਿੱਧੇ’ ਦੀ ਪਰੰਪਰਾ ਵੀ ਪੰਜਾਬ ਵਿਚੋਂ ਸਮਾਪਤ ਹੀ ਹੋ ਗਈ ਹੈ। ਗਿੱਧਾ ਪੰਜਾਬੀਆਂ ਦਾ ਇੱਕੋ ਇੱਕ ਅਜਿਹਾ ਲੋਕ ਨਾਚ ਹੈ ਜਿਸ ਨਾਲ ਸੰਬੰਧਿਤ ਹਜ਼ਾਰਾਂ ਬੋਲੀਆਂ ਉਪਲਬਧ ਹਨ! ਸ਼ਾਇਦ ਹੀ ਸੰਸਾਰ ਭਰ ਦੇ ਕਿਸੇ ਨਾਚ ਨਾਲ ਐਨੇ ਗੀਤ ਜੁੜੇ ਹੋਣ। ਭੰਗੜਾ ਪਾਉਣ ਸਮੇਂ ਵੀ ਮੁਖ ਤੌਰ ਤੇ ਗਿੱਧੇ ਦੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ। ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਾਪਤ ਹਨ। ਇਹ ਦੋ ਪ੍ਰਕਾਰ ਦੀਆਂ ਹਨ।ਲੰਬੀਆਂ ਬੋਲੀਆਂ ਅਤੇ ਇੱਕ ਲੜੀਆਂ ਬੋਲੀਆਂ...(ਇੱਕ ਲੜੀਆਂ ਬੋਲੀਆਂ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸੱਭਿਆਚਾਰ ਅਤੇ ਜਨ ਜੀਵਨ ਦਾ ਦਰਪਣ ਹਨ ਜਿਸ ਵਿਚੋਂ ਪੰਜਾਬ ਦੀ ਨੱਚਦੀ, ਗਾਉਂਦੀ ਤੇ ਜੂਝਦੀ ਸੰਸਕ੍ਰਿਤੀ ਦੇ ਦਰਸ਼ਨ ਸੁਤੇ ਸਿੱਧ ਹੀ ਕੀਤੇ ਜਾ ਸਕਦੇ ਹਨ। ਪੰਜਾਬ ਦੀ ਆਰਥਕ, ਸਮਾਜਿਕ ਅਤੇ ਰਾਜਨੀਤਕ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿੱਚ “ਸਮੋਇਆ ਪਿਆ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਬੋਲੀਆਂ ਨਾ ਮਿਲਦੀਆਂ ਹੋਣ। ਇੱਕ ਲੜੀਆਂ ਬੋਲੀਆਂ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੀਆਂ ਹੋਈਆਂ ਹਨ ਜਿਨ੍ਹਾਂ ਨੂੰ ਉਹ ਪਰਮਾਣ ਵਜੋਂ ਆਪਣੇ ਨਿੱਤਵਿਹਾਰ ਵਿੱਚ ਵਰਤਦੇ ਹਨ।ਜੀਵਨ ਦੇ ਤੱਤਾਂ ਨਾਲ ਓਤ ਪੋਤ ਹਨ ਇਹ ਬੋਲੀਆਂ ਇਹਨਾਂ ਵਿੱਚ ਪੰਜਾਬੀਆਂ ਦੇ ਅਰਮਾਨਾਂ, ਖ਼ੁਸ਼ੀਆਂ, ਗ਼ਮੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹ ਬੋਲੀਆਂ ਬਦਲ ਰਹੇ ਪੰਜਾਬੀ ਲੋਕ ਜੀਵਨ ਦੀਆਂ ਬਾਤਾਂ ਪਾਉਂਦੀਆਂ ਹਨ...ਸੈਂਕੜੇ ਵਰ੍ਹਿਆਂ ਦੇ ਪੁਰਾਣੇ ਪੰਜਾਬ ਦੇ ਸਭਿਆਚਾਰਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਲੁਕੋਈ ਬੈਠੀਆਂ ਹਨ। ਇਹ ਪੰਜਾਬੀ ਆਤਮਾ ਦਾ ਲੋਕ ਵੇਦ ਹਨ। ਇਹ ਕਿਸੇ ਇੱਕ ਵਯੁੱਕਤੀ ਦੀ ਰਚਨਾ ਨਹੀਂ ਬਲਕਿ ਸਮੂਹਿਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ ਜਿਸ ਕਰਕੇ 11 ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ ਤੇ ਸਦੀਆਂ ਦਾ ਪੈਂਡਾ ਝਾਗ ਕੇ ਸਾਡੇ ਤੀਕ ਮੂੰਹੋਂ ਮੂੰਹੀਂ ਪੁੱਜੀਆਂ ਹਨ! ਇਹਨਾਂ ਦੇ ਰਚਨਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਅਤਾ ਪਤਾ ਨਹੀਂ। ਪੰਜਾਬੀ ਲੋਕ ਕਾਵਿ ਦੇ ਇਹਨਾਂ ਬੇਸ਼ਕੀਮਤ ਮੋਤੀਆਂ ਨੂੰ ਪਰਖਣ ਅਤੇ ਸਾਂਭਣ ਦਾ ਸਿਹਰਾ ਪੰਜਾਬੀ ਲੋਕ ਗੀਤਾਂ ਦੇ ਪਿਤਾਮਾ ਦੇਵਿੰਦਰ ਸੱਤਿਆਰਥੀ ਦੇ ਸਿਰ ਬਝਦਾ ਹੈ ਜਿਨ੍ਹਾਂ ਨੇ 1936 ਵਿੱਚ ਗਿੱਧੇ ਦੀਆਂ ਬੋਲੀਆਂ ਦਾ ਪ੍ਰਥਮ ਸੰਗ੍ਰਹਿ “ਗਿੱਧਾ' ਪ੍ਰਕਾਸ਼ਤ ਕੀਤਾ। ਇਸ ਸੰਗ੍ਰਹਿ ਦੀ ਪੰਜਾਬ ਦੇ ਪ੍ਰਮੁਖ ਵਿਦਵਾਨਾਂ ਅਤੇ ਖੋਜੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਆਮ ਪਾਠਕਾਂ ਨੇ ਵੀ ਇਸ ਦਾ ਸੁਆਗਤ ਕੀਤਾ। ਇਸ ਤੋਂ ਪੇ੍ਰਨਾ ਲੈ ਕੇ ਕਰਤਾਰ ਸਿੰਘ ਸ਼ਮਸ਼ੇਰ ਨੇ “ਜਿਊਂਦੀ ਦੁਨੀਆਂ” 1949 ਵਿੱਚ ਅਤੇ ਅਵਤਾਰ ਸਿੰਘ ਦਲੇਰ ਨੇ “ਅੱਡੀ ਟੱਪਾ” ਅਤੇ “ਪੰਜਾਬੀ ਲੋਕ ਗੀਤਾਂ ਦੀ ਬਣਤਰ ਤੋ ਵਿਕਾਸ” ਲੋਕ ਗੀਤ ਸੰਗ੍ਰਹਿ ਪ੍ਰਕਾਸ਼ਤ ਕਰਵਾਏ। ਮੇਰਾ ਬੋਲੀਆਂ ਦਾ ਪਹਿਲਾ ਸੰਗ੍ਰਹਿ “ਗਾਉਂਦਾ ਪੰਜਾਬ” 1959 ਵਿੱਚ ਪ੍ਰਕਾਸ਼ਿਤ ਹੋਇਆ। ਇਸ ਸੰਕਲਨ ਵਿੱਚ ਇਕ ਹਜ਼ਾਰ ਤੋਂ ਵੱਧ ਇੱਕ ਲੜੀਆਂ ਬੋਲੀਆਂ ਸ਼ਾਮਲ ਕੀਤੀਆਂ ਗਈਆਂ। ਡਾ. ਨਾਹਰ ਸਿੰਘ ਨੇ ਮਾਲਵੇ ਦੀਆਂ ਬੋਲੀਆਂ ਦੇ ਦੋ ਮਹੱਤਵਪੂਰਨ ਸੰਗ੍ਰਹਿ “ਕਾਲਿਆਂ ਹਰਨਾਂ ਬਾਗੀਂ ਚਰਨਾਂ” ਅਤੇ “ਲੌਂਗ ਬੁਰਜੀਆਂ ਵਾਲਾ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਲੋਕ ਗੀਤ ਸੰਗ੍ਰਹਿ ਕਰਨ ਦਾ ਕਾਰਜ ਕੱਲੇ ਕਾਰੇ ਯੱਕਤੀ ਦੇ ਵਸ ਦਾ ਨਹੀਂ...ਇਹ ਕਾਰਜ ਤਾਂ ਸਰਕਾਰੀ ਪੱਧਰ ਤੇ ਯੂਨੀਵਰਸਿਟੀਆਂ, ਭਾਸ਼ਾ ਵਿਭਾਗ ਅਤੇ ਸਭਿਆਚਾਰ ਵਿਭਾਗ ਦੇ ਕਰਨ ਦਾ ਹੈ! ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੀਤ ਵਿਖਰੇ ਪਏ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ..... ਸਾਡੇ ਬਜ਼ੁਰਗਾਂ ਦੀ ਅੰਤਮ ਪੀਹੜੀ ਦੇ ਸਮਾਪਤ ਹੋ ਜਾਣ ਨਾਲ ਇਹ ਵੀ ਸਮਾਪਤ ਹੋ ਜਾਣਗੇ। “ਪਿੰਡ ਮਿਸ਼ਰੀ ਦੀਆਂ ਡਲੀਆਂ ਗਿੱਧੇ ਦੀਆਂ ਬੋਲੀਆਂ ਦਾ ਸੰਗ੍ਰਹਿ ਹੈ। ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ | ਪਹਿਲੇ ਭਾਗ ਵਿੱਚ ਲੰਮੀਆਂ ਬੋਲੀਆਂ ਹਨ ਤੇ ਦੂਜੇ ਭਾਗ ਵਿੱਚ ਇਕ ਲੜੀਆਂ ਬੋਲੀਆਂ ਸ਼ਾਮਲ ਕੀਤੀਆਂ ਗਈਆਂ ਹਨ। ਪਾਠਕਾਂ ਦੀ ਸੌਖ ਅਨੁਸਾਰ ਬੋਲੀਆਂ ਨੂੰ ਤਰਤੀਬ ਵਿਸ਼ੇ ਅਨੁਸਾਰ ਦਿੱਤੀ ਗਈ ਹੈ। ਮੈਂ ਤੇਜਿੰਦਰ ਬੀਰ ਸਿੰਘ ਮਾਲਕ ਲਾਹੌਰ ਬੁੱਕ ਸ਼ਾਪ, ਲੁਧਿਆਣਾ ਦਾ ਦਿਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਉੱਦਮ ਸਦਕਾ ਇਹ ਪੁਸਤਕ ਪਾਠਕਾਂ ਦੇ ਰੂਬਰੂ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ। ਤਿੱਲ ਫੁੱਲ ਹਾਜ਼ਰ ਹੈ ਸਮਾਧੀ ਰੋਡ, ਖੰਨਾ-141401
ਮਿੱਤਰਾਂ ਦੀ ਲੂਣ ਦੀ ਡਲੀ ਮਿਸ਼ਰੀ ਕਰਕੇ ਜਾਣੀ। ਫੋਨ: 01628-224704 2 ਜਨਵਰੀ, 2003 ਸੁਖਦੇਵ ਮਾਦਪੁਰੀ 12