ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਮੰਗਲਾਚਰਣ

ਵਿਕੀਸਰੋਤ ਤੋਂ

ਮੰਗਲਾਚਰਣ

1

ਗੁਰੂ ਧਿਆ ਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤੇਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ।
ਭਾਈ ਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿੱਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ-
ਮੈਂ ਵਧ ਕੇ ਜੱਸ ਗਾਵਾਂ

2


ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਏ
ਗਿੱਧੇ 'ਚ ਉਸ ਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੱਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ-
ਜਿਹੜਾ ਗਿੱਧੇ ਵਿੱਚ ਆਏ

3


ਦੇਵੀ ਮਾਤਾ ਗੌਣ ਬਖਸ਼ਦੀ
ਨਾਮ ਲਏ ਜਗ ਤਰਦਾ
ਬੋਲੀਆਂ ਪਾਉਣ ਦੀ ਹੋ ਗੀ ਮਨਸ਼ਾ
ਆ ਕੇ ਗਿੱਧੇ ਵਿੱਚ ਵੜਦਾ
ਨਾਲ ਸ਼ੌਕ ਦੇ ਪਾਵਾਂ ਬੋਲੀਆਂ
ਮੈਂ ਨਹੀਂ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ ਤੇ-
ਸੀਸ ਮੈਂ ਆਪਣਾ ਧਰਦਾ

ਧਿਆਵਾਂ ਦੇਵੀਏ ਧਿਆਵਾਂ ਦੇਵੀਏ
ਵਿੱਚ ਖਾੜੇ ਦੇ ਖੜਕੇ
ਸਭ ਤੋਂ ਵੱਡੀ ਤੂੰ ਅਕਲ ਸ਼ਕਲ ਦੀ ਰਾਣੀ
ਗਾਉਣ ਵਾਲੇ ਨੂੰ ਗਾਉਣ ਬਖਸ਼ੇਂਂ
ਪੜ੍ਹਨ ਵਾਲੇ ਨੂੰ ਬਾਣੀ
ਭੁੱਖਿਆਂ ਨੂੰ ਜਲ ਭੋਜਨ ਬਖਸ਼ੇਂਂ
ਪਿਆਸਿਆਂ ਨੂੰ ਜਲ ਪਾਣੀ
ਖੂਨੀਆਂ ਨੂੰ ਤੂੰ ਜੇਲ੍ਹੋਂ ਕੱਢੇਂਂ
ਦੁੱਧੋਂ ਨਤਾਰੇਂ ਪਾਣੀ-
ਮਰਦੀ ਕਾਕੋ ਦੇ-
ਮੂੰਹ ਵਿੱਚ ਪਾ ਦੇ ਪਾਣੀ

5


ਦੇਵੀ ਮਾਤਾ ਨੂੰ ਪਹਿਲਾਂ ਧਿਆ ਕੇ
ਵਿੱਚ ਭਾਈਆਂ ਦੇ ਖੜੀਏ
ਉੱਚਾ ਬੋਲ ਨਾ ਬੋਲੀਏ ਭਰਾਵੋ
ਮਹਾਰਾਜ ਤੋਂ ਡਰੀਏ
ਰੰਨਾਂ ਵੇਖ ਕੇ ਦਿਲ ਨਾ ਛੱਡੀਏ
ਪੈਰ ਸੰਭਲ ਕੇ ਧਰੀਏ
ਗੂੰਗਾ, ਕਾਣਾ, ਅੰਨ੍ਹਾ, ਬੋਲਾ
ਟਿੱਚਰ ਜਮਾ ਨਾ ਕਰੀਏ
ਮਾਈ ਬਾਪ ਦੀ ਕਰੀਏ ਸੇਵਾ
ਮਾਂ ਦੇ ਨਾਲ ਨਾ ਲੜੀਏ
ਸੇਵਾ ਸੰਤਾਂ ਦੀ-
ਮਨ ਚਿੱਤ ਲਾ ਕੇ ਕਰੀਏ

6


ਪਹਿਲਾਂ ਨਾਂ ਹਰੀ ਦਾ ਲੈਂਦਾ
ਪਿਛੋਂ ਹੋਰ ਕੰਮ ਕਰਦਾ
ਡੇਰੇ ਸੋਹਣੇ ਸੰਤਾਂ ਦੇ
ਮੈਂ ਰਿਹਾ ਗੁਰਮੁਖੀ ਪੜ੍ਹਦਾ
ਜਿਹੜਾ ਫਲ ਕੇਰਾਂ ਟੁੱਟਿਆ
ਉਹ ਮੁੜ ਨਾ ਵੇਲ ਤੇ ਚੜ੍ਹਦਾ
ਕਹਿਣਾ ਸੋਹਣੇ ਸੰਤਾਂ ਦਾ
ਮਾੜੇ ਬੰਦੇ ਦੇ ਕੋਲ ਨਾ ਖੜ੍ਹਦਾ
ਨਾਂ ਸੱਚੇ ਗੁਰ ਪੀਰ ਦਾ-
ਲੈ ਕੇ ਗਿੱਧੇ ਵਿੱਚ ਬੜਦਾ

7

ਮੇਰਿਓ ਭਰਾਵੋ ਮੇਰਿਓ ਵੀਰਨੋ
ਖਾੜੇ ਦੇ ਵਿੱਚ ਦਾਸ ਖੜੋਤਾ
ਬੋਲੀ ਕਿਹੜੀ ਪਾਵਾਂ
ਮੇਰਿਆ ਸਤਗੁਰੂਆ
ਲਾਜ ਰੱਖੀਂਂ ਤੂੰ ਮੇਰੀ
ਮੇਰਿਆ ਜੀ ਸਾਹਿਬਾ
ਲਾ ਦੇ ਬੋਲੀਆਂ ਦੀ ਢੇਰੀ
ਰੱਖਿਆ ਗੋਰਖ ਨੇ-
ਕਰਲੀ ਪੂਰਨਾ ਤੇਰੀ

8


ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀਂ
ਰਤੀ ਫਰਕ ਨਾ ਪਾਵਾਂ
ਨੀ ਮਾਤਾ ਭਗਵਤੀਏ-
ਮੈਂ ਤੇਰਾ ਜੱਸ ਗਾਵਾਂ

9


ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਆਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰਤੀ ਫਰਕ ਨਾ ਪਾਵਾਂ
ਜੇ ਸੁਰਮਾਂ ਤੂੰ ਬਣਜੇਂ ਸੋਹਣੀਏਂ
ਮੈਂ ਲੈ ਅੱਖਾਂ ਵਿੱਚ ਪਾਵਾਂ
ਮੇਰੇ ਹਾਣਦੀਏ-
ਮੈਂ ਤੇਰਾ ਜੱਸ ਗਾਵਾਂ

10


ਧਰਤੀ ਜੇਡ ਗ਼ਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਨਾ ਪੰਡਿਤ ਕੋਈ
ਸੀਤਾ ਜੇਡ ਨਾ ਮਾਤਾ

ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਨ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ
ਰੱਬ ਸਭਨਾਂ ਦਾ ਦਾਤਾ

11


ਹਰੀ ਦੇ ਨਾਮ ਦੀ ਫੇਰਦੇ ਮਾਲਾ
ਡਿਗਦੇ ਠਣ ਠਣ ਮਣਕੇ
ਬਿਨ ਮੁਕਲਾਈ ਕੁੜੀਏ
ਮੌਜਾਂ ਮਾਣ ਲੈ ਪਟੋਲਾ ਬਣਕੇ
ਰੰਗਲੀ ਦੁਨੀਆਂ ਚੋਂ-
ਚਲਣਾ ਮੁਸਾਫਰ ਬਣਕੇ

12


ਕਾਨਾ ਕਾਨਾ ਕਾਨਾ
ਨਦਿਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਇਕ ਮੇਰੀ ਨਣਦ ਬੁਰੀ
ਦੂਜਾ ਜੇਠ ਬੜਾ ਭਗਵਾਨਾ
ਬਾਹਰੋਂ ਆਉਂਦਾ ਦੁੱਧ ਕੱਢ ਲੈਂਦਾ
ਅਸੀਂ ਵਿੱਚ ਮੁਠ ਮਸਰੀ ਦੀ ਮਾਰੀ
ਡਲੀਆਂ ਨਾ ਖੁਰੀਆਂ
ਜਦ ਆਗੀ ਨਣਦ ਕਮਾਰੀ
ਮੁੰਡਿਆਂ ਨੇ ਘੇਰ ਲਿਆ
ਉਹ ਤੇਰੀ ਕੀ ਲਗਦੀ
ਜੀਹਨੂੰ ਖੂਹ ਤੇ ਖੜੀ ਨੂੰ ਅੱਖ ਮਾਰੀ
ਅੱਧੀ ਮੇਰੀ ਰੰਨ ਲੱਗਦੀ
ਅੱਧੀ ਲੱਗਦੀ ਧਰਮ ਦੀ ਸਾਲੀ
ਬੋਚੀਂ ਵੇ ਮਿੱਤਰਾ-
ਡੁਲ੍ਹਗੀ ਖੀਰ ਦੀ ਥਾਲੀ

13


ਰਾਮ ਨਾਮ ਨੂੰ ਧਿਆ ਲੋ ਵੀਰਨੋ
ਕਿਊਂ ਰੌਲੇ ਨੂੰ ਪਾਇਆ
ਪਹਿਲਾਂ ਧਿਆ ਲੋ ਮਾਤ ਪਿਤਾ ਨੂੰ
ਜਿਸ ਨੇ ਜਗਤ ਵਖਾਇਆ

ਫੇਰ ਧਿਆ ਲੋ ਧਰਤੀ ਮਾਤਾ ਨੂੰ
ਜਿਸ ਤੇ ਪੈਰ ਟਕਾਇਆ
ਧੰਨੇ ਭਗਤ ਨੇ ਕੀਤੀ ਭਗਤੀ
ਪਥਰਾਂ ਚੋਂ ਪ੍ਰੱਭੂ ਪਾਇਆ
ਪੂਰਨ ਭਗਤ ਨੇ ਕੀਤੀ ਭਗਤੀ
ਸੇਜ ਨਾ ਕਬੂਲੀ ਸਿਰ ਵਢਵਾਇਆ
ਮੋਰ ਧਜ ਰਾਜੇ ਨੇ
ਪੁੱਤ ਵੱਢ ਸ਼ੇਰ ਨੂੰ ਪਾਇਆ
ਹਰੀ ਚੰਦ ਰਾਜੇ ਨੇ
ਸੋਨੇ ਦਾ ਬੋਹਲ ਲੁਟਾਇਆ
ਸ਼ਿਵਕਾਂ ਰਾਣੀ ਨੇ
ਰੌਣ ਬੜਾ ਸਮਝਾਇਆ
ਰੌਣ ਪਾਪੀ ਨਾ ਸਮਝਿਆ
ਮੱਥਾ ਰਾਮ ਚੰਦਰ ਨਾਲ ਲਾਇਆ
ਛਲ ਕੇ ਸੀਤਾ ਨੂੰ-
ਵਿੱਚ ਲੰਕਾ ਦੇ ਲਿਆਇਆ

14


ਪਾਪੀ ਲੋਕ ਨਰਕ ਨੂੰ ਜਾਂਦੇ
ਕਹਿੰਦੇ ਲੋਕ ਸਿਆਣੇ
ਨੰਗੇ ਪਿੰਡੇ ਤੁਰਦੇ ਜਾਂਦੇ
ਕਿਆ ਰਾਜੇ ਕਿਆ ਰਾਣੇ
ਕੰਸ, ਰੌਣ, ਹਰਨਾਕਸ਼ ਵਰਗੇ
ਕਰਗੇ ਸਭ ਚਲਾਣੇ
ਖਾਲੀ ਹੱਥੀਂ ਤੋਰ ਦੇਣਗੇ
ਛੱਡਕੇ ਤਸੀਲਾਂ ਥਾਣੇ
ਨੇਕੀ ਖੱਟ ਬੰਦਿਆ-
ਧਰਮ ਰਾਜ ਦੇ ਭਾਣੇ

15


ਚਲ ਵੇ ਮਨਾਂ ਬਿਗਾਨਿਆ ਧਨਾ
ਕਾਹਨੂੰ ਪ੍ਰੀਤਾਂ ਜੜੀਆਂ
ਓੜਕ ਏਥੋਂ ਚਲਣਾ ਇਕ ਦਿਨ
ਕਬਰਾਂ ਉਡੀਕਣ ਖੜੀਆਂ
ਉਤੋਂ ਦੀ ਤੇਰੇ ਵਗਣ ਨ੍ਹੇਰੀਆਂ
ਲੱਗਣ ਸੌਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ

ਨਾ ਮੁੜੀਆਂ, ਜਾ ਲੜੀਆਂ
ਛੁਪ ਜਾਊ ਕੁਲ ਦੁਨੀਆਂ
ਏਥੇ ਨਾਮ ਸਾਈਂ ਦਾ ਰਹਿਣਾ
ਸੋਹਣੀ ਜਿੰਦੜੀ ਨੇ-
ਰਾਹ ਮੌਤਾਂ ਦੇ ਪੈਣਾ

16


ਅਕਲ ਕਹਿੰਦੀ ਮੈਂ ਸਭ ਤੋਂ ਵੱਡੀ
ਵਿੱਚ ਕਚਿਹਰੀ ਲੜਦੀ
ਮਾਇਆ ਕਹਿੰਦੀ ਮੈਂ ਤੈਥੋਂ ਵੱਡੀ
ਦੁਨੀਆਂ ਪਾਣੀ ਭਰਦੀ
ਮੌਤ ਕਹਿੰਦੀ ਮੈਂ ਸਭ ਤੋਂ ਵੱਡੀ
ਮਨ ਆਈਆਂ ਮੈਂ ਕਰਦੀ
ਅੱਖੀਆਂ ਜਾਂ ਭਿੜੀਆਂ-
ਜਿਹੜਿਆਂ ਕੰਮਾਂ ਤੋਂ ਡਰਦੀ

17


ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆਂ ਫਿਰਦਾ ਏਂ ਜਾਨੀ
ਭਾੜੇ ਦੀ ਹੱਟੀ ਵਿੱਚ ਰਹਿ ਕੇ ਬੰਦਿਆ
ਤੈਂ ਮੌਜ ਬਥੇਰੀ ਮਾਣੀ
ਵਿੱਚ ਕਾਲਿਆਂ ਦੇ ਆ ਗਏ ਧੌਲੇ
ਆ ਗਈ ਮੌਤ ਨਸ਼ਾਨੀ
ਬਦੀਆਂ ਨਾ ਕਰ ਵੇ
ਕੈ ਦਿਨ ਦੀ ਜ਼ਿੰਦਗਾਨੀ

18


ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠਾ ਸੀ ਡੇਰੇ
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਸੁਣਾਂ ਅੰਦਰੋਂ
ਕੁਝ ਵਸ ਹੈ ਨੀ ਮੇਰੇ
ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੇ ਗੇੜੇ

19


ਚਲ ਵੇ ਮਨਾ ਬਿਗਾਨਿਆ ਧਨਾ
ਕੀ ਲੈਣਾ ਈ ਜਗ ਵਿੱਚ ਰਹਿਕੇ

ਚੰਨਣ ਦੇਹੀ ਆਪ ਗਵਾ ਲਈ
ਵਾਂਸਾਂ ਵਾਂਗੂੰ ਖਹਿਕੇ
ਧਰਮ ਰਾਜ ਅੱਗੇ ਲੇਖਾ ਮੰਗਦਾ
ਲੰਘ ਜਾਂ ਗੇ ਕੀ ਕਹਿਕੇ
ਦੁਖੜੇ ਭੋਗਾਂਗੇ-
ਵਿੱਚ ਨਰਕਾਂ ਦੇ ਰਹਿਕੇ

20


ਲੰਮਿਆ ਵੇ, ਤੇਰੀ ਕਬਰ ਪਟੀਂਂਦੀ
ਨਾਲੇ ਪਟੀਂਦਾ ਖਾਤਾ
ਭਰ ਭਰ ਚੇਪੇ ਹਿੱਕ ਤੇ ਰੱਖਦਾ
ਹਿੱਕ ਦਾ ਪਵੇ ਤੜਾਕਾ
ਸੋਹਣੀ ਸੂਰਤ ਦਾ-
ਵਿੱਚ ਕੱਲਰਾਂ ਦੇ ਵਾਸਾ

21


ਬਾਹੀਂ ਤੇਰੇ ਸੋਂਹਦਾ ਚੂੜਾ
ਵਿੱਚ ਗਲ਼ੀਆਂ ਦੇ ਗਾਂਦੀ
ਇਕ ਦਿਨ ਐਸਾ ਆਊ ਕੁੜੀਏ
ਲੱਦੀ ਸਿੜ੍ਹੀ ਤੇ ਜਾਂਦੀ
ਅਧ ਵਿਚਾਲੇ ਕਰਦਿਆਂ ਲਾਹਾ
ਘਰ ਤੋਂ ਦੁਰ ਲਿਆਂਦੀ
ਗੇੜਾ ਦੇ ਕੇ ਭੰਨ ਲਈ ਸੰਘੀ
ਕੁੱਤੀ ਪਿੰਨਾਂ ਨੂੰ ਖਾਂਦੀ
ਆਊ ਵਰੋਲਾ ਲੈਜੂ ਤੈਨੂੰ
ਸੁਆਹ ਛਪੜਾਂ ਨੂੰ ਜਾਂਦੀ
ਧੀਏ ਕਲਬੂਤਰੀਏ-
ਸੋਨਾ ਰੇਤ ਰਲ ਜਾਂਦੀ

22


ਤਾਵੇ ਤਾਵੇ ਤਾਵੇ
ਨਾਲ ਸਮੁੰਦਰ ਦੇ
ਕਾਹਨੂੰ ਬੰਨ੍ਹਦੀ ਛਪੜੀਏ ਦਾਅਵੇ
ਭਰਕੇ ਸੁਕਜੇਂਗੀ
ਤੇਰੀ ਕੋਲ ਚੀਂ ਲੰਘਿਆ ਜਾਵੇ
ਧਮਕ ਜੁਆਨਾਂ ਦੀ-
ਕੱਲਰ ਬੌਹੜੀਆਂ ਪਾਵੇ

ਪੂਰਨ ਭਗਤ

23


ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ

24


ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਭੈਣ ਚੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤਰੀਕਾਂ ਪਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉੱਡਦੀ ਜਾਵੇ
ਉੱਡਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਰੁੱਸਿਆ
ਰੁਸ ਕੇ ਚੀਨ ਨੂੰ ਜਾਵੇ
ਖੂਹ ਦੇ ਵਿੱਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ

25


ਮਾਈ ਮਾਈ ਪਿਆ ਭੌਂਕਦੈਂਂ
ਕਿਥੋਂ ਲਗਦੀ ਮਾਈ
ਤੇਰੀ ਖਾਤਰ ਨਾਲ ਸ਼ੌਕ ਦੇ
ਸੁੰਦਰ ਸੇਜ ਬਛਾਈ
ਹਾਣ ਪਰਮਾਣ ਦੋਹਾਂ ਦਾ ਇੱਕੋ
ਝੜੀ ਰੂਪ ਨੇ ਲਾਈ
ਗਲ ਦੇ ਨਾਲ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੁੱਤ ਰੁੱਤ ਦੇ-
ਮਸਾਂ ਜੁਆਨੀ ਆਈ

26


ਮਾਈ ਮਾਈ ਪਿਆ ਭੌਂਕਦੈਂਂ
ਕਿਥੋਂ ਸਾਕ ਬਣਾਇਆ

ਕਿੱਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰੰਗਾਇਆ
ਓਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਊਂ ਨਖਰੇ ਵਿੱਚ ਆਇਆ
ਲੂਣਾਂ ਰਾਣੀ ਨੇ-
ਹੱਥ ਬੀਣੀ ਨੂੰ ਪਾਇਆ

27


ਪੂਰਨ ਕਹਿੰਦਾ ਸੁਣ ਮੇਰੀ ਮਾਤਾ
ਕਿਊਂ ਕਰ ਮੁਦਤਾਂ ਪਾਈਆਂ
ਧਰਤੀ ਈਸ਼ਵਰ ਪਾਟ ਜਾਣਗੇ
ਗਾਹੋ ਗਾਹੀ ਫਿਰਨ ਦੁਹਾਈਆਂ
ਚੰਦ ਸੂਰਜ ਹੋਣਗੇ ਕਾਲੇ਼
ਜਗਤ ਦਵੇ ਰੁਸ਼ਨਾਈਆਂ
ਨੀ ਅਜ ਤਕ ਨਾ ਸੁਣੀਆਂ-
ਪੁੱਤਰ ਭੋਗਦੀਆਂ ਮਾਈਆਂ

28


ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹਜਾ ਸੇਜ ਤੇ ਆ ਕੇ

29


ਮਨ ਨੂੰ ਮੋੜ ਕੇ ਬੈਠ ਪਾਪਣੇ
ਤੈਂ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲੱਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਬਹਾਈ
ਪੂਰਨ ਹੱਥ ਬੰਨ੍ਹਦਾ
ਤੂੰ ਹੈਂ ਧਰਮ ਦੀ ਮਾਈ