ਚੰਬੇ ਦੀਆਂ ਕਲੀਆਂ/ਈਸ਼੍ਵਰ ਪ੍ਰਾ੫ਤੀ ਦਾ ਸਾਧਨ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਈਸ਼੍ਵਰ ਦੀ ਪ੍ਰਾਪਤੀ ਦਾ ਸਾਧਨ

(ਅਨੰਦੁ ਸਾਹਿਬ)

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ
ਤਤੈ ਸਾਰ ਨ ਜਾਣੀ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ
ਤਤੈ ਸਾਰ ਨ ਜਾਣੀ॥
ਤਿਹੀ ਗੁਣੀ ਸੰਸਾਰ ਭ੍ਰਮਿ ਸੁਤਾ
ਸੁਤਿਆ ਰੈਣਿ ਵਿਹਾਣੀ॥
ਗੁਰ ਕਿਰਪਾ ਤੇ ਸੇ ਜਨ ਜਾਗੇ
ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥
ਕਹੈ ਨਾਨਕ ਸੋ ਤਤੁ ਪਾਏ ਜਿਸਨੋ
ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥੨੭॥

(੧)

ਪੰਡਤ ਵਿਦਿਆ ਨੰਦ ਜੀ ਆਪਣੀ ਵਿਦਿਆ ਦੇ ਚਮਤਕਾਰ ਵਿਖਾਂਦੇ, ਸੰਸਕ੍ਰਿਤ ਵਿਚ ਲੈਕਚਰ ਕਰਦੇ ਬੰਬਈ ਪਹੁੰਚੇ। ਇਥੇ ਦੇ ਕੁਝ ਪ੍ਰੇਮੀਆਂ ਨੂੰ ਵਿਆਕਰਣ ਦੀਆਂ ਗੁੰਝਲਾਂ ਸਮਝਾਂਦੇ ਵੇਦਾਂ ਦੀ ਕਥਾ ਕਰਦੇ ਅਤੇ ਆਪਣੀ ਚਤਰ ਬੁਧੀ ਅਨੁਸਾਰ ਈਸ਼੍ਵਰ ਪ੍ਰਾਪਤੀ ਦਾ ਸਾਧਨ ਦਸਦਿਆਂ ਨੂੰ ਮਹੀਨਾ ਬੀਤ ਗਿਆ। ਚਾਰੇ ਪਾਸਿਓਁ ਵਾਹ ਵਾਹ ਲੈਕੇ ਪੰਡਤ ਜੀ ਨੇ ਲੰਕਾ ਟਾਪੂ ਵਿਚ ਕੁਝ ਸਮਾਂ ਰਹਿਣ ਦਾ ਫੈਸਲਾ ਕੀਤਾ। ਲੰਕਾ ਦੇ ਬੋਧੀਆਂ ਨੂੰ ਹਿੰਦੂ ਮਤ ਦਾ ਸੰਦੇਸਾ ਦੇਣ ਲਈ ਪੰਡਤ ਜੀ ਤੋਂ ਵਧਕੇ ਯੋਗ ਹੋਰ ਕੌਣ ਹੋ ਸਕਦਾ ਸੀ। ਆਪ ਨੇ ਜਹਾਜ਼ ਦਾ ਟਿਕਟ ਲਿਆ ਅਰ ਉਧਰ ਨੂੰ ਰਵਾਨਾ ਹੋਏ।

ਜਦ ਜਹਾਜ਼ ਲੰਕਾ ਦੀਪ ਟਾਪੂਆਂ ਦੇ ਪਾਸ ਪਹੁੰਚਿਆ ਤਾਂ ਪੰਡਤ ਜੀ ਜਹਾਜ਼ ਦੇ ਤਖਤੇ ਪਰ ਖੜੇ ਹੋਏ ਸਮੁੰਦਰ ਦਾ ਨਜ਼ਾਰਾ ਵੇਖ ਰਹੇ ਸਨ। ਉਨ੍ਹਾਂ ਦੀ ਨਿਗਾਹ ਤਖਤੇ ਦੇ ਇਕ ਪਾਸੇ ਪਈ, ਜਿਥੇ ਕੁਝ ਬੰਦੇ ਇਕ ਜਹਾਜ਼ੀਏ ਦੇ ਚੁਫੇਰੇ ਖੜੇ ਉਸਦੀ ਗਲ ਪਏ ਸੁਣਦੇ ਸਨ। ਜਹਾਜ਼ੀਆ ਸਮੁੰਦਰ ਵਲ ਪੱਛਮ ਨੂੰ ਇਸ਼ਾਰਾ ਕਰ ਰਿਹਾ ਸੀ। ਪੰਡਤ ਜੀ ਨੇ ਉਧਰ ਵੇਖਿਆ ਪਰ ਨਜ਼ਰ ਕੁਝ ਨਾ ਆਇਆ, ਇਸ ਲਈ ਪੰਡਤ ਜੀ ਇਸ ਪਾਰਟੀ ਦੇ ਨੇੜੇ ਆ ਗਏ। ਇਨ੍ਹਾਂ ਨੂੰ ਵੇਖ ਜਹਾਜ਼ੀਏ ਨੇ ਨਮਸਕਾਰ ਕੀਤੀ। ਬਾਕੀ ਲੋਕਾਂ ਨੇ ਭੀ ਪਰਨਾਮ ਕਿਹਾ।

ਪੰਡਤ ਜੀ:- "ਮੈਂ ਤੁਹਾਡੀ ਗਲ ਟੋਕਣ ਨਹੀਂ ਆਇਆ, ਤੁਸੀਂ ਦਸੋ ਇਹ ਜਹਾਜ਼ੀਆ ਜੀ ਕੀ ਪਏ ਆਖਦੇ ਸਨ?"

ਇਕ ਆਦਮੀ:- "ਜਹਾਜ਼ੀਆਂ ਸਾਨੂੰ ਸਾਧੂਆਂ ਦੀ ਗਲ ਪਿਆ ਕਰਦਾ ਸੀ।"

"ਕੇਹੜੇ ਸਾਧੂ? ਕੁਝ ਮੈਨੂੰ ਭੀ ਦਸੋ, ਉਹ ਕੇਹੜੇ ਮੱਤ ਦੇ ਹਨ? ਤੁਸੀਂ ਕਿਧਰ ਇਸ਼ਾਰਾ ਕਰਦੇ ਸਾਓ?"

ਉਹ ਆਦਮੀ:- ਔਹ ਵੇਖੋ, ਸਜੇ ਪਾਸੇ ਇਕ ਛੋਟਾ ਜਿਹਾ ਟਾਪੂ ਹੈ, ਓਥੇ ਸਾਧੂ ਰਹਿੰਦੇ ਤੇ ਈਸ਼੍ਵਰ ਦਾ ਸਿਮਰਨ ਕਰਦੇ ਹਨ।"

ਪੰਡਤ:- "ਉਹ ਟਾਪੂ ਕਿਧਰ ਹੈ, ਮੈਨੂੰ ਤਾਂ ਕੁਝ ਨਹੀਂ ਦਿਸਦਾ?"

ਉਹ ਆਦਮੀ:- "ਇਧਰ ਦੇਖੋ ਮਹਾਰਾਜ, ਮੇਰੀ ਬਾਂਹ ਦੀ ਸੇਧ ਵਿਚ। ਤੁਹਾਨੂੰ ਉਹ ਛੋਟਾ ਜਿਹਾ ਬੱਦਲ ਦਿਸਦਾ ਹੈ? ਉਸ ਦੇ ਥਲੇ ਜ਼ਰਾ ਇਕ ਲਕੀਰ ਹੈ, ਉਹੀ ਟਾਪੂ ਹੈ।"

ਪੰਡਤ ਜੀ ਨੇ ਨਿਝਾਕੇ ਤਕਿਆ, ਪਰ ਉਨ੍ਹਾਂ ਦੀਆਂ ਅਣਜਾਣ ਅੱਖਾਂ ਨੂੰ ਟਾਪੂ ਨਿਗਾਹ ਨਾ ਪਿਆ। ਉਹ ਆਖਣ ਲਗੇ:- "ਮੈਨੂੰ ਟਾਪੂ ਨਜ਼ਰ ਨਹੀਂ ਆਇਆ ਪਰ ਦਸੋ ਖਾਂ ਇਹ ਸਾਧੂ ਕੌਣ ਹਨ?"

ਜਹਾਜ਼ੀਆ:- "ਉਹ ਮਹਾਤਮਾ ਹਨ, ਮੈਂ ਉਨ੍ਹਾਂ ਦਾ ਚਰਚਾ ਤਾਂ ਅਗੇ ਸੁਣਿਆਂ ਹੋਇਆ ਸੀ, ਪਰ ਦਰਸ਼ਨ ਪਿਛਲੇ ਸਾਲ ਹੀ ਹੋਏ। ਮੈਂ ਮਛੀਆਂ ਫੜਨ ਲਈ ਇਕ ਕਿਸ਼ਤੀ ਵਿਚ ਸਾਂ, ਤੁਫਾਨ ਆਇਆ, ਰਾਤ ਨੂੰ ਮੁੜ ਨਾ ਸਕਿਆ ਤੇ ਸਵੇਰੇ ਮੇਰੀ ਕਿਸ਼ਤੀ ਉਸ ਟਾਪੂ ਤੇ ਜਾ ਖੜੀ ਹੋਈ। ਮੈਂ ਉਤਰਕੇ ਟਾਪੂ ਤੇ ਗਿਆ। ਇਕ ਭੋਰੇ ਦੇ ਬਾਹਰ ਬੁਢਾ ਆਦਮੀ ਬੈਠਾ ਦੇਖਿਆ, ਪਲਕੁ ਮਗਰੋਂ ਦੋ ਹੋਰ ਬੁਢੇ ਭੋਰੇ ਵਿਚੋਂ ਬਾਹਰ ਆ ਗਏ। ਉਨ੍ਹਾਂ ਨੇ ਅਗ ਉਤੇ ਮੇਰੇ ਕਪੜੇ ਸੁਕਾਏ। ਮੈਨੂੰ ਖਾਣ ਨੂੰ ਕੁਝ ਦਿਤਾ ਅਤੇ ਮੇਰੀ ਕਿਸ਼ਤੀ ਦੀ ਭੀ ਮੁਰੰਮਤ ਕੀਤੀ।"

ਪੰਡਤ ਜੀ:- "ਉਹ ਕਿਹੋ ਜਿਹੇ ਹਨ?"

ਜਹਾਜ਼ੀਆ:- "ਤਿੰਨੇ ਹੀ ਬੁਢੇ ਹਨ, ਇਕ ਤਾਂ ਸੌ ਸਾਲ ਤੋਂ ਉਪਰ ਦਾ ਹੋਣਾ ਹੈ, ਉਸ ਦੀ ਦਾਹੜੀ ਹਰੇ ਰੰਗ ਦੀ ਹੋ ਗਈ ਹੈ। ਚੇਹਰਾ ਹਰ ਵੇਲੇ ਮੁਸਕਰਾਹਟ ਵਿਚ, ਜਿਵੇਂ ਅਰਸ਼ੋਂ ਦੇਵਤਾ ਉਤਰਿਆ ਹੋਵੇ। ਦੂਜਾ ਭੀ ਬੁਢਾ ਹੈ। ਉਸਦੀ ਦਾਹੜੀ ਚਿਟੀ ਹੈ, ਉਹ ਕਦ ਵਿਚ ਲੰਮਾ ਤੇ ਕਾਠ ਦਾ ਤਕੜਾ ਹੈ। ਮੇਰੀ ਕਿਸ਼ਤੀ ਨੂੰ ਉਸ ਕਲ੍ਹੇ ਨੇ ਇਉਂ ਉਲਟਾ ਦਿਤਾ ਜਿਵੇਂ ਹੌਲਾ ਕਖ ਹੋਵੇ। ਤੀਜਾ ਭੀ ਲੰਮਾ ਹੈ, ਉਸਦੀ ਦੁਧ ਵਰਗੀ ਚਿਟੀ ਦਾਹੜੀ ਗੋਡਿਆਂ ਤਕ ਅਪੜਦੀ ਹੈ, ਉਸਦੇ ਭਰਵਿਟੇ ਹਠਾਂ ਪਲਮਦੇ ਹਨ ਤੇ ਲਕ ਨਾਲ ਉਸਨੇ ਇਕ ਸਫ ਬੰਨ੍ਹੀ ਹੋਈ ਹੈ।"

ਪੰਡਤ ਜੀ:-"ਉਨ੍ਹਾਂ ਨੇ ਤੇਰੇ ਨਾਲ ਕੀ ਗਲਾਂ ਕੀਤੀਆਂ?"

ਜਹਾਜ਼ੀਆ:-"ਉਹ ਬਹੁਤ ਥੋੜਾ ਬੋਲਦੇ ਹਨ। ਸਾਰਾ ਕੰਮ ਧੰਦਾ ਚੁਪ ਰਹਿਕੇ ਕਰੀ ਜਾਂਦੇ ਹਨ। ਇਕ ਦੂਜੇ ਦੀਆਂ ਅਖਾਂ ਵਲ ਵੇਖਕੇ ਮਤਲਬ ਸਮਝ ਜਾਂਦੇ ਹਨ। ਮੈਂ ਇਕ ਨੂੰ ਪਛਿਆ:- "ਇਥੇ ਕਿਤਨਾ ਚਿਰ ਰਹੇ ਹੋ?"ਉਹ ਕੁਝ ਨਰਾਜ਼ ਜਿਹਾ ਹੋ ਗਿਆ,ਪਰ ਸੌ ਵਰ੍ਹਿਆਂ ਤੋਂ ਉਪਰ ਵਾਲੇ ਨੇ ਅਸਮਾਨ ਵਲ ਵੇਖਕੇ ਆਖਿਆ:- "ਸਾਡੇ ਤੇ ਮੇਹਰ ਕਰੋ।"

ਇਨ੍ਹਾਂ ਦੇ ਗੱਲਾਂ ਕਰਦਿਆਂ ਜਹਾਜ਼ ਉਸ ਟਾਪੂ ਦੇ ਨੇੜੇ ਆ ਗਿਆ। ਪੰਡਤ ਜੀ ਨੇ ਜਹਾਜ਼ ਦੇ ਕਪਤਾਨ ਪਾਸ ਜਾਕੇ ਬੇਨਤੀ ਕੀਤੀ ਕਿ ਉਸ ਟਾਪੂ ਵਲ ਜਹਾਜ਼ ਨੂੰ ਮੋੜਿਆ ਜਾਵੇ। ਕਪਤਾਨ ਨੇ ਜੋ ਦੇਸੀ ਆਦਮੀ ਸੀ ਕਿਹਾ:-"ਵਕਤ ਤੰਗ ਹੈ, ਸਾਧੂ ਕੀ ਪਤਾ ਉਥੇ ਹਨ ਕਿ ਨਹੀਂ, ਉਹ ਜੇ ਹੋਣ ਭੀ ਸਹੀ ਤਾਂ ਤੁਸੀਂ ਉਨ੍ਹਾਂ ਨੂੰ ਕੀ ਆਖਣਾ ਹੈ, ਉਹ ਤਾਂ ਮੂਰਖ ਹਨ, ਬੋਲਦੇ ਨਹੀਂ।"

ਪੰਡਤ ਜੀ ਨੇ ਜ਼ਿਦ ਕੀਤੀ ਤੇ ਆਖਿਆ ਕਿ ਦੇਰੀ ਦਾ ਹਰਜਾਨਾ ਮੈਂ ਭਰ ਦਿਆਂਗਾ। ਜਹਾਜ਼ ਟਾਪੂ ਦੇ ਪਾਸ ਜਾ ਨਹੀਂ ਸੀ ਸਕਦਾ। ਲੰਗਰ ਸੁਟਕੇ ਇਕ ਕਿਸ਼ਤੀ ਉਤਾਰੀ ਗਈ। ਚਾਰ ਮੁਹਾਣੇ ਚਪੂ ਫੜਕੇ ਬੈਠ ਗਏ ਤੇ ਪੰਡਤ ਜੀ ਨੂੰ ਟਾਪੂ ਵਲ ਲੈ ਤੁਰੇ। ਮੁਹਾਣੇ ਤਕੜੇ ਸਨ, ਪਲੋ ਪਲੀ ਵਿਚ ਅਪੜ ਗਏ। ਪੰਡਤ ਜੀ ਉਤਰ ਕੇ ਭੋਰੇ ਵਲ ਗਏ। ਓਥੇ ਤਿੰਨੇ ਬੁਢੇ ਸਾਧੂ ਸਨ। ਪੰਡਤ ਜੀ ਦੀ ਸ਼ਕਲ ਸੂਰਤ ਵੇਖਕੇ ਆਦਰ ਕਰਨ ਨੂੰ ਖੜੇ ਹੋ ਗਏ। ਪੰਡਤ ਜੀ ਨੇ ਅਸ਼ੀਰਬਾਦ ਦਿਤੀ। ਉਨ੍ਹਾਂ ਨੇ ਮਥਾ ਟੇਕਿਆ।

ਪੰਡਤ ਵਿਦਿਆ ਨੰਦ:- "ਮੈਂ ਸੁਣਿਆ ਸੀ ਕਿ ਤੁਸੀਂ ਸਾਧੂ ਲੋਕ ਇਥੇ ਰਹਿੰਦੇ ਹੋ ਤੇ ਸਿਮਰਨ ਕਰਦੇ ਹੋ। ਮੈਂ ਵੇਦਾਂ ਦਾ ਗਿਆਤਾ ਇਕ ਤੁਛ ਬੁਧੀ ਵਾਲਾ ਪੰਡਤ ਹਾਂ। ਜੀ ਵਿਚ ਆਇਆ ਤੁਹਾਡੇ ਪਾਸੋਂ ਹੋ ਚੱਲਾਂ ਤੇ ਪੁਰਾਣੇ ਰਿਸ਼ੀਆਂ ਦਾ ਈਸ਼੍ਵਰ ਪ੍ਰਾਪਤੀ ਵਾਲਾ ਰਸਤਾ ਤੁਹਾਨੂੰ ਦਸ ਚਲਾਂ।"

ਤਿਨੇ ਬੁਢਿਆਂ ਨੇ ਇਕ ਦੂਜੇ ਦੇ ਮੂੰਹ ਵਲ ਤਕਿਆਂ, ਪਰ ਚੁਪ ਕਰਕੇ ਖੜੇ ਰਹੇ। ਪੰਡਤ ਵਿਦਿਆਨੰਦ ਨੇ ਪੁਛਿਆ:- "ਤੁਸੀਂ ਕੇਹੜੀ ਬਿਧੀ ਅਨੁਸਾਰ ਈਸ਼੍ਵਰ ਸਿਮਰਨਾ ਕਰਦੇ ਹੋ?"

ਦੋ ਬੁਢਿਆਂ ਨੇ ਸੌ ਵਰ੍ਹਿਆਂ ਤੋਂ ਉਪਰ ਵਾਲੇ ਵਲ ਵੇਖਿਆ ਤੇ ਉਹ ਬੋਲਿਆ:- "ਮਹਾਰਾਜ, ਸਾਨੂੰ ਬਿਧੀ ਕੋਈ ਨਹੀਂ ਆਉਂਦੀ, ਅਸੀਂ ਤਾਂ ਕੇਵਲ ਮਿਹਨਤ ਕਰਕੇ ਆਪਣੇ ਪੇਟ ਪਾਲਣ ਦਾ ਪਰਬੰਧ ਕਰਦੇ ਹਾਂ।"

ਪੰਡਤ:- "ਪਰ ਤੁਸੀਂ ਈਸ਼੍ਵਰ ਅਰਾਧਨ ਕਿਸ ਪ੍ਰਕਾਰ ਕਰਦੇ ਹੋ?"

ਸਾਧੂ:- "ਅਸੀਂ ਇਉਂ ਆਖਦੇ ਹਾਂ:- ਬ੍ਰਹਮਾਂ, ਵਿਸ਼ਨੂੰ, ਸ਼ਿਵ, ਤਿਨ ਤੁਸੀਂ, ਤਿਨ ਅਸੀਂ, ਸਾਡੇ ਤੇ ਮੇਹਰ ਕਰੋ।"

ਜਦ ਬੁਢੇ ਸਾਧੂ ਨੇ ਇਉਂ ਆਖਿਆ ਤਿੰਨਾਂ ਸਾਧੂਆਂ ਨੇ ਅਖੀਆਂ ਅਸਮਾਨ ਵਲ ਕੀਤੀਆਂ ਤੇ ਬਿਰਹੋਂ ਭਰੀ ਸੁਰ ਵਿਚ ਬੋਲੇ-'ਬ੍ਰਹਮਾਂ, ਵਿਸ਼ਨੂੰ, ਸ਼ਿਵ, ਤਿੰਨ ਤੁਸੀਂ, ਤਿੰਨ ਅਸੀਂ, ਸਾਡੇ ਤੇ ਮੇਹਰ ਕਰੋ।"

ਪੰਡਤ ਮੁਸਕਰਾਇਆ ਤੇ ਆਖਣ ਲਗਾ:- "ਤੁਹਾਨੂੰ ਈਸ਼੍ਵਰ ਦੇ ਤਿੰਨ ਗੁਣਾ ਦਾ ਕੁਝ ਪਤਾ ਹੈ, ਪਰ ਤੁਸੀਂ ਪ੍ਰਾਰਥਨਾਂ ਵਿਧੀ ਅਨੁਸਾਰ ਨਹੀਂ ਕਰਦੇ। ਤੁਹਾਡੇ ਵਾਸਤੇ ਮੇਰੇ ਦਿਲ ਵਿਚ ਦਇਆ ਆਈ ਹੈ। ਤੁਸੀਂ ਰਬ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਉਹ ਕਿਵੇਂ ਪ੍ਰਸੰਨ ਹੁੰਦਾ ਹੈ। ਤੁਹਾਡੇ ਵਾਲਾ ਪ੍ਰਾਰਥਨਾਂ ਦਾ ਤਰੀਕਾ ਠੀਕ ਨਹੀਂ। ਲੌ ਮੈਂ ਤੁਹਾਨੂੰ ਸਮਝਾਵਾਂਗਾ, ਪਰ ਇਹ ਵੀ ਕੋਈ ਆਪਣੇ ਪਾਸੋਂ ਤੁਹਾਨੂੰ ਨਹੀਂ ਦਸ ਰਿਹਾ, ਇਹ ਪੁਰਾਤਨ ਰਿਸ਼ੀਆਂ ਤੇ ਵੇਦਾਂ ਦੇ ਰਚਨਹਾਰ ਮਹਾਂ ਰਿਸ਼ੀਆਂ ਦਾ ਗਿਆਨ ਹੈ। ਵੇਦਾਂ ਵਿਚ ਹੁਕਮ ਹੈ ਕਿ ਸਾਰੇ ਮਨੁਸ਼ ਮਾਤਰ ਲਈ ਭਗਤੀ ਕਰਨ ਦਾ ਕੇਵਲ ਇਹੋ ਇਕੋ ਰਸਤਾ ਹੈ।"

ਹੁਣ ਪੰਡਤ ਜੀ ਨੇ ਇਨ੍ਹਾਂ ਨੂੰ ਗਾਇਤਰੀ ਤੇ ਸੰਧਿਆ ਸਿਖਾਣੀ ਸ਼ੁਰੂ ਕੀਤੀ, ਤੇ ਇਨ੍ਹਾਂ ਬੁਢਿਆਂ ਨੂੰ ਸੰਸਕ੍ਰਿਤ ਦੇ ਮੰਤਰ ਯਾਦ ਕਰਾਣ ਲਗੇ।

ਪੰਡਤ ਜੀ ਨੇ ਆਖਿਆ:- "ਓਂ ਸ਼ਨੋਂ।"

ਤਿੰਨਾਂ ਬੁਢਿਆਂ ਆਖਿਆ:- "ਉਂ ਸ਼ਨੋਂ।"

ਪੰਡਤ ਜੀ:- "ਦੇਵੀ"

ਬੁਢੇ:- "ਦੇਵੀ" ਪੰਡਤ ਜੀ:-"ਰਭਿਸ਼ਟੀਯੇ"

ਇਕ ਬੁਢਾ:-"ਰਭਿਸ਼ਟੀਯੇ"

(ਪਰ ਦੂਜੇ ਬੁਢਿਆਂ ਪਾਸੋਂ ਰਭਿਸ਼ਟੀਯੇ ਦਾ ਉਚਾਰਨ ਠੀਕ ਨਾ ਹੋ ਸਕਿਆ। ਪੰਡਤ ਜੀ ਨੇ ਫੇਰ ਰਭਿਸ਼ਟਯੇ ਆਖਿਆ। ਜਿਸ ਬੁਢੇ ਦੇ ਮੂੰਹ ਵਿਚ ਦੰਦ ਨਹੀਂ ਸਨ ਤੇ ਜਿਸਦੇ ਮੂੰਹ ਅਗੇ ਚਿਟੀਆਂ ਮੁਛਾਂ ਦਾ ਗੁਛਾ ਸੀ ਉਨ੍ਹਾਂ ਨੇ ਹੌਲੇ ਹੌਲੇ ਯਾਦ ਕਰਕੇ ਰਭਿਸ਼ਟਯੇ ਆਖਿਆ।

ਇਸ ਪ੍ਰਕਾਰ ਪੰਡਤ ਜੀ ਨੇ ਇਕ ਸ਼ਿਲਾ ਤੇ ਬੈਠਕੇ ਉਨਾਂ ਬੁਢਿਆਂ ਨੂੰ ਪੜ੍ਹਾਇਆ । ਇਕ ਇਕ ਅੱਖਰ ਉਨ੍ਹਾਂ ਨੂੰ ਤੀਹ, ਚਾਲੀਹ, ਪੰਜਾਹ ਵਾਰ ਆਖਣਾ ਪਿਆ। ਬੁਢੇ ਫੇਰ ੨ ਭੁਲ ਜਾਣ, ਗਲਤੀਆਂ ਕਰਨ, ਪਰ ਈਸ਼੍ਵਰ ਸਿਰਜਨ ਹਾਰ ਨੂੰ ਖੁਸ਼ ਕਰਨ ਦੇ ਆਹਰ ਵਿਚ ਲਗੇ ਰਹੇ ਤੇ ਦਿਨ ਢਲਦੇ ਨੂੰ ਸੰਧਿਆ ਇਕ ਨੂੰ ਯਾਦ ਹੋ ਗਈ। ਪੰਡਤ ਵਿਦਿਆ ਨੰਦ ਜੀ ਨੇ ਬਹੁਤ ਪ੍ਰਸੰਨ ਹੋਕੇ ਉਸ ਪਾਸੋਂ ਸੰਧਿਆ ਦੇ ਸਾਰੇ ਮੰਤਰ ਸੁਣੇ ਤੇ ਉਸ ਪਾਸੋਂ ਬਾਕੀਆਂ ਨੂੰ ਮੁਹਾਰਨੀ ਦਵਾਈ।

ਹਨੇਰਾ ਪੈ ਗਿਆ ਤੇ ਚੰਨ ਭੀ ਪਾਣੀ ਵਿਚੋਂ ਨਿਕਲ ਆਇਆ। ਪੰਡਤ ਜੀ ਜਹਾਜ਼ ਵਲ ਮੁੜਨ ਲਈ ਉਠ ਖੜੇ ਹੋਏ। ਤਿੰਨ ਬੁਢਿਆਂ ਨੇ ਜ਼ਮੀਨ ਤੇ ਲੰਮੇ ਪੈਕੇ ਪੰਡਤ ਜੀ ਨੂੰ ਨਮਸ਼ਕਾਰ ਕੀਤੀ। ਪੰਡਤ ਜੀ ਨੇ ਹਰ ਇਕ ਨੂੰ ਅਸ਼ੀਰਵਾਦ ਦਿਤੀ ਤੇ ਕਿਸ਼ਤੀ ਵਿਚ ਬੈਠਕੇ ਜਹਾਜ਼ ਨੂੰ ਮੁੜੇ।

ਜਦ ਪੰਡਤ ਵਿਦਿਆ ਨੰਦ ਮੁੜ ਚਲੇ ਤਾਂ ਉਹਨਾਂ ਦੇ ਕੰਨੀਂ ਸੰਧਿਆ ਉਚੀ ਉਚੀ ਪੜ੍ਹਦੇ ਬੁਢਿਆਂ ਦੀ ਆਵਾਜ਼ ਪਈ। ਜਿਉਂ ਜਿਉਂ ਕਿਸ਼ਤੀ ਦੂਰ ਹੁੰਦੀ ਗਈ, ਇਹ ਆਵਾਜ਼ ਭੀ ਮਧਮ ਪੈਂਦੀ ਗਈ। ਭਾਵੇਂ ਆਵਾਜ਼ ਨਹੀਂ ਸੁਣੀਂਦੀ ਸੀ ਪਰ ਬੁਢਿਆਂ ਦੀ ਸ਼ਕਲ ਚੰਦਰਮਾਂ ਦੇ ਚਾਨਣੇ ਵਿਚ ਦਿਸਦੀ ਸੀ। ਉਸੇ ਤਰ੍ਹਾਂ ਤਿੰਨੇ ਬੁਢੇ ਸੰਧਿਆ ਯਾਦ ਕਰ ਰਹੇ ਸਨ। ਹੌਲੇ ੨ ਕਿਸ਼ਤੀ ਜਹਾਜ਼ ਤੇ ਪੁਜ ਗਈ। ਪੰਡਤ ਜੀ ਜਹਾਜ਼ ਵਿਚ ਚੜ੍ਹੇ ਤੇ ਜਹਾਜ਼ ਟੁਰ ਪਿਆ। ਡੈੱਕ ਤੇ ਖੜੇ ਹੋਏ ਪੰਡਿਤ ਜੀ ਉਸ ਟਾਪੂ ਵਲ ਮੂੰਹ ਕੀਤੀ ਖੜੇ ਸਨ ਤੇ ਦਿਲ ਵਿਚ ਕਦੀ ਪ੍ਰਸੰਨ ਹੋਣ ਕਿ ਅਜ ਚੰਗਾ ਪ੍ਰਚਾਰ ਕੀਤਾ ਹੈ, ਕਦੀ ਬੁਢਿਆਂ ਦੀ ਪ੍ਰਸੰਨਤਾ ਨੂੰ ਯਾਦ ਕਰਨ, ਕਦੀ ਨਿਰੰਕਾਰ ਦਾ ਧੰਨਵਾਦ ਕਰਨ ਕਿ ਤਿੰਨ ਜੀਵਾਂ ਨੂੰ ਈਸ਼੍ਵਰ ਪ੍ਰਾਪਤੀ ਦਾ ਰਸਤਾ ਦਸਣ ਦਾ ਅਵਸਰ ਮਿਲਿਆ। ਇਸ ਪ੍ਰਕਾਰ ਰਾਤ ਡੂੰਘੀ ਪੈ ਗਈ। ਬਾਕੀ ਮੁਸਾਫਿਰ ਆਪੋ ਆਪਣੇ ਟਿਕਾਣੇ ਜਾ ਵੜੇ, ਪੰਡਤ ਜੀ ਉਥੇ ਡੈੱਕ ਤੇ ਖੜੇ ਇਨ੍ਹਾਂ ਖਿਆਲਾਂ ਵਿਚ ਮਸਤ ਸਨ। ਕੁਝ ਚਿਰ ਪੰਡਤ ਜੀ ਇਸੇ ਤਰਾਂ ਖੜੇ ਰਹੇ। ਅਚਨਚੇਤ ਹੀ ਚੰਨ ਦੀ ਚਾਨਣੀ ਵਿਚ ਉਨਾਂ ਨੇ ਕੋਈ ਚਿੱਟੀ ਚੀਜ਼ ਚਮਕਦੀ ਵੇਖੀ। ਸੋਚਣ ਲਗੇ ਇਹ ਕੋਈ ਸਮੁੰਦਰੀ ਪੰਖੇਰੂ ਹੈ ਜਾਂ ਕਿਸੇ ਛੋਟੀ ਬੇੜੀ ਦੇ ਪਖ ਹਨ। ਉਸੇ ਪਾਸੇ ਨਿਗਾਹ ਟਿਕਾਕੇ ਦੇਖਣ ਲਗੇ। ਆਪਣੇ ਚਿਤ ਵਿਚ ਆਖਣ ਇਹ ਜ਼ਰੂਰ ਕੋਈ ਕਿਸ਼ਤੀ ਸਾਡੇ ਪਿਛੇ ਆ ਰਹੀ ਹੈ, ਪਰ ਹੈ ਬੜੀ ਤੇਜ਼, ਪਲ ਕੁ ਹੋਇਆ, ਇਹ ਬਹੁਤ ਦੂਰ ਸੀ, ਪਰ ਹੁਣ ਬਹੁਤ ਨੇੜੇ ਹੈ। ਨਹੀਂ ਇਹ ਕਿਸ਼ਤੀ ਤਾਂ ਨਹੀਂ। ਭਾਵੇਂ ਕੁਝ ਹੀ ਹੋਵੇ ਇਹ ਚੀਜ਼ ਜ਼ਰੂਰ ਸਾਡੇ ਹੀ ਪਿਛੇ ਆ ਰਹੀ ਹੈ।

ਪੰਡਤ ਜੀ ਨੂੰ ਪਤਾ ਨਾ ਲਗੇ ਕਿ ਇਹ ਕੀ ਚੀਜ਼ ਹੈ। ਨਾ ਉਹ ਬੇੜੀ ਸੀ, ਨਾ ਪੰਖੇਰੂ ਤੇ ਨਾ ਮਛੀ। ਆਦਮੀ ਨਾਲੋਂ ਜ਼ਿਆਦਾ ਵਡੀ ਹੈ, ਨਾਲੇ ਆਦਮੀ ਸਮੁੁੰਦਰ ਦੇ ਅਧ ਵਿਚ ਆ ਕਿਵੇਂ ਸਕਦਾ ਹੈ। ਇਉਂ ਸੋਚਦੇ ਹੋਏ ਪੰਡਤ ਜੀ ਨੇ ਇਕ ਜਹਾਜ਼ੀਏ ਨੂੰ ਪੁਛਿਆ:-

"ਵੇਖ ਮਿਤਰਾ, ਉਹ ਸਾਹਮਣੇ ਕੀ ਚੀਜ਼ ਆ ਰਹੀ ਏ?" ਪਰ ਇਹ ਗਲ ਅਜੇ ਪੰਡਤ ਦੇ ਮੂੰਹ ਵਿਚ ਹੀ ਸੀ ਕਿ ਦੋਵੇਂ ਚਕਿਤ ਰਹਿ ਗਏ। ਅਖਾਂ ਟਡ ਕੇ ਬਿਟ ਬਿਟ ਵੇਖਣ ਤੇ ਯਕੀਨ ਨਾ ਆਵੇ। ਸਾਹਮਣੇ, ਤਿੰਨੇ ਬੁਢੇ ਪਾਣੀ ਉਪਰ ਦੌੜਦੇ ਆ ਰਹੇ ਸਨ। ਉਨ੍ਹਾਂ ਦੇ ਦੁਧ ਵਰਗੇ ਚਿਟੇ ਦਾਹੜੇ ਤੇ ਬਰਫ਼ ਵਰਗੇ ਚਿਟੇ ਪੁਸ਼ਾਕੇ ਅਜਬ ਬਹਾਰ ਵਿਖਾਂਦੇ ਸਨ ਤੇ ਜਹਾਜ਼ ਵਲ ਇਉਂ ਤੇਜ਼ ਔਂਦੇ ਦਿਸਦੇ ਸਨ ਜਿਕੂੰ ਜਹਾਜ਼ ਖੜਾ ਹੋਇਆ ਹੋਵੇ।

ਪਤਾਰ ਵਾਲੇ ਨੇ ਆਪਣੀ ਪਤਾਰ ਛਡ ਦਿਤੀ ਤੇ ਕੰਬਦਾ ਹੋਇਆ ਆਖਣ ਲਗਾ: "ਹਾਏ ਰੱਬਾ, ਸਾਧੂ ਤਾਂ ਇਉਂ ਦੌੜਦੇ ਹਨ ਜੀਕੂੰ ਸੁਕੀ ਧਰਤੀ ਪਰ ਤੁਰੇ ਆਉਂਦੇ ਹਨ।"

ਸੁਤੇ ਹੋਏ ਮੁਸਾਫ਼ਰ ਉਸਦੀ ਗਲ ਸੁਣਕੇ ਜਾਗ ਪਏ ਤੇ ਡੈੱਕ ਉਪਰ ਆਕੇ ਦੇਖਣ ਲਗੇ। ਸਾਹਮਣੇ ਤਿੰਨੇ ਸਾਧੂ ਆ ਰਹੇ ਸਨ ਤੇ ਇਸ਼ਾਰਾ ਕਰਦੇ ਸਨ ਕਿ ਜਹਾਜ਼ ਨੂੰ ਠਹਿਰਾ ਲਓ। ਪੈਰ ਹਿਲਾਣ ਤੋਂ ਬਿਨਾਂ ਤਿੰਨੇ ਹੀ ਪਾਣੀ ਉਪਰ ਤਿਲਕੇ ਆਉਂਦੇ ਸਨ, ਜਹਾਜ਼ ਦੇ ਠਹਿਰਨ ਤੋਂ ਪਹਿਲਾਂ ਹੀ ਉਹ ਅਪੜ ਗਏ ਤੇ ਜਹਾਜ਼ ਵਲ ਸਿਰ ਉਚਾ ਕਰਕੇ ਕਹਿਣ ਲਗੇ:"ਹੇ ਪੰਡਤ ਜੀ,ਹੇ ਰਬ ਨੂੰ ਪਹੁੰਚੇ ਹੋਏ, ਅਸੀਂ ਆਪਣਾ ਸਬਕ ਭੁਲ ਗਏ ਹਾਂ, ਜਿੰਨਾਂ ਚਿਰ ਅਸੀਂ ਮੂੰਹ ਨਾਲ ਕਹਿੰਦੇ ਰਹੇ ਚੇਤੇ ਰਿਹਾ, ਪਰ ਜਦ ਇਕ ਵਾਰੀ ਅਸੀਂ ਆਖਣਾ ਬੰਦ ਕੀਤਾ ਤਾਂ ਇਕ ਇਕ ਕਰਕੇ ਸਾਨੂੰ ਸਾਰੇ ਸ਼ਲੋਕ ਭੁਲ ਗਏ। ਹੁਣ ਤਾਂ ਸਾਨੂੰ ਕੋਈ ਅਖਰ ਚੇਤੇ ਰਿਹਾ ਹੀ ਨਹੀਂ, ਕਿਰਪਾ ਕਰੋ ਤੇ ਮੰਤ੍ਰ ਫੇਰ ਪੜ੍ਹਾਉ।

ਪੰਡਤ ਜੀਨੇ ਅਦਬ ਨਾਲ ਹਥ ਜੋੜੇ ਤੇ ਸਿਰ ਨੀਵਾਂ ਕਰਕੇ ਕਹਿਣ ਲਗਾ, "ਤੁਸੀਂ ਰੱਬ ਨੂੰ ਪਹੁੰਚੇ ਹੋਏ ਹੋ, ਮੇਰੇ ਮੰਤ੍ਰ ਨਾਲੋਂ ਤੁਸਾਡੀ ਬੇਨਤੀ ਵਧੀਕ ਫਲ ਦਾਇਕ ਹੈ, ਮੈਂ ਤੁਸਾਨੂੰ ਪੜ੍ਹਾਨ ਜੋਗਾ ਨਹੀਂ, ਮੇਰੇ ਵਰਗੇ ਪਾਪੀਆਂ ਤੇ ਵੀ ਮੋਹਰ ਕਰੋ।"

ਪੰਡਤ ਨੇ ਉਥੇ ਹੀ ਸਾਧੂਆਂ ਅਗੇ ਅਸ਼ਟਾਂਗ ਡੰਡੌਤ ਕੀਤੀ ਤੇ ਸਾਧੂ ਮੁੜ ਗਏ। ਜਿਥੇ ਸਾਧੂ ਅਲੋਪ ਹੋਏ ਸਨ, ਉਥੇ ਸੂਰਜ ਚੜ੍ਹਨ ਤੀਕ ਬਿਜਲੀ ਵਤ ਚਾਨਣ ਰਿਹਾ।

ਹਰ ਪ੍ਰਕਾਰ ਦੇ ਗ੍ਰੰਥ, ਕੰਘੇ, ਕੜੇ, ਗੁਟਕੇ
ਆਦਿਕ ਮੰਗਣ ਦਾ ਪਤਾ-
ਭਾਈ ਅਰਜਨ ਸਿੰਘ, ਜਮੀਅਤ ਸਿੰਘ
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ