ਚੰਬੇ ਦੀਆਂ ਕਲੀਆਂ/ਭੂਮਕਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਭੂਮਕਾ

ਮਹਾਤਮਾ ਟਾਲਸਟਾਏ ਜੀ ਰੂਸ ਦੇਸ ਦੇ ਵਸਨੀਕ ਸਨ। ਆਪਦਾ ਜਨਮ ਮਾਸਕੋ ਸ਼ਹਿਰ ਦੇ ਪਾਸ ਇਕ ਪਿੰਡ ਵਿਚ ੯ ਸਤੰਬਰ ੧੮੨੮ ਨੂੰ ਹੋਇਆ ਅਤੇ ੭੨ ਸਾਲ ਦੀ ਆਯੂ ਭੋਗਕੇ ਆਪ ਨਵੰਬਰ ੧੯੧੦ ਵਿਚ ਕਾਲ ਵਸ ਹੋ ਗਏ।

ਸੰਸਕ੍ਰਿਤ ਦਾ ਇਕ ਕਥਨ ਹੈ ਕਿ ਮਹਾੲਮਾਂ ਪੁਰਸ਼ਾਂ ਵਾਸ਼ਤੇ ਸਾਰੀ ਸ੍ਰਿਸ਼ਟੀ ਇਕੋ ਕੁਟੰਬ ਸਮਾਨ ਹੈ। ਹੋਛ ਤੇ ਛੋਟੇ ਆਦਮੀ ਕਹਿਦੇ ਹਨ ਇਹ ਮੇਰੀ ਕੌਮ ਹੈ, ਇਹ ਮੇਰਾ ਮੁਲਕ ਹੈ ਪਰ ਗਿਆਨੀ ਪੁਰਸ਼ ਸਾਰੇ ਸੰਸਾਰ ਨੂੰ ਆਪਣੇ ਕੁਟੰਬ ਦੀ ਨਿਆਈਂ ਸਮਝਦੇ ਹਨ। ਇਸ ਵਿਚਾਰ ਨੂੰ ਮੁਖ ਰਖਦਿਆਂ ਕਹਿ ਸਕਦੇ ਹਾਂ ਕਿ ਮਹਾਤਮਾਂ ਟਾਲਸਟਾਏ ਜੀ ਪੂਰੇ ਗਿਆਨੀ ਸਨ। ਆਪ ਨੇ ਸਾਰੇ ਸੰਸਾਰ ਦੇ ਦੁਖੀ ਆਦਮੀਆਂ ਨੂੰ ਆਪਣੇ ਭਰਾ ਸਮਝਕੇ ਉਨ੍ਹਾਂ ਨਾਲ ਪਿਆਰ ਕੀਤਾ। ਇਹੋ ਕਾਰਨ ਸੀ ਕਿ ਜਦ ਮਹਾਤਮਾ ਜੀ ਕਾਲ ਵਸ ਹੋ ਗਏ ਤਾਂ ਉਨ੍ਹਾਂ ਦੀ ਅਰਥੀ ਦੇ ਨਾਲ ਹਜ਼ਾਰਾਂ ਕਿਰਸਾਨ ਢਾਹਾਂ ਮਾਰਦੇ ਅਤੇ ਵੈਰਾਗ ਕਰਦੇ ਤੁਰਦੇ ਗਏ॥

ਮਹਾਤਮਾਂ ਪੁਰਸ਼ ਦੀ ਏਹ ਪਛਾਣ ਹੈ ਕਿ ਉਸਦਾ ਉਪਦੇਸ਼ ਸਰਬ ਸੰਸਾਰ ਵਾਸਤੇ ਸਾਂਝਾ ਹੁੰਦਾ ਹੈ। ਮਹਾਤਮਾ ਟਾਲਸਟਾਏ ਜੀ ਦਾ ਉਪਦੇਸ਼ ਕੇਵਲ ਰੂਸੀਆਂ ਵਾਸਤੇ ਹੀ ਨਹੀਂ ਸੀ। ਉਨ੍ਹਾਂਦੇ ਜੀਂਦਿਆਂ ਉਨ੍ਹਾਂਦੀਆਂ ਰਚਿਤ ਪੁਸਤਕਾਂ ਦੀ ਇਤਨੀ ਕਦਰ ਹੋਈ ਕਿ ਅੱਸੀ ਤੋਂ ਵਧ ਜ਼ਬਾਨਾਂ ਵਿਚ ਕਈ ਪੁਸਤਕਾਂ ਦੇ ਤਜਰਮੇ ਹੋ ਗਏ। ਭਾਵੇਂ ਇਤਰਾਜ਼ ਕਰਨ ਵਾਲੇ ਦਵੈਖੀ ਪੁਰਸ਼ ਉਸ ਸਮੇਂ ਭੀ ਟਾਲਸਟਾਏ ਦੇ ਉਚ ਸਿਧਾਂਤਾਂ ਦੀ ਵਿਰੋਧਤਾ ਕਰਦੇ ਰਹੇ ਅਤੇ ਹੁਣ ਭੀ ਯਤਨ ਕਰ ਰਹੇ ਹਨ ਕਿ ਇਹ ਸਿਧਾਂਤ ਰੂਸ ਵਿਚ ਹੀ ਰਹਿਣ। ਰੂਸ ਤੋਂ ਬਾਹਰਲੇ ਦੇਸਾਂ ਨੂੰ ਰੂਸ ਦੇ ਵਿਰੁਧ ਐਵੇਂ ਗਲਾਂ ਕਰਕੇ ਭੜਕਾਇਆ ਜਾਂਦਾ ਹੈ ਪਰ ਸੂਰਜ ਦੇ ਚਾਨਣੇ ਨੂੰ ਕੌਣ ਲੁਕਾ ਸਕਦਾ ਹੈ। ਇਸ ਨੇ ਅਵੱਸ਼ ਹੀ ਪ੍ਰਕਾਸ਼ ਹੋਣਾ ਹੈ॥

ਮਹਾਤਮਾਂ ਜੀ ਦਾ ਸਭ ਤੋਂ ਵੱਡਾ ਉਪਦੈਸ਼ ਇਹ ਸੀ ਕਿ "ਬੁਰਾਈ ਦਾ ਟਾਕਰਾ ਨਾ ਕਰੋ, ਇਸ ਨੂੰ ਪ੍ਰੇਮ ਨਾਲ ਜਿਤੋ"। ਆਪ ਦੇਸ਼ਾਂਤ੍ਰੀ ਯੁਧਾਂ ਸਖਤ ਵਿਰੋਧੀ ਸਨ। ਜਦ ਆਪ ਜਵਾਨ ਸਨ ਤਾਂ ਕਰੀਮੀਆ ਦੀ ਲੜਾਈ ਵਿਚ ਆਪ ਨੂੰ ਅੰਗ੍ਰੇਜ਼ਾਂ ਅਰ ਫ੍ਰਾਂਸੀਸੀਆਂ ਦੇ ਵਿਰੁਧ ਜੰਗ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਰਾਜਾ ਅਸ਼ੋਕ ਵਾਂਗ ਆਪ ਇਕੇ ਲੜਾਈ ਤੋਂ ਸਿਖਿਆ ਲੈਕੇ ਕਿਨਾਰੇ ਬੈਠ ਗਏ। ਆਪਦਾ ਕਥਨ ਹੈ ਕਿ ਮੈਨੂੰ ਪਤਾ ਨਹੀਂ ਲਗਦਾ ਕਿ ਜੇਹੜੇ ਈਸਾਈ ਪ੍ਰਚਾਰ ਕਰਦੇ ਹਨ ਕਿ ਆਪਣੇ ਗੁਆਂਢੀ ਨਾਲ ਪਿਆਰ ਕਰੋ ਉਹ ਲੜਾਈ ਵਿਚ ਅਕਾਰਨ ਹੀ ਓਪਰੇ ਆਦਮੀਆਂ ਦੇ ਸਰੀਰ ਵਢਕੇ ਉਨ੍ਹਾਂ ਦਾ ਲਹੂ ਅਤੇ ਮਿੱਝ[1] ਵੇਖਕੇ ਕਿਉਂ ਪ੍ਰਸੰਨ ਹੁੰਦੇ ਹਨ॥

ਸ਼ੁਕਰ ਹੈ ਕਿ ਦੁਨੀਆ ਹੌਲੇ ੨ ਇਨ੍ਹਾਂ ਅਸੂਲਾਂ ਵਲ ਆ ਰਹੀ ਹੈ। ਯੂਰਪੀਨ ਕੌਮਾਂ ਦੀ ਲੀਗ (ਸਭਾ) ਅਜ ਕਲ ਸੋਚ ਰਹੀ ਹੈ ਕਿ ਲੜਾਈ ਭੜਾਈ ਨੂੰ ਉਕਾ ਹੀ ਬੰਦ ਕਰਕੇ ਫੌਜਾਂ ਨੂੰ ਬਹੁਤ ਘਟ ਕੀਤਾ ਜਾਵੇ। ਕਿਰਤ ਅਤੇ ਕਿਸਾਨ ਲੋਕਾਂ ਦੀ ਕਦਰ ਵਧ ਰਹੀ ਹੈ ਅਤੇ ਹੌਲੇ ੨ ਲੋਕ ਸਮਝ ਰਹੇ ਹਨ ਕਿ ਦੁਨੀਆਂ ਵਿਚ ਸ਼ਾਂਤੀ ਖੰਡੇ ਨਾਲ ਨਹੀਂ ਬਲਕਿ ਹੱਲ ਪੰਜਾਲੀ ਨਾਲ ਫੈਲੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਹੈ ਕਿ ਜਦ ਸੁਧਾਰ ਦੇ ਹੋਰ ਸਾਰੇ ਤਰੀਕੇ ਫੇਹਲ ਹੋ ਜਾਣ ਤਾਂ ਖੰਡੇ ਨੂੰ ਹਥ ਵਿਚ ਲੈਣਾ ਚਾਹੀਦਾ ਹੈ। ਪਰ ਯੂਰਪੀ ਕੌਮਾਂ ਇਸ ਪ੍ਰੇਮ ਵਾਲੇ ਅਸੂਲ ਨੂੰ ਭੁਲਕੇ ਸ਼ੁਰੂ ਵਿਚ ਹੀ ਪ੍ਰੇਮ ਦੀ ਥਾਂ ਖੰਡਾ ਫੜਨ ਦੇ ਹੱਕ ਵਿਚ ਰਹੀਆਂ ਹਨ। ਸ਼ੁਕਰ ਹੈ ਕਿ ਉਨ੍ਹਾਂ ਨੂੰ ਹੁਣ ਹੋਸ਼ ਆ ਰਹੀ ਹੈ।

ਮਹਾਤਮਾਂ ਜੀ ਦੀਆਂ ਕੁਝ ਕਹਾਣੀਆਂ ਦੇ ਆਧਾਰ ਤੇ ਮੈਂ ਇਹ ਬਾਰਾਂ ਕਹਾਣੀਆਂ ਲਿਖੀਆਂ ਹਨ। ਮਹਾਤਮਾਂ ਜੀ ਨੇ ਆਪ ਭੀ ਇਨ੍ਹਾਂ ਕਹਾਣੀਆਂ ਦੇ ਮਜ਼ਮੂਨ ਹਰਨਾਂ ਜ਼ਬਾਨਾਂ ਦੀਆਂ ਪੁਸਤਕਾਂ ਵਿਚੋਂ ਲਏ ਸਨ। ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਰੂਸੀ ਨਾਮ ਅਤੇ ਸੀਨ ਦੀ ਥਾਂ ਪੰਜਾਬੀ ਨਾਮ ਅਤੇ ਨਜ਼ਾਰੇ ਹੋਣ। ਜੀਵਨ ਦਾ ਸਵਾਲ ਸਾਰੇ ਇਨਸਾਨਾਂ ਲਈ ਇਕੋ ਜਿਹਾ ਹੈ, ਜੇਹੜੀਆਂ ਬੁਰਾਈਆਂ ਨੂੰ ਮਹਾਤਮਾਂ ਜੀ ਰੂਸੀ ਆਦਮੀਆਂ ਵਿਚੋਂ ਦੂਰ ਕਰਨਾ ਚਾਹੁੰਦੇ ਸਨ ਉਹ ਪੰਜਾਬੀ ਪੁਰਸ਼ਾਂ ਵਿਚ ਭੀ ਹਨ, ਇਸ ਲਈ ਸਿਖਿਆ ਸਾਰਿਆਂ ਵਾਸਤੇ ਸਾਂਝੀ ਹੈ॥

ਆਪਣੀ ਦੇਸ਼-ਬੋਲੀ ਦੀ ਸੇਵਾ ਦੇ ਖਿਆਲ ਤੇ ਇਹ ਕਹਾਣੀਆਂ ਪੁਸਤਕ ਦੀ ਸ਼ਕਲ ਵਿਚ ਪਾਠਕਾਂ ਦੀ ਭੇਟਾ ਹਨ, ਆਸ਼ਾ ਹੈ ਵਿਚਾਰਵਾਨ ਸਜਨ ਲਾਭ ਪ੍ਰਾਪਤ ਕਰਨਗੇ।

ਸਰਗੋਧਾ 
੩ ਨਵੰਬਰ ੧੯੨੭
ਦਾਸ-ਅਭੈ ਸਿੰਘ
ਬੀ. ਏ. ਬੀ. ਟੀ.

ਦੂਜੇ ਐਡੀਸ਼ਨ ਬਾਬਤ ਬੇਨਤੀ

ਫ਼ਰਵਰੀ ੧੯੨੮ ਵਿਚ ਜਦ ਇਹ ਪੁਸਤਕ ਪੈਹਲੀ ਵਾਰ ਛਪੀ ਅਤੇ ਵਿਦਵਾਨ ਸਜਨਾਂ ਦੇ ਹਥ ਅਪੜੀ, ਤਾਂ ਇਸ ਦੀ ਉਹ ਕਦਰ ਹੋਈ ਜਿਹੜੀ ਮੈਂ ਕਦੀਂ ਸੁਪਨੇ ਵਿਚ ਭੀ ਖਿਆਲ ਨਹੀਂ ਸੀ ਕਰਦਾ। ਪੰਜਾਬ ਟੈਕਸਟ ਬੁਕ ਕਮੇਟੀ ਨੇ ਇਸਦੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਲਾਇਬ੍ਰੇਰੀਆਂ ਲਈ ਮਨਜ਼ੂਰ ਕੀਤਾ ਤੇ ਇਸਦੀਆਂ ਕਈ ਜਿਲਦਾਂ ਖ੍ਰੀਦਕੇ ਸਕੂਲਾਂ ਨੂੰ ਮੁਫਤ ਭੇਟਾ ਕੀਤੀਆਂ। ਇਸੇਤ੍ਰਾਂ ਹੀ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਨੇ ਭੀ ਕਾਫੀ ਗਿਣਤੀ ਵਿਚ ਜਿਲਦਾਂ ਖਰੀਦਕੇ ਆਸ਼੍ਰਮਾਂ ਨੂੰ ਭੇਜੀਆਂ। ਕੁਝ ਖਾਲਸਾ ਸਕੂਲਾਂ ਵਿਚ ਇਹ ਪੁਸਤਕ ਬਤੌਰ ਪੜ੍ਹਾਈ ਦੀ ਪੁਸਤਕ ਦੇ (Supplementary Readers) ਇਸਤੇਮਾਲ ਹੁੰਦੀ ਰਹੀ। ਮੇਰੇ ਆਪਣੇ ਮਿੱਤ੍ਰਾਂ ਤੋਂ ਬਿਨਾਂ ਬੇ-ਅੰਤ ਕ੍ਰਿਪਾਲੂਆਂ ਨੇ ਜਿਨਹਾਂ ਦੇ ਮੈਂ ਅਜ ਤਕ ਦਰਸ਼ਨ ਭੀ ਨਹੀਂ ਕੀਤੇ, ਪੁਸਤਕ ਦੀ ਤਾਰੀਫ ਵਿਚ ਮੈਨੂੰ ਅਤੇ ਪ੍ਰਕਾਸ਼ਕ ਨੂੰ ਚਿਠੀਆਂ ਲਿਖੀਆਂ। ਸਤਿਗੁਰੂ ਸਚੇ ਪਾਤਸ਼ਾਹ ਦਾ ਕੋਟਾਨ-ਕੋਟ ਧੰਨਵਾਦ ਹੈ ਕਿ ਮੇਹਨਤ ਸੁਫ਼ਲ ਹੋਈ।

ਦੂਜੇ ਐਡੀਸ਼ਨ ਵਿਚ ਸਿਵਾਏ ਕੁਝ ਮਾਮੂਲੀ ਅਦਲਾ ਬਦਲੀ ਦੇ ਅਤੇ ਛਾਪੇ ਦੀਆਂ ਪੁਰਾਣੀਆਂ ਗਲਤੀਆਂ ਸੋਧਣ ਦੇ ਹੋਰ ਕੋਈ ਖਾਸ ਤਬਦੀਲੀ ਨਹੀਂ ਕੀਤੀ ਗਈ। ਗੁਰਮੁਖੀ ਛਪਵਾਈ ਦੇ ਰੇਟ ਗਿਰ ਜਾਣ ਦੇ ਕਾਰਨ ਪੁਸਤਕ ਦੀ ਕੀਮਤ ਭੀ ਪਹਿਲੇ ਨਾਲੋਂ ਘਟ ਕਰ ਦਿਤੀ ਗਈ ਹੈ ਤਾਂ ਜੋ ਪੁਸਤਕ ਦੇ ਕਦਰਦਾਨ ਸਜਨਾਂ ਪਰ ਨਾਜਾਇਜ਼ ਬੋਝ ਨਾ ਪਵੇ।

ਸ੍ਰੀ ਅੰਮ੍ਰਿਤਸਰ ਅਪ੍ਰੈਲ ੧੯੩੩] [ਦਾਸ-ਅਭੈ ਸਿੰਘ

  1. ਹੱਡੀਆਂ ਵਿਚਲਾ ਸੰਘਣਾ ਤਰਲ ਪਦਾਰਥ