ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਰਾਜਾ ਰਸਾਲੁੂ

ਵਿਕੀਸਰੋਤ ਤੋਂ


ਰਾਜਾ ਰਸਾਲੂ

ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ 'ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ-ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ਼ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ਼ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿਚ ਗਾਂਵਿਆ ਹੈ।

ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ ਭਰਾ, ਜੋ ਸਲਵਾਨ ਦੀ ਢਲਦੀ ਉਮਰ ਵਿਚ ਰਾਣੀ ਲੂਣਾਂ ਦੀ ਕੁੱਖੋਂ ਪੂਰਨ ਦੇ ਵਰ ਨਾਲ਼ ਪੈਦਾ ਹੋਇਆ।

ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖ਼ੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ... ਸਾਰੇ ਸ਼ਹਿਰ ਵਿਚ ਘਿਓ ਦੇ ਦੀਵੇ ਬਾਲ਼ੇ ਗਏ, ਖ਼ੈਰਾਤਾਂ ਵੰਡੀਆਂ ਗਈਆਂ ਪਰੰਤੁ ਵਹਿਮਾਂ-ਭਰਮਾਂ 'ਚ ਗਰੱਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ, "ਰਾਜਨ ਪੂਰੇ ਬਾਰ੍ਹਾਂ ਵਰ੍ਹੇ ਇਹਦੇ ਮੱਥੇ ਨਾ ਲੱਗੀਂ, ਨਹੀਂ ਤੇਰੀ ਮੌਤ ਹੋ ਜਾਵੇਗੀ।"

ਰਾਜਾ ਸਲਵਾਨ ਸੋਚੀ ਪੈ ਗਿਆ... ਆਪਣੇ ਵਜ਼ੀਰਾਂ ਨਾਲ਼ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ, "ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ 'ਚ ਪਾ ਦੇਵੋ।"

ਕੇਹਾ ਬਾਪ ਸੀ ਉਹ ਜਿਹੜਾ ਸੁੱਖਾਂ-ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ... ਲੂਣਾਂ ਕੁਰਲਾਉਂਦੀ ਰਹੀ... ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ... ਅਲੂਏਂ ਜੁਆਕ ਨੂੰ ਇਕ ਵੱਖਰੇ ਮਹਿਲ ਵਿਚ ਭੇਜ ਦਿੱਤਾ ਗਿਆ...। ਉਸ ਮਹਿਲ ਵਿਚੋਂ ਰਸਾਲੂ ਲਈ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇਕ ਤਰਖਾਣਾਂ ਦਾ ਮੁੰਡਾ ਤੇ ਇਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ਼ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈਂ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ।

ਮਾਂ-ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ, ਮਹੀਨੇ, ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜ-ਸਵਾਰੀ, ਸ਼ਸਤਰ ਸਿੱਖਿਆ, ਤੀਰ-ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸਰੀਰ ਨੂੰ ਸਢੋਲ ਤੇ ਗੇਲੀ ਵਰਗਾ ਮਜਬੂਤ ਬਣਾ ਦਿੱਤਾ... । ਅੱਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿਚ ਰਹਿ ਸਕਦੀ ਹੈ। ਰਾਜੇ ਦੇ ਸਖ਼ਤ ਹੁਕਮ ਵੀ ਉਸ ਨੂੰ ਰੋਕ ਨਾ ਸਕੇ। ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ।
ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਰਸਾਲੂ ਆਪਣੇ ਬਾਂਕੇ ਘੋੜੇ 'ਤੇ ਅਸਵਾਰ ਹੋ ਕੇ ਸ਼ਹਿਰ ਵਿਚ ਗੇੜਾ ਮਾਰਨ ਲੱਗਾ। ਕਈ ਅਵੱਲੜੇ ਸ਼ੌਕ ਉਸ ਨੇ ਪਾਲ਼ੇ ਹੋਏ ਸਨ... ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮੁਟਿਆਰਾਂ ਦੇ ਗੁਲੇਲਾਂ ਨਾਲ਼ ਘੜੇ ਭੰਨ ਕੇ ਅਨੂਠਾ ਸੁਆਦ ਆਉਂਦਾ ਸੀ...। ਨਿੱਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ। ਲੂਣਾਂ ਕੋਲ਼ ਮੁਟਿਆਰਾਂ ਨੇ ਜਾ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਨ੍ਹਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਣਾਂ ਨਾਲ਼ ਉਨ੍ਹਾਂ ਵਿਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ। ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁਖ-ਦੁਆਰ 'ਤੇ ਖੜਾ ਕਰ ਦਿੱਤਾ।
ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦੁਆਰ 'ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ ਨਿਕਾਲੇ ਦਾ ਹੁਕਮ ਹੈ। ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨ੍ਹੀਂ ਪੈਰੀਂ ਵਾਪਸ ਮੁੜ ਗਿਆ। ਉਹਨੇ ਆਪਣੇ ਨਾਲ਼ ਪੰਜ ਸੱਤ ਗੱਭਰੂ ਲਏ, ਹਥਿਆਰਾਂ ਨਾਲ਼ ਲੈਸ ਹੋ ਕੇ ਘੋੜੇ 'ਤੇ ਅਸਵਾਰ ਹੋ ਉਹ ਨਵੀਆਂ ਰਾਹਾਂ ਦੀ ਭਾਲ਼ ਲਈ ਤੁਰ ਪਿਆ। ਹੁਣ ਉਹਦੇ ਲਈ ਚਾਰੇ ਜਾਗੀਰਾਂ ਖੁੱਲ੍ਹੀਆਂ ਸਨ।
ਹੁਸਨਾਂ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿੱਸੇ ਆਂਢੀ-ਗੁਆਂਢੀ ਰਾਜ ਦਰਬਾਰਾਂ ਦੇ ਮਹਿਲਾਂ ਤਕ ਫੈਲ ਗਏ ਸਨ। ਕਈ ਸ਼ਹਿਜ਼ਾਦੀਆਂ ਉਹਦਾ ਮੁੱਖੜਾ ਦੇਖਣ ਲਈ ਤਰਸ ਰਹੀਆਂ ਸਨ।
ਆਥਣ ਪਸਰ ਰਹੀ ਸੀ ਜਦੋਂ ਰਸਾਲੁ ਨੀਲੇ ਸ਼ਹਿਰ ਪੁੱਜਾ। ਸ਼ਹਿਰ ਦੇ ਦੁਆਰ 'ਤੇ ਉਹਨੂੰ ਇਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ। "ਤੈਨੂੰ ਕਿਹੜਾ ਦੁੱਖ ਐ ਜੀਹਦੇ ਕਾਰਨ ਐਨਾ ਵਿਰਲਾਪ ਕਰ ਰਹੀ ਐਂ?" "ਵੇ ਪੁੱਤ ਪਰਦੇਸੀਆ ਕੀ ਦੱਸਾਂ", ਬੁੱਢੀ ਮਾਈ ਘੋੜ ਸਵਾਰ ਵਲ ਤਰਸੇਵੇਂ ਭਰੀਆਂ ਅੱਖਾਂ ਨਾਲ਼ ਦੇਖਦੀ ਹੋਈ ਬੋਲੀ, "ਮੈਂ ਸੱਤ ਪੁੱਤਾਂ ਦੀ ਮਾਂ ਆਂ, ਏਸ ਸ਼ਹਿਰ ਦੇ ਨਾਲ਼ ਦੀ ਨਗਰੀ ਆਦਮਖੋਰ ਦਿਉਆਂ ਦੀ ਐ। ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ਼ ਇਕ ਗੱਭਰੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਭੇਜਦੇ ਨੇ...। ਵਾਰੋ-ਵਾਰੀ ਮੇਰੇ ਛੇ ਪੁੱਤ ਆਦਮ-ਖੋਰਾਂ ਦਾ ਖਾਜਾ ਬਣ ਚੁੱਕੇ ਨੇ... ਅੱਜ ਫੇਰ ਸੱਤਵੇਂ ਦੀ ਵਾਰੀ ਐ...।"
ਮਾਈ ਦਾ ਵਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ। ਉਹਨੇ ਮਾਈ ਨੂੰ ਧਰਵਾਸਾ ਦਿੰਦਿਆਂ ਆਖਿਆ, "ਮਾਤਾਂ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ।"
ਮਾਈ ਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਆਂ ਅਸੀਸਾਂ ਦਿੱਤੀਆਂ। ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾਂ ਖਾਜਾ ਬਣਨ ਲਈ ਲੈ ਤੁਰੇ ... । ਘੋੜੇ 'ਤੇ ਅਸਵਾਰ ਰਸਾਲੂ ਦਾ ਜਾਹੋ-ਜਲਾਲ ਝੱਲਿਆ ਨਹੀ ਸੀ ਜਾਂਦਾ। ਆਦਮਖੋਰਾਂ ਦੀ ਨਗਰੀ 'ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿਚੋਂ ਧੂਹ ਲਈ ਤੇ ਲੱਗਾ ਵਾਰ 'ਤੇ ਵਾਰ ਕਰਨ ...। ਆਦਮਖੋਰਾਂ 'ਚ ਥਰਥੱਲੀ ਮੱਚ ਗਈ। ਕਿਸੇ ਦਾ ਸਿਰ ਵੱਢਿਆ ਗਿਆ, ਕਿਸੇ ਦੀ ਬਾਂਹ...। ਉਨ੍ਹਾਂ ਦਾ ਸਰਦਾਰ ਪਹਿਲੀ ਸੱਟੇ ਹੀ ਮਾਰਿਆ ਗਿਆ। ਉਹ ਹਾਲ ਦੁਹਾਈ ਪਾਉਂਦੇ ਹੋਏ ਉਥੋਂ ਭੱਜ ਗਏ...। ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈਅ ਨਹੀਂ ਸੀ ਰਿਹਾ। ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ-ਵਾਰੇ ਜਾ ਰਹੇ ਸਨ।
ਸ਼ੂਕਦੇ ਦਰਿਆ ਭਲਾ ਕਦੋਂ ਰੁਕਦੇ ਨੇ, ਕੁਝ ਦਿਨ ਨੀਲੇ ਸ਼ਹਿਰ ਵਿਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋਡੀਨਗਰ ਵਿਚ ਜਾ ਪ੍ਰਵੇਸ਼ ਕੀਤਾ। ਉਸ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ। ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੋੜ ਪੁੱਤਰ ਹੈ। ਰਸਾਲੂ ਹਰੀ ਚੰਦ ਦੇ ਬਾਗ਼ ਵਿਚ ਸੁੱਤਾ ਪਿਆ ਸੀ। ਐਨੇ ਨੂੰ ਹਰੀ ਚੰਦ ਦੀ ਪੁੱਤਰੀ ਰਾਜ ਕੁਮਾਰੀ ਸੌਂਕਣੀ ਸੈਰ ਕਰਦੀ ਉਥੇ ਆ ਗਈ... ਛੈਲ-ਛਬੀਲਾ ਗੱਭਰੂ ਵੇਖ ਉਹ ਆਪਣੀ ਸੁੱਧ-ਬੁੱਧ ਗਵਾ ਬੈਠੀ... ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿਚ ਕੀਲਿਆ ਗਿਆ... ਪਿਆਰ ਭਰੇ ਬੋਲਾਂ ਨਾਲ਼ ਦੋਹਾਂ ਨੇ ਸਾਂਝ ਪਾ ਲਈ... ਸੌਂਕਣੀ ਨੇ ਆਪਣੇ ਬਾਪ ਕੋਲ਼ ਗੱਲ ਕੀਤੀ... ਹਰੀ ਚੰਦ ਰਸਾਲੂ ਨੂੰ ਆਪਣੇ ਮਹਿਲੀਂ ਲੈ ਆਇਆ...। ਸੌਂਕਣੀ ਦੇ ਵਰ ਦੀ ਭਾਲ਼ ਵਿਚ ਉਹਨੇ ਕਈ ਵਰ੍ਹੇ ਲੰਘਾ ਦਿੱਤੇ ਸਨ ਪਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟੱਕਰਿਆ...। ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ਼ ਕਰਨ ਦਾ ਫ਼ੈਸਲਾ ਕਰ ਲਿਆ। ਰਸਾਲੂ ਕਾਫ਼ੀ ਸਮਾਂ ਹਰੀ ਚੰਦ ਦੇ ਮਹਿਲਾਂ ਵਿਚ ਟਿਕਿਆ ਰਿਹਾ, ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ, ਕਦੀ ਦੋਹਮਨ ਨਾਂ ਦੇ ਗੱਭਰੂ ਨਾਲ਼ ਚੌਪਟ ਖੇਡਦਾ ਰਹਿੰਦਾ। ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ 'ਤੇ ਫ਼ਿਦਾ ਹੈ। ਦੋਹਮਨ ਤੇ ਸੌਂਕਣੀ ਅਕਸਰ ਲੁਕ ਕੇ ਮਿਲਦੇ ਰਹਿੰਦੇ ਸਨ। ਇਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ਼ ਚੌਪਟ ਖੇਡ ਰਿਹਾ ਸੀ... ਉਹ ਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੱਖੀ ਜਾਂਦਾ ਹੈ। ਉਸ ਨੂੰ ਸ਼ੱਕ ਪਿਆ... ਉਸ ਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ਼ ਰੱਖ ਲਿਆ... ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿਚ ਖੜ੍ਹੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿਚ ਪਿਆ... ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹੀ... ਰਸਾਲੂ ਨੇ ਆਪਣੇ ਮਨ ਨਾਲ਼ ਪੱਕਾ ਫ਼ੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ਼ ਕਰਵਾ ਦਿੱਤਾ। ਦੋ ਦਿਲਾਂ ਨੂੰ ਜੋੜ ਆਪ ਅਗਾਂਹ ਤੁਰ ਗਿਆ।
ਸਮਾਂ ਬੀਤਦਾ ਗਿਆ... ਕਈ ਵਰ੍ਹੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਘਾਈ ਰੱਖਿਆ... ਕਈ ਛੋਟੇ-ਮੋਟੇ ਰਾਜਿਆਂ ਨਾਲ ਮੁਠਭੇੜਾਂ ਹੋਈਆਂ... ਕਈ ਰਾਜ ਖੋਹੇ ਤੇ ਛੱਡੇ।
ਅਟਕ ਦੇ ਪਾਰ ਦਰਿਆ ਦੇ ਕੰਢੇ 'ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕੱਪ ਦੀ ਕਨਸੋਅ ਰਾਜਾ ਰਸਾਲੂ ਦੇ ਕੰਨੀਂ ਪਈ। ਸਿਰਕੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲ਼ੇ ਦਾ ਸਿਰ ਵੱਢ ਲੈਂਦਾ ਸੀ। ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਰਸਾਲੂ ਨੇ ਸਿਰਕੱਪ ਨਾਲ਼ ਚੌਪਟ ਖੇਡਣ ਦਾ ਫ਼ੈਸਲਾ ਕਰ ਲਿਆ ਅਤੇ ਸਿਰੀਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ਼ ਵਿਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਬਾਗ਼ ਵਿਚ ਪੁੱਜਾ ਤਾਂ ਸਿਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ ਸੱਠ ਸਹੇਲੀਆਂ ਨਾਲ਼ ਪੀਂਘ ਝੂਟ ਰਹੀ ਸੀ। ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ। ਹੁਸਨ ਮਚਲਿਆ... ਇਸ਼ਕ ਤੜਪਿਆ... ਰਾਜਕੁਮਾਰੀ ਨੇ ਰਸਾਲੂ ਵਲ ਵੇਖਿਆ ਤੇ ਬੁਲ੍ਹੀਆਂ 'ਚ ਮੁਸਕਰਾ ਕੇ ਬੋਲੀ, "ਅੜਿਆ! ਇਕ ਪੀਂਘ ਦਾ ਝੂਟਾ ਈ ਦੇ ਛੱਡ, ਦੇਖਾਂ ਕਿੰਨਾ ਕੁ ਜ਼ੋਰ ਐ ਤੇਰੇ ਡੌਲ਼ਿਆਂ 'ਚ!"
"ਹੁਸਨ ਦੀਏ ਪਰੀਏ ਤੂੰ 'ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ਼ ਲੈ ਕੇ ਪੀਂਘ 'ਤੇ ਚੜ੍ਹ ਜਾ, 'ਕੱਠੀਆਂ ਨੂੰ ਈ ਝੂਟਾ ਦੇ ਦੇਂਦਾ ਹਾਂ।" ਰਸਾਲੂ ਨੇ ਆਪਣੇ ਡੌਲਿਆਂ 'ਤੇ ਮਾਣ ਕਰਦਿਆਂ ਆਖਿਆ।
ਰਾਜਕੁਮਾਰੀ ਆਪਣੀਆਂ ਸੱਠਾਂ ਸਹੇਲੀਆਂ ਸਮੇਤ ਪੀਂਘ 'ਤੇ ਚੜ੍ਹ ਗਈ। ਰਾਜਾ ਰਸਾਲੂ ਨੇ ਪੀਂਘ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਘ ਅਧ ਅਸਮਾਨੇ ਪੁੱਜ ਗਈ। ਮੁੜਦੀ ਹੋਈ ਪੀਂਘ 'ਤੇ ਰਸਾਲੂ ਨੇ ਤਲਵਾਰ ਨਾਲ਼ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ 'ਤੇ ਡਿੱਗ ਪਈਆਂ... ਕਈਆਂ ਦੇ ਸੱਟਾਂ ਵੱਜੀਆਂ। ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ... ਉਹ ਘਬਰਾ ਗਿਆ... ਰਾਜਾ ਰਸਾਲੂ ਦੇ ਪੁੱਜਣ ਦੀ ਖ਼ਬਰ ਉਹ ਨੂੰ ਮਿਲ ਗਈ ਸੀ। ਰਸਾਲੂ ਨੇ ਸ਼ਹਿਰ ਦੇ ਦੁਆਰ 'ਤੇ ਪਏ ਸਿਰਕੱਪ ਦੇ ਦਸਾਂ ਦੇ ਦਸ ਧੌਂਸੇ ਪਹਿਲਾਂ ਹੀ ਭੰਨ ਸੁੱਟੇ ਸਨ। ਰਸਾਲੂ ਸਿਰਕੱਪ ਦੇ ਦਰਬਾਰ ਵਿਚ ਪੁੱਜ ਗਿਆ ਤੇ ਉਹਦੇ ਨਾਲ਼ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ। ਸਿਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ।
ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤੀ ਉਖੇੜਨ ਲਈ ਕਈ ਛੱਲ ਤੇ ਹਥਕੰਡੇ ਵਰਤਦਾ ਸੀ... ਉਹਨੇ ਆਪਣੇ ਸੱਜੇ-ਖੱਬੇ ਆਪਣੀਆਂ ਖ਼ੂਬਸੂਰਤ ਰਾਣੀਆਂ ਅਤੇ ਧੀਆਂ ਬਠਾ ਲੈਣੀਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋਟ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ... ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉੱਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ। ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੁ ਰਸਾਲੂ ਪੂਰੇ ਧਿਆਨ ਨਾਲ਼ ਚੌਪਟ ਖੇਡਦਾ ਰਿਹਾ ... ਰਾਣੀਆਂ ਦੇ ਹੁਸਨ ਦਾ ਜਾਦੂ ਉਸ 'ਤੇ ਨਾ ਚੱਲਿਆ... ਉਹ ਪਹਿਲੀ ਬਾਜ਼ੀ ਜਿੱਤ ਗਿਆ।
ਦੂਜੀ ਬਾਜ਼ੀ ਸ਼ੁਰੂ ਹੋਈ ਸਿਰਕੱਪ ਨੇ ਰਾਣੀਆਂ ਦੀ ਥਾਂ ਆਪਣੇ ਆਲ਼ੇ-ਦੁਆਲ਼ੇ ਕਈ ਨਫ਼ਰ ਬਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲਗੇ... ਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਤੇ ਨਾਲੋ-ਨਾਲ਼ ਆਪਣੀ ਚਾਲ ਵੀ ਚਲਦਾ ਰਿਹਾ... ਉਹ ਦੂਜੀ ਬਾਜ਼ੀ ਵੀ ਜਿੱਤ ਗਿਆ
ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ... ਸਿਰਕੱਪ ਦਾ ਤੀਜਾ ਛੱਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਜੋ ਹੌਲ਼ੀ ਦੇਣੇ ਚੌਪਟ ਉਤੋਂ ਲੰਘ ਕੇ ਗੋਟਾਂ ਨੂੰ ਹਲਾ ਦੇਂਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛੱਲ ਵੀ ਚੱਲਣ ਨਾ ਦਿੱਤਾ। ਉਹਨੇ ਆਪਣੀ ਜੇਬ੍ਹ ਵਿਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ਼ ਬਹਾ ਲਿਆ ਜਿਸ ਤੋਂ ਡਰ ਕੇ ਚੂਹੀਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜ਼ੀ ਵੀ ਜਿੱਤ ਗਿਆ। ਸਿਰਕੱਪ ਸਿਰ ਦੀ ਬਾਜ਼ੀ ਹਾਰ ਗਿਆ। ਐਨ ਉਸ ਸਮੇਂ ਇਕ ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ, "ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰ ਗਿਆ ਹਾਂ।" "ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ," ਰਾਜਾ ਰਸਾਲੂ ਸਿਰਕੱਪ ਨੂੰ ਮੁਖ਼ਾਤਿਬ ਹੋਇਆ, "ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕੈਂ ... ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ, ਉਹ ਹੁਣ ਮੇਰੀ ਹੈ।"
ਰਾਜਾ ਸਿਰਕੱਪ ਨਿਮੋਝੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜ੍ਹਾ ਸੀ, ਉਹ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ... ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਚਿਤਵ ਕੇ ਥਰ-ਥਰ ਕੰਬ ਰਿਹਾ ਸੀ। ਉਸ ਦੀਆਂ ਅੱਖੀਆਂ ਵਿਚ ਤਰਲਾ ਸੀ! ਜਾਨ ਬਖ਼ਸ਼ੀ ਲਈ ਉਹਦੇ ਬੁੱਲ੍ਹ ਕੰਬੇ।
ਦਿਆਵਾਨ ਰਸਾਲੂ ਦੇ ਮਨ ਵਿਚ ਦਿਆ ਆ ਗਈ, "ਤੈਨੂੰ ਇਕ ਸ਼ਰਤ 'ਤੇ ਮੁਆਫ਼ ਕਰ ਸਕਦਾ ਹਾਂ। ਤੂੰ ਤੱਤੇ ਤਵੇ 'ਤੇ ਮੱਥੇ ਨਾਲ਼ ਲਕੀਰਾਂ ਕੱਢ ਕੇ ਬਚਨ ਦੇ, ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ 'ਤੇ ਜੁਲਮ ਕਰੇਂਗਾ।"
ਆਪਣੀ ਜਾਨ ਬਖ਼ਸ਼ੀ ਲਈ ਸਿਰਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ ... ਰਸਾਲੂ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਰਾਜਾ ਸਿਰਕੱਪ ਨੇ ਬੜੇ ਆਦਰ ਨਾਲ਼ ਆਪਣੀ ਨਵਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇਕ ਥਾਲ ਵਿਚ ਸ਼ਗਨ ਵਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤਾ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ। ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰਾਹੁਣਾਚਾਰੀ ਮਾਣਨ ਪਿਛੋਂ ਰਾਜਾ ਰਸਾਲੂ ਅਗਾਂਹ ਜਾਣ ਦੀ ਤਿਆਰੀ ਕਰਨ ਲੱਗਾ।
ਸਿਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿਚ ਆਣ ਡੇਰੇ ਲਾਏ। ਉਥੇ ਉਹਨੇ ਇਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇਕ ਅੰਬ ਦਾ ਬੂਟਾ ਲਾ ਕੇ ਆਖਿਆ, "ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾਂ ਭਰ ਜੋਵਨ ਮੁਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ਼ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।"
ਕੋਕਲਾਂ ਨੂੰ ਇਸ ਪਹਾੜੀ ਮਹਿਲ ਵਿਚ ਰੱਖਿਆ ਗਿਆ। ਉਹ ਮਹਿਲ ਮਗਰੋਂ 'ਰਾਣੀ ਕੋਕਲਾਂ ਦੇ ਧੌਲਰ' ਦੇ ਨਾਂ ਨਾਲ ਪ੍ਰਸਿੱਧ ਹੋਇਆ। ਕੱਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲਪ੍ਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ਼ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਕੇਹੀ ਜ਼ਿੰਦਗੀ ਸੀ ਉਹਦੀ ਕੱਲਮ-ਕੱਲੀ। ਉਹ ਮਹਿਲ ਦੇ ਕਿੰਗਰਿਆਂ 'ਤੇ ਖੜ੍ਹ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ...। ਰਸਾਲੂ ਨਿੱਤ ਨਵੀਆਂ ਮੁਹਿੰਮਾਂ 'ਤੇ ਚੜ੍ਹਿਆ ਰਹਿੰਦਾ... ਉਹ ਨੂੰ ਸ਼ਿਕਾਰ ਖੇਡਣ ਦਾ ਅਵੱਲੜਾ ਰੋਗ ਸੀ... ਜੰਗਲ 'ਚ ਘੁੰਮਦਿਆਂ ਉਹ ਕੋਕਲਾਂ ਨੂੰ ਬਿਲਕੁਲ ਹੀ ਭੁੱਲ ਜਾਂਦਾ।
ਸਮਾਂ ਬੀਤਦਾ ਗਿਆ... ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ... ਇਹ ਕੋਕਲਾਂ ਦੇ ਭਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ... ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਂ ਦਾ ਭਖ-ਭਖ ਕਰਦਾ ਜੋਬਨ ਲਪਟਾਂ ਛੱਡ ਰਿਹਾ ਸੀ। ਕੋਕਲਾਂ ਦੇ ਧੌਲਰ ਐਨੇ ਸੁਰੱਖਿਅਤ ਸਨ ਕਿ ਉਥੇ ਚਿੜੀ ਤਕ ਨਹੀਂ ਸੀ ਫੜਕ ਸਕਦੀ। ਕੋਕਲਾਂ ਦਾ ਜੋਬਨ ਅੰਗੜਾਈਆਂ ਭੰਨ ਰਿਹਾ ਸੀ ਉਹ ਦੇ ਅੰਗ ਮਚਲ-ਮਚਲ ਜਾਂਦੇ ਸਨ... ਇਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਕਾਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ... ਕੋਕਲਾਂ ਕਿਸੇ ਨਾਲ਼ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ। ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿਚ ਬੈਠ ਕੇ ਰਸਾਲੂ ਨੂੰ ਉਡੀਕਦੀ।
ਇਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇਂ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ-ਖੇਡਦਾ ਰਾਣੀ ਕੋਕਲਾਂ ਦੇ ਧੌਲਰ ਕੋਲ਼ ਆ ਗਿਆ... ਰਾਣੀ ਕੋਕਲਾਂ ਨੇ ਵੇਖਿਆ ਇਕ ਨੌਜਵਾਨ ਹੇਠਾਂ ਖੜੋਤਾ ਆਲ਼ੇ-ਦੁਆਲ਼ੇ ਵੇਖ ਰਿਹਾ ਹੈ... ਉਹ ਨੇ ਉਪਰੋਂ ਖੰਘੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ... ਬਾਰੀ ਵਿਚ ਖੜੋਤਾ ਚੰਦ ਦਾ ਟੁਕੜਾ ਉਹਨੂੰ ਵਖਾਈ ਦਿੱਤਾ... ਦੋਹਾਂ ਦੇ ਨੈਣ ਮਿਲ਼ੇ ... ਕੋਕਲਾਂ ਤਾਂ ਪਹਿਲਾਂ ਹੀ ਤੜਪਦੀ ਪਈ ਸੀ... ਹੋਡੀ ਉਹ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ... ਉਪਰ ਆਉਣ ਦਾ ਇਸ਼ਾਰਾ ਹੋਇਆ... ਮਹਿਲ ਦੇ ਦੁਆਰ 'ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਹੀ ਮਹਿਲ ਅੰਦਰ ਜਾਇਆ ਜਾ ਸਕਦਾ ਸੀ... ਹੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ... ਧੌਲਰ ਉਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ। ਆਖਰ ਕੋਕਲਾਂ ਨੇ ਉਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ਼ ਸੱਦ ਲਿਆ... ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ... ਦੋਨੋਂ ਮਦਹੋਸ਼ੀ ਦੇ ਆਲਮ ਵਿਚ ਪੁੱਜ ਗਏ... ਕੋਕਲਾਂ ਦੀ ਤੜਪਨਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ। ਤੁਰਨ ਲੱਗਿਆਂ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀਂ ਮਹਿਲ ਤੋਂ ਥੱਲੇ ਉਤਰ ਗਿਆ...ਤ੍ਰਿਪਤੀ ਦੇ ਅਹਿਸਾਸ 'ਚ ਖੀਵੀ ਹੋਈ ਕੋਕਲਾਂ ਬਾਰੀ ਵਿਚ ਖੜੋ ਕੇ ਜਾਂਦੇ ਹੋਡੀ ਨੂੰ ਉਦੋਂ ਤਕ ਵੇਖਦੀ ਰਹੀ ਜਦੋਂ ਤਕ ਉਹ ਉਹਦੀਆਂ ਨਜ਼ਰਾਂ ਤੋਂ ਉਹਲੇ ਨਾ ਹੋ ਗਿਆ।
ਰਾਜਾ ਹੋਡੀ ਨੇ ਕੋਕਲਾਂ ਦੀ ਯਾਦ ਵਿਚ ਤੜਪਦਿਆਂ ਮਸੀਂ ਰਾਤ ਲੰਘਾਈ ਤੇ ਅਗਲੀ ਭਲਕ ਉਸ ਦੇ ਧੌਲਰ ਨੂੰ ਆ ਸਿਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ-ਇਸ਼ਕ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੋਕਲਾਂ ਉਪਰੋਂ ਕੁਮੰਦ ਸੁੱਟਦੀ ਤੇ ਹੋਡੀ ਉਪਰ ਚਲਿਆ ਜਾਂਦਾ। ਇਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਝਰੇ ਵਾਪਸ ਆ ਗਿਆ... ਉਹ ਨੇ ਵੇਖਿਆ ਕੋਈ ਗੱਭਰੂ ਉਹਦੇ ਮਹਿਲਾਂ ਤੋਂ ਕੁੰਮਦ ਰਾਹੀਂ ਹੇਠਾਂ ਉਤਰ ਰਿਹਾ ਹੈ... ਇਹ ਕੌਣ ਸੀ ਜੀਹਨੇ ਉਹਦੇ ਮਹਿਲਾਂ ਨੂੰ ਸੰਨ੍ਹ ਲਾ ਲਈ ਸੀ... ਹੋਡੀ ਹੇਠਾਂ ਉਤਰਿਆ... ਦੋਹਾਂ ਨੇ ਇਕ-ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿਚੋਂ ਬਾਹਰ ਧਰੂਹ ਲਈਆਂ ...ਦੋਹਾਂ ਨੇ ਬੜੀ ਫੁਰਤੀ ਨਾਲ਼ ਇਕ-ਦੂਜੇ 'ਤੇ ਵਾਰ ਕੀਤੇ... ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹਦਾ ਵਾਰ ਨਾ ਝਲ ਸਕਿਆ... ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ... ਕੋਕਲਾਂ ਮਹਿਲਾਂ ਉਪਰ ਖੜੋਤੀ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ... ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਸ ਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ਼ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ।
ਰਾਣੀ ਕੋਕਲਾਂ ਦੇ ਧੌਲਰਾਂ ਵਿਚ ਸਨਾਟਾ ਛਾ ਗਿਆ। ਉਹਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਅਸਮਾਨ ਵਿਚ ਉਡਾਰੀ ਮਾਰ ਗਏ।
ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇ-ਵਫ਼ਾਈ 'ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ਼ ਆਇਆ... ਦੋਹਾਂ ਲਾਸ਼ਾਂ ਨੂੰ ਰੱਸੇ ਨਾਲ਼ ਬੰਨ੍ਹ ਕੇ ਘੋੜੇ ਦੀ ਪਿੱਠ ਦੇ ਦੋਹੀਂ ਪਾਸੀਂ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਘੇਰਿਆ ਤੇ ਉਹ ਉਨ੍ਹਾਂ ਨਾਲ਼ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ... ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਰਦੇ ਹਨ।

.