ਸਮੱਗਰੀ 'ਤੇ ਜਾਓ

ਜੂਲੀਅਸ ਸੀਜ਼ਰ/ਐਕਟ-੧

ਵਿਕੀਸਰੋਤ ਤੋਂ

ਐਕਟ-੧
ਸੀਨ-੧-
ਰੋਮ ਦੀ ਸੜਕ
-ਪਰਵੇਸ਼ ਫਲਾਵੀਅਸ, ਮਾਰੂਲਸ ਅਤੇ
ਨਿਮਣ-ਵਰਗੀ ਨਾਗਰਿਕਾਂ ਦੇ ਵੱਡੇ ਹਜੂਮ ਦਾ

ਫਲਾਵੀਅਸ:ਹੋ ਜੋ ਤਿੱਤਰ, ਤੁਰੋ ਘਰਾਂ ਨੂੰ,
ਓ ਨਿਕੰਮੀ ਹਾਰੀ ਸਾਰੀ !
ਅੱਜ ਕਿਹੜਾ ਤਿਓਹਾਰ ਦਿਹਾੜਾ,
ਕਿਉਂ ਹੈ ਛੁੱਟੀ ਮਾਰੀ?
ਖਬਰਦਾਰ! ਪਤਾ ਨਹੀਂ ਤੁਹਾਨੂੰ?
ਇੰਜ ਨਹੀਂ ਰਾਹਵਾਂ ਕੱਛਦੇ
ਮਸਰੂਫ ਦਿਨੀਂ ਸਭ ਕਿਰਤੀ ਕੰਮੀ,
ਘਰੀਂ ਛੱਡ ਔਜ਼ਾਰਾਂ ਨੂੰ:
ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?
ਸ਼ਹਿਰੀ- ੧:ਕੀ ਗੱਲ ਏ ਸਰਕਾਰ? ਮੈਂ ਤਾਂ ਹਾਂ ਤਰਖਾਣ।
ਮਾਰੂਲਸ-:ਕਿੱਥੇ ਹੈ ਫਿਰ ਤੇਰਾ ਗੁਣੀਆ?
ਕਿੱਥੇ ਹੈ ਚਮੜੇ ਦਾ ਪੱਲਾ?
ਸੋਹਣੇ ਵਸਤਰ ਮੇਲੇ ਵਾਲੇ,
ਕਿਉਂ ਫਿਰਦੈਂ ਤੂੰ ਏਥੇ ਪਾਕੇ?
ਕੀਹਨੂੰ ਆਇਐਂ ਟੌਰ੍ਹ ਵਖਾਣ?
ਤੇ ਤੂੰ ਓਏ ਵੱਡਿਆ! ਕੀ ਏ ਤੇਰਾ ਕਿੱਤਾ?
ਸ਼ਹਿਰੀ-੨:ਸੱਚ ਮੰਨਿਓ ਸਰਕਾਰ!
ਬਤੌਰ ਸਹੁੱਨਰੇ ਕਾਰੀਗਰ ਦੇ
ਮੋਚੀ ਕਹੋ ਜਾਂ ਕਹੋ ਚਮਾਰ।
ਮਾਰੂਲਸ-:ਓ ਪਰ ਤੇਰਾ ਕਿੱਤਾ ਕੀ ਏ?
ਮੈਨੂੰ ਸਿੱਧਾ ਸਿੱਧਾ ਦੱਸ।
ਸ਼ਹਿਰੀ-੨:ਨਾਲ ਈਮਾਨ ਮੈਂ ਧੰਦਾ ਕਰਦਾਂ,
ਫਟੇ ਪੁਰਾਣੇ ਤਲਵੇ ਗੰਢਦਾਂ,
ਨਾਲ ਮੁਸ਼ੱਕਤ ਢਿੱਡ ਮੈਂ ਭਰਦਾਂ।
ਮਾਰੂਲਸ-:ਪਰ ਓ ਬਦਮਾਸ਼, ਕਮੀਨੇ ਕੰਮੀ,
ਬਾਤੂਨੀ, ਸ਼ੋਹਦੇ ਮੱਕਾਰ!
ਕੀ ਏ ਤੇਰਾ ਕਿੱਤਾ ਬੋਲ।

ਸ਼ਹਿਰੀ-੨:ਨਾਂ ਸਾਹਿਬ ਨਾਂ! ਬਿਨੇ ਹੈ ਮੇਰੀ,
ਪੰਗਾ ਪਾਓ ਨਾਂ ਮੇਰੇ ਨਾਲ;
ਤੁਹਾਨੂੰ ਵੀ ਮੈਂ ਗੰਢ ਦਿਆਂਗਾ
ਪੂਰੀ ਹਿੰਮਤ ਨਾਲ।
ਮਾਰੂਲਸ-:ਕੀ ਬਕਦੈਂ ਢੀਠਾ! ਗੰਢੇਂਗਾ ਤੂੰ ਮੈਂਨੂੰ?
ਸ਼ਹਿਰੀ-੨:ਜੀ ਹਾਂ ਸਰਕਾਰ ਤੁਹਾਡੇ ਵੀ ਮੈਂ
ਗੰਢ ਦਿਆਂਗਾ ਜੋੜੇ।
ਫ਼ਲਾਵੀਅਸ-:ਤਾਂ ਤੇ ਤੂੰ ਫਿਰ ਮੋਚੀ ਹੋਇਆ; ਹੈਨਾਂ?
ਸ਼ਹਿਰੀ-੨:ਸੱਚ ਕਿਹੈ ਮੇਰੇ ਸਰਕਾਰ,
'ਆਰ' ਸੰਗ ਮੇਰਾ ਰੁਜ਼ਗਾਰ,
ਕਿੱਤੇ ਅਪਣੇ ਨਾਲ ਪਿਆਰ:
ਨਾਂ ਰੰਨਾਂ ਨੂੰ ਮੰਦਾ ਬੋਲਾਂ,
ਨਾਂ ਕੋਈ ਨਿੰਦਾਂ ਧੰਦਾ;
ਬੱਸ 'ਆਰ' ਨਾਲ ਹੈ ਵਾਹ,
ਏਹੀ ਹੈ ਮੇਰਾ ਨਿਰਵਾਹ।
ਸੱਚ ਪੁਛੋਂ ਤਾਂ ਪੂਰਨ ਜੱਰਾਹ,
ਹੰਢੇ ਪੁਰਾਣੇ ਜੋੜਿਆਂ ਦਾ:
ਜਦ ਓਹਨਾਂ ਤੇ ਅੱਤ ਬਣਦੀ ਹੈ,
ਗੰਢ ਤਰੁੱਪ ਕੇ, ਕਾਂਟ ਛਾਂਟ ਕੇ,
ਮੁੜ ਸੁਰਜੀਤ ਮੈਂ ਕਰ ਦੇਂਦਾ ਹਾਂ,
ਜਾਨ ਨਵੀਂ ਮੈਂ ਪਾ ਦੇਂਦਾ ਹਾਂ।
ਭੱਦਰ ਲੋਕ ਮਰਾਤਬ ਵਾਲੇ,
ਪਹਿਨਣ ਕੁਰਮ ਦੇ ਸੁੰਦਰ ਜੋੜੇ
ਚਰਮ ਕਲਾ ਦੀ ਟੀਸੀ ਛੋਂਹਦੇ,
ਹੁਨਰ ਮੇਰੇ ਦੀ ਕਰਨ ਨੁਮਾਇਸ਼।
ਫ਼ਲਾਵੀਅਸ-:ਪਰ ਅੱਜ ਕਿਉਂ ਛੱਡ ਕੇ ਹੱਟੀ,
ਪਿੱਛੇ ਲਾਕੇ ਆਹ ਹਜੂਮ
ਸ਼ਹਿਰ ਦੀਆਂ ਗਲੀਆਂ ਕੱਛਦਾ ਫਿਰਦੈਂ?
ਸ਼ਹਿਰੀ-੨-:ਸੱਚ ਮੰਨੋ ਸਰਕਾਰ!
ਜਿੰਨੇ ਵੱਧ ਘਸਣਗੇ ਜੋੜੇ
ਓਨਾ ਵਧੂ ਮੇਰਾ ਕੰਮਕਾਰ:
ਪਰ ਅਸਲ 'ਚ ਗੱਲ ਹੈ ਇਹ:
ਸੀਜ਼ਰ ਦੇ ਸ਼ੁਭ ਦਰਸ਼ਨ ਖਾਤਰ,
ਛੁੱਟੀ ਕਰਕੇ ਆਏ ਹਾਂ
ਵਿਜੈ ਜਲੂਸ 'ਚ ਸ਼ਾਮਲ ਹੋਕੇ,
ਖੁਸ਼ੀਆਂ ਵੰਡਣ ਆਏ ਹਾਂ।

ਮਾਰੂਲਸ-:ਕਾਹਦੀਆਂ ਖੁਸ਼ੀਆਂ ਕਾਹਦੇ ਚਾਅ?
ਕਿਹੜੀਆਂ ਲਾਮਾਂ ਜਿੱਤ ਕੇ ਅਇਐ,
ਕਿੰਨੇ ਕੀਤੇ ਮੁਲਕ ਤਬਾਹ?
ਕਿਹੜੀਆਂ ਮਾਰੀਆਂ ਮੱਲਾਂ ਉਸ ਨੇ,
ਵਤਨ ਲਈ ਕੀ ਲਿਆਇਐ ਮਾਲ?
ਕਿਹੜੇ ਰਾਜੇ, ਕਿੰਨੇ ਸਮਰਾਟ,
ਤੌਕ, ਜ਼ੰਜੀਰਾਂ ਪਾ ਗਲਾਂ 'ਚ
ਬੰਨ੍ਹ ਲਿਆਇਐ ਰਥ ਦੇ ਨਾਲ?
ਲੱਖ ਲਾਅਣਤ ਦੁਸ਼ਮਣ ਅਕਲ ਦਿਓ!
ਬਦਬਖਤੋ ਵਾਸੀ ਰੋਮ ਦਿਓ!
ਸਿਲ ਵੱਟੇ ਹੋਗੇ ਮਸਤਕ ਤੁਹਾਡੇ,
ਅੱਤ ਸੱਖਣੇ ਅੱਤ ਕੋਰੇ
ਤਰਸਹੀਣ ਤੇ ਹਿੱਸਹੀਣ ਹਨ
ਪੱਥਰ ਦਿਲ ਅੱਤ ਖੋਰੇ;
ਜੜ੍ਹ ਹੋ ਗਏ ਕਿਉਂ ਤੁਹਾਡੇ ਚੇਤੇ,
ਵਿਸਰ ਗਇਆ ਕਿਉਂ ਪੌਂਪੀ?
ਯਾਦ ਨਹੀਂ ਹੁਣ? ਉਹ ਸੀ ਜੋਧਾ
ਜਿਸ ਦੀ ਇੱਕ ਝਲਕ ਦੀ ਖਾਤਰ,
ਤੜਕਸਾਰ ਹੀ ਚੜ੍ਹ ਬਹਿੰਦੇ ਸੀ,
ਕੁਛੱੜ ਮਾਰ ਬਾਲ ਨਿਆਣੇਕੰਧੀਂ ਕੋਠੀਂ, ਬੁਰਜ ਬਨੇਰੀਂ,
ਚੌਬਾਰੇ ਅਤੇ ਮੀਨਾਰਾਂ ਉੱਤੇ,
ਕੋਟ ਫਸੀਲਾਂ ਚਿਮਨੀਆਂ ਉਪਰ,
ਬੂਹੇ ਬਾਰੀਆਂ ਮੋਰੀਆਂ ਅੰਦਰ
ਫੱਸ ਬਹਿੰਦੇ ਸੀਰੁੱਖ ਟਾਹਣਾਂ ਤੇ ਟੰਗੇ ਰਹਿੰਦੇ
ਘੰਟਿਆਂ ਬੱਧੀਅੱਤ ਦਰਿੜ੍ਹਤਾ ਤੇ ਧੀਰਜ ਨਾਲ
ਤਾਂਘਣ ਨਜ਼ਰਾਂ, ਨੈਣ ਲੋਚਦੇ
ਡੂੰਘੀਆਂ ਸ਼ਾਮਾਂ ਤੀਕ;
ਵੇਖਣ ਲਈ ਵਿਜੇ-ਜਲੂਸ ਪੌਂਪੀ ਦਾ
ਰੋਮ ਦੀਆਂ ਗਲੀਆਂ ਵਿੱਚੋਂ ਲੰਘਦਾ।
ਨਜ਼ਰ ਪੈਣ ਤੇ ਰਥ ਜੋਧੇ ਦਾ
ਇੱਕਸੁਰ ਹੋਕੇ ਖਲਕਤ ਸਾਰੀ,
ਨਹੀਂ ਭਲਾ ਸੀ ਛੱਡਦੀ ਜੈਕਾਰਾ?

ਅਵਤਲ ਕੰਢੀਂ ਟਾਈਬਰ ਦੇ ਜੀਹਦੀ
ਧਾਅ ਵਜਦੀ ਗੁੰਜਾਰ,
ਮਾਰੇ ਟੱਕਰਾਂ, ਮੁੜ ਮੁੜ ਆਵੇ,
ਪਾਣੀਆਂ ਉਪਰ ਤਾਂਡਵ ਨੱਚੇ
ਦਹਿਲਾ ਦੇਂਦੀ ਟਾਈਬਰ ਦੀ ਧਾਰ।
ਬਣ ਸੰਵਰ ਕੇ,ਪਹਿਨ ਪੱਚਰ ਕੇ,
ਕੀ ਅੱਜ ਉਹੀਓ ਖਲਕਤ ਆਈ?
ਕੰਮ ਧੰਦੇ ਛੱਡ ਕੇ ਸਾਰੇ,
ਕੀ ਛੁੱਟੀ ਹੈ ਫੇਰ ਮਨਾਈ?
ਕਿਵੇਂ ਕਰੇਗੀ ਫੁੱਲ ਵਰਖਾ ਹੁਣ,
ਉਸ ਦੀ ਆਮਦ ਉੱਤੇ ਇਹ,
ਰੱਤ ਪੌਂਪੀ ਦੀ ਨਾਲ ਹੈ ਜਿਸ ਨੇ
ਅਪਣੀ ਜਿੱਤ ਨੁਹਾਈ?
ਹੋਜੋ ਦਫਾਅ! ਘਰਾਂ ਨੂੰ ਜਾਓ,
ਸਜਦੇ ਕਰੋ ਦੇਵਤਿਆਂ ਅੱਗੇ,
ਡਿੱਗੋ ਗੋਡਿਆਂ ਭਾਰ,
ਉਹੀਓ ਨੇ ਬਸ ਬਖਸ਼ਣਹਾਰ
ਕੱਚੇ ਕੋੜ੍ਹੋਂ, ਕਚੀਲ ਪਲੇਗੋਂ
ਜਿਸ ਦੇ ਤੁਸੀਂ ਸ਼ਿਕਾਰ
ਹੋ ਹੀ ਜਾਣੈਂ ਅਕਿਰਤਘਣੋ
ਜਦ ਅੰਬਰੋਂ ਪੈਣੀ ਮਾਰ!
ਫ਼ਲਾਵੀਅਸ-:ਜਾਓ ਭਲਿਓ ਦੇਸ਼ਵਾਸੀਓ!
ਕਰੋ ਇਕੱਤਰ ਹਮ੍ਹਾਂ ਤੁਮ੍ਹਾਂ ਨੂੰ
ਸੱਦ ਲਿਆਓ ਟਾਈਬਰ ਦੇ ਕੰਢੇ;
ਕਰੋ ਤਲਾਫੀ ਏਸ ਗੁਨਾਹ ਦੀ;
ਪਾਓ ਕੀਰਨੇ, ਧਾਹਾਂ ਮਾਰੋ,
ਪਿੱਟੋ ਛਾਤੀਆਂ, ਪੁੱਟੋ ਝਾਟੇ,
ਵਗਣ ਨਿਰੰਤਰ ਅੱਥਰੂ ਧਾਰਾਂ,
ਟਾਈਬਰ ਦੇ ਵਿਚ ਹੜ੍ਹ ਆ ਜਾਵੇ;
ਸਭ ਤੋਂ ਨੀਵੀਂ ਇਸ ਦੀ ਧਾਰ,
ਤੋੜਕੇ ਕੰਢੇ, ਭੜੀਓਂ ਪਾਰ,
ਕਰ ਦੇਵੇ ਜਲ ਥਲ।


(ਸਾਰੇ ਲੋਕ ਚਲੇ ਜਾਂਦੇ ਹਨ)

ਵੇਖਿਆ! ਕਿੰਜ ਲਗਾਇਐ ਜਾਗ
ਤੇ ਉਠਾਇਐ ਕਿਵੇਂ ਖਮੀਰ?
ਕਿਵੇਂ ਤੇ ਕਿੱਥੋਂ ਨਹੀਂ ਛੇੜਨੀ
ਅੱਤ ਖੋਟੀ ਖੁਦਗਰਜ਼ ਜ਼ਮੀਰ ?
ਅਹਿਸਾਸ ਗੁਨਾਹ ਦਾ ਬੁੱਲ੍ਹ ਸੀਅ ਗਿਆ,
ਐੇਸੀ ਫਿਰ ਗਈ ਤੰਦ;
ਖਿਸਕ ਗਏ ਚੁੱਪ ਚਾਪ ਘਰਾਂ ਨੂੰ
ਕਰ ਸਾਰੇ ਮੂੰਹ ਬੰਦ।
ਮੈਂ ਹੁਣ ਚੱਲਿਆਂ ਐਧਰ,
ਤੁਸੀਂ ਵੀ ਹੁਣ ਓਧਰ ਜਾਓ,
ਬਿਰਹਸਪਤੀ ਮੰਦਰ/ਸੰਸਦ ਭਵਨ ਦਾ
ਗੇੜਾ ਮਾਰਕੇ ਆਓ।
ਸਜ ਧਜ ਵੇਖੋ ਜੇ ਸ਼ਾਹੀ ਪੂਜਾ ਵਾਲੀ,
ਬੁੱਤ ਕਰੋ ਸਭ ਨੰਗੇ,
ਰਸਮ ਕੋਈ ਵੀ ਹੋਣ ਨ੍ਹੀਂ ਦੇਣੀ,
ਪਾ ਦੇਣੇ ਨੇ ਪੰਗੇ।
ਮਾਰੂਲਸ-:ਪਰ ਕੀ ਆਪਾਂ ਇਹ ਕੁਝ ਕਰ ਸਕਦੇ ਹਾਂ?
ਤੁਹਾਨੂੰ ਪਤੈ ਅੱਜ ਉਹਦਾ ਤਿਓਹਾਰ,
ਉਰਵਰ ਦੇਵ ਜੋ ਭਰੇ ਭੰਡਾਰ।
ਫ਼ਲਾਵੀਅਸ-:ਇਸ ਦੀ ਫਿਕਰ ਕਰੋ ਨਾਂ ਕਾਈ,
ਗੱਲ ਬੱਸ ਏਨੀ ਪੱਕ ਪਕਾਈ-
ਸੀਜ਼ਰ ਦਾ ਕੋਈ ਵਿਜੈ-ਨਿਸ਼ਾਨ,
ਮੂਰਤੀਆਂ, ਬੁੱਤਾਂ ਦੇ ਗਲ ਦੀ
ਬਨਣ ਨਹੀਂ ਦੇਣਾ ਸ਼ਾਨ।
ਮੈਂ ਵੀ ਰਹੂੰਗਾ ਨੇੜੇ ਤੇੜੇ,
ਗਲੀਆਂ ਕੂਚਿਆਂ ਵਿੱਚੋਂ ਦਬੱਲੂੰ
ਲੰਡੀ ਬੁੱਚੀ, ਹਾਰੀ ਸਾਰੀ;
ਤੁਸੀਂ ਵੀ ਜਿਥੇ ਵੇਖੋਂ ਭੀੜ,
ਸਖਤੀ ਨਾਲ ਭਜਾਓ ਕੁਤ੍ਹੀੜ।
ਸੀਜ਼ਰ ਦੇ ਅਸਾਂ ਖੋਹ ਕੇ ਖੰਭ,



ਅਰਸ਼ੋਂ ਹੇਠਾਂ ਲਾਹ ਲੈਣੇ
ਰੜੇ ਮਦਾਨੀਂ ਸੁੱਟ ਕੇ ਉਹਨੂੰ
ਮੁਰਗ-ਉਡਾਰੀ ਪਾ ਲੈਣੇਹੋਰ ਨਾ ਕੋਈ ਨਜ਼ਰ 'ਚ ਐਸਾ,
ਸ਼ਾਹੀਂ ਬਣ ਜਿੱਤੇ ਆਕਾਸ਼ਪਾ ਕੇ ਪੱਟੇ ਗਲੀਂ ਅਸਾਡੇ,
ਵਿਚ ਹਜ਼ੂਰੀ ਖੜਾ ਕਰੇ।

{ਸੀਨ-੨- ਰੋਮ ਦਾ ਇਕ ਜਨਸਥਾਨ-
{ਪ੍ਰਵੇਸ਼ ਸੀਜ਼ਰ ਦੇ ਵਿਜੇ ਜਲੂਸ ਦਾ
ਵਾਜੇ ਗਾਜੇ ਅਤੇ ਰਾਗ ਸੰਗੀਤ ਨਾਲ-
ਐਨਟਨੀ ਛੁਹ-ਦੌੜ ਮਾਰਗ ਤੇ ਤਿਆਰ;ਕਲਫੂਰਨੀਆ,
ਪੋਰਸ਼ੀਆ,ਡੇਸੀਅਸ,ਸਿਸਰੋ,ਬਰੂਟਸ,ਕੈਸੀਅਸ, ਕਾਸਕਾ
ਅਤੇ ਇਕ ਭਵਿਖ-ਵਾਚਕ।ਪਿਛੇ ਲੱਗਾ ਖਾਸਾ ਹਜੂਮ,
ਮਾਰੂਲਸ ਅਤੇ ਫਲਾਵੀਅਸ-}

ਸੀਜ਼ਰ-:ਕਲਫੁਰਨੀਆ
ਕਾਸਕਾ-:ਖਾਮੋਸ਼, ਹੋ- ! ਸੀਜ਼ਰ ਦਾ ਸੁਣੋ ਇਰਸ਼ਾਦ।
(ਰਾਗ, ਸੰਗੀਤ ਬੰਦ ਹੋ ਜਾਂਦਾ ਹੈ)
ਸੀਜ਼ਰ-:ਕਲਫੂਰਨੀਆ,-
ਕਲਫੂਨੀਆ-:ਜੀ, ਸੁਆਮੀ
ਸੀਜ਼ਰ-:ਸਿੱਧਾ ਰੋਕੀਂ ਰਾਹ ਐਨਟਨੀ ਦਾ,
ਜਦ ਨੱਸੇ ਓਹ ਅਪਣੀ ਵਾਰੀ;
ਠੀਕ ਐਨਟਨੀ !
ਐਨਟਨੀ-:ਜੀ ਸੀਜ਼ਰ, ਸਰਕਾਰ।
ਸੀਜ਼ਰ-:ਤੇਜ਼ਗਾਮੀ 'ਚ ਭੁੱਲ ਨਾਂ ਜਾਵੀਂ,
ਕਲਫੂਰਨੀਆ ਨੂੰ ਛੁਹਣਾ:
ਕਹਿਣ ਸਿਆਣੇ ਬਜ਼ੁਰਗ ਆਪਣੇ,
ਐੇਸਾ ਹੈ ਇਹ ਟੂਣਾਬੰਜਰ ਕੁੱਖ ਵੀ ਹਰੀ ਹੋ ਜਾਵੇ
ਨਾਲ ਸਰਾਪਾਂ ਮਾਰੀ,
ਜੇ ਕਿਸੇ ਧਾਵਕ ਪਾਕ ਦੌੜ 'ਚ
ਕੱਸ ਕੇ ਛਮਕੀ ਮਾਰੀ।


ਐਨਟਨੀ-:ਨਹੀਂ ਭੁੱਲਾਂਗਾ ਸੁਆਮੀ ਮੇਰੇ!
ਹੁਕਮ ਸੀਜ਼ਰ ਦਾ ਸਿਰ ਮੱਥੇ ਤੇ,
ਹਰ ਸ਼ਬਦ ਫਰਮਾਨ
ਸੀਜ਼ਰ ਕਹੇ ਤੇ ਕੰਮ ਨਾਂ ਹੋਵੇ?
ਐਸਾ ਨਹੀਂ ਵਿਧਾਨ।
ਸੀਜ਼ਰ-:ਮਾਰੋ ਛਾਲਾਂ, ਸ਼ੁਰੂ ਕਰੋ ਫਿਰ
ਰਸਮ ਰਹੇ ਨਾਂ ਕੋਈ ਬਾਕੀ।
(ਸੰਗੀਤ ਸ਼ੁਰੂ ਹੋ ਜਾਂਦਾ ਹੈ)
ਭਵਿੱਖ-ਵਾਚਕ-:ਸੀਜ਼ਰ!
ਸੀਜ਼ਰ-:ਹਾ-! ਕੌਣ ਪੁਕਾਰੇ ਮੈਨੂੰ?
ਕਾਸਕਾ-:ਬਾ ਹੁਕਮ ਸਰਕਾਰ, ਰੌਲੇ ਸਾਰੇ ਬੰਦ;
ਮੁੜ ਸ਼ਾਂਤੀ ਹੋਏ ਸਥਾਪਤ।
(ਸੰਗੀਤ ਬੰਦ ਹੁੰਦਾ ਹੈ)
ਸੀਜ਼ਰ-:ਕਿਹੜਾ ਹੈ ਇਸ ਭੀੜ ਦੇ ਅੰਦਰ,
ਜਿਹੜਾ ਮੈਨੂੰ ਵਾਜਾਂ ਮਾਰੇ?
ਏਨੀ ਤਿੱਖੀ ਜੀਭ ਹੈ ਕਿਹੜੀ
ਸੰਗੀਤੋਂ ਉੱਚੀ ਕੂਕ ਜੋ ਮਾਰੇ?
ਫੁੱਟੋ ਵੀ ਹੁਣ! ਸੀਜ਼ਰ ਕਹਿੰਦੈ,
ਵੱਲ ਤੁਹਾਡੇ ਉਸ ਦਾ ਕੰਨ।-
ਭਵਿੱਖ-ਵਾਚਕ-:ਖਬਰਦਾਰ! ਮਾਰਚ ਦਾ ਅੱਧ ਖਤਰਨਾਕ ਹੈ,
ਜੇ ਮੰਨੋਂ ਮੇਰੀ!
ਸੀਜ਼ਰ-:ਕਿਹੜਾ ਹੈ ਇਹ ਬੰਦਾ?
ਬਰੂਟਸ-:ਭਵਿਖ-ਵਾਚਕ ਇੱਕ ਕਰੇ ਪੁਕਾਰ,
'ਅੱਧ ਮਾਰਚ ਤੋਂ ਖਬਰਦਾਰ!
ਹੋਕੇ ਰਹਿਣਾ ਹੋਸ਼ਿਆਰ!'
ਸੀਜ਼ਰ-:ਪੇਸ਼ ਕਰੋ ਫਿਰ ਮੇਰੇ ਹਜ਼ੂਰ!
ਵੇਖਾਂ ਜ਼ਰਾ ਕੌਣ ਹੈ ਇਹ-
ਕੈਸੀਅਸ-:ਭੀੜੋਂ ਨਿਕਲ ਸਾਮ੍ਹਣੇ ਆ,
ਸੀਜ਼ਰ ਨੂੰ ਆ ਕੇ ਮੂੰਹ ਵਖਾ-
ਸੀਜ਼ਰ-:ਕੀ ਕਹਿਨੈ ਹੁਣ ਤੂੰ ਮੈਨੂੰ?
ਮੁੜ ਕੇ ਫੇਰ ਤੂੰ ਮੈਨੂੰ ਦੱਸ-
ਭਵਿੱਖ-ਵਾਚਕ-:ਅੱਧ ਮਾਰਚ ਤੋਂ ਖਬਰਦਾਰ!
(ਕਹਿ ਕੇ ਲੰਘ ਜਾਂਦਾ ਹੈ)


ਸੀਜ਼ਰ-:ਇਹ ਤਾਂ ਕੋਈ ਸ਼ੇਖ ਚਿੱਲ਼ੀ ਹੈ,
ਚੱਲੋ! ਛੱਡੋ ਇਹਨੂੰ ਸਾਰੇ
ਜਾਗਦਿਆਂ ਇਹ ਸੁਪਨੇ ਵੇਖੇ
ਦਿਨ 'ਚ ਗਿਣਦਾ ਤਾਰੇ।
(ਵਾਜੇ ਤੇ ਪ੍ਰਸਥਾਨ ਧੁਨ ਵਜਦੀ ਹੈ-
ਕੈਸੀਅਸ ਤੇ ਬਰੂਟਸ ਬਿਨਾਂ
ਸਾਰੇ ਮੰਚ ਤੋਂ ਚਲੇ ਜਾਂਦੇ ਹਨ)
ਕੈਸੀਅਸ-:ਚੱਲੋਂ ਗੇ ਤੁਸੀਂ ਵੀ ਵੇਖਣ,
ਪਰਬੰਧ, ਤਰਤੀਬ, ਧਾਵਕ-ਸਫ ਦੀ?
ਬਰੂਟਸ-:ਨਾਂ, ਮੈਂ ਨ੍ਹੀਂ ਜਾਣਾ।
ਕੈਸੀਅਸ-:ਆਓ ਚੱਲੀਏ! ਬਿਨੇ ਹੈ ਮੇਰੀ
ਬਰੂਟਸ-:ਨਾਂ ਕੋਈ ਸ਼ੌਕ, ਸ਼ੁਗਲ ਇਹ ਮੇਰਾ,
ਨਾਂ ਹੈ ਐਨਟਨੀ ਵਾਲਾ ਜੋਸ਼,
ਚੁਸਤ ਚਲਾਕੀ ਰੂਹ 'ਚ ਹੈ ਨੀ,
ਰਹੇ ਬਰਾਬਰ ਹੋਸ਼;
ਪਰ ਤੁਹਾਡੇ ਸ਼ੌਕ ਦੀ ਰਾਹ ਵਿੱਚ
ਨਹੀਂ ਬਨਣਾ ਮੈਂ ਰੋੜਾ-
ਮਾਫ ਕਰੋ ਹੁਣ ਮੈਂ ਚਲਦਾ ਹਾਂ-
ਕੈਸੀਅਸ-:ਸੁਣੋ ਬਰੂਟਸ! ਪਿੱਛੇ ਜਹੇ ਤੋਂ,
ਵੇਖ ਰਿਹਾ ਹਾਂ-
ਤੂੰ ਨਹੀਂ ਹੈਂ ਪਹਿਲਾਂ ਵਾਲਾ-
ਨੈਣਾਂ ਵਿਚ ਉਹ ਸ਼ਫਕਤ ਹੈ ਨੀ
ਨਾਂ ਬੋਲ ਮੁਰੱਵਤ ਵਾਲਾ;
ਹੁਣ ਤੂੰ ਪਰੇਮ ਕਰੇਂ ਨਾ ਮੈਨੂੰ,
ਮੈਂ ਜਿਸ ਦਾ ਸੀ ਆਦੀ,
ਮੂੰਹ ਮੱਥਾ ਕਰ ਲਿਐ ਕਠੋਰ,
ਗ਼ੈਰਾਂ ਵਾਲੀ ਕਰ ਲੀ ਵਾਦੀ;
ਅਪਣੇ ਪਿਆਰਿਆਂ ਨਾਲ ਦੱਸ ਖਾਂ,
ਕਿਉਂ ਐੇਸਾ ਵਰਤਾਰਾ?
ਬਰੂਟਸ-:ਨਹੀਂ ਕੈਸ! ਨਾਂ ਹੋ ਗੁਮਰਾਹ:
ਜੇ ਮੈਂ ਅਸਲੀ ਭਾਵ ਛੁਪੌਨਾਂ-
ਨਿੱਜ ਅਹਿਸਾਸ ਦਬਾਕੇ ਅੰਦਰ,


ਖੁਦ ਨੂੰ ਹੀ ਤਕਲੀਫ ਪੁਚੌਨਾਂ-
ਬਹੁਤ ਦੁਖੀ ਹਾਂ ਕੁਝ ਦਿਨਾਂ ਤੋਂ,
ਓਪਰੇ ਜਿਹੇ ਜਜ਼ਬਾਤਾਂ ਤੋਂ,
ਜੀਹਨਾਂ ਦੀ ਮਿੱਟੀ ਚੋਂ ਜੰਮੇ,
ਨਿੱਜੀ ਕੁਝ ਵਿਚਾਰ,
ਬਦਲ ਦਿੱਤੈ ਜਿਨ ਮੇਰਾ ਵਿਓਹਾਰ ।
ਦੁਖੀ ਹੋਣ ਕਿਉਂ ਮਿੱਤਰ ਪਰੰਤੂ-
ਤੂੰ ਵੀ ਉਹਨਾਂ ਵਿੱਚ ਹੈਂ ਸ਼ਾਮਿਲ-
ਤਾਂ ਫਿਰ ਹੋਰ ਗਲਤ ਨਾਂ ਸਮਝੋ,
ਇਹੀ ਕਾਰਨ ਹੈ ਬੱਸ ਹਾਮਿਲ-
ਆਪੇ ਨਾਲ ਬਜੰਗ ਬਰੂਟਸ,
ਅਦਬ ਆਦਾਬ ਭੁੱਲ ਜਾਂਦਾ ਹੈ-
ਮੋਹ ਪਰਰਗਟਾਵਾ ਦੂਜਿਆਂ ਤਾਂਈਂ,
ਮਿੱਤਰਾਚਾਰੀ ਭੁੱਲ ਜਾਂਦਾ ਹੈ।
ਕੈਸੀਅਸ-:ਮੈਂ ਤਾਂ ਫੇਰ ਬਰੂਟਸ!
ਤੇਰੇ ਜਜ਼ਬਾਤ ਗਲਤ ਸਮਝਿਆ,
ਏਸੇ ਕਰਕੇ ਹਿੱਕ ਅਪਣੀ ਵਿੱਚ
ਦੱਬੀਂ ਰੱਖੇ ਵਿਚਾਰ ਅਮੋਲ-
ਕਈ ਮਸਾਅਿਲ ਕਾਬਲੇ ਗੌਰ,
ਚਿੰਤਨ ਕਈ ਅਨਮੋਲ।
ਦੱਸ ਖਾਂ ਭਾਈ ਬਰੂਟਸ ਭਲਿਆ!
ਵੇਖ ਸਕਨੈ ਤੂੰ ਆਪਣਾ ਚਿਹਰਾ?
ਬਰੂਟਸ-:ਨਹੀਂ, ਕੈਸ!ਨਜ਼ਰ ਨਾਂ ਵੇਖੇ ਆਪਣਾ ਆਪਾ,
ਦਰਪਨ ਬਣੇ ਜੇ ਹੋਰ ਸ਼ੈਅ ਕੋਈ,
ਅਕਸ ਰਾਹੀਂ ਬਸ ਦਰਸ ਕਰੇ।
ਕੈਸੀਅਸ-:ਬਿਲਕੁਲ ਠੀਕ ਕਿਹੈ ਬਰੂਟਸ!
ਪਰ ਅਫਸੋਸ ਬੜਾ ਹੈ
ਕਿਹੜਾ ਦੱਸ ਅਜਿਹਾ ਦਰਪਨ,
ਹੈ ਜੋ ਤੇਰੇ ਕੋਲ,
ਅਕਸ ਗੁੱਝੀ ਪਰਤਿਸ਼ਠਾ ਦਾ ਜੋ,
ਤੇਰੀ ਨਜ਼ਰ ਨੂੰ ਪੇਸ਼ ਕਰੇ
ਤਾਂ ਜੋ ਆਪਣਾ ਅਕਸ ਤੂੰ,


ਆਪਣੀ ਅੱਖੀਂ ਵੇਖ ਸਕੇਂ-
ਮੈਂ ਤਾਂ ਸੁਣਿਐ ਵੱਡੇ ਵੱਡੇ ਪਤਵੰਤੇ ਰੋਮਨ
-ਲਾਫਾਨੀ ਸੀਜ਼ਰ ਨੂੰ ਛੱਡ ਕੇ-
ਬਰੂਟਸ ਦੀ ਪਰਸੰਸਾ ਕਰਦੇ,
ਬਰੂਟਸ ਦਾ ਹੀ ਦਮ ਪਏ ਭਰਦੇ:
ਦੱਬੇ ਏਸ ਯੁੱਗ ਦੀ ਦਾਸਤਾ ਥੱਲੇ
ਆਹਾਂ ਭਰਦੇ, ਕਾਮਨਾ ਕਰਦੇ-
ਕਾਸ਼! ਬਰੂਟਸ ਖੋਲ੍ਹੇ ਅੱਖਾਂ,
ਆਪਣਾ ਆਪਾ ਵੇਖ ਸਕੇ।
ਬਰੂਟਸ-:ਕਿਹੜੇ ਖਤਰੀਂ ਧੱਕ ਰਿਹੈਂ, ਕੈਸ ਤੂੰ ਮੈਨੂੰ?
ਕਿਉਂ ਤੂੰ ਚਾਹੁਨੈ ਅਪਣੇ ਵਿਚ
ਤਲਾਸ਼ਾਂ ਮੈਂ ਉਹ ਸਭ ਕੁਝ,
ਜੋ ਹੈ ਨਹੀਂ ਮੇਰੇ ਕੋਲ?
ਕੈਸੀਅਸ-:ਤਾਂ ਫਿਰ ਨੇਕ ਬਰੂਟਸ!
ਕੰਨ ਕਰ ਮੇਰੇ ਵੱਲ,
ਬਣਦਾਂ ਤੇਰਾ ਆਈਨਾ ਮੈਂ,
ਏਹੋ ਹੈ ਇਕ ਹੱਲ-
ਤਾਂ ਜੋ ਅਕਸ ਆਪਣੇ ਅੰਦਰ
ਆਪੂੰ ਖੁਦ ਤੂੰ ਵੇਖੇਂ
ਅਪ੍ਰਤੱਖ ਸ਼ਖਸੀਅਤ ਤੇਰੀ,
ਜੋ ਨਜ਼ਰ ਤੇਰੀ ਨਾ ਵੇਖੇ;
ਕੋਸ਼ਿਸ਼ ਮੈਂ ਮਾਕੂਲ ਕਰਾਂਗਾ
ਖੋਜ ਕੇ ਤੈਨੂੰ ਪੇਸ਼ ਕਰਾਂ
ਜਿਸ ਬਰੂਟਸ ਨੂੰ ਤੂੰ ਬਰੂਟਸ,
ਨਾਂ ਜਾਣੇਂ ਨਾਂ ਵੇਖੇਂ।
ਜੇ ਫਿਰ ਭਲਿਆ! ਲਗਦੈ ਤੈਨੂੰ
ਮੈਂ ਹਾਂ ਕੋਈ ਭੰਡ ਮਸਖਰਾ;
ਜਾਂ ਫਿਰ ਝੂਠੇ ਵਾਅਦੇ ਕਰਕੇ
ਖਾ ਕੇ ਚਾਲੂ ਕਸਮਾਂ
ਨਵੇਂ ਨਵੇਲੇ ਰੁੱਸੇ ਮਿੱਤਰਾਂ
ਨਾਲ ਨਿਭਾਕੇ ਰਸਮਾਂ,
ਬਾਸੀ ਕਰਾਂ ਮੁਹੱਬਤ ਅਪਣੀ:


ਜਾਂ ਫਿਰ ਵੱਡਿਆਂ ਅੱਗੇ ਪੂੰਛ ਹਿਲਾਵਾਂ,
ਜੱਫੀਆਂ ਪਾਵਾਂ,
ਲੰਘ ਜਾਣ ਤਾਂ ਮੰਦਾ ਬੋਲਾਂ, ਦੰਦ ਚਲਾਵਾਂ;
ਜਾਂ ਫਿਰ ਰਾਜ ਭੋਜਾਂ ਤੇ ਜਾ ਕੇ,
ਹਰ ਐਰੇ ਗੈਰੇ ਅੱਗੇ, ਉੱਚਾ ਬੋਲਾਂ,
ਡੀਂਗਾਂ ਮਾਰਾਂ ਤੇ ਰੋਅਬ ਵਿਖਾਵਾਂ-
ਸਮਝ ਲਈਂ, ਖਤਰਨਾਕ ਬੜਾ ਹਾਂ,
ਕਾਬਲ ਨਹੀਂ ਮੁਹੱਬਤ ਦੇ ਮੈਂ,
ਕਰੀਂ ਮਾਣ ਨਾਂ ਮੇਰੇ ਉੱਤੇ।
(ਵਾਜੇ ਗਾਜੇ ਦੀ ਆਵਾਜ਼ ਤੇ ਸ਼ੋਰਸ਼ਰਾਬਾ ਸੁਣਦੈ)
ਬਰੂਟਸ-:ਇਸ ਰੌਲੇ ਨੂੰ ਕੀ ਸਮਝੀਏ?
ਡਰ ਹੈ ਸ਼ਾਇਦ ਏਸ ਲੁਕਾਈ
ਸੀਜ਼ਰ ਨੂੰ ਚੁਣਐ ਮਹਾਰਾਜ!
ਕੈਸੀਅਸ-:ਹਾਂ, ਤੇ ਤੈਨੂੰ ਡਰ ਹੈ ਏਸ ਗੱਲ ਦਾ?
ਫਿਰ ਤਾਂ ਤੂੰ ਨਹੀਂ ਚਾਹੁੰਦਾ
ਕਿ ਇੰਜ ਹੋ ਜਾਵੇ?
ਬਰੂਟਸ-:ਹਾਂ, ਕੈਸ!ਨਹੀਂ ਮੈਂ ਚਾਹੁੰਦਾ ਇੰਜ ਹੋ ਜਾਵੇ-
ਫਿਰ ਵੀ ਉਸ ਨੂੰ ਪਿਆਰ ਬੜਾ ਮੈਂ ਕਰਦਾਂ
ਪਰ ਮੈਨੂੰ ਤੂੰ ਏਨਾਂ ਚਿਰ ਕਿਉਂ
ਰੋਕੀਂ ਰੱਖਿਐ ਏਥੇ?
ਕੀ ਤੂੰ ਮੈਨੂੰ ਦਸਣਾ ਚਾਹੁਨੈ?
ਕੀ ਤੂੰ ਮੈਂਨੂੰ ਕਹਿਣੈ ?
ਜੇ ਇਹ ਜਨ-ਹਿਤ ਦੀ ਗੱਲ ਹੈ ਕੋਈ
ਤਾਂ ਫਿਰ ਡਰ, ਫਿਕਰ ਨਾਂ ਕੋਈ
ਇਹ ਤਾਂ ਗੱਲ ਸਨਮਾਨ ਦੀ ਹੋਈ:
ਮੌਤ ਬਰਾਬਰ ਰੱਖੋ ਸਨਮਾਨ,
ਮੈਨੂੰ ਦੋਵੇਂ ਇਕ ਸਮਾਨ:
ਪਿਛਲੇ ਨਾਲ ਇਸ਼ਕ ਹੈ ਮੈਨੂੰ
ਹੱਸ ਕੇ ਵਾਰਾਂ ਜਾਨ,
ਮੌਤ ਦਾ ਮੈਨੂੰ ਭੈ ਨਾਂ ਕੋਈ।
ਕੈਸੀਅਸ-:ਖੂਬ ਜਾਣਦਾਂ ਬਰੂਟਸ ਤੈਨੂੰ,
ਅੰਦਰੋਂ ਵੀ ਤੇ ਬਾਹਰੋਂ ਵੀ


ਇਹ ਖੂਬੀ, ਇਹ ਸਦਗੁਣ ਤੇਰਾ,
ਸੱਚਾ, ਸਾਫ ਕਿਰਪਾਲੂ ਚਿਹਰਾ;
ਮੇਰੀ ਏਸ ਕਹਾਣੀ ਦਾ ਵੀ
ਇਜ਼ੱਤ ਤੇ ਸਨਮਾਨ ਵਿਸ਼ਾ ਹੈ :
ਕਹਿ ਨਾਂ ਸੱਕਾਂ ਤੁੰ ਕੀ ਸਮਝੇਂ,
ਕੀ ਸਮਝਣ ਲੋਕੀ ਹੋਰ?
ਕਿ ਜ਼ਿੰਦਗਾਨੀ, ਕਿਵੇਂ ਚਲਾਣੀ?
ਮੇਰੀ ਸਮਝ ਪਰ ਹੋਰ:
ਮੈਂ ਰਹਾਂ ਨਾਂ ਭਾਵੇਂ ਜਿਉਂਦਾ,
ਪਿਆਰੀ ਪਰ ਮੇਰੀ ਜ਼ਿੰਦਗਾਨੀ
ਮੇਰੇ ਜਿਹੀ ਕਿਸੇ ਹੋਰ 'ਸ਼ੈਅ' ਦੇ
ਭੈਅ ਵਿਚ ਨਹੀਂ ਮਨਜ਼ੂਰ ਬਿਤਾਣੀ:
ਸੀਜ਼ਰ ਵਾਂਗ ਹੀ ਜੰਮੇ ਸੁਤੰਤਰ,
ਮੈਂ ਵੀ ਤੂੰ ਵੀ ਦੋਵੇਂ,
ਚੰਗੇ ਘਰੀਂ ਪਰਵਾਨ ਚੜ੍ਹੇ ਹਾਂ,
ਖਾਧਾ ਪੀਤਾ ਓਵੇਂ;
ਡੰਕ ਸਿਆਲੇ ਦਾ ਉਸ ਵਾਂਗੂੰ,
ਅਸੀਂ ਵੀ ਸਾਰੇ ਸਹਿ ਸਕਦੇ;
ਚੰਗਾ ਕਿੱਧਰੋਂ ਫੇਰ ਉਹ ਸਾਥੋਂ
ਕਿਵੇਂ ਤੁਸੀਂ ਹੋ ਕਹਿ ਸਕਦੇ?
ਇਕ ਦਿਨ ਦੀ ਮੈਂ ਗੱਲ਼ ਸੁਣਾਵਾਂ:
ਕੱਚਾ ਦਿਨ ਸੀ, ਤੇਜ਼ ਤੂਫਾਨੀ,
ਹਿਰਖਿਆ ਟਾਈਬਰ ਕੰਢੇ ਝਾੜੇ,
ਛਾਤੇ ਵਿੱਚ ਤਲਾਤੁਮ ਹੈ ਸੀ:
ਸੀਜ਼ਰ ਪੁੱਛਿਆ: "ਹੈ ਜੁੱਰਅਤ ਕੈਸ!
ਕੁੱਦੇਂ ਹੜ੍ਹ ਵਿੱਚ ਮੇਰੇ ਨਾਲ?
ਪਾਰਲੇ ਕੰਢੇ ਤਰ ਕੇ ਚੱਲ਼ੀਏ-
ਮੇਰਾ ਇਹ ਸਵਾਲ"-
ਕਹਿਣਸਾਰ ਮੈਂ ਮਾਰੀ ਛਾਲ,
ਪੂਰੀ ਵਰਦੀ ਨਾਲ-
ਬੋਲ ਮਾਰ ਕੇ ਆਖਿਆ ਉਸ ਨੂੰ:
'ਪਿੱਛਾ ਕਰ ਤਤਕਾਲ';


ਇੰਜ ਹੀ ਕੀਤਾ ਸੀਜ਼ਰ ਨੇ ਵੀ,
ਜ਼ੋਰ ਦੀ ਮਾਰੀ ਛਾਲ ।
ਗਰਜ ਰਹੀ ਬਿੱਫਰੀ ਜਲਧਾਰ,
ਤੇਜ਼ ਤੱਰਾਰ, ਮਾਰੇ ਫੁੰਕਾਰ-
ਪਿੰਡਾ ਉਹਦਾ ਕੁੱਟੀਂ ਜਾਈਏ,
ਬਲਸ਼ਾਲੀ ਬਾਹਵਾਂ ਦੇ ਨਾਲ;
ਧੱਕੀਂ ਜਾਈਏ ਕੰਧ ਹੜ੍ਹਾਂ ਦੀ
ਸਜਿੰਦ ਪੱਠਿਆਂ ਨਾਲ:
ਮੰਜ਼ਲੋਂ ਉਰੇ, ਵਿੱਚ ਮੰਝਧਾਰ,
ਸੀਜ਼ਰ ਦੀ ਫਿਰ ਸੁਣੀ ਪੁਕਾਰ:
"ਕੈਸ! ਬਚਾ ਲੈ ਮੈਨੂੰ, ਨਹੀਂ ਤਾਂ ਡੁੱਬ ਚੱਲਾਂ":
ਸੜਦੇ ਸ਼ਹਿਰ ਟਰਾਏ ਅੰਦਰ
ਬਿਰਧ ਅੰਕੀਸਸ ਰਿਹਾ ਸੀ ਕੱਲਾ
ਬਲੀ ਪੁਰਖਾ ਆਈਨੀਜ਼ ਅਸਾਡਾ
ਜਿਉਂ ਚੁੱਕ ਲਿਆਇਆ ਮੋਢੇ ਉਹਨੂੰ
ਮੈਂ ਵੀ ਟਾਈਬਰ ਦੀਆਂ ਛੱਲਾਂ ਚੋਂ
ਡੁੱਬਦਾ ਸੀਜ਼ਰ ਖਿੱਚ ਲਿਆਂਦਾ;
ਵੇਖੋ! ਅੱਜ ਉਹੀਓ ਸੀਜ਼ਰ 'ਦੇਵ' ਕਹਾਵੇ;
ਜੀਹਦੇ ਇੱਕ ਇਸ਼ਾਰੇ ਉੱਤੇ,
'ਕੈਸ' ਜਿਹਾ ਵੀ ਹੁਕਮ ਬਜਾਵੇ।
ਸਪੇਨ ਗਿਆ ਸੀ ਉਹ ਇੱਕ ਵਾਰ;
ਉੱਥੇ ਚੜ੍ਹਿਆ ਤੇਜ਼ ਬੁਖਾਰ,
ਮੈਂ ਵੇਖਿਆ ਕੰਬੀਂ ਜਾਵੇ ਥਰ ਥਰ ਡਰ ਦੇ ਨਾਲ;
ਬੁੱਲ੍ਹ ਕਾਇਰ ਦੇ ਚਿੱਟੇ ਹੋ ਗਏ,
ਮੂੰਹ ਪੈ ਗਿਆ ਪੀਲਾ;
ਜਿਸ ਅੱਖ ਦੀ ਲਾਲੀ ਅੱਗੇ,
ਦੁਨੀਆਂ ਝੁਕਦੀ ਸਾਰੀ,
ਉਹੀਓ ਦਿੱਸੇ ਸੁੰਨੀ ਸੁੰਨੀ
ਨਾ ਕੋਈ ਲਿਸ਼ਕ ਨਾ ਲਾਲੀ
ਹਾਕਮ ਜੀਭਾ ਉਸ ਦੀ ਬੋਲੇ,
ਰੋਮ ਖਲੋਵੇ ਸਾਵਧਾਨ;
ਭਾਸ਼ਨ ਨੋਟ ਕਤੇਬੀਂ ਹੁੰਦੇ,


ਏਨਾਂ ਮਿਲੇ ਜੀਹਨੂੰ ਸਨਮਾਨ-
ਓਹੀ ਜੀਭਾ ਹੂੰਗਾਂ ਮਾਰੇ ਰੋਗੀ ਕੁੜੀ ਸਮਾਨ;
ਟਿਟੀਨਸ ਨੂੰ ਆਖੀਂ ਜਾਵੇ:
'ਛੇਤੀ ਕਰ, ਪਿਆ ਕੁੱਝ ਮੈਨੂੰ,
ਨਿਕਲ ਰਹੀ ਐ ਮੇਰੀ ਜਾਨ'।
ਆਹ, ਓ 'ਦੇਵੋ' !ਕਿੱਡੀ ਗੱਲ ਹੈਰਾਨੀ ਵਾਲੀ,
ਐੇਨੀ ਕਮਜ਼ੋਰ ਤਬੀਅਤ ਵਾਲਾ,
ਕਿਵੇਂ ਬਣ ਗਿਆ ਸਾਡਾ ਵਾਲੀ?
ਏਡੀ ਸ਼ਾਹੀ ਦੁਨੀਆ ਅੰਦਰ ,
ਤਾੜਪੱਤੇ ਦਾ ਤਾਜ ਪਹਿਨ ਕੇ
ਬਣਿਆ ਫਿਰਦੈ ਤਾਨਾ ਸ਼ਾਹ!
(ਸ਼ੋਰ ਅਤੇ ਢੋਲ-ਢਮੱਕੇ ਦੀ ਆਵਾਜ਼)
ਬਰੂਟਸ-:ਜੰਤਾ ਮਾਰਿਐ ਹੋਰ ਜੈਕਾਰਾ!
ਪੱਕਾ ਲਗਦੈ ਮੈਨੂੰ,
ਸੀਜ਼ਰ ਦੇ ਗਲ ਪਾ ਦਿੱਤਾ ਹੈ
ਨਵੇਂ ਹੋਰ ਸਨਮਾਨਾਂ ਵਾਲਾ
ਫੁੱਲਾਂ ਦਾ ਕੋਈ ਸੁੰਦਰ ਹਾਰ।
ਕੈਸੀਅਸ-:ਬੱਲੇ ਬਈ ਬੱਲੇ!
ਅਸ਼ਕੇ ਏਸ ਮਹਾਨ ਮਨੁੱਖ ਨੇ,
ਇੱਕੋ ਪਲਾਂਘੇ, ਸੌੜੀ ਦੁਨੀਆਂ ਟੱਪ ਲਈ ਹੈ!
ਵਿਰਾਟ ਬੁੱਤ ਇਹ ਰਵੀ ਰਾਜ ਦਾ
ਟੰਗਾਂ ਦੇ ਥੰੰਮਾਂ ਵਿਚਕਾਰ,
ਨੱਪੀਂੇ ਖੜੈ ਧਰਤੀ ਦਾ ਗੋਲਾ!
ਅਸੀਂ ਵਿਚਾਰੇ ਹੀਣੇ ਬੰਦੇ,
ਟੰਗਾਂ ਹੇਠੋਂ ਲੰਘ ਕੇ,
ਕਲੰਕਤ ਸਾਡੀਆਂ ਕਬਰਾਂ ਖਾਤਰ
ਲੱਭਦੇ ਫਿਰਦੇ ਖਾਲੀ ਥਾਵਾਂ!
ਮਿਲੇ ਜੇ ਮੌਕਾ ਬੰਦੇ ਸਾਂਭਣ,
ਖੁਦ ਅਪਣੀ ਤਕਦੀਰ ਲਿਖਣ:
ਨਕਸ਼ੱਤਰਾਂ ਨੂੰ ਦੋਸ਼ ਦੇਣ ਦੀ
ਲੋੜ ਨਹੀਂ ਹੈ ਕੋਈ।
ਸੁਣੋ ਬਰੂਟਸ ਪਿਅਰੇ!


ਦਿਨ ਕੱਟਦੇ ਹਾਂ ਗੋਲੇ ਬਣਕੇ,
ਅਸੀਂ ਅਧੀਨ ਵਿਚਾਰੇ ।
ਤੂੰ ਬਰੂਟਸ, ਉਹ ਹੈ ਸੀਜ਼ਰ-
ਤੂੰ ਵੀ ਬੰਦਾ ਉਹ ਵੀ ਬੰਦਾ:
ਕੀ ਖੁਬੀ ਫਿਰ ਸੀਜ਼ਰ ਅੰਦਰ,
ਕਿੱਡਾ ਵੱਡਾ ਹੈ ਉਹ ਬੰਦਾ?
ਤੂਤੀ ਬੋਲੇ ਫਿਰ ਕਿਉਂ ਉਹਦੀ,
ਕਿਸ ਗੱਲੋਂ ਉਹ ਚੰਗਾ?
ਲਿਖੀਏ ਬਰਾਬਰ ਨਾਮ ਜੇ ਤੇਰਾ,
ਓਨਾ ਈ ਏ ਚੰਗਾ;
ਬੋਲਣ ਲੱਗਿਆਂ ਮੂੰਹ ਓਨਾਂ ਈ ਭਰਦੈ,
ਤੋਲ ਤੁਕਾਂੰਤੇ ਸੱਠੇ
ਓਨੀ ਛੇਤੀ ਰੂਹ ਵੀ ਸੱਦੇ,
ਜੇ 'ਬੀਰ' ਬੁਲਾਵਣ ਕੱਠੇ ।
(ਜੈ ਜੈਕਾਰ ਦਾ ਸ਼ੋਰ)
ਕੁੱਲ ਦੇਵਾਂ ਦੀ ਦਿਆਂ ਦੁਹਾਈ!
ਦੱਸੋ ਹੁਣ ਫਿਰ ਮੈਨੂੰ,
ਕਿਸ 'ਚੱਕੀ ਦਾ ਖਾ ਕੇ ਆਟਾ',
ਹੋਇਐ ਏਨਾਂ ਮਹਾਨ?
ਲਾਅਣਤ ਏਸ 'ਯੁੱਗ' ਦੇ ਨਾਂ!
ਕੁਲੀਨ ਲਹੂ ਦੀ ਧਾਰਾ ਸੁੱਕੀ
ਭੱਦਰ ਪੌਧ ਰੋਮ ਦੀ ਮੁੱਕੀ;
ਕਿੱਧਰ ਗਿਆ ਉਹ ਯੁੱਗ ਮਹਾਨ?
'ਨੂਹ' ਦੇ ਤੂਫਾਨ ਤੋਂ ਲੈ ਕੇ, ਜਿਸ ਵਿੱਚ ਜੰਮੇ
ਘਰ ਘਰ ਰੋਮ ਦੇ ਪੂਤ ਮਹਾਨ-
ਹੁਣ ਤੀਕ ਕੋਈ ਕਹਿ ਨਹੀਂ ਸੱਕਿਆ,
ਪਰ ਹੁਣ ਸਾਰੇ ਪੁੱਛ ਰਹੇ ਨੇ:
ਏਹ ਹੈ ਰੋਮ, ਜੀਹਦੇ ਚੌੜੇ ਕੋਟਾਂ ਅੰਦਰ
ਬੱਸ ਇੱਕੋ 'ਮਾਨਵ' ਰਹਿੰਦੈ?
ਦੱਸੋ ਖਾਂ ਫਿਰ ਰੋਮ ਏਹੀ ਹੈ ਸੱਚੀਂ?
ਥਾਂ ਤਾਂ ਜਿਸ ਵਿੱਚ ਬੁਹਤ ਪਈ ਹੈ,
ਮਹਾਂ ਨਗਰ ਅਖਵਾਓਂਦੈ


ਪਰ ਇਨਸਾਨ ਤਾਂ ਏਥੇ ਇੱਕੋ ਰਹਿੰਦੈ,
ਬਾਕੀ ਸਭ ਗੁਲਾਮ?
ਓ! ਮੈਂ ਵੀ ਸੁਣਿਐ, ਤੂੰ ਵੀ ਸਿਣਐ,
ਬਾਪੂ ਬਾਤਾਂ ਪਾਓਂਦੇ ਹੁੰਦੇ:
ਹੁੰਦਾ ਸੀ ਕਦੀ ਇੱਕ ਬਰੂਟਸ,
ਜੀਹਦੀ ਅੈਨੀ ਹਿੰਮਤ ਹੈ ਸੀ
ਮਹਾਂ ਸ਼ੈਤਾਨ ਅਬਨਾਸ਼ੀ ਨੂੰ ਵੀ,
ਫੜਦਾ ਜਾ ਕੇ ਸਿੰਗੋਂ,
ਸੌਖਿਆਂ ਹੀ ਬਣਦਾ ਮਹਾਰਾਜ;
ਰੋਮ ਰਿਆਸਤ ਤੇ ਕਰਦਾ ਰਾਜ।
ਬਰੂਟਸ-: ਸੱਚ ਮੁੱਚ ਮੈਨੂੰ ਮੋਹ ਕਰੇਂ ਤੂੰ,
ਸ਼ੱਕ ਨਹੀਂ ਹੈ ਭੋਰਾ;
ਜਿਸ ਗੱਲ ਦੀ ਤਰਗੀਬ ਦੇ ਰਿਹੈਂ,
ਉਸ ਦਾ ਭੀ ਅਨੁਮਾਨ ਹੈ ਪੂਰਾ:
ਇਹਦੇ ਅਤੇ ਜ਼ਮਾਨੇ ਬਾਰੇ ਕੀ ਹੈ ਮੇਰੀ ਸੋਚ,
ਫੇਰ ਕਦੀ ਮੈਂ ਖੁਦ ਦੱਸਾਂ ਗਾ,
ਅੱਜ ਲਈ ਹੈ ਕਾਫੀ;
ਸਨਿਮਰ ਕਹਾਂ ਉਕਸਾ ਨਾਂ ਹੋਰ,
ਦੇ ਦੇ ਹੁਣ ਤੂੰ ਮਾਫੀ।
ਜੋ ਕਿਹੈ, ਜੋ ਤੂੰ ਕਹਿਣੈ, ਵੱਡੇ ਮਸਲਿਆਂ ਬਾਰੇ
ਸੁਣ, ਸਮਝ ਕੇ ਉੱਤੱਰ ਦੇਣ ਲਈ
ਸਮਾਂ ਕੱਢਾਂਗਾ ਛੇਤੀ;
ਨਾਲ ਤਹੱਮਲ ਬੈਠ ਕੇ ਆਪਾਂ
ਕਰਾਂਗੇ ਫੇਰ ਵਿਚਾਰ।
ਓਦੋਂ ਤੀਕ ਤੂੰ ਕੈਸ ਪਿਆਰੇ
ਏਸ ਕਥਨ ਤੇ ਕਰ ਵਿਚਾਰ:
ਬਦਬਖਤੀ ਵਾਲਾ ਭਵਿੱਖ ਜੋ ਆਉਣੈ,
ਏਸ ਜ਼ਮਾਨੇ ਜੋ ਵਿਖਾਉਣੈ
ਕਾਸ਼! ਨਾਂ ਹੁੰਦਾ ਸਪੂਤ ਰੋਮ ਦਾ,
ਬਰੂਟਸ ਜੰਮਦਾ ਉਜੱਡ ਗੰਵਾਰ।
ਕੈਸੀਅਸ-: ਮੈਂ ਖੁਸ਼ ਹਾਂ ਖੀਣ ਸ਼ਬਦ ਇਹ ਮੇਰੇ,
ਅਸਰ ਕਰਗਏ ਗਹਿਰਾ


ਸੀਨੇ ਸੱਟ ਬਰੂਟਸ ਖਾਧੀ,
ਸੇਕ ਤਪਾਇਆ ਚਿਹਰਾ।
ਬਰੂਟਸ-:ਮੁੱਕੀਆਂ ਖੇਡਾਂ, ਸੀਜ਼ਰ ਮੁੜਿਆ ਆਉਂਦੈ-
ਕੈਸੀਅਸ-:ਜਿਉਂ ਲੰਘਣ ਉਹ ਅਪਣੇ ਕੋਲੋਂ,
ਕਾਸਕਾ ਦੀ ਬਾਂਹ ਫੜੀਂ ਤੂੰ;
ਆਪਣੀ ਤੁਰਸ਼-ਜ਼ੁਬਾਨੀ ਰਾਹੀਂ,
ਦੱਸੇ ਗਾ ਉਹ ਸਭ ਕਹਾਣੀ ,
ਜੋ ਵੀ ਹੋਇਆ ਹੋਣੈ ਓਥੇ।
(ਮੁੜ ਪਰਵੇਸ਼ ਸੀਜ਼ਰ ਤੇ ਉਹਦੇ ਲਾਣੇ ਦਾ)
ਬਰੂਟਸ-:ਠੀਕ ਹੈ, ਮੈਂ ਕਰੂਗਾਂ ਏਵੇਂ ।ਪਰ ਵੇਖੇਂ ਨਾ ਕੈਸ!
ਭਖਦੈ ਮੱਥਾ ਸੀਜ਼ਰ ਦਾ ਗੁੱਸੇ ਦੇ ਨਾਲ!
ਲੱਗਾ ਤੁੱਗਾ ਸਭ ਛਿੱਥਾ ਲਗਦੈ
ਕੌੜੀਆਂ ਝਿੜਕਾਂ ਨਾਲ।
ਪੀਲੀ ਭੂਕ ਕਲਫੂਰਨੀਆ ਦਿੱਸੇ,
ਮੱਚ ਰਹੀਆਂ ਸਿਸਰੋ ਦੀਆਂ ਅੱਖਾਂ
ਮੁਸ਼ਕਬਿੱਲੇ ਦੀਆਂ ਅੱਖਾਂ ਵਾਂਗੂ:
ਸੰਸਦ ਭਵਨ 'ਚ ਜਿਵੇਂ ਤੱਕਿਆ ਆਪਾਂ
ਸੰਮੇਲਨ ਵਿੱਚ ਖਿਝਿਆ।
ਕੈਸੀਅਸ-: ਕਾਸਕਾ ਹੀ ਦੱਸੂ ਸਾਨੂੰ, ਗੱਲ ਕੀ ਹੋਈ ਸਾਰੀ।
ਸੀਜ਼ਰ-:ਐਨਟੋਨੀਅਸ!
ਐਨਟੋਨੀਅਸ-:ਜੀ, ਸੀਜ਼ਰ?
ਸੀਜ਼ਰ-:ਮੇਰੇ ਗਿਰਦ ਰੱਖ ਤੂੰ ਬੰਦੇ,
ਰਿਸ਼ਟ ਪੁਸ਼ਟ ਭਲਵਾਨ,
ਤਿੱਖੀ ਸੋਚਣੀ, ਚਤੁਰ ਦਿਮਾਗ,
ਸੌਣ ਨਾਂ ਜਿਹੜੇ ਰਾਤੀਂ :
ਔਹ ਪਰੇ ਜੋ ਕੈਸੀਅਸ ਦਿੱਸੇ
ਸੁੱਕੇ ਜੁੱਸੇ ਵਾਲਾ, ਅੱਖ 'ਚ ਓਹਦੇ ਭੁੱਖ ਵੱਸੀ ਹੈ
ਸੋਚੇ ਪਿਆ ਦਿਨ ਰਾਤੀਂ;
ਅਜਿਹੇ ਬੰਦੇ ਜੋ ਸੋਚਣ ਏਨਾ,
ਬੜੇ ਹੀ ਖਤਰਨਾਕ ਨੇ ਹੁੰਦੇ।
ਐਨਟਨੀ-:ਡਰ ਨਾਂ ਉਸ ਤੋਂ ਮੂਲੋਂ ਸੀਜ਼ਰ!


ਉਹ ਤਾਂ ਹੈ ਕੁਲੀਨ ਰੋਮਨ-
ਖਾਂਦਾ ਪੀਂਦਾ,ਰੱਜਿਆ ਪੁੱਜਿਆ
ਸਭ ਕੁਝ ਉਹਦੇ ਪੱਲੇ।
ਸੀਜ਼ਰ-:ਕਾਸ਼, ਕਿ ਉਹ ਭਰਵਾਂ ਹੁੰਦਾ, ਮੋਟਾ ਤਾਜ਼ਾ!
ਪਰ ਨਹੀਂ ਮੈਂ ਡਰਦਾ ਉਹਤੋਂ-
ਫਿਰ ਵੀ ਜੇ ਕਿਸੇ ਤੇਂ ਡਰਨਾ ਪੈ ਜੇ,
ਮੈਂ ਨਾਂ ਜਾਣਾਂ ਹੋਰ ਕਿਸੇ ਨੂੰ,
ਜਿਸ ਤੋਂ ਮੈਂ ਕੰਨੀਂ ਕਤਰਾਵਾਂ,
ਇਸ ਬੰਦੇ ਤੋਂ ਜ਼ਿਆਦਾ:
ਇਹ ਕੈਸੀਅਸ ਵੱਡਾ ਪੜ੍ਹਾਕੂ, ਵੱਡਾ ਖੋਜੀ,
ਤੀਖਣ ਨਜ਼ਰੀਂ ਜੋਖੇ, ਪਰਖੇ ਲੋਕਾਂ ਦੇ ਕੰਮ;
ਨਾਂ ਕੋਈ ਏ ਸ਼ੁਗਲ ਏਸ ਦਾ,
ਨਾਟਕ ਨਹੀਂ ਪਸੰਦ;
ਤੈਥੋਂ ਉਲਟ ਸੁਭਾਅ ਹੈ ਉਸਦਾ-
ਬੁੱਲ੍ਹਾਂ ਤੇ ਮੁਸਕਾਣ ਨ੍ਹੀਂ ਆਉਂਦੀ,
ਰਾਗ, ਸੰਗੀਤ ਨਹੀਂ ਸੁਣਦਾ-
ਜੇ ਮੁਸਕਾਂਦੈ, ਇੰਜ ਮੁਸਕਾਂਦੈ
ਖੁਦ ਨੂੰ ਕਰੇ ਮਖੌਲ ਜਿਵੇਂ-
ਜਾਂ ਉਸ ਰੂਹ ਨੂੰ ਪਾਏ ਮਲਾਮਤ, ਕਰੇ ਗਿਲਾਨੀ
ਨਿੱਕੀ ਨਿਗੂਣੀ ਗੱਲ ਵੀ ਜੀਹਨੂੰ
ਹੱਸਣ ਤੇ ਮਜਬੂਰ ਕਰੇ-
ਅਜਿਹੇ ਬੰਦੇ ਸਦਾ ਹੀ ਸੜਦੇ
ਵੇਖਣ ਜਦੋਂ ਓਹ ਵੱਡਿਆਂ ਵੱਲ -
ਸ਼ਾਂਤ ਚਿੱਤ ਨਹੀਂ ਰਹਿ ਸਕਦੇ ਉਹ
ਖਤਰਨਾਕ ਬੜੇ ਸੜੀਅਲ ਹੁੰਦੇ।
ਮੈਂ ਨਹੀਂ ਕਹਿੰਦਾ ਮੈਂ ਡਰਦਾ ਹਾਂ-
ਮੈਂ ਤਾਂ ਬੱਸ ਏਹੋ ਹੀ ਕਹਿਨਾਂ
ਕਿਉਂ ਤੇ ਕੀਹਤੋਂ ਇਸ ਦੁਨੀਆਂ ਅੰਦਰ
ਚਾਹੀਏ ਡਰਦੇ ਰਹਿਣਾ-
ਡਰ ਕਿਹਾ? ਤੇ ਡਰਾਂ ਕਿਉਂ ਮੈਂ?
ਮੈਂ ਤਾਂ ਸਦਾ ਹੀ ਸੀਜ਼ਰ ਰਹਿਣਾ।
ਆ ਜਾ ਸੱਜੇ ਹੱਥ ਜ਼ਰਾ ਤੂੰ,


ਕੰਨ ਖੱਬਾ ਏ ਮੇਰਾ ਬੰਦ
ਦੱਸ ਖਾਂ ਸੱਚੀਂ ਤੂੰ ਕੀ ਸੋਚੇਂ
ਇਸ ਬੰਦੇ ਦੇ ਬਾਰੇ
(ਸੀਜ਼ਰ ਤੇ ਲਾਣਾ ਚਲੇ ਜਾਂਦੇ ਨੇ। ਕਾਸਕਾ
ਪਿੱਛੇ ਰਹਿ ਜਾਂਦਾ ਹੈ)
ਕਾਸ਼ਕਾ-:ਕਿਉਂ ਖਿੱਚਿਆ ਈ ਮੇਰਾ ਪੱਲਾ?
ਕੀ ਕਰਨੀ ਏ ਗੱਲ?
ਬਰੂਟਸ-:ਹਾਂ ਕਾਸਕਾ! ਦੱਸ ਖਾਂ ਸਾਨੂੰ
ਕੀ ਅੱਜ ਉੱਥੇ ਹੋਇਆ,
ਘਾਬਰਿਆ ਕਿਉਂ ਸੀਜ਼ਰ ਦਿੱਸੇ
ਕੀ ਹੋਈ ਏ ਗੱਲ?
ਕਾਸਕਾ-:ਕਿਉਂ ਭਲਾ ਤੂੰ ਨਹੀਂ ਸੀ ਉਹਦੇ ਨਾਲ?
ਬਰੂਟਸ-:ਫੇਰ ਭਲਾ ਕਿਉਂ ਪੁੱਛਾਂ ਤੈਨੂੰ
ਕੀ ਸੀ ਓਥੇ ਹੋਇਆ?
ਕਾਸਕਾ-:ਹੋਰ ਕੀ? ਤਾਜ ਦੀ ਉਹਨੂੰ ਪੇਸ਼ਕਸ਼ ਹੋਈ;
ਪੁੱਠੇ ਹੱਥ ਇੰਜ ਠੁਕਰਾਈ ਉਹਨੇ,
ਜੰਤਾ ਜੋਸ਼ ਚ ਪਾਗਲ ਹੋਈ
ਮਾਰਨ ਲੱਗੀ ਨਾਅਰੇ।
ਬਰੂਟਸ-:ਦੂਜੀ ਵਾਰ ਕਿਉਂ ਮਾਰੇ ਜੈਕਾਰੇ?
ਕਾਸਕਾ-:ਹੋਰ ਕੀ? ਉਹ ਵੀ ਏਸੇ ਗੱਲੇ।
ਕੈਸੀਅਸ-:ਤਿੰਨ ਵਾਰ ਲੋਕਾਂ ਮਾਰੇ ਨਾਅਰੇ;
ਤੀਜਾ ਕਾਹਦੀ ਖਾਤਰ?
ਕਾਸਕਾ-:ਹੋਰ ਕੀ? ਉਹ ਵੀ ਏਸੇ ਖਾਤਰ।
ਬਰੂਟਸ-:ਤਾਜ ਕੀ ਹੋਇਆ ਤਿੰਨ ਵਾਰੀਂ ਪੇਸ਼?
ਕਾਸਕਾ-:ਹਾਂ ਬਈ ਹਾਂ,ਤੌਬਾ ਮੇਰੀ!
ਤਿੰਨ ਵਾਰੀਂ ਹੋਇਆ ਸੀ ਪੇਸ਼;
ਤਿੰਨੇ ਵਾਰ ਠੁਕਰਾਇਆ ਉਸਨੇ,
ਹੋਰ ਵਧੇਰੀ ਨਰਮੀ ਨਾਲ:
ਤਿੰਨੇ ਵਾਰੀ ਭੋਲੀ ਜੰਤਾ ਛੱਡ ਦਿੱਤੇ ਜੈਕਾਰੇ।
ਕੈਸੀਅਸ-:ਕੀਹਨੇ ਪੇਸ਼ ਕੀਤਾ ਸੀ ਤਾਜ?
ਕਾਸਕਾ-:ਕਿਉਂ ਬਈ! ਐਨਟਨੀ ਨੇ ਕੀਤਾ ਸੀ ਪੇਸ਼।
ਬਰੂਟਸ-:ਕੁਲੀਨ ਕਾਸਕਾ! ਦੱਸ ਜ਼ਰਾ ਤੂੰ,
ਕੀ ਅੰਦਾਜ਼ ਸੀ ਪੇਸ਼ ਕਰਨ ਦਾ?

ਕਾਸਕਾ-:

ਅੰਦਾਜ਼ ਅਜਿਹਾ ਦੱਸਣ ਨਾਲੋਂ
ਚੰਗਾ ਏ ਫਾਹੇ ਲੱਗ ਜਾਣਾ!
ਝੱਲਪੁਣਾ ਸੀ, ਨਿਰੀ ਹਮਾਕਤ,
ਮੈਂ ਧਿਆਨ ਨਹੀਂ ਕੋਈ ਦਿੱਤਾ;
ਵੇਖਿਆ ਸੀ ਬੱਸ ਮਾਰਕ ਐੇਨਟਨੀ
ਪੇਸ਼ ਕਰ ਰਿਹਾ ਤਾਜ;
ਬੱਸ ਮਾਮੂਲੀ ਤਾਜੜੀ ਜਿਹੀ,
ਕਿਹੜਾ ਉਹ ਤਾਜਾਂ ਚੋਂ ਤਾਜ!
ਭਾਵੇਂ ਉਹਨੇ ਮੋੜਿਆ ਇੱਕ ਵਾਰ,
ਪਰ ਮੈਨੂੰ ਇਉਂ ਲੱਗਾ ਜਿੱਦਾਂ
ਮਜਬੂਰਨ ਸੀ ਮੋੜਿਆ ਉਹਨੇ,
ਦਿਲੋਂ ਸੀ ਰੱਖਣਾ ਚਾਹੁੰਦਾ।
ਦੂਜੀ ਵਾਰ ਫਿਰ ਕੀਤਾ ਪੇਸ਼
ਫੇਰ ਮੋੜਿਆ ਉਹਨੇ-
ਏੇਸ ਵਾਰ ਵੀ ਲੱਗਾ ਮੈਨੂੰ,
ਚਾਹੇ ਨਾਂ ਉਹ ਛੱਡਣਾ;
ਤੀਜੀ ਵਾਰ ਫਿਰ ਕੀਤਾ ਪੇਸ਼,
ਰੱਦ ਕੀਤਾ ਜਦ ਪਹਿਲਾਂ ਵਾਂਗ
ਲੰਡੀ ਬੁੱਚੀ ਨੇ ਮਾਰੇ ਨਾਅਰੇ,
ਛੱਡੀਆਂ ਚਾਂਘਰਾਂ, ਹੋਕਰੇ ਮਾਰੇ
ਮੁੜ੍ਹਕੇ ਭਿੱਜੀਆਂ ਟੋਪੀਆਂ,
ਵਿੱਚ ਹਵਾ ਉਛਾਲਣ ਲੱਗੇ
ਬਿਆਈਂਆ ਪਾਟੇ ਹੱਥੀਂ ਸਾਰੇ,
ਮਾਰ ਤਾੜੀਆਂ ਟੱਪਣ ਲੱਗੇਏ
ਨੀ ਸੜ੍ਹਿਆਂਦ! ਏਨੀ ਬੁਸਿਆਂਦ!
ਮੂੰਹਾਂ ਦੀ ਹਵਾੜ੍ਹ ਫੇਲਾਈ,
ਸੀਜ਼ਰ ਦਾ ਦਮ ਘੁੱਟਣ ਲੱਗਾ,
ਚੱਕਰ ਆਏ,ਨ੍ਹੇਰੀ ਆਈ-
ਮੂਧੇ ਮੂੰਹ ਉਹ ਡਿੱਗ ਪਿਆ ਸੀ,
ਛੇਤੀ ਕਰ ਕੇ ਹੋਸ਼ ਨਾ ਆਈ-
ਡਰਦਾ ਮੂੰਹ ਨਾਂ ਖੋਲ੍ਹ ਸਕਾਂ ਮੈਂ,
ਭਾਵੇਂ ਹਾਸਾ ਆਈਂ ਜਾਵੇ:

ਸਾਹ ਨਾਲ ਸੜ੍ਹਿਆਂਦ ਨਾ ਕਿੱਧਰੇ
ਅੰਦਰ ਹੀ ਲੰਘ ਜਾਵੇ।
ਕੈਸੀਅਸ-: ਧੀਰੇ ਜ਼ਰਾ, ਬਿਨੇ ਕਰਾਂ ਮੈਂ;
ਹੋਇਆ ਸੀ ਸੀਜ਼ਰ ਬੇਹੋਸ਼?
ਕਾਸਕਾ-:ਡਿੱਗਾ ਸੀ ਉਹ ਵਿੱਚ ਮੈਦਾਨ,
ਮੂੰਹੋਂ ਸੁੱਟਦਾ ਝੱਗ,
ਜੀਭ ਆਕੜੀ, ਦੰਦਲ ਪੈ ਗੀ,
ਪੂਰਾ ਸੀ ਬੇਹੋਸ਼।
ਬਰੂਟਸ-:ਬੇਸ਼ੱਕ ਇੰਜ ਹੀ ਹੋਇਆ ਹੋਣੈ,ਮਿਰਗੀ ਦਾ ਬੀਮਾਰ ਪੁਰਾਣਾ।
ਕੈਸੀਅਸ-:ਬਿਲਕੁਲ ਨਹੀਂ!ਸੀਜ਼ਰ ਬੀਮਾਰ ਨਹੀਂ ਹੈ;
ਡਿੱਗੜ ਰੋਗ ਤਾਂ ਸਾਨੂੰ ਲੱਗੈ - ਸਾਨੂੰ!
ਤੈਨੂੰ, ਮੈਨੂੰ, ਕਾਸਕਾ ਵਰਗੇ ਭਲੇ ਪੁਰਸ਼ ਨੂੰ;
ਅਸਲ ਚ ਅਸੀਂ ਹਾਂ ਸਭ ਬੀਮਾਰ!
ਕਾਸਕਾ-:ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ,
ਕੀ ਹੈ ਤੁਹਾਡਾ ਮਤਲਬ;
ਡਿੱਗ ਪਿਆ ਸੀ ਸੱਚੀਂ ਸੀਜ਼ਰ,
ਏਹੋ ਮੇਰਾ ਮਤਲਬ।
ਰੰਗ-ਮੰਚ ਦੇ ਦਰਸ਼ਕ ਜਿੱਦਾਂ,
ਸੀਟੀ ਮਾਰ, ਵਜਾਕੇ ਤਾੜੀ
ਅਭਿਨੈ ਦੀ ਪਰਸੰਸਾ ਕਰਦੇ,
ਜਾਂ ਕਰਦੇ ਤ੍ਰਿਸਕਾਰ,
ਲੰਡੀ ਬੁੱਚੀ ਨੇ ਜੇ ਨਹੀਂ ਕੀਤਾ
ਸੀਜ਼ਰ ਨਾਲ ਇੰਜ ਵਿਓਹਾਰ
ਤਾਂ ਫਿਰ ਮੈਂ ਹਾਂ ਪੱਕਾ ਝੂਠਾ !
ਮਤ ਕੋਈ ਆਖੋ ਮੈਨੂੰ ਸੱਚਾ।
ਬਰੂਟਸ-:ਹੋਸ਼ ਆਈ ਤੇ ਕੀ ਕਹਿੰਦਾ ਸੀ?
ਇਹ ਵੀ ਸਾਨੂੰ ਦੱਸ
ਕਾਸਕਾ-:ਪਹਿਲੀ ਵਾਰ ਜਦ ਠੁਕਰਾਇਆ ਤਾਜ
ਵੇਖਿਆ ਉਸ ਨੇ ਖੁਸ਼ ਬੜੀ ਸੀ
ਲੱਲੀ ਛੱਲੀ, ਹਾਰੀ ਸਾਰੀ;
ਜੋਸ਼ 'ਚ ਆਕੇ ਮੈਨੂੰ ਆਖਿਆ:


'ਖ੍ਹੋਲ ਗਲਾਂਮਾ ਮੇਰਾ';
ਕਰਕੇ ਪੇਸ਼ ਲੋਕਾਂ ਨੂੰ ਗਰਦਨ,
ਕਹਿੰਦਾ ਭਾਵੇਂ ਵੱਢ ਦੇਵੋ ਮੈਨੂੰ
'ਤੁਹਾਡਾ ਹਾਂ ਮੈਂ ਸਦਾ ਤੁਹਾਡਾ,
ਰੱਖੋ ਭਾਵੇਂ ਛੱਡ ਦੇਵੋ ਮੈਨੂੰ'।
ਕੁੱਝ ਵੀ ਹੁੰਦਾ ਭਾਵੇਂ ਕਿੱਤਾ ਮੇਰਾ,
ਭੀੜ 'ਚ ਹੁੰਦਾ ਜੇਕਰ ਮੈਂ
ਵਚਨ ਪਾਲਦਾ, ਗਲ ਵੱਢ ਦੇਂਦਾ,
ਇੰਜ ਨਾ ਕਰਦਾ ਜੇਕਰ ਮੈਂ
ਨਾਲ ਲਫੰਗਿਆਂ ਨਰਕੀਂ ਜਾਂਦਾ
ਮੰਨਕੇ ਅਪਣੀ ਹਾਰ।
ਤੇ ਫੇਰ ਉਹ ਡਿੱਗਿਆ, ਬੇਸੁੱਧ ਹੋਇਆ-
ਉੱਠਿਆ ਫੇਰ ਤੇ ਮੰਗੀ ਮਾਫੀ,
ਆਇਆ ਜਦ ਸੀ ਹੋਸ਼
'ਮਾਨਯੋਗ ਜੰਤਾ' ਨੂੰ ਕਹਿੰਦਾ:
'ਸੀ ਮੇਰੀ ਕਮਜ਼ੋਰੀ,
ਜੇ ਕੁੱਝ ਕੀਤਾ ਗਲਤ, ਬੋਲਿਆ,
ਕਰਦਿਓ ਮੈਨੂੰ ਮਾਫ'।
ਮੇਰੇ ਲਾਗੇ ਖੜੀਆਂ ਹੈ ਸਨ
ਕੁੱਝ ਆਵਾਰਾ ਰੰਨਾਂ,
ਮੋਮ ਵਾਂਗ ਢਲ ਗਈਆਂ ਅੰਦਰੋਂ,
ਹੋਈਆਂ ਪਾਣੀ ਪਾਣੀ:
ਧੁਰ ਅੰਦਰੋਂ ਕਰ ਦਿੱਤਾ ਮਾਫ,
ਕਹਿਣ ਬੜਾ ਹੈ ਧਰਮੀ:
ਪਰ ਇਹਨਾਂ ਵਲ ਧਿਆਨ ਦਿਓ ਨਾ,
ਇਹ ਤਾਂ ਏਹੋ ਜਿਹੀਆਂ;
ਇਹਨਾਂ ਦੀਆਂ ਮਾਂਵਾਂ ਦੇ ਢਿੱਡ ਵੀ,
ਜੇ ਸੀਜ਼ਰ ਦੇਂਦਾ ਪਾੜ,
ਫਿਰ ਵੀ ਇਹਨਾਂ ਕਰਨੀ ਹੈ ਸੀ
ਇਹੋ ਨਿਰੀ ਬਸ਼ਰਮੀ।
ਬਰੂਟਸ-:ਪਰ ਫਿਰ ਉਹ ਏਸ ਤੋਂ ਪਿੱਛੋਂ,
ਆਇਆ ਕਿਉਂ ਏਨਾ ਬੇਹਾਲ?


ਕਾਸਕਾ-:ਹਾਂ ਜੀ ਹਾਂ।
ਕੈਸੀਅਸ-:ਬੋਲਿਆ ਕੁੱਝ ਸਿਸੈਰੋ?
ਕਾਸਕਾ-:ਆਹੋ, ਪਰ ਬੋਲੀ ਸੀ ਉਹਦੀ ਪਸ਼ਤੋ।
ਕੈਸੀਅਸ-:ਕੀ ਮਤਲਬ ਸੀ ਉਹਦਾ?
ਕਾਸਕਾ-:ਨਾਂ ਜੀ ਨਾਂ! ਜੇ ਮੈਂ ਸਾਰਾ ਕੁਝ ਦੱਸ ਦਿੱਤਾ,
ਕਿਵੇਂ ਵਿਖਾਊਂ ਮੁੜ ਕੇ ਮੂੰਹ?
ਪਰ ਉਹ ਲੋਕ ਜੋ ਸਮਝ ਗਏ ਸੀ,
ਸਿਰ ਮਾਰਕੇ ਹੱਸਦੇ ਵੇਖੇਮੇਰੇ ਪੱਲੇ ਕੁੱਝ ਪਿਆ ਨਾਂ,
ਮੈਨੂੰ ਸਭ ਕੁੱਝ ਪਸ਼ਤੋ ਲੱਗਾ!
ਪਰ ਇਕ ਹੋਰ ਖਬਰ ਮੈਂ ਦੱਸਾਂ:
ਫਲਾਵੀਅਸ ਤੇ ਮਾਰੂਲਸ ਦੋਵੇਂ,
ਬੁੱਤ ਸੀਜ਼ਰ ਦੇ ਨੰਗੇ ਕਰਦੇ,
ਫੜੇ ਗਏੇ ਤਾਂ ਦਿੱਤੇ ਮਾਰ।
ਚੰਗਾ ਬਈ! ਹੁਣ ਅਲਵਿਦਾ;
ਝੱਲ ਤਾਂ ਓਥੇ ਬੁਹਤ ਖਿਲਰਿਆ
ਪਰ ਸਭ ਕੁਝ ਮੈਨੂੰ ਯਾਦ ਨਹੀਂ।
ਕੈਸੀਅਸ-:ਰਾਤ੍ਰੀ ਭੋਜ ਅੱਜ ਮੇਰੇ ਵੱਲ; ਹੈਂ ਕਾਸਕਾ?
ਕਾਸਕ-:ਨਹੀਂ, ਅੱਜ ਤਾਂ ਹੋਰ ਕਿਤੇ ਹੈ ਵਾਅਦਾ।
ਕੈਸੀਅਸ-:ਕੱਲ ਫੇਰ ਸ਼ਾਮ ਨੂੰ ਖਾਈਏ ਕੱਠੇ?
ਕਾਸਕਾ-:ਹਾਂ, ਜੀਂਦਾ ਰਿਹਾ ਜ਼ਰੂਰ ਆਵਾਂਗਾ,
ਬਚਨ ਜੇ ਤੇਰਾ ਪੱਕਾ ਰਿਹਾ ਤੇ
ਭੋਜਨ ਖਾਣ ਦੇ ਕਾਬਲ ਹੋਇਆ,
ਤੇਰੇ ਨਾਲ ਹੀ ਖਾਵਾਂਗਾ।
ਕੈਸੀਅਸ-:ਚੰਗਾ ਫਿਰ ਮੈਂ ਕਰੂੰ ਉਡੀਕ।
ਕਾਸਕਾ-:ਅੱਛਾ! ਅਲਵਿਦਾਅ ਦੋਵਾਂ ਤਾਂਈਂ
(ਜਾਂਦਾ ਹੈ)
ਬਰੂਟਸ-:ਭਾਵੇਂ ਵਿੱਚ ਸਕੂਲੇ ਵੀ ਇਹ
ਹੁੰਦਾ ਬੜਾ ਸੀ ਤਿੱਖਾ,
ਪਰ ਹੁਣ ਹੋਗਿਐ ਕਿੰਨਾ ਅੱਖੜ, ਕਿੰਨਾ ਕੋਰਾ!
ਕੈਸੀਅਸ-:ਹੁਣ ਵੀ ਕਰਿੰਦਾ ਉੱਨਾ ਈ ਤਿੱਖਾ,
ਜੁੱਰਅਤ ਵਾਲਾ ਕੰਮ ਜੇ ਹੋਵੇ ਕੋਈ ਮਹਾਨ;



ਢਿਲੱੜ ਦਿਸਣਾ ਬੱਸ ਢੋਂਗ ਹੈ ਇਹਦਾ,
ਹਾਜ਼ਰਜਵਾਬੀ ਨੂੰ ਇਹ ਚਾੜ੍ਹੇ,
ਗੁਸਤਾਖੀ ਦੀ ਪਾਣ:
ਚਸਕੇ ਲੈਕੇ ਸੁਣਨ ਸਰੋਤੇ,
ਕੰਨਾਂ ਦੀ ਭੁੱਖ ਵੱਧ ਜਾਵੇ
ਸ਼ਬਦ ਨਾਂ ਧਰਤੀ ਡਿੱਗਣ ਦੇਵਣ
ਸਾਰੇ ਖਾ ਪੀ ਜਾਣ।
ਬਰੂਟਸ-:ਏਵੇਂ ਹੀ ਹੈ ਗੱਲ ਏਸ ਦੀ;
ਚੰਗਾ, ਹੁਣ ਮੈਂ ਚਲਦਾਂ;
ਜੇ ਮਰਜ਼ੀ ਤੇਰੀ ਗੱਲ ਕਰਨ ਦੀ
ਫੇਰ ਮਿਲਾਂਗੇ ਕੱਲ੍ਹ,
ਜਾਂ ਮੈਂ ਤੇਰੇ ਘਰ ਆ ਜੂੰ ਗਾ,
ਜਾਂ ਤੂੰ ਆ ਜੀਂ ਮੇਰੇ ਵੱਲ,
ਉਡੀਕ ਕਰਾਂਗਾ ਤੇਰੀ।
ਕੈਸੀਅਸ:ਮੈਂ ਆਊਂਗਾ ਪੱਕਾ;
ਉਦੋਂ ਤੀਕ ਤੂੰ ਕਰੀਂ ਵਿਚਾਰ
ਇਸ ਦੁਨੀਆ ਦੇ ਬਾਰੇ।
(ਬਰੂਟਸ ਟੁਰ ਜਾਂਦਾ ਹੈ)
ਹਾਂ ਬਈ ਬਰੂਟਸ, ਹੈਂ ਤਾਂ ਤੂੰ ਕੁਲੀਨ;
ਪਰ ਪਤਾ ਏ ਮੈਨੂੰ,
ਢਾਲਕੇ ਤੇਰਾ ਭੱਦਰ ਮਾਦਾ,
ਬਦਲੀ ਜਾ ਸਕਦੀ ਏ ਤੇਰੀ ਪਰਵਿਰਤੀ;
ਤਾਂ ਹੀ ਸੁਹਬਤ ਚੰਗੀ ਰਹਿੰਦੀ
ਆਪਣੇ ਜਹੇ ਸ਼ਰੀਫਾਂ ਦੀ;
ਕਿਉਂ ਜੋ ਮਨ ਕੋਈ ਨਾ ਏਨਾ ਪੱਕਾ,
ਜੋ ਕੁਰਾਹੇ ਪਾ ਨਾਂ ਸਕੀਏ-
ਸੀਜ਼ਰ ਖਾਵੇ ਖਾਰ ਮੇਰੇ ਨਾਲ,
ਪਰ ਬਰੂਟਸ ਨੂੰ ਪਿਆਰ ਕਰੇ:
ਜੇ ਹੁੰਦਾ ਮੈਂ ਉਹਦੀ ਥਾਂ
ਉਹ ਨਾ ਸਕਦਾ ਮੈਨੂੰ ਪਤਿਆ।
ਅੱਜ ਦੀ ਰਾਤ ਲਿਖਾਈ ਬਦਲ ਕੇ
ਚਿੱਠੀਆਂ ਕਈ ਦਿਊਂ ਸੁਟਵਾ


ਖਿੜਕੀ ਰਾਹੀਂ ਘਰ ਉਹਦੇ ਮੈਂ;
ਸ਼ਹਿਰੀ ਕਈ ਸੁੱਟ ਗਏ ਜਿਉਂ ਆਪੂੰ ਓਥੇ ਆ।
ਵਿਸ਼ਾ ਹੋਵੇਗਾ ਏਹੋ ਸਭ ਦਾ,
'ਰੋਮ ਜਪੇਂਦਾ ਉਹਦਾ ਨਾਂਅ',
ਸੀਜ਼ਰ ਦੀ ਆਕਾਂਖਿਆ ਵੱਲ ਵੀ
ਇਸ਼ਾਰਾ ਜਚਦਾ ਕਰ ਦੇਣੈ:
ਸੀਜ਼ਰ ਬੈਠੇ ਪੱਕਾ ਹੋਕੇ
ਅਸੀਂ ਤਖਤ ਹਿਲਾ ਦੇਣੈ ;
ਬਦਬਖਤੀ ਦੀ ਮਾਰ ਸਹੇ ਇਉਂ
ਲੰਮੇ ਪੈਂਡੇ ਪਾ ਦੇਣੈ।
(ਟੁਰ ਜਾਂਦਾ ਹੈ)

ਸੀਨ-੩:- ਰੋਮ ਦੀ ਇੱਕ ਗਲੀ
ਬੱਦਲ ਦੀ ਗਰਜ,ਬਿਜਲੀ ਦੀ ਚਮਕ।
ਦੂਜੇ ਪਾਸਿਓਂ ਕਾਸਕਾ ਅਤੇ ਸਿਸੈਰੋ ਦਾ ਪਰਵੇਸ਼
ਕਾਸਕਾ ਦੇ ਹੱਥ 'ਚ ਨੰਗੀ ਤਲਵਾਰ ਹੈ-

ਸਿਸੈਰੋ-:ਸ਼ੁਭ ਸ਼ਾਮ ਕਾਸਕਾ!
ਛੱਡ ਆਇਐਂ ਘਰ ਸੀਜ਼ਰ ਨੂੰ ?
ਸਾਹ ਕਿਉਂ ਪਰ ਚੜ੍ਹਿਐ ਏਨਾਂ,
ਏਦਾਂ ਕਿਉਂ ਤੂੰ ਅੱਖਾਂ ਪਾੜੇਂ?
ਕਾਸਕਾ-:ਅੰਦਰ ਤੇਰੇ ਕੁੱਝ ਨਹੀਂ ਹੁੰਦਾ?
ਪੱਤੇ ਵਾਂਗ ਜਦ ਧਰਤੀ ਡੋਲੇ?
ਓ, ਸਿਸੈਰੋ! ਵੇਖੇ ਨੇ ਮੈਂ ਤੇਜ਼ ਤੂਫਾਨ,
ਝਾਂਬੇ, ਝੱਖੜ ਬੇ ਲਗਾਮ
ਗੰਢਲ ਤਣੇ ਬਲੂਤਾਂ ਦੇ ਜੋ
ਪਾੜਣ ਕੁੱਲ ਤਮਾਮ;
ਭਰੇ, ਪੀਤੇ ਵੇਖੇ ਨੇ ਸਾਗਰ,
ਮਹਾਂ ਕਰੋਧੀ, ਝੱਗੋ ਝੱਗ,
ਕਾਲੇ ਬੱਦਲ ਦੇਣ ਡਰਾਵੇ,
ਹੁਣੇ ਪੈਣ ਗੇ ਵੱਗ,
ਬਿੱਫਰੇ ਸਾਗਰ ਧਾੜਾਂ ਮਾਰਨ,

ਵੇਖੇ ਨੇ ਕਈ ਵਾਰ,
ਪਰ ਕਦੇ ਨਹੀਂ ਡਿੱਠਾ ਅੱਜ ਤੱਕ,
ਕਰਦਾ ਮਾਰੋ ਮਾਰ,
ਅੱਗ ਉਗਲਦਾ, ਲਾਟਾਂ ਛੱਡਦਾ,
ਇਸ ਰਾਤ ਜਿਹਾ ਤੂਫਾਨ।
ਜਾਂ ਫਿਰ, ਦੇਵਲੋਕ 'ਚ ਹੋਈ ਬਗਾਵਤ,
ਜਾਂ ਮਾਤਲੋਕ ਹੋਇਆ ਗੁਸਤਾਖ
ਲੋਹੇ ਲਾਖੇ ਦੇਵ ਚੜ੍ਹ ਆਏ
ਕਰਨ ਤਬਾਹੀ ਜੱਗ ਦੀ।
ਸਿਸੈਰੋ-:ਕਿਉਂ ਬਈ! ਇਸ ਤੋਂ ਵੱਧ ਵੀ
ਵੇਖਿਆ ਕੋਈ ਅਚੰਭਾ?
ਕਾਸਕਾ-:ਇੱਕ ਮਾਮੂਲੀ ਦਾਸ ਤੱਕਿਆ,
ਸ਼ਕਲੋਂ ਹੀ ਜੋ ਗੋਲਾ ਲੱਗੇ-
ਬਲਦਾ ਹੱਥ ਸੀ ਉੱਚਾ ਕੀਤਾ
ਜਗਦੀ ਮਹਾਂ ਮਸ਼ਾਲ ਉਹ ਲੱਗੇ
ਫਿਰ ਵੀ ਹੱਥ ਨੂੰ ਫਰਕ ਪਵੇ ਨਾਂ,
ਨਾਂ ਝੁਲਸੇ ਨਾਂ ਲੂਹਿਆ ਜਾਵੇਤਾਂਹੀਓਂ ਮੈਂ ਤਲਵਾਰ ਰੱਖੀ ਨਾਂ
ਹਾਲੀਂ ਤੀਕ ਮਿਆਨੇ-
ਬੱਬਰ ਸ਼ੇਰ ਇੱਕ ਟੱਕਰਿਆ ਮੈਨੂੰ
ਬਿਰਹੱਸਪਤੀ ਮੰਦਰ ਕੋਲੇ,
ਘੂਰ ਘੂਰ ਉਹ ਵੇਂਹਦਾ ਮੈਨੂੰ,
ਕੋਲੋਂ ਲੰਘ ਗਿਆ ਸੀ,
ਖਿਝਿਆ ਹੋਇਆ, ਚਿੜਿਆ ਚਿੜਿਆ,
ਦੰਦ ਕਢਦਾ ਤੇ ਗ਼ੁੱਰਾਂਦਾ,
ਪਰ ਉਸ ਮੈਨੂੰ ਤੰਗ ਨਹੀਂ ਕੀਤਾ।
ਫੇਰ ਵੇਖੀਆਂ ਕੱਠੀਆਂ ਹੋਈਆਂ
ਇੱਕ ਰੂੜੀ ਦੇ ਲਾਗੇ-
ਸੌ ਤੀਵੀਆਂ ਭੁਕ ਪੀਲੀਆਂ
ਅੱਤ ਦਹਿਸ਼ਤ ਦੇ ਨਾਲ-
ਸੌਹਾਂ ਖਾ ਖਾ ਦੱਸ ਰਹੀਆਂ ਸੀ,
ਵੇਖੇ ਮਨੁੱਖ ਨਿਆਰੇ


ਗਲੀਆਂ ਦੇ ਵਿੱਚ ਭਾਂਬੜ ਬਣਕੇ
ਸੜਦੇ ਬਲਦੇ ਸਾਰੇ;
ਹੋਰ ਸੁਣੋ, ਕਲ੍ਹ ਬੋਲ ਰਿਹਾ ਸੀ
ਸਿਖਰ ਦੁਪਹਿਰੇ ਊੱਲੂ-
ਰਾਤ ਦਾ ਪੰਛੀ ਹੂਕ ਰਿਹਾ ਸੀ
ਬੈਠਾ ਵਿੱਚ ਬਜ਼ਾਰੇ!
ਸੰਜੋਗ ਵੱਸ ਜਦ ਕੱਠੇ ਹੋਵਣ
ਅਜਿਹੇ ਕੌਤਕ ਸਾਰੇ:
ਇਹ ਅਲਾਮਤੀ ਗੱਲਾਂ ਹਨ ਜੋ
ਸਿੱਧੇ ਕਰਨ ਇਸ਼ਾਰੇ
ਉਸ ਭਿਆਨਕ ਮੌਸਮ ਵੱਲੇ
ਜਿਤਵੱਲ ਦੁਨੀਆ ਪਈ ਪਧਾਰੇ।
ਸਿਸੈਰੋ:ਸੱਚੀਂ, ਬੜਾ ਅਜੀਬ ਸਮਾਂ ਇਹ ਸਾਡਾ!
ਲੋਕੀ ਕੱਢਣ ਅਪਣਾ ਅਪਣਾ ਮਤਲਬ,
ਹੁੰਦਾ ਹੈ ਜੋ ਆਮ ਤੌਰ ਤੇ
ਸ਼ੈਆਂ ਦੇ ਮਕਸਦ ਤੋਂ ਉਲਟਾ।
ਕੀ ਸੀਜ਼ਰ ਕਲ੍ਹ ਸੰਸਦ ਭਵਨ ਆਵੇਗਾ ਫੇਰ?
ਕਾਸਕਾ:ਹਾਂ, ਆਵੇਗਾ।
ਹੁਕਮ ਕੀਤਾ ਸੀ ਐੇਨਟੋਨੀਅਸ ਨੂੰ,
ਤੈਨੂੰ ਵੀ ਦੱਸ ਦੇਵੇ।
ਸਿਸੈਰੋ:ਚੰਗਾ ਫੇਰ ਕਾਸਕਾ! ਸ਼ੁਭ ਰਾਤ੍ਰੀ;
ਇਸ ਤੂਫਾਨੀ ਅੰਬਰ ਹੇਠਾਂ,
ਚੰਗਾ ਨਹੀਂ ਹੈ ਹੋਰ ਘੁੰਮਣਾ।
ਕਾਸਕਾ:ਅਲਵਿਦਾਅ ਸਿਸੈਰੋ!
(ਸਿਸੈਰੋ ਜਾਂਦਾ ਹੈ; ਕੈਸੀਅਸ ਦਾ ਪਰਵੇਸ਼ ਹੁੰਦਾ ਹੈ)
ਕੈਸੀਅਸ:ਕੌਣ ਐ ਬਈ?
ਕਾਸਕਾ:ਮੈਂ ਹਾਂ ਰੋਮ ਹੀ ਦਾ ਵਸਨੀਕ।
ਕੈਸੀਅਸ:ਬੋਲੋਂ ਤਾਂ ਤੂੰ ਕਾਸਕਾ ਲਗਦੈਂ।
ਕਾਸਕਾ:ਕੰਨ ਤਾਂ ਤੇਰੇ ਠੀਕ ਨੇ ਕੈਸ!
ਪਰ ਰਾਤ ਇਹ ਕਿੰਨੀ ਹੈ ਅਜੀਬ!
ਕੈਸੀਅਸ:ਈਮਾਨਦਾਰ ਮਨੁੱਖਾਂ ਲਈ ਪਰ
ਬੜੀ ਆਨੰਦਮਈ ਇਹ ਰਾਤ।


ਕਾਸਕਾ-:ਅੱਜ ਤੀਕ ਨਾ ਡਿੱਠੀ ਹੋਸੀ ਹੋਰ ਕਿਸੇ ਨੇ
ਅੰਬਰੋਂ ਵਰ੍ਹਦੀ ਦਹਿਸ਼ਤ ਏਦਾਂ?
ਕੈਸੀਅਸ-:ਹਾਂ, ਉਹਨਾਂ ਨੇ ਵੇਖੀ ਹੋ ਸੀ-
ਜਿਹੜੇ ਜਾਨਣ ਇਹ ਦੁਨੀਆਂ ਪਾਪੀ।
ਮੈਂ ਵੀ ਤਾਂ ਆਪਣੇ ਵੱਲੋਂ
ਸਾਰੀਆਂ ਗਲੀਆਂ ਗਾਹ ਆਇਆ ਹਾਂ-
ਸਿਰ ਤੇ ਝੱਲੀ ਨ੍ਹੇਰੀ ਰਾਤ, ਖਤਰਿਆਂ ਵਾਲੀ,
ਖੋਲ੍ਹਕੇ ਬੀੜੇ, ਡਾਹਕੇ ਛਾਤੀ ਨੰਗੀ,
ਵੇਖ ਕਾਸਕਾ! ਵੱਜਰਪਾਤਾਂ ਅੱਗੇ;
ਤੇ ਨੀਲੀ, ਕਟੀਲੀ ਤੇਜ਼ ਦਾਮਣੀ
ਜੋ ਅਰਸ਼ ਦੀ ਪਾੜੇ ਛਾਤੀ,
ਤੁਰਦਾ ਰਿਹਾਂ ਨਿਸ਼ਾਨੇ ਉਹਦੇ ਤੇ
ਪਾ ਮੌਤ ਦੀ ਅੱਖ'ਚ ਅੱਖ।
ਕਾਸਕਾ-:ਪਰ ਕਿਉਂ ਤੂੰ ਅੰਬਰ ਇੰਜ ਵੰਗਾਰੇ?
ਕੀ ਸੀ ਤੈਨੂੰ ਲੋੜ?
ਦੇਵ ਮਹਾਨ ਸ਼ਕਤੀਸ਼ਾਲੀ,
ਮਨੁੱਖਾਂ ਤਾਂਈਂ ਚੱਕ੍ਰਿਤ ਕਰਦੇ
ਦਹਿਸ਼ਤ ਦੇ ਜਦ ਭੇਜਣ ਦੂਤ;
ਕੰਬੀਂ ਜਾਣ ਮਨੁੱਖ ਵਿਚਾਰੇ
ਦਹਿਸ਼ਤ ਵਹਿਸ਼ਤ, ਡਰ ਹੀ ਪੱਲੇ,
ਮਰ ਜਾਂਦੇ ਨੇ ਡਰ ਦੇ ਮਾਰੇ।
ਕੈਸੀਅਸ-:ਤੇਰੀ ਬੁੱਧੀ ਕੁੰਦ ਕਾਸਕਾ,
ਜੀਵਨ ਚਿਣਗ ਨਹੀਂ ਤੇਰੇ ਅੰਦਰ
ਜੋ ਲੋੜੀਂਦੀ ਹਰ ਰੋਮਨ ਨੂੰ,
ਉਹ ਸ਼ੈਅ ਨਹੀਂ ਤੇਰੇ ਅੰਦਰ;
ਜੇ ਕਿਧਰੇ ਹੈ ਰੱਤੀ, ਮਾਸਾ,
ਤੂੰ ਵਰਤੇਂ ਨਾਂ ਉਹਨੂੰ।
ਪੀਲਾ ਭੂਕ ਤੂੰ ਤੱਕੀਂ ਜਾਵੇਂ
ਪਾ ਕੇ ਭੈਅ ਦਾ ਅੱਖੀਂ ਪਰਦਾ;
ਏਹ ਅਨੋਖੀ ਬੇਚੈਨੀ ਜੋ ਅੰਬਰੀਂ ਫੈਲੀ,
ਤੈਨੂੰ ਸ਼ਾਇਦ ਕਰਦੀ ਪਰੇਸ਼ਾਨ।
ਪਰ ਜੇ ਕੋਸ਼ਿਸ਼ ਕਰੇਂ ਲੱਭਣ ਦੀ,

ਕੀ ਏ ਅਸਲ 'ਚ ਗੱਲ--
ਕਿਉਂ ਇਹ ਭਾਂਬੜ ਮੱਚ ਰਹੇ ਨੇ,
ਭੂਤ, ਚੁੜੇਲਾਂ ਹਵਾ 'ਚ ਘੁੰੱਮਣ
ਚਰਿੰਦ ਪਰਿੰਦ ਕਿਉਂ ਹਰ ਨਸਲ ਦੇ,
ਹਰ ਕਿਸਮ ਦੇ, ਫਿਰਦੇ ਨੇ ਘਬਰਾਏ:
ਸਿਆਣੇ ਬੁਜ਼ੁਰਗ ਕਿਉਂ ਕਰਨ ਹਮਾਕਤ,
ਬੱਚੇ ਲਾਵਣ ਕਿਉਂ ਤਖਮੀਨੇ,
ਛੱਡਕੇ ਹੁਕਮ ਖੁਦਾਏ ਵਾਲਾ,
ਸਭ ਕੁਝ ਹੋਇਐ ਕਿਉਂ ਵਿਪਰੀਤ?-
ਆਪਣੇ ਆਪਣੇ ਸੁਭਾਅ ਤਿਆਗੇ,
ਕਾਰਜ ਰੁਚੀਆਂ ਤਜੀਆਂ:
ਤਿਆਗ ਦਿੱਤੀ ਕਿਉਂ ਇਹਨਾਂ ਸਭ ਨੇ
ਜਮਾਂਦਰੂ ਅਪਣੀ ਰੀਤ?
ਕਿਉਂ ਰਾਖਸ਼ੀ ਰੂਪ ਧਾਰਿਆ,
ਬਣੇ ਭਿਅੰਕਰ ਕਿਉਂ ਸੁਭਾਅ--
ਆਪੂੰ ਫਿਰ ਤੂੰ ਸਮਝ ਲਵੇਂਗਾ,
ਉੱਪਰ ਵਾਲੇ ਦੀ ਰਜ਼ਾ:
ਭਿਅੰਕਰ ਰੂਪ ਦਿੱਤੇ ਸਭ ਤਾਈਂ,
ਵਾੜ ਦਿੱਤੇ ਜਿੰਨ ਅੰਦਰ:
ਵੇਖੇ ਦੁਨੀ ਤੇ ਕੰਬੀਂ ਜਾਵੇ,
ਤਿਲ ਤਿਲ ਮਰੇ ਡਰਾਵੇ ਨਾਲ,
ਸਿਰ ਤੇ ਜਿਵੇਂ ਕਆਮਤ ਆਈ।
ਸੁਣ ਕਾਸਕਾ! ਦੱਸਾਂ ਤੈਨੂੰ
ਉਹਦਾ ਹੁਣ ਮੈਂ ਨਾਂਅ,
ਭਿਅੰਕਰ ਏਸ ਰਾਤ੍ਰੀ ਵਰਗਾ-
ਜੋ ਗਰਜੇ, ਲਿਸ਼ਕੇ, ਖ੍ਹੋਲੇ ਕਬਰਾਂ
ਬਿਰਹਸਪਤੀ ਮੰਦਰ ਵਾਲੇ
ਸ਼ੇਰ ਵਾਂਗ ਜੋ ਧਾੜੇ-
ਨਿੱਜ ਕਰਮੀਂ ਉਹ ਤੈਥੋਂ ਮੈਥੋਂ
ਨਹੀਂ ਹੈ ਤਕੜਾ ਬੰਦਾ
ਫਿਰ ਵੀ ਏਨਾਂ ਵਡਆਕਾਰੀ,
ਭਿਅੰਕਰ ਏਨਾਂ ਬਣਿਆ ਫਿਰਦੈ,


ਜਿੰਨੇ ਭਿਅੰਕਰ ਹੈਨ ਕੁਦਰਤੀ,
ਅਚਰਜ ਇਹ ਵਿਸਫੋਟ!
ਕਾਸਕਾ-:ਤੇਰਾ ਮਤਲਬ ਸੀਜ਼ਰ ਤੋਂ ਹੈ-ਹੈ ਨਾਂ ਕੈਸ?
ਕੈਸੀਅਸ-:ਛੱਡੋ ਤੁਸੀਂ ਕਿਸ ਤੋਂ ਹੈ ਮੇਰਾ ਮਤਲਬ:
ਰੋਮਨਾਂ ਦੇ ਅੰਗ, ਪੈਰ ਤੇ ਪੱਠੇ
ਭਾਵੇਂ ਪੁਰਖਿਆਂ ਵਾਂਗ ਮਜ਼ਬੂਤ
ਪਰ ਉਹ ਸਵੈ-ਵਿਸ਼ਵਾਸ ਹੈ ਕਿਥੇ?
ਮਨ ਤਾਂ ਸਭ ਦੇ ਮਰ ਚੁੱਕੇ ਨੇ
ਮਾਵਾਂ ਵਾਂਗ ਪਹਿਨ ਪੰਜਾਲੀ,
ਨਿਰੇ ਜ਼ਨਾਨੇ ਬਣ ਚੁੱਕੇ ਨੇ।
ਕਾਸਕਾ-:ਸੱਚੀਂ, ਸਾਰੇ ਗੱਲ ਉੱਡੀ ਹੈ,
ਸਭੇ ਸਾਂਸਦਾਂ ਮਤਾ ਪਕਾਇਐ,
ਸੀਜ਼ਰ ਨੂੰ ਕੱਲ ਰਾਜ ਭੇਟਣਾ,
ਬਣਾ ਦੇਣੈ ਸਮਰਾਟ;
ਕਰੂ ਹਕੂਮਤ ਜਲ ਥਲ ਉੱਤੇ,
ਇਟਲੀ ਪਰ ਰਹੂ ਆਜ਼ਾਦ।
ਕੈਸੀਅਸ-:ਮੈਨੂੰ ਪਤੈ ਫਿਰ ਖੰਜਰ ਮੇਰਾ
ਕਿੱਥੇ ਆਊ ਕੰਮ;
ਗੁਲਾਮੀ ਦੀਆਂ ਜ਼ੰਜੀਰਾਂ ਕੱਟੂ,
ਖੁਦ ਨੂੰ ਕੈਸੀਅਸ ਆਜ਼ਾਦ ਕਰਾਊ;
ਅਜਿਹੇ ਕੰਮਾਂ 'ਚ ਸੱਭੇ ਦੇਵਗਣ
ਨਿਤਾਣਿਆਂ ਤਾਈਂ ਬਖਸ਼ਣ ਤਾਣ;
ਜਬਰ ਦੀ ਜੜ੍ਹ ਪੁੱਟਣ ਖਾਤਰ
ਚਿੜੀਆਂ ਤੋਂ ਵੀ ਬਾਜ਼ ਤੁੜਾਣ:
ਸੁਤੰਤਰ ਰੂਹ ਨੂੰ ਡੱਕ ਨਾ ਸੱਕਣ
ਪਿੱਤਲ ਦੀਆਂ ਨਿੱਗਰ ਦੀਵਾਰਾਂ,
ਬੁਰਜ ਪੱਥਰੀਲੇ, ਲੋਹ-ਜ਼ੰਜੀਰਾਂ,
ਘੁੱਪ ਨ੍ਹੇਰੀਆਂ ਗ਼ਾਰਾਂ।
ਪਰ ਹਿਆਤੀ ਟੁੱਟ ਜੇ ਜਾਵੇ
ਇਸ ਗੁਲਾਮੀ ਅੱਗੇ,
ਹੱਥੀਂ ਮੁਕਤ ਕਰਨ ਦਾ ਖੁਦ ਨੂੰ
ਸਾਹਸ ਵੀ ਉਹ ਰੱਖੇ।


ਇਹ ਮੈਂ ਜਾਣਾਂ, ਦੁਨੀਆਂ ਜਾਣੇ,
ਤੌਕ ਗੁਲਾਮੀ ਵਾਲਾ
ਜਦ ਵੀ ਚਾਹਾਂ ਲਾਹ ਸੁੱਟਾਂ ਮੈਂ,
ਇਹ ਮਰਜ਼ੀ ਹੈ ਮੇਰੀ।
(ਗੜਗੜਾਹਟ ਹੋਈਂ ਜਾਂਦੀ ਹੈ)
ਕਾਸਕਾ-:ਇੰਜ ਤਾਂ ਮੈਂ ਵੀ ਕਰ ਸਕਦਾ ਹਾਂ:
ਹਰ ਗੁਲਾਮ 'ਚ ਹੈ ਇਹ ਸ਼ਕਤੀ,
ਕੱਟ ਸੁਟੇ ਜ਼ੰਜੀਰਾਂ।
ਕੈਸੀਅਸ-:ਪਤੈ ਸੀਜ਼ਰ ਬਣਿਐ ਕਿਉਂ ਫਿਰ ਜਾਬਰ?
ਮੈਂ ਜਾਣਦਾਂ ਉਹ ਬੇਚਾਰਾ!
ਕਦੇ ਬਘਿਆੜ ਨਾਂ ਬਣਦਾ
ਹਰ ਰੋਮਨ ਜੇ ਉਹਦੇ ਅੱਗੇ ਭੇਡ ਕਦੇ ਨਾਂ ਬਣਦਾ-
ਬਣ ਗਿਆ ਬੱਬਰ ਸ਼ੇਰ ਉਹ ਤਾਂਹੀ,
ਰੋਮਨ ਬਣੇ ਜੇ ਮੂਨਾਂ।
ਕਿੰਨਾ ਰੱਦੀ ਰੋਮ ਹੋ ਗਿਐ,
ਕਿੰਨੇ ਨੀਚ ਹੋ ਗਏ ਰੋਮਨ,
ਸੱਭੇ ਹੋ ਗਏ ਕੂੜਾ ਕਰਕਟ,
ਭੁਰ ਚੂਰ ਤੇ ਠੱਠਰ, ਸੂਹੜੀ-
ਆਪਾ ਬਾਲ ਰੁਸ਼ਨਾਈਂ ਜਾਂਦੇ
ਸੀਜ਼ਰ ਜੇਹੀ ਹੀਣੀ ਸ਼ੈ ਨੂੰ।
ਪਰ ਆਹ! ਇਹ ਮੇਰਾ ਰੰਜ, ਇਹ ਦੁੱਖ ਮੇਰਾ
ਕਿੱਧਰ ਲੈਕੇ ਤੁਰ ਪਿਐ ਮੈਨੂੰ?
ਬੋਲ਼ੇ ਨੂੰ ਸੰਗੀਤ ਸੁਣਾਕੇ
ਸੁੱਤੀ ਰੂਹ ਜਗਾਵਣ ਲੱਗਾਂ;
ਹਾਰ ਸਮਝ ਜਿਸ ਤੌਕ ਪਹਿਨਿਆ,
ਗਲ ਚੋਂ ਉਹਦੇ ਲਾਹਵਣ ਲੱਗਾਂ।
ਜੇਕਰ ਮੇਰੇ ਸੁਆਲ ਦਾ ਉੱਤਰ
ਏਹੋ ਹੀ ਹੈ ਹੋਣਾ,
ਹਥਿਆਰਬੰਦ ਮੈਂ ਸਦਾ ਤਿਆਰ,
ਖਤਰੇ ਮੈਨੂੰ ਪੋਹ ਨਾਂ ਸੱਕਣ।
ਕਾਸਕਾ-:ਚੇਤੇ ਰੱਖ ਜ਼ਰਾ ਇਹ ਕੈਸ!
ਗੱਲ ਕਰਦੈਂ ਤੂੰ ਕਾਸਕਾ ਨਾਲ:


ਚੁਗਲੀ ਕਰੇ ਨਾਂ ਪਾਏ ਕਹਾਣੀ,
ਐੇਸਾ ਹੈ ਇਨਸਾਨ;
ਸੁੱਟ ਖਾਂ ਹੱਥ ਫਿਰ ਧੜਾ ਬਣਾਈਏ,
ਰੰਜਸ਼ ਕੱਢੀਏ, ਧੂਹ ਕਿਰਪਾਨ;
ਸਭ ਤੋਂ ਮੂਹਰੇ ਮੈਂ ਲੱਗੂੰ ਗਾ,
ਵੇਖ ਲਈਂ ਤੂੰ ਆਪੇ।
ਕੈਸੀਅਸ-:ਚੱਲ ਫਿਰ ਹੋ ਗਈ ਪੱਕੀ ਗੱਲ।
ਸੁਣ ਹੁਣ ਮੇਰੀ ਤੂੰ ਕਾਸਕਾ!
ਅੱਤ ਕੁਲੀਨ ਕੁਝ ਰੋਮਨ ਤਕੜੇ
ਕਰੀਏ ਸਹਿਮਤ ਅਪਣੇ ਨਾਲ;
ਮਹਾਂ ਕਾਜ ਇਹ ਇਜ਼ੱਤ ਵਾਲਾ
ਸਿਰੇ ਚਾੜ੍ਹਨੈ ਮਿਲ ਕੇ,
ਖਤਰੇ ਭਾਵੇਂ ਕਿੱਡੇ ਹੋਸਨ,
ਇਸ ਕਾਰਜ ਦੇ ਨਾਲ;
ਮੈਨੂੰ ਪਤੈ ਉਡੀਕਣ ਮੈਨੂੰ
ਉਹ ਪੌਂਪੀ ਦੀ ਪੋਰਚ ਥੱਲੇ,
ਰਾਤ ਭਿਆਨਕ, ਸੁੰਨੀਆਂ ਸੜਕਾਂ,
ਲੋਕ ਨਹੀਂ ਫਿਰਦੇ ਕੱਲ ਦੁਕੱਲੇ,
ਮਹਾਂ ਕਾਜ ਇਹ ਖੂਨੀ ਸਾਕਾ,
ਅੱਗੋ ਅੱਗ, ਭਿਆਨਕ ਅੱਤ,
ਅੱਜ ਇਹਦੇ ਵਿੱਚ ਕਰਨ ਸਹਾਇਤਾ
ਪ੍ਰਕਿਰਤੀ ਦੇ ਸਾਰੇ ਤੱਤ।
ਕਾਸਕਾ-:ਰੁਕ ਜ਼ਰਾ ਤੂੰ ਨੇੜੇ ਹੋਕੇ;
ਕਾਹਲੀ ਵਿੱਚ ਕੋਈ ਆਉਂਦਾ ਦਿੱਸੇ-
ਕੈਸੀਅਸ-:ਸਿੰਨਾ ਲਗਦੈ। ਮੈਂ ਪਛਾਣਦਾਂ ਇਹਦੀ ਤੋਰ,
ਇਹ ਅਪਣਾ ਹੀ ਮਿੱਤਰ ਹੈਗਾ।
-ਪਰਵੇਸ਼ ਸਿੰਨਾ-
ਸਿੰਨਾ ਬਈ, ਕਿਉਂ ਏਨੀ ਹੈ ਕਾਹਲੀ?
ਸਿੰਨਾ-:ਲੱਭਦਾ ਫਿਰਦਾਂ ਤੈਨੂੰ ਹੀ ਮੈਂ।
ਇਹ ਕਿਹੜੈ? ਮੈਟੀਲਸ ਸਿੰਬਰ?


ਕੈਸੀਅਸ-:ਨਹੀਂ, ਇਹ ਤਾਂ ਕਾਸਕਾ ਹੈਗਾ,
ਸਾਡਾ ਹੀ ਸਹਿਯੋਗੀ।
ਸਿੰਨਾ! ਕੀ ਮੇਰੀ ਉਡੀਕ ਉਨ੍ਹਾਂ ਨੂੰ?
ਸਿੰਨਾ-:ਇਹਨੂੰ ਮਿਲਕੇ ਖੁਸ਼ ਬੜਾ ਹਾਂ;
ਪਰ ਕਿੰਨੀ ਏ ਰਾਤ ਭਿਆਨਕ!
ਦੋਂ ਤਿੰਨਾਂ ਨੇ ਸਾਡੇ ਵਿੱਚੋਂ
ਬੜੇ ਅਜੀਬ ਨਜ਼ਾਰੇ ਵੇਖੇ
ਕੈਸੀਅਸ-:ਕਰਦੇ ਹਨ ਉਡੀਕ ਮੇਰੀ ਉਹ?
ਦੱਸ ਖਾਂ ਪਹਿਲਾਂ ਮੈਨੂੰ।
ਸਿੰਨਾ-:ਹਾਂ, ਤੇਰੀ ਉਡੀਕ ਨੇ ਕਰਦੇ।
ਕਾਸ਼! ਕੈਸ ਕੁਝ ਕਰ ਵਿਖਾਵੇਂ,
ਕੁਲੀਨ ਬਰੂਟਸ ਨੂੰ ਖਿੱਚ ਲਿਆਵੇਂ
ਅਪਣੇ ਧੜੇ ਦੇ ਅੰਦਰ!
ਕੈਸੀਅਸ-:ਭਲੇ ਸਿੰਨਾ! ਤੂੰ ਚਿੰਤਾ ਕਰ ਨਾ ;
ਆਹ ਲੈ ਕਾਗਜ਼:
ਇੱਕ ਰੱਖੀਂ ਤੂੰ ਆਸਣ ਉੱਤੇ
ਦੰਡ-ਅਧਿਕਾਰੀ ਵਾਲੇ,
ਤਾਂ ਜੋ ਮਿਲੇ ਬਰੂਟਸ ਨੂੰ ਹੀ-
ਅੰਦਰ ਸੁੱਟੀਂ ਖਿੜਕੀ ਰਾਹ ਦੂਜਾ;
ਲੇਵੀ ਲਾ ਚਿਪਕਾਈਂ ਤੀਜਾ
ਬਰੂਟਸ ਵਡੇਰੇ ਦੇ ਬੁੱਤ ਥੱਲੇ।
ਕੰਮ ਮੁਕਾਕੇ ਸਾਰਾ ਆਈਂ,
ਮੁੜ ਪੌਂਪੀ ਦੀ ਪੋਰਚ ਥੱਲੇ,
ਉਡੀਕਾਂ ਗੇ ਅਸੀਂ ਸਭ ਓਥੇ ਹੀ।
ਡੇਸੀਅਸ ਬਰੂਟਸ ਅਤੇ ਟਰੈਬੋਨੀਅਸ
ਕੀ ਪੁੱਜੇ ਨੇ ਓੁਥੇ?
ਸਿੰਨਾ-:ਹਾਂ! ਸਾਰੇ ਹੀ ਸਨ ਓਥੇ
ਮਤੇਲੀਅਸ ਸਿੰਬਰ ਬਾਝੋਂ;
ਉਹ ਗਿਆ ਸੀ ਘਰ ਤੁਹਾਡੇ ,
ਸੱਦਣ ਤੁਹਾਨੂੰ।
ਚੰਗਾ, ਫੇਰ ਮੈਂ ਚਲਦਾਂ,
ਪਰਚੇ ਸੁੱਟ, ਚਿਪਕਾ ਕੇ ਆਉਨਾਂ


ਜਿਵੇਂ ਹੈ ਹੁਕਮ ਤੁਹਾਡਾ।
ਕੈਸੀਅਸ-:ਕੰਮ ਮੁਕਾਕੇ ਸਿੱਧਾ ਆਵੀਂ,
ਪੌਂਪੀ ਦੇ ਖਾੜੇ ਪੁੱਜ ਜਾਵੀਂ।
-ਸਿੰਨਾ ਜਾਂਦਾ ਹੈ-
ਆ ਕਾਸਕਾ! ਚੱਲੀਏ ਆਪਾਂ
ਮਿਲਣ ਬਰੂਟਸ ਤਾਂਈਂ,
ਪੌਹ ਫਟਣ ਤੋਂ ਪਹਿਲਾਂ ਪਹਿਲਾਂ
ਪੁੱਜੀਏ ਉਹਦੇ ਘਰ।
ਤਿੰਨ ਹਿੱਸੇ ਉਹ ਪਹਿਲੋਂ ਈ ਸਾਡਾ,
ਇਸ ਮਿਲਣੀ ਤੋਂ ਮਗਰੋਂ,
ਹੋ ਜੂ ਪੂਰੇ ਦਾ ਪੂਰਾ ਸਾਡਾ।
ਕਾਸਕਾ-:ਉਹ ਤਾਂ ਲੋਕ-ਮਨਾਂ ਚ ਵੱਸਿਐ,
ਜੰਤਾ ਦਾ ਬਣਿਐ ਦਿਲਦਾਰ,
ਪਾਰਸ ਨਿਰੀ ਸ਼ਖਸੀਅਤ ਉਹਦੀ,
ਆਕਰਸ਼ਕ ਚਿਹਰਾ ਬੜਾ ਉਦਾਰ,
ਸਾਡੇ ਵਿੱਚ ਜੋ ਅਵਗੁਣ ਦਿੱਸਣ,
ਉਹਦੇ ਮੱਥੇ ਗੁਣ ਬਣ ਜਾਂਦੇ,
ਸਾਡੇ ਹੱਥ ਜੋ ਲੋਹਾ ਦਿੱਸੇ,
ਉਹਦੇ ਵਿੱਚ ਸੋਨਾ ਬਣ ਜਾਵੇ
ਏਨੀ ਮਹਿਮਾ ਉਹਦੀ।
ਕੈਸੀਅਸ-:ਠੀਕ ਕਿਹੈ ਤੂੰ ਠੀਕ ਸੋਚਿਐ,
ਲੋੜ ਬੜੀ ਹੈ ਸਾਨੂੰ
ਉਹਦੀ ਅਤੇ ਉਹਦੀ ਮਹਿਮਾ ਦੀ।
ਆ ਹੁਣ ਚੱਲੀਏ,
ਅੱਧੀ ਰਾਤ ਬੀਤਣ ਨੂੰ ਆਈ,
ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ,
ਜਾ ਜਗਾਈਏ ਉਹਨੂੰ,
ਪੱਕਾ ਕਰ ਕੇ ਨਾਲ ਮਿਲਾਈਏ ।
-ਦੋਵੇਂ ਜਾਂਦੇ ਹਨ-