ਸਮੱਗਰੀ 'ਤੇ ਜਾਓ

ਜੂਲੀਅਸ ਸੀਜ਼ਰ/ਮੁਖਬੰਦ

ਵਿਕੀਸਰੋਤ ਤੋਂ
ਸ਼ੇਕਸਪੀਅਰ1294ਜੂਲੀਅਸ ਸੀਜ਼ਰ — ਮੁਖਬੰਦ1978ਐਚ. ਐਸ. ਗਿੱਲ

ਮੁਖਬੰਦ

ਡਾ: ਆਤਮਜੀਤ
ਪ੍ਰਿੰਸੀਪਲ


ਦੁਨੀਆਂ ਦੇ ਮਹਾਨਤਮ ਨਾਟਕਕਾਰਾਂ ਵਿੱਚੋਂ ਇੱਕ ਸ਼ੇਕਸਪੀਅਰ ਸੀ। ਉਸਦੇ ਨਾਟਕਾਂ ਵਿੱਚ ਜੀਵਨ ਅਤੇ ਮਨ ਦਾ ਜਿੰਨਾ ਸੁਹਣਾ ਚਿਤਰਣ ਹੋਇਆ ਹੈ, ਉਹ ਮਿਸਾਲੀ ਹੈ। ਹੈਮਲੈੱਟ, ਮੈਕਬੈੱਥ, ਓਥੈਲੋ ਆਦਿਕ ਨਾਟਕ ਆਪਣੀ ਰਚਨਾ ਤੋਂ ਪੰਜ ਸਦੀਆਂ ਬਾਦ ਭੀ ਸੱਜਰੇ ਅਤੇ ਭਾਵਭਰੇ ਹਨ । ਜੂਲੀਅਸ ਸੀਜ਼ਰ ਵੀ ਉਸਦੇ ਮਹੱਤਵਪੂਰਨ ਨਾਟਕਾਂ ਵਿੱਚੋਂ ਇੱਕ ਹੈ ਜਿਹੜਾ ਰੋਮਨ ਇਤਿਹਾਸ ਦੀ ਗੱਲ ਕਰਦਿਆਂ ਵੀ ਮਨੁੱਖੀ ਮਨ ਦੀਆਂ ਡੂੰਘਾਈਆਂ ਤੱਕ ਉਤਰਦਾ ਹੈ ਅਤੇ ਆਪਣੇ ਬਹੁ ਭਾਵੀ ਸੰਸਾਰ ਨਾਲ ਪਾਠਕਾਂ ਅਤੇ ਦਰਸ਼ਕਾਂ ਨੂੰ ਮੋਂਹਦਾ ਅਤੇ ਪੋਂਹਦਾ ਹੈ।
ਕੈਸੀਅਸ ਨੂੰ ਸੀਜ਼ਰ ਦੀ ਬਹਾਦਰੀ, ਤਰੱਕੀ ਅਤੇ ਸੋਭਾ ਦਾ ਸਾੜਾ ਹੈ। ਨਾਟਕ ਦੇ ਕਾਰਜ ਅਨੁਸਾਰ ਕੈਸੀਅਸ ਇਹ ਭਰਮ ਸਿਰਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਸੀਜ਼ਰ ਰੋਮ ਗਣਰਾਜ ਨੂੰ ਇੱਕ ਰਾਜਸ਼ਾਹੀ ਵਿੱਚ ਬਦਲ ਦੇਣਾ ਚਾਹੁੰਦਾ ਹੈ। ਇਸ ਦੇ ਸਿੱਟੇ ਵਜੋਂ ਉਹ ਸੀਜ਼ਰ ਦੇ ਨੇੜਲੇ ਮਿੱਤਰ ਬਰੂਟੱਸ ਨੂੰ ਵੀ ਉਸ ਤੋਂ ਤੋੜ ਦੇਂਦਾ ਹੈ ਅਤੇ ਉਸ ਨਾਲ ਰਲ ਕੇ ਸੀਜ਼ਰ ਦਾ ਕਤਲ ਕਰਦਾ ਹੈ। ਹੌਲੀ ਹੌਲੀ ਹਾਲਤਾਂ ਇਹੋ ਜਿਹੀਆਂ ਬਣਦੀਆਂ ਹਨ ਕਿ ਪਹਿਲਾਂ ਕੈਸੀਅਸ ਆਤਮਘਾਤ ਕਰਦਾ ਹੈ ਅਤੇ ਫ਼ਿਰ ਬਰੂਟੱਸ ਨੂੰ ਕਰਨਾ ਪੈਂਦਾ ਹੈ। ਮਰਨ ਤੋਂ ਪਹਿਲਾਂ ਬਰੂਟੱਸ ਆਪਣੇ ਸਾਥੀਆਂ ਦੇ ਤਰਲੇ ਮਾਰਦਾ ਹੈ ਕਿ ਉਹ ਉਸਦੀ ਜਾਨ ਕੱਢ ਲੈਣ ਪਰ ਅੰਤ ਉਸਨੂੰ ਆਪਣੀ ਮੌਤ ਦਾ ਪ੍ਰਬੰਧ ਵੀ ਆਪ ਕਰਨਾ ਪੈਂਦਾ ਹੈ। ਉਸਦੇ ਅੰਤਿਮ ਮਾਰਮਿਕ ਬੋਲ ਇਸ ਪ੍ਰਕਾਰ ਹਨ:
ਅਲਵਿਦਾ ਨੇਕ ਸਟਰੈਟੋ;
ਸੀਜ਼ਰ! ਹੁਣ ਤਾਂ ਸ਼ਾਂਤ ਹੋ ਜਾ
ਨਹੀਂ ਸੀ ਮਾਰਿਆ ਤੈਨੂੰ
ਏਦੂੰ ਘੱਟ ਸ਼ੁਭ ਕਾਮਨਾ ਨਾਲ
(ਆਪਣੀ ਤਲਵਾਰ ਉੱਤੇ ਦੌੜ ਕੇ ਮਰ ਜਾਂਦਾ ਹੈ।)
ਮਾਰ-ਧਾੜ ਨਾਲ ਭਰੇ ਇਸ ਨਾਟਕ ਦਾ ਕਾਰਜ ਦੇਖਣ-ਸੁਣਨ ਨੂੰ ਫ਼ਿਲਮੀ ਜਾਪਦਾ ਹੈ ਪਰ ਇਸ ਵਿੱਚ ਸ਼ੇਕਸਪੀਅਰ ਨੇ ਸੰਘਣੇ ਅਰਥ ਪਰੋਏ ਹਨ। ਉਸਦੇ ਨਾਟਕ ਦੀ ਬੁਣਤੀ ਇੰਨੀ ਬਾਰੀਕ ਹੈ ਕਿ ਅਜੇ ਤੱਕ ਸਮਾਲੋਚਕ ਇਸ ਬਹਿਸ ਨੂੰ ਹੀ ਨਹੀਂ ਮੁਕਾ ਸਕੇ ਕਿ ਆਖਰ ਇਸ ਇਤਿਹਾਸਕ ਨਾਟਕ ਦਾ ਨਾਇਕ ਕੌਣ ਹੈ। ਇਸਦੇ ਨਾਂ ਤੋਂ ਇਹੀ ਜਾਪਦਾ ਹੈ ਕਿ ਸੀਜ਼ਰ ਹੀ ਨਾਇਕ ਹੈ ਜੋ ਕਿ ਨਾਟਕ ਦੇ ਅੱਧ ਵਿੱਚ ਹੀ ਮਾਰਿਆ ਜਾਂਦਾ ਹੈ। ਪਰ ਕਈ ਸਿਆਣਿਆਂ ਦੀ ਨਜ਼ਰ ਵਿੱਚ ਇਸਦਾ ਅਸਲ ਨਾਇਕ ਬਰੂਟੱਸ ਹੈ। ਜਾਸਫ਼ ਹੂਪਰਟ ਕਹਿੰਦਾ ਹੈ:"ਬਰੂਟੱਸ ਇਸ ਨਾਟਕ ਦੀ ਅਸਲ ਚਾਲਕ ਸ਼ਕਤੀ ਹੈ। ਭਾਵੇਂ ਉਹ ਕਾਹਲੀ ਵਿੱਚ ਇੱਕ ਰਾਜਸੀ ਗਲਤੀ ਕਰਦਾ ਹੈ ਪਰ ਨਿਸਚੇ ਹੀ ਉਹ ਆਪਣੇ ਜ਼ਾਤੀ ਹਿਤਾਂ ਤੋਂ ਉਤਾਂਹ ਉੱਠਦਾ ਹੈ ਅਤੇ ਰਪਬਲਿਕ ਵਾਸਤੇ ਸੀਜ਼ਰ ਨੂੰ ਮਾਰਦਾ ਹੈ।" ਦਰਅਸਲ ਸ਼ੇਕਸਪੀਅਰ ਦੇ ਨਾਇਕ ਆਪਣੀਆਂ ਤ੍ਰਾਸਦਿਕ ਊਣਤਾਈਆਂ ਕਾਰਨ ਵੀ ਪਛਾਣੇ ਜਾਂਦੇ ਹਨ। ਬਰੂਟੱਸ ਵੀ ਇਕ ਮਹਾਨ ਦੇਸ਼ ਪ੍ਰੇਮੀ ਸੀ ਜਿਸ ਦੀ ਮੌਤ ਉੱਤੇ ਉਸਦਾ ਦੁਸ਼ਮਣ ਐਨਟਨੀ ਵੀ ਇਹ ਆਖਣ ਲਈ ਮਜਬੂਰ ਹੈ:
ਅੱਤ ਕੁਲੀਨ ਅੱਤ ਭੱਦਰ ਸੀ ਇਹ

ਇਸ ਜੁੰਡਲੀ ਵਿੱਚੋਂ ਰੋਮਨ ਉਹ ਮਹਾਨ
ਬਾਕੀ ਸਾਰੇ ਹਸਦ ਦੇ ਮਾਰੇ
ਨਿਰਮਮ ਕਾਤਲ ਮਹਾਨ ਸੀਜ਼ਰ ਦੇ
ਪਰ ਇਹ ਇੱਕ ਇਕੱਲਾ ਹੀ ਸੀ
ਜਿਸ ਸਰਬੱਤ ਦਾ ਭਲਾ ਸੋਚਿਆ
ਨਾਲ ਈਮਾਨ ਹੱਥ ਮਿਲਾਇਆ
ਬੇਈਮਾਨ ਸਾਜ਼ਸ਼ੀਆਂ ਨਾਲ
ਦਰਅਸਲ ਸ਼ੇਕਸਪੀਅਰ ਆਪਣੇ ਕਿਰਦਾਰਾਂ ਦੀਆਂ ਇੰਨੀਆਂ ਪਰਤਾਂ ਦਿਖਾ ਦੇਂਦਾ ਹੈ ਕਿ ਉਹਨਾਂ ਨੂੰ ਚਿੱਟੇ ਜਾਂ ਕਾਲੇ ਦੇ ਰੂਪ ਵਿੱਚ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ।
ਇਸ ਨਾਟਕ ਵਿੱਚ ਭੀੜ ਜਾਂ ਹਜੂਮ ਦਾ ਬਹੁਤ ਖ਼ੂਬਸੂਰਤ ਚਰਿੱਤਰ ਪੇਸ਼ ਕੀਤਾ ਗਿਆ ਹੈ ਜੋ ਜ਼ਿੰਦਗੀ ਵੀ ਪੇਸ਼ ਕਰਦਾ ਹੈ ਅਤੇ ਉਸਦੇ ਅਰਥ ਵੀ। ਥੀਏਟਰ ਵਾਸਤੇ ਇਹੋ ਜਿਹੀ ਰਚਨਾ ਲਿਖਣਾ ਸੌਖਾ ਕੰਮ ਨਹੀਂ ਹੈ। ਨਾਟਕ ਨੂੰ ਖੋਲ੍ਹਣ ਵਾਲਾ ਪਹਿਲਾ ਦ੍ਰਿਸ਼ ਵੀ ਇਸ ਨੁਕਤੇ ਤੋਂ ਬੜਾ ਮਾਅਨੀ-ਖੋਜ਼ ਹੈ, ਜਿਸ ਵਿੱਚ ਨਿਮਨ ਵਰਗੀ ਮੋਚੀ ਅਤੇ ਤਰਖਾਣ ਦਾ ਸੁੰਦਰ ਚਿਹਰਾ-ਮੁਹਰਾ ਘੜਿਆ ਗਿਆ ਹੈ। ਹਿੰਸਾ ਦੇ ਮਾਹੌਲ ਵਿੱਚ ਸਿੰਨਾ ਨਾਂ ਦੇ ਕਵੀ ਨੂੰ ਇੱਕ ਹਜੂਮ ਸਿਰਫ਼ ਇਸ ਲਈ ਮਾਰ ਦੇਂਦਾ ਹੈ ਕਿ ਉਸਦਾ ਨਾਂ ਇੱਕ ਛੜਯੰਤਰੀ ਨਾਲ ਮਿਲਦਾ ਹੈ। ਇਹ ਤੱਥ ਸਾਡੇ ਸਮਾਇਕ ਭਾਰਤੀ ਸਮਾਜ ਵਾਸਤੇ ਬੜਾ ਮਹੱਤਵਪੂਰਨ ਹੈ, ਜਿੱਥੇ ਹਰ ਇੱਕਅੱਧ ਦਹਾਕੇ ਬਾਦ ਵਹਿਸ਼ੀ ਦੰਗੇ ਹੋ ਜਾਂਦੇ ਹਨ ਅਤੇ ਪਾਗਲਪਨ ਤਾਰੀ ਹੋ ਜਾਂਦਾ ਹੈ।
ਜੂਲੀਅਸ ਸੀਜ਼ਰ ਦੇ ਸੰਬੰਧ ਵਿੱਚ ਇੱਕ ਹੋਰ ਗੰਭੀਰ ਮਸਲਾ ਵੀ ਉਭਾਰਿਆ ਜਾਂਦਾ ਹੈ। ਬਾਰਬਰਾ ਪਾਰਕਰ ਨਾਂ ਦੀ ਸਮਾਲੋਚਕ ਦਾ ਵਿਸ਼ਵਾਸ ਹੈ ਕਿ ਇਹ ਰਚਨਾ ਨਾ ਕੇਵਲ ਪੁਰਸ਼ਾਂ ਦੇ ਸਮਲਿੰਗੀ ਸੰਬੰਧਾਂ ਵੱਲ ਇਸ਼ਾਰੇ ਕਰਦੀ ਹੈ ਬਲਕਿ ਸਮਲੈਂਗਿਕਤਾ ਇਸ ਦਾ ਇੱਕ ਅਨਿੱਖੜ ਥੀਮ ਹੈ। ਉਸ ਸਮੇਂ ਦੇ ਰੋਮਨ ਸਮਾਜ ਵਿੱਚ ਇਹ ਇੱਲਤ ਇੰਨੀ ਭਾਰੂ ਹੋ ਚੁੱਕੀ ਸੀ ਕਿ ਸਮਕਾਲੀ ਚਰਚ ਦੇ ਮੁਹਰੀ ਵੀ ਇਸ ਦੇ ਸ਼ਿਕਾਰ ਸਨ। ਪਾਰਕਰ ਅਨੁਸਾਰ ਬਰੂਟੱਸ ਅਤੇ ਉਸਦੇ ਸਾਥੀ ਛੜਯੰਤਰੀਆਂ ਦੇ ਸੰਬੰਧਾਂ ਵਿੱਚ ਸਮਲੈਂਗਿਕਤਾ ਦਾ ਦਖਲ ਸੀ ਅਤੇ ਸੀਜ਼ਰ ਦਾ ਕਤਲ ਕਰਨ ਦਾ ਇੱਕ ਕਾਰਨ ਬਰੂਟੱਸ ਦੀ ਉਸਨੂੰ ਸਰੀਰਕ ਤੌਰ ਤੇ ਮਾਨਣ ਦੀ ਇੱਛਾ ਸੀ। ਇਸ ਸੰਬੰਧੀ ਐਨਟਨੀ ਦਾ ਇਹ ਸੰਵਾਦ ਬੜਾ ਗੁੱਝਾ ਹੈ:
ਜੀਹਨਾਂ ਬੰਦਿਆਂ ਕਾਰਾ ਕੀਤਾ
ਬੜੇ ਹੀ ਇੱਜ਼ਤਦਾਰ ਨੇ ਉਹ
ਕਿਹੜਾ ਨਿੱਜੀ ਰੰਜ ਉਹਨਾਂ ਨੂੰ
ਨਾਲ ਸੀ ਇਹਦੇ-ਮੈਂ ਨਾ ਜਾਣਾਂ
ਜਿਸ ਤੋਂ ਉਹ ਮਜਬੂਰ ਹੋਏ
ਤੇ ਕਰ ਦਿੱਤਾ ਇਹ ਕਾਲਾ ਕਾਰਾ
ਇਸ ਤਰ੍ਹਾਂ ਦੀਆਂ ਸੰਘਣੀਆਂ ਪਰਤਾਂ ਵਾਲੇ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਹੋਣਾ ਸ਼ੁਭ ਸ਼ਗਨ ਹੈ। ਭਾਵੇਂ ਇਸ ਨਾਟਕ ਦਾ ਪਹਿਲਾਂ ਵੀ ਇੱਕ ਅਨੁਵਾਦ ਦੋ ਤਿੰਨ ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਹੈ, ਪਰ ਸੰਘਣੇ ਕਾਰਜ ਵਾਲੇ ਨਾਟਕਾਂ ਦੇ ਪੰਜਾਬੀ ਵਿੱਚ ਇੱਕ ਤੋਂ ਵਧੇਰੇ ਅਨੁਵਾਦ ਹੋਣੇ ਜ਼ਰੂਰੀ ਹਨ ਕਿਉਂਕਿ ਅਨੁਵਾਦ ਵੀ ਇੱਕ ਤਰ੍ਹਾਂ ਨਾਲ ਮੂਲ ਰਚਨਾ ਦੀ ਵਿਆਖਿਆ ਬਣ ਜਾਂਦੇ ਹਨ: ਉਨ੍ਹਾਂ ਹੀ ਅਰਥਾਂ ਵਿੱਚ ਜਿਨ੍ਹਾਂ ਵਿੱਚ ਨਾਟਕ ਦੀ ਸਮੀਖਿਆ ਜਾਂ ਪੇਸ਼ਕਾਰੀ ਇੱਕ ਵਿਆਖਿਆ ਹੁੰਦੀ ਹੈ। ਹਰਦਿਲਬਾਗ ਸਿੰਘ ਗਿੱਲ ਹੋਰਾਂ ਨੇ ਸ਼ੇਕਸਪੀਅਰ ਦੇ ਇਸ ਮਹੱਤਵਪੂਰਨ ਨਾਟਕ ਦਾ ਅਨੁਵਾਦ ਮਹੱਤਵਪੂਰਨ ਢੰਗ ਨਾਲ ਕੀਤਾ ਹੈ। ਗਿੱਲ ਦੀ ਸਭ ਤੋਂ ਜ਼ਿਆਦਾ ਖੂਬੀ ਵਾਲੀ ਗੱਲ ਇਹ ਹੈ ਕਿ ਉਸਨੇ ਬੜੀ ਸੂਝ ਨਾਲ ਇਸ ਨਾਟਕ ਨੂੰ ਪੰਜਾਬੀ ਮੁਹਾਵਰਾ ਦੇਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸ਼ੇਕਸਪੀਅਰ ਦੇ ਨਾਟਕ ਨੂੰ ਅਨੁਵਾਦਦਿਆਂ ਉਸ ਦੇ ਮੂਲ ਕਿਰਦਾਰ ਨੂੰ ਕਾਇਮ ਰੱਖਣਾ ਅਤੇ ਉਸੇ ਸਮੇਂ ਨਵੀਂ ਭਾਸ਼ਾ ਦੇ ਰੰਗ ਵਿੱਚ ਉਸਨੂੰ ਸੁਰਜੀਤ ਕਰਨਾ ਜੋਖਮ ਵਾਲਾ ਕਾਰਜ ਹੈ। ਇਸ ਕਾਰਜ ਵਿੱਚ ਗਿੱਲ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜੂਲੀਅਸ ਸੀਜ਼ਰ ਦੇ ਮੁਢਲੇ ਵਾਰਤਾਲਾਪ ਇਹ ਹਨ:

Flavius: Hence! Home, you idle creature, get you home
Is this a holiday? What! Know you not,
Being mechanical, you ought not walk
Upon a laboring day
Without the sign
Of your profession?
Speak, What trade are you?
First Citizen: Why, sir, a carpenter.
Marullus: Where is thy leather apron and thy rule?
What dost thou with thy best apparel on?
You, sir, what trade are you?

ਗਿੱਲ ਨੇ ਇਨ੍ਹਾਂ ਸੰਵਾਦਾ ਨੂੰ ਹੇਠ ਲਿਖੇ ਅਨੁਸਾਰ ਉਲਥਾਇਆ ਹੈ:
ਫਲਾਵੀਅਸ: ਹੋ ਜੋ ਤਿੱਤਰ ਤੁਰੋ ਘਰਾਂ ਨੂੰ
ਓ ਨਿਕੰਮੀ ਹਾਰੀ ਸਾਰੀ
ਅੱਜ ਕਿਹੜਾ ਤਿਉਹਾਰ ਦਿਹਾੜਾ
ਕਿਉਂ ਹੈ ਛੁੱਟੀ ਮਾਰੀ?
ਖਬਰਦਾਰ! ਪਤਾ ਨਹੀਂ ਤੁਹਾਨੂੰ?
ਇੰਜ ਨਹੀਂ ਰਾਹਾਂ ਕੱਛਦੇ
ਮਸਰੂਫ਼ ਦਿਨੀਂੰ ਸਭ ਕਿਰਤੀ ਕੰਮੀਂ
ਘਰੀਂ ਛੱਡ ਔਜ਼ਾਰਾਂ ਨੂੰ
ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?
ਸ਼ਹਿਰੀ ਇੱਕ: ਕੀ ਗੱਲ ਏ ਸਰਕਾਰ? ਮੈਂ ਹਾਂ ਤਰਖਾਣ
ਮਾਰੂਲਸ: ਕਿੱਥੇ ਹੈ ਫ਼ਿਰ ਤੇਰਾ ਗੁਣੀਆਂ?
ਕਿੱਥੇ ਹੈ ਚਮੜੇ ਦਾ ਪੱਲਾ?
ਸੋਹਣੇ ਵਸਤਰ ਮੇਲੇ ਵਾਲੇ
ਕਿਉਂ ਫ਼ਿਰਦੈਂ ਤੂੰ ਏਥੇ ਪਾ ਕੇ
ਕੀਹਨੂੰ ਆਇਐਂ ਟੌਹਰ ਵਖਾਣ?
ਤੇ ਤੂੰ ਓਇ ਵੱਡਿਆ ਕੀ ਏ ਤੇਰਾ ਕਿੱਤਾ?

ਉਸਦੇ ਕੁਝ ਵਾਕੰਸ਼ ਸਾਡਾ ਧਿਆਨ ਖਿੱਚਦੇ ਹਨ ਜਿਵੇਂ: ਹੋ ਜੋ ਤਿੱਤਰ, ਨਿਕੰਮੀ ਹਾਰੀ ਸਾਰੀ, ਰਾਹਾਂ ਕੱਛਦੇ, ਮਸਰੂਫ਼ ਦਿਨੀਂ, ਘਰੀਂ ਛੱਡ ਔਜ਼ਾਰਾਂ ਨੂੰ, ਕੀਹਨੂੰ ਆਇਐਂ ਟੌਹਰ ਵਖਾਣ?, ਓਇ ਵੱਡਿਆ ਆਦਿ। ਇਹ ਸਾਰੇ ਵਾਕੰਸ਼ ਮੂਲ ਭਾਸ਼ਾ ਦਾ ਸ਼ਬਦੀ ਅਨੁਵਾਦ ਨਹੀਂ ਹਨ; ਸਗੋਂ ਇਹ ਪੰਜਾਬੀ ਸਭਿਆਚਾਰ ਅਤੇ ਮੁਹਾਵਰੇ ਵਿੱਚ ਅਨੁਵਾਦ ਹੈ । ਸਭ ਤੋਂ ਵਧੀਆ ਕਪੜਿਆਂ ਨੂੰ 'ਸੁਹਣੇ ਵਸਤਰ ਮੇਲੇ ਵਾਲੇ' ਕਹਿਣਾ ਅਤੇ You sir, what trade are you ਨੂੰ 'ਤੇ ਤੂੰ ਓਇ ਵੱਡਿਆ ਤੇਰਾ ਕੀ ਏ ਕਿੱਤਾ' ਨਾਲ ਅਨੁਵਾਦਣਾ ਗਿੱਲ ਦੀ ਬਾਰੀਕ ਭਾਸ਼ਾਈ ਸੂਝ ਵੱਲ ਸੰਕੇਤ ਹੈ। ਅਜਿਹੇ ਨਾਟਕ ਦੇ ਸਨਾਤਨੀ ਜਾਂ ਪੰਡਤਾਊ ਭਾਸ਼ਾ ਵਿੱਚ ਅਨੁਵਾਦ ਦੇ ਹੱਕ ਵਿੱਚ ਵੀ ਦਲੀਲਾਂ ਉਸਾਰੀਆਂ ਜਾ ਸਕਦੀਆਂ ਹਨ ਪਰ ਜੇਕਰ ਨਾਟਕ ਦਾ ਕਾਰਜ ਆਪਣੀ ਭਾਸ਼ਾ ਰਾਹੀਂ ਸੰਚਾਰ ਯੋਗਤਾ ਪੈਦਾ ਨਹੀਂ ਕਰਦਾ ਤਾਂ ਅਨੁਵਾਦ ਦਾ ਕੋਈ ਲਾਭ ਨਹੀਂ ਹੈ। ਭਾਵੇਂ ਇਹ ਵੀ ਠੀਕ ਹੈ ਕਿ ਅਜਿਹੇ ਅਨੁਵਾਦ ਵਿੱਚ ਸਾਨੂੰ ਇਲਾਕਾਈ ਬੋਲੀਆਂ ਦੇ ਗੂੜ੍ਹ ਸ਼ਬਦਾਂ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਅਜਿਹੇ ਸੰਵਾਦਾਂ ਨੂੰ ਉਲਥਾਉਣ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਇੱਕੋ ਪਾਤਰ ਦੇ ਮੂੰਹ ਵਿੱਚ ਦੋ ਅਸਲੋਂ ਹੀ ਭਿੰਨ ਸਰੋਤਾਂ ਤੋਂ ਆਏ ਸ਼ਬਦਾਂ ਨੂੰ ਨਾ ਪਾਇਆ ਜਾਵੇ। ਗਿੱਲ ਇਸ ਪ੍ਰਤੀ ਵਧੇਰੇ ਸਚੇਤ ਹੋ ਸਕੇ ਤਾਂ ਭਾਸ਼ਾ ਪੱਖੋਂ ਕੁੱਲ ਨਤੀਜਾ ਬਿਹਤਰ ਨਿਕਲੇਗਾ। ਹੇਠਲਾ ਸੰਵਾਦ ਸੰਸਕ੍ਰਿਤ ਅਤੇ ਉਰਦੂ ਸ਼ਬਦਾਂ ਨੂੰ ਜਿਵੇਂ ਇਕੱਠਾ ਕਰਦਾ ਹੈ, ਉਸ ਤੋਂ ਬਚਿਆ ਜਾ ਸਕਦਾ ਸੀ:

ਕੈਸੀਅਸ: ਤਾਂ ਫ਼ਿਰ ਨੇਕ ਬਰੂਟੱਸ
ਕੰਨ ਕਰ ਮੇਰੇ ਵੱਲ
ਬਣਦਾਂ ਤੇਰਾ ਆਈਨਾ ਮੈਂ
ਏਹੋ ਹੈ ਇੱਕ ਹੱਲਤਾਂ ਜੁ ਅਕਸ ਆਪਣੇ ਅੰਦਰ
ਆਪੂੰ ਖੁਦ ਤੂੰ ਵੇਖੇਂ
ਅਪ੍ਰਤੱਖ ਸ਼ਖ਼ਸੀਅਤ ਤੇਰੀ
ਜੋ ਨਜ਼ਰ ਤੇਰੀ ਨਾ ਵੇਖੇ
ਕੋਸ਼ਿਸ਼ ਮੈਂ ਮਾਕੂਲ ਕਰਾਂਗਾ
ਖੋਜ ਕੇ ਤੈਨੂੰ ਪੇਸ਼ ਕਰਾਂ

ਕਿਸੇ ਵੀ ਅਨੁਵਾਦਕ ਦੇ ਹੱਥ ਵਿੱਚ ਦੋ ਹੀ ਵੱਡੇ ਸੰਦ ਹੁੰਦੇ ਹਨ: ਪਹਿਲਾ ਇਹ ਕਿ ਉਸਨੂੰ ਰਚਨਾ ਵਿਚਲੇ ਮਾਹੌਲ, ਤਨਾਵ ਅਤੇ ਧੁਰ ਅੰਦਰਲੀ ਪਰਤ ਦੀ ਸਮਝ ਹੋਵੇ। ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਹੋਣ ਕਾਰਨ ਗਿੱਲ ਲਈ ਇਹ ਕਾਰਜ ਕਠਿਨ ਨਹੀਂ ਸੀ। ਉਂਜ ਵੀ ਸ਼ੇਕਸਪੀਅਰ ਦੇ ਸਾਰੇ ਮਹੱਤਵਪੂਰਨ ਨਾਟਕਾਂ ਦੀਆਂ ਪ੍ਰਮਾਣੀਕ ਕੁਮੈਂਟਰੀਆਂ ਅਸਾਨੀ ਨਾਲ ਮਿਲ ਜਾਂਦੀਆਂ ਹਨ। ਦੂਜਾ ਸੰਦ ਭਾਸ਼ਾ ਦਾ ਹੈ। ਇਹ ਸੰਦ ਨਾਟਕੀ ਰਚਨਾ ਵਿੱਚ ਵਡੇਰਾ ਸਥਾਨ ਰੱਖਦਾ ਹੈ। ਜਿੱਥੇ ਗਿੱਲ ਇਸ ਨਾਟਕ ਦੇ ਅਨੁਵਾਦ ਸਮੇਂ ਬੋਲੀ ਦੇ ਨਾਲ ਨਾਲ ਸਭਿਆਚਾਰਕ ਭਿੰਨਤਾਵਾਂ ਪ੍ਰਤੀ ਚੇਤਨਾ ਦਾ ਪ੍ਰਗਟਾਵਾ ਕਰਦਾ ਹੈ ਉੱਥੇ ਉਸ ਦੁਆਰਾ ਘੜੇ ਸੰਵਾਦਾਂ ਵਿੱਚ ਥੀਏਟਰੀ ਕਾਵਿਕਤਾ ਦੀ ਲੈ ਵੀ ਉੱਸਰਦੀ ਹੈ। ਇਹ ਇਸ ਅਨੁਵਾਦਕ ਦੀ ਵੱਡੀ ਪ੍ਰਾਪਤੀ ਹੈ, ਅਤੇ ਇਹੋ ਗੱਲ ਹਥਲੇ ਅਨੁਵਾਦ ਨੂੰ ਇਸ ਨਾਟਕ ਦੇ ਦੂਜੇ ਅਨੁਵਾਦਾਂ ਤੋਂ ਵਖਰਿਆਉਂਦੀ ਹੈ। ਨਤੀਜੇ ਵਜੋਂ ਇਸ ਨਾਟਕ ਦੇ ਪੰਜਾਬੀ ਰੰਗਮੰਚ ਉੱਤੇ ਮੂਰਤ ਹੋਣ ਦੇ ਅਵਸਰ ਨਿਸਬਤਨ ਵੱਧ ਹਨ। ਹੇਠ ਲਿਖਿਆ ਵਾਰਤਾਲਾਪ ਉਸਦੀ ਭਾਸ਼ਾਈ, ਸਭਿਆਾਚਾਰਕ ਅਤੇ ਥੀਏਟਰੀ ਚੇਤਨਾ ਦਾ ਇੱਕੋ ਸਮੇਂ ਸੁਹਣਾ ਸਬੂਤ ਦੇਂਦਾ ਹੈ:

ਫ਼ਲਾਵੀਅਸ: ਇਸਦੀ ਫ਼ਿਕਰ ਕਰੋ ਨਾ ਕਾਈ
ਗੱਲ ਬੱਸ ਏਨੀ ਪੱਕ ਪਕਾਈ
ਸੀਜ਼ਰ ਦਾ ਕੋਈ ਵਿਜੈ-ਨਿਸ਼ਾਨ,
ਮੂਰਤੀਆਂ, ਬੁੱਤਾਂ ਦੇ ਗਲ ਦੀ
ਬਣਨ ਨਹੀਂ ਦੇਣਾ ਸ਼ਾਨ।
ਮੈਂ ਵੀ ਰਹੂੰਗਾ ਨੇੜੇ ਤੇੜੇ
ਗਲੀਆਂ ਕੂਚਿਆਂ ਵਿੱਚ ਦਬੱਲੂੰ
ਲੰਡੀ ਬੁੱਚੀ ਹਾਰੀ ਸਾਰੀ;
ਤੁਸੀਂ ਵੀ ਜਿੱਥੇ ਵੇਖੋ ਭੀੜ
ਸਖ਼ਤੀ ਨਾਲ ਭਜਾਉ ਕੁਤੀੜ੍ਹ।
ਸੀਜ਼ਰ ਦੇ ਅਸਾਂ ਖੋਹ ਕੇ ਖੰਭ
ਅਰਸ਼ੋਂ ਹੇਠਾਂ ਲਾਹ ਲੈਣੈ
ਰੜੇ ਮੈਦਾਨ ਸੁੱਟ ਕੇ ਉਸ ਨੂੰ
ਮੁਰਗ-ਉਡਾਰੀ ਪਾ ਲੈਣੈ।

ਹਰਦਿਲਬਾਗ ਸਿੰਘ ਗਿੱਲ ਨੇ ਜੂਲੀਅਸ ਸੀਜ਼ਰ ਤੋਂ ਇਲਾਵਾ ਸ਼ੇਕਸਪੀਅਰ ਦੇ ਨਾਟਕ ਹੈਮਲੈੱਟ, ਐਨਟਨੀ ਐਂਡ ਕਲੀਓਪੈਟਰਾ ਅਤੇ ਓਥੈਲੋ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ ਜੋ ਨੇੜ ਭਵਿੱਖ ਵਿੱਚ ਪ੍ਰਕਾਸ਼ਿਤ ਹੋਣਗੇ। ਉਹ ਪ੍ਰਸਿੱਧ ਪੰਜਾਬੀ ਭਾਸ਼ਾ ਵਿਗਿਆਨੀ ਡਾਕਟਰ ਸ਼ ਸ਼ਜੋਸ਼ੀ ਦਾ ਰਾਮਗੜ੍ਹੀਆ ਕਾਲਜ ਫ਼ਗਵਾੜਾ ਵਿੱਚ ਸਹਿ-ਕਰਮੀ ਰਿਹਾ ਹੈ। ਸ਼ੇਕਸਪੀਅਰੀਅਨ ਨਾਟਕਾਂ ਦੇ ਪੰਜਾਬੀ ਅਨੁਵਾਦ ਦੇ ਖੇਤਰ ਵਿੱਚ ਉਸਦਾ ਪ੍ਰਵੇਸ਼ ਡਾਕਟਰ ਜੋਸ਼ੀ ਦੀ ਪ੍ਰੇਰਨਾਂ ਅਤੇ ਹੱਲਾ ਸ਼ੇਰੀ ਸਦਕਾ ਹੋਇਆ। ਇਸੇ ਲਈ ਚਿੱਤ ਕਰਦਾ ਹੈ ਕਿ ਮੈਂ ਨਾਟਕ ਜੂਲੀਅਸ ਸੀਜ਼ਰ ਦੇ ਇਸ ਪ੍ਰਕਾਸ਼ਨ ਸਮੇਂ ਗਿੱਲ ਹੁਰਾਂ ਦੇ ਨਾਲ ਨਾਲ ਜੋਸ਼ੀ ਜੀ ਦਾ ਵੀ ਧੰਨਵਾਦ ਕਰਾਂ। ਇਹ ਗੱਲ ਅੱਡ ਹੈ ਕਿ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਉਹ ਸਾਡੇ ਦਰਮਿਆਨ ਨਹੀਂ ਹਨ।

ਆਤਮਜੀਤ