ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਆਪਣੇ ਆਲ-ਦੁਆਲ ਤਣਿਆ ਹੋਇਆ ਜੋ ਧੂੰਆਂ ਤਾਂ ਦੇਖ
ਦਿੱਖ
19ਆਪਣੇ ਆਲ-ਦੁਆਲ ਤਣਿਆ ਹੋਇਆ ਜੋ ਕੋਹਰਾ ਤਾਂ ਦੇਖ।
ਇਸ ਧੂੰਏਂ ਦੇ ਪੈਰਾਂ ਹੇਠਾਂ ਇਕ ਬੁਝਿਆ ਚਿਹਰਾ ਤਾਂ ਦੇਖ।
ਬੇਬਸ ਬੱਚਾ ਉਲਝ ਗਿਆ ਹੈ ਜੇਕਰ ਪਿਲਚੀ ਡੋਰ ਦੇ ਨਾਲ,
ਕਾਗ਼ਜ਼ ਦੀ ਗੁੱਡੀ ਸੰਗ ਜੁੜਿਆ ਉੱਡਣ ਦਾ ਸੁਪਨਾ ਤਾਂ ਦੇਖ।
ਇਹ ਮੌਸਮ ਦੀ ਕਰਾਮਾਤ ਹੈ ਸਿਖ਼ਰ ਦੁਪਹਿਰ ਹਨ੍ਹੇਰਾ ਹੈ,
ਪਰ ਇਸ ਵੇਲੇ ਸਿਰ 'ਤੇ ਦਗ਼ਦਾ ਸੂਰਜ ਦਾ ਗੋਲਾ ਤਾਂ ਦੇਖ।
ਆਪਣੇ ਘਰ ਦੀ ਚਾਰ-ਦੀਵਾਰੀ ਤੋਂ ਵੀ ਬਾਹਰ ਝਾਕ ਜ਼ਰਾ,
ਪਰਛਾਵੇਂ ਤੋਂ ਡਰਨ ਵਾਲਿਆ ਉੱਚਾ ਕੱਦ ਅਪਣਾ ਤਾਂ ਦੇਖ।
ਇਸ ਪਰਬਤ ਨੂੰ ਤੋੜ ਸਕਣ ਦਾ ਸਾਡਾ ਦਾਅਵਾ ਕੋਈ ਨਹੀਂ,
ਬੱਸ ਫਰਹਾਦ ਨੇ ਹੱਥਾਂ ਵਿਚ ਜੋ ਫੜਿਆ ਹੈ ਤੇਸਾ ਤਾਂ ਦੇਖ।
*