ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਪੰਜਾਬੀ ਗ਼ਜ਼ਲ ਦਾ ਵਾਰਿਸ - ਗੁਰਭਜਨ ਗਿੱਲ

ਵਿਕੀਸਰੋਤ ਤੋਂ

ਪੰਜਾਬੀ ਗ਼ਜ਼ਲ ਦਾ ਵਾਰਿਸ———ਗੁਰਭਜਨ ਗਿੱਲ

ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਗੁਰਭਜਨ ਗਿੱਲ ਇਕ ਸੁਪ੍ਰਸਿੱਧ ਅਤੇ ਸਸ਼ਕਤ ਹਸਤਾਖ਼ਰ ਵਜੋਂ ਸਥਾਪਿਤ ਹੋ ਚੁੱਕਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਉਸ ਦਾ ਰੁਤਬਾ ਬੁਲੰਦ ਹੈ। ਨਿਰੋਲ ਸਾਹਿਤਕ ਰਚਨਾਕਾਰੀ ਕਰਕੇ ਕਿਸੇ ਵਿਰਲੇ ਸ਼ਖ਼ਸ ਨੂੰ ਜੀਊਂਦੇ-ਜੀਅ ਏਨੀ ਹਰਮਨ ਪਿਆਰਤਾ ਅਤੇ ਲੋਕ ਮਾਨਤਾ ਮਿਲਦੀ ਹੈ। ਉਸ ਦੀਆਂ ਗ਼ਜ਼ਲ ਪੁਸਤਕਾਂ 'ਹਰ ਧੁਖਦਾ ਪਿੰਡ ਮੇਰਾ ਹੈ', 'ਮਨ ਦੇ ਬੂਹੇ ਬਾਰੀਆਂ' ਅਤੇ 'ਮੋਰ ਪੰਖ' ਹੋਰ ਕਾਵਿ-ਪੁਸਤਕਾਂ ਤੋਂ ਵਧੇਰੇ ਚਰਚਾ ਵਿਚ ਰਹੀਆਂ। ਗੁਰਭਜਨ ਗਿੱਲ ਦਾ ਸਾਹਿਤਕ ਸਫ਼ਰ ਬੜਾ ਮਾਣਮੱਤਾ ਅਤੇ ਫ਼ੈਲਵਾਂ ਹੈ ਪਰੰਤੂ ਮੇਰੇ ਸਨਮੁਖ ਉਹ ਇਕ ਐਸਾ ਗ਼ਜ਼ਲਕਾਰ ਹੈ ਜਿਸ ਨੇ ਪੰਜਾਬੀ ਗ਼ਜ਼ਲ ਨੂੰ ਸ਼ੁੱਧ ਪੰਜਾਬੀ ਚਿਹਰਾ ਦਿਵਾਇਆ ਅਤੇ ਉਸ ਦੀ ਪਰਿਭਾਸ਼ਾ ਨੂੰ ਬਦਲ ਕੇ ਰੱਖ ਦਿੱਤਾ। ਪੰਜਾਬੀ ਗ਼ਜ਼ਲ ਦਾ ਨਵਾਂ ਮੁਹਾਂਦਰਾ ਅਤੇ ਨਵਾਂ ਕਾਵਿ-ਪੈਰਾਡਾਈਮ ਗਿੱਲ ਦੀਆਂ ਗ਼ਜ਼ਲਾਂ ਤੋਂ ਹੀ ਸਾਹਮਣੇ ਆਇਆ। ਉਸ ਦੀਆਂ ਗ਼ਜ਼ਲਾਂ ਵਿਚਾਰਧਾਰਕ ਪੱਧਰ ਉੱਤੇ ਅਨੇਕਾਂ ਦਿਸਹੱਦਿਆਂ ਦੀ ਉਸਾਰੀ ਕਰਦੀਆਂ ਹੋਈਆਂ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਪ੍ਰਵਚਨ ਬਣ ਕੇ ਮਾਨਵਤਾ ਦੇ ਕਲਿਆਣ ਸੰਦਰਭ ਨਾਲ ਜੁੜੀਆਂ ਹਨ। ਉਸ ਦੀਆਂ ਗ਼ਜ਼ਲਾਂ ਦੀ ਵਿਚਾਰਧਾਰਾ ਪ੍ਰਬੁੱਧਤਾ ਦੇ ਚਿਹਨਾਂ ਰਾਹੀਂ ਕਿਸੇ ਇਕ ਵਿਚਾਰਧਾਰਾ ਦੀ ਸਰਦਾਰੀ ਨੂੰ ਕਬੂਲਣ ਦੀ ਬਜਾਏ ਬਹੁਜਨ ਹਿਤਾਏ ਦੀ ਵਿਚਾਰਧਾਰਾ ਦੇ ਕੇਂਦਰੀ ਭਾਵ ਦੀ ਸਪਸ਼ਟ ਅੱਕਾਸੀ ਕਰਦੀਆਂ ਹਨ। ਗਿੱਲ ਆਪਣੇ ਆਂਤ੍ਰਿਕ ਅਤੇ ਆਤਮ ਯਥਾਰਥ ਤੋਂ ਸਮਵਿੱਥ ਸਿਰਜ ਕੇ ਅਤੇ ਬਾਹਰ ਆ ਕੇ ਸ਼ਿਅਰਾਂ ਦੀ ਸਿਰਜਣਾ ਕਰਦਾ ਹੈ। ਉਸ ਦੇ ਸ਼ਿਅਰਾਂ ਦੇ ਅਰਥ ਸੰਕੁਚਤ ਅਤੇ ਮੀਸਣੇ ਨਹੀਂ ਰਹਿੰਦੇ ਅਤੇ ਖੇਤਾਂ ਬੰਨਿਆਂ ਅਤੇ ਕੁੱਲ ਪੰਜਾਬੀ ਸਭਿਆਚਾਰ ਦੇ ਧਾਰਨੀ ਹੋ ਨਿਬੜਦੇ ਹਨ। ਗਿੱਲ ਦੀਆਂ ਗ਼ਜ਼ਲਾਂ ਦਾ ਕਾਵਿ-ਪੈਰਾਡਾਈਮ ਜਿਥੇ ਪਿੰਡ ਅਤੇ ਪੁਰਖਿਆਂ ਦੀਆਂ ਅਨੂਠੀਆਂ ਅਤੇ ਖੱਟੀਆਂ-ਮਿੱਠੀਆਂ ਸਿਮਰਤੀਆਂ ਸਾਂਭ ਕੇ ਤੁਰਦਾ ਹੈ, ਓਥੇ ਦੇਸ਼ਾਂ-ਦੇਸ਼ਾਂਤਰਾਂ ਦੇ ਅਤੇ ਯੂਰਪੀ-ਅਮਰੀਕੀ ਸਭਿਆਚਾਰਾਂ ਦੇ ਸਨਮੁਖ ਪੰਜਾਬੀਅਤ ਦੀਆਂ ਮੋਹਪਰਕ ਤੰਦਾਂ ਨੂੰ ਵੀ ਬਚਾ ਕੇ ਅਤੇ ਸਿਰਜਣਾ ਦੇ ਮੇਚ ਦੀਆਂ ਕਰਕੇ ਰੱਖਦਾ ਹੈ। ਗਿੱਲ ਦੇ ਪੈਰ ਆਪਣੇ ਪਿੰਡ ਦੀ ਪ੍ਰਥਾਇ ਪੰਜਾਬੀ ਕਿਰਸਾਨੀ ਵਿਚ ਹੁੰਦੇ ਹਨ, ਪਰ ਉਸ ਦਾ ਸਿਰ ਅਤੇ ਚਿੰਤਨ ਸੰਸਾਰ ਦੇ ਗਲੋਬਲੀ ਖੇਤਰਾਂ ਵਿਚ ਵਿਚਰਦਾ ਹੈ। ਪਿੰਡ ਤੋਂ ਸ਼ਹਿਰ ਅਤੇ ਪੰਜਾਬ ਤੋਂ ਬਾਹਰਲੇ ਦੇਸਾਂ ਵੱਲ ਹੋ ਰਿਹਾ ਪੰਜਾਬੀਆਂ ਦਾ ਪਰਵਾਸ, ਪੰਜਾਬੀ ਸਭਿਆਚਾਰ ਦੇ ਅੰਦਰਵਾਰ ਕਈ ਨੰਗ-ਮੁਨੰਗੇ ਜਜ਼ੀਰੇ ਸਿਰਜ ਰਿਹਾ ਹੈ। ਇਕ ਪਾਸੇ ਪੰਜਾਬੀ ਗੱਭਰੂ ਰੁਜ਼ਗਾਰ ਦੀ ਖ਼ਾਤਰ ਬਾਹਰਲੇ ਦੇਸ਼ਾਂ ਦੀਆਂ ਸੜਕਾਂ ਉੱਤੇ ਰੁਲ ਰਹੇ ਹਨ, ਉਥੇ ਦੂਜੇ ਪਾਸੇ ਪੰਜਾਬ ਵਿਚ ਉਨ੍ਹਾਂ ਦੇ ਬੁੱਢੇ ਮਾਪੇ ਮਜਬੂਰੀਆਂ ਦੀ ਵਹਿੰਗੀ ਵਿਚ ਬੈਠੇ ਹੋਏ ਸਰਵਣ ਪੁੱਤਰਾਂ ਨੂੰ ਉਡੀਕ ਰਹੇ ਹਨ। ਇਸ ਦੁਖਾਂਤ ਭਰੀ ਸਥਿਤੀ ਨੂੰ ਗਿੱਲ ਨੇ ਬੜੀ ਸ਼ਿੱਦਤ ਨਾਲ ਆਪਣੇ ਸ਼ਿਅਰਾਂ ਵਿਚ ਢਾਲਿਆ ਹੈ। ਗਿੱਲ ਗਰੀਬ ਕਿਰਸਾਨੀ ਵਿਚ ਪੈਦਾ ਹੋਇਆ ਤੇ ਫੱਟੀ ਤੇ ਬੋਰੀ ਨਾਲ ਆਪਣੇ ਪਿੰਡ ਬਸੰਤਕੋਟ (ਗੁਰਦਾਸਪੁਰ) ਦੇ ਸਰਕਾਰੀ ਪ੍ਰਾਇਮਰੀ ਸਕੂਲੇ ਪੜ੍ਹਿਆ। ਉਸ ਨੂੰ ਪਿੰਡਾਂ ਦੀ ਅੰਦਰੂਨੀ ਖ਼ੁਸ਼ਬੂ ਵੀ ਐਨ ਯਾਦ ਹੈ ਪਰ ਨਿੱਕੀ ਕਿਸਾਨੀ ਦਾ ਦੁਖਦਾ ਹਿਰਦਾ ਵੀ ਉਸ ਦੀਆਂ ਗ਼ਜ਼ਲਾਂ ਵਿਚ ਨਬਜ਼ ਵਾਂਗ ਤੜਫ਼ਦਾ ਰਹਿੰਦਾ ਹੈ। ਪਿੰਡਾਂ ਵਿਚ ਵਾਪਰੇ ਅੱਤਵਾਦ ਦੇ ਦੁਖਾਂਤ ਨੂੰ ਬਹੁਤ ਨੇੜਿਓਂ ਵੇਖਿਆ ਹੀ ਨਹੀਂ ਸਗੋਂ ਸਰੀਰ ਅਤੇ ਆਤਮਾ ਉੱਤੇ ਹੰਢਾਇਆ ਵੀ। ਇਸ ਪੰਜਾਬ ਦੁਖਾਂਤ ਨੂੰ ਜਿਸ ਸ਼ਿੱਦਤ ਨਾਲ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਚਿਤਰਿਆ ਹੈ, ਉਹ ਕਿਸੇ ਹੋਰ ਗ਼ਜ਼ਲਕਾਰ ਦੇ ਹਿੱਸੇ ਨਹੀਂ ਆਇਆ।

ਗੁਰਭਜਨ ਨੇ ਆਪਣੀਆਂ ਸਾਦਗੀ ਭਰਪੂਰ ਸ਼ਿਅਰੀ ਬਿਆਨਾਂ ਨਾਲ ਸਮਕਾਲੀ ਪੰਜਾਬੀ ਗ਼ਜ਼ਲਕਾਰਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਗ਼ਜ਼ਲ ਦੀ ਘੇਰਾਬੰਦੀ ਤੋਂ ਬਾਹਰ ਆ ਕੇ ਲੋਕਾਂ ਨਾਲ ਖਲੋਣ ਦੀ ਪਹਿਲ ਕੀਤੀ। ਗਿੱਲ ਉਨ੍ਹਾਂ ਗ਼ਜ਼ਲਕਾਰਾਂ ਵਿਚੋਂ ਹੈ, ਜਿੰਨ੍ਹਾਂ ਨੇ ਹਥਿਆਰ ਨਾ ਹੁੰਦਿਆਂ ਵੀ ਸ਼ਬਦ ਨੂੰ ਹਥਿਆਰ ਮੰਨਿਆ ਤੇ ਵਰਤਿਆ ਹੈ। ਉਸ ਨੂੰ ਸ਼ਬਦ ਦੀ ਅਥਾਹ ਸ਼ਕਤੀ ਦਾ ਇਲਮ ਹੈ। ਉਸ ਦੇ ਸ਼ਬਦ ਘੁੱਪ ਹਨੇਰਿਆਂ ਵਿਚ ਦੀਵਿਆਂ ਵਾਂਗ ਜਗਦੇ ਤੇ ਜੁਗਨੂੰਆਂ ਵਾਂਗ ਟਿਮਟਿਮਾਉਂਦੇ ਹਨ। ਉਹ ਸ਼ਿਅਰ ਨੂੰ ਐਨੇ ਸਹਿਜ ਨਾਲ ਘੜਦਾ ਤੇ ਪੇਸ਼ ਕਰਦਾ ਹੈ ਕਿ ਦਿਲ ਮੰਨਣ ਤੇ ਮਨ ਸੋਚਣ ਲਈ ਜਾਗ ਉੱਠਦਾ ਹੈ। ਨਿਰਸੰਦੇਹ ਗੁਰਭਜਨ ਦੀ ਗ਼ਜ਼ਲ ਦਾ ਆਧੁਨਿਕ ਆਤਮ ਬੋਧ-ਯੁੱਗ ਹਾਸ਼ੀਆ-ਗ੍ਰਸਤ ਲੋਕਾਂ ਨੂੰ ਆਪਣੇ ਪ੍ਰਵਚਨਾਂ ਦੇ ਸਫ਼ਿਆਂ ਵਿਚ ਸਥਾਨ ਦੇਂਦਾ ਹੋਇਆ ਲੋਕਤਾ ਨੂੰ ਕੇਂਦਰ ਬਿੰਦੂ ਬਣਾਉਂਦਾ ਹੈ। ਇਸ ਕੇਂਦਰ ਬਿੰਦੂ ਦੀ ਨਿਸ਼ਾਨਦੇਹੀ ਹੀ ਉਸ ਦੀਆਂ ਗ਼ਜ਼ਲਾਂ ਕਰਦੀਆਂ ਹਨ। ਗਿੱਲ ਨੇ ਪੰਜਾਬੀਆਂ ਦੇ ਸਦਾਚਾਰ ਅਤੇ ਸਭਿਆਚਾਰ ਦੇ ਮੁੱਢਲੇ ਆਧਾਰਾਂ ਨੂੰ ਸ਼ਿਅਰਾਂ ਦਾ ਵਿਸ਼ਾ ਬਣਾਇਆ ਹੈ। ਸਨਾਤਨੀ ਗ਼ਜ਼ਲ ਵਿਚ ਇਹ ਅੰਸ਼ ਨਾਮਮਾਤਰ ਸਨ ਅਤੇ ਸ਼ਿਅਰਾਂ ਦਾ ਕੇਂਦਰ ਬਿੰਦੂ 'ਔਰਤ ਨਾਲ ਗੱਲਾਂ ਕਰਨ' ਵਾਲਾ ਹੀ ਉਜਾਗਰ ਸੀ। ਗੁਰਭਜਨ ਜੇਕਰ ਔਰਤਾਂ ਨਾਲ ਵੀ ਗੱਲਾਂ ਕਰਦਾ ਹੈ ਤਾਂ ਉਹ ਪਰਦੇ ਅੰਦਰ ਨਹੀਂ ਕਰਦਾ ਸਗੋਂ ਇਕ ਸੁਤੰਤਰ ਨਾਰੀ ਨਾਲ ਵਾਰਤਾ ਵਜੋਂ ਕਰਦਾ ਹੈ ਤੇ ਉਸ ਨਾਰ ਨੂੰ ਆਪਣੇ ਪ੍ਰਵਚਨਾਂ ਦਾ ਹਿੱਸਾ ਬਣਾ ਲੈਂਦਾ ਹੈ। ਉਸ ਦੀਆਂ ਪ੍ਰਸਤੁਤ ਔਰਤਾਂ ਵਾਰਿਸ ਸ਼ਾਹ ਦੀਆਂ 'ਰੰਨਾਂ' ਨਹੀਂ ਸਗੋਂ 'ਪੰਜਾਬਣਾਂ' ਹਨ। ਇਹ ਸ਼ਿਅਰਕਾਰੀ ਅਸਲ ਅਰਥਾਂ ਵਿਚ ਪੰਜਾਬੀ ਆਚਰਣ ਦੀ ਪੇਸ਼ਕਾਰੀ ਹੈ। ਗਿੱਲ ਦੇ ਬਿੰਬ ਅਤੇ ਚਿੰਨ੍ਹ ਅਜੋਕੇ ਪੰਜਾਬੀ ਦੇ ਵਰਤਾਰੇ ਵਿਚੋਂ ਹਨ ਜਿਵੇਂ ਕਿ ਸੂਫ਼ੀਆਂ ਨੇ ਤਤਕਾਲੀ ਚਿੰਨ੍ਹ ਅਤੇ ਬਿੰਬ ਵਰਤ ਕੇ ਆਪਣੇ ਕਾਵਿ ਵਿਚ ਪੰਜਾਬੀਅਤ ਦੀ ਮਹਿਕ ਭਰ ਦਿੱਤੀ ਸੀ। ਗਿੱਲ ਦੇ ਸ਼ਿਅਰਾਂ ਵਿਚ ਵੀ ਪੰਜਾਬੀ ਵਿਰਸੇ ਦੀਆਂ ਸਮੁੱਚੀਆਂ ਪਰਤਾਂ ਖੁੱਲ੍ਹਦੀਆਂ ਹਨ।

ਪੰਜਾਬੀ ਗ਼ਜ਼ਲ ਬਾਰੇ ਬਹੁਤ ਸਮਾਂ ਗ਼ਲਤ ਪਰਿਭਾਸ਼ਾ ਤੁਰੀ ਰਹੀ ਅਤੇ ਇਸ ਦੇ ਇਤਿਹਾਸ ਬਾਰੇ ਵੀ ਹਾਸੋਹੀਣੇ ਤਰਕ ਦਿੱਤੇ ਜਾਂਦੇ ਰਹੇ। ਕਿਹਾ ਜਾਂਦਾ ਰਿਹਾ ਕਿ ਪੰਜਾਬੀ ਗ਼ਜ਼ਲ ਅਰਬੀ-ਫ਼ਾਰਸੀ ਵੱਲੋਂ ਉਰਦੂ ਦੇ ਮੋਢਿਆਂ ਉੱਤੇ ਚੜ੍ਹ ਕੇ ਪੰਜਾਬ ਆਈ। ਪਰ ਮੈਂ ਹਮੇਸ਼ਾਂ ਇਸ ਵਿਚਾਰ ਦਾ ਧਾਰਨੀ ਰਿਹਾ ਹਾਂ ਕਿ ਪੰਜਾਬੀ ਗ਼ਜ਼ਲ ਆਪਣੇ ਜਨਮ ਤੋਂ ਹੀ ਪੰਜਾਬੀ ਲਹਿਜੇ ਵਾਲੀ ਅਤੇ ਪੰਜਾਬੀ ਰਹਿਤ ਤੇ ਕਾਵਿ-ਰਵਾਇਤ ਦੀ ਧੀ ਸੀ। ਅਰਬੀ ਗ਼ਜ਼ਲ ਅਮੀਰਾਂ ਸ਼ੇਖ਼ਾ ਦਾ ਮੀਰਾਸਪੁਣਾ ਕਰਦੀ ਸੀ ਪਰ ਪੰਜਾਬੀ ਗ਼ਜ਼ਲ ਬਾਬੇ ਨਾਨਕ ਦੀ ਪ੍ਰਥਾਇ 'ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਇ ਜਗਾਇਣ ਬੈਠੇ ਸੁੱਤੇ' ਦੇ ਅਰਥਾਂ ਵਿਚ ਹੀ ਜੁਆਨ ਹੋਈ। ਉਰਦੂ ਦੀ ਗ਼ਜ਼ਲ ਦੇ ਪੈਰੀਂ ਘੁੰਗਰੂ ਸਨ ਜਿਹੜੇ ਸ਼ਰਾਬੀ ਕਬਾਬੀ ਅਮੀਰਾਂ ਤੇ ਜਗੀਰਦਾਰਾਂ ਦੀਆਂ ਹਵੇਲੀਆਂ ਵਿਚ ਛਣਕਦੇ ਸਨ। ਪਰ ਪੰਜਾਬੀ ਗ਼ਜ਼ਲ ਪੰਜਾਬੀਅਤ ਦੇ ਮਸਲੇ ਲੈ ਕੇ ਅਗਾਂਹ ਵਧੀ। ਪੰਜਾਬੀ ਦੀ ਤਤਕਾਲੀ ਕਵਿਤਾ ਵਿਚ ਜਿਹੜੇ ਸਰੋਕਾਰ ਸਨ, ਉਹ ਹੀ ਪੰਜਾਬੀ ਗ਼ਜ਼ਲ ਦੇ ਸਰੋਕਾਰ ਬਣੇ। ਤਦ ਹੀ ਉਹ ਪੰਜਾਬੀ ਗ਼ਜ਼ਲ ਬਣੀ। ਉਰਦੂ ਫ਼ਾਰਸੀ ਪੜ੍ਹੇ ਲਿਖੇ ਗਜ਼ਲਕਾਰਾਂ ਨੇ ਪੰਜਾਬੀ ਗ਼ਜ਼ਲ ਵਿਚ ਵੱਡਾ ਪ੍ਰਦੂਸ਼ਣ ਫੈਲਾਇਆ। ਉਹ ਉਰਦੂ ਗ਼ਜ਼ਲਾਂ ਦਾ ਚਰਬਾ ਢਾਲ ਕੇ ਪੇਸ਼ ਕਰਦੇ ਅਤੇ ਫ਼ਾਰਸੀ ਦੇ ਔਖੇ ਸ਼ਬਦ ਵਰਤ ਕੇ ਰੋਹਬ ਜਮਾਉਂਦੇ। ਪੰਜਾਬੀ ਸ਼ਬਦਾਂ ਦਾ ਤਲੱਫਜ਼ ਵੀ ਉਰਦੂ ਵਾਲੇ ਨਿਰਧਾਰਤ ਕਰਦੇ ਰਹੇ। ਸ਼ਬਦ ਪੰਜਾਬ ਦੇ, ਪਰ ਤੋਲ ਉਰਦੂ ਵਾਲੇ ਨਿਰਧਾਰਤ ਕਰਦੇ ਰਹੇ। ਇਹ ਕਿੰਨਾ ਅਨਿਆਏ ਸੀ। ਅੱਜ ਪੰਜਾਬੀ ਗ਼ਜ਼ਲਕਾਰ ਇਕ ਤਾਂ ਸ਼ਬਦਾਂ ਦੇ ਉਚਾਰਣ ਦੇ ਪ੍ਰਸ਼ਨ ਉੱਤੇ ਉਰਦੂ ਦੀਆਂ ਲੁਗਾਤਾਂ ਨਾਲ ਮੱਥਾ ਨਹੀਂ ਮਾਰਦੇ, ਸਗੋਂ 'ਜਿਵੇਂ ਬੋਲੇ ਤਿਵੇਂ ਲਿਖੋ ਦੇ' ਭਾਸ਼ਾਈ ਵਿਗਿਆਨ ਨਾਲ ਸਹਿਜ ਨਾਲ ਜੁੜ ਕੇ ਸ਼ਿਅਰ ਕਾਰੀ ਕਰਦੇ ਹਨ ਅਤੇ ਦੂਜੇ ਉਹ ਪਿੰਗਲ ਦੇ ਛੰਦ ਅਤੇ ਫੇਲੁਨੀ ਛੰਦ/ਬਹਿਰ ਮਾਣ ਨਾਲ ਆਪਣੀਆਂ ਗ਼ਜ਼ਲਾਂ ਵਿਚ ਲੈ ਰਹੇ ਹਨ। ਇਸ ਤਰ੍ਹਾਂ ਪੰਜਾਬੀ ਗ਼ਜ਼ਲ ਵਿਚ ਪੰਜਾਬੀ ਦੀ ਅਮੀਰ ਕਾਵਿ-ਪਰੰਪਰਾ ਦਾ ਉਦਭਵ ਹੋਇਆ ਹੈ ਅਤੇ ਇਹ ਲੋਕਾਂ ਦੇ ਨੇੜੇ ਗਈ ਹੈ। ਇਹ ਸਾਰੇ ਗੁਣ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਹਨ।

ਗੁਰਭਜਨ ਦੀ ਜਿਹੜੀ ਗ਼ਜ਼ਲ ਹੈ ਉਹ ਪੰਜਾਬਣ ਮੁਟਿਆਰ ਹੈ। ਹੁਣ ਉਸ ਨੂੰ ਵਾਫਰ ਮੱਤਾਂ ਦੇਣ ਦੀ ਜ਼ਰੂਰਤ ਨਹੀਂ। ਇਸ ਪੰਜਾਬਣ ਧੀ ਨੂੰ ਆਪਣੇ ਆਲੇ-ਦੁਆਲੇ ਦੇ ਸਮਾਜਕ ਰਿਸ਼ਤਿਆਂ ਦਾ ਪਤਾ ਹੈ। ਗਿੱਲ ਦੀ ਗ਼ਜ਼ਲ-ਧੀ ਨੂੰ ਖ਼ੂਬ ਪਤਾ ਹੈ ਕਿ ਉਸ ਤੋਂ ਕੀ-ਕੀ ਆਸਾਂ ਹਨ? ਏਸੇ ਲਈ ਉਸ ਦੀ ਗ਼ਜ਼ਲ ਵਿਚ ਮਨਮੋਹਨੀ ਹਯਾ ਵੀ ਹੈ ਪਰ ਕਿਸੇ ਦੀ ਮੈਲੀ ਅੱਖ ਵਾਸਤੇ ਨਫ਼ਰਤ ਵੀ ਹੈ। ਇਹ ਮੁਟਿਆਰ ਗ਼ਜ਼ਲ ਹੁਣ ਚਾਰ ਦੀਵਾਰੀਆਂ ਵਿਚ ਕੈਦ ਨਹੀਂ ਅਤੇ ਨਾ ਹੀ ਰਜਵਾੜਿਆਂ ਅਤੇ ਸ਼ਰਾਬੀ ਹਰਮਾਂ ਲਈ ਦਮ ਭਰਦੀ ਹੈ। ਇਸ ਗ਼ਜ਼ਲ ਦੇ ਖੰਭ ਹਨ ਪਰ ਪੈਰ ਵੀ ਹਨ। ਗੁਰਭਜਨ ਦੀ ਗ਼ਜ਼ਲ ਦਾ ਮੱਥਾ ਚੇਤਨ ਹੈ ਅਤੇ ਇਹ ਆਪਣੇ ਹੱਕ ਪਛਾਣਦੀ ਹੈ। ਹੱਕਾਂ ਦੀ ਪ੍ਰਾਪਤੀ ਲਈ ਇਸ ਨੂੰ ਸੜਕਾਂ ਉੱਤੇ ਨਿਕਲਣ ਵਿਚ ਕੋਈ ਹਿਚਕਚਾਹਟ ਨਹੀਂ। ਇਸ ਮੁਟਿਆਰ ਦੀ ਤਬੀਅਤ ਵਿਚ ਪ੍ਰੇਮ ਪਿਆਰ ਤਾਂ ਵਰਦਾਨ ਵਾਂਗ ਹੈ ਪਰ ਸਮਾਜਿਕ ਫ਼ਰਜ਼ ਵੀ ਇਸ ਨੂੰ ਯਾਦ ਹਨ। ਇਹ ਗ਼ਜ਼ਲ ਰੂਪੀ ਮੁਟਿਆਰ ਨਵੇਂ ਪੰਜਾਬੀ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗ ਹਿੱਸਾ ਪਾਵੇਗੀ। ਪੰਜਾਬੀ ਗ਼ਜ਼ਲ ਨਾਲ ਹੁਣ ਪੰਜਾਬੀ ਸਮਾਜ ਦੇ ਆਪਣੇ-ਆਪਣੇ ਰਿਸ਼ਤੇ ਹਨ ਉਹ ਕਿਸੇ ਲਈ ਪ੍ਰੇਮਿਕਾ ਹੈ, ਪਰ ਕਿਸੇ ਦੀ ਭੈਣ ਵੀ ਹੈ। ਗੁਰਭਜਨ ਦੀ ਗ਼ਜ਼ਲ ਕੁਝ ਏਸੇ ਤਰਾਂ ਦੀ ਹੈ-ਪੰਜਾਬਣ-ਪੰਜਾਬਣ, ਆਪਣੀ-ਆਪਣੀ, ਅਣਖੀ-ਅਣਖੀ ਅਤੇ ਇੱਜ਼ਤਦਾਰ।

ਪੰਜਾਬੀ ਗ਼ਜ਼ਲ ਨੂੰ ਅਜੋਕੇ ਸ਼ਾਨਦਾਰ ਮੁਕਾਮ ਤਕ ਪਹੁੰਚਾਉਣ ਵਾਲਿਆਂ ਵਿਚ ਖ਼ਾਸਕਰ ਉਨ੍ਹਾਂ ਗ਼ਜ਼ਲਕਾਰਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਗ਼ਜ਼ਲ ਨੂੰ ਇਕ ਸੀਮਤ ਘੇਰਾਬੰਦੀ ਤੋਂ ਬਾਹਰ ਕੱਢ ਕੇ ਪੰਜਾਬੀ ਦੇ ਵਿਦਿਅਕ ਖੇਤਰਾਂ ਤਕ ਇਸ ਦੀ ਪਹੁੰਚ ਬਣਾਈ। ਭਾਵੇਂ ਸੱਠਵਿਆਂ ਤਕ ਪੰਜਾਬੀ ਗ਼ਜ਼ਲ ਨੇ ਆਪਣਾ ਮੌਲਿਕ ਮੁਹਾਂਦਰਾ ਸਿਰਜਣਾ ਆਰੰਭ ਕਰ ਦਿੱਤਾ ਸੀ ਪਰ ਦਰਅਸਲ ਇਹ ਉਨ੍ਹਾਂ ਦਲੇਰ ਗ਼ਜ਼ਲਕਾਰਾਂ ਦੀ ਹੀ ਦੇਣ ਹੈ, ਜਿਨ੍ਹਾਂ ਨੇ ਘੋਰ ਰੂਪਵਾਦੀ ਗ਼ਜ਼ਲ ਨੂੰ ਪੰਜਾਬੀ ਛੰਦਕ ਲਹਿਜੇ ਨਾਲ ਜੋੜ ਕੇ ਪੇਸ਼ ਕੀਤਾ। ਸਾਰੇ ਜਾਣਦੇ ਹਨ ਕਿ ਪਿੰਗਲ ਵਿਚ ਹਜ਼ਾਰਾਂ ਸਾਲਾਂ ਬਾਅਦ ਵੀ ਕੁਝ ਐਸੇ ਛੰਦ ਹਨ, ਜਿੰਨ੍ਹਾਂ ਦੇ ਹੁਣ ਵੀ ਅੱਖਰ ਹੀ ਗਿਣ ਕੇ ਉਨ੍ਹਾਂ ਦੇ ਰੂਪ ਸਰੂਪ ਦੀ ਤਸਦੀਕ ਕੀਤੀ ਜਾਂਦੀ ਹੈ, ਜਿਵੇਂ ਕੋਰੜਾ ਤੇ ਕਬਿੱਤ। ਗਿੱਲ ਇਸ ਤੱਥ ਤੋਂ ਬਾਖੂਬੀ ਜਾਣੂ ਹੈ। ਪਰ ਉਸ ਨੇ ਇਨ੍ਹਾਂ ਛੰਦਾਂ ਨੂੰ ਫੇਲੁਨੀ ਤੱਤ ਜੁਜ਼ ਵਿਚ ਤਕਨੀਕ ਨਾਲ ਢਾਲ ਵੀ ਲਿਆ ਹੈ।

ਆਓ ਗੁਰਭਜਨ ਦੇ ਕੁਝ ਸ਼ਿਅਰਾਂ ਦਾ ਸੁਆਦ ਮਾਣਦੇ ਹਾਂ:

  • ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,

ਮੱਥੇ ਨੂੰ ਵੀ ਤੁਰਨਾ ਪੈਂਦਾ ਇਕ ਜੁਟ ਹੋ ਕੇ ਬਾਹਵਾਂ ਨਾਲ।

  • ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਹੈ,

ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

  • ਜੀ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ।

ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ ਵਲੱਲੀਆਂ ਹੂ।

  • ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਕੂਕਾਂ, ਚੀਕਾਂ,

ਹੰਝੂਆਂ ਨਾਲ ਬਿਆਸਾ ਭਰਿਆ ਨੱਕੋ ਨੱਕ ਚਨਾਬ।

  • ਗੁੜ ਦੇ ਚੌਲ ਨਿਆਜ਼ ਖਾਣ ਨੂੰ ਤਰਸੇ ਹਾਂ,

ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।

  • ਨਿਰਮਲ ਨੀਰ ਵਿਚਾਰਾ ਰਸਤਾ ਭੁੱਲ ਨਾ ਜਾਵੇ,

ਵਗਦੇ ਪਾਣੀ ਉੱਪਰ ਦੀਵੇ ਤਾਰ ਲਏ ਨੇ।

  • ਮਾਂ ਬੋਲੀ, ਮਾਂ ਜਨਣੀ, ਧਰਤੀ ਮਾਤਾ ਕੋਲੋਂ,

ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।

  • ਆਪਣੀ ਜਾਚੇ ਉਹ ਤਾਂ ਵੱਡੇ ਰਾਹ ਜਾਂਦਾ ਹੈ।

ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।

ਗੁਰਭਜਨ ਦੇ ਹੱਥਾਂ ਵਿਚ ਆ ਕੇ ਪੰਜਾਬੀ ਗ਼ਜ਼ਲ ਅਸਲ ਅਰਥਾਂ ਵਿਚ ਨਿਰੋਲ ਪੰਜਾਬੀ ਗ਼ਜ਼ਲ ਵਜੋਂ ਨਿੱਖਰਦੀ ਤੇ ਹੋਂਦ ਪ੍ਰਾਪਤ ਕਰਦੀ ਹੈ। ਮੇਰੀ ਜਾਚੇ ਸ਼ਾਇਰ ਗੁਰਭਜਨ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਸ ਨੇ ਸ਼ਿਅਰਾਂ ਨੂੰ ਐਸੇ ਲਹਿਜੇ ਵਿਚ ਪੇਸ਼ ਕੀਤਾ ਹੈ ਕਿ ਲੱਗਦਾ ਹੈ ਸ਼ਿਅਰ ਨਹੀਂ, ਇਹ ਤਾਂ ਵਾਰਸ ਸ਼ਾਹ ਦੇ ਬੈਂਤ ਨੇ। ਉਸ ਦੇ ਇਹ ਸ਼ਿਅਰ ਪੜ੍ਹੋ ਅਤੇ ਵੇਖੋ ਕਿ ਇਨ੍ਹਾਂ ਦਾ ਰੰਗ ਪੰਜਾਬੀ ਗ਼ਜ਼ਲ ਵਿਚ ਪਹਿਲਾਂ ਪੈਦਾ ਨਹੀਂ ਹੋਇਆ:

*ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ,
ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ।

  • ਰੱਬਾ ਰੱਬਾ ਕੂਕਦਿਆਂ ਪਿੰਡ ਮਰ ਚੱਲੇ ਨੇ,

ਕਾਲਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ।

  • ਦਰਿਆ ਵਾਂਗੂੰ ਸਫ਼ਰ ਨਿਰੰਤਰ ਜੀਵਨ ਵਿਚ ਰਫ਼ਤਾਰ ਭਰ,

ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿਧਰ ਵਹਿੰਦੈ ਵਹਿਣ ਦਿਉ।

  • ਪਿੰਡ ਜਾ ਕੇ ਚੰਨ ਚੜ੍ਹਿਆ ਕੋਠੇ ਬਹਿ ਕੇ ਤੱਕਣਾ ਚਾਹਾਂ,

ਪਤਾ ਨਹੀਂ ਕਦ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ

  • ਤਖ਼ਤ ਲਾਹੌਰ ਅਜੇ ਵੀ ਸੂਲੀ ਟੰਗੇ ਪੁੱਤਰ ਦੁੱਲਿਆਂ ਨੂੰ,

ਸਦੀਆਂ ਮਗਰੋਂ ਅੱਜ ਵੀ ਤਪਦੀ ਧਰਤੀ ਸਾਂਦਲ ਬਾਰ ਦੀ

  • ਬਿਰਧ ਸਰੀਰ ਬੇਗਾਨੀ ਧਰਤੀ ਰਹਿ ਗਏ ਕੱਲ ਮੁਕੱਲੇ।

ਖੱਟੀ ਖੱਟਣ ਆਏ ਸੀ ਪਰ ਖ਼ਾਲੀ ਹੋ ਗਏ ਪੱਲੇ।

  • ਉਦੋਂ ਤੀਕਰ ਨਹੀਂ ਸੌਣਾ ਜਦੋਂ ਤਕ ਰਾਤ ਬਾਕੀ ਹੈ।

ਸ਼ਹੀਦਾਂ ਦੇ ਲਹੂ ਦੀ ਸੁਣ ਲਵੋ ਇਹ ਬਾਤ ਬਾਕੀ ਹੈ।

  • ਜ਼ਰਦ ਵਸਾਰ ਜਿਹਾ ਰੰਗ ਤੇਰਾ ਦੱਸਦੈ ਅੰਦਰੋਂ ਖ਼ਾਲੀ ਏ,

ਰੂਹ ਦਾ ਭਾਰ ਕਦੇ ਵੀ ਬੀਬਾ ਤਕੜੀਆਂ ਨਈਂ ਤੋਲਦੀਆਂ।

ਗੁਰਭਜਨ ਦਾ ਹਰ ਸ਼ਿਅਰ ਇਕ ਕਹਾਣੀ ਪੇਸ਼ ਕਰਦਾ ਹੈ ਅਤੇ ਇਕ ਵੀ ਸ਼ਿਅਰ ਭਰਤੀ ਦਾ ਨਹੀਂ। ਉਸ ਦੇ ਸ਼ਿਅਰਾਂ ਵਿਚ ਪੰਜਾਬੀ ਗ਼ਜ਼ਲ ਦਾ ਸਨਾਤਨੀ ਤੇ ਸ਼ਕਤੀਸ਼ਾਲੀ ਵਿਸ਼ਾ ਮੁਹੱਬਤ ਵੀ ਬੜੇ ਸਹਿਜ ਨਾਲ ਆਇਆ ਹੈ। ਪਰ ਗਿੱਲ ਨੇ ਇਸ ਵਿਸ਼ੇ ਨੂੰ ਇਸ ਤਰ੍ਹਾਂ ਵਰਤਿਆ ਹੈ ਕਿ ਇਸ ਦੇ ਪ੍ਰਚਲਤ ਅਰਥਾਂ ਵਿਚ ਅੰਤਰ ਆ ਗਿਆ ਹੈ। ਉਸ ਨੇ ਭਾਵੇਂ ਪਿਆਰ-ਮੁਹੱਬਤ ਨੂੰ ਮਾਲਾ ਦੇ ਧਾਗੇ ਵਾਂਗ ਰੱਖਿਆ ਹੈ ਪਰ ਇਸ ਮੁਹੱਬਤ ਦਾ ਪ੍ਰਗਟਾਵਾ ਇਸ ਕਲਾਤਮਕਤਾ ਨਾਲ ਕੀਤਾ ਹੈ ਕਿ ਵਸਲ, ਵਿਛੋੜੇ, ਨਿਹੋਰੇ, ਇੰਤਜ਼ਾਰ, ਵਫ਼ਾ, ਜਫ਼ਾ, ਸੁੰਦਰੀ ਦੀ ਸਿਫ਼ਤ ਅਤੇ ਪ੍ਰੇਮ ਨਾਲ ਹੋਰ ਸਾਰੇ ਵਰਤਾਰੇ ਜੀਵਨ ਦੇ ਸਾਧਾਰਨ ਵਰਤਾਰਿਆਂ ਨਾਲ ਜੁੜ ਗਏ ਹਨ। ਉਹ ਮੁਹੱਬਤ ਦੇ ਵਿਆਪਕ ਕਿੱਸਿਆਂ ਨੂੰ ਸੰਕੇਤਾਂ ਤੇ ਤਸ਼ਬੀਹਾਂ ਨਾਲ ਸਲੀਕੇਦਾਰੀ ਵਿਚ ਪੇਸ਼ ਕਰਦਾ ਹੈ ਕਿ ਇਹ ਮੁਹੱਬਤ ਮਾਰਫ਼ਤੀ ਹੋ ਨਿਬੜਦੀ ਹੈ:

  • ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ।

ਅੱਧੀ ਰਾਤੀਂ ਸੁਪਨੇ ਦੇ ਵਿਚ ਕਿਹੜਾ 'ਵਾਜਾਂ ਮਾਰਦਾ?

  • ਮੈਂ ਵੀ ਏਸ ਗਲੀ ਦੇ ਵਿਚੋਂ ਚੁੱਪ ਕੀਤੇ ਲੰਘ ਜਾਣਾ ਸੀ,

ਵਕਤ ਗੁਆਚਾ ਜੇ ਨਾ ਮੈਨੂੰ ਪਿੱਛੋਂ ਵਾਜਾਂ ਮਾਰਦਾ।

  • ਤਪਦੇ ਥਲ ਦੇ ਉੱਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ,

ਪੌਣਾਂ ਤੇ ਅਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ।

  • ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ,

ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ।

ਪਰ ਵੇਖਿਆ ਜਾਵੇ ਤਾਂ ਗੁਰਭਜਨ ਗਿੱਲ ਦੇ ਸਾਹਮਣੇ ਕੇਵਲ ਪਿਆਰ ਮੁਹੱਬਤ ਦਾ ਵਿਸ਼ਾ ਇਕਹਿਰੇ ਰੂਪ ਵਿਚ ਨਹੀਂ ਆਉਂਦਾ ਸਗੋਂ ਜੀਵਨ ਦੇ ਸਮੁੱਚੇ ਸੰਦਰਭਾਂ ਵਿਚ ਹੀ ਆਉਂਦਾ ਹੈ। ਉਹ ਮਛਲੀ ਦੀ ਸੁੱਖ ਮੰਗਦਿਆਂ ਪਾਣੀਆਂ ਦੀ ਸੁਖ ਵੀ ਮੰਗਦਾ ਹੈ।

ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਜਿਹੜਾ ਵਿਸ਼ਾ ਪੂਰੀ ਸ਼ਿੱਦਤ ਅਤੇ ਜਲੌਅਕਾਰੀ ਵਿਚ ਸਾਹਮਣੇ ਆਇਆ ਹੈ ਉਹ ਹੈ ਅਸਤਿਤਵੀ ਚੇਤਨਾ ਦੀ ਪੇਸ਼ਕਾਰੀ। ਉਸ ਦੀ ਗ਼ਜ਼ਲ ਦਾ ਪ੍ਰਮੁੱਖ ਅਤੇ ਮੂਲ ਸਰੋਕਾਰ ਮਨੁੱਖ ਦਾ ਆਪਣੇ ਅਸਤਿਤਵ ਜਾਂ ਹੋਂਦ ਪ੍ਰਤੀ ਚੇਤੰਨ ਹੋਣ ਦਾ ਮਸਲਾ ਹੈ। ਉਸ ਦੀਆਂ ਗ਼ਜ਼ਲਾਂ ਦੇ ਵੱਡੇ ਹਿੱਸੇ ਵਿਚ ਮਨੁੱਖ ਦੀ ਗੁਆਚ ਰਹੀ ਹੋਂਦ ਪ੍ਰਤੀ ਚਿੰਤਾ ਹੈ। ਉਹ ਮਨੁੱਖ ਨੂੰ ਇਕ ਚੇਤੰਨ ਮਨੁੱਖ ਵਜੋਂ ਅਸਤਿਤਵ ਵਿਚ ਤਸਦੀਕ ਕਰਨਾ ਲੋਚਦਾ ਹੈ। ਜੇਕਰ ਅਜੋਕਾ ਮਨੁੱਖ ਆਪਣੀ ਅਰਜਿਤ ਕੀਤੀ ਮਨੁੱਖਤਾ ਨੂੰ ਭੁਲਾ ਕੇ ਆਪਣੀ ਵਿਲੱਖਣ ਪਛਾਣ ਗੁਆ ਲਵੇਗਾ ਤਾਂ ਸਮਾਜਿਕਤਾ ਕੁੰਠਤ ਹੋਵੇਗੀ। ਜਜ਼ਬਾਤ ਨਾਲ ਓਤਪ੍ਰੋਤ ਮਨੁੱਖ ਹੀ ਕਿਸੇ ਦੁਖੀ ਦੀ ਥਾਹ ਪਾ ਸਕਦਾ ਹੈ ਅਤੇ ਮਨੁੱਖਤਾ ਦੀ ਬਾਂਹ ਬਣ ਸਕਦਾ ਹੈ।

ਅੱਤਵਾਦ ਦੇ ਦੌਰ ਵਿਚ ਸਭ ਤੋਂ ਵੱਡੀ ਤ੍ਰਾਸਦੀ ਇਹੀ ਵਾਪਰੀ ਸੀ ਕਿ ਇਕ ਪਾਸੇ ਤਾਂ ਸਾਡੇ ਸਰਬ ਸਾਂਝੇ ਪੰਜਾਬੀ ਵਿਰਸੇ ਤੋਂ ਭਟਕੇ ਨੌਜੁਆਨਾਂ ਨੇ ਆਪਣੀ ਉਹ ਪਛਾਣ ਗੁਆ ਲਈ ਜਿਹੜੀ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਤੋਂ ਦਿੱਲੀ ਦੀਆਂ ਬੱਧੀਆਂ ਹਿੰਦੋਸਦਾਨੀ ਬੇਟੀਆਂ ਛੁਡਵਾਉਂਦੇ ਸਨ ਅਤੇ ਦੂਜੇ ਪਾਸੇ ਸਾਡੇ ਦਲੇਰ ਤੇ ਅਣਖੀ ਪੰਜਾਬੀ ਲੋਕਾਂ ਨੇ ਆਪਣੀ ਦੁਰਗਤੀ ਵਿਚ ਹੀ ਆਪਣੀ ਹੋਂਦ ਅਤੇ ਅਸਤਿਤਵ ਤਸਦੀਕ ਕਰ ਲਿਆ। ਗਿੱਲ ਬਾਰ-ਬਾਰ ਮਨੁੱਖ ਵੱਲੋਂ ਇਕ ਬਾਜ਼ਾਰੀ ਵਸਤ ਬਣ ਕੇ ਵਿਚਰਣ ਦੀ ਹੋਂਦ ਉੱਤੇ ਅੱਥਰੂ ਹੀ ਨਹੀਂ ਕਰਦਾ ਸਗੋਂ ਮਨੁੱਖ ਨੂੰ ਵਸਤੂਤਵ ਤੋਂ ਫੇਰ ਤੋਂ ਆਜ਼ਾਦ ਹਸਤੀ ਬਣਾਉਣ ਲਈ, ਉਸ ਲਈ ਵਿਚਾਰਾਂ ਦੀ ਖੇਤੀ ਕਰਦਾ ਹੈ। ਪਿੰਡ ਦੇ ਬੰਦੇ ਨੇ ਸ਼ਹਿਰ ਵਿਚ ਆ ਕੇ ਆਪਣੀ ਹੋਂਦ ਗੁਆ ਲਈ ਹੈ। ਸ਼ਹਿਰ ਵਿਚ ਉਹਦੀ ਪਛਾਣ ਕਾਰਾਂ, ਕੋਠੀਆਂ ਤੇ ਪਲਾਟਾਂ ਨਾਲ ਤਸਦੀਕ ਹੁੰਦੀ ਹੈ। ਸਾਰਾ ਸ਼ਹਿਰ ਮਕਾਨਾਂ ਦੀ ਬਸਤੀ ਮਾਤਰ ਹੋ ਗਿਆ ਹੈ। ਸਾਰੇ ਮਕਾਨ ਮਹਿਜ਼ ਇਕਸਾਰ ਮਕਾਨ ਹਨ, ਜਿਹੜੇ ਚਮਕਦੇ ਪੱਥਰਾਂ ਦੇ ਬਣੇ ਹੋਏ ਹਨ, ਕੇਵਲ ਨੰਬਰ ਵੱਖਰੇ ਹਨ। ਸ਼ਹਿਰ ਦੇ ਸਾਡੇ ਮਨੁੱਖ ਇਕ ਓਪਰੇ ਕਿਰਦਾਰ ਦੇ ਹੋ ਗਏ ਹਨ, ਬਸ ਉਨ੍ਹਾਂ ਦੀਆਂ ਕਾਰਾਂ ਦੇ ਬ੍ਰਾਂਡ ਹੀ ਉਨ੍ਹਾਂ ਦੀ ਪਛਾਣ ਦੀ ਤਸਦੀਕ ਹਨ। ਸ਼ਹਿਰ ਵਿਚ ਕੋਈ ਕਿਸੇ ਦਾ ਨਹੀਂ। ਅਲਗਾਉਵਾਦੀ ਸਥਿਤੀ ਪੈਦਾ ਹੋ ਗਈ ਹੈ। ਗਿੱਲ ਸਾਹਮਣੇ ਅਲੱਗ ਥਲੱਗ ਇਨਸਾਨ ਬੁਰੀ ਤਰ੍ਹਾਂ ਟੁੱਟ ਗਿਆ ਹੈ ਜਿਹੜਾ ਕਿਸੇ ਦੀ ਤਾਂ ਕੀ ਆਪਣੀ ਪਛਾਣ ਵੀ ਨਹੀਂ ਕਰ ਸਕਦਾ। ਮੇਰੇ ਖ਼ਿਆਲ ਵਿਚ ਐਸੀ ਸਥਿਤੀ ਦੀ ਪੇਸ਼ਕਾਰੀ ਗੁਰਭਜਨ ਦੀਆਂ ਗ਼ਜ਼ਲਾਂ ਵਿਚ ਸਭ ਤੋਂ ਸਮਰੱਥ ਤੌਰ ਤੇ ਹੋਈ ਹੈ। ਕਹਾਣੀਆਂ ਜਾਂ ਨਾਵਲਾਂ ਵਿਚ ਤਾਂ ਭਾਵੇਂ ਇਸ ਸਥਿਤੀ ਨੂੰ ਗੰਭੀਰਤਾ ਨਾਲ ਉਲੀਕਿਆ ਵੀ ਗਿਆ ਸੀ ਪਰ ਗ਼ਜ਼ਲਾਂ ਵਿਚ ਕੇਵਲ ਗੁਰਭਜਨ ਨੇ ਹੀ ਇਸ ਆਤਮ-ਪਰਾਏਪਣ ਦੀ ਪੇਸ਼ਕਾਰੀ ਕੀਤੀ ਹੈ। ਏਥੇ ਕੁਝ ਸ਼ਿਅਰ ਹਾਜ਼ਰ ਹਨ:

  • ਗੁਆਚੇ ਯਾਰ ਸਾਰੇ ਸ਼ਹਿਰ ਵਿਚ ਕਿਸ ਨੂੰ ਬੁਲਾਵਾਂਗਾ।

ਮੈਂ ਕਿਸ ਦੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ।

  • ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹਾਂ,

ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਉਂ ਖਹਿ ਗਈ ਏ।

  • ਆਪਣੇ ਘਰ ਤੋਂ ਪਰਦੇਸਾਂ ਤਕ ਰੁਲ ਗਏ ਊੜੇ ਜੂੜੇ ਸਾਰੇ,

ਵੇਖਣ ਨੂੰ ਜੋ ਜੁਗਨੂੰ ਲਗਦੇ ਸਭ ਨੂੰ ਕਰ ਗੁੰਮਰਾਹ ਜਾਂਦੇ ਨੇ।

  • ਸ਼ਹਿਰ ਵਿਚ ਕਮਰਾ, ਕਿਰਾਇਆ ਕੁਰਸੀਆਂ ਨੇ,

ਘਾਬਰੇ ਫਿਰਦੇ ਨੇ ਏਥੇ ਰਹਿਣ ਵਾਲੇ।

  • ਮੈਂ ਤੇਰੀ ਗਰਮਜੋਸ਼ੀ ਦਾ ਹੁੰਗਾਰਾ ਕਿਸ ਤਰ੍ਹਾਂ ਦੇਵਾਂ,

ਕਿ ਮਨ ਦੇ ਪਾਲਿਆਂ ਵਿਚ ਖ਼ੁਦ ਮੇਰੀ ਔਕਾਤ ਠਰਦੀ ਹੈ।

  • ਫਿਰਦੇ ਨੇ ਦਨਦਨਾਉਂਦੇ ਅੰਨ੍ਹੇ ਮਚਾਉਣ ਵਾਲੇ,

ਕਿਧਰ ਗਏ ਇਨ੍ਹਾਂ ਤੋਂ ਮੁਕਤੀ ਦਿਵਾਉਣ ਵਾਲੇ।

  • ਕਰਦੇ ਬੁਹਾਰੀਆਂ ਨੇ ਬੇਗ਼ਮ ਦੇ ਮਹਿਲ ਅੰਦਰ,

ਲੋਕਾਂ ਨੂੰ ਭਰਮ ਪਾਉਂਦੇ ਬਾਗ਼ੀ ਕਹਾਉਣ ਵਾਲੇ।

  • ਹਵਾ ਵਿਚ ਬੇਵਿਸਾਹੀ ਘੁਲ ਗਈ ਹੈ,

ਹੈ ਇਸ ਵਿਚ ਦੋਸ਼ ਸਾਡਾ ਵੀ ਬਥੇਰਾ।

  • ਖੌਫ਼ ਮਨਾਂ ਦਾ ਵੇਖੋ ਯਾਰੋ ਕਿਥੋਂ ਤਕ ਹੈ ਆ ਪਹੁੰਚਾ,

ਅੰਦਰੋਂ ਕੁੰਡੀ ਲਾ ਕੇ ਸੌਂਦੀਆਂ ਗਲੀਆਂ ਮੇਰੇ ਸ਼ਹਿਰ ਦੀਆਂ।

ਗੁਰਭਜਨ ਨੂੰ ਗਿਲਾ ਹੈ ਕਿ ਆਦਮੀ ਨੇ ਆਪਣੀ ਥਾਂ ਤਬਦੀਲ ਕਰ ਲਈ ਹੈ ਅਤੇ ਉਸ ਦੀ ਥਾਂ ਹੁਣ ‘ਜੰਗਲੀ ਜੰਤ’ ਰਹਿਣ ਲੱਗੇ ਨੇ:
  • ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ,

ਪਹਿਰਾ ਨਾ ਹੁੰਦਾ ਤਾਂ ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ।

ਆਦਮੀ ਵਿਚ ਬੇਵਿਸਾਹੀ ਇਸ ਤਰ੍ਹਾਂ ਪ੍ਰਵੇਸ਼ ਕਰ ਗਈ ਹੈ ਕਿ ਉਸ ਨੂੰ ਸਭ ਤੋਂ ਵੱਡਾ ਦੁਸ਼ਮਣ ਹਮਸਾਇਆ ਲੱਗਣ ਲੱਗਾ ਹੈ:

  • ਡਰ ਨਹੀਂ ਕਿਸੇ ਪਰਾਏ ਕੋਲੋਂ ਡਰ ਹੈ ਆਪਣੇ ਸਾਏ ਕੋਲੋਂ,

ਘਰ ਦੇ ਭੇਤੀ ਕੋਲੋਂ ਬੰਦੇ ਆਪੇ ਡਰਦੇ ਵੇਖ ਰਿਹਾ ਹਾਂ।

ਪੰਜਾਬ ਦੇ ਸੰਤਾਪੇ ਦਿਨਾਂ ਦੀ ਗੁਰਭਜਨ ਦੀ ਸ਼ਾਇਰੀ ਦਿਲ ਨੂੰ ਜ਼ਖ਼ਮੀ ਕਰ ਕੇ ਲੰਘਦੀ ਹੈ। ਅੱਤਵਾਦੀ ਦੌਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਆਪਣੇ ਘੋਰਨੇ ਬਣਾਇਆ ਤੇ ਬੁਜ਼ਦਿਲੀ ਦਾ ਛੱਟਾ ਦੇ ਘੱਤਿਆ। ਪਿੰਡਾਂ ਵਿਚ ਦਹਿਸ਼ਤ ਤੇ ਵਹਿਸ਼ਤ ਨੰਗਾ ਨਾਚ ਕਰਨ ਲੱਗੀ ਸੀ। ਸੰਚਾਰ ਮਾਧਿਅਮਾਂ ਦੀ ਅਣਹੋਂਦ ਅਤੇ ਦਿੱਲੀ ਦੀ ਮਾਤਮੀ ਸਾਜਿਸ਼ ਅਧੀਨ ਹੋਏ ਕਤਲਾਮ ਨੇ ਆਪਣਾ ਰੰਗ ਵਿਖਾਇਆ ਸੀ। ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਹਨੇਰੇ ਵਿਚ ਡੁੱਬ ਗਏ ਸਨ। ਸ਼ਹਿਰਾਂ ਵਿਚ ਅਜੇ ਸੁੱਖ-ਸਾਂਦ ਸੀ ਪਰ ਪਿੰਡਾਂ ਵਿਚ ਤਾਂ ਕਬਰਾਂ ਆਣ ਲੱਥੀਆਂ ਸਨ। ਇਸ ਮਾਤਮੀ ਮਾਹੌਲ ਨੂੰ ਗੁਰਭਜਨ ਨੇ ਬਹੁਤ ਹੀ ਦਿਲ ਚੀਰਵੇਂ ਅੰਦਾਜ਼ ਵਿਚ ਪੇਸ਼ ਕੀਤਾ ਹੈ:

  • ਬੰਦ ਨੇ ਬੂਹੇ ਬਾਰੀਆਂ ਸਾਰੇ ਸਾਡੇ ਪਿੰਡ ਨੂੰ ਕੀਹ ਹੋਇਆ ਹੈ।

ਪਹਿਲਾਂ ਵਾਂਗੂੰ ਤੜਪ ਨਹੀਂ ਹੈ ਨੂੰ ਹਰ ਘਰ ਜੀਕੂੰ ਅਧਮੋਇਆ ਹੈ।

  • ਪਿੱਪਲਾਂ ਥੱਲੇ ਤੀਆਂ ਤੇ ਨਾ ਗਿੱਧੇ ਦੇ ਪਿੜ ਅੰਦਰ ਧੀਆਂ,

ਬਾਪੂ ਵਰਗ ਬਿਰਖ ਬਰੋਟਾ ਆਰੀ ਹੱਥੋਂ ਕਿਉਂ ਮੋਇਆ ਹੈ।

  • ਧਰਮ ਤੇ ਇਖ਼ਲਾਕ ਦੋਵੇਂ ਅਰਥਹੀਣੇ ਹੋ ਗਏ,

ਅਰਥ ਮਨਮਰਜ਼ੀ ਦੇ ਕਰਕੇ ਦੱਸਦੈ ਸਾਨੂੰ ਸ਼ੈਤਾਨ।

  • ਟੱਲੀਆਂ ਦੀ ਟੁਣਕਾਰ ਗੁਆਚੀ ਵਿਚ ਸਿਆੜਾਂ ਸੁਪਨੇ ਮੋਏ,

ਚਿੰਤਾ ਚਿਖ਼ਾ ਬਰਾਬਰ ਧੁਖ਼ਦੀ, ਆਉਂਦੇ ਜਾਂਦੇ ਸਾਹਾਂ ਅੰਦਰ।

  • ਹਰ ਸੀਸ ਤੰਗ ਹੇਠਾਂ ਹਰ ਜਿਸਮ ਆਰਿਆਂ 'ਤੇ,

ਇਹ ਕਿਸ ਤਰ੍ਹਾਂ ਦਾ ਮੌਸਮ ਆਇਆ ਹੈ ਸਾਰਿਆਂ 'ਤੇ।

  • ਸਾਡੇ ਘਰ ਨੂੰ ਤੀਲੀ ਲਾ ਗਏ ਬਹੁਰੰਗੇ ਅਖ਼ਬਾਰ,

ਅੰਨ੍ਹੇ ਕਾਣ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ।

  • ਗਲੀਆਂ ਚੌਂਕ ਚੁਰਸਤੇ ਸੜਕਾਂ ਸੁੰਨ-ਮ-ਸੁੰਨੀਆਂ ਹੋਈਆਂ,

ਦਫ਼ਾ ਚੌਤਾਲੀ ਧੌਣ ਪੰਜਾਲੀ ਜੇ ਰਲ ਬੈਠਣ ਚਾਰ।

  • ਮੋਢਿਆਂ ਨਾਲੋਂ ਛਾਂਗੀਆਂ ਬਾਹਾਂ ਬੇ-ਸਿਰ ਪੈਰ ਵਿਹੂਣੇ ਲੋਕ,

ਰੋਜ਼ ਰਾਤ ਨੂੰ ਅੱਜ ਕੱਲ੍ਹ ਮੈਨੂੰ ਦਿਸਦਾ ਏਹੀ ਖ਼ੂਾਬ ਹੈ।

  • ਚਾਰ ਚੁਫੇਰੇ ਨ੍ਹੇਰ ਦਾ ਪਹਿਰਾ ਗਠੜੀ ਲੈ ਗਏ ਚੋਰ,

ਆਪ ਸੁੱਤੀਏ ਹੁਣ ਜਾਗ ਨੀ ਤੇਰਾ ਲੁੱਟਿਆ ਸ਼ਹਿਰ ਭੰਬੋਰ।

ਗੁਰਭਜਨ ਆਪਣੇ ਸ਼ਹਿਰ ਤੋਂ ਜਦ ਆਪਣੇ ਪਿੰਡ ਜਾਂਦਾ ਤਾਂ ਉਹ ਗੁਆਚੇ ਸੁਪਨੇ ਲੱਭਦਾ, ਪਰੰਤੂ ਪਿੰਡ ਤਾਂ ਬੀਆਬਾਨ ਹੋ ਚੁਕੇ ਸਨ। ਹਰ ਪਾਸੇ ਲੋਕ ਦਹਿਸ਼ਤ ਵਿਚ ਗਰਕ ਸਨ:

  • ਪਿੰਡ ਰਾਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਾਂ,

ਵਾਂਗ ਬਿਗ਼ਾਨਿਆਂ ਝਾਕਦੀਆਂ ਨੇ ਕੰਧਾਂ ਧੁੱਪਾਂ ਛਾਵਾਂ।

ਸੁਪਨ ਸਿਰਜਣਾ ਕਰਾਂ ਮੈਂ ਕਿਥੇ ਆਲ ਦੁਆਲੇ ਤਾਰਾਂ,
ਬੇਆਬਾਦ ਘਰਾਂ 'ਚੋਂ ਕਿਸ ਦੀ ਕੁੰਡੀ ਜਾਂ ਖੜਕਾਵਾਂ।

ਨਾਗ ਜ਼ਹਿਰੀਲੇ ਕੱਢ ਵਰਮੀਆਂ ਬੈਠੇ ਚੌਕ ਚੁਰਾਹੇ,
ਜ਼ਹਿਰ ਚ ਭਿੱਜੀਆਂ ਵਗਦੀਆਂ ਨੇ ਹੁਣ ਤਾਹੀਂ ਸਰਦ ਹਵਾਵਾਂ।

  • ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ,

ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਹੈ ਰਾਤ ਮੀਆਂ।

  • ਡਰਦਾ ਮਾਰਾਂ 'ਵਾਜ ਨਾ ਕੱਢਾਂ ਬੂਹਾ ਖੜਕੇ ਘੜੀ ਮੁੜੀ,

ਕੰਨ ਵਲੇਟੀ ਸੁਣਦਾ ਹਾਂ ਮੈਂ ਯਾਰ ਦੀਆਂ ਫਿਟਕਾਰਾਂ ਨੂੰ।

ਪਰ ਘਿਣਾਉਣੀ ਹੋਣੀ ਤਾਂ ਓਦੋਂ ਵਾਪਰੀ ਜਦ ਸ਼ਹਿਰ ਵੀ ਪਿੰਡ ਤੋਂ ਆਉਂਦੇ ਗੁਰਭਜਨ ਜਿਹੇ ਸ਼ਾਇਰਾਂ ਦੀ ਤਲਾਸ਼ੀ ਲੈਣ ਲੱਗੇ ਕਿ ਮੜਾਂ ਇਹ ਅੱਤਵਾਦੀ ਹੀ ਨਾ ਹੋਵੇ:

  • ਸ਼ਹਿਰ ਵੜਦਿਆਂ ਲੈਣ ਤਲਾਸ਼ੀ ਹਾਕਮ ਦੇ ਕਰਿੰਦੇ ਹੁਣ,
ਕਾਗ਼ਜ਼ ਕਲਮ ਦਵਾਤ ਲੁਕਾ ਲਾਂ ਖ਼ਤਰਨਾਕ ਹਥਿਆਰਾਂ ਨੂੰ।

ਗੁਰਭਜਨ ਮਹਿਸੂਸ ਕਰਦਾ ਹੈ ਕਿ ਐਸੀ ਗਰਕੀ ਤੇ ਦਹਿਸ਼ਤ ਭਰੀ ਵਹਿਸ਼ੀ ਸਥਿਤੀ ਦੇ ਬਰ-ਖ਼ਿਲਾਫ਼ ਕੇਵਲ ਕਲਮਾਂ ਦਾ ਮੋਰਚਾ ਹੀ ਕਾਫ਼ੀ ਨਹੀਂ ਸਗੋਂ ਬੰਦੂਕਾਂ ਸਾਹਵੇਂ ਇਹ ਨਿਰਬਲ ਹੈ:

*ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫਨੀਅਰ ਨਾਗਾਂ ਨੇ,
ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਗੁਰਭਜਨ ਏਸ ਮੂਜ਼ੀ ਸਥਿਤੀ ਉੱਤੇ ਕੇਵਲ ਤਸਵੀਰ-ਕਸ਼ੀ ਹੀ ਨਹੀਂ ਕਰਦਾ ਸਗੋਂ ਇਸ ਕਾਰੇ ਭਰੀ ਤੇ ਯਾਤਨਾਵਾਂ ਵਰਤਾਉਂਦੀ ਕਾਲੀ ਰਾਤ ਦੇ ਹਨੇਰੇ ਵਿਚ ਛੁਪੇ ਸੂਤਰਧਾਰ ਨੂੰ ਵੀ ਪਛਾਣਦਾ ਹੈ। ਉਹ ਇਸ ਸਥਿਤੀ ਨੂੰ ਚੇਤਨਾ ਦੇ ਝਾੜੂ ਨਾਲ ਹੂੰਝਣ ਦਾ ਯਤਨ ਕਰਦਾ ਹੈ। ਲੋਕਾਂ ਨੂੰ ਚੇਤਨ ਹੋ ਕੇ ਅਣਖ ਦੇ ਅਤੇ ਸੰਘਰਸ਼ ਦੇ ਦੀਪ ਜਗਾਉਣ ਨੂੰ ਆਖਦਾ ਹੈ:

*ਪਾਟੀਆਂ ਲੀਰਾਂ ਵਾਂਗ ਰੁਲੇ ਨਾ ਇਹਦਾ ਵਰਕਾ ਵਰਕਾ ਵੀ,
ਸਾਂਝ ਭਰੱਪਣ ਵਾਲੀ ਇਹ ਜੋ ਹੱਥਾਂ ਵਿਚ ਕਿਤਾਬ ਹੈ।

*ਇਹ ਮੌਸਮ ਦੀ ਕਰਾਮਾਤ ਹੈ ਸਿਖ਼ਰ ਦੁਪਹਿਰ ਹਨੇਰਾ ਹੈ,
ਪਰ ਇਸ ਵੇਲੇ ਸਿਰ 'ਤੇ ਦਗਦਾ ਸੂਰਜ ਦਾ ਗੋਲਾ ਤਾਂ ਦੇਖ।

*ਆਪਣੇ ਘਰ ਦੀ ਚਾਰ ਦੀਵਾਰੀ ਤੋਂ ਵੀ ਬਾਹਰ ਝਾਕ ਜ਼ਰਾ,
ਪਰਛਾਵੇਂ ਤੋਂ ਡਰਨ ਵਾਲਿਆਂ ਉੱਚਾ ਕੱਦ ਅਪਣਾ ਤਾਂ ਦੇਖ।

*ਮੀਲਾਂ ਤੀਕ ਉਦਾਸੀ ਦਾ ਥਲ ਮਾਰੂ ਅੱਗ ਵਰ੍ਹਾਏਗਾ,
ਆਪੋ ਆਪਣੇ ਘਰਾਂ 'ਚੋਂ ਰੋਕੋ ਅਗਨੀ ਦੇ ਵਿਸਥਾਰਾਂ ਨੂੰ।

*ਕਲਮਾਂ ਬੁਰਸ਼ਾਂ ਸਾਜ਼ਾਂ ਵਾਲਿਉ ਇਸ ਮੌਸਮ ਦਾ ਫ਼ਿਕਰ ਕਰੋ,
'ਸੱਚ ਕੀ ਬੇਲਾ' ਹੱਕ ਨਿਤਾਰੋ ਕੰਧਾਂ ਦਾ ਇਤਿਹਾਸ ਲਿਖੋ।

*ਤਣੇ ਹੋਏ ਮੁੱਕੇ ਨੂੰ ਆਖੋ ਹੋਸ਼ ਨਾਲ ਸਮਤੋਲ ਕਰੇ,
ਸੰਗਰਾਮੀ ਦੀ ਚਾਲ ਤੁਰਦਿਆਂ ਕਦਮਾਂ ਦਾ ਇਤਿਹਾਸ ਲਿਖੋ।

*ਖ਼ਬਰੇ ਕਿਸ ਦਿਨ ਸੁੱਤੇ ਲੋਕੀ ਗੂੜ੍ਹੀ ਨੀਂਦ 'ਚੋਂ ਜਾਗਣਗੇ,
ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਨਗੇ ਸੰਗਰਾਮ ਜਿਹਾ

* ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚੱਲਿਆਂ,
ਲਾਟ ਬਚਾਇਓ ਨ੍ਹੇਰੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ

ਗੁਰਭਜਨ ਗਿੱਲ ਜ਼ੋਰ ਜ਼ਬਰ ਤੇ ਜ਼ੁਲਮ ਦੀ ਵਿਵਸਥਾ ਦੀ ਹੁੰਦੀ ਜਾ ਰਹੀ ਲੰਮੀ ਉਮਰ ਉੱਤੇ ਖਿਝਦਾ ਹੋਇਆ ਕਹਿੰਦਾ ਹੈ:

* ਪਤਾ ਨਹੀਂ ਇਸ ਇਮਤਿਹਾਨਾਂ ਵਿਚ ਕਿੰਨਾ ਕੁ ਚਿਰ ਰਹਿਣਾ ਹੈ, ਚਾਰ ਜੁਗ ਤਾਂ ਬੀਤ ਗਏ ਨੇ ਜ਼ੋਰ ਜਬਰ ਇਹ ਸਹਿੰਦੇ ਨੂੰ।



* ਮੁੱਕ ਜਾਵਾਂਗੇ ਬਾਂਸ ਵਰਗਿਉ ਆਪਣੀਉਂ ਹੀ ਅੱਗ ਦੇ ਨਾਲ,
ਡੱਕਿਆ ਨਾ ਜੇ ਬਾਹਾਂ ਨੂੰ ਹੁਣ ਆਪਸ ਦੇ ਵਿਚ ਖਹਿੰਦੇ ਨੂੰ।

ਉਹ ਆਪਣੇ ਵਰਗੇ ਰੌਸ਼ਨੀਆਂ ਦੇ ਕਾਰੋਬਾਰੀਆਂ ਨੂੰ ਸੰਗੀ-ਸਾਥੀ ਵੇਖ ਕੇ ਵਿਸਮਾਦੀ ਸ਼ਿਅਰਾਂ ਦੀ ਰਚਨਾ ਕਰਦਾ ਹੈ:

* ਜਿਹੜੇ ਨ੍ਹੇਰੀਆਂ 'ਚ ਬਾਲਦੇ ਨੇ ਦੀਵਿਆਂ ਦੀ ਪਾਲ,
ਤੇਰੇ ਆਪਣੇ ਨੇ ਮਿੱਤਰਾਂ ਪਿਆਰਿਆਂ ਨੂੰ ਵੇਖ।
ਸਮਤੋਲ ਵਿਚ ਪੈਰ ਤਾਹੀਉਂ ਅੱਗੇ ਅੱਗੇ ਜਾਣੇ,
ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ।

ਉਸ ਨੂੰ ਪੂਰਨ ਆਸ ਹੈ ਕਿ ਚੂਕਦੀਆਂ ਚਿੜੀਆਂ ਵਾਲਾ ਤੇ ਲੋਕ ਜੂਹਾਂ ਵਿਚ ਧਮਾਲਾਂ ਪਾਉਂਦਾ ਸੋਨ ਸਵੇਰਾ ਜ਼ਰੂਰ ਮੋੜ ਲਿਆ ਜਾਵੇਗਾ:

* ਲੱਭਾਂਗੇ ਸੂਰਜ ਮਘ ਰਿਹਾ ਗੁੰਮਿਆਂ ਗੁਆਚਿਆ,
ਭਾਵੇਂ ਅਸਾਂ ਨੂੰ ਪੈਣ ਹੁਣ ਸਾਗਰ ਹੁੰਘਾਲਣੇ।
* ਸੂਰਜ ਆਖੇ ਜਾਗੋ ਜਾਗੋ ਅੱਖਾਂ ਖੋਲ੍ਹੋ ਸੌਣ ਵਾਲਿਓ,
ਭੁੱਲ ਨਾ ਜਾਇਓ ਨਾਲ ਤੁਹਾਡੇ ਨ੍ਹੇਰੇ ਅੰਦਰ ਕੀ ਹੋਇਆ ਹੈ।

ਗੁਰਭਜਨ ਗਿੱਲ ਆਪਣੇ ਸ਼ਿਅਰਾਂ ਵਿਚ ਮਾਨਵ ਦੇ ਆਪਸੀ ਤੇ ਲਹੂ ਦੇ ਰਿਸ਼ਤਿਆਂ ਦੀ ਪੇਸ਼ਕਾਰੀ ਵੱਲ ਉਚੇਚਾ ਧਿਆਨ ਤਾਂ ਨਹੀਂ ਦੇਂਦਾ ਪਰ ਅਹਿਸਾਸ ਦੇ ਰਿਸ਼ਤਿਆਂ ਬਾਰੇ ਤਰਕ ਨਾਲ ਗੱਲ ਕਰਦਾ ਹੈ। ਮਨੁੱਖ ਦੀ ਸਮੁੱਚੀ ਜ਼ਿੰਦਗੀ ਰਿਸ਼ਤਿਆਂ ਵਿਚ ਬੱਝੀ ਹੋਈ ਹੈ ਅਤੇ ਰਿਸ਼ਤੇ ਇਕ ਕੇਂਦਰੀ ਹੱਬ ਵਜੋਂ ਹੋਂਦ ਰੱਖਦੇ ਹਨ। ਜਿਉਂ-ਜਿਉਂ ਸਮਾਜਕ ਕਿਰਤ ਦੇ ਸੰਦ ਬਦਲ ਰਹੇ ਹਨ, ਤਿਉਂ-ਤਿਉਂ ਰਿਸ਼ਤੇ ਵੀ ਤਬਦੀਲ ਹੋ ਰਹੇ ਹਨ। ਹੁਣ ਪਿੰਡਾਂ ਵਿਚ ਮਾਂ, ਧੀ, ਪਿਉ, ਪੁੱਤਰ, ਭਰਾ, ਭੈਣ ਤੇ ਬਾਬੇ, ਚਾਚੇ ਪਹਿਲਾਂ ਵਾਂਗ ਕੰਮ ਕਰਦਿਆਂ ਇਕੱਠੇ ਨਹੀਂ ਵਿਚਰੇ। ਆਰਥਿਕ ਮਜ਼ਬੂਰੀਆਂ ਨੇ ਵੀ ਪਿਆਰ-ਅਹਿਸਾਸ ਦੇ ਰਿਸ਼ਤਿਆਂ ਵਿਚ ਫ਼ਰਕ ਲੈ ਆਂਦਾ ਹੈ। ਅਜੋਕੇ ਦੌਰ ਵਿਚ ਅਨੇਕਾਂ ਕਾਰਨਾਂ ਕਰਕੇ ਮਨੁੱਖੀ ਰਿਸ਼ਤਿਆਂ ਵਿਚ ਅਜਨਬੀਪਣ ਆਉਂਦਾ ਜਾ ਰਿਹਾ ਹੈ। ਪੈਸਾ ਤੇ ਮਸ਼ੀਨ ਸਮਾਜ ਦੀ ਚਾਲਕ ਸ਼ਕਤੀ ਹੋ ਗਏ ਹਨ। ਉਸ ਦੀ ਇਕ ਸ਼ਾਨਦਾਰ ਗ਼ਜ਼ਲ ਦੇ ਕੁਝ ਸ਼ਿਅਰ ਵੇਖੋ:

ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ।
ਮਹਿਕਦੀ ਧੜਕਣ ਨੂੰ ਖੋਹ ਕੇ ਆਪ ਉਹ ਥਾਂ ਭਰਦੀਆਂ ਨੇ।

ਖੇਤ 'ਚੋਂ ਫ਼ਸਲਾਂ ਸੁਕਾਵਣ ਤੇ ਘਰਾਂ 'ਚੋਂ ਰੌਣਕਾਂ ਵੀ,
ਫੋਕੀਆਂ ਰਸਮਾਂ ਹੀ ਸਾਡੇ ਸੁਪਨਿਆਂ ਨੂੰ ਚਰਦੀਆਂ ਨੇ।

ਫ਼ੈਲਦੇ ਬਾਜ਼ਾਰ ਸਾਨੂੰ ਸੁੰਨ ਕਰ ਦੇਣਾ ਹੈ ਆਖ਼ਿਰ,
ਮਾਪਿਆਂ ਦੇ ਵਾਂਗ ਦੇਣਾ ਨਿੱਘ ਕੰਧਾਂ ਘਰ ਦੀਆਂ ਨੇ।

ਹੁਣ ਝਨਾਂ ਦੇ ਪਾਣੀਆਂ ਵਿਚ ਨਾ ਹੀ ਸੋਹਣੀ ਨਾ ਘੜਾ ਹੈ,
ਹਉਕਿਆਂ ਦੀ ਜੂਨ ਪਈਆਂ ਬੇੜੀਆਂ ਹੀ ਤਰਦੀਆਂ ਨੇ।

ਜ਼ਿੰਦਗੀ ਲੋਹਾਰ ਦੀ ਭੱਠੀ 'ਚ ਜੀਕੂੰ ਸੁਰਖ਼ ਲੋਹਾ,
ਅਗਨ ਦੇ ਫੁੱਲਾਂ 'ਤੇ ਬਹਿਣੋਂ ਤਿਤਲੀਆਂ ਵੀ ਡਰਦੀਆਂ ਨੇ।

ਇਸ ਦੌਰ ਵਿਚ ਦਸਤਕਾਂ ਸਿਰ ਭਨਾ ਕੇ ਮੁੜ ਰਹੀਆਂ ਹਨ ਪਰ ਘਰ ਵਾਲੇ ਬੂਹਾ ਨਹੀਂ ਖੋਲ੍ਹਦੇ। ਇਸ ਢੁਕੇ ਬੂਹਿਆਂ ਨੂੰ ਸੰਗਲਾਂ, ਕੁੰਡਿਆਂ ਤੇ ਜੰਦਰਿਆਂ ਦੀ ਸਜ਼ਾ ਪਿੰਡਾਂ ਤਕ ਵੀ ਪਹੁੰਚ ਚੁੱਕੀ ਹੈ:

* ਕਈ ਵਾਰੀ ਮੈਂ ਦਸਤਕ ਦਿੱਤੀ ਕਿਸੇ ਹੁੰਗਾਰਾ ਹੀ ਨਹੀਂ ਭਰਿਆ,
ਸਮਝ ਨਾ ਆਵੇ ਆਪਣਿਆਂ ਨੂੰ ਘਰ ਦਾ ਬੂਹਾ ਕਿਉਂ ਢੋਇਆ ਹੈ।

* ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।

ਪਿੱਛੇ ਜਿਹੇ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਇਕ ਮੁਟਿਆਰ ਗਾਇਕਾ ਗ਼ਜ਼ਾਲਾ ਜਾਵੇਦ ਨੂੰ ਪਿਤਾ ਸਮੇਤ ਗੀਤ ਗਾਉਣ ਦੀ ਸਜ਼ਾ ਵਜੋਂ ਰੂੜੀਵਾਦੀ ਤਾਲਿਬਾਨਾਂ ਨੇ ਕਤਲ ਕਰ ਦਿੱਤਾ। ਸ਼ਾਇਰ ਗਿੱਲ ਨੇ ਇਸ ਕਤਲ ਉੱਤੇ ਇਕ ਦਰਦ ਭਿੱਜੀ ਗ਼ਜ਼ਲ ਲਿਖੀ। ਜਿਸ ਦੇ ਕਰੀਬ ਤਿੰਨ ਦਰਜਨ ਸ਼ਿਅਰ ਹਨ। ਇਹ ਗ਼ਜ਼ਲ ਜਿਥੇ ਕੁਲ ਆਲਮ ਨੂੰ ਇਸ ਕਾਲੀ ਕਰਤੂਤ ਉੱਤੇ ਜਾਗ੍ਰਤ ਕਰਦੀ ਹੈ, ਉਥੇ ਰੂੜੀਵਾਦ ਅਤੇ ਸਨਾਤਨੀ ਸੋਚ ਉੱਤੇ ਵੀ ਕਰਾਰੀ ਸੱਟ ਹੈ। ਬੁਨਿਆਦ-ਪ੍ਰਸਤੀ ਉੱਤੇ ਤਿੱਖੇ ਕਰਦੀ ਇਹ ਗ਼ਜ਼ਲ ਉਸ ਦੀ ਸ਼ਾਹਕਾਰ ਰਚਨਾ ਹੈ। ਕੁਝ ਸ਼ਿਅਰ ਹਾਜ਼ਰ ਹਨ, ਜਿੰਨ੍ਹਾਂ ਵਿਚ ਔਰੰਗਜ਼ੇਬੀ ਸੋਚ ਨੂੰ ਚੌਰਾਹੇ ਖਲ੍ਹਾਰਿਆ ਗਿਆ ਹੈ:

ਤਿਤਲੀਆਂ ਨੂੰ ਖੰਭ ਫੜਕਣ ਦੀ ਮਨਾਹੀ ਕਰ ਦਿਉ,
ਇਹ ਭਲਾ ਕਿਹੜੀ ਸ਼ਰੀਅਤ ਇਹ ਭਲਾ ਕਿਹੜਾ ਵਿਧਾਨ?

ਕਿਹੜਿਆਂ ਮਦਰੱਸਿਆਂ ਤੋਂ ਨਾਗ ਪੜ੍ਹ ਕੇ ਆਏ ਨੇ,
ਡੰਗਦੇ ਧੀਆਂ ਤੇ ਭੈਣਾਂ ਇਹ ਅਨੋਖੇ ਤਾਲਿਬਾਨ

ਕਤਲਗਾਹ ਵਿਚ ਕਾਤਲਾਂ ਨੂੰ ਇਹ ਸੁਨੇਹਾ ਦੇ ਦਿਉ,
ਮਰਨ ਮਾਰਨ ਤੋਂ ਅਗਾਂਹ ਹੈ ਜ਼ਿੰਦਗੀ ਕਬਰਾਂ ਸਮਾਨ।

ਗੁਰਭਜਨ ਦੀ ਸ਼ਾਇਰੀ ਤਰਕਮੁਖੀ ਹੈ ਤੇ ਉਹ ਤਿੱਖੇ ਨਾਅਰਿਆਂ ਦੀਆਂ ਵੈਸਾਖੀਆਂ ਨਹੀਂ ਫੜਦਾ। ਉਹ ਸਾਧਾਂ ਵਾਲੀ ਸੁਝਾਊ ਤੇ ਧਾਰਮਿਕ ਅਕੀਦਿਆਂ ਵਾਲੀ ਵਿਖਿਆਨਕ ਸ਼ਬਦਾਵਲੀ ਨਹੀਂ ਵਰਤਦਾ। ਉਸ ਦੇ ਸ਼ਿਅਰ ਵਿਵੇਕਮੁਖੀ ਹਨ, ਜਿਨ੍ਹਾਂ ਦਾ ਆਧਾਰ ਸੱਚ ਹੈ। ਜਿਹੜਾ ਕਾਰਜ ਹੋ ਸਕਦਾ ਹੈ ਉਹ ਓਸੇ ਪ੍ਰਤੀ ਜ਼ੋਰ ਦੇਂਦਾ ਹੈ। ਅਤਿਕਥਨੀ ਵਾਲੇ ਸ਼ਿਅਰਾਂ ਦਾ ਉਹ ਮੁਦਈ ਨਹੀਂ। ਇਸ ਦੇ ਤਰਕ ਮੱਤੇ ਅਤੇ ਨਵੇਂ ਭਾਵ-ਬੋਧ ਦੇ ਅਨੇਕਾਂ ਸ਼ਿਅਰ ਹਨ:

* ਸਿਰ ਤੋਂ ਪੈਰਾਂ ਤੀਕ ਫ਼ੈਲਿਆ ਆਪਣੇ ਮਨ ਦਾ ਨ੍ਹੇਰਾ ਹੀ,

ਪਤਾ ਨਹੀਂ ਕਿਉਂ ਦੀਵੇ ਧਰਦੇ ਲੋਕ ਮਜ਼ਾਰਾਂ ਉੱਤੇ ਹੁਣ

* ਤੂੰ ਦਾਣਿਆਂ ਨੂੰ ਚੋਰਾ ਨਾ ਸਮਝੀ ਪਰਿੰਦਿਆ,
ਤੇਰੇ ਸ਼ਿਕਾਰ ਵਾਸਤੇ ਦੁਸ਼ਮਣ ਦੀ ਚਾਲ ਹੈ।

*ਦੋਧੇ ਵਸਤਰ ਉਜਲੇ ਚਿਹਰੇ, ਖੇਡ ਰਹੇ ਜੂਏ ਦੀ ਬਾਜ਼ੀ,
ਲੋਕ ਰਾਜ ਦੇ ਪਰਦੇ ਉਹਲੇ ਭਾਰੀ ਪਹਿਰੇਦਾਰੀ ਅੰਦਰ।

* ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨ ਹੋਇਆ,
ਅਸਾਨੂੰ ਚੀਰਿਆ ਸ਼ੈਤਾਨ ਨੇ ਜੋ ਦੋ ਪੰਜਾਬੀ ਵਿਚ।

* ਇਹ ਚਾਰ ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ ਤੌਬਾ ਹੈ,
ਲੋਕਾਂ ਨੂੰ ਕਹੀਏ ਤੋੜ ਦਿਉ ਪਰ ਆਪਣੀ ਵਾਰੀ ਸੰਗਦੇ ਰਹੇ।

ਗਿੱਲ ਦੀ ਸ਼ਾਇਰੀ ਵਿਚ 'ਮੈਂ' ਦੀ ਪ੍ਰਥਾਇ ਯਾਨਿ ਪ੍ਰਥਮ ਪੁਰਖ ਦੀ ਤਕਨੀਕ ਉਸਾਰੀ ਗਈ ਹੈ ਅਤੇ ਗਿੱਲ ਉਸ ਸੰਵੇਦਨਸ਼ੀਲ ਅਤੇ ਦੋਹਰੇ ਕਿਰਦਾਰ ਵਾਲੇ ਅਜੋਕੇ ਮਨੁੱਖ ਦੀ ਤਸਵੀਰ-ਕਸ਼ੀ ਆਪਣੇ ਉੱਤੇ ਢੁਕਾਅ ਕੇ ਕਰਦਾ ਹੈ। ਜਦੋਂ ਉਹ ਮਾਨਵੀ ਕਦਰਾਂ ਕੀਮਤਾਂ ਵਾਲੇ ਮਨੁੱਖ ਦੀ ਗੱਲ ਕਰਦਾ ਹੈ ਤਾਂ ਇਹ ਮਾਣ ਅਨਯ ਪੁਰਖ ਨੂੰ ਦੇਂਦਾ ਹੈ। ਇਸ ਤਰ੍ਹਾਂ "ਕਹਿਣਾ ਧੀ ਨੂੰ ਸਮਝਾਉਣਾ ਨੂੰਹ ਨੂੰ" ਵਾਲੀ ਪੰਜਾਬੀ ਕਹਾਵਤ ਸਾਰਥਕ ਹੁੰਦੀ ਹੈ:

* ਕਿੰਨੇ ਚੋਰ ਲਏ ਨੇ ਮੈਂ ਮਨ ਮੰਦਰ ਦੀ ਬਾਰੀ ਅੰਦਰ।
ਚੋਰ ਸਿਪਾਹੀ ਲੜਣ ਮਚਾਈ ਖੇਡਣ ਚਾਰ ਦੀਵਾਰੀ ਅੰਦਰ।

* ਜੇ ਤੂੰ ਮੈਥੋਂ ਸੁਣਨਾ ਚਾਹੀਂ ਓਹੀ ਬਾਤ ਸੁਣਾਵਾਂਗਾ ਮੈਂ,
ਦਿਲ ਦੀ ਕੌਣ ਸੁਣਾਵੇ ਏਥੇ ਅੱਜ ਕੱਲ੍ਹ ਦੁਨੀਆਦਾਰੀ ਅੰਦਰ।

* ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ ਰੋਜ਼ਾਨਾ ਅਖ਼ਬਾਰਾਂ ਨੂੰ,
ਫਿਰ ਕਾਹਦੇ ਲਈ ਖ਼ਤਰਾ ਜਾਪੇ ਮੇਰੇ ਤੋਂ ਸਰਕਾਰਾਂ ਨੂੰ।

ਲੋਕ ਰਾਜ ਅਸਲ ਵਿਚ ਲੋਕਾਂ ਦਾ ਰਾਜ ਨਹੀਂ ਸਗੋਂ ਲੋਕਾਂ ਵੱਲੋਂ ਰਾਜ ਸ਼ਕਤੀ ਦੀ ਕਿਸੇ ਇਕ ਧਿਰ ਨੂੰ ਸਪੁਰਦਦਾਰੀ ਮਾਤਰ ਹੈ। ਰਾਜ ਕਰਦੀਆਂ ਧਿਰਾਂ ਵਿਚ ਅਤੇ ਚੋਣਾਂ ਲੜਦੀਆਂ ਧਿਰਾਂ ਵਿਚ ਇਕ ਪਾਸੇ ਸ਼ੇਰ ਹਨ ਤੇ ਦੂਜੇ ਪਾਸੇ ਬਘਿਆੜ। ਲੋਕ ਰਾਜ ਸ਼ਕਤੀ ਕਿਸ ਨੂੰ ਸੌਂਪਣ, ਇਹ ਉਨ੍ਹਾਂ ਨੂੰ ਆਜ਼ਾਦੀ ਹੈ। ਗਿੱਲ ਇਨ੍ਹਾਂ ਚੋਣਾਂ ਬਾਰੇ ਇਵੇਂ ਕਹਿੰਦਾ ਹੈ:

* ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

* ਕਹੋ ਨਾ ਏਸ ਨੂੰ ਚੋਣਾਂ ਇਹ ਕਿਸ਼ਤਾਂ ਵਿਚ ਹੈ ਰੋਣਾ,
ਲੁਟੇਰੇ ਨੂੰ ਲੁਟੇਰੇ ਲੁੱਟ ਖਾਤਿਰ ਫਿਰ ਵੰਗਾਰਨਗੇ।

ਗੁਰਭਜਨ ਦੀਆਂ ਗ਼ਜ਼ਲਾਂ ਦੇ ਵਿਸ਼ੇ ਬਹੁਦਿਸ਼ਾਵੀ ਹਨ। ਉਸ ਦੇ ਸ਼ਿਅਰਾਂ ਵਿਚ ਜੀਵਨ ਦੇ ਸਾਰੇ ਰੰਗ ਹਨ ਪਰ ਅਣਖ਼ ਦੀ ਅਤੇ ਚੇਤੰਨਤਾ ਦਾ ਰੰਗ ਸਪਸ਼ਟ ਤੌਰ 'ਤੇ ਗੂੜ੍ਹਾ ਹੈ। ਉਹ ਖੇਤਾਂ ਦਾ ਪੁੱਤਰ ਤੇ ਪਿੰਡਾਂ ਦਾ ਜਾਇਆ ਹੈ। ਉਸ ਨੂੰ ਹਰੀ ਕ੍ਰਾਂਤੀ ਦੇ ਪੀਲੇ ਰੰਗਾਂ ਦੀ ਪਛਾਣ ਹੈ। ਉਸ ਨੂੰ ਬਾਪ ਦੇ ਘਰ ਜਵਾਨੀ ਗੁਆ ਰਹੀਆਂ ਧੀਆਂ ਦੇ ਦਰਦ ਦੀ ਸਾਰ ਹੈ। ਉਹ ਪੰਜਾਬੀ ਸਭਿਆਚਾਰ ਦਾ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਵਿਚ ਉਚੇਚ ਨਹੀਂ ਸਗੋਂ ਸਹਿਜ ਸੁਭਾਅ ਨਾਲ ਮਨ ਦੇ ਉਦਗਾਰ ਪੇਸ਼ ਹੋਏ ਹਨ, ਉਸ ਦੇ ਚਿੰਨ੍ਹਾਂ ਬਿੰਬਾਂ ਵਿਚ ਮਾਂਦਰੀ, ਉੱਡਦੇ ਸੱਪ, ਤੇਜ਼ਾਬੀ ਬਰਸਾਤ, ਬੇੜੀਆਂ, ਸੁੱਕੇ ਦਰਿਆ, ਪੰਛੀ, ਮਾਰੂਥਲ, ਗੰਨੇ, ਦੂਧੀਆ ਛੱਲੀਆਂ, ਬਲਦੇ ਜੰਗਲ, ਬੀਆਬਾਨ ਹਨੇਰਿਆਂ ਵਿਚ ਡੁੱਬੇ ਸ਼ਹਿਰ, ਭਰਮ ਦੀ ਦੀਵਾਰ, ਅੰਦਰ ਦਾ ਸ਼ੋਰ, ਜਮਾਤਾਂ ਬਨਾਮ ਜ਼ਾਤਾਂ, ਧਰਮ ਤੇ ਇਖਲਾਕ, ਤਿਤਲੀਆਂ, ਕੋੜੇ, ਕਤਲਗਾਹਾਂ, ਅੰਨ੍ਹੇ ਸ਼ਿਕਾਰੀ, ਅੰਨ੍ਹੀ ਗਲੀ, ਬੁਹਾਰੀ, ਸਮੁੰਦਰ, ਬਿਰਖ, ਦਾਦੀ, ਫੁਲਕਾਰੀ, ਜਨੌਰ, ਬਾਪ, ਬੋਟ, ਆਲ੍ਹਣੇ, ਕੱਚ, ਘਰ ਦੀ ਰਾਖ਼, ਘੁੰਮਣਘੇਰ, ਦਿਲ ਦੇ ਬੂਹੇ, ਚਿੜੀਆਂ ਵਾਲੀ ਮੌਤ ਆਦਿ ਬਹੁਅਰਥਾਂ ਵਿਚ ਆਉਂਦੇ ਹਨ। ਇਹ ਬਿੰਬ ਤੇ ਚਿੰਨ ਉਸ ਨੇ ਪੰਜਾਬੀ ਜਨ-ਜੀਵਨ ਦੀ ਰਹਿਤਲ ਵਿਚੋਂ ਲਏ ਹਨ ਅਤੇ ਸਨਾਤਨ ਗ਼ਜ਼ਲ ਦੇ ਚਿੰਨ੍ਹ ਸ਼ਰਾਬਖਾਨਾ, ਰਿੰਦ, ਸਾਕੀ, ਚਾਹੇ ਯਕਨ, ਸਨਮ, ਇਸ਼ਕ, ਵਸਲ ਆਦਿ ਤੋਂ ਗੁਰੇਜ਼ ਹੈ। ਏਸੇ ਲਈ ਉਸ ਦੀ ਸ਼ਾਇਰੀ ਨੂੰ ਸ਼ੁੱਧ ਪੰਜਾਬੀ ਸ਼ਾਇਰੀ ਕਿਹਾ ਗਿਆ ਹੈ। ਉਸ ਦਾ ਇਹ ਸ਼ਿਅਰ ਵੇਖੋ, ਜੀਵਨ ਦੀਆਂ ਕਿੰਨੀਆਂ ਖੂਬਸੂਰਤ ਪਰਤਾਂ ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/24 ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/25 ਮਨੁੱਖ ਦਾ ਅੰਦਰਲਾ ਡਰ, ਸ਼ਹਿਰੀਕਰਨ ਵਿਚ ਗੁਆਚੀ ਮਾਨਵ ਪਛਾਣ, ਸਮਾਜਵਾਦੀ ਚੇਤਨਾ, ਲੋਕ ਰਾਜ ਦੇ ਉਲਟ ਮਾਅਨੇ, ਹਿੰਸਾ, ਨਿੱਕੇ ਨਿੱਕੇ ਯੁੱਧਾਂ ਦਾ ਨਿਖੇਧ, ਲੋਕਾਂ ਨੂੰ ਵਰਗਲਾਉਂਦੇ ਡੇਰੇ ਤੇ ਬਾਬੇ, ਭਰੂਣ ਹੱਤਿਆਵਾਂ, ਗਲੋਬਲਾਈਜੇਸ਼ਨ, ਮੰਡੀ ਵਿਚ ਖਲੋਤਾ ਮਨੁੱਖ, ਸਭਿਆਚਾਰਕ ਸੰਕਟ, ਪੰਜਾਬੀਅਤ ਦਾ ਦਰਦ, ਨਿੱਕੀ ਕਿਸਾਨੀ ਦੀ ਦੁਰਦਸ਼ਾ, ਡਿੱਗ ਰਹੇ ਚੇਤੰਨਤਾ ਦੇ ਮਿਆਰ ਆਦਿ ਜਿਹੇ ਸੈਂਕੜੇ ਮਹੱਤਵਪੂਰਨ ਵਿਸ਼ੇ ਉਸ ਦੇ ਸ਼ਿਅਰਾਂ ਦੇ ਵਿਸ਼ੇ ਹਨ। ਛੰਦ ਅਤੇ ਬਹਿਰ ਵਿਚ ਉਹ ਪ੍ਰਬੀਨ ਸ਼ਾਇਰ ਹੈ ਅਤੇ ਗ਼ਜ਼ਲ ਦੀਆਂ ਤਕਨੀਕੀ ਜੁਗਤਾਂ ਨੂੰ ਪੂਰਨ ਤੌਰ 'ਤੇ ਨਿਭਾਉਂਦਾ ਹੈ। ਉਸ ਦੇ ਕਾਫ਼ੀਏ ਅਤੇ ਰਦੀਫ਼ ਤਾਜ਼ਗੀ ਭਰਪੂਰ ਅਤੇ ਨਵੇਂ-ਨਵੇਂ ਹਨ। ਉਸ ਨੇ ਉਹ ਬਹਿਰ ਅਤੇ ਛੰਦ ਵਰਤੇ ਹਨ ਜੋ ਉਸ ਦੀ ਰੂਹ ਵਿਚ ਸਮਾਏ ਹੋਏ ਹਨ ਅਤੇ ਲੋਕਾਂ ਦੇ ਸੁਰ ਵਿਚ ਵੀ ਸ਼ਾਮਿਲ ਹੋ ਚੁੱਕੇ ਹਨ। ਉਸ ਨੇ ਛੰਦਾਂ ਬਹਿਰਾਂ ਦਾ ਵਿਖਾਵਾ ਨਹੀਂ ਕੀਤਾ ਸਗੋਂ ਛੰਦਾਂ ਬਹਿਰਾਂ ਨੂੰ ਇਕ ਵਾਹਕ ਵਜੋਂ ਸਹਿਜ ਨਾਲ ਤੇ ਲੋੜ ਮੂਲਕ ਤੌਰ 'ਤੇ ਲਿਆ ਹੈ। ਮੈਂ ਗੁਰਭਜਨ ਗਿੱਲ ਨੂੰ ਪੰਜਾਬੀ ਗ਼ਜ਼ਲ ਦਾ ਵਾਰਸ ਕਿਹਾ ਹੈ ਕਿਉਂਕਿ ਉਸ ਨੇ ਗ਼ਜ਼ਲ ਨੂੰ ਵਾਰਿਸ ਸ਼ਾਹ ਦੇ ਬੈਂਤਾਂ ਵਾਂਗ ਹੀ ਲੋਕਾਂ ਵਿਚ ਹਰਮਨ ਪਿਆਰੀ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਦਾ ਹਥਲਾ ਸੰਗ੍ਰਹਿ "ਤਾਰਿਆਂ ਦੇ ਨਾਲ ਗੱਲਾਂ ਕਰਦਿਆਂ" ਸੰਪਾਦਤ ਕਰਦਿਆਂ ਮੈਨੂੰ ਗ਼ਜ਼ਲ ਵਾਸਤੇ ਕੁਝ ਚੰਗਾ ਕਰਨ ਦਾ ਅਹਿਸਾਸ ਹੋ ਰਿਹਾ ਹੈ।

-ਸੁਲੱਖਣ ਸਿੰਘ ਸਰਹੱਦੀ
ਪਿੰਡ ਕੋਹਾੜ, ਗੁਰਦਾਸਪੁਰ