ਸਮੱਗਰੀ 'ਤੇ ਜਾਓ

ਦਿਲ ਹੀ ਤਾਂ ਸੀ/ਮੁਖ-ਬੰਧ

ਵਿਕੀਸਰੋਤ ਤੋਂ

ਮੁਖ-ਬੰਧ

ਪਿਛਲੇ ਡੇਢ ਕੁ ਦਹਾਕੇ ਤੋਂ ਜਿੱਥੇ ਪੰਜਾਬੀ ਸਾਹਿੱਤ ਨੇ ਕਵਿਤਾ ਦੇ ਪੱਖੋਂ ਕੋਈ ਹੌਸਲਾ ਵਧਾਊ ਤ੍ਰੱਕੀ ਨਹੀਂ ਕੀਤੀ, ਉਥੇ ਇਸ ਨੇ ਕਹਾਣੀ-ਰਚਨਾ ਵਿਚ ਖੂਬ ਨਾਮਣਾ ਖੱਟਿਆ ਹੈ। ਅਜ ਤੋਂ ਦਸ ਪੰਦਰਾਂ ਸਾਲ ਪਹਿਲਾਂ ਜੇ ਪੰਜਾਬੀ ਕਹਾਣੀਕਾਰਾਂ ਦੀ ਗਿਣਤੀ ਉੱਗਲਾਂ ਤੇ ਗਿਣਨ ਜੋਗੀ ਸੀ, ਤਾਂ ਹੁਣ ਮਾਲਾ ਦੇ ਮਣਕਿਆਂ ਦੇ ਤੌਰ ਤੇ ਇਨ੍ਹਾਂ ਨੂੰ ਗਿਣਿਆਂ ਜਾ ਸਕਦਾ ਹੈ - ਅਰਥਾਤ ਸੌ ਦੇ ਲਗ ਪਗ। ਪਰ ਇਸਦਾ ਇਹ ਅਰਥ ਨਹੀਂ ਕਿ ਅਜ ਦੇ ਸਾਰੇ ਕਹਾਣੀ-ਲੇਖਕ ‘ਚੋਟੀ ਦੇ ਕਲਾਕਾਰ’ ਨੇ। ਫੇਰ ਵੀ ਸਾਨੂੰ ਇਸ ਗਲ ਦਾ ਸੰਤੋਖ ਹੈ ਕਿ ਜਿਸ ਤੇਜ਼ੀ ਨਾਲ ਪੰਜਾਬੀ ਸਾਹਿੱਤ ਦਾ ਕਹਾਣੀ-ਭਾਗ ਛਾਲਾਂ ਮਾਰਦਾ ਵਧੀ ਜਾ ਰਿਹਾ ਹੈ, ਇਸ ਲੇਖੇ ਨੇੜ-ਭਵਿਸ਼ ਵਿਚ ਕਲਾਤਮਿਕ ਪੱਖ ਤੋਂ ਵੀ ਇਹ ਪਰੀ ਪੂਰਨਦਿਖਾਈ ਦੇਣ ਲਗ ਪਵੇਗਾ।

ਬਲਬੀਰ ਸਿੰਘ ਢਿਲੋਂ ਸਾਡੀ ਨਵੀਂ ਪਨੀਰੀ ਦਾ ਇਕ ਹਰਿਆ ਭਰਿਆ ਪੌਦਾ ਹੈ, ਜਿਸ ਨੇ ਕਿਤਾਬੀ ਸ਼ਕਲ ਵਿਚ ਆਪਣੀ ਇਹ ਪਹਿਲੀ ਕ੍ਰਿਤ ਸਾਹਿੱਤ ਨੂੰ ਦਿਤੀ ਹੈ।

ਕਹਾਣੀ ਨੂੰ ਨਿਰਾ 'ਕਹਾਣੀ' ਦੇ ਰੂਪ ਵਿਚ ਪੇਸ਼ ਕਰ ਦੇਣਾ ਹੀ ਕਾਫ਼ੀ ਨਹੀਂ ਹੁੰਦਾ। ਅਸੀਂ ਘਰਾਂ ਵਿਚ ਵੀ ਤਾਂ ਰੋਜ਼ ਓਹ ਕਹਾਣੀਆਂ ਸੁਣਦੇ ਸੁਣਾਂਦੇ ਰਹਿੰਦੇ ਹਾਂ ਜੇਹੜੀਆਂ ਪਰੰਪਰਾ ਤੋਂ ਜ਼ਬਾਨੋਂ ਜ਼ਬਾਨੀ ਚਲੀਆਂ ਆ ਰਹੀਆਂ ਨੇ। ਜਿਵੇਂ ਇਸ ਲੇਖਕ ਨੇ ਆਪਣੀ ਪਹਿਲੀ ਕਹਾਣੀ ਦੇ ਮੁੱਢ ਵਿਚ ਇਕ ਪਾਤਰ ਦੇ ਮੂੰਹੋਂ "ਇਕ ਸੀ ਰਾਜਾ ਤੇ ਇੱਕ ਵੀ ਰਾਣੀ ... ..." ਸੁਣਵਾਈ ਹੈ। ਮੇਰਾ ਭਾਵ ਹੈ ਕਿ ਕਹਾਣੀ ਨੂੰ ਅਸੀਂ ਜਦੋਂ ਸਾਹਿੱਤਕ ਪਹਿਰਾਵੇ ਵਿਚ ਪੇਸ਼ ਕਰਦੇ ਹਾਂ ਤਾਂ ਉਹ ਨਿਰੀ 'ਬਾਤ' ਨਾ ਰਹਿ ਕੇ ਇਕ 'ਕਲਾ ਕ੍ਰਿਤ' ਦੀ ਸ਼ਕਲ ਅਖ਼ਤਿਆਰ ਕਰ ਜਾਂਦੀ ਹੈ। ਤੇ ਏਸ ਸੱਚੇ ਵਿਚ ਢਾਲਣ ਲਈ ਕਹਾਣੀਕਾਰ ਨੂੰ ਕੁਝ ਵਿਸ਼ੇਸ਼ ਨਿਯਮਾਂ ਜਾਂ ਪਾਬੰਦੀਆਂ ਨੂੰ ਸਾਹਵੇਂ ਰੱਖਣਾ ਪੈਂਦਾ ਹੈ। ਜਿਵੇਂ ਗੋਂਦ ਪੀਡੀ, ਤੇ ਬੋਲੀ ਚੁਲਬੁਲੀ ਹੋਵੇ। ਬਿਆਨਣ ਢੰਗ ਵਿਚ ਵਹਾਉ ਵੀ ਹੋਵੇ, ਕੋਈ ਨ ਕੋਈ ਰੱਸ ਵੀ, ਤੇ ਨਾਲੋ ਨਾਲ ਸੰਜਮ ਵੀ। ਕਹਾਣੀ ਦੀ ਚਾਲ ਲਟਕਾਂ ਭਰੀ ਵੀ ਹੋਵੇ ਤੇ ਸੁਹਜ ਪਸਾਰਦੀ ਵੀ। ਪਾਤਰਾਂ ਦੀ ਬੋਲ ਚਾਲ ਵਿਚ ਆਵੇਸ਼ ਵੀ ਹੋਵੇ, ਸੁਝਾਉ ਵੀ, ਤੇ ਕਿਸੇ ਨ ਕਿਸੇ ਰਹੱਸ ਦਾ ਉਦਘਾਟਨ ਵੀ।

ਢਿਲੋਂ ਦੀਆਂ ਏਸ ਕਿਤਾਬ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਏਸ ਕਲਾ-ਕਸੌਟੀ ਉਤੇ ਪੂਰੀਆਂ ਉਤਰਦੀਆਂ ਨੇ, ਐਸਾ ਤਾਂ ਮੇਰਾ ਖ਼ਿਆਲ ਨਹੀਂ, ਪਰ ਇਕ ਗਲ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਸ ਲੇਖਕ ਅੰਦਰ ਓਹ ਮਸਾਲਾ ਬਹੁਤਾਤ ਵਿਚ ਮੌਜੂਦ ਹੈ, ਜੇਹੜਾ ਕਿਸੇ ਨੂੰ ਕਹਾਣੀਕਾਰ ਬਣਨ ਵਿਚ ਮਦਦ ਕਰਦਾ ਹੈ। ਵਿਸ਼ੇਸ਼ ਕਰਕੇ ਬੋਲੀ ਦੀ ਰਵਾਨੀ ਤੇ ਬਿਆਨਣ ਢੰਗ ਦੀ ਸੁਚੱਜਤਾ ਵਜੋਂ ਇਹ ਆਪਣੇ ਹੁਨਰ ਵਿਚ ਸਫਲ ਹੈ। ਕਿਤੇ ਕਿਤੇ ਤਾਂ ਇਸਦੀਆਂ ਮਾਰਮਿਕ ਛੋਹਾਂ ਤੇ ਹਲੂੰਣਵੇਂ ਕਟਾਖਸ਼ਾਂ ਨੂੰ ਵੇਖਕੇ ਅਸੀਂ ਸਮਝਣ ਲਗ ਪੈਂਦੇ ਹਾਂ ਜਿਵੇਂ ਲੇਖਕ ਕੋਈ ਪਕੇਰੀ ਉਮਰ ਦਾ ਤੇ ਵਾਹਵਾ ਮਾਂਜਿਆ ਹੋਇਆ ਕਲਾਕਾਰ ਹੈ।

ਪਰ ਕਿਤੇ ਕਿਤੇ ਜਦ ਅਸੀਂ ਇਸਦੇ ਕਾਹਲੇ ਬਾਹਲੇ ਸੁਧਾਰਵਾਦ ਨੂੰ ਤਕਦੇ ਹਾਂ ਤਾਂ ਲੇਖਕ ਸਾਨੂੰ ਆਪਣੀ ਉਮਰ ਜੇਡਾ ਹੀ ਦਿਸਣ ਲਗ ਪੈਂਦਾ ਹੈ।

‘ਸੁਧਾਰ' ਜਾਂ 'ਆਦਰਸ਼’ ਦੀ ਝਲਕ ਹਰ ਕਿਸੇ ਲੇਖਕ ਦੀ ਕ੍ਰਿਤ ਵਿਚ ਆਉਣੀ ਸੁਭਾਵਿਕ ਵੀ ਹੈ ਤੇ ਆਵੱਸ਼ਕ ਵੀ । ਪਰ ਕਈ ਵੇਰਾਂ ਐਸਾ ਹੁੰਦਾ ਹੈ ਕਿ ਭਾਵਿਕਤਾ ਦੇ ਦਬਾਉ ਕਾਰਨ ਆਦਰਸ਼ ਦਾ ਮੂੰਹ ਲੋੜ ਤੋਂ ਜ਼ਿਆਦਾ ਖੁਲ੍ਹ ਜਾਇਆ ਕਰਦਾ ਹੈ, ਜਿਸ ਕਰਕੇ ਕਹਾਣੀ ਵਿਚ ਕਿਸੇ ਨ ਕਿਸੇ ਹੱਦ ਤਕ ਅਸੁਭਾਵਿਕਤਾ ਰੜਕਣ ਲਗ ਪੈਂਦੀ ਹੈ। ਤੇ ਇਹ ਦੋਸ਼ ਥੋੜੇ ਬਹੁਤੇ ਫਰਕ ਨਾਲ ਨਵੇਂ ਲੇਖਕਾਂ ਵਿਚ ਆਮ ਪਾਇਆ ਜਾਂਦਾ ਹੈ, ਜਿਸ ਕਰਕੇ ਅਸੀਂ ਢਿਲੋਂ ਨੂੰ ਦੋਸ਼ੀ ਨਹੀਂ ਕਹਿ ਸਕਦੇ।

ਨਿੱਕੀ ਕਹਾਣੀ ਦੇ ਸਭ ਤੋਂ ਵਡੇ ਅਸੂਲ ‘ਸੰਜਮ’ ਨੂੰ ਇਸ ਲੇਖਕ ਨੇ ਕਿਤੇ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ, ਜਿਸਦਾ ਫਲ ਰੂਪ ਇਸਦੀ ਹਰ ਇਕ ਕਹਾਣੀ ਆਪਣੇ ਪਾਠਕ ਨੂੰ ਪੂਰਾ ਪੂਰਾ ਸੁਆਦ ਤੇ ਨਾਲ ਹੀ ਸਿਖਿਆ ਵੀ ਪ੍ਰਦਾਨ ਕਰਦੀ ਹੈ।

ਇਸ ਤੋਂ ਛੁਟ ਲੇਖਕ ਦੀ ਇਕ ਹੋਰ ਸਿਫ਼ਤ ਵੀ ਵਰਣਨ ਜੋਗ ਹੈ, ਤੇ ਉਹ ਇਹ ਕਿ ਅਨੇਕ ਥਾਂਈਂ ਇਸਨੇ ਬੜੀਆਂ ਕੋਮਲ ਛੋਹਾਂ ਦੀ ਜਿਲ੍ਹਾ ਦੇ ਦੇਕੇ ਕਹਾਣੀਆਂ ਨੂੰ ਚਮਤਕਾਰ-ਪੂਰਨ ਬਨਾਣ ਦਾ ਯਤਨ ਕੀਤਾ ਹੈ, ਜਿਸ ਵਿਚ ਇਸਨੂੰ ਪੂਰੀ ਸਫਲਤਾ ਪ੍ਰਾਪਤ ਹੋਈ ਹੈ। ਵਿਸ਼ੇਸ਼ ਕਰਕੇ ਜਿੱਥੇ ਕਿਤੇ ਬੇਰੋਜ਼ਗਾਰੀ, ਜਾਂ ਜ਼ੁਲਮ ਤਸ਼ੱਦਦ ਦਾ ਜ਼ਿਕਰ ਆਇਆ ਅਥਵਾ ਕਿਸੇ ਇਸਤ੍ਰੀ ਦੀ ਅਸਮਤ ਉਤੇ ਵਾਰ ਹੁੰਦਾ ਪ੍ਰਗਟ ਕੀਤਾ ਗਿਆ, ਉਥੇ ਉਥੇ ਤਾਂ ਇਉਂ ਜਾਪਣ ਲਗ ਪੈਂਦਾ ਹੈ ਜਿਵੇਂ ਲੇਖਕ ਦੀ ਕਲਮ, ਸ਼ਾਹੀ ਦੇ ਥਾਂ ਅਥਰੂਆਂ ਜਾਂ ਲਹੂ ਨਾਲ ਲਿਖ ਰਹੀ ਹੋਵੇ।

ਸੋ ਮੈਂ ਆਪਣੇ ਹੋਣਹਾਰ ਲੇਖਕ ਨੂੰ ਜਿਥੇ ਏਸ ਕ੍ਰਿਤ ਲਈ ਵਧਾਈ ਤੇ ਸੁਭਇੱਛਾ ਪੇਸ਼ ਕਰਦਾ ਹਾਂ, ਉਥੇ ਪੰਜਾਬੀ ਜਨਤਾ ਪਾਸੋਂ ਵੀ ਆਸ਼ਾ ਰਖਦਾ ਹਾਂ ਕਿ ਉਹ ਆਪਣੇ ਇਸ ਨਵ-ਪੁੰਗਰੇ ਬੂਟੇ ਦਾ ਹੌਸਲਾ ਵਧਾਣ ਦਾ ਯਤਨ ਕਰੇਗੀ।


ਅੰਮ੍ਰਿਤਸਰ ਨਾਨਕ ਸਿੰਘ

੧੪.੧੦.੫੭