ਸਮੱਗਰੀ 'ਤੇ ਜਾਓ

ਦਿਲ ਹੀ ਤਾਂ ਸੀ/ਕਾਸ਼ ਮੇਰੇ ਕੰਨ ਸਾਰੀ ਦੁਨੀਆਂ ਦੇ ਕੰਨ ਹੁੰਦੇ

ਵਿਕੀਸਰੋਤ ਤੋਂ
ਦਿਲ ਹੀ ਤਾਂ ਸੀ
 ਬਲਬੀਰ ਢਿੱਲੋਂ
ਕਾਸ਼ ਮੇਰੇ ਕੰਨ ਸਾਰੀ ਦੁਨੀਆਂ ਦੇ ਕੰਨ ਹੁੰਦੇ
32469ਦਿਲ ਹੀ ਤਾਂ ਸੀ — ਕਾਸ਼ ਮੇਰੇ ਕੰਨ ਸਾਰੀ ਦੁਨੀਆਂ ਦੇ ਕੰਨ ਹੁੰਦੇਬਲਬੀਰ ਢਿੱਲੋਂ







ਕਾਸ਼ ਮੇਰੇ ਕੰਨ ਸਾਰੀ ਦੁਨੀਆਂ
ਦੇ ਕੰਨ ਹੁੰਦੇ







ਕਲਕੱਤੇ ਦੇ ਇੱਕ ਹਸਪਤਾਲ ਵਿੱਚ ਬਿਮਾਰ ਪਿਆ ਸਾਂ, ਬੜੇ ਜ਼ੋਰਾਂ ਦਾ ਬੁਖਾਰ ਸੀ। ਪਿਛਲੇ ਚਾਰ ਦਿਨਾਂ ਦੇ ਏਨੇ ਸਾਰੇ ਘੰਟਿਆਂ ਵਿਚੋਂ ਮੈਂ ਬਹੁਤੇ ਘੰਟੇ ਬੇਸੁਧ ਹੀ ਪਿਆ ਰਿਹਾ ਸਾਂ। ਜਦੋਂ ਭੀ ਕਦੇ ਥੋੜੀ ਜਿੰਨੀ ਹੋਸ਼ ਆਉਂਦੀ ਤਾਂ ਮੇਰੀਆਂ ਝੋਲੀਆਂ ਨਜ਼ਰਾਂ ਏਸ ਵੱਡੀ ਸਾਰੀ ਬੈਰਕ ਵਿਚ ਪਏ ਕੁਰਾੱੱਹ ਰਹੇ ਮਰੀਜ਼ਾਂ ਵੱਲ ਜਾਂਦੀਆਂ। ਮੇਰੀ ਮੰਜੀ ਦੇ ਨਾਲ, ਸੱਜੇ ਹੱਥ ਪਿਆ ਇੱਕ ਬੱਚਾ ਜਿਸ ਦਾ ਉਲਟੀਆਂ ਅਤੇ ਉਬੱਤਾਂ ਨਾਲ ਬੁਰਾ ਹਾਲ ਸੀ, ਨਿਢਾਲ ਪਿਆ ਸੀ। ਉਸ ਤੋਂ ਅੱਗੇ ਇੱਕ ਨੌਜਵਾਨ ਮੁੰਡਾ, ਪਰ ਹੁਣ ਮੁੰਡਾ ਕਾਹਦਾ ਇੱਕ ਪਰਛਾਂਵਾ ਜਿਹਾ, ਮੁੱਠ ਹੱਡੀਆਂ ਦੀ, ਸੁੱਕਾ ਜਿਹਾ ਪਿੰਜਰ ਕਿਸੇ ਲੰਮੀ ਬਿਮਾਰੀ ਦਾ ਰੋਗੀ ਜਾਪਦਾ ਸੀ। ਹਾਏ ਹਾਏ ਦੀਆਂ ਦਰਦੀਣੀਆਂ ਅਵਾਜ਼ਾਂ, 'ਹਾਏ ਮਾਂ' ਦੀਆਂ ਭਿਆਨਕ ਕੁਰਲਾਹਟਾਂ ਹਰ ਪਾਸਿਓਂ ਕੰਨਾਂ ਵਿੱਚ ਪੈਂਦੀਆਂ ਅਤੇ ਬੁਰਾ ਹਾਲ ਕਰਦੀਆਂ ਸਨ। ਉਂਝ ਤਾਂ ਹਰ ਕੋਈ ਆਪਣੇ ਆਪਣੇ ਦੁਖ ਨਾਲ ਦੁਖੀ ਸੀ, ਪਰ ਸਭ ਨਾਲੋਂ ਵਧੇਰੇ ਦੁੱਖੀ ਉਹ ਬੁਢੜੀ ਮਾਂ ਜਾਪਦੀ ਸੀ। ਮੇਰੇ ਵਾਲੀ ਮੰਜੀ ਦੀ ਸਾਹਮਣੇ ਵਾਲੀ ਕਤਾਰ ਵਿੱਚ ਉਸਦੀ ਤੀਸਰੀ ਥਾਂ ਸੀ। ਕਈਆਂ ਵਰ੍ਹਿਆਂ ਦੀ ਔੜ ਨਾਲ ਤਰੇੜੀ ਹੋਈ ਧਰਤੀ ਵਾਂਗ ਝੁਰੜਾਇਆ ਚਿਹਰਾ, ਅੱਖਾਂ ਵਿਚੋਂ ਤੇਲ ਮੁੱਕਣ ਵਾਲਾ ਪਰ ਦੂਰ ਦੁਰਾਡੇ ਕਿਤੇ ਕੋਈ ਲਟ ਲਟ ਕਰਦੀ ਲੋ, ਸਿਰ ਦੇ ਵਾਲ ਪਾਗਲਾਂ ਵਾਂਗ ਉਲਝੇ ਹੋਏ, ਸੁੱਕੇ ਸੱਕਾਂ ਵਾਂਗ ਹੱਥ, ਜਿਨ੍ਹਾਂ ਵਿੱਚ ਸ਼ਾਇਦ ਹੁਣ ਅੰਨ ਦਾ ਟੁਕੜਾ ਚੁਕ ਸੱਕਣ ਜਿੰਨੀ ਵੀ ਸ਼ਕਤੀ ਨਹੀਂ ਸੀ ਰਹੀ। ਬੇਜਾਨ ਜਿਹੇ ਹੱਥ ਕਿਵੇਂ ਹਰ ਦੋ ਮਿੰਟਾਂ ਮਗਰੋਂ ਝੱਟਕੇ ਨਾਲ ਬਾਹਰ ਦੇ ਬੂਹਿਆਂ ਵੱਲ ਖੁਲਦੇ ਜਿਵੇਂ ਕਿਤੋਂ ਬਿਜਲੀ ਦੀ ਕੋਈ ਰੌ ਉਸ ਦੇ ਅੰਦਰ ਆ ਘੁਸਦੀ ਹੈ। ਆਪਣੇ ਲੱੜਕ ਹੋਏ ਸ਼ਰੀਰ ਨੂੰ ਚੁੱਕ ਲੈਂਦੀ ਜਿਵੇਂ ਚਿਰੀਂ ਵਿਛੁੰਨੇ ਮਾਹੀ ਨੂੰ ਮਿਲਣ ਲਈ ਕੋਈ। ਉਸ ਦੀਆਂ ਬੁੱਝ ਬੁੱਝ ਜਾਂਦੀਆਂ ਅੱਖਾਂ ਵਿੱਚ ਉਹ ਲੁਕੀ ਲੁਕੀ ਲੋ ਬਾਹਰ ਵੱਲ ਦੌੜਦੀ ਅਤੇ ਕੋਈ ਥਾਂ ਮੱਲ ਲੈਂਦੀ। ਇੱਕ ਟੱਕ ਤੱਕਦੀਆਂ ਅੱਖਾਂ, ਅੱਖਾਂ ਜੋ ਕਿਸੇ ਝੂਠ ਨੂੰ ਸੱਚ ਕਰ ਜਾਨਣਾ ਚਾਹੁੰਦੀਆਂ, ਨਜ਼ਰਾਂ ਜੋ ਕਿਸੇ ਝਾਵਲੇ ਨੂੰ ਅਸਲੀਅਤ ਵਿੱਚ ਬਦਲਦੇ ਤੱਕਣ ਲਈ ਬਹਿਬਲ ਹੋਣ, ਕਿਸੇ ਚਿਰਾਂ ਦੇ ਵਿਛੜੇ ਲਈ ਬੇਚੈਨ ਸਨ। ਇੱਕ ਵਾਰ ਹੀ ਉਹ ਭੁਬੀਂ ਭੁਬੀਂ ਰੋਣ ਲੱਗ ਜਾਂਦੀ "ਓਹ ਵੇਖੋ, ਉਹ ਵੇਖੋ, ਮੇਰਾ ਸੁਹਣਾ ਆ ਗਿਆ, ਮੇਰਾ ਚਾਨਣ ਆ ਗਿਆ, ਓਹ ਵੇਖੋ! ਓਹ ਵੇਖੋ!!" ਮੈਂ ਸੋਚਣ ਲੱਗ ਜਾਂਦਾ ਕਿ ਏਹ ਕਿਹੋ ਜਿਹੀ ਮਾਂ ਹੈ ਰੋਂਦੀ ਥੱਕਦੀ ਨਹੀਂ, ਕਿਹੋ ਜਿਹੀ ਆਸ ਹੈ ਜੋ ਮਰਦੀ ਹੀ ਨਹੀਂ। ਕੌਣ ਉਹ ਪਿਆਰਾ ਹੈ ਜਿਸ ਦੇ ਨਾ ਮਿਲਣ ਤੇ ਇਸਦੇ ਪੱਲੇ ਨਿਰੇ ਹਉਕੇ ਤੇ ਹਾਵੇ ਹੀ ਰਹਿ ਗਏ ਨੇ। ਜਿਸ ਨੂੰ ਏਹ ਲੱਭਦੀ ਹੈ ਉਹ ਜ਼ਰੂਰ ਕਿਸੇ ਇਹੋ ਜਿਹੀ ਥਾਵੇਂ ਚਲਾ ਗਿਆ ਹੈ, ਜਿਥੋਂ ਮੁੜ ਨਹੀਂ ਸੱਕਦਾ, ਆਪਣੀ ਮਾਂ ਦੀਆਂ ਮਮਤਾ ਦੀਆਂ ਆਂਦਰਾ ਠਾਰ ਨਹੀਂ ਸੱਕਦਾ। ਭੈਣਾਂ ਨੂੰ ਪਿਆਰ ਨਹੀਂ ਦੇ ਸਕਦਾ, ਕਿਸੇ ਜਹਾਨੋ ਜਾਣੀ ਦੇ ਸੀਨੇ ਠੰਢ ਪਾ ਨਹੀਂ ਸੱਕਦਾ।

ਏਹਨਾਂ ਹੀ ਸੋਚਾਂ ਵਿੱਚ ਸਾਂ, ਦੂਰ, ਬਹੁਤ ਦੂਰ ਦੁਰਾਡਿਓ ਲੰਮ ਲਮੇਰੇ ਪੱਧਾਂ ਦੀ ਪਾਰਲੀ ਹੱਦ ਤੋਂ ਇੱਕ ਲੰਮੀ ਕਾਹਲੀ ਅਵਾਜ਼ ਗੁੱਸੇ ਨਾਲ ਮੇਰੇ ਕੰਨਾਂ ਦੇ ਪੜਦੇ ਪਾੜਦੀ ਮੇਰੇ ਦਿਮਾਗ਼ ਵਿੱਚ ਧੁਸ ਦੇ ਕੇ ਆ ਘੁਸੀ। "ਏਹ ਮੇਰੀ ਮਾਂ ਹੈ ਮਾਂ, ਮਾਂ!! ਤੁਹਾਡੀ ਸਾਡੀ ਸਾਰਿਆਂ ਦੀ ਮਾਂਵਾਂ ਵਰਗੀ ਇੱਕ ਮਾਂ" ਪਰ ਜੇ ਇਹ ਮਾਂ ਹੈ ਤਾਂ ਉਹ ਪੁੱਤ ਕਿੱਥੇ ਹੈ? ਜਿੱਸ ਦੀ ਏਹ ਮਾਂ ਹੈ। ਜੇ ਏਹ ਮਾਂ ਹੈ ਤੇ ਏਹ ਪਾਗਲ ਕਿਉਂ ਹੈ? ਏਹ ਤੜਫਦੀ ਕਿਉਂ ਹੈ? ਨਾ ਮਰਦੀ ਹੈ ਨਾ ਜਿਊਂਦੀ ਹੈ।

ਮੈਂ ਬੜਾ ਬੇਚੈਨ ਜਿਹਾ ਹੁੰਦਾ ਜਾ ਰਿਹਾ ਸਾਂ, ਬਖ਼ਾਰ ਦੀ ਘੂਕੀ ਮੈਨੂੰ ਫੇਰ ਆਉਂਦੀ ਗਈ, ਤੇ ਮੈਂ ਇਸ ਘੂਕੀ ਦੇ ਆਸਰੇ ਫੇਰ ਇੱਕ ਵੇਰ ਇਹ ਸਭ ਕੁਝ ਭੁਲ ਜਿਹਾ ਗਿਆ ਸਾਂ।

ਅੱਜ ਮੇਰਾ ਬੁਖਾਰ ਉੱਤਰ ਰਿਹਾ ਸੀ, ਬੜਾ ਸ਼ਾਂਤ ਸੀ, ਮੇਰੀ ਮੰਜੀ ਦੇ ਸਰਾਣੇ ਇੱਕ ਬਾਰੀ ਖੁਲ੍ਹਦੀ ਸੀ, ਮੈਂ ਬਾਹਰ ਵੱਲ ਤੱਕਿਆ, ਪਰਭਾਤ ਦਾ ਵੇਲਾ ਸੀ, ਅਕਾਸ਼ ਤੋਂ ਤਾਰੇ ਇੱਕ ਇੱਕ ਕਰਕੇ ਲੁਕਦੇ ਜਾ ਰਹੇ ਸਨ। ਪੂਰਨਮਾਸ਼ੀ ਦਾ ਪੂਰਾ ਚੰਨ, ਸਾਰੀ ਰਾਤ ਧਰਤ ਉਤੇ ਚਾਨਣੀ ਝਾਰਦਾ ਝਾਰਦਾ ਮੱਧਮ ਪੈ ਗਿਆ ਸੀ। ਬਾਹਰ ਬੜਾ ਰਮਣੀਕ ਅਤੇ ਮਨਮੋਹਣਾ ਸਮਾਂ ਸੀ, ਅੰਦਰ ਭੀ ਅਜ ਮਰੀਜ਼ ਚੁਪ ਚਾਪ ਨੀਂਦ ਦਾ ਮਜ਼ਾ ਲੈ ਰਹੇ ਸਨ। ਮੈਨੂੰ ਵੀ ਮਿੱਠੀ ਮੱਠੀ ਨੀਂਦ ਆ ਰਹੀ ਸੀ, ਮੈਂ ਸੌਂ ਗਿਆ।

ਦਰਵਾਜ਼ਾ ਖੜਕਿਆ, ਤਾੜ ਤਾੜ ਬਾਰੀਆਂ ਵੱਜੀਆਂ। ਇੱਕ ਚੀਕ ਡਰਾਉਣੀ, ਕਿੱਸੇ ਕਹਾਣੀ ਦੇ ਜਿੰਨ ਭੂਤ ਦੀ ਚੀਕ ਵਾਂਗ, ਮੌਤ ਦੇ ਫਰਿਸ਼ਤੇ ਦੀ ਕੂਕ ਵਾਂਗ। ਮੇਰਾ ਕਲੇਜਾ ਕੰਬ ਉਠਿਆ। ਸਿਰ ਤੋਂ ਪੈਰਾਂ ਤੱਕ ਪਸੀਨੋ ਪਸੀਨੀ ਘਬਰਾਏ ਹੋਏ ਮੈਂ ਨਰਸ ਨੂੰ ਅਵਾਜ਼ ਦਿੱਤੀ "ਨਰਸ! ਨਰਸ!!" ਨਰਸ ਸਾਹਮਣੀ ਮੇਜ਼ ਕੋਲ, ਜਿੱਥੇ ਉਹ ਬੈਠੀ ਕੁੱਛ ਰਜਿਸਟਰ ਪੁਰ ਕਰ ਰਹੀ ਸੀ, ਕਾਹਲ ਕਦਮੀਂ ਮੇਰੇ ਕੋਲ ਆਈ। ਮੈਂ ਉਠ ਕੇ ਬੈਠ ਗਿਆ। ਅਜੇ ਤੱਕ ਮੈਂ ਡਰ ਨਾਲ ਕੰਬ ਰਿਹਾ ਸਾਂ ਉਸ ਚੀਕ ਤੋਂ ਡਰਿਆ ਹੋਇਆ ਸਾਂ, ਜਿੰਨ ਭੂਤ ਦੀ ਚੀਕ ਤੋਂ।

"ਕੁਛ ਨਹੀਂ, ਬੇਚਾਰੀ ਬੜੇ ਦਿਨੋਂ ਸੇ ਤੜਪ ਰਹੀ ਥੀ, ਅੱਛਾ ਹੂਆ ਛੁਟਕਾਰਾ ਪਾ ਗਈ।"

ਨਰਸ ਨੇ ਦਿਲਾਸੇ ਭਰੀ ਅਵਾਜ਼ ਵਿੱਚ ਉੱਤਰ ਦਿੱਤਾ। ਇਹ ਸੁਣਕੇ ਮੈਂ ਸ਼ਰਮਾ ਗਿਆ। ਸ਼ਰਮਿੰਦਾ ਹੋਇਆ ਮੈਂ ਧਰਤੀ ਵਿੱਚ ਧੱਸਦਾ ਜਾ ਰਿਹਾ ਸਾਂ। ਕਿਉਂਕਿ ਏਹ ਕਿਸੇ ਜਿੰਨ ਭੂਤ ਦੀ ਚੀਕ ਨਹੀਂ, ਕਿੱਸੇ ਇਨਸਾਨ ਦੀ ਚੀਕ ਸੀ, ਇਕ ਮਾਂ ਦੀ ਚੀਕ ਸੀ।

ਨਰਸ ਨੇ ਮੈਨੂੰ ਥਰਮਾ ਮੀਟਰ ਦਿੱਤਾ, ਮੈਂ ਮੂੰਹ ਵਿੱਚ ਰੱਖ ਲਿਆ। ਨਰਸ ਨੇ ਆਪੇ ਹੀ ਗੱਲ ਸ਼ੁਰੂ ਕੀਤੀ, "ਏਸ ਵਿਚਾਰੀ ਦਾ ਕੋਈ ਪੁੱਤ ਮਲਾਇਆ ਵਿੱਚ ਗਿਆ ਹੋਇਆ ਸੀ। ਪੰਜ ਸਾਲ ਹੋਏ ਵਿਚਾਰੀ ਵਿਧਵਾ ਸੀ।ਆਪਣੇ ਬੱਚੇ ਦੇ ਵਿਛੋੜੇ ਵਿੱਚ ਪਾਗਲ ਜਿਹੀ ਹੋ ਗਈ। ਫੇਰ ਇੱਸ ਖਾਣਾ ਪੀਣਾ ਛੱਡ ਦਿੱਤਾ, ਇੱਕੋ ਹੀ ਗੱਲ ਇਸ ਦੀ ਜ਼ਬਾਨ ਤੋਂ ਸਦਾ ਸੁਣੀ ਹੈ-ਓਹ ਆ ਗਿਆ ਮੇਰਾ ਚਾਨਣ, ਓਹ ਵੇਖੋ! ਓਹ ਵੇਖੋ!!"

ਮੈਂ ਥਰਮਾ ਮੀਟਰ ਮੂੰਹ ਵਿਚੋਂ ਕਢਦਿਆਂ ਸੁਆਲ ਕੀਤਾ, "ਕੀ ਏਸ ਦੇ ਬੱਚੇ ਨੂੰ ਚਿੱਠੀ ਪਾਕੇ ਸੱਦਿਆ ਨਹੀਂ ਸੀ ਜਾ ਸੱਕਦਾ?"

"ਸੱਦਿਆ ਜਾ ਸੱਕਦਾ ਸੀ, ਪਰ ਜੇ ਅਮਨ ਹੁੰਦਾ ਤਾਂ ਨਾ, ਲੜਾਈ ਵਿੱਚ ਸਿਪਾਹੀ ਨੂੰ ਛੁਟੀ ਕਦੋਂ ਮਿਲਦੀ ਹੈ?"

ਫੇਰ ਉਹੋ ਜੇਹੀ ਅਵਾਜ਼ ਮੇਰੇ ਕੰਨ ਵਿੱਚ ਆ ਗੂੰਜੀ "ਲਾਹਨਤ ਹੈ ਉਹਨਾਂ ਦੇਸ਼ਾਂ ਦੇ, ਲਾਹਨਤ ਹੈ ਉਹਨਾਂ ਕੌਮਾਂ ਦੇ ਜੋ ਲੜਾਈ ਲੜਦੀਆਂ ਜਾਂ ਲੜਾਈ ਦੇ ਬੱਦਲ ਬਣਾਂਦੀਆਂ ਹਨ। ਮੇਰੀ ਮਾਂ ਮਰ ਗਈ, ਵੇਖੋ ਲੋਕੋ ਮੈਨੂੰ ਛੁਟੀ ਨਾ ਮਿਲੀ, ਮੇਰੀ ਮਾਂ ਮਰ ਗਈ, ਮੇਰੀ ਮਾਂ ਮਰ ਗਈ।" ਫੇਰ ਇੱਕੋ ਵਾਰ ਅਵਾਜ਼ਾਂ, ਕੂਕਾਂ ਸਿਸਕੀਆਂ ਤੇ ਵੈਣਾਂ ਦਾ ਝੱਖੜ ਜਿਹਾ ਝੁੱਲਿਆ, ਇੱਕ ਤੂਫਾਨ ਜਿਹਾ ਉਠਿਆ, “ਮੇਰੀ ਮਾਂ, ਮੇਰਾ ਬੱਚਾ, ਮੇਰਾ ਭਰਾ, ਮੇਰਾ ਪਤੀ, ਸਾਡੀਆਂ ਮਾਂਵਾਂ, ਸਾਡੇ ਬੱਚੇ, ਸਾਡੇ ਭਰਾ, ਸਾਡੇ ਪਤੀ।"

ਏਹ ਅਵਾਜ਼ਾਂ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜਦੀਆਂ ਨੇ, ਗੂੰਜ ਰਹੀਆਂ ਨੇ।

"ਕਾਸ਼! ਮੇਰੇ ਕੰਨ ਸਾਰੀ ਦੁਨੀਆਂ ਦੇ ਕੰਨ ਹੁੰਦੇ, ਸਿਪਾਹੀ ਦੀ ਮਾਂ ਸਾਡੀ ਸਾਰਿਆਂ ਦੀ ਮਾਂ ਹੁੰਦੀ!"