ਦਿਲ ਹੀ ਤਾਂ ਸੀ/ਮੱਝੀਆਂ ਦਾ ਛੇੜੂ ਬੰਸਾ

ਵਿਕੀਸਰੋਤ ਤੋਂ

ਹੀ ਨਹੀਂ ਲੈਂਦੀਆਂ। ਬ੍ਹੰਸਾ ਬਾਹਰੋਂ ਬਾਹਰ ਹੀ ਸਾਂਈ ਦੇ ਵਾੜੇ ਵਿਚ ਗਿਆ। ਉਹ ਬਕਰੀਆਂ ਚੋਣ ਡਿਹਾ ਹੋਇਆ ਸੀ। 'ਬ੍ਹੰਸੇ' ਨੂੰ ਵੇਖਕੇ ਕਹਿਣ ਲੱਗਾ “ਆ ਭਈ ਪੁੱਤਰਾ ਦੁੱਧ ਛੱਕ ਲੈ। ਰਾਤੀ ਸ਼ੇਰਾ ਵੰਝਲੀ ਸੁਣਨ ਨਾ ਆਇਓਂ, ਰਾਤ ਤੇ ਐਸਾ ਠਾਠ ਬੱਝਾ ਭਈ ਪੁਛ ਕੁਝ ਨਾ!"

“ਰਾਤੀਂ ਮੈਂ ਬਾਬੇ 'ਸੁੱਧੇ' ਕੋਲ ਬਾਤ ਸੁਣਦਾ ਸਾਂ। ਤੇ ਸਾਂਈ ਚਾਚਾ ਤੈਨੂੰ ਪਤਾ ਵੇ ਮੇਰੀ ਮਾਂ ਦੀ ਕਬਰ ਕਿੱਥੇ ਵੇ।"

"ਉਏ ਝੱਲਿਆ, ਆਪਣੀਆਂ ਮੜ੍ਹੀਆਂ ਹੁੰਦੀਆਂ ਨੇ ਕਿਉਂ ਕੀ ਗੱਲ? ਹੈਂ-? ਉਏ ਤੂੰ ਤੇ ਰੋਣ ਡਿਹਾ ਹੋਇਐਂ,ਚੁਪ ਕਰ ਸੂ ਝੱਲਾ ਨਾ ਹੋਵੇ ਤਾਂ" ਸਾਂਈ ਨੇ ਬ੍ਹੰਸੇ ਨੂੰ ਬੁਕਲ ਵਿਚ ਲੈਕੇ ਪਿਆਰ ਦੇਂਦਿਆ ਆਖਿਆ।

"ਸਾਂਈਂਂ ਚਾਚਾ, ਮੈਂ ਮੜ੍ਹੀ ਤੇ ਜ਼ਰੂਰ ਜਾਣਾ ਏਂ?"

"ਹਲਾ...ਹਲਾ.....ਫਿੱਕਰ ਨਾ ਕਰ ਮੈਂ ਹੁਣੇ ਆਹ ਦੋ ਕੁ ਬਕਰੀਆਂ ਚੋ ਲਵਾ ਤੇ ਆਪਾਂ ਅੱਜ ਮਾਲ ਹੀ ਉਧਰ ਛੇੜ ਲੈ ਚੱਲਾਂਗੇ। ਜਾਹ ਤੂੰ ਆਪਣਾ ਮਾਲ਼ ਛੱਪੜ ਚੋਂ ਕੱਢ ਲਿਆ ਤੇ ਮੈਂ ਬਕਰੀਆਂ ਛੇੜਕੇ ਤੈਨੂੰ ਉਚੀ ਪੁਲੀ ਕੋਲ ਮਿਲਨਾ।”

ਬ੍ਹੰਸੇ ਨੇ ਉਥੋਂ ਹੀ ਛੂਟ ਵੱਟ ਲਈ, ਛਪੜ ਤੇ ਆਇਆ ਵਿਚ ਵੜਕੇ ਮੱਝੀਆਂ ਬਾਹਰ ਕੱਢੀਆਂ। ਉਚੀ ਪੁਲੀ ਤੇ ਸਾਈਂ ਨਾਲ ਟਾਕਰਾ ਹੋਇਆ। ਦੋਵੇਂ ਮਾਲ ਛੇੜਕੇ ਮੜ੍ਹੀਆਂ ਵਿੱਚ ਪੁੱਜੇ ਤੇ ਸਾਈਂ ਨੇ ਬ੍ਹੰਸੇ ਨੂੰ ਨਾਲ ਲਿਜਾ ਕੇ ਉਹਨੂੰ ਉਹਦੀ ਮਾਂ ਦੀ ਮੜ੍ਹੀ ਵਖਾਲ ਦਿੱਤੀ। ਬ੍ਹੰਸਾ ਭੁਬੀਂਂ ਭੁਬੀਂਂ ਰੋ ਪਿਆ ਤੇ ਬੋਹੜੀਆਂ ਪਾਕੇ ਆਪਣੀ ਮੋਈ ਮਾਂ ਨੂੰ ਕਹਿਣ ਲੱਗਾ—— “ਮਾਂ......ਮਾਂ ਤੂੰ ਮੈਨੂੰ ਛੱਡਕੇ ਕਿੱਥੇ ਚਲੀ ਗਈ ਏਂ ਮਾਂ। ਮੇਰਾ ਬੁਰਾ ਹਾਲ ਈ ਮਾਂ। ਮੇਰੇ ਕੋਲ ਕੋਈ ਕਪੜਾ ਨਹੀਂ ਮਾਂ, ਆਹ ਇੱਕ ਲੰਗੋਟੀ ਸਾਂਈ ਚਾਚੇ ਨੇ ਦਿੱਤੀ ਸੀ। ਮੈਂ ਪੈਰਾਂ ਤੋਂ ਨੰਗਾ ਹਾਂ, ਮੇਰੇ ਪੈਰਾਂ ਵਿੱਚ ਸੌ ਹਜ਼ਾਰ ਕੰਡੇ ਨੇ.....ਮਾਂ, ਮੈਨੂੰ ਜੁਤੀ ਲੈ ਦੇ ਮੈਨੂੰ ਬੁਥੇ ਵਜਦੇ ਨੇ......ਜਿਨ੍ਹਾਂ ਸਰਦਾਰਾਂ ਦਾ ਤੂੰ ਸਾਰੀ ਉਮਰ ਗੋਹਾ ਸੁਟਦੀ ਰਹੀ ਏਂ ਉਹ ਮੈਨੂੰ ਰੋਟੀ ਵੀ ਨਹੀਂ ਦਿੰਦੇ। ਸਵੇਰੇ ਸਵੱਖਤੇ ਜੋ ਮੱਝਾਂ ਛੱਡ ਕੇ ਨਾ ਖੜਾਂ ਤੇ ਸਰਦਾਰ ਮਾਰਦਾ ਤੇ ਸਰਦਾਨੀ ਆਖਦੀ ਏ ਰੋਟੀ ਦੱਸ ਵਜੇ ਮਿਲੂਗੀ। ਮਾਂ, ਮੈਂ ਰੋਜ਼ ਭੁਖਾ ਈ ਮਾਲ ਚਾਰਦਾ ਰਹਿੰਨਾ। ਦੋਵੇਂ ਵੇਲੇ ਮਾਂ ਮੈਨੂੰ ਲਵੇਰੀਆਂ ਚੁਆਣੀਆਂ ਪੈਂਦੀਆਂ ਨੇ। ਮੀਣੀ ਝੋਟੀ ਦਾ ਕੱਟਾ ਮੈਥੋਂ ਤਕੜਾ ਹੋ ਗਿਆ ਮਾਂ, ਮੈਥੋਂ ਬੰਨ੍ਹਿਆਂ ਨਹੀਂ ਜਾਂਦਾ। ਵੱਡੀ ਖੜੱਪੜ ਰੋਜ਼ ਖੁਲ੍ਹ ਕੇ ਕਟੀ ਨੂੰ ਲਿਹਾ ਜਾਂਦੀ ਏ ਮੈਨੂੰ ਮਾਰ ਖਾਣੀ ਪੈਂਦੀ ਏ। ਬੂਰਾ ਝੋਟਾ ਮਾਰਣ ਲੱਗ ਪਿਆ ਏ ਤੇ ਕੱਲ ਮੈਨੂੰ-ਸਿੰਗਾਂ ਤੇ ਚੁਕ ਕੇ ਬੁੜ੍ਹਕਾ ਕੇ ਮਾਰਿਆ, ਮੈਂ ਮਰ ਈ ਚਲਿਆਂ ਸਾਂ ਮਾਂ........ਮੈਂ ਇਹੋ ਗੱਲ ਜਾਕੇ ਵੱਡੇ ਸਰਦਾਰ ਨੂੰ ਦੱਸੀ, ਉਸ ਉਲਟਾ ਮੈਨੂੰ ਫੈਂਟ ਸੁੱਟਿਆ ਤੇ ਕਹਿਣ ਲੱਗਾ 'ਤੂੰ ਹਰਾਮ ਦਿਆ ਝੋਟੇ ਨੂੰ ਮਾਰਨ ਗਿਝਾ ਦਿੱਤਾ ਹੈ।' ਮਾਂ ਮੈਥੋਂ ਹੁਣ ਰੋਜ਼ ਮਾਰ ਨਹੀਂ ਖਾਧੀ ਜਾਂਦੀ, ਮੈਥੋਂ ਰੋਜ਼ ਭੁਖ ਨਹੀਂ ਕੱਟੀ ਜਾਂਦੀ। ਮਾਂ ਮੇਰੀ ਮਦਦ ਕਰ ਮਾਂ........ਨਹੀਂ ਤਾਂ ਮੈਨੂੰ ਵੀ ਆਪਣੇ ਕੋਲ ਹੀ ਸੱਦ ਲੈ ਮਾਂ.....ਮਾਂ....... ਮਾਂ....."

ਤੇ ਧੜਮ ਕਰਕੇ ਮਾਂ ਦੀ ਮੜ੍ਹੀ ਤੇ ਡਿਗ ਪਿਆ। ਸਾਈਂ ਨੇ ਭੱਜਕੇ ਚੁਕਿਆ..., “ਬ੍ਹੰਸਿਆ ਤੂੰ ਕਮਲਾ ਤੇ ਨਹੀਂ ਹੋ ਗਿਆ?"

"ਨਹੀਂ ਚਾ...ਚ...ਚਾ...ਸਾਂਈਂ ਬਾਬੇ ਸੁੱਧੇ ਨੇ ਮੈਨੂੰ ਬਾਤ ਸੁਣਾਈ ਸੀ।" ਬ੍ਹੰਸੇ ਨੇ ਆਪਣੀ ਬਾਤ ਦੁਹਰਾਂਦਿਆਂ ਕਿਹਾ, “ਜੇ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਖਾਣ ਨੂੰ ਸੱਭ ਕੁਝ ਦੇਂਦੀ ਸੀ ਤੇ ਮੇਰੀ ਮਾਂ ਮੇਰੀ ਮਦਤ ਨਾ ਕਰੇਗੀ?"

ਸਾਂਈਂ ਨੇ ਬ੍ਹੰਸੇ ਨੂੰ ਕੁਛੜ੍ਹੋਂ ਉਤਾਰਦੇ ਹੋਏ ਕਿਹਾ, "ਉਏ ਨਹੀਂ ਝੱਲਿਆ, ਉਹ ਦਿਨ ਚਲੇ ਗਏ ਜਦੋਂ ਬਾਬੇ 'ਸੁੱਧੇ' ਦੀਆਂ ਬਾਤਾਂ ਸੱਚੀਆਂ ਹੋ ਜਾਂਦੀਆਂ ਸਨ। ਹੁਣ ਵੇਲਾ ਏ ਰੌਲੀ ਪਾਣ ਦਾ, ਆਪਣੇ ਹੱਕਾਂ ਲਈ ਰੋਣ ਦਾ ਪਰ ਏਸ ਮੋਈ ਮਾਂ ਅੱਗੇ ਨਹੀਂ, ਅੱਜ ਦੀ ਜਿਊਂਦੀ ਮਾਂ ਅੱਗੇ ਤੇ ਉਹ ਹੈ ਸਾਡੀ ਕਾਂਮਿਆਂ ਦੀ ਕਮੇਟੀ ਤੇ ਜਿਸ ਦਾ ਮੈਂ ਮਿੰਬਰ ਚੁਣਿਆ ਗਿਆ ਹਾਂ ਤੇ ਬੱਸ ਤੂੰ ਫਿਕਰ ਨਾ ਕਰ। ਬੁਧਵਾਰ ਨੂੰ ਕਮੇਟੀ ਨੇ ਬਹਿਣਾ ਤੇ ਤੂੰ ਉਦਣ ਹੀ ਆਪਣਾ ਮੁਕੱਦਮਾ ਪੇਸ਼ ਕਰ ਦੇਵੀਂ। ਤੇ ਫੇਰ ਦੇਖੀਂ ਮੇਰੇ ਹੱਥ। ਸਾਰੀਆਂ ਸ਼ਰਤਾ ਮਨਵਾ ਕੇ ਛੱਡਾਂ ਗਾ ਤੇਰੇ ਸਰਦਾਰ ਕੋਲੋਂ। ਜੇ ਉਹ ਨਾ ਮੰਨਿਆਂ ਤੇ ਮੈਂ ਸਾਰੇ ਪਿੰਡ ਦੇ ਕਾਂਮਿਆਂ ਨੂੰ ਕਹਿ ਦੇਵਾਂਗਾ ਕਿ ਕੋਈ ਸਰਦਾਰਾਂ ਦੇ ਨਾਲ ਕਾਂਮਾਂ ਨਾ ਰਵੇ। ਪਤਾ ਈ ਉਤੋਂ ਮਹੀਨਾ ਕਿਹੜਾ ਵੇ? ਵਿਸਾਖ ਦਾ। ਚੀਕਾਂ ਨਿੱਕਲ ਜਾਣਗੀਆਂ ਤੇ ਸਾਰੀ ਸਰਦਾਰੀ ਘੁੱਸ ਜਾਵੇਗੀ। ਜੇ ਤਰਲੇ ਨਾ ਕੱਢਦਾ ਫਿਰਿਆ ਤੇ ਆਖੀਂ, ਮੇਰਾ ਵੀ ਨਾਂ 'ਸਾਂਈਂ...ਏ'...ਸਾਂਈਂ...।"

'....ਵੱਡਾ ਮਿੰਬਰ ਕਾਂਮਿਆਂ ਦੀ ਕਮੇਟੀ, ਗੁਗੇਵਾਲ ਵੱਡਾ ਪਿੰਡ,'

ਤੇ ਇੱਹ ਸੁਣਦਿਆਂ ਸਾਰ ਹੀ 'ਬ੍ਹੰਸੇ' ਨੇ "ਸਾਂਈਂ ਚਾਚਾ" ਕਹਿਕੇ ਗਲਵਕੜੀ ਪਾ ਲਈ, ਆਉਣ ਵਾਲੇ ਖੁਸ਼ੀਆਂ ਭਰਪੂਰ ਸਮੇਂ ਨੂੰ ਸੋਚ ਕੇ ਨੱਚ ਉਠਿਆ, ਮੱਝੀਆਂ ਦਾ ਛੇੜੂ ਮੋਢੇ ਤੇ ਸੋਟਾ ਰੱਖਕੇ ਵੱਲ ਨਸ ਉਠਿਆ-

"ਡੀਹਊ....ਡੀਹਊ....ਡੀਹਊ....ਔਹ ਕਿੱਧਰ ਚਲੀ ਏਂ ਮੀਣੀਏਂ.....ਹਰ.....ਰ.....ਹਰ.....ਰ ਮੁੜ ਪਓ.......ਮੁੜ ਪਓ.....।"