ਨਵਾਂ ਜਹਾਨ/ਅਸੀ ਚਾਰੇ ਯਾਰ ਪੁਰਾਣੇ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਨਵਾਂ ਜਹਾਨ  (1945)  ਧਨੀ ਰਾਮ ਚਾਤ੍ਰਿਕ
ਅਸੀਂ ਚਾਰੇ ਯਾਰ ਪੁਰਾਣੇ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਅਸੀ ਚਾਰੇ ਯਾਰ ਪੁਰਾਣੇ

੧.ਹਿੰਦੂ, ਮੁਸਲਿਮ, ਸਿਖ, ਈਸਾਈ,
ਇੱਕ ਮਾਂ ਜਾਏ, ਚਾਰੇ ਭਾਈ,
ਰੱਬ ਜਾਣੇ, ਕੀ ਟਪਲਾ ਖਾ ਗਏ,
ਹੋ ਕੇ ਸਿਆਣੇ ਬਿਆਣੇ।ਅਸੀਂ ...
੨.ਕੋਈ ਪੁਜਾਰੀ, ਕੋਈ ਨਿਮਾਜ਼ੀ,
ਘਰੋ ਘਰੀ ਸਨ ਰਾਜ਼ੀ ਬਾਜ਼ੀ,
ਇਕਸੇ ਰੱਬ ਨੂੰ ਮੰਨਦੇ ਆਏ
ਬਾਹਮਣ ਅਤੇ ਮੁਲਾਣੇ।ਅਸੀਂ ...
੩.ਦੇਸ ਮੋਕਲਾ, ਕਿਰਤ ਬੁਤੇਰੀ,
ਖੁਲ੍ਹੀਆਂ ਹਿੱਕਾਂ, ਦਿਲੀਂ ਦਲੇਰੀ,
ਪੰਜਾਬੀ ਦਾ ਅਸਲਾ ਨਹੀ ਸੀ,
ਦਿਲ ਦੇ ਭੇਤ ਲੁਕਾਣੇ।ਅਸੀਂ...
੪.ਤੂੰ ਸਹੀ ਚੰਗਾ, ਮੈਂ ਸਹੀ ਮਾੜਾ,
ਕੋਈ ਭੀ ਨਹੀਂ ਦਿਲਾਂ ਵਿਚ ਪਾੜਾ,
ਨਿਕੀਆਂ ਨਿਕੀਆਂ ਗੱਲਾਂ ਬਦਲੇ,
ਕਾਹਨੂੰ ਵੈਰ ਵਧਾਣੇ।ਅਸੀਂ...

੫.ਅਖੀਆਂ ਫਿਰਨ ਪਯਾਰ ਦੀਆਂ ਭੁਖੀਆਂ,
ਆ ਛੱਡ ਦੇਈਏ ਗੱਲਾਂ ਰੁਖੀਆਂ,
ਤਕਦਾ ਨਹੀਂ ! ਵਾ ਵਗਦੀ ਵਲ ਹੀ
ਤੁਰਦੇ ਲੋਕ ਸਿਆਣੇ।
ਅਸੀਂ ਚਾਰੇ ਯਾਰ ਪੁਰਾਣੇ।
੬.ਹੁਣ ਭੀ ਸਭ ਕੁਝ ਹੋ ਸਕਦਾ ਹੈ,
ਡੋਬੂ ਰੋਹੜ ਖਲੋ ਸਕਦਾ ਹੈ,
ਲਾ ਲੈਣ ਜੇਕਰ ਬੇੜਾ ਬੰਨੇ,
ਰਲ ਕੇ ਸੁਘੜ ਮੁਹਾਣੇ।
ਅਸੀਂ ਚਾਰੇ ਯਾਰ ਪੁਰਾਣੇ।
੭.ਪੇਂਡੂ, ਸ਼ਹਿਰੀ, ਸਾਊ, ਕੰਮੀ,
ਢਾਹ ਸੁੱਟਣ ਜੇ ਵੱਟ ਨਿਕੰਮੀ,
ਓਹੋ ਭਰਾ ਤੇ ਓਹੋ ਜੱਫੀਆਂ,
ਵਲ ਵਿੰਗ ਭੁਲ ਭੁਲ ਜਾਣੇ।
ਅਸੀਂ ਚਾਰੇ ਯਾਰ ਪੁਰਾਣੇ।
੮.ਪਾੜੂਆਂ ਨਿਖੇੜੂਆਂ ਦੀ ਇਕ ਨਾ ਮੰਨੀਏ,
ਸਗੋਂ ਉਨ੍ਹਾਂ ਦਾ ਬੂਥਾ ਭੰਨੀਏ,
ਨਾਲ ਸਲੂਕ, ਅਮਨ ਦੇ ਸਿਹਰੇ,
ਅਸਾਂ ਹੀ ਗਲੀਂ ਪੁਆਣੇ।
ਅਸੀਂ ਚਾਰੇ ਯਾਰ ਪੁਰਾਣੇ।