ਨਵਾਂ ਜਹਾਨ/ਕਵੀ ਦਾ ਹਾੜਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਕਵੀ ਦਾ ਹਾੜਾ

੧.ਰਫੀਕੋ! ਮੇਰੇ ਹਾਲ ਤੇ ਤਰਸ ਖਾ ਕੇ,
ਏ ਦੱਸੋ ਕਿ ਮੇਰਾ ਜਨਮ ਕਿਸ ਲਈ ਸੀ?
ਕਜ਼ਾ ਨੇ ਉਤਾਰਨ ਲੱਗੇ ਆਸਮਾਨੋਂ,
ਮੇਰੇ ਵਾਸਤੇ, ਕਿਉਂ ਏਹੋ ਥਾਂ ਚੁਗੀ ਸੀ?
ਗ਼ਰੀਬਾਂ, ਗ਼ੁਲਾਮਾਂ, ਮਜ਼ੂਰਾਂ ਦੀ ਧਰਤੀ,
ਨ ਹਾਸਾ, ਨ ਖੇੜਾ, ਨ ਕਪੜਾ, ਨ ਰੋਟੀ।
ਨਿਖੇੜੇ, ਬਖੇੜੇ, ਲੜਾਈ, ਭਿੜਾਈ,
ਪਰਹੇ ਆਪਣੀ ਤੇ ਅਦਾਲਤ ਪਰਾਈ।
੨.ਕਵੀ ਹੋ ਕੇ ਦਿਲ ਦੀ ਮੈਂ ਕਿਸ ਨੂੰ ਸੁਣਾਵਾਂ?
ਉਮਲ ਪੈਣ ਹੰਝੂ, ਤਾਂ ਕਿਸ ਥਾਂ ਵਹਾਵਾਂ?
ਮੈਂ ਖੋਲ੍ਹਾਂ ਕਿਵੇਂ ਜੀਭ ਦੇ ਜੰਦਰੇ ਨੂੰ?
ਕਿਦ੍ਹੇ ਤੋਂ ਪੁਰਾਣਾ ਤਲਿੱਸਮ ਤੁੜਾਵਾਂ?
ਨ ਜ਼ਰ ਹੈ, ਨ ਯਾਰੀ, ਨ ਹਿੰਮਤ, ਨ ਏਕਾ,
ਨ ਹੱਥ ਪੈਰ ਖੁਲ੍ਹੇ, ਨ ਦਾਰੂ ਨਾ ਸਿੱਕਾ।
ਭਗੀਰਥ ਦੀ ਗੰਗਾ ਕਿਵੇਂ ਮੋੜ ਖਾਵੇ?
ਲਿਖੀ ਹੋਈ ਤਕਦੀਰ ਕੀਕਰ ਵਟਾਵਾਂ?

ਲਹੂ ਜਮ ਚੁਕੇ ਨੂੰ ਕਿਵੇਂ ਸੇਕ ਆਵੇ?
ਤੇ ਪੱਥਰ ਹਟਾ ਕੇ ਹਵਾ ਕੌਣ ਲਾਵੇ?

੩.ਓ ਕਵੀਆ ! ਨ ਡਰ, ਹੋਸ਼ ਨੂੰ ਕਰ ਟਿਕਾਣੇ,
ਏ ਧਰਤੀ ਹੈ ਉਜੜੀ ਹੋਈ ਤੇਰੇ ਭਾਣੇ?
ਏ ਬੀਰਾਂ ਦੀ ਧਰਤੀ, ਜਵਾਨਾਂ ਦੀ ਧਰਤੀ,
ਏ ਲਾਲਾਂ ਜਵਾਹਰਾਂ ਤੇ ਖ਼ਾਨਾਂ ਦੀ ਧਰਤੀ।
ਏ ਲੋਹੇ ਤੇ ਕੋਲੇ ਦੀ ਕਾਨਾਂ ਦੀ ਧਰਤੀ।
ਫਲਾਂ ਮੇਵਿਆਂ ਦਾ ਖਜ਼ਾਨਾ ਹਿਮਾਲਾ,
ਏ ਬੁੱਧ ਤੇ ਕ੍ਰਿਸ਼ਨ ਦੇ ਨਿਸ਼ਾਨਾਂ ਦੀ ਧਰਤੀ।
੪.ਜ਼ਰਾ ਦੇਖ, ਆਇਆ ਨਵਾਂ ਕਾਲ-ਚਕਰ,
ਸ਼ੁਆ ਉਠ ਰਹੀ ਹੈ ਹਨੇਰੇ ਦੇ ਅੰਦਰ।
ਅਜ਼ਾਦੀ ਦੀ ਉਸਰਨ ਲੱਗੀ ਹੈ ਇਮਾਰਤ,
ਲਿਖੀ ਜਾ ਰਹੀ ਹੈ ਨਵੀਂ ਤੇਰੀ ਕਿਸਮਤ।
ਨਵੀਂ ਰੋਸ਼ਨੀ ਨੇ ਬਟਨ ਹੈ ਦਬਾਇਆ,
ਓ ਪਰਦਾ ਪੁਰਾਣਾ ਗਿਆ ਹੈ ਉਠਾਇਆ।
ਨਿਰਾਸ਼ਾ ਦੀ ਗੱਦੀ ਤੇ ਆ ਬੈਠੀ ਆਸ਼ਾ,
ਸ਼ੁਰੂ ਹੋ ਗਿਆ ਏਕਤਾ ਦਾ ਤਮਾਸ਼ਾ।

ਚਮਨ ਤੇਰਾ ਆਬਾਦ ਹੋ ਕੇ ਰਹੇਗਾ।
ਵਤਨ ਤੇਰਾ ਆਜ਼ਾਦ ਹੋ ਕੇ ਰਹੇਗਾ।

——————————