ਨਵਾਂ ਜਹਾਨ/ਜੀਵਨ-ਸਾਥ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਜੀਵਨ-ਸਾਥ.

੧.ਪਿਆਰੀ! ਮੈਂ ਤੇਰੇ ਬਾਝੋਂ,
ਇਕੱਲਾ ਤੇ ਇਕਾਰਾ ਸਾਂ।
ਤੇਰੀ ਸੰਗਤ 'ਚਿ ਟਕਸਾਲੇ-
ਬਿਨਾਂ ਬਿਲਕੁਲ ਨਿਕਾਰਾ ਸਾਂ।
ਤੇਰੀ ਥੁੜ ਦੀ ਕਰਾਈ ਸੂਝ,
ਵਸਦੇ ਪੰਛੀਆਂ ਪਸੂਆਂ।
ਤੜਪਦਾ, ਢੂੰਡਦਾ ਫਿਰਦਾ,
ਕੋਈ ਜੀਵਨ-ਸਹਾਰਾ ਸਾਂ।
੨.ਇਕੇਰਾਂ ਤੂੰ ਤੇ ਮੈਂ ਵਖ ਵਖ,
ਭਟਕਦੇ ਜੰਗਲਾਂ ਵਿਚ ਸਾਂ।
ਅਚਾਨਕ, ਇਕ ਨਦੀ ਕੰਢੇ,
ਨਿਗਾਹਾਂ ਸਾਡੀਆਂ ਲੜੀਆਂ।
ਤੇਰੇ ਲਈ ਓਪਰਾ ਸਾਂ ਮੈਂ,
ਮੇਰੇ ਲਈ ਓਪਰੀ ਸੈਂ ਤੂੰ।
ਠਠੰਬਰ ਕੇ ਖੜੇ ਹੋ ਗਏ,
ਤੂੰ ਅਪਣੀ ਥਾਂ, ਮੈਂ ਅਪਣੀ ਥਾਂ।
੩.ਦੁਹਾਂ ਦੇ ਦਿਲ ਉਛਲ ਆਏ,
ਦੁਵੱਲੀ ਕਾਲਜੇ ਧੜਕੇ।
ਪਈ ਇਕ ਖਿੱਚ ਪੈਰਾਂ ਨੂੰ,
ਅਸੀਂ ਕੁਝ ਹੋ ਗਏ ਨੇੜੇ।

ਤੂੰ ਅਪਣੇ ਨੈਣ ਨੈਣਾਂ ਵਿਚ
ਖੁਭਾ ਕੇ ਮੇਰਾ ਦਿਲ ਟੋਹਿਆ,
ਅਤੇ ਮੈਂ ਆਪਣਾ ਸਭ ਕੁਝ,

ਵਿਛਾਇਆ ਸ਼ਾਹਮਣੇ ਤੇਰੇ।


੪.ਖੁਸ਼ੀ ਨੇ ਇਕ ਸਰੂਰ ਆਂਦਾ,
ਬੜੇ ਹੱਸੇ, ਬੜੇ ਉਛਲੇ,
ਤਰਾਨੇ ਪਿਆਰ ਦੇ ਛਿੜ ਪਏ,
ਤੰਬੂਰੇ ਇਕ-ਸੁਰੇ ਹੋ ਕੇ।
ਇਸ਼ਾਰੇ ਨਾਲ, ਜੀਵਨ-ਸਾਥ-
ਦੇ ਵਾਅਦੇ ਅਸਾਂ ਕਰ ਲਏ।
ਬਿਨਾਂ ਜਾਣੇ, ਬਿਨਾਂ ਪਰਖੇ,

ਬਿਨਾਂ ਬੋਲੇ ਅਸੀਂ ਤੁਰ ਪਏ।


੫.ਤੂੰ ਅਪਣੀ ਬਾਂਹ ਅਗਾਂਹ ਕੀਤੀ,
ਮੈਂ ਬਰਕਤ ਸਮਝ ਕੇ ਫੜ ਲਈ।
ਕਰੰਟ ਐਸੀ ਪਈ ਸਾਂਝੀ,
ਕਿ ਦੁਨੀਆਂ ਜਗਮਗਾ ਉਠੀ।
ਦਿਲਾਂ ਦੀਆਂ ਧੜਕਣਾਂ, ਮੂੰਹ ਜੋੜ,
ਗੱਲਾਂ ਕਰਨ ਲਗ ਪਈਆਂ।
ਲਿਪਟ ਗਏ ਆਤਮਾ ਐਸੇ,

ਮੈਂ ਤੂੰ ਹੋ ਗਿਆ, ਤੂੰ ਮੈਂ ਹੋ ਗਈ।


੬.ਅਕਾਸ਼ੋਂ ਖ਼ਾਕ ਦੀ ਜੋੜੀ-
ਨੂੰ ਕਾਦਰ ਨੇ ਦੁਆ ਦਿੱਤੀ।

ਗਲਾਂ ਵਿਚ, ਅਸਰਫ਼ੁਲ-ਮਖ਼ਲੂਕ-
ਦੀ ਜੈਮਾਲ ਪਾ ਦਿੱਤੀ।
ਸਿੰਘਾਸਣ ਆਦਮੀਅਤ ਦਾ,
ਮਿਲੀ ਬਖਸ਼ੀਸ਼ ਬੰਦੇ ਨੂੰ,
ਰਜ਼ਾ ਸੁਣ ਕੇ, ਅਸਾਂ, ਤਸਲੀਮ-

ਦੀ ਗਰਦਨ ਝੁਕਾ ਦਿੱਤੀ।


੭.ਸਿਰਾਂ ਤੇ ਚਾ ਲਈ ਸੇਵਾ,
ਅਸਾਂ ਦੁਨੀਆਂ ਵਸਾਉਣ ਦੀ।
ਨਵੇਂ ਰਸਤੇ ਦੇ ਕੰਡੇ ਹੂੰਝ-
ਕੇ, ਸੁਹਣੀ ਬਣਾਉਣ ਦੀ।
ਵਫ਼ਾ, ਸਤਕਾਰ, ਹਿੰਮਤ, ਦਰਦ,
ਕੁਰਬਾਨੀ, ਤੜਪ, ਜਿਗਰਾ,>
ਮਨੁੱਖੀ ਆਤਮਾ ਦੀ ਅਣਖ,

ਆਜ਼ਾਦੀ ਬਚਾਉਣ ਦੀ।


੮.ਲਗਾ ਕੇ ਰੌਣਕਾਂ, ਧਰਤੀ ਤੇ,
ਤੂੰ ਸਭਨਾਂ ਦੀ ਛਾਂ ਬਣੀਓਂ।
ਰਿਸ਼ੀ, ਅਵਤਾਰ, ਪੈਗ਼ੰਬਰ,
ਸ਼ਹੀਦਾਂ ਦੀ ਤੂੰ ਮਾਂ ਬਣੀਓਂ।
ਮੇਰੀ ਕੀਮਤ ਵਧਾਈ, ਨੇਕੀਆਂ-
ਦਾ ਰਾਹ ਦਸ ਦਸ ਕੇ,
ਜਗਤ ਮਾਤੇਸ਼ਵਰੀ, ਸਤਕਾਰ-
ਤੇ ਪੂਜਾ ਦੀ ਥਾਂ ਬਣੀਓਂ।