ਨਵਾਂ ਜਹਾਨ/ਪੁਰਾਣਾ ਰਾਜ਼

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਪੁਰਾਣਾ ਰਾਜ਼.

੧.ਜੁੱਗਾਂ ਤੋਂ ਚਲਿਆ,
ਇਕ ਰਾਜ਼ ਪੁਰਾਣਾ,
ਮੈਂ ਸਮਝ ਚੁਕਾ ਹਾਂ,
ਪਰ ਕੀਕਰ ਆਖਾਂ?
ਇਹ ਹੋਛੀ ਦੁਨੀਆਂ,
ਸੁਣ ਸਹਿ ਨਹੀਂ ਸਕਦੀ।
੨.ਇਕ ਸਾਫ਼ ਸਚਾਈ,
ਦਾ ਸੂਰਜ ਚੜ੍ਹਿਆਂ,
ਚਿਰ ਚੋਖਾ ਹੋਇਆ।
ਪਰ ਨੂਰ-ਮੁਨਾਰੇ-
ਦੀਆਂ ਕਿਰਨਾਂ ਉੱਤੇ,
ਅਖ ਡਹਿ ਨਹੀਂ ਸਕਦੀ।
੩.ਇਕ ਅਜਬ ਤਲਿੱਸਮ,
ਟੁਟ ਚੁਕਾ ਚਿਰੋਕਾ।
ਇਕ ਗੁਪਤ ਖਜ਼ਾਨਾ,
ਮੂੰਹ ਖੁਲ੍ਹਾ ਪਿਆ ਹੈ।
ਪਰ ਜੀਭ ਸੰਗਾਊ,
ਕੁਝ ਕਹਿ ਨਹੀਂ ਸਕਦੀ।

੪.ਮੇਰਾ ਤੇ ਤੇਰਾ,
ਨਹੀਂ ਪਰਦਾ ਕੋਈ।

ਤੂੰ ਮੇਰਾ ਮਹਿਰਮ,
ਮੈਂ ਤੇਰਾ ਭੇਤੀ।

ਇਹ ਗੁੱਝੀ ਛਿੱਪੀ,
ਗਲ ਰਹਿ ਨਹੀਂ ਸਕਦੀ।
੫.ਉਹ ਦਿਨ ਹੈ ਨੇੜੇ,
ਸਭ ਖਲਕ ਕਹੇਗੀ,
ਕਿਨ ਨੀਹਾਂ ਧਰੀਆਂ,
ਕਿਨ ਮਹਿਲ ਉਸਾਰੇ,
ਇਹ ਬਣੀ ਅਟਾਰੀ,
ਹੁਣ ਢਹਿ ਨਹੀਂ ਸਕਦੀ।

——————————