ਸਮੱਗਰੀ 'ਤੇ ਜਾਓ

ਨਵਾਂ ਜਹਾਨ/ਪੰਜਾਬੀ ਦਾ ਸੁਪਨਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51115ਨਵਾਂ ਜਹਾਨ — ਪੰਜਾਬੀ ਦਾ ਸੁਪਨਾ1945ਧਨੀ ਰਾਮ ਚਾਤ੍ਰਿਕ

ਪੰਜਾਬੀ ਦਾ ਸੁਪਨਾ

ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ


——ਪੰਜਾਬੋਂ ਔਂਦਿਆ ਵੀਰਨਿਆਂ!
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ, ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
ਫਸਲਾਂ ਚੰਗੀਆਂ ਹੋ ਜਾਂਦੀਆਂ ਨੇਂ?
ਮੀਂਹ ਵੇਲੇ ਸਿਰ ਪੈ ਜਾਂਦਾ ਹੈ?
ਘਿਉ ਸਸਤਾ, ਅੰਨ ਸਵੱਲਾ ਏ,
ਸਭ ਰੱਜ ਕੇ ਰੋਟੀ ਖਾਂਦੇ ਨੇਂ?
ਪਰਭਾਤ ਰਿੜਕਣੇ ਪੈਂਦੇ ਸਨ?
ਛਾਹ ਵੇਲੇ ਭੱਤੇ ਢੁਕਦੇ ਸਨ?
ਭਠੀਆਂ ਤੇ ਝੁਰਮਟ ਪੈਂਦੇ ਸਨ?
ਤ੍ਰਿਞਣਾਂ ਵਿਚ ਚਰਖੇ ਘੁਕਦੇ ਸਨ?
ਪਰਦੇਸਾਂ ਅੰਦਰ ਬੈਠਿਆਂ ਨੂੰ,
ਕੋਈ ਯਾਦ ਤੇ ਕਰਦਾ ਹੋਵੇਗਾ,
ਮਾਂ, ਭੈਣ ਤੇ ਨਾਰ ਕਿਸੇ ਦੀ ਦਾ,
ਦਿਲ ਹੌਕੇ ਭਰਦਾ ਹੋਵੇਗਾ।

——ਪੰਜਾਬੀਆਂ ਵਿਚ ਕੋਈ ਚਾ ਭੀ ਹੈ?
ਪੰਜਾਬ ਦੀ ਸ਼ਾਨ ਬਣਾਉਣ ਦਾ?
ਪਾਟੇ ਹੋਏ ਸੀਨੇ ਸੀਉਣ ਦਾ?
ਨਿਖੜੇ ਹੋਏ ਵੀਰ ਮਿਲਾਉਣ ਦਾ?
ਹਿੰਦੂ, ਮੋਮਨ, ਸਿਖ, ਈਸਾਈ,
ਘਿਉ ਖਿਚੜੀ ਹੋ ਗਏ ਹੋਵਣ ਗੇ।
ਕਿਰਸਾਣ, ਬਪਾਰੀ ਤੇ ਕਿਰਤੀ,
ਇਕ ਥਾਏਂ ਖਲੋ ਗਏ ਹੋਵਣਗੇ।

——ਅਸੀਂ ਜਦ ਦੇ ਏਥੇ ਆਏ ਹਾਂ,
ਸਾਡੇ ਤੇ ਹੁਲੀਏ ਹੀ ਵਟ ਗਏ ਨੇਂ।
ਸਾਡੇ ਤੇ ਕੀਨੇ ਨਿਕਲ ਗਏ,
ਵਲ ਵਿੰਗ ਪੁਰਾਣੇ ਹਟ ਗਏ ਨੇਂ।
ਜੀ ਚਾਹੁੰਦਾ ਹੈ ਪੰਜਾਬ ਨੂੰ ਭੀ,
ਐਥੋਂ ਵਰਗਾ ਰੰਗ ਲਾ ਲਈਏ।
ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ,
ਪਕੀਆਂ ਸੜਕਾਂ ਬਣਵਾ ਲਈਏ।
ਹੱਥਾਂ ਵਿਚ ਬਰਕਤ ਪੈ ਜਾਵੇ,
ਧਰਤੀ ਸੋਨੇ ਦੀ ਹੋ ਜਾਵੇ।
ਆ ਕੇ ਕੋਈ ਰੋੜ੍ਹ ਮਜੂਰੀ ਦਾ,
ਭੁਖ ਨੰਗ ਦੇ ਧੋਣੇ ਧੋ ਜਾਵੇ।