ਸਮੱਗਰੀ 'ਤੇ ਜਾਓ

ਨਵਾਂ ਜਹਾਨ/ਸਵਾਲ ਜਵਾਬ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51175ਨਵਾਂ ਜਹਾਨ — ਸਵਾਲ ਜਵਾਬ1945ਧਨੀ ਰਾਮ ਚਾਤ੍ਰਿਕ

ਸਵਾਲ ਤੇ ਜਵਾਬ.

ਦੋਹਰੇ
ਪਹਿਲੀ ਤੁਕ ਵਿਚ ਸਵਾਲ ਤੇ ਦੂਜੀ ਵਿਚ ਜਵਾਬ

੧.ਫੁੱਲ ਗੁਲਾਬੀ,
ਸੁਹਣਿਆ!
(ਤੂੰ) ਬਣ ਗਿਉਂ
ਕਿਵੇਂ ਗੁਲਾਬ?

ਖਿੜਾਂ,
ਖਿੜਾਵਾਂ,
ਸਭਸ ਨੂੰ,
ਮੇਰੇ ਮਾਲੀ ਦਾ ਸੀ ਖਾਬ।

੨.ਭਉਰਾ!
ਭਉਂ ਭਉਂ ਕੰਵਲ ਦਾ,
ਕਿਉਂ ਮਾਣੇਂ ਰਸ ਰੰਗ?

ਸਭ ਕੋਈ ਮਰੇ,
ਸੁਹਣੱਪ ਤੇ,
ਰਬ ਦੀ ਇਹੋ ਉਮੰਗ!

੩.ਤਿੱਤਰੀਏ!
ਤੂੰ ਲੈ ਲਏ
ਕਿਥੋਂ ਐਨੇ ਰੰਗ?

ਜਿਹੜਾ ਸੁਹਣਾ ਵੇਖਿਆ,
ਓਥੋਂ ਲੀਤਾ ਮੰਗ।

੪.ਬੁਲਬੁਲ ਨੀਂ!
ਤੂੰ ਫੁੱਲ ਦਾ,
ਕਿਉਂ ਲਾ ਲਿਆ ਵਿਰਾਗ?

ਭੁੱਖੀ ਪ੍ਰੀਤਮ-ਛੋਹ ਦੀ,
ਭਟਕਾਂ ਬਾਗੋ ਬਾਗ।

੫.ਪਾੜ, ਪਪੀਹੇ!
ਚੁੰਝ ਨੂੰ,
ਕਿਉਂ ਨਿਤ ਪਾਵੇਂ ਕੂਕ?

ਪ੍ਰੇਮ-ਕਣੀ ਦੀ ਤਾਂਘ ਵਿਚ,>
ਉਠੇ ਕਲੇਜਿਓਂ ਹੂਕ।

੬.ਕੋਇਲ!
ਕਿਉਂ ਤੂੰ ਕੂਕਦੀ,
ਕਾਲੀ ਗਈਓਂ ਹੋ?

ਡਾਲੀ ਡਾਲੀ ਲੈਨੀ ਆਂ,
ਸੋਹਣੇ ਦੀ ਕਨਸੋ।