ਨਵਾਂ ਮਾਸਟਰ/ਨਵਾਂ ਮਾਸਟਰ

ਵਿਕੀਸਰੋਤ ਤੋਂ

ਨਵਾਂ ਮਾਸਟਰ

ਜਨਵਰੀ ੧੯੫੦.

ਨਵਾਂ ਮਾਸਟਰ
ਉਹ ਇਕ ਨਵਾਂ ਮਾਸਟਰ ਸੀ।
ਉਂਞ ਤਾਂ ਸਾਡੇ ਸਕੂਲ ਵਿਚ ਮਾਸਟਰ ਨਵੇਂ ਆਉਂਦੇ ਹੀ ਰਹਿੰਦੇ ਸਨ, ਕਦੀ ਕੋਈ ਮਾਸਟਰ ਆਪਣੀ ਨੌਕਰੀ ਦਾ ਦੂਜਾ ਸਾਲ ਪੂਰਾ ਨਹੀਂ ਸੀ ਕਰ ਸਕਿਆ। ਕਈ ਤਾਂ ਕੁਝ ਮਹੀਨੇ ਪੜ੍ਹਾ ਕੇ ਚਲੇ ਜਾਂਦੇ ਤੇ ਕਈ ਸਿਰਫ ਪਹਿਲੇ ਦਿਨ ਆ ਕੇ ਹੀ ਬਸ ਹੋ ਜਾਂਦੇ ਸਨ। ਇਸ ਦਾ ਕਾਰਨ ਮੈਨੂੰ ਪਿਛੋਂ ਪਤਾ ਲਗਾ, ਸਾਡਾ ਸਕੂਲ ਪ੍ਰਾਈਵੇਟ ਸੀ। ਭਾਵੇਂ ਸਰਕਾਰੋਂ ਮਨਜ਼ੂਰ ਸੀ ਤੇ ਸਹਾਇਤਾ ਵੀ ਮਿਲਦੀ ਸੀ, ਪਰ ਸਕੂਲ ਦੀ ਕਮੇਟੀ ਮਾਸਟਰਾਂ ਨੂੰ ਬਹੁਤ ਥੋੜੀਆਂ ਤਨਖਾਹਾਂ ਦੇਂਦੀ ਸੀ। ਆਮ ਇਦਾਂ ਦੇ ਪ੍ਰਾਈਵੇਟ ਸਕੂਲਾਂ ਵਾਗੂੰ ਮਾਸਟਰਾਂ ਦੀ ਕਈ ਕਈ ਮਹੀਨੇ ਦੀ ਤਨਖ਼ਾਹ ਬਕਾਇਆ
ਪਈ ਰਹਿੰਦੀ, ਤੇ ਜਦੋਂ ਵੀ ਮਾਸਟਰ ਤਨਖਾਹਾਂ ਮੰਗਦੇ ਕਮੇਟੀ ਦਾ ਸਕੱਤ੍ਰ ਸਕੂਲ ਦੀ ਮਾਇਕ ਹਾਲਤ ਭੈੜੀ ਹੋਣ ਦਾ ਬਹਾਨਾ ਬਣਾ ਛਡਦਾ ਸੀ। ਸਾਡਾ ਹੈਡ ਮਾਸਟਰ ਵੀ ਕੰਜੂਸ ਸੁਭਾ ਦਾ ਪੁਰਾਣੀਆਂ ਲੀਹਾਂ ਤੇ ਤੁਰਨ ਵਾਲਾ ਬੰਦਾ ਸੀ। ਉਸ ਦੀ ਆਪਣੀ ਤਨਖ਼ਾਹ ਵੀ ਬੈਂਕ ਦੇ ਸੀਨੀਅਰ ਕਲਰਕ ਜਿੰਨੀ ਹੀ ਸੀ। ਇਨੀ ਤਨਖਾਹ ਉਹ ਜਦੋਂ ਸੈਕੰਡ ਮਾਸਟਰ ਹੁੰਦਾ ਸੀ ਲੈਂਦਾ ਸੀ। ਪਤਾ ਨਹੀਂ ਪਹਿਲਾ ਹੈਡ ਮਾਸਟਰ ਕਿਵੇਂ ਕਢਿਆ ਗਿਆ ਸੀ ਤੇ ਉਸ ਦੀ ਥਾਂ ਇਹ ਨਵਾਂ ਹੈਡ ਮਾਸਟਰ ਥੋੜੀ ਤਨਖ਼ਾਹ ਤੇ ਹੀ ਖੁਸ਼ੀ ਖੁਸ਼ੀ ਕੰਮ ਕਰ ਰਿਹਾ ਸੀ। ਉਹ ਜੀ ਹਜੂਰੀਆ ਸੀ। ਉਸ ਨੇ ਕਦੇ ਵੀ ਕਮੇਟੀ ਕੋਲੋਂ ਜ਼ਿਆਦਾ ਤਨਖ਼ਾਹ ਦੀ ਮੰਗ ਨਹੀਂ ਸੀ ਕੀਤੀ। ਬਾਕੀ ਮਾਸਟਰ ਕਈ ਵਾਰ ਤਰੱਕੀਆਂ ਵਾਸਤੇ ਆਖਦੇ ਸਨ ਤਾਂ ਹੈਡ ਮਾਸਟਰ ਉਨ੍ਹਾਂ ਨਾਲ ਸਹਿਮਤ ਨਹੀਂ ਸੀ ਹੁੰਦਾ, ਜਿਸ ਕਰ ਕੇ ਕਮੇਟੀ ਜਵਾਬ ਦੇਂਦੀ ਸੀ ਕਿ ਉਹ ਹੈਡ ਮਾਸਟਰ ਤੋਂ ਵਧ ਤਨਖ਼ਾਹ ਕਿਵੇਂ ਦੇ ਸਕਦੇ ਸਨ।
ਪਰ ਉਹ ਮਾਸਟਰ ਨਵਾਂ ਹੀ ਸੀ। ਬਾਕੀ ਮਾਸਟਰਾਂ ਵਾਗੂੰ ਉਸ ਦੀ ਤਨਖ਼ਾਹ ਵੀ ਥੋੜੀ ਹੀ ਸੀ, ਪਰ ਬਾਕੀਆਂ ਵਾਂਗੂ ਉਸ ਦੇ ਕਪੜੇ ਪਾਟੇ ਹੋਏ ਤੇ ਮੈਲੇ ਨਹੀਂ ਸਨ ਹੁੰਦੇ। ਖਦਰ ਨਾਲ ਉਸ ਨੂੰ ਖਾਸ ਪਿਆਰ ਸੀ, ਤੇ ਪੈਰੀਂ ਸਦਾ ਹੀ ਮੋਟੀ ਧੌੜੀ ਦੀ ਜੁਤੀ ਹੁੰਦੀ ਸੀ। ਉਹ ਇੰਨੇ ਸਾਦੇ ਕਪੜਿਆਂ ਵਿਚ ਬਹੁਤ ਸੋਹਣਾ ਲਗਦਾ ਸੀ। ਉਸ ਦੀਆਂ, ਸੰਘਣੇ ਭਰਵੱਟਿਆਂ ਥਲੇ, ਸਾਫ ਚਮਕਦੀਆਂ ਭੂਰੀਆਂ ਅਖਾਂ 'ਚੋਂ ਸਿਆਣਪ ਦੀ ਭਾਅ ਨਜ਼ਰ ਆਉਂਦੀ ਸੀ। ਚੌੜੇ ਮੱਥੇ ਥਲੇ ਨਿੱਕਾ ਜਿਹਾ ਉਭਰਵਾਂ ਨੱਕ ਬੜਾ
ਚੰਗਾ ਲਗਦਾ ਸੀ। ਜਦ ਉਹ ਪਹਿਲੀ ਵਾਰ ਸਾਡੀ ਜਮਾਤ ਵਿਚ ਆਇਆ ਸੀ, ਮੈਨੂੰ ਇਉਂ ਜਾਪਿਆ ਸੀ ਮੈਂ ਅਪਣੀ ਸਕੂਲ ਦੀ ਦਸਾਂ ਸਾਲਾਂ ਦੀ ਜ਼ਿੰਦਗੀ ਵਿਚ ਪਹਿਲੀ ਵਾਰ ਹੀ ਮਾਸਟਰ ਵੇਖਿਆ ਸੀ। ਅਤੇ ਮੈਨੂੰ ਉਸ ਵੇਲੇ ਹੈਡ ਮਾਸਟਰ ਦੀਆਂ ਬੁਝੀਆਂ ਹੋਈਆਂ ਅੱਖਾਂ ਵਿਚੋਂ ਗੁਲਾਮੀ ਤੇ ਡਰ ਦੇ ਵਿਰੋਲੇ ਉਠਦੇ ਦਿਸੇ ਸਨ ਤੇ ਸੈਕੰਡ ਮਾਸਟਰ ਦੇ ਹੇਠਲੇ ਬੁਲ੍ਹ ਦੇ ਥਲੇ ਸਜੇ ਪਾਸੇ ਦਾ ਮਹੁਕਾ ਗੁਸੇ ਵਿਚ ਫੜਕਦਾ ਜਾਪਿਆ ਸੀ, ਤਦੋਂ ਉਸਦੇ ਫੁੱਟੇ ਹੋਏ ਹੱਥ ਵਿਚ ਫੜੇ ਵਾਂਸ ਦੇ ਡੰਡੇ ਦਾ ਖ਼ਿਆਲ ਕਰਕੇ ਮੈਨੂੰ ਝੁਣ ਝੁਣੀ ਆ ਗਈ ਸੀ।
"ਲਿਵਤਾਰ ਤੂੰ ਅਜੇ ਇੰਨਾ ਨਾ ਸੋਚਿਆ ਕਰ, ਇਹ ਤੇਰਾ ਬੇ-ਫਿਕਰ ਰਹਿਣ ਦਾ ਸਮਾਂ ਹੈ।" ਇਕ ਵਾਰ ਉਸ ਨੇ ਸਾਨੂੰ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਇਕ ਦਮ ਰੁਕ ਕੇ ਮੈਨੂੰ ਆਖਿਆ ਸੀ।
ਜਿਵੇਂ ਕੋਈ ਮੁੰਡਾ ਸ਼ਰਾਰਤ ਕਰਦਾ ਸਿਰੋਂ ਹੀ ਫੜਿਆ ਜਾਂਦਾ ਹੈ, ਮੈਂ ਤ੍ਰਬੁੱਕ ਗਿਆ ਸਾਂ ਤੇ ਸੁਭਾਵਕ ਹੀ ਆਪਣੀ ਥਾਂ ਉਤੇ ਖਲੋ ਗਿਆ ਸਾਂ। ਮੈਨੂੰ ਕੋਈ ਜਵਾਬ ਨਹੀਂ ਔਹੁੜਿਆ ਸੀ ਤੇ ਦੋਸ਼ੀਆਂ ਵਾਂਗੂੰ ਸਿਰ ਸੁਟੀ ਖੜਾ ਸਾਂ।
"ਖੈਰ ਇਹ ਤੁਹਾਡੇ ਵਸ ਦੀ ਗਲ ਨਹੀਂ,- ਪਰ ਤੂੰ ਬੈਠ ਜਾਹ ਖਲੋ ਕਿਉਂ ਗਿਆ?" ਇਹ ਆਖ ਕੇ ਮਾਸਟਰ ਨੇ ਕਿਤਾਬ ਬੰਦ ਕਰਕੇ ਮੇਜ਼ ਉਤੇ ਰਖ ਦਿਤੀ ਤੇ ਬਾਕੀ ਸਾਰੀ ਟੱਲੀ ਸਾਨੂੰ ਸੱਚ ਉਤੇ ਪਹਿਲਾ ਲੈਕਚਰ ਦਿਤਾ ਸੀ, ਜਿਸ ਵਿਚੋਂ ਕੁਝ ਗਲਾਂ ਮੈਨੂੰ ਅਜੇ ਵੀ ਯਾਦ ਹਨ। ਭਾਵੇਂ ਬਹੁਤ ਸਮਾਂ ਬੀਤ ਚੁਕਾ ਹੈ, ਪਰ ਮੇਰੀਆਂ ਅੱਖਾਂ ਸਾਹਮਣੇ ਅਜੇ ਵੀ ਮਾਸਟਰ ਉਵੇਂ ਹੀ
ਸਾਨੂੰ ਐਲਿਜ਼ਬੈਥ ਤੇ ਚੰਦਰ ਗੁਪਤ ਦੇ ਸੁਨਹਿਰੀ ਜ਼ਮਾਨਿਆਂ ਵਿਚੋਂ ਅਜ਼ਾਦ ਕਰਾਉਂਦਾ ਤੇ ਸਾਡੇ ਗ਼ਰੀਬ ਪਾਟੀਆਂ ਲੀਰਾਂ ਵਿਚ ਭੁਖੇ ਕਰੋੜਾਂ ਵਿਦਿਆ ਨੂੰ ਤਰਸਦੇ ਵੀਰਾਂ ਦੀ ਯਾਦ ਦੁਵਾਉਂਦਾ ਨਜ਼ਰ ਆ ਜਾਂਦਾ ਹੈ।
"ਇਕ ਹਿੰਦੁਸਤਾਨੀ ਦੀ ਔਸਤ ਉਮਰ ਸਤਾਈ ਸਾਲ ਹੈ ਤੇ ਰੋਜ਼ਾਨਾ ਔਸਤ ਆਮਦਨ ਸੱਤ ਪੈਸੇ ਹੈ।" ਉਹ ਬੜੇ ਧਿਆਨ ਨਾਲ ਗੰਭੀਰ ਹੋ ਕੇ ਸਾਨੂੰ ਸਮਝਾ ਰਿਹਾ ਸੀ, "ਗਰੀਬੀ ਕਰਕੇ ਹੀ ਅਨਪੜ੍ਹਤਾ ਹੈ ਜੋ ਰੋਗਾਂ ਦਾ ਕਾਰਨ ਹੈ, ਗ਼ਰੀਬ ਹਿੰਦੁਸਤਾਨੀ ਬੱਚਾ ਫ਼ਿਕਰਾਂ ਵਿਚ ਹੀ ਜੰਮਦਾ ਹੈ, ਤੇ ਫਿਕਰਾਂ ਵਿਚ ਹੀ ਜੀਵਨ ਬਿਤਾ ਕੇ ਫਿਕਰਾਂ ਵਿਚ ਹੀ ਮਰ ਜਾਂਦਾ ਹੈ। ਖ਼ੈਰ, ਮੈਂ ਉਨ੍ਹਾਂ ਦਸ ਫ਼ੀ ਸਦੀ ਅਮੀਰਾਂ ਦੀ ਗਲ ਨਹੀਂ ਕਰ ਰਿਹਾ,"-ਤੇ ਮਾਸਟਰ ਨੇ ਇਕੋ ਨਜ਼ਰ ਨਾਲ ਹੀ ਗੁਰਸ਼ਰਨ, ਦਲਜੀਤ ਤੋਂ ਪ੍ਰਮਿੰਦ੍ਰ ਦੇ ਚਿਹਰਿਆਂ ਤੋਂ ਕੁਝ ਪੜ੍ਹਿਆ ਤੇ ਮੁਸਕ੍ਰਾ ਦਿਤਾ ਸੀ। ਇਹ ਤਿੰਨੇ ਚਾਚੇ ਭਤੀਜੇ ਯੂ: ਪੀ: ਦੇ ਮਿਲਾਂ ਵਾਲਿਆਂ ਦੇ ਪੁੱਤਰ ਸਨ, ਤੇ ਜਦੋਂ ਮਾਸਟਰ ਦੀਆਂ ਨਜ਼ਰਾਂ ਉਨ੍ਹਾਂ ਨਾਲ ਮਿਲੀਆਂ ਸਨ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਹ ਸ਼ਰਮਾ ਗਏ ਸਨ ਤੇ ਨਜ਼ਰਾਂ ਨੀਵੀਆਂ ਕਰ ਲਈਆਂ ਸਨ। "-ਮੈਂ ਨੱਬੇ ਫੀ ਸਦੀ, ਗ਼ਰੀਬਾਂ ਦੀ ਗਲ ਦਸ ਰਿਹਾ ਹਾਂ। "
ਇਸ ਦਸਵੀਂ ਜਮਾਤ ਵਿਚ ਤੁਸੀਂ ਚਾਲ੍ਹੀ ਮੁੰਡੇ ਬੈਠੇ ਹੋ ਫਰਜ਼ ਕਰ ਲਉ ਤੁਸੀਂ ਸਭ ਪਾਸ ਹੋ ਜਾਵੋ ਤਾਂ ਕੀ ਤੁਸੀਂ ਸਾਰੇ ਹੀ ਕਾਲਜ ਵਿਚ ਦਾਖ਼ਲ ਹੋ ਸਕੋਗੇ? ਨਹੀਂ। - ਸਿਰਫ ਚਾਰ ਜਾਂ ਪੰਜ ਹੀ ਅਗੇ ਪੜ੍ਹ ਸਕੋਗੇ। ਤੁਹਾਨੂੰ ਯਾਦ ਹੋਵੇਗਾ, ਜਦੋਂ
ਤੁਸੀਂ ਇਸ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖ਼ਲ ਹੋਏ ਸੀ, ਤੁਸੀਂ ਜ਼ਰੂਰ ਉਦੋਂ ਡੇਢ ਸੌ ਦੇ ਕਰੀਬ ਹੋਵੋਗੇ ਪਰ ਅਜ ਇਸ ਦਸਵੀਂ ਜਮਾਤ ਵਿਚ ਸਿਰਫ਼ ਚਾਲ੍ਹੀ ਹੀ ਰਹਿ ਗਏ ਹੋ। ਛੇ ਸਾਲਾਂ ਵਿਚ ਇਕ ਸੌ ਦਸ ਮੁੰਡੇ ਪੜ੍ਹਾਈ ਛੱਡ ਚੁਕੇ ਹਨ ਇਸ ਵਾਸਤੇ ਨਹੀਂ ਕਿ ਉਹ ਨਾਲਾਇਕ ਸਨ ਸਗੋਂ, ਉਹ ਫ਼ੀਸਾਂ ਤੇ ਪੜ੍ਹਾਈ ਦੇ ਖਰਚ ਨਹੀਂ ਸਨ ਦੇ ਸਕਦੇ, ਘਰ ਦੀ ਰੋਟੀ ਨਹੀਂ ਸੀ ਤੁਰ ਸਕਦੀ, ਜਿਸ ਕਰਕੇ ਮਜਬੂਰਨ ਉਹਨਾਂ ਨੂੰ ਸਕੂਲ ਛਡਕੇ ਛੋਟੀ ਉਮਰ ਵਿਚ ਹੀ ਧੇਲੀ ਦਿਹਾੜੀ ਤੇ ਕਿਤੇ ਕੰਮ ਕਰਨਾ ਪਿਆ। ਇਹ ਤਾਂ ਤੁਹਾਡੀ ਜਮਾਤ ਦੇ ਸਾਥੀਆਂ ਦੀ ਗਲ ਹੈ ਪਰ ਹਰ ਸਾਲ ਇਕ ਦਸਵੀਂ ਜਮਾਤ ਜਾਂਦੀ ਹੈ ਤੇ ਪੰਜਵੀਂ ਜਮਾਤ ਆਉਂਦੀ ਹੈ ਇਸ ਲਈ ਇਸ ਦਾ ਇਹ ਭਾਵ ਹੋਇਆ ਕਿ ਹਰ ਸਾਲ ਇਕ ਸਕੂਲ ਵਿਚੋਂ ਇਕ ਸੌ ਦਸ ਵਿਦਿਆਰਥੀ ਦਸਵੀਂ ਪਾਸ ਕਰਾਏ ਬਿਨਾਂ ਹੀ ਕਢ ਦਿਤੇ ਜਾਂਦੇ ਹਨ, ਅਤੇ ਸਾਡੇ ਦੇਸ਼ ਵਿਚ ਅਨੇਕਾਂ ਹੋਰ ਵੀ ਸਕੂਲ ਹਨ," -- ---ਮਾਸਟਰ ਦੀਆਂ ਗਿਣੀਆਂ ਮਿਥੀਆਂ ਗਲਾਂ ਮੇਰਾ ਮਨ ਰੋਸ਼ਨ ਕਰ ਰਹੀਆਂ ਸਨ, ਅਤੇ ਇਸ ਚਾਨਣੇ ਵਿਚ ਮੈਂ ਕਰੋੜਾਂ ਆਪਣੀ ਉਮਰ ਦੇ ਸਾਥੀ ਭੁਖ ਨਾਲ ਵਿਲਕ ਰਹੇ, ਸੀਤਾਂ ਤੇ ਲੋਆਂ ਨਾਲ ਝੁਲਸੇ ਹੋਏ ਹਡੀਆਂ ਦੇ ਖੜਕਦੇ ਪਿੰਜਰ ਸਹਿਮੇਂ ਹੋਏ ਵਗਾਂ ਵਾਂਗੂੰ ਕੁਰਲਾਂਦੇ ਆਪਣੇ ਦਾ ਸਾਹਮਣੇ ਦੌੜਦੇ ਵੇਖੇ। ਅਤੇ ਮੈਨੂੰ ਜਾਪਿਆ ਕਿ ਕੋਹ ਹਿਮਾਲੀਆ ਇਕ ਵਡਾ ਸਾਰਾ ਆਤਸ਼ ਫ਼ਸ਼ਾਂ ਬਣ ਗਿਆ ਸੀ ਜਿਸ ਦੇ ਮੂੰਹ ਵਿਚੋਂ ਜਵਾਲਾ ਦੇ ਫੁੰਕਾਰੇ ਹਿੰਦੁਸਤਾਨ ਦੀ ਧਰਤੀ ਤੇ ਲਹੂ ਰੰਗਾ ਚਾਨਣ ਖਲੇਰ ਰਹੇ ਸਨ, ਝੀਲ
ਮਾਨਸਰੋਵਰ ਉਬਲਦੇ ਹੋਏ ਲਹੂ ਦੀ ਇਕ ਵਡੀ ਸਾਰੀ ਕੜਾਹੀ ਹੋ ਗਈ ਸੀ ਜਿਸ ਵਿਚੋਂ ਪੰਜ ਦਰਿਆ, ਗੰਗਾ ਮਾਈ ਤੇ ਬ੍ਰਹਮ ਪੁਤਰ ਖ਼ੂਨ ਦੇ ਭਰੇ ਹੋਏ ਹੜੇ ਆ ਰਹੇ ਸਨ। ਹਿੰਦ ਮਹਾਂਸਾਗਰ ਮਿੱਝ ਤੇ ਲਹੂ ਦਾ ਚਿੱਕੜ ਹੀ ਹੋਕੇ ਰਹਿ ਗਿਆ ਸੀ, ਜਿਸ ਤੋਂ ਲਾਲ ਹਨੇਰੀ ਬਣ ਬਣ ਕੇ ਹਿੰਦੁਸਤਾਨ ਵਲ ਉਡਦੀ ਆ ਰਹੀ ਸੀ; ਪਰ ਇਸ ਕਿਆਮਤ ਵਿਰੁਧ ਠਾਠਾਂ ਮਾਰਦਾ ਅਣਗਿਣਤ ਲੋਕਾਂ ਦਾ ਹੜ੍ਹ ਵਧਦਾ ਹੀ ਜਾਂਦਾ ਸੀ, ਵਧਦਾ ਹੀ ਜਾਂਦਾ ਸੀ-ਫੈਸਲੇ ਦੀ ਘੜੀ ਆ ਪਹੁੰਚੀ ਸੀ।
"ਅਤੇ ਇਹੀ ਕਾਰਨ ਹੈ ਸਾਡੇ ਦੇਸ਼ ਵਿਚ ਸਿਰਫ ਦਸ ਫੀ ਸਦੀ ਪੜ੍ਹੇ ਬੰਦੇ ਹਨ।" ਇਕ ਵਾਰੀ ਫਿਰ ਮਾਸਟਰ ਦੀ ਟੁੰਬਵੀਂ ਅਵਾਜ਼ ਨੇ ਮੇਰਾ ਧਿਆਨ ਖਿਚਿਆ।
"ਪਰ ਮਾਸਟਰ ਜੀ ਧਾਰਮਕ ਵਾਲੇ ਗਿਆਨੀ ਜੀ ਦਸਦੇ ਹਨ ਇਹ ਕਿਸਮਤ ਦਾ ਫਲ ਹੁੰਦਾ ਹੈ ਕੋਈ ਅਮੀਰ ਹੈ ਤੇ ਕੋਈ ਗ਼ਰੀਬ ਹੋ ਸਾਨੂੰ ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ ਕਿਸੇ ਦੀ ਚੋਪੜੀ ਵੇਖ ਕੇ ਆਪਣਾ ਜੀਅ ਨਹੀਂ ਤਰਸਾਉਣਾ ਚਾਹੀਦਾ।" ਦਲਜੀਤ ਨੇ ਮਾਸਟਰ ਦੀ ਗਲ ਟੋਕਦਿਆਂ ਇਹ ਇਕੇ ਸਾਹ ਸਭ ਕੁਝ ਆਖ ਦਿਤਾ ਸੀ ਤੇ ਹਫਿਆ ਹੋਇਆ ਇਕ ਦਮ ਅਪਣੀ ਥਾਂ ਤੇ ਬੈਠ ਗਿਆ ਸੀ। ਭਾਵੇਂ ਉਦੋਂ ਮੈਨੂੰ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਅਹੁੜਿਆ ਪਰ ਮੈਂ ਦਲਜੀਤ ਨੂੰ ਘਿਰਣਾ ਭਰੀਆਂ ਅੱਖਾਂ ਨਾਲ ਵੇਖਿਆ ਸੀ ਤੇ ਫਿਰ ਛੇਤੀ ਹੀ ਮੇਰਾ ਧਿਆਨ ਮਾਸਟਰ ਦੇ ਚਮਕਦੇ ਚਿਹਰੇ ਵਲ ਪਿਆ ਜਿਸ ਨਾਲ ਮੇਰਾ ਹੌਂਸਲਾ ਹੋਰ ਵੀ
ਵਧ ਗਿਆ ਸੀ।
“ਠੀਕ ਹੈ ਦਲਜੀਤ ਤੇਰਾ ਸਵਾਲ ਜਾਇਜ਼ ਹੈ ਪਰ ਵੇਖਣਾ ਇਹ ਹੈ ਕਿਸਮਤ ਬਣਾਉਂਦਾ ਕੌਣ ਹੈ?" ਮਾਸਟਰ ਨੇ ਦਲਜੀਤ ਦੇ ਚਿਹਰੇ ਉਤੇ ਡੂੰਘੀਆਂ ਨਜ਼ਰਾਂ ਸੁਟਦਿਆਂ ਆਖਿਆ ਤੇ ਮੈਂ ਜੇਤੂਆਂ ਵਾਲੀ ਸ਼ਾਨ ਨਾਲ ਉਸ ਵਲ ਵੇਖਿਆ ਉਸਨੇ ਧਿਆਨ ਥਲੇ ਸੁਟਿਆ ਹੋਇਆ ਸੀ ਜਿਵੇਂ ਕੋਈ ਦੋਸ਼ੀ ਸਾਥੀਆਂ ਸਾਹਮਣੇ ਆਪਣੇ ਜੁਰਮ ਦਾ ਇਕਬਾਲ ਕਰਨੋ ਸ਼ਰਮਾ ਜਾਂਦਾ ਹੈ, ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਮਾਸਟਰ ਦੀ ਆਵਾਜ਼ ਮੇਰੀ ਆਪਣੀ ਆਵਾਜ਼ ਹੁੰਦੀ ਜਾ ਰਹੀ ਸੀ।
'ਤੁਸੀਂ ਕਿਸੇ ਰਬ ਨੂੰ ਕਿਸਮਤ ਘਾੜਾ ਮੰਨਦੇ ਹੋਵੋਗੇ। ਜੇ ਤੁਹਾਡਾ ਇਹ ਵਿਸ਼ਵਾਸ਼ ਮੰਨ ਲਿਆ ਜਾਏ ਤਾਂ ਇਹ ਵਿਸ਼ਵਾਸ਼ ਹੀ ਆਪਣੇ ਆਪ ਵਿਚ ਕਾਇਮ ਨਹੀਂ, ਖੋਖਲਾ ਹੈ,ਥੋਥਾ ਹੈ।' ਮਾਸਟਰ ਨੇ ਦਸਿਆ ਸੀ, 'ਤੁਹਾਡਾ ਰਬ ਹਵਾ ਬਰਾਬਰ ਦੀ ਵੰਡ ਸਕਦਾ ਹੈ ਪਾਣੀ ਬਰਾਬਰ ਵੰਡ ਸਕਦਾ ਹੈ ਗਰੀਬ ਤੇ ਅਮੀਰ ਦੇ ਘਰ ਦਾ ਧੂੰਆਂ ਇਕੋ ਅਕਾਸ਼ ਵਿਚ ਸਮੋ ਸਕਦਾ ਹੈ ਤੇ ਫਿਰ ਪਤਾ ਨਹੀਂ ਕਣਕ ਦੇ ਦਾਣੇ ਵੰਡਣ ਲਗਿਆਂ ਉਹ ਇਹ ਸਾਂਝੀਵਾਲਤਾ ਦਾ ਅਸੂਲ ਕਿਉਂ ਭੁਲ ਗਿਆ? ਜੇ ਉਹ ਖੁਦਾ ਇਕ ਹੈ ਤੇ ਸਚਾ ਹੈ ਤੇ ਨਿਰਵੈਰ ਹੈ ਉਹ ਕਿਸੇ ਦਾ ਦੋਖੀ ਨਹੀਂ ਤਾਂ ਉਹ ਕਦੀ ਵੀ ਇਹ ਵਿਤਕਰੇ ਨਹੀਂ ਪਾ ਸਕਦਾ, ਉਸ ਦਾ ਕਾਨੂੰਨ ਇਕ ਹੋਣਾ ਚਾਹੀਦਾ ਹੈ ਤੇ ਸਚਾ। ਕਿਸਮਤ ਘੜਨ ਵਾਲਾ ਸਰਮਾਏਦਾਰ ਹੀ ਹੈ ਜੋ ਆਪਣੇ ਲਾਭ ਵਾਸਤੇ ਕਾਨੂੰਨ ਤੇ ਅਸੂਲ ਅਤੇ ਫਲਾਸਫੀਆਂ ਘੜਦਾ ਹੈ। ਦਲਜੀਤ! ਕੀ ਤੂੰ ਦਸ ਸਕਦਾ ਹੈਂ ਤੂੰ ਮਿਲ ਓਨਰ
ਦੇ ਘਰ ਕਿਉਂ ਜੰਮ ਪਿਆ ਤੇ ਲਿਵਤਾਰ ਇਕ ਗਰੀਬ ਪਿਉ ਦਾ ਪੁਤਰ ਕਿਉਂ ਹੈ?"
ਇਸ ਸਵਾਲ ਨਾਲ ਦਲਜੀਤ ਜਿਵੇਂ ਚੱਕਰਾ ਗਿਆ ਸੀ ਪਰ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਸੀ ਅਤੇ ਮੈਂ ਡਰਦਾ ਸਾਂ ਕਿਤੇ ਦੂਰ ਖਲੋਤਾ ਮਾਸਟਰ ਇਸ ਦੀ ਅਵਾਜ਼ ਨਾ ਸੁਣ ਲਵੇ ਤੇ ਪਤਾ ਨਹੀਂ ਫਿਰ ਉਹ ਮੇਰੀ ਬਾਬਤ ਕੀ ਖਿਆਲ ਕਰੇ।
"ਨਹੀਂ! ਪਰ ਸ਼ਾਇਦ ਤੂੰ ਇਹ ਵੀ ਕਿਸਮਤ ਜਾਂ ਕਰਮਾਂ ਦਾ ਹੀ ਫਲ ਦਸ ਸਕੇਗਾ। ਪਰ ਕੀ ਕੋਈ ਦਸ ਸਕਦਾ ਹੈ ਪਹਿਲੇ ਮਨੁੱਖ ਵਿਚ ਪਹਿਲਾ ਕਰਮ ਕਿਥੋਂ ਆਇਆ ਸੀ? ਪਰ ਕਰਮਾਂ ਦਾ ਝਗੜਾ ਉਦੋਂ ਹੀ ਸ਼ੁਰੂ ਹੁੰਦਾ ਹੈ ਜਦ ਮਨੁਖ ਭਾਈਚਾਰੇ ਵਿਚ ਰਹਿੰਦਾ ਹੈ। ਇਕ ਇਕਲਾ ਮਨੁਖ ਕੀ ਕਰਮ ਕਰ ਸਕਦਾ ਹੈ ਜਦ ਸਾਨੂੰ ਆਪਣੇ ਸਾਥੀਆਂ ਨਾਲ ਵਰਤਣਾ ਪੈਂਦਾ ਹੈ ਤਾਂ ਹੀ ਸਾਡੇ ਅਮਲਾਂ ਦਾ ਲੇਖਾ ਸ਼ੁਰੂ ਹੁੰਦਾ ਹੈ। ਅਸੀਂ ਭਾਈਚਾਰਕ ਜਾਨਵਰ ਹਾਂ, ਸਾਡੇ ਵਿਚੋਂ ਇਕ ਦਾ ਵੀ ਅਮਲ ਸਮੁਚੇ ਭਾਈਚਾਰੇ ਤੇ ਅਸਰ ਰਖਦਾ ਹੈ। ਇਸ ਵਾਸਤੇ ਜੇ ਸੁਸਾਇਟੀ ਦਾ ਇਕ ਆਦਮੀ ਲਾਲਚੀ ਹੋ ਜਾਏ, ਹਿਰਸੀਂ ਖੁਦਗਰਜ਼ ਤੇ ਧੋਖੇਬਾਜ਼ ਹੋ ਜਾਏ ਉਸਦਾ ਅਸਰ ਸਾਰੀ ਸੁਸਾਇਟੀ ਤੇ ਪਏ ਬਿਨਾਂ ਨਹੀਂ ਰਹਿ ਸਕਦਾ
"ਇਹ ਤਾਂ ਬੜੀ ਸਿੱਧੀ ਜਿਹੀ ਗਲ ਹੈ। ਫਰਜ਼ ਕਰੋ ਤੁਹਾਡੀ ਜਮਾਤ ਇਕ ਵਡਾ ਸਾਰਾ ਟੱਬਰ ਹੈ ਇਸ ਟੱਬਰ ਦਾ ਹਰ ਇਕ ਹਿਸੇਦਾਰ, ਆਪਣੇ ਜ਼ਿੰਮੇ ਦਾ ਕੰਮ ਕਰਦਾ ਹੈ। ਸਾਰੇ ਕੰਮ ਘਰ ਵਿਚ ਰਹਿ ਕੇ ਹੀ ਤਾਂ ਨਹੀਂ ਹੋ ਸਕਦੇ ਘਰੋਂ ਬਾਹਰ ਵੀ
ਜਾਣਾ ਪੈਂਦਾ ਹੈ, ਇਸ ਵਾਸਤੇ ਘਰ ਦੀ ਰਾਖੀ ਕਰਨਾ ਜ਼ਰੂਰ ਇਕ ਦੀ ਡਿਉਟੀ ਹੋਵੇਗਾ। ਨਾਲੇ ਇਡੇ ਵਡੇ ਟਬਰ ਦੇ ਕੰਮ ਵੀ ਜ਼ਿਆਦਾ ਹੋ ਜਾਂਦੇ ਹਨ ਹਰ ਇਕ ਨੂੰ ਹਮੇਸ਼ਾ ਹੀ ਆਪਣਾ ਕੰਮ ਚੇਤੇ ਨਹੀਂ ਰਹਿ ਸਕਦਾ ਇਸ ਵਾਸਤੇ ਜ਼ਰੂਰੀ ਹੈ ਇਕ ਸਭ ਤੋਂ ਸਿਆਣਾ ਬੰਦਾ ਚੁਣਕੇ ਉਸ ਦੇ ਜ਼ਿਮੇ ਬਾਕੀਆਂ ਨੂੰ ਉਨ੍ਹਾਂ ਦੇ ਕੰਮ ਯਾਦ ਕਰਾਉਣ ਦਾ ਕੰਮ ਹੋਵੇ। ਤੇ ਉਸ ਸਿਆਣੇ ਨੂੰ ਅਸੀਂ ਸਰਦਾਰ ਆਖ ਸਕਦੇ ਹਾਂ। ਪਰ ਜੇ ਸਰਦਾਰ ਲਾਲਚੀ ਹੋ ਜਾਏ ਹੈਂਕੜ ਬਾਜ਼ ਹੋ ਜਾਏ ਆਪਣੀ ਸਰਦਾਰੀ ਦੇ ਰੋਅਬ ਵਿਚ ਬਾਕੀਆਂ ਦਾ ਥੋੜਾ ਥੋੜਾ ਹਿਸਾ ਹੜਪ ਕਰਨ ਲਗ ਜਾਏ ਤਾਂ ਜ਼ਰੂਰੀ ਗਲ ਹੈ ਬਾਕੀਆਂ ਨੂੰ ਉਨ੍ਹਾਂ ਦੀ ਲੋੜ ਤੋਂ ਘਟ ਮਿਲਣ ਲਗ ਜਾਏਗਾ। ਇਹ ਤਾਂ ਠੀਕ ਹੈ ਕਿ ਉਹ ਸਰਦਾਰ ਉਨਾਂ ਹੀ ਖਾਏਗਾ ਤੇ ਪਹਿਨੇਗਾ ਜਿੰਨਾਂ ਬਾਕੀ ਖਾ ਪਹਿਨ ਸਕਦੇ ਹਨ ਤੇ ਇਸ ਤੋਂ ਵਧ ਜੇਹੜੀ ਉਹ ਲੁਟ ਘਸੁਟ ਕਰੇਗਾ ਉਹ ਬੇ-ਅਰਥ ਹੀ ਜਾਏਗੀ ਅਤੇ ਉਸ ਨਾਲ ਉਸਦੀ ਕੇਵਲ ਹਿਰਸ ਹੀ ਪੂਰੀ ਹੋਵੇਗੀ ਪਰ, ਇਸਦਾ ਅਸਰ ਬਾਕੀਆਂ ਉਤੇ ਜ਼ਰੂਰ ਹੋਵੇਗਾ, ਦੂਜਿਆਂ ਨੂੰ ਘਟ ਖਾਣ ਨੂੰ ਮਿਲੇਗਾ ਤੇ ਘਟ ਪਾਣ ਨੂੰ। ਤੇ ਇਸ ਹਾਲਤ ਵਿਚ ਸਿਰਫ ਇਕ ਹੀ ਇਲਾਜ ਬਾਕੀ ਰਹਿ ਜਾਂਦਾ ਹੈ-ਉਸ ਸਰਦਾਰ ਤੋਂ ਉਸਦੀ ਸਰਦਾਰੀ ਖੋਹ ਲਈ ਜਾਏ। ਤੁਸਾਂ ਆਪ ਹੀ ਸਾਰਿਆਂ ਰਲਕੇ ਉਸ ਨੂੰ ਵਡਿਆਇਆ ਹੋਵੇਗਾ ਪਰ ਜਦੋਂ ਉਹ ਇਸਦੇ ਕਾਬਲ ਨਹੀਂ ਰਹੇਗਾ ਤੁਸੀਂ ਹੀ ਉਸਨੂੰ ਥਲੇ ਲਾਹ ਸਕੋਗੇ।"
"ਸਰਕਾਰ ਨੂੰ ਵੀ ਇਦਾਂ ਹੀ ਅਸੀਂ ਸਮਝ ਸਕਦੇ ਹਾਂ। ਜਨਤਾ ਸਰਕਾਰ ਨੂੰ ਆਪ ਹੀ ਬਣਾਉਂਦੀ ਹੈ, ਤੇ ਕਿਸੇ ਦੇਸ਼ ਦੀ
ਉਦਾਂ ਦੀ ਕਿਸਮਤ ਬਣਾਉਂਦੀ ਹੈ। ਚੰਗੀ ਸਰਕਾਰ ਚੰਗੀਆਂ ਕਿਸਮਤਾਂ ਬਣਾਂਦੀ ਹੈ ਭੈੜੀ ਸਰਕਾਰ ਭੈੜੀਆਂ। ਤੇ ਭੈੜੀ ਸਰਕਾਰ ਨੂੰ ਬੰਦੇ ਹੀ ਬਦਲ ਸਕਦੇ ਹਨ। ਸਰਕਾਰ ਲੋਕਾਂ ਦੀ ਵਾੜ ਹੁੰਦੀ ਹੈ, ਲੋਕਾਂ ਦੇ ਆਪਣੀ ਹਥੀਂ ਲਾਈ, ਪਰ ਜੇ ਵਾੜ ਅੰਦਰ ਖੇਤੀ ਨੂੰ ਹੀ ਖਾਣ ਲਗ ਜਾਏ-ਉਸ 'ਸਰਦਾਰ' ਵਾਂਗੂੰ-ਤਾਂ ਲੋਕ ਹੀ ਉਸ ਚੰਦਰੀ ਵਾੜ ਨੂੰ ਪੁਟ ਕੇ ਨਵੀਂ ਵਾੜ ਲਾਉਂਦੇ ਹਨ।
ਪਤਾ ਨਹੀਂ ਕੇਹੜੇ ਵੇਲੇ ਪੀਰੀਅਡ ਵਜ ਗਿਆ ਮੈਂ ਆਪਣੇ ਖਿਆਲਾਂ ਵਿਚ ਹੀ ਗੁੰਮ ਸਾਂ ਤੇ ਮੇਰਾ ਧਿਆਨ ਉਦੋਂ ਟੁਟਿਆ ਜਦ ਸੈਕੰਡ ਮਾਸਟਰ ਨੇ ਮੁੰਡਿਆਂ ਦਾ ਰੌਲਾ ਹਟਾਉਣ ਵਾਸਤੇ ਆਪਣਾ ਬੈਂਤ ਜ਼ੋਰ ਨਾਲ ਮੇਜ਼ ਤੇ ਦੋ ਤਿੰਨ ਵਾਰੀਂ ਮਾਰਿਆ ਤੇ ਪਾਟੇ ਹੋਏ ਬਿੰਡੇ ਵਿਚੋਂ ਨਿਕਲੀ ਭੜਾਂਦੀ ਜਿਹੀ ਅਵਾਜ਼ ਨਾਲ, ਟਾਹਰਿਆ-ਖ਼ਾਮੋਸ਼।
ਨਵੇਂ ਮਾਸਟਰ ਦੇ ਆਉਣ ਨਾਲ ਮੈਨੂੰ ਆਪਣੀਆਂ ਸਾਰੀਆਂ ਮੁਸ਼ਕਲਾਂ ਭੁਲ ਗਈਆਂ ਸਨ। ਅਗੇ ਕਈ ਵਾਰੀ ਜਦੋਂ ਮੈਂ ਸੈਕੰਡ ਮਾਸਟਰ ਦੇ ਸਵਾਲ ਨਹੀਂ ਸਨ ਕਢੇ ਹੁੰਦੇ ਮੈਨੂੰ ਮਾਰ ਤੋਂ ਡਰਦਿਆਂ ਕਈ ਊਲ ਜਲੂਲ ਬਹਾਨੇ ਬਣਾਉਣੇ ਪੈਂਦੇ ਸਨ,-ਮੈਨੂੰ ਜ਼ੁਕਾਮ ਹੋ ਗਿਆ ਸੀ, ਜੀ ਛੋਟੀ ਭੈਣ ਨੇ ਮੇਰਾ ਹਿਸਾਬ ਲੁਕਾ ਦਿਤਾ ਸੀ, ਜਾਂ ਕਲ ਸਾਰੀ ਰਾਤ ਸਾਡੀ ਬਿਜਲੀ ਨਹੀਂ ਸੀ ਆਈ। ਪਰ ਹੁਣ ਜਿਵੇਂ ਮੇਰੇ ਮਨ ਵਿਚ ਅਥਾਹ ਹੌਂਸਲਾ ਭਰਿਆ ਗਿਆ ਸੀ, ਫਿਰ ਮੈਂ ਕਦੀ ਵੀ ਫਜ਼ੂਲ ਬਹਾਨੇ ਨਹੀਂ ਸਾਂ ਬਣਾਉਂਦਾ ਤੇ ਹੁਣ ਮੈਨੂੰ ਸੈਕੰਡ ਮਾਸਟਰ ਤੋਂ ਮਾਰ ਵੀ ਘਟ ਹੀ ਪੈਂਦੀ ਸੀ। ਇਸ ਦਾ ਇਹ ਭਾਵ ਨਹੀਂ ਸੀ ਕਿ ਪਹਿਲਾਂ
ਮੈਂ ਸਵਾਲ ਨਹੀਂ ਸਾਂ ਕਢਦਾ ਤੇ ਹੁਣ ਕਢਦਾ ਸਾਂ, ਪਰ ਇਹ ਮੇਰੇ ਵਿਚ ਕਦੀ ਵੀ ਹੌਂਸਲਾ ਨਹੀਂ ਸੀ ਹੋਇਆ ਕਿ ਮੈਂ ਮੁਸ਼ਕਲ ਸਵਾਲ ਸੈਕੰਡ ਮਾਸਟਰ ਨੂੰ ਸਮਝਾਉਣ ਵਾਸਤੇ ਆਖਦਾ, ਅਤੇ ਕਿਸੇ ਡਰ ਹੇਠ ਦਬਿਆ ਹੀ ਬਹਾਨੇ ਬਣਾ ਕੇ ਔਖੇ ਸਵਾਲ ਨਾ ਕਢਣ ਕਰਕੇ ਮਾਰ ਖਾਣੀ ਪੈਂਦੀ ਸੀ। ਹੁਣ ਮੈਂ ਸੈਕੰਡ ਮਾਸਟਰ ਦੇ ਪੁਛਣ ਤੋਂ ਪਹਿਲਾਂ ਹੀ ਹਿਸਾਬ ਖੋਲ੍ਹ ਕੇ ਉਸ ਦੇ ਅਗੇ ਮੇਜ਼ ਤੇ ਰਖ ਦੇਂਦਾ ਤੇ ਕੋਈ ਮੁਸ਼ਕਲ ਸਵਾਲ ਸਮਝਾਉਣ ਵਾਸਤੇ ਆਖਦਾ, ਜੇਹੜਾ ਕਿ ਉਹ ਕਈ ਵਾਰੀ ਆਪ ਵੀ ਨਹੀਂ ਸੀ ਹਲ ਕਰ ਸਕਦਾ ਤੇ ਸਾਰਾ ਸਾਰਾ ਪੀਰੀਅਡ ਚਾਕਾਂ ਘਸਾ ਘਸਾ ਕੇ ਬੋਰਡ ਚਿੱਟਾ ਕਰਕੇ ਟੱਲੀ ਮੁਕਣ ਤੇ ਇਹ ਆਖਦਾ ਹੋਇਆ ਨਿਕਲ ਜਾਂਦਾ,-ਇਹ ਸਵਾਲ ਇਮਪਾਰਟੈਂਟ ਨਹੀਂ ਬੇਸ਼ਕ ਛਡ ਦੇਣਾ-ਤੇ ਉਸ ਦੇ ਬੂਹਿਓਂ ਬਾਹਰ ਹੁੰਦਿਆਂ ਹੀ ਅਸੀਂ ਸਾਰੇ ਇਕ ਖੁਸ਼ੀ ਦਾ ਨਾਅਰਾ ਲਾ ਦੇਂਦੇ,-ਜਲ ਤੂੰ ਜਲਾਲ ਤੂੰ, ਆਈ ਬਾਈ ਬਲਾ ਟਾਲ ਤੂੰ!
ਅਤੇ ਫਿਰ ਜਦੋਂ ਸਾਡੇ ਨਵੇਂ ਮਾਸਟਰ ਦਾ ਪੀਰੀਅਡ ਸ਼ੁਰੂ ਹੋ ਜਾਂਦਾ ਮੈਨੂੰ ਆਪਣੀ ਜਮਾਤ ਇਕ ਨਿਕਾ ਜਿਹਾ ਬਗੀਚਾ ਜਾਪਣ ਲਗ ਜਾਂਦੀ, ਜਿਸ ਵਿਚ ਰੰਗ ਬਰੰਗੀਆਂ ਪੱਗਾਂ ਵਾਲੇ ਹਸਦੇ ਤੇ ਮੁਸਕ੍ਰਾਂਦੇ ਮੁੰਡੇ ਮੈਨੂੰ ਰੰਗ ਰੰਗ ਦੇ ਫੁਲ ਜਾਪਦੇ ਜੋ ਟਾਹਣੀਆਂ ਤੇ ਠੰਡੀ ਰੁਮਕਦੀ ਪੌਣ ਨਾਲ ਝੂਮ ਰਹੇ ਹੋਣ,-ਤੇ ਨਵਾਂ ਮਾਸਟਰ, ਇਕ ਸਿਆਣੇ ਤਜਰਬਾ ਕਾਰ ਮਾਲੀ ਵਾਂਗੂੰ ਇਨ੍ਹਾਂ ਖਿੜ ਰਹੇ ਫੁਲਾਂ ਨੂੰ ਡੂੰਘੇ ਪਿਆਰ ਦੀਆਂ ਨਜ਼ਰਾਂ ਨਾਲ ਚੁੰਮਣ ਵਾਸਤੇ ਅੰਦਰ ਆ ਜਾਂਦਾ। ਫਿਰ ਮੈਂ ਮਹਿਸੂਸ ਕਰਦਾ ਦੇਸ਼ ਦੇ
ਬੱਚਿਆਂ ਦਾ ਜੀਵਨ ਢਾਲਣ ਵਾਸਤੇ,-ਕਿਉਂ ਅਸੀਂ ਪੜ੍ਹਦੇ ਰਹੇ ਹਾਂ-ਆਦ੍ਰਸ਼ਕ ਮਾਸਟਰ ਹੋਣੇ ਚਾਹੀਦੇ ਹਨ। ਫਿਰ ਮੇਰਾ ਖ਼ਿਆਲ ਹੈਡ ਮਾਸਟਰ ਦੀ ਮਧਮ ਹੋ ਰਹੀ ਸੂਰਤ ਵਲ ਖਿਚਿਆ ਜਾਂਦਾ, ਜੋ ਪਲ ਪਲ ਮੈਨੂੰ ਪੰਘਰਦੀ ਜਾਪਦੀ, ਉਸ ਕਪੜੇ ਵਾਂਗੂੰ ਡਿਗਦੀ ਜਾਪਦੀ ਜੋ ਕੋਰਾ ਹੀ ਸਿਊਣ ਪਿਛੋਂ ਇਕ ਵਾਰ ਵੀ ਧੋਤਾ ਨਹੀਂ ਸੀ ਗਿਆ, ਜਿਸ ਨੂੰ ਮੈਲ ਨੇ ਚੁੰਣ੍ਹ ਚੁੰਣ੍ਹ ਕੇ ਖਾ ਲਿਆ ਸੀ ਤੇ ਜੋ ਆਪਣੇ ਆਪ ਹੀ ਗਲੋਂ ਖਿਸਕ ਕੇ ਲਹਿ ਰਿਹਾ ਸੀ।
ਮੈਂ ਦਸਿਆ ਹੈ, ਸਾਡਾ ਹੈਡ ਮਾਸਟਰ ਗੁਲਾਮ ਤਬੀਅਤ ਦਾ ਜੀ ਹਜ਼ੂਰੀਆ ਸੀ। ਉਸਦੇ ਖ਼ਿਆਲ ਬਾਬੇ ਆਦਮ ਦੇ ਵੇਲੇ ਦੇ ਸਨ। ਉਹ ਮੁੰਡਿਆਂ ਦੀ ਅਜ਼ਾਦੀ ਦੇ ਹੱਕ ਵਿਚ ਨਹੀਂ ਸੀ,- ਮੁੰਡਿਆਂ ਨੂੰ ਸਿਨੇਮਾ ਨਹੀਂ ਵੇਖਣਾ ਚਾਹੀਦਾ, ਗਾਣਾ ਨਹੀਂ ਸਿਖਣਾ ਚਾਹੀਦਾ, ਬਸ ਪੜ੍ਹਦੇ ਹੀ ਰਹਿਣਾ ਚਾਹੀਦਾ ਹੈ, ਸਵੇਰੇ ਅਠ ਵਜੇ ਤੋਂ ਸ਼ਾਮ ਦੇ ਅਠ ਵਜੇ ਤਕ, ਬਸ ਅੱਠੂ ਆਠੇ ਚੌਂਠ ਘੰਟੇ ਹੀ ਕੰਪੋਜ਼ੀਸ਼ਨਾਂ ਨੂੰ ਘੋਟਦੇ ਰਹਿਣਾ ਚਾਹੀਦਾ ਹੈ, ਫਰੇਜ਼ਾਂ ਰਟਦੇ ਰਹਿਣਾ ਚਾਹੀਦਾ ਹੈ। ਇਸੇ ਵਾਸਤੇ ਉਸ ਦੀ ਹੈਡ ਮਾਸਟਰੀ ਦੇ ਵੱਕਤ ਸਕੂਲ ਵਿਚ ਬੈਂਡ ਦਾ ਸਾਮਾਨ ਹਮੇਸ਼ਾਂ ਅਲਮਾਰੀਆਂ ਵਿਚ ਬੰਦ ਹੀ ਪਿਆ ਰਹਿੰਦਾ ਸੀ, ਡਰਿਲ ਮਾਸਟਰ ਵੀ ਕੋਈ ਨਹੀਂ ਸੀ ਰਖਿਆ ਹੋਇਆ, ਪਰ ਡਰਿਲ ਦਾ ਇਕ ਪੀਰੀਅਡ ਜ਼ਰੂਰ ਹੁੰਦਾ ਸੀ ਜਿਸ ਵਿਚ ਉਹ ਸਾਨੂੰ ਅਨੈਲੇਸਿਜ਼ ਕਰਾਉਂਦਾ ਹੁੰਦਾ ਸੀ।
ਇਕ ਵਾਰੀ, ਮੈਨੂੰ ਯਾਦ ਹੈ, ਅੱਧੀ ਛੁੱਟੀ ਵੇਲੇ ਹੈਡ ਮਾਸਟਰ ਨੇ ਬਚਨ ਨੂੰ-"ਸਾਰੀ ਰਾਤ ਤੇਰਾ ਤਕਨੀਆਂ ਰਾਹ"-
ਗੋਂਦਿਆਂ ਸੁਣ ਲਿਆ ਸੀ, ਤੇ ਜਦੋਂ ਉਸ ਪਿਛੋਂ ਉਸ ਦੀ ਟਲੀ ਆਈ, ਉਸ ਨੇ ਸੇਕੰਡ ਮਾਸਟਰ ਦਾ ਡੰਡਾ ਮੰਗਾ ਕੇ ਪੰਜ ਬਚਨ ਦੇ ਪੁੱਠੇ ਹਥਾਂ ਤੇ ਮਾਰੇ ਸਨ ਤੇ ਅਧੀ ਟਲੀ ਸਿਨਿਮਿਆਂ ਦੀ ਬੁਰਾਈ ਤੇ ਲੈਕਚਰ ਦੇਂਦਾ ਰਿਹਾ ਸੀ।
ਹੈਡ ਮਾਸਟਰ ਅੰਗ੍ਰੇਜ਼ੀ, ਹਿਸਾਬ ਤੇ ਤਾਰੀਖ ਜੁਗਰਾਫੀਏ ਨੂੰ ਹੀ ਜ਼ਰੂਰੀ ਮਜ਼ਮੂਨ ਸਮਝਦਾ ਸੀ। ਡਰਾਇੰਗ, ਸਾਇੰਸ ਪੰਜਾਬੀ ਤੇ ਉਰਦੂ ਉਸ ਦੇ ਖ਼ਿਆਲ ਵਿਚ ਵਾਧੂ ਅਯਾਸ਼ੀ ਸਨ। ਉਹ ਸਾਨੂੰ ਅੰਗ੍ਰੇਜ਼ੀ ਪੜ੍ਹਾਉਂਦਾ ਸੀ, ਪਰ ਉਸ ਦੀਆਂ ਲਿਖਾਈਆਂ ਹੋਈਆਂ ਸਟੋਰੀਆਂ ਤੇ ਕੰਪੋਜ਼ੀਸ਼ਨਾਂ ਸਾਲਾਂ ਤੋਂ ਉਹੋ ਹੀ ਤੁਰੀਆਂ ਆ ਰਹੀਆਂ ਸਨ। ਇਸਦਾ ਸਾਨੂੰ ਇਹ ਫ਼ਾਇਦਾ ਸੀ, ਅਸੀਂ ਜਦੋਂ ਕਦੇ ਉਸ ਦੀ ਕੋਈ ਘੰਟੀ ਨਾ ਪੜ੍ਹ ਸਕਦੇ ਤਾਂ ਕਿਸੇ ਦਸਵੀਂ ਪਾਸ ਕਰ ਚੁਕੇ ਮੁੰਡੇ ਦੀ ਕਾਪੀ ਲੈ ਕੇ ਉਸ ਦਿਨ ਵਾਲਾ ਸਾਰਾ ਸਬਕ ਨਕਲ ਕਰ ਲੈਂਦੇ ਤੇ ਹੈਡ ਮਾਸਟਰ ਖੁਸ਼ ਹੋ ਕੇ ਦਸਖ਼ਤ ਕਰਦਿਆਂ ਪਿਠ ਤੇ ਥਾਪੀ ਦੇ ਕੇ ਆਖਦਾ,- ਸ਼ਾਬਾਸ਼, ਲਿਵਤਾਰ ਬੜਾ ਜ਼ਹੀਨ ਬਚਾ ਹੈ, ਭਾਵੇਂ ਸਕੂਲ ਨਾ ਵੀ ਆਵੇ, ਕੰਮ ਵਿਚ ਰੈਗੂਲਰ ਹੈ, ਬਸ ਸਟੂਡੈਂਟ ਇਦਾਂ ਦੇ ਹੀ ਹੋਣੇ ਚਾਹੀਦੇ ਹਨ।
ਸ਼ਾਇਦ ਹੈਡ ਮਾਸਟਰ ਨੂੰ ਨਵੀਨਤਾ ਨਾਲ ਚਿੜ ਸੀ, ਜਾਂ ਤਬਦੀਲੀ ਉਸਦੀ ਆਲਸ ਦੇ ਗੰਠੀਏ ਨਾਲ ਨਿਢਾਲ ਹੋਈ ਰੂਹ ਨੂੰ ਕੜੱਲਾਂ ਪਾ ਦੇਂਦੀ ਸੀ, ਉਸ ਨੇ ਕਦੀ ਵੀ ਕੋਈ ਐਸਾ ਕੰਮ ਸਕੂਲ ਵਿਚ ਨਹੀਂ ਸੀ ਹੋਣ ਦਿਤਾ ਜਿਸ ਨਾਲ ਮੁੰਡਿਆਂ ਨੂੰ ਨਚਨ ਟਪਣ ਦਾ ਸਮਾਂ ਮਿਲ ਸਕਦਾ। ਇਸੇ ਵਾਸਤੇ ਸਾਡੇ ਸਕੂਲ
ਵਿਚ ਬਹੁਤ ਘਟ ਮਦਾਰੀ ਆਉਂਦੇ ਸਨ, ਤੇ ਜੇ ਕੋਈ ਆ ਵੀ ਜਾਂਦਾ, ਉਹ ਪੈਸੇ ਘਟ ਮਿਲਣ ਕਰਕੇ ਅਗੇ ਤੋਂ ਨਾ ਆਉਣ ਦਾ ਪ੍ਰਣ ਕਰਕੇ ਚਲਾ ਜਾਂਦਾ।
ਪਰ ਨਵਾਂ ਮਾਸਟਰ, ਸਾਰੇ ਸਕੂਲ ਵਿਚ ਨਵੀਂ ਹੀ ਜਾਨ ਪਾ ਰਿਹਾ ਸੀ। ਪ੍ਰਾਰਥਨਾ ਤੋਂ ਮਗਰੋਂ ਹਰ ਸਨਿਚਰ ਵਾਰ ਇਕ ਨਿਕਾ ਜਿਹਾ ਲੈਕਚਰ ਵੀ ਹੋਣ ਲਗ ਪਿਆ ਸੀ, ਭਾਵੇਂ ਇਹ ਧਾਰਮਕ ਲੈਕਚਰ ਹੀ ਹੁੰਦਾ ਸੀ, ਅਤੇ ਨਵਾਂ ਮਾਸਟਰ ਇਸ ਵਿਸ਼ੇ ਤੇ ਕਦੀ ਨਹੀਂ ਸੀ ਬੋਲਿਆ, ਗਿਆਨੀ ਮਾਸਟਰ ਹੀ ਵਖਿਆਨ ਕਰਿਆ ਕਰਦਾ ਸੀ, ਪਰ ਇਹ ਰੀਤ ਨਵੇਂ ਮਾਸਟਰ ਦੀ ਹੀ ਤੋਰੀ ਸੀ। ਹਰ ਸਾਤੇ ਪਿਛੋਂ ਹੁਣ ਸਕੂਲ ਵਿਚ ਸਾਹਿੱਤਕ ਮੀਟਿੰਗ ਵੀ ਹੋਣ ਲਗ ਪਈ ਸੀ, ਜਿਸ ਦੀ ਕਾਰਵਾਈ ਕੇਵਲ ਨਵਾਂ ਮਾਸਟਰ ਹੀ ਅਰੰਭਿਆ ਕਰਦਾ ਸੀ। ਸਾਰੇ ਸਕੂਲ ਤੇ ਇਕ ਖੇੜਾ ਜਿਹਾ ਆ ਰਿਹਾ ਸੀ, ਮੈਂ ਆਪਣੇ ਵਿਚ ਇਕ ਵਡੀ ਤਬਦੀਲੀ ਮਹਿਸੂਸ ਕਰ ਰਿਹਾ ਸਾਂ, ਮੈਨੂੰ ਸਕੂਲ ਨਾਲ ਇਕ ਪਿਆਰ ਜਿਹਾ ਹੁੰਦਾ ਜਾਂਦਾ ਸੀ। ਮੈਂ ਚਾਈਂ ਚਾਈਂ ਸਕੂਲ ਆਉਂਦਾ ਸਕੂਲ ਆਕੇ ਪਤਾ ਨਹੀਂ ਕੇਹੜੇ ਵੇਲੇ ਸਾਰੀ ਛੁਟੀ ਹੋ ਜਾਂਦੀ, ਤੇ ਮੈਂ ਸਵੇਰੇ ਮੁੜ ਆਉਣ ਦੀ ਆਸ ਦਿਲ ਵਿਚ ਲੈਕੇ ਘਰ ਨੂੰ ਆ ਜਾਂਦਾ।
ਸਾਡਾ ਘਰ ਵੀ ਨਵੇਂ ਮਾਸਟਰ ਦੇ ਰਾਹ ਵਿਚ ਹੀ ਸੀ, ਇਸ ਵਾਸਤੇ ਕਦੇ ਕਦੇ ਛੁਟੀ ਵੇਲੇ ਘਰ ਜਾਂਦਿਆਂ ਅਸੀਂ ਇਕਠੇ ਹੀ ਜਾਂਦੇ ਸਾਂ, ਅਤੇ ਰਾਹ ਵਿਚ ਮੈਨੂੰ ਮਾਸਟਰ ਨਾਲ ਗਲਾਂ ਕਰਕੇ ਬੜਾ ਸੁਆਦ ਆਉਂਦਾ ਸੀ।
“ਵੇਖ ਲਿਵਤਾਰ।" ਇਕ ਦਿਨ ਤੁਰੇ ਤੁਰੇ ਜਾਂਦਿਆਂ,
ਇਕ ਬੁਢੇ ਮਰੀਅਲ ਜਿਹੇ ਫ਼ਕੀਰ ਵਲ ਇਸ਼ਾਰਾ ਕਰਕੇ ਮਾਸਟਰ ਨੇ ਆਖਿਆ ਸੀ। ਉਸ ਮੰਗਤੇ ਦੇ ਇਕ ਹੱਥ ਵਿਚ ਇਕ ਸੋਟੀ ਸੀ ਜਿਸਦੇ ਆਸਰੇ ਉਹ ਸੜਕ ਦੇ ਕੰਢੇ ਤੇ ਖਲੋਤਾ ਝੂਲ ਰਿਹਾ ਸੀ। ਦੂਜਾ ਹੱਥ ਉਸ ਨੇ ਅੱਗੇ ਅੱਡਿਆ ਹੋਇਆ ਸੀ। ਉਸ ਦੀਆਂ ਸੁਕੀਆਂ ਕਾਨਿਆਂ ਵਰਗੀਆਂ ਲਤਾਂ ਸ਼ਾਇਦ ਉਸ ਦੇ ਕੜਬ ਸਰੀਰ ਦਾ ਭਾਰ ਨਹੀਂ ਸਨ ਸਹਾਰ ਸਕਦੀਆਂ, ਕਮਾਨ ਵਾਂਗੂ ਲਿਫੀਆਂ ਹੋਈਆਂ ਸਨ। ਨੰਗੀਆਂ ਲਤਾਂ ਤੇ ਬਾਹਾਂ ਤੋਂ ਜਿਵੇਂ ਕਿਸੇ ਨੇ ਹੱਥ ਦੀ ਸਫ਼ਾਈ ਨਾਲ ਉਸਦੀ ਕਾਲੀ ਸਿਆਹ ਚਮੜੀ ਦੇ ਥਲਿਉਂ ਉਸਦਾ ਮਾਸ ਸੁਰੜਕ ਲਿਆ ਸੀ। ਨਾੜਾਂ ਦੇ ਗੁੱਛੇ ਥਾਂ ਥਾਂ ਉਬਰੇ ਹੋਏ ਸਨ। ਉਸ ਦੀ ਚਿੱਬਖੜਿੱਬੀ ਖੋਪਰੀ ਵਿਚ ਸ਼ਾਇਦ ਕਦੀ ਦੋ ਚਮਕਦੀਆਂ ਅੱਖਾਂ ਹੋਣਗੀਆਂ, ਪਰ ਹੁਣ ਦੋ ਉਲੀ ਲਗੇ ਕਾਲਚੇ ਹਵਾ ਵਿਚ ਬਿਤਰ ਬਿਤਰ ਝਾਕ ਰਹੇ ਸਨ ਤੇ ਉਸ ਦੇ ਮੂੰਹੋਂ ਇਹ ਲਫਜ਼ ਇਕ ਤਾਰ ਨਿਕਲ ਰਹੇ ਸਨ-"ਸਰਦਾਰ ਜੀ ਇਕ ਪੈਸਾ, ਸਰਦਾਰ ਜੀ, ਇਕ ਪੈਸਾ।"
ਸ਼ਾਇਦ ਮਾਸਟਰ ਇਸ ਨੂੰ ਕੁਝ ਦੇਣ ਵਾਸਤੇ ਆਖ ਰਿਹਾ ਹੋਵੇਗਾ-ਮੈਂ ਸੋਚਿਆ ਸੀ, ਪਰ ਜਲਦੀ ਹੀ ਮੇਰਾ ਅਨੁਮਾਨ ਗਲਤ ਸਾਬਤ ਹੋ ਗਿਆ ਜਦ ਕੁਝ ਕਦਮ ਅਗਾਂਹ ਜਾ ਕੇ ਮਾਸਟਰ ਨੇ ਆਖਣਾ ਸ਼ੁਰੂ ਕੀਤਾ ਸੀ-
"ਇਹ ਆਜ਼ਾਦ ਹਿੰਦੁਸਤਾਨੀ ਹੈ, ਭਾਰਤ ਮਾਂ ਦਾ ਲਾਲ! ਲਿਵਤਾਰ, ਕਦੀ ਮਕੜੀ ਦਾ ਜਾਲਾ ਵੇਖਿਆ ਈ, ਤੇ ਉਸ ਜਾਲੇ ਵਿਚ ਫਸੀ ਹੋਈ ਇਕ ਅੱਧੀ ਸੁੱਕੀ ਹੋਈ ਮੱਖੀ ਜਿਸ ਦਾ ਸਾਰਾ ਤੱਤਾ ਤੱਤਾ ਖੂਨ ਮਕੜੀ ਚੂਸ ਚੁਕੀ ਹੁੰਦੀ ਹੈ। ਇਹ ਮੰਗਤਾ ਬਸ
ਉਹੀ ਮੱਖੀ ਹੈ, ਸਰਮਾਏਦਾਰੀ ਦੇ ਜਾਲ ਦੀਆਂ ਹਿਰਸੀ ਤੰਦੀਆਂ ਵਿਚ ਜਕੜਿਆਂ ਹੋਇਆ, ਜਿਸ ਦਾ ਖੂਨ ਆਖਰੀ ਤੁਪਕੇ ਤਕ ਸਰਮਾਏਦਾਰ ਚੂਸ ਲੈਣਾ ਚਾਹੁੰਦੇ ਹਨ। ਸਰਮਾਏਦਾਰੀ ਇਕ ਸ਼ੈਤਾਨੀ ਕਾਲੇ ਧੂੰਏ ਦੀ ਮਿਲ ਹੈ, ਜਿਸ ਵਿਚ ਤਾਜ਼ੇ ਬੰਦੇ ਸੁਟੇ ਜਾਂਦੇ ਹਨ ਤੇ ਉਹ ਅਖੀਰ ਚੋਰ, ਡਾਕੂ, ਲੁਚੇ ਤੇ ਮੰਗਤੇ ਬਣ ਕੇ ਬਾਹਰ ਆਉਂਦੇ ਹਨ।”
ਮੈਂ ਇਹ ਸਣਕੇ ਆਪਣੀਆਂ ਹੀ ਸੋਚਾਂ ਵਿਚ ਵਹਿ ਗਿਆ ਸਾਂ। ਮੈਂ ਪਹਿਲਾਂ ਕਦੀ ਵੀ ਆਪਣੇ ਭਵਿਸ਼ ਬਾਰੇ ਨਹੀਂ ਸੀ ਸੋਚਿਆ, ਪਰ ਉਸ ਵੇਲੇ ਬਦੋ ਬਦੀ ਮੇਰਾ ਮਨ ਆਪਣਾ ਨਿਰਾਸ਼ਾਵਾਦੀ ਅੰਤ ਕਲਪ ਰਿਹਾ ਸੀ। ਕੀ ਮੈਂ ਵੀ ਇਦਾਂ ਹੀ ਜ਼ਿੰਦਗੀ ਦੀ ਦੌੜ ਵਿਚ ਪਿਛੇ ਸੁਟ ਦਿਤਾ ਜਾਂਵਾਗਾ, ਮੈਂ ਅਗੇ ਨਹੀਂ ਪੜ੍ਹ ਸਕਾਂਗਾ, ਅਸੀਂ ਘਰੋਂ ਗਰੀਬ ਸਾਂ, ਘਟ ਪੜ੍ਹ ਕੇ ਨੌਕਰੀ ਵੀ ਥੋੜੀ ਤਨਖਾਹ ਵਾਲੀ ਹੀ ਮਿਲੇਗੀ, ਮੈਂ ਗਰੀਬ ਦਾ ਪੁਤਰ ਗਰੀਬ ਹੀ ਰਹਿ ਜਾਵਾਂਗਾ ਤੇ ਦਰਜਨ ਕੁ ਹੋਰ ਗਰੀਬ ਪੈਦਾ ਕਰ ਦਿਆਂਗਾ-ਅਤੇ ਮੈਨੂੰ ਆਪਣੇ ਘਰ ਦੇ ਪਛਵਾੜੇ ਢੱਠੀ ਹੋਈ ਭੱਠੀ ਵਿਚ ਰਹਿਣ ਵਾਲੀ ਡੱਬੀ ਕੁਤੀ ਦਾ ਖਿਆਲ ਆ ਗਿਆ, ਜੋ ਐਤਕਾਂ ਛੇ ਕਤੂਰੇ ਸੂਈ ਸੀ, ਤੇ ਸੂਣ ਪਿਛੋਂ ਉਸਦਾ ਫੁੱਲਿਆ ਹੋਇਆ ਢਿੱਡ ਪਿਚਕ ਗਿਆ ਸੀ, ਅਤੇ ਕਤੂਰੇ ਉਸਦੇ ਵਡੇ ਵਡੇ ਮਹੁਕਿਆਂ ਵਰਗੇ ਥਣਾਂ ਨਾਲ ਚੰਬੜੇ ਹੋਏ ਚੂਕ ਰਹੇ ਸਨ,-ਸ਼ਾਇਦ ਤਾਂ ਹੀ ਕੁਤੀ ਸੂਆ' ਅਖਾਣ ਮਸ਼ਹੂਰ ਹੋ ਗਿਆ ਸੀ। ਮੇਰਾ ਮਨ ਕੰਬ ਗਿਆ, ਮੇਰੇ ਸਾਰੇ ਸਰੀਰ ਵਿਚ ਕੀੜੀਆਂ ਦੀ ਸੁਰਲ ਸੁਰਲ ਹੋਣ ਲਗ ਪਈ ਸੀ ਮੈਂ ਭਜ ਜਾਣਾ ਚਾਹੁੰਦਾ ਸਾਂ ਕਿਤੇ ਦੂਰ ਜਿਥੇ ਮਕੜੀਆਂ
ਨਾ ਹੋਣ, ਮੈਂ ਖੇਤੀ-ਖਾਣੀ ਵਾੜ ਟਪ ਜਾਣੀ ਚਾਹੁੰਦਾ ਸਾਂ।
“ਮਾਸਟਰ ਜੀ ਕੋਈ ਐਸਾ ਦੇਸ਼ ਵੀ ਹੈ ਜਿਥੇ ਬੰਦੇ ਆਜ਼ਾਦ ਹਨ?" ਮੈਂ ਹੌਸਲਾ ਕਰਕੇ ਪੁਛਿਆ ਸੀ।
“ਹਾਂ ਲਿਵਤਾਰ, ਬਹੁਤ ਵਡੇ ਵਡੇ ਬਹੁਤ ਦੇਸ਼ ਹਨ ਜਿਥੇ ਬੰਦਾ ਬੰਦੇ ਦਾ ਦਾਸ ਨਹੀਂ ਹੈ, ਸਰਮਾਏਦਾਰੀ ਮੁਕ ਚੁਕੀ ਹੈ, ਬੇਕਾਰੀ ਤੇ ਅਨਪੜ੍ਹਤਾ ਸੁਪਨਾ ਹੋ ਚੁਕੀਆਂ ਹਨ।” ਮਾਸਟਰ ਨੇ ਕਿਹਾ ਸੀ।
“ਕੀ ਅਸੀਂ ਉਥੇ ਨਹੀਂ ਜਾ ਸਕਦੇ? ਉਹ ਦੇਸ਼ ਕੇਹੜੇ ਹਨ?” ਮੈਂ ਮੁੰਡਿਆਂ ਵਾਲੀ ਕਾਹਲੀ ਚਾਅ ਭਰੀ ਅਵਾਜ਼ ਵਿਚ ਪੁਛਿਆ ਸੀ।
"ਰੂਸ, ਚੀਨ, ਪੋਲੈਂਡ, ਹੰਗਰੀ, ਜ਼ੈਚੋਸਲੋਵਾਕੀਆ, ਰੂਮਾਨੀਆਂ ਤੇ ਕਈ ਹੋਰ। ਪਰ ਸਾਨੂੰ ਉਥੇ ਜਾਣ ਦੀ ਕੀ ਲੋੜ ਹੈ ਲਿਵਤਾਰ! ਤੂੰ ਚਲਾ ਜਾਏਂ ਯਾ ਮੈਂ ਵੀ ਚਲਿਆ ਜਾਵਾਂ, ਪਰ ਬਾਕੀ ਚਾਲ੍ਹੀ ਕਰੋੜ ਹਿੰਦੀ ਕਿਥੇ ਜਾਣਗੇ। ਇਥੋਂ ਭਜ ਜਾਣਾ ਸੋਚਣਾ ਠੀਕ ਨਹੀਂ, ਸਾਨੂੰ ਆਪਣਾ ਘਰ ਹੀ ਉਹਨਾਂ ਦੇਸ਼ਾਂ ਵਾਂਗੂੰ ਪੂਰੀ ਕੋਸ਼ਿਸ਼ ਕਰਕੇ ਨਵੀਆਂ ਲੀਹਾਂ ਤੇ ਤੋਰਨਾ ਚਾਹੀਦਾ ਹੈ।"
ਇਸ ਪਿਛੋਂ ਮੇਰਾ ਘਰ ਆ ਗਿਆ ਤੇ ਮੈਂ ਸਤਿ ਸ੍ਰੀ ਅਕਾਲ ਆਖਕੇ ਪਰਤ ਗਿਆ ਸਾਂ।
ਇਕ ਸ਼ਨੀਚਰ ਵਾਰ ਗਿਆਨੀ ਮਾਸਟਰ ਨਹੀਂ ਸੀ ਆਇਆ, ਪ੍ਰਾਰਥਨਾ ਮਗਰੋਂ ਨਵਾਂ ਮਾਸਟਰ ਲੈਕਚਰ ਕਰ ਰਿਹਾ ਸੀ। ਲੈਕਚਰ-"ਮਜ਼੍ਹਬ ਕੀ ਹੈ, ਤੇ ਇਕ ਕਾਮਯਾਬ ਮਜ਼੍ਹਬ ਦੀਆਂ
ਖੂਬੀਆਂ" ਤੇ ਸੀ। ਮਾਸਟਰ ਨੇ ਦਸਿਆ ਸੀ ਦੁਨੀਆਂ ਵਿਚ ਸਮੇਂ ਸਮੇਂ ਜਿੰਨੇ ਵੀ ਮਜ਼੍ਹਬ ਆਏ ਸਭ ਮਨੁਖ ਦੀ ਆਰਥਕਤਾ ਦਾ ਹਲ ਹੀ ਸਨ। ਸਭ ਮਜ਼੍ਹਬਾਂ ਦੇ ਆਗੂਆਂ ਨੇ ਆਪਣੇ ਪੈਰੋਕਾਰਾਂ ਨੂੰ ਰੋਟੀ ਹਾਸਲ ਕਰਨ ਦੀਆਂ ਸੌਖੀਆਂ ਵਿਧੀਆਂ ਹੀ ਦਸੀਆਂ ਸਨ। ਇਹ ਪ੍ਰਤੱਖ ਸੀ, ਕੋਈ ਗੁਰੂ ਪੀਰ ਜਾਂ ਪੈਗੰਬਰ ਉਦੋਂ ਹੀ ਦੁਨੀਆਂ ਵਿਚ ਆਇਆ, ਜਦੋਂ ਗ਼ਰੀਬਾਂ ਦੀ ਗਿਣਤੀ ਵਧ ਜਾਂਦੀ ਰਹੀ ਹੈ, ਤੇ ਗਰੀਬੀ ਕਰਕੇ ਡਾਕੇ ਚੋਰੀਆਂ, ਰੰਡੀਬਾਜ਼ੀ ਵਰਗੇ ਨਾਪਾਕ ਰੋਟੀ ਕਮਾਉਣ ਦੇ ਢੰਗ ਦੁਨੀਆਂ ਵਰਤਦੀ ਰਹੀ ਹੈ ਭਾਵੇਂ ਰੋਜ਼ੇ ਰਖਕੇ ਅੰਨ ਬਚਾਉਣਾ ਦਸਿਆ, ਭਾਵੇਂ ਦਸਵੰਧ ਕਢ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਦਸੀ ਤੇ ਭਾਵੇਂ ਸਚੇ ਕਾਰ ਵਿਹਾਰ ਦਾ ਉਪਦੇਸ਼ ਦਿਤਾ, ਸਭ ਰੋਟੀ ਦੀਆਂ ਮੁਸ਼ਕਲਾਂ ਹਲ ਕਰਨ ਦੇ ਸਾਧਨ ਹੀ ਸਨ। ਅਤੇ ਮਾਸਟਰ ਨੇ ਇਹ ਵੀ ਦਸਿਆ ਸੀ ਜੇਹੜਾ ਮਜ਼੍ਹਬ ਆਪਣੇ ਪੈਰੋਕਾਰਾਂ ਨੂੰ ਰੋਟੀ ਦੀ ਗਾਰੰਟੀ ਨਹੀਂ ਦੇਂਦਾ ਉਸ ਮਜ਼੍ਹਬ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਨਾ ਚਾਹੀਦਾ।
ਫਿਰ ਉਸ ਨੇ ਦੁਨੀਆਂ ਦੇ ਸਾਰੇ ਮਜ਼੍ਹਬ ਗਿਣੇ ਸਨ ਤੇ ਦਸਿਆ ਸੀ ਹਰ ਇਕ ਮਜ਼੍ਹਬ ਵਿਚ ਬਹੁਸੰਮਤੀ ਗ਼ਰੀਬਾਂ ਦੀ ਹੈ। ਹਰ ਮਜ਼੍ਹਬ ਦੇ ਅਮੀਰਾਂ ਦਾ ਇਕੋ ਸਾਂਝਾ ਮਜ਼੍ਹਬ ਸਰਮਾਏਦਾਰੀ ਹੈ ਤੇ ਸਭ ਮਜ਼੍ਹਬਾਂ ਦੇ ਗਰੀਬਾਂ ਦਾ ਇਕੋ ਮਜ਼੍ਹਬ ਗ਼ਰੀਬੀ ਤੇ ਮਿਹਨਤ ਹੈ। ਮਜ਼੍ਹਬੀ ਫਸਾਦਾਂ ਵਿਚ ਗ਼ਰੀਬ ਹੀ ਮਰਦੇ ਹਨ, ਅਮੀਰ ਅਮੀਰ ਇਕੱਠੇ ਸ਼ਰਾਬਾਂ ਉਡਾਉਂਦੇ ਹਨ। ਇਸ ਵਾਸਤੇ ਮਾਸਟਰ ਨੇ ਕਿਹਾ ਸੀ, ਦੁਨੀਆਂ ਵਿਚ ਦੋਵੇਂ ਮਜ਼੍ਹਬ ਹਨ,-ਇਕ ਗ਼ਰੀਬੀ ਤੇ ਦੂਜਾ ਅਮੀਰੀ।
"....ਸਾਰੇ ਦੁਨੀਆਂ ਦੇ ਗ਼ਰੀਬ ਆਪਸ ਵਿਚ ਸਾਥੀ ਹਨ। ਮਜ਼ਬ ਇਕ ਹਥਿਆਰ ਹੈ ਜੋ ਸਰਮਾਏਦਾਰੀ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਗਰੀਬਾਂ ਉਤੇ ਵਰਤਦਾ ਹੈ। ਮਜ਼੍ਹਬ ਦੇ ਸ਼ੰਕੇ, ਮੌਤ ਪਿਛੋਂ ਦੇ ਨਰਕ ਸਵਰਗ ਸਭ ਸਰਮਾਏਦਾਰਾਂ ਨੇ ਗਰੀਬਾਂ ਨੂੰ ਡਰਾ ਫੁਸਲਾ ਕੇ ਲੁਟਣ ਵਾਸਤੇ ਘੜ ਰਖੇ ਹਨ......" ਤੇ ਪਤਾ ਨਹੀਂ ਇਸ ਤੋਂ ਪਿਛੋਂ ਮਾਸਟਰ ਹੋਰ ਕੀ ਕੁਝ ਆਖਦਾ ਪਰ ਹੈਡ ਮਾਸਟਰ ਨੇ ਰਾਹ ਵਿਚ ਉਸ ਨੂੰ ਰੋਕ ਦਿਤਾ ਤੇ ਆਪਣੀਆਂ ਪਾਟੀਆਂ ਪਾਟੀਆਂ ਅਖਾਂ ਝਮਕਦਿਆਂ ਕਿਹਾ ਸੀ,"ਬਸ ਮਾਸਟਰ ਜੀ, ਇਹ ਸਕੂਲ ਹੈ, ਜਲਸਾ ਨਹੀਂ, ਇਥੇ ਪੁਲੀਟੀਕਲ ਤਕਰੀਰਾਂ ਦੀ ਜ਼ਰੂਰਤ ਨਹੀਂ।"
ਮਹਿੰਗਾਈ ਵਧ ਰਹੀ ਸੀ। ਜੰਗ ਦੇ ਵੇਲੇ ਤੋਂ ਹੀ ਚੀਜ਼ਾਂ ਤੇ ਦੇ ਭਾ ਵਧਣ ਲਗ ਪਏ ਸਨ, ਅਸੀਂ ਸੋਚਦੇ ਹੁੰਦੇ ਸਾਂ, ਜੰਗ ਹਟਣ ਤੇ ਸਭ ਕੁਝ ਠੀਕ ਹੋ ਜਾਏਗਾ। ਜੰਗ ਹਟ ਗਈ ਪਰ ਮਹਿੰਗਾਈ ਨਾ ਹਟੀ। ਫਿਰ ਸੋਚਣ ਲਗੇ ਹਿੰਦੁਸਤਾਨ ਅਜ਼ਾਦ ਹੋ ਜਾਏਗਾ ਤਾਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਪਰ ਦੇਸ਼ ਅਜ਼ਾਦ ਵੀ ਹੋ ਗਿਆ, ਚੀਜ਼ਾਂ ਅਗ ਦੇ ਭਾ ਮਹਿੰਗੀਆਂ ਰਹੀਆਂ। ਗੁਲਾਮ-ਹਿੰਦੁਸਤਾਨ ਵਿਚ ਚੀਜ਼ ਮਹਿੰਗੀ ਸਸਤੀ ਮਿਲ ਸਕਦੀ ਸੀ ਪਰ ਅਜ਼ਾਦ ਹਿੰਦੁਸਤਾਨ ਵਿਚ ਪਤਾ ਨਹੀਂ ਕਿਹੜਾ ਸ਼ੈਤਾਨ ਚੀਜ਼ਾਂ ਗੁੰਮ ਹੀ ਕਰਨ ਲਗ ਪਿਆ ਸੀ। ਇਸ ਮਹਿੰਗਾਈ ਦਾ ਅਸਰ ਸਾਡੀਆਂ ਫੀਸਾਂ ਤੇ ਵੀ ਪਿਆ, ਫੀਸਾਂ ਡਿਓੜੀਆਂ ਕਰ ਦਿਤੀਆਂ ਗਈਆਂ। ਜੇ ਇਕ ਸਾਲ ਪਹਿਲਾਂ ਫੀਸਾਂ ਵਧ ਹੋ ਜਾਂਦੀਆਂ ਤਾਂ ਸ਼ਾਇਦ ਅਸੀਂ ਕੁਝ ਵੀ ਨਾ ਮਹਿਸੂਸ ਕਰਦੇ,ਪਰ ਨਵੇਂ ਮਾਸਟਰ ਦੇ ਆਉਣ ਨਾਲ ਅਸੀਂ ਕੁਝ ਸਿਆਣੇ ਸਿਆਣੇ ਪਰਤੀਤ ਕਰਦੇ ਸਾਂ, ਜਿਵੇਂ ਸਾਨੂੰ ਸਦੀਆਂ ਦੇ ਸੁੱਤਿਆਂ ਨੂੰ ਉਸ ਨੇ ਜਗਾਇਆ ਸੀ। ਅਸੀਂ ਸਾਰੇ ਜਮਾਤ ਦੇ ਮੁੰਡਿਆਂ ਨੇ ਰਲ ਕੇ ਇਕ ਅਰਜ਼ੀ ਹੈਡ ਮਾਸਟਰ ਨੂੰ ਲਿਖੀ ਤੇ ਕਿਹਾ ਸਾਡੀਆਂ ਫੀਸਾਂ ਨਾ ਵਧਾਈਆਂ ਜਾਣ, ਪਰ ਉਸ ਨੇ ਸਾਡੀ ਅਰਜ਼ੀ ਪਾੜ ਕੇ ਸੁਟ ਦਿਤੀ।
ਅਸੀਂ ਇਹ ਬਰਦਾਸ਼ਤ ਨਾ ਕਰ ਸਕੇ। ਅਸਾਂ ਸਾਰਿਆਂ ਨੇ ਹੜਤਾਲ ਕਰ ਦਿਤੀ। ਪਹਿਲਾਂ ਪਹਿਲਾਂ ਇਕ ਦੋ ਕਮੇਟੀ ਦੇ ਮੈਂਬਰਾਂ ਦੇ ਮੁੰਡਿਆਂ ਤੇ ਤਿੰਨ ਚਾਰ ਘਰੋਂ ਰਜੇ ਹੋਏ ਮੁੰਡਿਆਂ ਤੋਂ ਸਿਵਾ ਸਾਰੇ ਸਾਡੇ ਨਾਲ ਹੀ ਸਨ, ਪਰ ਸਾਡਾ ਸੈਕੰਡ ਮਾਸਟਰ ਬੜਾ ਮੀਸਣਾ ਚਲਾਕ ਆਦਮੀ ਸੀ, ਉਸ ਨੇ ਹੌਲੀ ਹੌਲੀ ਸਾਡੇ ਮੁੰਡੇ ਪਾੜ ਦਿਤੇ ਤੇ ਸਾਡੀ ਹੜਤਾਲ ਨਾ ਕਾਮਯਾਬ ਰਹੀ। ਫੀਸਾਂ ਤਾਂ ਕੀ ਘਟਣੀਆਂ ਸਨ; ਸਗੋਂ ਸਾਨੂੰ ਪੰਜਾਂ ਸੱਤਾਂ ਮੁੰਡਿਆਂ ਨੂੰ ਵੀਹ ਵੀਹ ਬੈਂਤਾਂ ਦੀ ਸਜ਼ਾ ਹੋਈ। ਖ਼ੈਰ ਮਾਰ ਦੀ ਸਾਨੂੰ ਪ੍ਰਵਾਹ ਨਹੀਂ ਸੀ ਪਰ ਦੂਸਰੇ ਦਿਨ ਦੀ ਘਟਨਾ ਨੇ ਸਾਡੇ ਦਿਲਾਂ ਤੇ ਜੇਹੜਾ ਡੂੰਘਾ ਅਸਰ ਕੀਤਾ ਉਹ ਕਦੀ ਵੀ ਨਹੀਂ ਭੁਲਣਾ।
"ਇਹ ਮੇਰਾ ਅਜ ਆਖਰੀ ਪੀਰੀਅਡ ਹੈ, ਇਸ ਤੋਂ ਬਾਅਦ ਮੈਂ ਤੁਹਾਨੂੰ ਪੜ੍ਹਾਉਣ ਨਹੀਂ ਆਇਆ ਕਰਾਂਗਾ।" ਨਵੇਂ ਮਾਸਟਰ ਨੇ ਜਮਾਤ ਵਿਚ ਵੜਦਿਆਂ ਹੀ ਕਿਹਾ ਸੀ। ਮੈਨੂੰ ਆਪਣੇ ਕੰਨਾਂ ਤੋਂ ਇਤਬਾਰ ਨਹੀਂ ਸੀ ਆ ਰਿਹਾ, ਜਿਵੇਂ ਅਖਾਂ ਨੂੰ ਝਾਉਲਾ ਪੈ ਰਿਹਾ ਸੀ, ਇਹ ਨਵਾਂ ਮਾਸਟਰ ਆਖ ਰਿਹਾ ਸੀ? ਮੇਰੇ
ਦਿਮਾਗ ਵਿਚ ਸਾਂ ਸਾਂ ਹੋ ਰਹੀ ਸੀ, ਇਸ ਸਾਂ ਸਾਂ ਵਿਚ ਮੈਨੂੰ ਕਮਰੇ ਦੀਆਂ ਕੰਧਾਂ ਪਾਟ ਕੇ ਡਿਗਦੀਆਂ ਜਾਪੀਆਂ, ਤੇ ਐਉਂ ਜਾਪਿਆ ਇਨ੍ਹਾਂ ਕੰਧਾਂ ਦੇ ਮਲਬੇ ਥਲੇ, ਸੈਕੰਡ ਮਾਸਟਰ ਤੇ ਹੈਡ ਮਾਸਟਰ ਦਬੇ ਗਏ ਸਨ, ਤੇ ਉਚੀ ਉਚੀ ਚੀਕ ਕੇ ਆਖ ਰਹੇ ਸਨ,-ਬਚਾਓ, ਭੁਚਾਲ!
"ਕਿਉਂ!" ਮੈਂ ਆਪਣੇ ਧਿਆਨ ਹੀ ਉਨ੍ਹਾਂ ਚੀਕਾਂ ਦਾ ਜਵਾਬ ਦੇਂਦਿਆਂ ਉਚੀ ਸਾਰੀ ਆਖਿਆ ਸੀ। ਅਤੇ ਮਾਸਟਰ ਦੀ ਟਿਕਵੀਂ ਅਵਾਜ਼ ਨੇ ਮੈਨੂੰ ਫਿਰ ਆਪਣੇ ਵਲ ਖਿਚ ਲਿਆ ਸੀ।
"ਗਲ ਤਾਂ ਮਾਮੂਲੀ ਹੀ ਹੈ।" ਉਸ ਨੇ ਦਸਿਆ ਸੀ, "ਅਸਾਂ ਸਾਰੇ ਮਾਸਟਰਾਂ ਰਲਕੇ ਤਰੱਕੀਆਂ ਵਾਸਤੇ ਦਰਖਾਸਤ ਕੀਤੀ ਸੀ, ਹਾਂ ਅਰਜ਼ੀ ਮੇਰੇ ਹਥ ਦੀ ਲਿਖੀ ਸੀ, ਥਲੇ ਦਸਖਤ ਤਾਂ ਭਾਵੇਂ ਸਭ ਦੇ ਹੋਏ ਸਨ, ਪਰ ਜੋ ਤੁਹਾਡੇ ਨਾਲ ਹੋਈ, ਮੈਨੂੰ ਬੈਂਤ ਤਾਂ ਨਹੀਂ ਪਏ ਪਰ ਨੌਕਰੀਓਂ ਜਵਾਬ ਹੋ ਗਿਆ ਹੈ ......"
ਅਤੇ ਪਤਾ ਨਹੀਂ ਹੋਰ ਕੀ ਕੁਝ ਉਸ ਨੇ ਸਾਨੂੰ ਦਸਿਆ, ਮੈਂ ਇਸ ਤੋਂ ਪਿਛੋਂ ਕੁਝ ਵੀ ਨਾ ਸਮਝ ਸਕਿਆ, ਬਿਤਰ ਬਿਤਰ ਮਾਸਟਰ ਵਲ ਝਾਕ ਰਿਹਾ ਸਾਂ, ਉਸ ਦੀ ਤਸਵੀਰ ਆਪਣੇ ਮਨ ਤੇ ਪਕੀ ਤਰ੍ਹਾਂ ਉਲੀਕਣੀ ਚਾਹੁੰਦਾ ਸਾਂ, ਪਰ ਟਲੀ ਵਜਣ ਦੀ ਅਵਾਜ਼ ਨਾਲ ਮੈਂ ਕੁਝ ਉਖੜ ਗਿਆ ਅਤੇ ਮਾਸਟਰ ਦੇ ਇਹ ਆਖ਼ਰੀ ਲਫ਼ਜ਼ ਮੇਰੇ ਕੰਨਾਂ ਥਾਣੀਂ ਮਨ ਵਿਚ ਉਤਰ ਗਏ।
“...ਤੁਹਾਨੂੰ ਸਟ੍ਰਾਈਕ ਵਾਸਤੇ ਵਰਗਲਾਉਣ ਦਾ ਅਲਜ਼ਾਮ ਵੀ ਮੇਰੇ ਤੇ ਹੀ ਲਗਾ ਹੈ, ਪਰ ਸਾਨੂੰ ਇਸ ਨਾਲ ਦਿਲ ਨਹੀਂ ਛਡਣਾ ਚਾਹੀਦਾ; ਅਸੀਂ ਆਪਣੀਆਂ ਨਿਕੀਆਂ ਨਿਕੀਆਂ
ਨਾ-ਕਾਮਯਾਬੀਆਂ ਤੋਂ ਸਿਖਿਆ ਲੈ ਕੇ ਵਡੀਆਂ ਵਦੀਆਂ ਕਾਮਯਾਬੀਆਂ ਹਾਸਲ ਕਰਾਂਗੇ। ਪਰ ਇਹ ਯਾਦ ਰਖਣਾ, ਸਦਾ ਇਕੱਠੇ ਹੋਕੇ ਸਾਂਝੇ ਲਾਭ ਵਾਸਤੇ ਲੜਨ ਨਾਲ ਹੀ ਸਫਲਤਾ ਹੋਵੇਗੀ। ਇਨਸਾਫ ਦਾ ਵਧੇ ਫੁਲੇਗਾ, ਸਚਾਈ ਬਨਾਵਟ ਦੇ ਅਸੂਲਾਂ ਨਾਲ ਨਹੀਂ ਛੁਪ ਸਕਦੀ!"