ਨਵਾਂ ਮਾਸਟਰ/ਯੋਧੇ
ਯੋਧੇ
ਫ਼ਰਵਰੀ ੧੯੫੩.
ਯੋਧੇ
ਅਜ ਦਸ ਸਾਲ ਪਿੱਛੋਂ ਇਕ ਵਾਰ ਫਿਰ ਸਰਦਾਰਨੀ ਮਦਨਜੀਤ ਸਿੰਘ ਦੇ ਬਜ਼ੁਰਗ ਚਿਹਰੇ ਤੇ ਜਣਨੀ ਵਾਲਾ ਚਾਅ ਟਹਿਕ ਰਿਹਾ ਸੀ। ਭਾਵੇਂ ਉਸ ਦਾ ਕੋਠੀਆਂ ਅਤੇ ਕਾਰਾਂ ਵਿਚ ਵਿਚਰਨਾ, ਨੌਕਰਾਂ ਤੇ ਹੁਕਮ ਕਰਨੇ ਦੂਰ ਬੀਤੇ ਵਿਚ ਅਲੋਪ ਹੋ ਚੁਕੇ ਸਨ, ਦਿਨ ਦਿਨ ਉਮਰ ਨੂੰ ਹਥ ਪੈ ਰਹੇ ਸਨ ਅਤੇ ਕਿਸੇ ਮਰਦ ਦੀ ਹਿਮਤ ਦਾ ਆਸਰਾ ਨਹੀਂ ਸੀ ਪਰ ਉਸ ਨੂੰ ਮਨੁਖਤਾ ਦੀ ਅਮਰਤਾ ਦਾ ਅਨਭਵ ਹੋ ਚੁਕਾ ਸੀ।
ਇਸਤਰੀ ਉਪਜਾਉਂਦੀ ਹੈ-ਉਹ ਵਿਸ਼ਵਾਸ਼ ਰਖਦੀ ਸੀ-ਆਪਣੀ ਉਪਜ ਦਾ ਨਾਸ ਕਦੀ ਵੀ ਨਹੀਂ ਸਹਾਰ ਸਕਦੀ, ਅਤੇ ਜੇ ਹਿੰਮਤ ਕਰੇ, ਮਨੁਖ-ਮਾਰਾਂ ਦੇ ਹਥ ਭੰਨ ਸਕਦੀ ਹੈ ਅਤੇ ਉਹਨਾਂ
ਦੇ ਸਿਰਾਂ 'ਚੋਂ ਮਨੁਖਾਂ ਦੇ ਲਹੂ ਵਿਚ ਨਹਾਉਣ ਦਾ ਭੂਤ ਕੱਢ ਸਕਦੀ ਹੈ।
ਲਗ ਪਗ ਸਾਰੀ ਉਮਰ ਇਕ ਵਿਸ਼ਾਲ ਕੋਠੀ ਵਿਚ ਗੁਜ਼ਾਰਨ ਪਿਛੋਂ, ਸ਼ਹਿਰ ਦੇ ਵਿਚਕਾਰ ਇਸ ਤੰਗ ਜਿਹੇ ਮਕਾਨ ਵਿਚ ਰਹਿਣਾ ਉਸ ਨੂੰ ਕਠਨ ਪ੍ਰਤੀਤ ਨਹੀਂ ਸੀ ਹੁੰਦਾ। ਘਰ ਦੇ ਕੰਮ ਦਾ ਬਹੁਤਾ ਹਿਸਾ ਉਹ ਆਪ ਹੀ ਆਪਣੇ ਬਿਰਧ ਅੰਗਾਂ ਨਾਲ ਸਹਿਜੇ ਸਹਿਜੇ ਕਰਦੀ ਸੀ। ਉਸ ਦਾ ਅਤੇ ਉਸ ਦੀ ਜਵਾਨ ਨੂੰਹ ਧੀ ਦਾ ਜੀਵਨ ਇਕ ਨਵੇਂ ਪੰਧ ਤੇ ਤੁਰ ਪਿਆ ਸੀ, ਜਿਸ ਦੇ ਨਿਸ਼ਾਨੇ ਤੇ ਅਪੜਨ ਦੇ ਚਾਅ ਦੀ ਖ਼ੁਮਾਰੀ ਉਸ ਨੂੰ ਦਿਨ ਰਾਤ ਚੜ੍ਹੀ ਰਹਿੰਦੀ ਸੀ।
ਉਸ ਨੂੰ ਇਕੋ ਹੀ ਅਫ਼ਸੋਸ ਸੀ-ਸਰਦਾਰ ਬਹਾਦਰ ਮਦਨ ਜੀਤ ਸਿੰਘ ਉਸ ਦੀ ਇਸ ਨਵੀਂ ਲਭੀ ਖੁਸ਼ੀ ਵਿਚ ਹਿਸਾ ਵੰਡਾਉਣ ਕਦੀ ਵੀ ਨਹੀਂ ਸੀ ਆ ਸਕਦਾ। ਪਤੀ ਪਤਨੀ ਦੋਹਾਂ ਨੇ ਲੰਮੇ ਜੀਵਨ ਪੰਧ ਦਾ ਬਹੁਤਾ ਪੈਂਡਾ ਇਕੱਠਿਆਂ ਮੁਕਾਇਆ ਸੀ। ਅਤੇ ਸਰਦਾਰ ਬਹਾਦਰ ਦਾ ਉਸ ਦੇ ਬੱਚਿਆਂ ਨਾਲ ਅਥਾਹ ਪਿਆਰ ਉਸ ਨੂੰ ਕਦੀ ਵੀ ਨਹੀਂ ਸੀ ਭੁਲ ਸਕਦਾ।
'ਮੇਰੇ ਬੇਟੇ ਯੋਧੇ ਹਨ'। ਸਰਦਾਰ ਬਹਾਦਰ ਮਨਜੀਤ ਸਿੰਘ ਆਪਣੇ ਸਬੰਧੀਆਂ ਨੂੰ ਦਸਿਆ ਕਰਦਾ ਸੀ। ਅਤੇ ਜਦ ਉਹ ਪਿੰਡਾਂ ਵਿਚੋਂ ਰਕਰੂਟ ਭਰਤੀ ਕਰਾਉਣ ਜਾਂਦਾ ਤਾਂ ਕਿਸਾਨੀ ਨੂੰ ਦਸਦਾ, "ਸਿਖ ਕੌਮ ਹੈ ਹੀ ਬਹਾਦਰਾਂ ਦੀ। ਸਿਖ ਸਦਾ ਹਾਂ ਰਣ ਵਿਚ ਜੂਝਦੇ ਆਏ ਹਨ। ਰਣਭੂਮੀ ਅਤੇ ਯੁਧ ਸਿਖਾਂ ਦਾ ਜੀਵਨ ਦੇ ਅਨਿਖੜ ਪੜਾ ਅਤੇ ਕਰਤੱਵ ਹਨ। ਸਿਖਾਂ ਨੂੰ ਵਧ ਤੋਂ
ਵਧ ਗਿਣਤੀ ਵਿਚ ਫ਼ੌਜ ਵਿਚ ਭਰਤੀ ਹੋ ਕੇ ਆਪਣੀ ਕੌਮ ਦਾ ਨਾਂ ਉਚਾ ਰਖਣਾ ਚਾਹੀਦਾ ਹੈ।'
ਸਰਦਾਰ ਬਹਾਦਰ ਮਦਨ ਜੀਤ ਸਿੰਘ ਇਹ ਕੋਈ ਅਨੋਖੀ ਗਲ ਨਹੀਂ ਸੀ ਦਸਦਾ। ਉਸ ਸਮੇਂ ਕੌਮ ਦੇ ਆਗੂ ਵੀ ਸਿਖਾਂ ਨੂੰ ਇਦਾਂ ਹੀ ਸਮਝਾਉਂਦੇ ਸਨ। ਮਾਸਟਰ ਦਾ ਖਿਆਲ ਸੀ ਸਿਖ ਭਾਰਤ ਵਿਚ ਘਟ ਗਿਣਤੀ ਵਿੱਚ ਸਨ। ਇਹ ਤਾਂ ਪੰਜਾਬ ਵਿਚ ਵੀ ਜਿਹੜਾ ਕਿ ਇਹਨਾਂ ਦਾ ਜਨਮ-ਸੂਬਾ ਹੈ ਇਕ ਘਟ ਗਿਣਤੀ ਸਨ। ਅਬਾਦੀ ਅਨੁਸਾਰ ਪੰਜਾਬ ਵਿਚ ਮੁਸਲਮਾਨਾਂ ਦਾ ਸਰਕਾਰੀ ਨੌਕਰੀਆਂ ਤੇ ਬਹੁਤਾ ਕਬਜ਼ਾ ਸੀ। ਅਤੇ ਜੇਕਰ ਸਿਖ ਵੀ ਕਿਸੇ ਗਿਣਤੀ ਵਿਚ ਆਉਣਾ ਚਾਹੁੰਦੇ ਸਨ ਤਾਂ ਇਹਨਾਂ ਨੂੰ ਸਰਕਾਰ ਅੰਗ੍ਰੇਜ਼ੀ ਨੂੰ ਖੁਸ਼ ਕਰਨਾ ਚਾਹੀਦਾ ਸੀ ਅਤੇ ਸਰਕਾਰ ਦੀ ਮਿਹਰ ਪ੍ਰਾਪਤ ਕਰਨ ਲਈ ਉਸ ਨੂੰ ਜੰਗ ਵਿਚ ਸਰੀਰਕ ਸਹਾਇਤਾ ਦੇਣ ਨਾਲੋਂ ਵਧ ਕੋਈ ਚੰਗਾ ਢੰਗ ਨਹੀਂ ਸੀ ਹੋ ਸਕਦਾ।
ਸਰਦਾਰ ਬਹਾਦਰ ਸਿਖ ਹੋਣ ਕਰਕੇ ਆਪਣੇ ਕੌਮ ਦੇ ਆਗੂ ਦੇ ਇਹਨਾਂ ਖ਼ਿਆਲਾਂ ਵਿਚ ਵਿਸ਼ਵਾਸ ਰਖਦਾ ਸੀ। ਅਤੇ ਜਦ ਆਪਣੇ ਆਗੂ ਦੇ ਇਸ ਕਥਨ ਨੂੰ ਅਮਲੀ ਸ਼ਕਲ ਦੇਣ ਲਈ ਸਹਾਇਤਾ ਕਰਨ ਨਾਲ ਉਸ ਦੀ ਸਰਕਾਰੇ ਦਰਬਾਰੇ ਇਜ਼ਤ ਹੋਰ ਵੀ ਵਧਦੀ ਸੀ ਤਾਂ ਉਸ ਲਈ ਇਹ ਇਕ ਪੰਥ ਦੋ ਕਾਜਾਂ ਨਾਲੋਂ ਘਟ ਨਹੀਂ ਸੀ। ਫਿਰ ਜਿਸ ਸਰਕਾਰ ਨੇ ਉਸ ਨੂੰ ਉਸ ਦੀਆਂ ਖ਼ਿਦਮਤਾਂ ਸਦਕਾ ਸਰਦਾਰ ਬਹਾਦਰੀ ਬਖ਼ਸ਼ੀ ਸੀ, ਉਸ ਤੇ ਭੀੜ ਸਮੇਂ ਭਲਾ ਉਹ ਕਿਵੇਂ ਉਸ ਨਾਲ ਬੇਵਫ਼ਾਈ ਕਰ ਸਕਦਾ ਸੀ।
ਆਪਣੀ ਵਫਾ ਦਾ ਪ੍ਰਤੱਖ ਸਬੂਤ ਦੇਣ ਖਾਤਰ ਹੀ ਉਸ ਨੇ
ਆਪਣਾ ਇਕੋ ਇਕ ਪਤਰ ਸੁਰਿੰਦਰ ਜੀਤ ਸਿੰਘ ਦੂਜੀ ਵਡੀ ਲੜਾਈ ਲਗਦਿਆਂ ਹੀ ਪਾਈਲਾਟ ਭਰਤੀ ਕਰਵਾ ਦਿਤਾ ਸੀ। ਅਤੇ ਇਸ ਤੋਂ ਇਕ ਸਾਲ ਮਗਰੋਂ ਰਛਪਾਲ ਸਿੰਘ ਆਪਣਾ ਇਕੋ ਇਕ ਜਵਾਈ ਰਸਾਲੇ ਵਿਚ ਦੂਜਾ ਲਫਟੀਨੈਂਟ ਬਣਵਾ ਲਿਆ ਸੀ।
ਸਰਦਾਰ ਬਹਾਦਰ ਨੂੰ ਆਪਣੇ ਫੌਜੀ ਪੁਤਰ ਅਤੇ ਜਵਾਈ ਤੇ ਬੜਾ ਮਾਣ ਸੀ। ਸਿੱਖਾਂ ਦੇ ਪੁਰਾਣੇ ਯੁੱਧਾਂ ਵਿਚ ਕੀਤੇ ਕਾਰਨਾਮੇ ਸੁਣਾ ਕੇ ਅਤੇ ਆਪਣੇ ਯੋਧੇ ਪੁਤਰਾਂ ਦੀ ਮਿਸਾਲ ਦਸ ਕੇ ਉਹ ਨੌਜਵਾਨ ਕਿਸਾਨਾਂ ਨੂੰ ਲਾਮ ਵਿਚ ਲੁਆਉਣ ਵਿਚ ਸਫਲ ਹੋ ਜਾਂਦਾ। ਇਸ ਕੰਮ ਵਾਸਤੇ ਉਹ ਕਦੀ ਕਦੀ ਆਪਣੇ ਪੁਤਰ ਜਾਂ ਜਵਾਈ ਵਲੋਂ ਆਈ ਚਿਠੀ ਵੀ ਪੜ੍ਹ ਕੇ ਸੁਣਾਇਆ ਕਰਦਾ ਜਿਸ ਵਿਚ ਦਸਿਆ ਹੁੰਦਾ ਕਿ ਕਿਸ ਤਰ੍ਹਾਂ ਉਹ ਬਹਾਦਰੀ ਨਾਲ ਅਗੇ ਵਧ ਰਹੇ ਸਨ, ਉਹਨਾਂ ਨੂੰ ਹਰ ਤਰ੍ਹਾਂ ਦਾ ਸੁਖ ਅਰਾਮ ਸੀ, ਖਾਣ ਪੀਣ ਨੂੰ ਬੇਅੰਤ ਮਿਲਦਾ ਸੀ ਅਤੇ ਸਭ ਤੋਂ ਵਡੀ ਗਲ ਇਹ ਕਿ ਉਹਨਾਂ ਦੀ ਤਰੱਕੀ ਬਹੁਤ ਜਲਦੀ ਹੋਣ ਵਾਲੀ ਸੀ ਕਿਉਂਕਿ ਉਹਨਾਂ ਦੇ ਵਡੇ ਅਫਸਰ ਉਹਨਾਂ ਵਾਸਤੇ ਥਾਵਾਂ ਖਾਲੀ ਕਰਕੇ ਵਾਹਿਗੁਰੂ ਪਾਸ ਜਲਦੀ ਜਲਦੀ ਜਾ ਰਹੇ ਸਨ।
ਸਰਦਾਰ ਬਹਾਦਰ ਮਨਜੀਤ ਸਿੰਘ ਗ਼ਰੀਬ ਪੇਂਡੂਆਂ ਦਾ ਇਕੋ ਇਕ ਪੁਤਰ ਸੀ। ਪਹਿਲੀ ਸੰਸਾਰ ਜੰਗ ਹਟਣ ਪਿਛੋਂ ਆਏ ਮੰਦਵਾੜੇ ਦੇ ਦੌਰ ਵਿਚ ਉਹ ਪਿੰਡ ਛਡ ਕੇ ਐਨ ਡਬਲਯੂ ਆਰ ਦੇ ਦਸਤਕਾਰੀ ਭਾਗ ਵਿਚ ਅਪ੍ਰੈਂਟਿਸ ਲਗ ਗਿਆ ਅਤੇ ਉਥੇ ਤਰਕੀ ਕਰਦਾ ਕਰਦਾ ਐਗਜ਼ੈਕਟਿਵ ਐਂਜੀਨੀਅਰ ਅਤੇ ਸਰਦਾਰ ਬਹਾਦਰ ਬਣ ਗਿਆ ਸੀ। ਉਹ ਕਿਸਮਤ ਦਾ ਦਿਲੋਂ
ਧੰਨਵਾਦੀ ਸੀ ਜਿਸ ਨੇ ਉਸ ਨੂੰ ਗ਼ਰੀਬੀ ਦੇ ਨਰਕ 'ਚੋਂ ਕਢੇ ਰਾਜ ਬਖਸ਼ਿਆ ਸੀ, ਜਵਾਨ ਪੁਤਰ ਅਤੇ ਜਵਾਈ ਨੂੰ ਫੌਜ ਵਿਚ ਇਜ਼ੱਤ ਵਾਲੀਆਂ ਨੌਕਰੀਆਂ ਦਿਤੀਆਂ ਸਨ।
ਸਰਦਾਰ ਬਹਾਦਰ ਨੂੰ ਜਵਾਨੀ ਸਮੇਂ ਜ਼ਰੂਰ ਸਖ਼ਤ ਮਿਹਨਤ ਕਰਨੀ ਪਈ ਸੀ, ਪਰ ਹੁਣ ਪਿਛਲੀ ਉਮਰ ਵਿਚ ਆਯੂ ਦੀ ਲੋੜ ਅਨੁਸਾਰ ਪੂਰਾ ਪੂਰਾ ਸੁਖ ਪ੍ਰਾਪਤ ਸੀ। ਉਹ ਆਪਣੀ ਸੁਘੜ ਸਾਊ ਪਤਨੀ ਅਤੇ ਜਵਾਨ ਨੂੰਹ ਧੀ ਨਾਲ ਲਾਰੰਸ ਰੋਡ ਤੇ 'ਸਪਰਿੰਗ ਵਿਊ' ਵਿਚ ਮਨੁੱਖਾ ਜੀਵਨ ਦੀਆਂ ਸਵਰਗੀ ਘੜੀਆਂ ਬਿਤਾ ਰਿਹਾ ਸੀ। ਉਸ ਦੇ ਕਾਲੇ ਭਾਵੇਂ ਧੌਲੇ ਬਣ ਚੁਕੇ ਸਨ, ਪਰ ਉਸਦਾ ਤਿਖੇ ਨਕਸ਼ਾਂ ਵਾਲਾ ਭਰਵਾਂ ਚਿਹਰਾ ਸਫੈਦ ਪਗ ਅਤੇ ਬੱਧੀ ਹੋਈ ਸਫ਼ੈਦ ਦਾਹੜੀ ਵਿਚ ਸੂਰਜ ਵਰਗਾ ਤੇਜ਼ ਰਖਦਾ ਸੀ।
ਜਦ ਪਿੰਡਾਂ ਦੇ ਦੌਰੇ ਤੋਂ ਪਰਤ ਕੇ ਉਸ ਦੀ ਨੀਲੀ ਸ਼ਿਵਰਲੈਟ ਕੋਠੀ ਦੇ ਫਾਟਕ ਅਗੇ ਰੁਕਦੀ, ਡਰਾਈਵਰ ਬਾਹਰ ਨਿਕਲ ਕੇ ਤੇ ਉਸ ਦੇ ਉਤਰਨ ਵਾਸਤੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਦਾ, ਅਤੇ ਉਸ ਦੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਮੰਗਤੂ ਅਤੇ ਜਗਤੂ ਸਤਿ ਸ੍ਰੀ ਅਕਾਲ ਕਹਿਣ ਵਾਸਤੇ ਆ ਹਾਜ਼ਰ ਹੁੰਦੇ।
ਸਰਦਾਰ ਬਹਾਦਰ ਸਹਿਜੇ ਸਹਿਜੇ ਤੁਰ ਕੇ ਗੋਲ ਕਮਰੇ ਵਿਚ ਪਹੁੰਚ ਜਾਂਦਾ। ਜਗਤੂ ਉਸ ਨੂੰ ਕੋਟ ਲਾਹੁਣ ਵਿਚ ਸਹਾਇਤਾ ਕਰਦਾ ਫਿਰ ਉਹ ਸੋਫੇ ਤੇ ਬੈਠ ਜਾਂਦਾ। ਮੰਗਤੂ ਨੇ ਸਰਦਾਰ ਬਹਾਦਰ ਦੇ ਬੂਟਾਂ ਦੇ ਤਸਮੇਂ ਤਾਂ ਉਸ ਦੇ ਖਲੋਤਿਆਂ ਹੀ ਖੋਲ੍ਹ ਦਿਤੇ ਹੁੰਦੇ ਸਨ, ਪਰ ਜਦ ਉਹ ਬੈਠ ਜਾਂਦਾ, ਨੌਕਰ ਬੜੇ ਅਰਾਮ ਨਾਲ ਬੂਟ ਲਾਹੁੰਦਾ, ਜੁਰਾਬਾਂ ਲਾਹ ਕੇ ਪਿੰਨੀਆਂ ਨੂੰ
ਅਪਣੀਆਂ ਤਲੀਆਂ ਨਾਲ ਝਸਦਾ, ਅਤੇ ਅਖ਼ੀਰ ਵਿਚ ਸਲੀਪਰ ਲਿਆ ਕੇ ਪੈਰੀਂ ਪੁਆ ਦਿੰਦਾ।
ਇੰਨਾ ਚਿਰ ਸਰਦਾਰ ਬਹਾਦਰ ਇਕੱਲਾ ਨਹੀਂ ਸੀ ਬੈਠਾ ਰਹਿੰਦਾ। ਸਰਦਾਰੀ ਉਸਦੇ ਨਾਲ ਸਜੇ ਪਾਸੇ ਆ ਬੈਠਦੀ ਜਿਸਦੇ ਮੋਢੇ ਤੇ ਆਪਣਾ ਥਕਿਆ ਹੋਇਆ ਹਥ ਰੱਖ ਕੇ ਉਹ ਆਪਣੇ ਟੂਰ ਦਾ ਹਾਲ ਦਸਦਾ, ਜਿਸ ਦੀ ਪ੍ਰਸੰਸਾ ਵਿਚ ਸਰਦਾਰਨੀ ਆਪਣੇ ਬਜ਼ੁਰਗ ਚਿਹਰੇ ਤੇ ਖੇੜਾ ਉਪਜਾ-ਜੀ, ਹਾਂ ਜੀ ਅਤੇ ਠੀਕ ਹੈ ਜੀ ਆਖਦੀ ਰਹਿੰਦੀ।
ਟੂਰ ਤੇ ਜਾਣ ਕਰਕੇ ਸਰਦਾਰ ਬਹਾਦਰ ਦਾ ਬਿਰਧ ਸਰੀਰ ਥਕ ਜਾਂਦਾ ਸੀ। ਇਸ ਗੱਲ ਨੂੰ ਨੂੰਹ ਧੀ ਚੰਗੀ ਤਰ੍ਹਾਂ ਸਮਝਦੀਆਂ ਸਨ, ਅਤੇ ਆਪਣੇ ਫ਼ਰਜ਼ ਤੋਂ ਚੰਗੀ ਤਰ੍ਹਾਂ ਜਾਣੂ ਸਨ। ਨੂੰਹ ਰੈਫਰਿਜੀਰੇਟਰ ਵਿਚੋਂ ਸੋਢੇ ਦੀ ਬੋਤਲ ਕਢ ਲਿਆਉੱਦੀ। ਧੀ ਅਲਮਾਰੀ ਵਿਚ ਜਾਹਨੀ ਵਾਕਰ ਦੀ ਬੋਤਲ ਲਿਆਕੈ ਖੋਲ੍ਹਦੀ ਅਤੇ ਵਿਚ ਸੋਢਾ ਰਲਾ ਗਲਾਸ ਪਿਤਾ ਨੂੰ ਫੜਾ ਦਿੰਦੀ।
ਇਸ ਬੁੱਢੀ ਉਮਰ ਵਿਚ ਉਸ ਦੀ ਸੇਵਾ ਕਰਨ ਵਾਸਤੇ ਉਸ ਦੇ ਪੁਤਰ ਦਾ ਕੋਲ ਹੋਣਾ ਜ਼ਰੂਰੀ ਸੀ। ਪਰ ਉਹ ਦੀਨ ਅਤੇ ਇਮਾਨ ਦੀ ਸੇਵਾ ਕਰਨ ਜੰਗ ਵਿਚ ਭਰਤੀ ਹੋ ਕੇ ਗਿਆ ਹੋਇਆ ਸੀ। ਫਿਰ ਬਚੀਆਂ ਹੀ ਤਾਂ ਉਸ ਦੀ ਦੇਖ ਭਾਲ ਕਰਨ ਵਾਸਤੇ ਉਸ ਦੇ ਕੋਲ ਸਨ। ਸਰਦਾਰ ਬਹਾਦਰ ਇਸ ਸਭ ਕੁਝ ਨੂੰ ਸਮਝਦਾ ਸੀ। ਅਤੇ ਜਦ ਉਹ ਬਚੀਆਂ ਨੂੰ ਪਿਤਾ ਦਾ ਇਸ ਤਰ੍ਹਾਂ ਸਤਿਕਾਰ ਕਰਦਿਆਂ ਵੇਖਦਾਂ ਉਸ ਦਾ ਦਿਲ ਵਿਸਮਾਦ ਵਿਚ ਆ ਜਾਂਦਾ।
ਨਣਾਨ ਭਰਜਾਈ, ਦੋਵੇਂ ਹੀ ਬੀ. ਏ. ਪਾਸ ਨਵੇਂ ਜ਼ਮਾਨੇ
ਅਨੁਸਾਰ ਸੋਚਣ ਅਤੇ ਵਿਚਾਰਨ ਵਾਲੀਆਂ ਜਵਾਨ ਹਾਣਨਾ ਸਨ। ਦੋਹਾਂ ਦੇ ਪਤੀ ਜੰਗ ਵਿਚ ਗਏ ਹੋਣ ਕਰਕੇ ਉਹਨਾਂ ਨੂੰ ਆਪਣੀ ਕਿਸਮਤ ਇਕੋ ਜਿਹੀ ਪ੍ਰਤੀਤ ਹੁੰਦੀ ਸੀ, ਜਿਸ ਕਰਕੇ ਉਹਨਾਂ ਦੇ ਦਿਲ ਇਕ ਦੂਜੇ ਦੇ ਅਤਿ ਨੇੜੇ ਸਨ। ਸਰਦਾਰਨੀ ਭਾਵੇਂ ਦਾਦੀ ਬਣਨ ਦੀ ਉਮਰ ਵਿਚ ਪੈਰ ਰਖ ਰਹੀ ਸੀ ਪਰ ਉਸ ਨੇ ਕਿਸੇ ਗੱਲੇ ਵੀ ਆਪਣੀ ਜਵਾਨ ਨੂੰਹ ਧੀ ਦਾ ਦਿਲ ਨਹੀਂ ਸੀ ਦੁਖਾਇਆ। ਸਗੋਂ ਉਸ ਦੀ ਸੰਗਤ ਵਿਚ ਕੁੜੀਆਂ ਕੁਝ ਹੌਲੀਆਂ ਹੌਲੀਆਂ ਬੇਫ਼ਿਕਰ ਪ੍ਰਤੀਤ ਕਰਦੀਆਂ ਸਨ। ਸਰਦਾਰਨੀ ਕੁੜੀਆਂ ਦੀ ਹਰ ਇਕ ਚਰਚਾ ਵਿਚ ਬੜਾ ਸੁਆਦ ਮਾਣ ਰਹੀ ਲਗਦੀ ਅਤੇ ਕਦੇ ਕਦੇ ਧਾਰਮਕ ਜਾਂ ਰਾਜਨੀਤਕ ਸਮਸਿਆ ਤੇ ਆਪਣੀ ਰਾਏ ਵੀ ਦਿੰਦੀ।
ਪਰ ਰਾਤ ਦੇ ਖਾਣੇ ਸਮੇਂ ਗੋਲ ਮੇਜ਼ ਦੁਆਲੇ ਜੁੜਿਆ ਇਹ ਚਾਰ ਜੀਆਂ ਦਾ ਟਬਰ, ਮਨੁਖੀ ਜੀਵਨ ਦੇ ਉਦੇਸ਼, ਖੇੜੇ, ਦੀ ਪ੍ਰਤੱਖ ਝਾਕੀ ਹੁੰਦਾ। ਖਾਂਦਿਆਂ ਖਾਂਦਿਆਂ ਧਰਮ ਦੀਆਂ ਗਲਾਂ ਹੁੰਦੀਆਂ ਪੰਥ ਦੀ ਹਾਲਤ ਤੇ ਵਿਚਾਰ ਹੁੰਦੀ, ਕਾਂਗ੍ਰਸ ਅਤੇ ਸਰਕਾਰ ਦੇ ਸੰਬੰਧਾਂ ਸੰਬੰਧੀ ਰਾਵਾਂ ਦਿਤੀਆਂ ਜਾਂਦੀਆਂ ਅਤੇ ਅਖੀਰ ਜਦ ਇਤਹਾਦੀਆਂ ਅਤੇ ਮਹਿਵਰੀਆਂ ਦੀ ਜੰਗ ਦੀਆਂ ਜਿਤਾਂ ਹਾਰਾਂ ਦਾ ਰੀਵੀਊ ਹੋ ਰਿਹਾ ਹੁੰਦਾ ਸੁਰਿੰਦਰ ਜੀਤ ਅਤੇ ਰਛਪਾਲ ਸਿੰਘ ਉਹਨਾਂ ਦੀ ਸੋਚ ਦੇ ਖੰਭਾਂ ਤੇ ਸਵਾਰ ਹੋ ਗਗਨਾ ਵਿਚ ਉਡਣ ਲਗ ਜਾਂਦੇ, ਸਦਾਰਨੀ ਅਤੇ ਸਰਦਾਰ ਬਹਾਦਰ ਮਦਨ ਜੀਤ ਸਿੰਘ ਦਾ ਛੱਬੀ ਵਰ੍ਹਿਆਂ ਦਾ ਛੇ ਫੁਟਾ ਜਵਾਨ ਪੁਤਰ, ਗਮੇਂਦਰ ਦਾ ਵੀਰ ਅਤੇ ਪ੍ਰਕਾਸ਼ ਦਾ ਪਤੀ ਸੁਰਿੰਦਰ ਜੀਤ ਸਿੰਘ ਇਕ ਮਹਾਨ ਬਲੀ ਬਣ ਕੇ
ਉਘੜਦਾ ਜਿਸ ਦੇ ਹਥਾਂ ਪੈਰਾਂ ਦੇ ਇਸ਼ਾਰਿਆਂ ਤੇ ਬੇਜਾਨ ਫਾਈਟਰ ਅਕਾਸ਼ ਵਿਚ ਘੂਕਰਦਾ ਵੈਰੀਆਂ ਨੂੰ ਪਤਾਲ ਤੇ ਸੁਣ ਰਿਹਾ ਹੁੰਦਾ। ਸੁਰਿੰਦਰ ਜੀਤ ਦਾ ਫਾਈਟਰ ਕੋਈ ਅਸਮਾਨੀ ਕਹਿਰ ਨਹੀਂ ਸੀ, ਕੋਈ ਸ਼ੈਤਾਨੀ ਗਿਰਜ ਨਹੀਂ ਸੀ ਜੋ ਮਨੁਖਤਾ ਤੇ ਭਾਰੂ ਹੁੰਦੀ ਹੈ, ਉਹ ਤਾਂ ਵੈਰੀਆਂ ਦਾ, ਦੁਸ਼ਟਾਂ ਦਾ, ਹਿਟਲਰੀ ਬਿਜੂਆਂ ਅਤੇ ਜਪਾਨੀ ਪਲੇਗੀ ਚੂਹਿਆਂ ਦਾ ਨਾਸ਼ ਕਰਨ ਵਾਲਾ ਖੁਦਾਈ ਫਰਮਾਨ ਸੀ। ਇਵੇਂ ਹੀ ਰਛਪਾਲ ਸਿੰਘ ਦੇ ਹੁਕਮ ਰਬੀ ਕਲਾਮ ਹੁੰਦੇ ਸਨ ਜਿਨ੍ਹਾਂ ਤੇ ਫੋਲਾਦੀ ਪਹਾੜ ਟੈਂਕ, ਦਹਾੜਦੇ ਚੰਘਾੜਦੇ ਅਗਾਂਹ ਸਰਕਦੇ ਸਨ, ਵੈਰੀਆਂ ਦੇ ਸਿਰ ਦਲਦੇ ਜਮਹੂਰੀਅਤ ਦੀ ਰਖਿਆ ਕਰਦੇ ਸਨ। ਇਸੇ ਕਰਕੇ ਹੀ ਸਰਦਾਰ ਬਹਾਦਰ ਆਖਿਆ ਕਰਦਾ, ਸੀ, 'ਮੇਰੇ ਬੇਟੇ ਯੋਧੇ ਹਨ।'
ਪਰ ਜਦ ਕਦੀ ਖਾਣੇ ਦੇ ਮੇਜ਼ ਦੁਆਲੇ ਹੋ ਰਹੀਆਂ ਗਲਾਂ ਵਿਚ ਸਰਦਾਰ ਬਹਾਦਰ ਆਪਣਾ ਰੋਜ਼ਨਾਮਚਾ ਸੁਣਾਉਂਦਿਆਂ ਦਸਦਾ, "ਅਜ ਮੈਂ ਪੰਦਰਾਂ ਜੁਆਨ ਭਰਤੀ ਕਰਾਏ ਹਨ।' ਤਾਂ ਅਚੇਤ ਹੀ ਰਾਮੇਂਦਰ ਦੇ ਮਨ ਵਿਚ ਇਕ ਪ੍ਰਸ਼ਨ ਲਿਸ਼ਕਾਰ ਜਾਂਦਾ, 'ਇਹਨਾਂ ਚੋਂ ਕਿੰਨੇ ਜਿਊਂਦੇ ਜਾਂ ਸਾਲਮ ਵਾਪਸ ਆਉਣਗੇ?'
ਇਸ ਬੇਮੌਕਾ ਪ੍ਰਸ਼ਨ ਤੇ ਉਸ ਦਾ ਮਨ ਝਟਕ ਕੇ ਫਰਸ਼ ਤੇ ਆ ਢਹਿੰਦਾ ਅਤੇ ਉਸਦੇ ਚਮਚੇ 'ਚੋਂ ਸੂਪ ਵਾਪਸ ਪਲੇਟ ਵਿਚ ਤੁਪਕ ਜਾਂਦੀ। ਧੀ ਦੀਆਂ ਅਖਾਂ ਨੂੰ ਹਵਾ ਵਿਚ ਕੋਈ ਰੂਪ ਢੂੰਡਦਿਆਂ ਵੇਖ ਸਰਦਾਰ ਬਹਾਦਰ ਉਤਾਵਲਾ ਹੋ ਜਾਂਦਾ, 'ਕਿਉਂ ਬੇਟਾ ਤਬੀਅਤ ਤਾਂ ਠੀਕ ਹੈ?'
ਪ੍ਰਕਾਸ਼ ਰਾਮੇਂਦਰ ਦੀ ਇਸ ਸਮਾਧੀ ਦਾ ਕਾਰਨ ਸਦਾ
ਜਾਣਦੀ ਸੀ, ਅਤੇ ਜੋ ਛੂਤ ਵਾਂਗ ਉਸ ਨੂੰ ਵੀ ਚੰਬੜ ਜਾਂਦੀ-ਜੇ ਪਟ੍ਰੋਲ ਮੁਕ ਜਾਏ, ਮਸ਼ੀਨ ਰੁਕ ਜਾਏ, ਜਾਂ ਟਰੇਸਰ ਬੁਲੱਟ ਕਰਤੂਤ ਕਰ ਜਾਏ ਤਾਂ ਉਸ ਦਾ ਹਵਾਬਾਜ਼ ਸਕੁਆਡਰਨ ਲੀਡਰ ਸੁਰਿੰਦਰ ਜੀਤ........। ਇਸ ਤੋਂ ਅਗੇ ਉਹ ਨਾ ਸੋਚ ਸਕਦੀ। ਕੋਈ ਵੀ ਚਿਤਰ ਉਸ ਦੀ ਕਲਪਣਾ ਵਿਚ ਸਾਲਮ ਨਾ ਉਘੜਦਾ, ਜ਼ਖਮੀ ਜਹਾਜ਼ ਵਾਂਗ ਉਸ ਦਾ ਦਿਮਾਗ ਡੋਲਦਾ ਅਤੇ ਉਹ ਸਿਰ ਨੂੰ ਹਥਾਂ ਵਿਚ ਘੁਟੀ ਬਾਹਰ ਤੁਰ ਜਾਂਦੀ।
'ਹੈਂ, ਹੈਂ ਇਹ ਕੀ?' ਸਰਦਾਰ ਬਹਾਦਰ ਪਾਣੀ ਦਾ ਗਲਾਸ ਚੁਕਦਿਆਂ ਕੇਵਲ ਇਨਾ ਹੀ ਆਖਦਾ।
ਸਰਦਾਰਨੀ ਜੋ ਦਾਦੀ ਅਤੇ ਨਾਨੀ ਬਣਨਾ ਲੋਚਦੀ ਸੀ ਅਤੇ ਨੂੰਹ ਧੀ ਦੇ ਇਸ ਦਰਦ ਨੂੰ ਮਹਿਸੂਸਦੀ ਸੀ ਰੁਮਾਲ ਨਾਲ ਅਖਾਂ ਪੂੰਝਦੀ ਹੋਈ ਆਖਦੀ, 'ਜੀ ਤੁਸੀਂ ਭਰਤੀ ਦੀਆਂ ਗਲਾਂ...।'
ਦਿਨ ਬੀਤ ਰਹੇ ਸਨ। ਇਹ ਚਾਰ ਜੀ ਆਪਣੇ ਨਿਘੇ ਦਿਲਾਂ ਵਿਚ ਆਸਾਂ ਉਮੰਗਾਂ ਅਲਸਾ ਰਹੇ ਹਨ। ਉਹਨਾਂ ਨੂੰ ਇਕ ਘੜੀ ਦੀ ਉਡੀਕ ਸੀ, ਜਦ ਕੋਈ ਪੁਤਰ ਕੋਈ ਜਵਾਈ ਜਾਂ ਪਤੀ ਲਾਮ ਤੋਂ ਪਰਤਣਗੇ ਅਤੇ ਉਹਨਾਂ ਦੇ ਮੋਢਿਆਂ ਤੇ ਕਮਾਂਡਰੀ ਦੇ ਨਿਸ਼ਾਨ ਮੁਸਕਰਾ ਰਹੇ ਹੋਣਗੇ। ਉਹਨਾਂ ਯੋਧਿਆਂ ਦੀ ਸਤਿਕਾਰ ਸੂਚਕ ਮੁਸਕਾਣ ਅਤੇ ਪਿਆਰ ਭਰੀ ਤਕਣੀ ਉਹਨਾਂ ਚੌਹਾਂ ਦੀਆਂ ਸਧਰਾਂ ਸੁਹਾਗਣ ਕਰਨ ਦਾ ਇਕਰਾਰ ਕਰੇਗੀ। ਫਿਰ ਇਹ ਜੁਦਾਈ ਦੀਆਂ ਘੜੀਆਂ ਬਾਤਾਂ ਬਣ ਕੇ ਰਹਿ ਜਾਣਗੀਆਂ ਜੋ ਕਦੇ ਕਦੇ ਸਮਾਂ ਬਿਤਾਉਣ ਲਈ ਕਹੀਆਂ ਸੁਣੀਆਂ ਜਾਂਦੀਆਂ ਹਨ।
ਹਿਟਲਰ ਯੂਰਪ ਵਿਚ ਹਾਰਿਆ, ਅਫਰੀਕਾ ਵਿਚ ਪਿਛੇ
ਹਟਿਆ, ਫਿਰ ਉਸ ਨੇ ਰੂਸ ਨਾਲ ਜੰਗ ਛੇੜ ਦਿਤੀ। ਹਿਟਲਰ ਦੀ ਸਹਾਇਤਾ ਵਿਚ ਜਪਾਨ ਸਿੰਘਾ ਪੁਰ ਤੋਂ ਬਰਮਾ ਵਿਚ ਪਹੁੰਚ ਗਿਆ। ਵਧ ਰਹੇ ਵੈਰੀ ਨੂੰ ਰੋਕਣ ਵਾਸਤੇ ਸਕੁਆਡਰਨ ਲੀਡਰ ਸੁਰਿੰਦਰ ਜੀਤ ਸਿੰਘ ਦਸ ਹੋਰ ਫਾਈਟਰਾਂ ਨਾਲ ਰੰਗੂਨ ਤੋਂ ਉਡਿਆ।
ਇਸਤੋਂ ਅਗਲੀ ਹੀ ਸ਼ਾਮ ਸ੍ਰ: ਬਹਾਦਰ ਮਦਨ ਜੀਤ ਸਿੰਘ ਨੂੰ ਜਦ ਉਹ ਆਪਣੇ ਪਰਵਾਰ ਨਾਲ ਖਾਣਾ ਖਾ ਰਿਹਾ ਸੀ, ਖਬਰ ਮਿਲੀ-ਸਕੁਆਡਰਨ ਲੀਡਰ ਸੁਰਿੰਦਰ ਜੀਤ ਸਿੰਘ ਜੂਝ ਚੁਕਾ ਸੀ।
ਅੱਧ ਪਚਧਾ ਖਾਣਾ ਪਲੇਟਾਂ ਵਿਚ ਹੀ ਠੰਢਾ ਹੋ ਗਿਆ। ਰਾਮੇਂਦਰ ਡੁਸਕਦੀ, ਪ੍ਰਕਾਸ਼ ਨੂੰ ਸਹਾਰੀ ਬਾਹਰ ਲੈ ਗਈ। ਸਰਦਾਰ ਬਹਾਦਰ ਨੇ ਮੇਜ਼ ਤੇ ਸਿਰ ਸੁਟ ਦਿਤਾ। ਸਰਦਾਰਨੀ ਦੇ ਹਥ ਰੁਮਾਲ ਫੜੀ ਸਿਜਲ ਅੱਖਾਂ ਵਲ ਵਧ ਗਏ। ਕੋਲ ਖੜੇ ਮੰਗਤੂ ਅਤੇ ਜਗਤੂ ਦੇ ਹਥਾਂ ’ਚ ਫੜੇ ਤੌਲੀਏ ਗਲੀਚੇ ਤੇ ਸਰਕ ਗਏ।
ਇਕ ਪੁਤਰ ਮਾਪੇ ਅਊਂਤਰੇ ਕਰ ਚੁਕਾ ਸੀ ਅਤੇ ਇਕ ਭਰ ਜਵਾਨ ਵਿਧਵਾ ਕਰ ਗਿਆ ਸੀ। ਹੁਣ ਭੈਣ ਕਿਸੇ ਨੂੰ ਨਿਸਚੇ ਨਾਲ ਵੀਰ ਨਹੀਂ ਸੀ ਆਖ ਸਕਦੀ।
ਫਿਰ ਇਕ ਹਵਾਬਾਜ਼ ਨੇ ਉਹਨਾਂ ਨੂੰ ਦਸਿਆ, 'ਅਸੀਂ 'ਵੀ' ਫਾਰਮ ਵਿਚ ਸਾ ਰਹੇ ਸਾਂ, ਕਮਾਂਡਰ ਸੁਰਿੰਦਰ ਜੀਤ ਅਗੇ ਸੰਨ੍ਹ ਵਿਚ ਸੀ। ਪੰਜਾਂ ਮਿੰਟਾਂ ਪਿਛੋਂ ਹੀ ਦੁਸ਼ਮਣ ਦੇ ਫਾਈਟਰਾਂ ਨਾਲ ਟਕਰ ਹੋ ਗਈ, ਅਸੀਂ ਇਕ ਨਾਲ ਇਕ ਨਜਿਠਣ ਲਗੇ। ਜਦ ਮੇਰੇ ਮੁਕਾਬਲੇ ਦੀ ਮਸ਼ੀਨ ਭੰਬੀਰੀ ਵਾਂਗ ਭੌਂਦੀ ਧਰਤੀ ਵਲ ਸਿਰਭਾਰ ਜਾ ਰਹੀ ਸੀ, ਮੈਂ ਦੂਰ ਚੜ੍ਹਦੇ ਵਲ ਕਮਾਂਡਰ ਦੇ ਜਹਾਜ਼
ਨੂੰ ਧਰਤੀ ਵਲ ਉਤਰਦਿਆਂ ਵੇਖਿਆ, ਉਹ ਬਲ ਰਿਹਾ ਸੀ।'
ਉਸ ਦਾ ਪੁਤਰ ਜੀਊਂਦਾ ਹੀ ਸੜ ਗਿਆ। ਸਰਦਾਰ ਬਹਾਦਰ ਨੇ ਆਪਣਾ ਦਿਲ ਭੁਜਦਾ ਪ੍ਰਤੀਤ ਕੀਤਾ। ਜੰਗ ਜੋ ਸੈਂਕੜੇ ਮੀਲ ਦੂਰ ਸੁਣੀ ਦੀ ਸੀ ਅਤੇ ਆਸਾਂ ਭਰੀ ਸੀ ਹੁਣ ਘਰ ਤੇ ਟੁਟ ਪਈ ਸੀ, ਅਥਾਹ ਅੰਨ੍ਹੇ ਪੁਲਾੜ ਵਾਂਗ ਭਿਆਨਕ ਸੀ। ਕਿਸਮਤ ਉਸ ਨੂੰ ਮਖੌਲ ਕਰਦੀ ਪ੍ਰਤੀਤ ਹੋਈ, ਜਿਸ ਨੇ ਅੰਮ੍ਰਿਤ ਦਾ ਪਿਆਲਾ ਅਗਾਂਹ ਵਧਾਇਆ ਸੀ, ਅਤੇ ਜਦ ਉਹ ਦੋਹਾਂ ਹਥਾਂ ਵਿਚ ਸ਼ੁਕਰਾਨੇ ਨਾਲ ਲੈਣ ਲਗਾ ਸੀ ਕਿਸਮਤ ਨੇ ਪਿਛਾਂਹ ਖਿਚ ਲਿਆ ਸੀ, ਇਸ ਵਿਚ ਹੀ ਬਸ ਨਹੀਂ ਸੀ, ਉਸ ਦੇ ਬਜ਼ੁਰਗ ਮੂੰਹ ਤੇ ਚਪੇੜ ਵੀ ਮਾਰ ਦਿਤੀ ਸੀ। ਉਸ ਦਾ ਮਨ ਗ਼ਮਾਂ ਵਿਚ ਵਹਿ ਗਿਆ।
ਉਸ ਨੇ ਸਰਕਾਰ ਦਾ ਲੂਣ ਹਲਾਲ ਕਰ ਦਿਤਾ, ਪਰ ਇਕ ਮਾਂ ਨੂੰ ਲਾਲ ਦੀ ਮੌਤ ਤੇ ਕੀਰਨੇ ਪਾਉਣੋਂ ਕਿਵੇਂ ਰੋਕ ਸਕਦਾ ਸੀ? ਉਹ ਆਪਣੇ ਆਪ ਨੂੰ ਅਪਰਾਧੀ ਸਮਝਦਾ ਸੀ ਜਿਸ ਨੇ ਬੁਢੇ ਦੀ ਟੋਹਣੀ ਅਤੇ ਜਵਾਨ ਦੇ ਜੀਵਨ ਦੇ ਲੰਮੇ ਪੈਂਡੇ ਦਾ ਸਾਥੀ ਜੰਗ ਦੀ ਭੱਠੀ ਵਿੱਚ ਝੋਕ ਦਿਤਾ ਸੀ। ਉਹ ਆਪਣੇ ਜਾਏ ਦਾ ਵੀ ਮੁਜ਼ਰਮ ਸੀ, ਆਪਣੇ ਜਸ ਵਾਸਤੇ ਹੀ ਤਾਂ ਉਸ ਨੇ ਭਰਤੀ ਕਰਾਇਆ ਸੀ।
ਰਾਤ ਸਮੇਂ ਅਖਾਂ ਬੰਦ ਕਰੀ ਸਰਦਾਰ ਬਹਾਦਰ ਪਲੰਘ ਤੇ ਪਿਆ ਹੁੰਦਾ, ਉਸ ਦੇ ਕੰਨਾਂ ਵਿਚ ਇਕ ਚੀਕ ਗੂੰਜ ਜਾਂਦੀ, 'ਡੈਡੀ ਮੈਂ ਸੜ ਰਿਹਾ ਹਾਂ।'
'ਸੁਰਿੰਦਰ ਜੀਤ!' ਮਦਨ ਜੀਤ ਸਿੰਘ ਦੀ ਪਥਰ ਪੰਘਾਰੂ
ਕੂਕ ‘ਸਪਰਿੰਗ ਵਿਊ' ਦੀਆਂ ਸੀਮਿੰਟੀ ਕੰਧਾਂ 'ਚੋਂ ਪੁਣੀਂਦੀ ਮਾਤਮੀ ਫਜ਼ਾ ਵਿਚ ਲਰਜ਼ਾ ਜਾਂਦੀ।
ਸੁਰਿੰਦਰ ਜੀਤ ਸਿੰਘ ਸੁਪਨਈ ਅਕਾਰ ਵਿਚ ਉਸ ਦੀਆਂ ਅਖਾਂ ਸਾਹਵੇਂ ਪ੍ਰਵੇਸ਼ ਕਰਦਾ। ਉਸ ਦੀ ਹਵਾਈ ਵਰਦੀ 'ਚੋਂ ਸੁਰਖ ਲਾਟਾਂ ਨਿਕਲ ਰਹੀਆਂ ਹੁੰਦੀਆਂ, ਅਤੇ ਚਿਹਰਾ ਕਿਸੇ ਅਕਹਿ ਪੀੜ ਵਿਚ ਮਰੋੜੇ ਕਢ ਰਿਹਾ ਹੁੰਦਾ। 'ਡੈਡੀ, ਤੈਨੂੰ ਮੰਮੀ ਦੇ ਧੌਲਿਆਂ ਦੀ ਕਸਮ, ਪ੍ਰਕਾਸ਼ ਦੀ ਜਵਾਨੀ ਦੀ ਸਹੁੰ, ਮੈਨੂੰ ਬਚਾ ਲੈ।'
ਸਰਦਾਰ ਬਹਾਦਰ ਦੀਆਂ ਅੱਖਾਂ ਪਥਰਾ ਜਾਂਦੀਆਂ, ਉਹ ਬਾਹਾਂ ਪਸਾਰੀ ਪੁਤਰ ਨੂੰ ਹਿਕ ਨਾਲ ਲਾਉਣ ਉਠ ਦੌੜਦਾ...। ਸਰਦਾਰਨੀ ਰਾਮੇਂਦਰ ਅਤੇ ਪ੍ਰਕਾਸ਼ ਗਲੀਚੇ ਤੇ ਬੇ-ਸੁਰਤ ਪਏ ਸਰਦਾਰ ਬਹਾਦਰ ਦੁਆਲੇ ਬੈਠੀਆਂ ਸਦੀਵੀ ਵਿਛੋੜੇ ਦੇ ਅਥਰੂ ਵਹਾਉਂਦੀਆਂ। ਉਹਨਾਂ ਦੇ ਦਿਲਾਂ ਦੇ ਰੁਗ ਭਰੀਂਦੇ, ਹੌਕੇ ਅਮੋੜ ਹੋ ਨਿਕਲਦੇ।
ਸਰਦਾਰਨੀ ਦੀ ਸਾਰੀ ਜ਼ਿੰਦਗੀ ਦੀ ਖਟੀ ਕਮਾਈ ਸੁਰਿੰਦਰ ਜੀਤ ਹੀ ਤਾਂ ਸੀ। ਸਪ੍ਰਿੰਗ ਵਿਊ ਸ਼ਿਵਰਲੈਟ ਅਤੇ ਬੈਂਕ ਬੈਲੰਸ ਉਸ ਵਾਸਤੇ ਬੇ-ਅਰਥ ਹੋ ਚੁਕੇ ਸਨ। ਉਹ ਲੁਟੀ ਜਾ ਚੁੱਕੀ ਸੀ। ਉਸ ਦਾ ਜਵਾਨ ਪੁਤਰ ਮਰ ਗਿਆ। ਉਹ ਸੁਹਾਗਣ ਪਰ ਰੰਡੀ ਸੀ।
ਅਤੇ ਪ੍ਰਕਾਸ਼-ਪੱਤ ਝੜ ਵਿਚ ਕੁਰਲਾਉਂਦੀ ਬੁਲਬੁਲ ਬੀਤੇ ਚਾਰ ਦਿਨਾਂ ਦੇ ਸੁਹਾਗ ਦੀ ਨਿਘੀ ਯਾਦ ਵਿਚ ਹਿੱਕ ਤਪਾਉਣ ਲਈ ਰਹਿ ਗਈ ਸੀ।
ਸੁਰਿੰਦਰ ਜੀਤ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਖੰਡ ਪਾਠ ਕੀਤਾ ਗਿਆ; ਗੁਰਦੁਆਰੇ ਕੋਤਰ ਸੌ ਚੜ੍ਹਾਇਆ ਗਿਆ ਅਤੇ ਇਕ ਗਰਮੀਆਂ ਠੰਢੇ ਮਿਠੇ ਪਾਣੀ ਦੀ ਛਬੀਲ ਲਗਦੀ ਰਹੀ।
ਸਰਦਾਰ ਬਹਾਦਰ ਨੇ ਹੁਣ 'ਟੂਰ’ ਤੇ ਜਾਣਾ ਛਡ ਦਿਤਾ ਸੀ।
ਜਿਹੜੀ ਉਮਰ ਕਦੀ ਖ਼ੁਸ਼ੀਆਂ ਤੋਂ ਡਰਦੀ ਸੀ, ਹੁਣ ਆਪਣੇ ਸਾਰੇ ਹਥਿਆਰਾਂ ਨਾਲ ਇਸ ਟਬਰ ਤੇ ਪਸਰ ਰਹੀ ਸੀ। ਚਿਹਰੇ ਮੁਰਝਾ ਗਏ ਸਨ। ਸ਼ਾਮ ਦੀ ਸੈਰ ਉਹ ਘਟ ਹੀ ਜਾਇਆ ਕਰਦੇ ਸਨ-ਥਕਾਵਟ ਹੋ ਜਾਂਦੀ ਸੀ। ਖਾਣਾ ਚੁਪ ਚਾਪ ਖਾਂਦੇ ਸਨ, ਦੁਖਾਂਤ ਗੰਭੀਰਤਾ ਮਨਾਂ ਤੇ ਛਾਈ ਰਹਿੰਦੀ ਸੀ।
ਜੰਗ ਨਹੀਂ ਹੋਣੀ ਚਾਹੀਦੀ-ਸਰਦਾਰਨੀ ਸੋਚਦੀ-ਇਹ ਮਾਵਾਂ ਦੇ ਪੁਤਰ ਖਾਂਦੀ ਹੈ।
ਜੰਗ ਨਹੀਂ ਹੋਣੀ ਚਾਹੀਦੀ-ਪ੍ਰਕਾਸ਼ ਸੋਚਦੀ-ਇਹ ਸੁਹਾਗ ਲੁਟਦੀ ਹੈ।
ਜੰਗ ਨਹੀਂ ਹੋਣੀ ਚਾਹੀਦੀ-ਰਾਮੇਂਦਰ ਸੋਚਦੀ-ਇਹ ਵੀਰ ਕੋਹੰਦੀ ਹੈ।
ਅਤੇ ਸਰਦਾਰ ਬਹਾਦਰ ਦਿਲ ਹੀ ਦਿਲ ਵਿਚ ਅਰਦਾਸ ਕਰਦਾ ਜੰਗ ਛੇਤੀ ਹੀ ਮੁਕ ਜਾਏ, ਉਸ ਦੀ ਧੀ ਦਾ ਸੁਹਾਗ ਸਲਾਮਤ ਪਰਤ ਆਏ।
ਇਕ ਵਾਰ ਫਿਰ ਕਿਸਮਤ ਨੇ ਸਰਦਾਰ ਬਹਾਦਰ ਤੇ ਉਪਕਾਰ ਕੀਤਾ। ਉਸ ਦੀਆਂ ਖ਼ਾਮੋਸ਼ ਅਰਦਾਸਾਂ ਕਬੂਲ ਹੋ ਗਈਆਂ!
ਹਿਟਲਰ ਹਾਰ ਗਿਆ। ਜਪਾਨ ਨੇ ਹਥਿਆਰ ਸੁਟ ਦਿਤੇ। ਬਰਗੇਡੀਅਰ ਰਛਪਾਲ ਸਿੰਘ ਵਤਨ ਮੁੜ ਆਇਆ। ਸਰਦਾਰ ਬਹਾਦਰ ਦਾ ਪਰਵਾਰ ਜਿਊਂਦਿਆਂ ਵਿਚ ਪੈਰ ਰਖਣ ਲੱਗਾ।
ਦੂਜੀ ਵਡੀ ਸੰਸਾਰ ਜੰਗ ਮੁਕ ਗਈ। ਲੋਕਾਂ ਨੇ ਹਾਕਮਾਂ ਪਾਸੋਂ ਰੋਟੀ ਕਪੜੇ ਅਤੇ ਅਜ਼ਾਦੀ ਦੀ ਮੰਗ ਕੀਤੀ। ਪਰ ਮੰਗਿਆਂ ਕੀ ਮਿਲ ਸਕਦਾ ਸੀ। ਉਹਨਾਂ ਬਾਹੂ ਬਲ ਨਾਲ ਆਪਣੇ ਹਕ ਲੈਣ ਦਾ ਉਪਰਾਲਾ ਅਰੰਭ ਦਿਤਾ।
ਹਿਦੇਸ਼ੀਆਂ ਵਿਚ ਅਮਰੀਉਦ-ਦੀਨ ਅਤੇ ਉਸ ਦੇ ਸਾਥੀਆਂ ਨੇ ਡੱਚਾਂ ਪਾਸੋਂ ਆਪਣੇ ਜਮਾਂਦਰੂ ਹਕ ਲੈਣ ਵਾਸਤੇ ਅੰਦੋਲਨ ਸ਼ੁਰੂ ਕਰ ਦਿਤਾ। ਉਹਨਾਂ ਦੇ ਟਾਕਰੇ ਵਿਚ ਡੱਚ ਮਲਕਾ, ਵਿਚਾਰੀ ਨਿਤਾਣੀ ਜ਼ਨਾਨੀ ਹੀ ਤਾਂ ਸੀ। ਇਸ ਲਈ ਉਸ ਨੇ ਚਰਚਲ ਦੀ ਸਰਕਾਰ ਪਾਸੋਂ ਸਹਾਇਤਾ ਮੰਗੀ।
.....ਬਰਗੇਡੀਅਰ ਰਛਪਾਲ ਸਿੰਘ ਦੇ ਬਰਗੇਡ ਨੂੰ ਗੁਰੀਲੇ ਮੁਕਾਉਣ ਸੁਮਾਟਰਾ ਜਾਣ ਦਾ ਹੁਕਮ ਮਿਲ ਗਿਆ।
ਪੁੱਤਰ ਸਮਾਨ ਜਵਾਈ ਦੀ ਇਹ ਮੁੜ ਪਰਦੇਸ ਯਾਤਰਾ ਦੀ ਖਬਰ ਸਰਦਾਰਨੀ ਅਤੇ ਸਰਦਾਰ ਬਹਾਦਰ ਲਈ ਅਤਿ ਦੁਖਦਾਈ ਸੀ। ਰਾਮੇਂਦਰ ਵੀ ਘਬਰਾ ਗਈ। ਉਸ ਨੂੰ ਭਰਜਾਈ ਨਾਲ ਦਿਲੋਂ ਹਮਦਰਦੀ ਤਾਂ ਸੀ ਪਰ ਉਸ ਨੂੰ ਆਪਣੀ ਕਿਸਮਤ ਦਾ ਉਹਦੀ ਜਿਹੀ ਬਣ ਜਾਣਾ ਪ੍ਰਵਾਨ ਨਹੀਂ ਸੀ। ਸਰਦਾਰ ਬਹਾਦਰ ਨੇ ਮਾਂ ਅਤੇ ਧੀ ਦੇ ਚਿਹਰਿਆਂ ਤੇ ਛਾਈ ਮੁਰਦੇ ਹਾਣ ਆਪਣੇ ਤੇ ਵੀ ਪਰਤੀਤ ਕੀਤੀ। ਦਿਲ ਵਿਚ ਇਕ ਮਧਮ ਜਿਹੀ ਆਸ ਦੀ ਲੋਅ ਬਾਲ ਉਹ ਰਸਾਲੇ ਦੇ ਕਮਾਂਡਰ ਨੂੰ ਮਿਲਣ ਗਿਆ।
ਉਸ ਨੇ ਆਪਣੀ ਸਫੈਦ ਪਗ ਕਮਾਂਡਰ ਦੇ ਪੈਰਾਂ ਤੇ ਰਖ ਦਿਤੀ। ਸਿੱਜਲ ਅਖਾਂ ਨਾਲ ਹਥ ਜੋੜ ਅਰਜ਼ ਗੁਜ਼ਾਰੀ, "ਹਜ਼ੂਰ, ਸਰਕਾਰ ਦੀ ਖਿਦਮਤ ਵਿਚ ਇਹ ਵਾਲ ਸਫੈਦ ਹੋ ਗਏ ਹਨ। ਜਿਗਰ ਦਾ ਟੁਕੜਾ ਵੀ ਵਾਰ ਚੁਕਾ ਹਾਂ। ਆਖ਼ਰੀ ਦਾਨ ਮੰਗਣ ਆਇਆ ਹਾਂ। ਬਰਗੇਡੀਅਰ ਰਛਪਾਲ ਸਿੰਘ ਦੇ ਜਾਣ ਦਾ ਹੁਕਮ ਮਨਸੂਖ ਕਰ ਦੇਵੋ।'
ਪਰ ਹੁਕਮ ਹੁਕਮ ਸੀ। ਰਛਪਾਲ ਸਿੰਘ ਸੁਮਾਟਾਰ ਚਲਿਆ ਗਿਆ।
ਟਬਰ ਉਸ ਦੀ ਸਲਾਮਤੀ ਦੀਆਂ ਅਰਦਾਸਾਂ ਕਰਦਾ ਸੁਖਣਾ ਸੁਖਦਾ, ਜੀਵਨ ਅਤੇ ਮੌਤ ਵਿਚਕਾਰ ਲਟਕ ਰਿਹਾ ਸੀ। ਉਸ ਦੀ ਚਿੱਠੀ ਆਉਂਦੀ, ਉਹ ਆਪਣੇ ਆਪ ਨੂੰ ਜੀਉਂਦੇ ਅਨੁਭਵ ਕਰਦੇ।
ਉਹ ਲਿਖਦਾ-ਇਹ ਨਵਾਂ ਕੰਮ ਪਹਿਲੇ ਨਾਲੋਂ ਭਿਆਨਕ ਨਹੀਂ ਸੀ। ਜੇ ਗੁਰੀਲੇ ਸਾਹਮਣੀ ਟਕਰ ਲੈਣ ਤਾਂ ਉਹ ਕੁਝ ਘੰਟਿਆਂ ਦੀ ਹੀ ਮਾਰ ਸਨ। ਪਰ ਉਹ ਵੇਲੇ ਕੁਵੇਲੇ ਆਉਂਦੇ ਸਨ, ਜ਼ਿਆਦਾ ਤਰ ਰਾਤ ਨੂੰ। ਅਤੇ ਦਿਨ ਦੇ ਵਕਤ ਉਹ ਰਬੜ ਦੇ ਜੰਗਲਾਂ ਵਿਚ ਲੁਕੇ ਰਹਿੰਦੇ ਜਿਥੇ ਲੰਮਾ ਲੰਮਾ ਘਾਹ ਬੂਟ ਲੰਮੇ ਪਏ ਆਦਮੀ ਨੂੰ ਲੁਕਾ ਲੈਂਦਾ ਸੀ।
ਚਰਚਲ ਦੀ ਸਰਕਾਰ ਦੇ ਨਾਲ ਨਾਲ ਟਰੂਮੈਨ ਦੀ ਸਰਕਾਰ ਵੀ ਡੱਚਾਂ ਦੀ ਮਲਕਾ ਦੀ ਸਹਾਇਤਾ ਕਰ ਰਹੀ ਸੀ ਜੋ ਹਿੰਦੇਸ਼ੀਆਂ ਵਿਚ ਸੂਕਾਰਨੋ ਅਤੇ ਹਾਟਾ ਦਾ ਰਾਜ ਅਸਥਾਪਨ ਕਰਨਾ ਚਾਹੁੰਦੀ ਸੀ। ਉਨ੍ਹਾਂ ਨੂੰ ਸਫਲਤਾ ਦੀ ਪੂਰੀ ਆਸ ਸੀ।
ਪਰ ਇਕ ਵਾਰ ਬਰਗੇਡੀਅਰ ਰਛਪਾਲ ਸਿੰਘ ਦੀ ਚਿੱਠੀ ਆਈ ਨੂੰ ਪੰਦਰਾਂ ਦਿਨ ਲੰਘ ਗਏ। ਪੰਦਰਾਂ ਹੋਰ ਬੀਤ ਗਏ ਪਰ ਚਿੱਠੀ ਨਾ ਆਈ। ਦੋ ਮਹੀਨੇ ਪਿੱਛੋਂ ਇਕ ਕੈਪਟਨ ਨੇ ਸਰਦਾਰ ਬਹਾਦਰ ਮਦਨ ਜੀਤ ਸਿੰਘ ਨੂੰ ਦਸਿਆ-ਅਜ ਤੋਂ ਦੋ ਮਹੀਨੇ ਪਹਿਲਾਂ ਬਰਗੇਡੀਅਰ ਰਛਪਾਲ ਸਿੰਘ ਅਤੇ ਇਕ ਮੇਜਰ ਜੀਪ ਵਿਚ ਬੈਠ ਕੇ ਇਕ ਜੰਗਲ ਵਿਚ ਸਰਵੇ ਕਰਨ ਗਏ ਅਜ ਤਕ ਵਾਪਸ ਨਹੀਂ ਸਨ ਮੁੜੇ। ਉਹਨਾਂ ਥਾਂ ਥਾਂ ਢੂੰਡਿਆ ਸੀ ਪਰ ਬੰਦੇ ਤਾਂ ਕੀ ਜੀਪ ਦਾ ਵੀ ਨਿਸ਼ਾਨ ਕਿਤੇ ਨਹੀਂ ਸੀ ਲਭਾ।
ਕੀ ਇਹ ਸਚ ਸੀ ਰਛਪਾਲ ਸਿੰਘ ਵੀ ਇਸ ਟਬਰ ਨੂੰ ਮੰਝਧਾਰ ਵਿਚ ਛਡ ਜਾ ਚੁਕਾ ਸੀ? ਉਹਨਾਂ ਨੂੰ ਵਿਸ਼ਵਾਸ਼ ਨਾ ਆਉਂਦਾ। ਜੇ ਇਹ ਸਚ ਵੀ ਸੀ ਤਾਂ ਉਹ ਇਸ ਨੂੰ ਝੂਠ ਹੋ ਗਿਆ ਵੇਖਣਾ ਲੋਚਦੇ ਸਨ।
ਜੋਤਸ਼ੀਆਂ ਆਸ ਦੁਆਈ। ਅਖੰਡ ਪਾਠ ਕਰਾਏ ਗਏ। ਹਵਨ ਅਤੇ ਜਾਪ ਹੋਏ। ਦਾਨ ਦਿਤੇ ਗਏ। ਸਰਦਾਰ ਬਹਾਦਰ ਨੇ ਹਿੰਦੇਸ਼ੀਆ ਜਾ ਰਹੇ ਇਕ ਪਰਸਿੱਧ ਕਾਂਗਰਸੀ ਆਗੂ ਨੂੰ ਬਰਗੇਡੀਅਰ ਰਛਪਾਲ ਸਿੰਘ ਦਾ ਪਤਾ ਲਭਨ ਵਾਸਤੇ ਕਿਹਾ।
ਕੁਝ ਸਮਾਂ ਉਹਨਾਂ ਨੂੰ ਬਰਗੇਡੀਅਰ ਦੀ ਤਨਖਾਹ ਆਉਂਦੀ ਰਹੀ। ਪਰ ਇਸ ਦੇ ਬੰਦ ਹੋਣ ਨਾਲ ਟਬਰ ਨੂੰ ਯਕੀਨ ਹੋ ਗਿਆ ਰਛਪਾਲ ਸਿੰਘ ਵੀ ਇਸ ਦੁਨੀਆਂ ਤੋਂ ਜਾ ਚੁਕਾ ਸੀ।
ਅਤੇ ਇਕ ਪ੍ਰਭਾਤ ਨਿਤ ਵਾਗ ਜਦ ਸਰਦਾਰਨੀ ਸਰਦਾਰ ਬਹਾਦਰ ਨੂੰ ਜਗਾਉਣ ਉਸ ਦੇ ਪਲੰਘ ਕੋਲ ਆਈ, ਉਸ ਦੀਆਂ ਅੱਖਾਂ ਛਤ ਵਲ ਇਕ ਟਕ ਝਾਕ ਰਹੀਆਂ ਸਨ, ਅਤੇ ਨਾ ਹੀ ਉਸ
ਦੇ ਸਾਹ ਦਾ ਸੰਗੀਤ ਸੁਣੀਂਦਾ ਸੀ, ਉਸ ਦੇ ਉਪਰ ਰਜ਼ਾਈ ਵੀ ਅਹਿਲ ਅਡੋਲ ਵਿਸ਼ੀ ਹੋਈ ਸੀ।
ਸਰਦਾਰਨੀ ਨੇ ਕੋਈ ਚੀਕ ਨਾ ਮਾਰੀ, ਕੋਈ ਵੈਣ ਨਾ ਅਲਾਪਿਆ। ਉਹਨੀ ਪੈਰੀਂ ਬਾਹਰ ਨਿਕਲ ਗਈ, ਜਿਵੇਂ ਉਹ ਮਰਦਾਂ ਦੀ ਮੌਤ ਵੇਖਣ ਸੁਣਨ ਦੀ ਆਦੀ ਹੋ ਚੁਕੀ ਸੀ।
ਯੋਧੇ ਜੂਝ ਚੁਕੇ ਸਨ। ਸਰਦਾਰ ਬਹਾਦਰ ਮਦਨ ਜੀਤ ਸਿੰਘ ਬਾਜੀ ਹਾਰ ਦੋਵੇਂ ਹਥ ਝਾੜ ਚਲਿਆ ਗਿਆ ਸੀ। ਪਰ ਕਹਾਣੀ ਅਜੇ ਮੁਕ ਨਹੀਂ ਸੀ ਗਈ। ਅਤੇ ਮੁਕ ਵੀ ਕਿਵੇਂ ਸਕਦੀ ਸੀ। ਇਸਤ੍ਰੀ, ਫਿਰ ਵਿਧਵਾ, ਦੀ ਕਹਾਣੀ ਅਨਾਦੀ ਅਨੰਤੀ ਹੈ।
'ਸਪ੍ਰਿੰਗ ਵਿਊ' ਦੀ ਪਤਝੜ ਮੁੜ ਬਹਾਰ ਵਿਚ ਨਾ ਬਦਲੀ। ਸ਼ਿਵਰ ਲੈਟ ਤੇ ਘੱਟਾ ਜੰਮਦਾ ਗਿਆ। ਉਹਨਾਂ ਦੀ ਧਰਤੀ ਸੂਰਜ ਦੇ ਅਲੋਪ ਹੋ ਜਾਣ ਕਰਕੇ ਅੰਨ੍ਹੇ ਪੁਲਾੜ ਵਿਚ ਡੁਬਦੀ ਹੀ ਜਾ ਰਹੀ ਸੀ। ਉਹ ਘੱਟ ਖਾਂਦੀਆਂ ਸਨ, ਘਟ ਬੋਲਦੀਆਂ ਸਨ, ਘਟ ਸੌਂਦੀਆਂ ਸਨ। ਇਸਤਰੀ, ਖੁਸ਼ੀਆਂ ਦੀ ਦਾਤੀ, ਖੇੜੇ ਨੂੰ ਤਰਸ ਗਈ ਸੀ।
...............
ਪਰ ਅਜ ਦਸ ਸਾਲ ਪਿਛੋਂ ਇਕ ਵਾਰ ਫਿਰ ਸਰਦਾਰਨੀ ਮਦਨ ਜੀਤ ਸਿੰਘ ਦਾ ਮਨ ਵਿਸਮਾਦ ਵਿਚ ਗੜੂੰਦ ਸੀ। ਇਹ ਖੁਸ਼ੀ ਬੀਤ ਚੁਕੇ ਵਿਚ ਉਸ ਨੇ ਆਪਣੇ ਵਿਆਹ ਸਮੇਂ ਮਾਣੀ ਸੀ, ਸਰਿੰਦਰ ਜੀਤ ਦੇ ਜਨਮ ਤੇ ਚੱਖੀ ਸੀ, ਧੀ ਅਤੇ ਪੁਤਰ ਦੇ ਵਿਆਹ ਵੇਲੇ ਮਨਾਈ ਸੀ।
ਇਸ ਇਸਤਰੀ ਵਾਲੀ ਸੰਤੁਸ਼ਟਤਾ ਨਾਲ ਉਹ ਮਹਿਮਾਨਾਂ ਨੂੰ ਦਰਵਾਜ਼ੇ ਤੋਂ ਨਾਲ ਲਿਆ ਕੇ ਨੀਯਤ ਕਮਰੇ ਵਿਚ ਕੁਰਸੀਆਂ ਤੇ ਜਾ ਬਿਠਾਲਦੀ। ਉਹਨਾਂ ਦੀ ਹਰ ਪੁਛ ਦਾ ਮੁਸਕਰਾ ਕੇ ਉੱਤਰ ਦਿੰਦੀ, ਹਰ ਲੋੜ ਚਾਈਂ ਚਾਈਂ ਪੂਰੀ ਕਰਦੀ। ਬੁਢਾਪੇ ਦੀ ਥਕਾਵਟ ਅਲੋਪ ਸੀ।
ਸਾਰੇ ਮਹਿਮਾਨ ਪੁਜ ਚੁਕੇ ਸਨ ਰਾਮੇਂਦਰ ਅਤੇ ਪ੍ਰਕਾਸ਼ ਦੀ ਉਡੀਕ ਵਿਚ ਉਤਾਵਲੇ ਸਨ। ਉਹਨਾਂ ਦੀਆਂ ਉਡੀਕ ਦੀਆਂ ਘੜੀਆਂ ਛੁਟਿਆਉਣ ਲਈ ਸਰਦਾਰਨੀ ਨੇ ਦਸਣਾ ਸ਼ੁਰੂ ਕੀਤਾ, "ਬਚੀਆਂ ਦੇ ਨੀਯਤ ਸਮੇਂ ਨਾ ਪਹੁੰਚਣ ਕਰ ਕੇ ਮੈਂ ਤੁਹਾਥੋਂ ਮੁਆਫ਼ੀ ਮੰਗਦੀ। ਵੀਆਨਾ ਦੀਆਂ ਯਾਦਾਂ ਤਾਂ ਤੁਹਾਨੂੰ ਉਹ ਆਪ ਹੀ ਦੱਸ ਸਕਣਗੀਆਂ, ਪਰ ਮੈਂ ਤੁਹਾਨੂੰ ਦਸਦੀ ਹਾਂ ਸਾਡਾ ਜੀਵਨ ਇਸ ਰਾਹੇ ਕਿਉਂ ਪੈ ਗਿਆ।"
ਉਸ ਕੁਝ ਪਲ ਰੁਕ ਕੇ ਦਸਿਆ, “ਜੰਗ ਨੇ ਮੈਨੂੰ ਔਂਤਰੀ ਕਰ ਦਿਤਾ, ਮੇਰੀਆਂ ਬਚੀਆਂ ਦੇ ਸੁਹਾਗ ਖੋਹ ਲਏ।" ਉਸ ਦਾ ਗਲ ਭਰ ਗਿਆ ਅੱਖਾਂ ਸਿਜਲ ਹੋ ਗਈਆਂ। ਸਰੋਤੇ ਗੰਭੀਰ ਸਨ।
'ਫਿਰ ਇਕ ਮਾਂ, ਪਤਨੀ ਅਤੇ ਭੈਣ ਸਾਹਮਣੇ ਮਨੁਖਾਂ ਦੇ ਇਤਿਹਾਸ 'ਚੋਂ ਜੰਗ ਮੁਕਾਉਣ ਨਾਲੋਂ ਵਡਾ ਨਿਸ਼ਾਨਾ ਕੋਈ ਨਹੀਂ ਸੀ। ਲੋਕਾਂ ਨੇ ਸਾਨੂੰ ਰਾਹ ਦਸਿਆ। ਨਾਲ ਹੀ ਉਸ ਰਾਹੇ ਤੁਰਨ ਦੀ ਜਾਚ ਸੀ।.......ਜਿਸ ਕਰਕੇ ਮੇਰੀਆਂ ਬਚੀਆਂ ਨੂੰ ਵੀਆਨਾ ਵਿਚ ਸੰਸਾਰ ਅਮਨ ਕਾਨਰ੍ਰੰਸ ਤੇ ਜਾਣ ਦਾ ਸੁਭਾਗ ਹੋਇਆ। ਮੈਂ ਪ੍ਰਸੰਨ ਹਾਂ, ਮੇਰੀ ਕੁੱਖ ਸਫਲ ਹੋਈ ਹੈ, ਮੇਰਾਂ ਬਚੀਆਂ.....।'
'ਮੰਮੀ ਅਸੀਂ ਆ ਗਈਆਂ।' ਮਹਿਮਾਨਾਂ ਦਾ ਧਿਆਨ ਮੀਂਹ ਧੋਤੀਆਂ ਸਵੱਛ ਕਲੀਆਂ ਵਰਗੀਆਂ ਦੋ ਮੁਟਿਆਰਾਂ ਵਲ ਖਿਚਿਆ ਗਿਆ।
'ਮੇਰੇ ਯੋਧੇ ਆ ਗਏ।' ਸਰਦਾਰਨੀ ਦੀਆਂ ਅਖਾਂ ਵਿਚ ਅਥਰੂ ਉਸ ਦੇ ਬਿਰਧ ਚਿਹਰੇ ਤੇ ਉਗੇ ਖੇੜੇ ਨੂੰ ਜਿੰਜ ਰਹੇ ਸਨ।