ਨਵਾਂ ਮਾਸਟਰ/ਵੈਰੀ
ਵੈਰੀ
ਅਕਤੂਬਰ ੧੯੫੨.
ਵੈਰੀ
ਬਾਵਾ ਸਿੰਘ ਇਕ ਸਫਲ ਮਾਸਟਰ ਸੀ। ਦਸ ਸਾਲ ਦੇ ਮਾਸਟਰਪੁਣੇ ਵਿਚ ਇਕ ਵਾਰ ਵੀ ਉਸ ਦੀਆਂ ਪੜ੍ਹਾਈਆਂ ਜਮਾਤਾਂ ਦਾ ਨਤੀਜਾ ਪਚਾਨਵੇਂ ਫੀ ਸਦੀ ਤੋਂ ਘਟ ਨਹੀਂ ਸੀ ਰਿਹਾ, ਸਗੋਂ ਸੌ ਤਾਂ ਕਈ ਵਾਰ ਰਹਿ ਚੁੱਕਾ ਸੀ। ਪਰ ਇਤਨੀ ਸਫਲਤਾ ਦੇ ਹੁੰਦਿਆਂ ਵੀ ਉਹ ਕਿਸੇ ਇਕ ਸਕੂਲ ਵਿਚ ਸਾਲ ਤੋਂ ਵੱਧ ਨਹੀਂ ਸੀ ਕਟ ਸਕਿਆ। ਪਿਛਲੇ ਮਹੀਨੇ ਤੋਂ ਉਹ ਹੁਣ ਬਾਰ੍ਹਵੇਂ ਸਕੂਲ ਵਿਚ ਆ ਕੇ ਲਗਾ ਸੀ।
ਨਾਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਬੜੇ ਖ਼ੁਸ਼ ਸਨ। ਮਾਸਟਰ ਬਾਵਾ ਸਿੰਘ ਦੇ ਆਉਣ ਤੋਂ ਪਹਿਲੋਂ ਪੂਰੇ ਤਿੰਨ ਮਹੀਨੇ ਉਹਨਾਂ ਨੂੰ ਹਸਾਬ ਪੜ੍ਹਾਉਣ ਵਾਲਾ ਕੋਈ ਲਾਇਕ ਮਾਸਟਰ
ਨਹੀਂ ਸੀ ਲਗਾ। ਨਾਵੀਂ ਜਮਾਤ ਵਾਲਿਆਂ ਨੂੰ ਇਸ ਘਾਟ ਕਰਕੇ ਇਤਨਾ ਫ਼ਿਕਰ ਨਹੀਂ ਸੀ, ਪਰ ਦਸਵੀਂ ਜਮਾਤ ਚਿੰਤਾਤਰ ਸੀ। ਉਹਨਾਂ ਦਾ ਹਾਈ ਸਕੂਲ ਵਿਚ ਇਹ ਆਖ਼ਰੀ ਸਾਲ ਸੀ, ਅਤੇ ਸਾਲ ਦੇ ਅਖ਼ੀਰ ਵਿਚ ਉਹਨਾਂ ਦੀ ਦਸਾਂ ਸਾਲਾਂ ਦੀ ਕਮਾਈ ਦਾ ਨਤੀਜਾ ਨਿਕਲ ਜਾਣਾ ਸੀ। ਉਹ ਸਾਰੇ ਸਮਝਦੇ ਸਨ ਕਿ ਹਸਾਬ ਦੀ ਪੜ੍ਹਾਈ ਦਾ ਚੰਗਾ ਪ੍ਰਬੰਧ ਨਾ ਹੋਣ ਕਰ ਕੇ ਬਹੁਤ ਸਾਰੇ ਵਿਦਿਆਰਥੀ ਫੇਲ੍ਹ ਹੋ ਜਾਣਗੇ ਅਤੇ ਸਿਆਣੇ ਵਿਦਿਆਰਥੀ ਵੀ ਮਸਾਂ ਦੂਜੇ ਅਤੇ ਤੀਜੇ ਦਰਜੇ ਵਿਚ ਹੀ ਪਾਸ ਹੋ ਸਕਣਗੇ।
ਹੈਡਮਾਸਟਰ ਨੂੰ ਵੀ ਇਹੋ ਫ਼ਿਕਰ ਸੀ। ਉਸਦੀ ਹੈਡਮਾਸਟਰੀ ਦਾ ਇਹ ਪਹਿਲਾ ਸਾਲ ਸੀ। ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਪਹਿਲੇ ਸਾਲ ਹੀ ਜੇ ਉਹ ਦਸਵੀਂ ਜਮਾਤ ਦਾ ਚੰਗਾ ਨਤੀਜਾ ਨਾ ਵਿਖਾ ਸਕਿਆ ਤਾਂ ਸਕੂਲ ਦੀ ਬਦਨਾਮੀ ਤਾਂ ਇਕ ਪਾਸੇ ਰਹੀ ਉਸ ਨੂੰ ਨੌਕਰੀਓਂ ਜਵਾਬ ਹੋ ਜਾਣ ਦਾ ਡਰ ਸੀ। ਪਰ ਹੁਣ ਇਹ ਤੌਖਲੇ ਮਿਟ ਗਏ ਸਨ। ਮਾਸਟਰ ਬਾਵਾ ਸਿੰਘ ਨੇ ਜਮਾਤਾਂ ਨੂੰ ਸਵੇਰੇ ਅਤੇ ਸ਼ਾਮ ਵਾਧੂ ਸਮਾਂ ਦੇ ਕੇ ਸਭ ਕਸਰਾਂ ਪੂਰੀਆਂ ਕਰ ਦਿਤੀਆਂ ਸਨ। ਛੁਟੀ ਵਾਲੇ ਦਿਨ ਤਾਂ ਉਸ ਪੜ੍ਹਾਉਣਾ ਹੀ ਹੁੰਦਾ ਸੀ, ਸਗੋਂ ਉਹ ਐਤਵਾਰ ਵੀ ਜਮਾਤਾਂ ਸੱਦ ਲੈਂਦਾ ਸੀ। ਉਸ ਦੇ ਹਰ ਸਾਤੇ ਟੈਸਟ ਲੈਣ ਦੇ ਢੰਗ ਨੇ ਸਾਰੇ ਵਿਦਿਆਰਥੀਆਂ ਨੂੰ ਹਸਾਬ ਵਿਚ ਤਾਕ ਕਰ ਦਿਤਾ ਸੀ। ਹੁਣ ਵਿਦਿਆਰਥੀਆਂ ਨੂੰ ਚੰਗੇ ਨੰਬਰਾਂ ਤੋਂ ਪਾਸ ਹੋਣ ਦੀਆਂ ਆਸਾਂ ਸਨ,ਅਤੇ ਹੈਡਮਾਸਟਰ ਨੂੰ ਸਕੂਲ ਦੀ ਮਸ਼ਹੂਰੀ ਅਤੇ ਆਪਣੀ ਰੋਜ਼ੀ ਦੀ ਸਲਾਮਤੀ ਦਾ ਯਕੀਨ ਹੋ ਚੁਕਾ ਸੀ।
ਮਾਸਟਰ ਬਾਵਾ ਸਿੰਘ ਟ੍ਰੇਂਡ ਬੀ. ਏ, ਸੀ। ਗੌਰਮਿੰਟ ਕਾਲਜ ਲਾਹੌਰ ਵਿਚੋਂ ਉਸ ਨੇ ਪੰਜਾਬੀ ਬੱਚਿਆਂ ਨੂੰ ਪੜ੍ਹਾਉਣ ਦਾ ਢੰਗ ਸਿਖਿਆ ਸੀ। ਅੰਗ੍ਰੇਜ਼ੀ ਸਰਕਾਰ ਆਪਣੇ ਦੇਸ ਵਿਚ ਵਿਦਿਆ ਦੇਣ ਦੇ ਚਾਲੂ ਢੰਗ ਦੇ ਤਜੱਰਬਿਆਂ ਅਨੁਸਾਰ ਗੁਲਾਮ ਹਿੰਦੁਸਤਾਨ ਦੇ ਇਸ ਕਾਲਜ ਵਿਚ ਨੌਜਵਾਨਾਂ ਨੂੰ ਮੈਕਡੂਗਲ, ਜੰਗ, ਐਡਲਰ, ਫਰਾਇਡ ਅਤੇ ਕਈ ਹੋਰ ਏਦਾਂ ਦੇ ਮਨੋਵਿਗਿਆਨੀਆਂ ਦੇ ਸਿਧਾਂਤ ਪੜ੍ਹਾ ਕੇ ਮਨ-ਇੱਛਤ ਮਾਸਟਰ ਤਿਆਰ ਕਰਦੀ ਸੀ। ਮਾਸਟਰ ਬਾਵਾ ਸਿੰਘ ਨੇ ਬੱਚਿਆਂ ਦੇ ਮਨ ਨੂੰ ਨਵੀਨ ਮਨੋਵਿਗਿਆਨਕ ਢੰਗ ਨਾਲ ਸਮਝ ਕੇ ਮਹਿਕਮੇ ਵਲੋਂ ਨੀਯਤ ਕੋਰਸ ਪੜ੍ਹਾਉਣ ਦਾ ਤਰੀਕਾ ਸਮਝਿਆ ਅਤੇ ਸਿਖਿਆ। ਪਰ ਸਕੂਲਾਂ ਵਿਚ ਪੜ੍ਹਾਉਣ ਦੇ ਤਜਰਬੇ ਨੇ ਉਸ ਨੂੰ ਸਿਖਾ ਦਿਤਾ ਕਿ ਟ੍ਰੇਨਿੰਗ ਕਾਲਜ ਵਿਚੋਂ ਸਿਖਿਆ ਪੜ੍ਹਾਉਣ ਦਾ ਤਰੀਕਾ ਪੰਜਾਬੀ ਸਹੂਲਤਾਂ ਵਿਚ ਪੂਰਾ ਚਾਲੂ ਨਹੀਂ ਸੀ ਹੋ ਸਕਦਾ। ਕਾਲਜ ਵਿਚ ਸਿਖਾਉਂਦੇ ਸਨ ਪਿਆਰ ਨਾਲ ਪੜ੍ਹਾਇਆ ਜਾਵੇ, ਡੰਡਾ ਨਾ ਵਰਤਿਆ ਜਾਏ। ਪਰ ਅਮਲ ਵਿਚ ਡੰਡਾ ਵਰਤੇ ਬਿਨਾਂ ਗੁਜ਼ਾਰਾ ਨਹੀਂ ਸੀ ਹੁੰਦਾ।
ਮਾਸਟਰ ਬਾਵਾ ਸਿੰਘ ਸਕੂਲ ਵਿਚ ਡੰਡੇ ਦੀ ਵਰਤੋਂ ਆਮ ਕਰਦਾ ਸੀ। ਉਹ ਸਮਝਦਾ ਸੀ ਕਿ ਰੰਬਾ ਅਤੇ ਮੁੰਡਾ ਚੰਡ ਕੇ ਹੀ ਰਖੇ ਜਾਣ ਤਾਂ ਕੰਮ ਦੇ ਰਹਿੰਦੇ ਸਨ। ਅਤੇ ਇਕ ਅੰਗ੍ਰੇਜ਼ੀ ਦਾ ਵਾਕ ਜਿਸ ਦੇ ਅਰਥ ਹਨ ਸੋਟੀ ਬਚਾਓ ਅਤੇ ਬਚਾ ਗਵਾਓ, ਤਾਂ ਉਹ ਨਿੱਤ ਸੁਣਾਇਆ ਕਰਦਾ ਸੀ। ਉਸਨੇ ਸਮਝ ਲਿਆ ਸੀ ਕਿ ਗੁਲਾਮ ਦੇਸ ਦੇ ਬੱਚੇ ਮਾਰ ਤੋਂ ਬਿਨਾਂ ਕੰਮ ਨਹੀਂ ਸਨ ਕਰਦੇ, ਕੰਮ ਕੀਤੇ ਬਿਨਾਂ ਪਾਸ ਨਹੀਂ ਸਨ ਹੋ ਸਕਦੇ, ਅਤੇ ਮਾਸਟਰ ਕਾਮਯਾਬ ਨਹੀਂ
ਸੀ ਅਖਵਾ ਸਕਦਾ। ਉਸ ਨੇ ਮਾਸਟਰੀ ਦੇ ਪਹਿਲੇ ਇਕ ਦੋ ਸਾਲਾਂ ਵਿਚ ਹੀ ਡੰਡੇ ਦੀ ਵਰਤੋਂ ਦੇ ਲਾਭ ਪ੍ਰਤੱਖ ਵੇਖ ਲਏ ਸਨ। ਉਸ ਦੇ ਮਜ਼ਮੂਨ ਦਾ ਨਤੀਜਾ ਚੰਗਾਂ ਰਹਿੰਦਾ ਸੀ। ਪਰ ਇਸ ਦੇ ਨਾਲ ਹੀ ਉਸ ਨੂੰ ਮਾਇਕ ਲਾਭ ਵੀ ਕੁਝ ਘੱਟ ਨਹੀਂ ਸੀ ਹੁੰਦਾ।
ਜਿਸ ਸਕੂਲ ਵਿਚ ਵੀ ਉਹ ਲਗਦਾ ਹਰ ਇਕ ਜਮਾਤ ਵਿਚੋਂ ਪੰਜ ਪੰਜ, ਛੇ ਛੇ ਵਿਦਿਆਰਥੀ ਚੁਣ ਲੈਂਦਾ, ਜੋ ਲਾਇਕ ਅਤੇ ਨਲਾਇਕ ਵਿਦਿਆਰਥੀਆਂ ਦੀ ਵਿਚਕਾਰਲੀ ਸ਼੍ਰੇਣੀ ਦੇ ਹੁੰਦੇ। ਉਹਨਾਂ ਨੂੰ ਪਹਿਲਾਂ ਤਾਂ ਸਪਤਾਹਕ ਟੈਸਟਾਂ ਵਿਚ ਫੇਲ੍ਹ ਕਰੀ ਜਾਂਦਾ, ਉਹਨਾਂ ਦੇ ਨਾਲਾਇਕ ਹੋਣ ਦਾ ਅਤੇ ਪਾਸ ਨਾ ਹੋ ਸਕਣ ਦਾ ਢੰਡੋਰਾ ਪਿੱਟੀ ਜਾਂਦਾ। ਫਿਰ ਮਹੀਨੇ ਕੁ ਪਿਛੋਂ ਉਹਨਾਂ ਦੇ ਮਾਪਿਆਂ ਨੂੰ ਸਦਵਾ ਕੇ ਟਿਊਸ਼ਨ ਰਖਣ ਲਈ ਜ਼ੋਰ ਦਿੰਦਾ ਅਤੇ ਜਦ ਤਕ ਉਸ ਦਾ ਆਸ਼ਾ ਪੂਰਾ ਨਾ ਹੋ ਜਾਂਦਾ ਉਹ ਉਹਨਾਂ ਵਿਦਿਆਰਥੀਆਂ ਨੂੰ ਬਾਕੀਆਂ ਨਾਲੋਂ ਵਧ ਡੰਡੇ ਮਾਰਦਾ।
ਟ੍ਰੇਨਿੰਗ ਕਾਲਜ ਵਿਚ ਉਸ ਨੇ ਇਕ ਚੰਗੇ ਮਾਸਟਰ ਦੇ ਗੁਣ ਪੜ੍ਹੇ ਹੋਏ ਸਨ। ਇਕ ਚੰਗ ਮਾਸਟਰ ਸੋਟੀ ਦੀ ਥਾਂ ਪਿਆਰ ਤੋਂ ਕੰਮ ਲੈਂਦਾ ਹੈ, ਉਸ ਦਾ ਜੀਵਨ ਆਦਰਸ਼ਕ ਹੁੰਦਾ ਹੈ, ਉਹ ਲਾਲਚ ਨਹੀਂ ਕਰਦਾ, ਉਹ ਦੌਲਤ ਕਮਾਉਣ ਪਿਛੇ ਨਹੀਂ ਦੌੜਦਾ, ਉਸਦੀ ਖ਼ੁਰਾਕ ਅਤੇ ਪੋਸ਼ਾਕ ਸਾਦਾ ਹੁੰਦੀ ਹੈ, ਉਸ ਦਾ ਆਪਣੇ ਸਰੀਰ ਅਤੇ ਮਨ ਤੇ ਪੂਰਾ ਪੂਰਾ ਕਾਬੂ ਹੁੰਦਾ ਹੈ, ਅਤੇ ਇਦਾਂ ਹੀ ਕਈ ਕੁਝ ਹੋਰ ਵੀ। ਇਸੇ ਕਰਕੇ ਹੀ ਜਦ ਉਹ ਟ੍ਰੇਨਿੰਗ ਕਾਲਜ ਵਿਚੋਂ ਨਵਾਂ ਨਵਾਂ ਪਾਸ ਹੋ ਕੇ ਨਿਕਲਿਆ ਸੀ, ਉਹ ਇਕ ਆਦ੍ਰਸ਼ਕ ਉਸਤਾਦ ਬਣਨਾ ਚਾਹੁੰਦਾ ਸੀ। ਅਤੇ ਉਸ ਨੇ ਯਤਨ ਵੀ ਕੀਤਾ।
ਉਸ ਨੇ ਲਾਲਚ ਨੂੰ ਤਿਆਗ ਕੇ ਸਾਦਾ ਖਾਣਾ ਅਤੇ ਪਾਉਣਾ ਅਰੰਭਿਆ, ਮਾਰਨ ਦੀ ਥਾਂ ਪਿਆਰ ਨਾਲ ਪੜ੍ਹਾਉਣ ਦਾ ਤਜਰਬਾ ਸ਼ੁਰੂ ਕੀਤਾ।
ਪਰ ਕੁਝ ਮਹੀਨਿਆਂ ਪਿੱਛੋਂ ਹੀ ਉਸ ਨੇ ਵੇਖ ਲਿਆ ਕਿ ਗੁਲਾਮ ਹਿੰਦੁਸਤਾਨ ਵਿਚ ਉਸ ਤਰ੍ਹਾਂ ਦਾ ਆਦਰਸ਼ਕ ਉਸਤਾਦ ਬਣਨ ਦਾ ਸੁਪਨਾ ਤਕ ਵੀ ਲੈਣਾ ਸ਼ੇਖ਼ ਚਿੱਲੀ ਖ਼ਿਆਲੀ ਸੀ। ਸਿਧ ਪਧਰੇ ਲਿਬਾਸ ਵਾਲੇ ਮਾਸਟਰ ਦਾ ਤਾਂ ਮੁੰਡੇ ਰੋਹਬ ਹੀ ਨਹੀਂ ਸਨ ਮੰਨਦੇ। ਉਸ ਦੇ ਸਾਹਮਣੇ ਜਮਾਤ ਵਿਚ ਰੌਲਾ ਪਾਉਂਦੇ ਰਹਿੰਦੇ ਸਨ। ਅਤੇ ਕੰਮ ਵੀ ਘਟ ਵਧ ਹੀ ਕਰਦੇ ਸਨ। ਪਰ ਉਸ ਨੂੰ ਆਦਰਸ਼ਕ ਉਸਤਾਦ ਬਣਨ ਦੀ ਆਸ ਸ਼ਾਇਦ ਅਜੇ ਕਈ ਸਾਲ ਹੋਰ ਰਹਿੰਦੀ, ਜੇ ਕਰ ਛੇਤੀ ਹੀ ਉਸ ਦਾ ਵਿਆਹ ਨਾ ਹੋ ਜਾਂਦਾ।
ਉਹਦੀ ਨਵੀਂ ਸਜ ਵਿਆਹੀ ਪਤਨੀ ਇਕ ਰਜੇ ਘਰ ਦੀ ਮੈਟ੍ਰਿਕ ਪਾਸ ਕੁੜੀ ਸੀ। ਉਹ ਚਾਹੁੰਦੀ ਸੀ ਕਿ ਉਸਦਾ ਪਤੀ ਸੂਟ ਬੂਟ ਪਾ ਕੇ ਰਖੇ ਅਤੇ ਉਸ ਦੇ ਕੋਟ ਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਰਹਿਣ। ਉਸ ਦਾ ਪਤੀ ਅਲਾ ਦੀਨ ਦੇ ਦੀਵੇ ਤੋਂ ਘਟ ਨਾ ਹੋਵੇ। ਪਹਿਲਾਂ ਪਹਿਲਾਂ ਕੁਝ ਚਿਰ ਮਾਸਟਰ ਬਾਵਾ ਸਿੰਘ ਨੇ ਪਤਨੀ ਨੂੰ ਆਪਣੇ ਆਦਰਸ਼ਕ ਖ਼ਿਆਲਾਂ ਦੇ ਸੁਨਹਿਰੀ ਮਹਲਾਂ ਵਿਚ ਰੀਝਾਉਣ ਦਾ ਯਤਨ ਕੀਤਾ। ਉਸ ਨੇ ਦਸਿਆ ਕਿ ਦੇਸ਼ ਦੇ ਅਜ਼ਾਦ ਹੁੰਦਿਆਂ ਹੀ ਮਾਸਟਰ ਦਾ ਸਤਿਕਾਰ ਵਧ ਜਾਏਗਾ। ਅਤੇ ਇਸੇ ਕਰਕੇ ਹੀ ਉਸਨੇ ੧੯੪੩ ਦੀ 'ਦੇਸ਼ ਛੱਡ ਜਾਓ' ਦੀ ਲਹਿਰ ਵਿਚ ਵਧ ਚੜ੍ਹ ਕੇ ਹਿਸਾ ਲਿਆ। ਸਕੂਲ ਦੇ ਵਿਦਿਆਰਥੀਆਂ
ਨੂੰ ਰਾਜਨੀਤਕ ਚੇਤੰਨਤਾ ਦੇਕੇ ਉਸ ਨੇ ਹੜਤਾਲ ਕਰਵਾਈ, ਅਤੇ ਆਪ ਵੀ ਜੇਲ੍ਹ ਜਾਂਦਾ ਜਾਂਦਾ ਮਸਾਂ ਹੀ ਬਚਿਆ।
੧੯੪੨ ਦੀ ਲਹਿਰ ਆਈ ਅਤੇ ਚਲੀ ਗਈ। ਦੂਜੀ ਵਡੀ ਜੰਗ ਲਗੀ ਸੀ ਲਗੀ ਰਹੀ। ਅੰਗ੍ਰੇਜ਼ ਹਾਰਦਾ ਸੀ ਪਰ ਜਿੱਤਣ ਲਗ ਗਿਆ। ਕਾਂਗਰਸ ਹਾਰ ਗਈ। ਇਸ ਦੇ ਨਾਲ ਹੀ ਮਾਸਟਰ ਬਾਵਾ ਸਿੰਘ ਦੇ ਆਦਰਸ਼ ਦਾ ਮਹਲ ਡੋਲਣ ਲਗ ਪਿਆ। ਅਤੇ ਉਸ ਦੀ ਪਿਆਰੀ ਪਤਨੀ ਦੇ ਅਥਰੂਆਂ ਦੇ ਹੜ ਨੇ ਉਸ ਦੀਆਂ ਨੀਹਾਂ ਨੂੰ ਖੋਰ ਕੇ ਸਦਾ ਲਈ ਥੇਹ ਕਰ ਦਿਤਾ।
ਉਸ ਨੂੰ ਵਿਸ਼ਵਾਸ਼ ਹੋ ਗਿਆ ਕਿ ਦੇਸ਼ ਅਜ਼ਾਦ ਨਹੀਂ ਸੀ ਹੋ ਸਕਦਾ, ਉਹ ਆਦਰਸ਼ਕ ਉਸਤਾਦ ਨਹੀਂ ਸੀ ਬਣ ਸਕਦਾ। ਤਾਂ ਹੁਣ ਪਤਨੀ ਨੂੰ ਖੁਸ਼ ਕਰਨਾ ਅਤੇ ਇਕ ਕਾਮਯਾਬ ਗ੍ਰਿਸਤੀ ਬਣਨਾ ਹੀ ਬਾਕੀ ਰਹਿ ਗਿਆ ਸੀ। ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਜੇ ਖੁਦਾ ਨਹੀਂ ਸੀ ਮਿਲ ਸਕਿਆ ਤਾਂ ਸਨਮ ਵੀ ਨਾ ਮਿਲ ਸਕੇ। ਇਸ ਲਈ ਉਸ ਨੇ ਪਤਨੀ ਨੂੰ ਰੀਝਾਉਣ ਵਾਸਤੇ ਸੂਟ ਅਤੇ ਬੂਟ ਪਾ ਕੇ ਜੇਬਾਂ ਨੋਟਾਂ ਨਾਲ ਭਰਨ ਦਾ ਇਰਾਦਾ ਕਰ ਲਿਆ।
ਇਸ ਸਭ ਕੁਛ ਵਾਸਤੇ ਪੈਸੇ ਦੀ ਜ਼ਰੂਰਤ ਸੀ। ਪਰ ਇਕ ਮਾਸਟਰ ਦੀ ਪੌਣਾ ਸੌ ਤਨਖਾਹ ਵਿਚ ਇਤਨਾ ਕੁਛ ਕਿਵੇਂ ਹੋ ਸਕਦਾ ਸੀ। ਤਨਖਾਹ ਵਧ ਨਹੀਂ ਸੀ ਸਕਦੀ। ਇਹ ਸਰਕਾਰੋਂ ਨੀਯਤ ਸੀ। ਅਤੇ ਸਰਕਾਰ ਪਾਸੋਂ ਵਧ ਤਨਖਾਹ ਮੰਗਣੀ ਬੇਅਰਥ ਸੀ। ਜਿਹੜੀ ਸਰਕਾਰ ਗਾਂਧੀ ਅਤੇ ਜਵਾਹਰ ਲਾਲ ਜਿਹੇ ਹਰਮਨ ਪਿਆਰੇ ਆਗੂਆਂ ਨੂੰ ਬਿਨਾਂ ਦਸੇ ਜੇਲ੍ਹਾਂ ਵਿਚ ਲੁਕਾ ਸਕਦੀ ਸੀ
ਭਲਾ ਉਹ ਗ਼ਰੀਬ ਮਾਸਟਰਾਂ ਦੀ ਕੀ ਪ੍ਰਵਾਹ ਕਰਦੀ ਸੀ।
ਮਾਸਟਰ ਬਾਵਾ ਸਿੰਘ ਨੇ ਇਹ ਸਭ ਕੁਝ ਵਿਚਾਰਕੇ ਟਿਊਸ਼ਨਾਂ ਕਰਕੇ ਪੈਸਾ ਕਮਾਉਣ ਦਾ ਢੰਗ ਵਰਤਿਆ। ਅਤੇ ਟਿਊਸ਼ਨਾਂ ਕਢਣ ਅਤੇ ਲਭਣ ਵਾਸਤੇ ਉਸ ਨੇ ਡੰਡਾ ਵਰਤਣਾ ਸ਼ੁਰੂ ਕੀਤਾ। ਇਸ ਕੰਮ ਨੂੰ ਹੁਣ ਉਹ ਜਾਇਜ਼ ਸਮਝਦਾ ਸੀ। ਜੀਵ ਅਤੇ ਜੰਤੁ ਜੀਊਣ ਵਾਸਤੇ ਜੰਗ ਕਰ ਰਹੇ ਹਨ। ਇਸ ਵਿਚ ਕਿਸੇ ਵੀ ਢੰਗ ਨਾਲ ਕਾਮਯਾਬੀ ਹਾਸਲ ਕਰਨਾ ਹੀ ਨੀਤੀ ਹੈ। ਟ੍ਰੇਨਿੰਗ ਕਾਲਜ ਵਿਚ ਉਸ ਨੇ ਇਹੋ ਹੀ ਤਾਂ ਸਿਖਿਆ ਸੀ। ਮੈਕਡੂਗਲ, ਜੰਗ ਐਡਲਰ ਅਤੇ ਫਰਾਇਡ ਆਦਿਕ ਵੀ ਤਾਂ ਦਸਦੇ ਸਨ ਕਿ ਮਨੁਖ ਪ੍ਰਵਿਰਤੀਆਂ ਦਾ ਗੁਲਾਮ ਹੈ। ਖਾਣ ਅਤੇ ਆਪਾ ਵਧਾਉਣ ਦੀ ਪ੍ਰਵਿਰਤੀ ਸਭ ਤੋਂ ਪ੍ਰਬਲ ਹੈ। ਇਸ ਤੋਂ ਕਿਸੇ ਤਰ੍ਹਾਂ ਵੀ ਅਜ਼ਾਦੀ ਨਹੀਂ ਪਾਈ ਜਾ ਸਕਦੀ।
ਹੁਣ ਮਾਸਟਰ ਬਾਵਾ ਸਿੰਘ ਦੇ ਡੰਡੇ ਦੇ ਮੰਤਰ ਨਾਲ ਕਾਫੀ ਪੈਸਾ ਮਿਲ ਜਾਂਦਾ ਸੀ। ਪਰ ਇਸ ਬਦਲੇ ਉਸ ਨੂੰ ਇਕ ਬੜੀ ਵਡੀ ਕੀਮਤ ਅਦਾ ਕਰਨੀ ਪਈ ਸੀ। ਇਕ ਸਕੂਲ ਵਿਚ ਪੜ੍ਹਾਉਂਦਿਆਂ ਉਸ ਨੂੰ ਵਧ ਤੋਂ ਵਧ ਇਕ ਸਾਲ ਹੀ ਲੰਘਦਾ ਕਿ ਉਸ ਨੂੰ ਉਹ ਸਕੂਲ ਛਡ ਕਿਸੇ ਹੋਰ ਜਾਣਾ ਪੈਂਦਾ।
ਇਸ ਨਵੇਂ ਬਾਰ੍ਹਵੇਂ ਸਕੂਲ ਵਿਚ ਆਇਆਂ ਉਸ ਨੂੰ ਮਹੀਨਾ ਬੀਤ ਚੁਕਾ ਸੀ। ਉਸ ਨੇ ਆਪਣਾ ਪੈਸਾ ਕਮਾਉਣ ਦਾ ਅਜ਼ਮਾਇਆ ਹੋਇਆ ਢੰਗ ਵਰਤਣਾ ਸ਼ੁਰੂ ਕਰ ਦਿਤਾ। ਵਿਦਿਆਰਥੀਆਂ ਨੂੰ ਛਾਂਟਣ ਦੇ ਨਾਲ ਨਾਲ ਉਸ ਨੇ ਨਿਤ ਵਾਂਗ
ਹੈਡਮਾਸਟਰ ਦੀਆਂ ਨਜ਼ਰਾਂ ਵਿਚ ਵਡਿਆਈ ਹਾਸਲ ਕਰਨੀ ਅਤੇ ਸਟਾਫ ਵਿਚੋਂ ਆਪਣੇ ਵੈਰੀ ਅਤੇ ਮਿੱਤਰ ਮਾਸਟਰ ਜਾਚਣੇ ਅਰੰਭ ਦਿਤੇ। ਇਕ ਪ੍ਰਾਈਵੇਟ ਸਕੂਲ ਦੇ ਹੈਡਮਾਸਟਰ ਦੀ ਮਨਜ਼ੂਰ ਨਜ਼ਰੀ ਹਾਸਲ ਕਰਨੀ ਕਠਨ ਨਹੀਂ ਹੁੰਦੀ। ਮਾਸਟਰ ਬਾਵਾ ਸਿੰਘ ਨੇ ਜਮਾਤਾਂ ਨੂੰ ਵਾਧੂ ਸਮਾ ਦੇ ਕੇ ਹੈਡਮਾਸਟਰ ਨੂੰ ਮੋਹ ਲਿਆ। ਅਤੇ ਰਹਿੰਦੀ ਕਸਰ ਪੂਰੀ ਕਰਨ ਲਈ ਆਪਣੀ ਮਹੀਨੇ ਦੀ ਕੁਲ ਕਮਾਈ 'ਚੋਂ ਦਸਵੰਧ ਵੀ ਭੇਟ ਕਰਨਾ ਅਰੰਭ ਦਿਤਾ।
ਹੁਣ ਤਕ ਮਾਸਟਰ ਬਾਵਾ ਸਿੰਘ ਹੈਡਮਾਸਟਰ ਨਾਲ ਘਿਓ ਖਿਚੜੀ ਹੋ ਚੁੱਕਾ ਸੀ, ਅਤੇ ਦਸ ਟਿਊਸ਼ਨਾ ਵੀ ਮਿਲ ਚੁਕੀਆਂ ਸਨ। ਆਪਣੀ ਪਦਵੀ ਸਥਿਰ ਵੀ ਜਾਪਦੀ ਸੀ। ਪਰ ਕਿਸੇ ਕਿਸੇ ਵੇਲੇ ਉਸ ਨੂੰ ਮਾਸਟਰ ਹਰਨਾਮ ਸਿੰਘ ਪਾਸੋਂ ਕੁਝ ਡਰ ਜਿਹਾ ਮਹਿਸੂਸ ਹੋਇਆ ਕਰਦਾ ਸੀ।
ਵੈਸੇ ਤਾਂ ਮਾਸਟਰ ਹਰਨਾਮ ਸਿੰਘ ਸਕੂਲ ਵਿਚ ਕੋਈ ਵਡੀ ਥਾਂ ਨਹੀਂ ਸੀ ਰਖਦਾ। ਇਕ ਆਮ ਮਾਸਟਰ ਸੀ। ਅਨਟ੍ਰੇਂਡ। ਪਰ ਉਸ ਵਿਚ ਮਾਸਟਰ ਬਾਵਾ ਸਿੰਘ ਨੂੰ ਉਹ ਆਦਰਸ਼ਕ ਗੁਣ ਝਲਕਦੇ ਸਨ ਜਿਹੜੇ ਉਹ ਚਾਹੁਣ ਤੇ ਵੀ ਆਪਣੇ ਵਿਚ ਨਹੀਂ ਸੀ ਬਣਾ ਸਕਿਆ। ਮਾਸਟਰ ਹਰਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਬਹੁਤ ਘਟ ਸਰੀਰਕ ਸਜ਼ਾ ਦਿਤੀ ਸੀ। ਉਹ ਟੀਊਸ਼ਨਾ ਰਖਣ ਦੇ ਹਕ ਵਿਚ ਨਹੀਂ ਸੀ। ਟਿਊਸ਼ਨ ਰਖਣ ਨੂੰ ਉਹ ਦਾਨ ਮੰਗਣਾ ਆਖਦਾ ਸੀ। ਇਸ ਮੰਦਵਾੜੇ ਦੇ ਸਮੇਂ ਵਿਚ ਸੌ ਰੁਪਿਆ ਤਨਖਾਹ ਵਿਚ ਭਾਵੇਂ ਗੁਜ਼ਾਰਾ ਤੁਰਨਾ ਅਸੰਭਵ ਸੀ, ਉਹ ਆਖਦਾ ਸੀ, "ਅਸੀਂ ਸਕੂਲ ਰਾਹੀਂ ਸਰਕਾਰ ਦੇ ਨੌਕਰ ਹਾਂ। ਅਸੀਂ ਆਪਣਾ
ਤਨ ਮਨ ਇਸ ਪਾਸੇ ਲਾ ਦਿਤਾ ਹੈ, ਇਸ ਦੀ ਪਾਲਣਾ ਕਰਨੀ ਸਰਕਾਰ ਦਾ ਫਰਜ਼ ਹੈ। ਇਸ ਵਾਸਤੇ ਗਰੀਬ ਵਿਦਿਆਰਥੀਆਂ ਤੇ ਭਾਰ ਨਹੀਂ ਪਾਉਣਾ ਚਾਹੀਦਾ। ਸਿਧਾ ਸਰਕਾਰ ਪਾਸੋਂ ਆਪਣਾ ਹਕ ਮੰਗਣਾ ਚਾਹੀਦਾ ਹੈ।" ਇਸੇ ਕਰਕੇ ਹੀ ਉਹ ਟੀਚਰਜ਼ ਯੂਨੀਅਨ ਦਾ ਮੈਂਬਰ ਸੀ।
ਪਰ ਮਾਸਟਰ ਬਾਵਾ ਸਿੰਘ ਉਸ ਨੂੰ ਆਪਣੇ ਤਜਰਬੇ ਦੇ ਅਧਾਰ ਤੇ ਨਸੀਅਤ ਕਰਦਾ, "ਮਾਸਟਰ ਹਰਨਾਮ ਸਿੰਘ ਤੁਸੀਂ ਅਜੇ ਬਚੇ ਹੋ। ਮੈਂ ਪੁਲਿਟੀਕਲ ਪਾਰਟੀਆਂ ਵਿਚ ਵੀ ਕੰਮ ਕਰ ਚੁੱਕਾ ਹਾਂ। ਸਭ ਖੁਦਗਰਜ਼ ਹਨ।" ਅਤੇ ਫਿਰ ਉਹ ਉਸ ਨੂੰ ਲੰਮੇ ਵਿਸਥਾਰ ਨਾਲ ਦਸਦਾ ਕਿ ਪਹਿਲਾਂ ਪਹਿਲਾਂ ਕਾਂਗਰਸ ਆਗੂ ਵੀ ਦੇਸ ਵਿਚ ਲੋਕ ਰਾਜ ਅਸਥਾਪਨ ਕਰਨ ਦਾ ਦਾਅਵਾ ਕਰਦੇ ਸਨ। ਪਰ ਹੁਣ ਆਪਣੇ ਅਸਲੀ ਰੂਪ ਵਿਚ ਉਘੜ ਆਏ ਸਨ। ਅਤੇ ਜਦ ਉਹ ਇਹ ਦਸ ਕੇ ਕਿ ਮਨੁਖ ਦਾ ਸੁਭਾ ਨਹੀਂ ਬਦਲ ਸਕਦਾ, ਜਿਹੜੀ ਵੀ ਸਰਕਾਰ ਆਏਗੀ ਆਪਣਾ ਹੀ ਉਲੂ ਸਿਧਾ ਕਰੇਗੀ, ਮਾਸਟਰ ਹਰਨਾਮ ਸਿੰਘ ਨੂੰ ਵੀ ਇਹੋ ਕੁਝ ਕਰਨ ਵਾਸਤੇ ਆਖਦਾ ਤਾਂ ਉਸ ਦੇ ਮਾਤਾ ਦਾਗੇ ਚਿਹਰੇ ਵਿਚ ਹਾਥੀ ਅਖੀਆਂ ਹੋਰ ਵੀ ਮਿਚ ਜਾਂਦੀਆਂ ਅਤੇ ਵਰਾਛਾਂ ਚੌੜੀਆਂ ਹੋ ਕੇ ਕੱਕੀਆਂ ਮੁੱਛਾਂ ਮੂੰਹ ਵਿਚ ਸੁੱਟ ਲੈਂਦੀਆਂ।
ਇਸ ਵੇਲੇ ਉਹ ਮਾਸਟਰ ਹਰਨਾਮ ਸਿੰਘ ਨੂੰ ਬੜਾ ਨੀਚ ਪਰਤੀਤ ਹੁੰਦਾ, ਪਰ ਉਹ ਏਨਾ ਹੀ ਕਹਿ ਕੇ, 'ਤੁਸਾਂ ਮੈਕਡੂਗਲ ਅਤੇ ਫਰਾਈਡ ਆਦਿਕ ਪੜ੍ਹੇ ਹਨ ਅਸੀਂ ਕੁਝ ਹੋਰ ਪੜ੍ਹਦੇ ਹਾਂ।" ਆਪਣੇ ਕਮਰੇ ਵਲ ਤੁਰ ਜਾਂਦਾ।
ਹਰਨਾਮ ਸਿੰਘ ਬਾਈਆਂ ਵਰ੍ਹਿਆਂ ਦਾ ਬੀ. ਏ. ਪਾਸ ਅਨਟ੍ਰੈਂਡ ਮਾਸਟਰ ਸੀ। ਗਰੀਬ ਮਾਪਿਆਂ ਦਾ ਪੰਜਾਂ ਧੀਆਂ ਪਿਛੋਂ ਇਕੋ ਇਕ ਪੁੱਤਰ ਹੋਣ ਕਰ ਕੇ ਔਖਿਆਈ ਸੌਖਿਆਈ ਨਾਲ ਬੀ. ਏ. ਪਾਸ ਕਰ ਸਕਿਆ ਸੀ, ਇਸ ਤੋਂ ਵਧ ਪੜ੍ਹਾਉਣ ਦੀ ਉਹਨਾਂ ਦੀ ਸਮਰਥਾ ਨਹੀਂ ਸੀ ਅਤੇ ਪਹੁੰਚ ਬਿਨਾ ਚੰਗੀ ਨੌਕਰੀ ਮਿਲਣੀ ਅਸੰਭਵ ਸੀ। ਗਲੀ ਦੇ ਚੌਧਰੀ ਨੇ ਉਹਨਾਂ ਦੀ ਹਾਲਤ ਤੇ ਤਰਸ ਖਾ ਕੇ ਹਰਨਾਮ ਸਿੰਘ ਨੂੰ ਆਪਣੀ ਕਮੇਟੀ ਦੇ ਸਕੂਲ ਵਿਚ ਪਚਾਨਵੇਂ ਰੁਪੈ ਮਹੀਨਾ ਪਨਖ਼ਾਹ ਤੇ ਲਵਾ ਦਿਤਾ ਸੀ।
ਹਰਨਾਮ ਸਿੰਘ ਨੂੰ ਉਸ ਦੀ ਸੰਗਤ ਨੇ ਜੋ ਸਮਾਜਕ ਅਤੇ ਰਾਜਨੀਤਕ ਸੂਝ ਦਿਤੀ ਸੀ, ਉਸ ਦੇ ਅਸਰ ਹੇਠ ਉਹ ਆਪਣੇ ਧੰਦੇ ਵਿਚ ਵਿਚਰ ਰਿਹਾ ਸੀ। ਉਹ ਵਿਦਿਆਰਥੀਆਂ ਪਾਸੋਂ ਡੰਡਾ ਵਰਤੇ ਬਿਨਾਂ ਕੰਮ ਲੈਣਾ ਚਾਹੁੰਦਾ ਸੀ। ਨਿਰਬਾਹ ਕਰਨ ਲਈ ਟਿਊਸ਼ਨਾ ਮਗਰ ਦੌੜਨ ਦੀ ਥਾਂ ਸਕੂਲ ਦੇ ਪ੍ਰਬੰਧਕਾਂ ਅਤੇ ਸਰਕਾਰ ਪਾਸੋਂ ਆਪਣੇ ਹਕ ਮੰਗਣ ਦਾ ਹਾਮੀ ਸੀ। ਇਸ ਕਰਕੇ ਹੀ ਮਾਸਟਰ ਬਾਵਾ ਸਿੰਘ ਉਸ ਨੂੰ ਆਪਣਾ ਵੈਰੀ ਨੰਬਰ ਇਕ ਮਿਥ ਚੁੱਕਾ ਸੀ। ਅਤੇ ਆਪਣਾ ਇਦਾਂ ਦੇ ਵੈਰੀਆਂ ਨਾਲ ਸਿਝਣਾ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਸੀ। ਜਮਾਤ ਦਾ ਚੰਗਾ ਨਤੀਜਾ, ਇਕ ਮਾਸਟਰ ਦਾ ਲਕ ਹੁੰਦਾ ਹੈ। ਅਤੇ ਮਾਸਟਰ ਦੇ ਇਸ ਲਕ ਨੂੰ ਤੋੜਨ ਵਾਸਤੇ ਮਾਸਟਰ ਬਾਵਾ ਸਿੰਘ ਅਜ਼ਮਾ ਚੁਕਾ ਸੀ ਕਿ ਜਮਾਤ ਨੂੰ ਆਪਣੇ ਮਜ਼ਮੂਨ ਦਾ ਇਨਾ ਕੰਮ ਦੇ ਦਿਓ ਕਿ ਵਿਦਿਆਰਥੀ ਵੈਰੀ ਮਾਸਟਰ ਦੇ ਮਜ਼ਮੂਨ ਵਲ ਧਿਆਨ ਦੇਣ ਦਾ ਸਮਾਂ ਹੀ ਨਾ ਕੱਢ ਸਕਣ ਅਤੇ ਉਸ ਵਿਚੋਂ ਨਲਾਇਕ ਹੋ ਕੇ ਵਧ
ਤੋਂ ਵਧ ਫੇਲ ਹੋ ਜਾਣ।
ਮਾਸਟਰ ਬਾਵਾ ਸਿੰਘ ਦੀ ਈਰਖਾ ਦੇ ਵਧਣ ਦਾ ਕਾਰਨ ਇਕ ਹੋਰ ਵੀ ਸੀ।
ਉਨ੍ਹੀਂ ਦਿਨੀਂ ਨਾਵੀਂ ਜਮਾਤ ਵਿਚ ਪਰਤਾਪ ਸਿੰਘ ਇਕ ਨਵਾਂ ਵਿਦਿਆਰਥੀ ਦਾਖ਼ਲ ਹੋਇਆ। ਉਹ ਲਾਗੇ ਦੇ ਪਿੰਡ ਦੇ ਇਕ ਗ਼ਰੀਬ ਜਟ ਦਾ ਪੁੱਤਰ ਸੀ। ਜਮਾਤ ਵਿਚ ਪਹਿਲੇ ਦਿਨ ਹੀ ਮਾਸਟਰ ਬਾਵਾ ਸਿੰਘ ਨੇ ਉਸਨੂੰ ਆਪਣੇ ਕੋਲ ਚਾਹਲੀ ਰੁਪਏ ਦੀ ਟਿਊਸ਼ਨ ਰਖਣ ਵਾਸਤੇ ਹਦਾਇਤ ਕਰ ਦਿਤੀ। ਪਰਤਾਪ ਸਿੰਘ ਬੜਾ ਨਿਰਾਸ ਸੀ। ਉਹ ਤਾਂ ਮੁਸ਼ਕਲ ਨਾਲ ਫ਼ੀਸ ਹੀ ਦੇ ਸਕਦਾ ਸੀ। ਇਹ ਵਗਾਰ ਕਿਵੇਂ ਭਰਦਾ। ਮਾਸਟਰ ਹਰਨਾਮ ਸਿੰਘ ਨੂੰ ਇਸ ਗੱਲ ਦਾ ਪਤਾ ਲਗਾ।
“ਉਹਨਾਂ ਨੂੰ ਜਾ ਕੇ ਆਖ ਦੇ, ਮੈਂ ਮਾਸਟਰ ਹਰਨਾਮ ਸਿੰਘ ਪਾਸ ਟਿਊਸ਼ਨ ਰਖ ਲਈ ਹੈ।" ਉਸ ਨੇ ਸਮਝਾ ਕੇ ਆਖਿਆ।
ਮਾਸਟਰ ਬਾਵਾ ਸਿੰਘ ਆਪਣੇ ਵਿਸਰ ਚੁਕੇ ਆਦਰਸ਼ ਨੂੰ ਕਿਸੇ ਹੋਰ ਰੂਪ ਵਿਚ ਪੂਰਾ ਹੁੰਦਾ ਵੇਖ ਕੇ ਤਾਂ ਸ਼ਾਇਦ ਸਹਾਰ ਲੈਂਦਾ, ਪਰ ਇਹ ਟਿਊਸ਼ਨਾ ਵਿਚ ਸ਼ਰੀਕਾ ਨਾ ਸਹਾਰ ਸਕਿਆ। ਉਸ ਨੇ ਜਮਾਤ ਨੂੰ ਹਸਾਬ ਦਾ ਕੰਮ ਵਧ ਤੋਂ ਵਧ ਦੇਣਾ ਸ਼ੁਰੂ ਕਰ ਦਿਤਾ। ਰੋਜ਼ ਦੇ ਤੀਹ ਚਾਲੀ ਸੁਆਲ ਅਤੇ ਤੀਜੇ ਦਿਨ ਟੈਸਟ। ਅਤੇ ਕੰਮ ਨਾ ਕਰਨ ਵਾਲੇ ਵਿਦਿਆਰਥੀ ਨੂੰ ਦਸ ਡੰਡਿਆਂ ਦੀ ਸਜ਼ਾ ਮੁਕੱਰਰ ਕਰ ਦਿਤੀ। ਇਸ ਦਾ ਲੋੜੀਦਾ ਅਸਰ ਹੋਇਆ। ਹੁਣ ਜਮਾਤ ਮਾਸਟਰ ਹਰਨਾਮ ਸਿੰਘ ਦੇ ਮਜ਼ਮੂਨ ਇਤਿਹਾਸ
ਅਤੇ ਭੁਗੋਲ ਵਲ ਉਕਾ ਹੀ ਧਿਆਨ ਨਹੀਂ ਸੀ ਦੇਂਦੀ, ਉਹ ਜਮਾਤ ਵਿਚ ਆ ਕੇ ਪੁਛਦਾ, “ਪਾਨੀਪਤ ਦੀ ਪਹਿਲੀ ਲੜਾਈ ਦਾ ਹਾਲ ਸੁਣਾਓ।" ਤਾਂ ਕੋਈ ਹਥ ਵੀ ਉਚਾ ਨਾ ਹੁੰਦਾ। ਅਖੀਰ ਕੁਝ ਦੇਰ ਚੁਪ ਚਾਪ ਬੈਠ ਕੇ ਸੋਚਣ ਪਿਛੋਂ ਫਿਰ ਆਪ ਹੀ ਸੁਣਾਉਣਾ ਅਰੰਭਦਾ।
ਉਸ ਨੂੰ ਆਪਣਾ ਨਤੀਜਾ ਭੈੜਾ ਹੋਣ ਦਾ ਇਨਾ ਡਰ ਨਹੀਂ, ਜਿਨਾ ਕਿ ਵਿਦਿਆਰਥੀਆਂ ਦੇ ਭਵਿਖਤ ਦਾ ਖ਼ਿਆਲ ਸੀ। ਇਸ ਤਰ੍ਹਾਂ ਉਹ ਖਿਚ ਧੂਹ ਕੇ ਪਾਸ ਤਾਂ ਹੋ ਸਕਦੇ ਸਨ ਪਰ ਹਰ ਇਕ ਮਜ਼ਮੂਨ ਵਲ ਹਿਸੇ ਆਉਂਦਾ, ਧਿਆਨ ਨਾ ਦੇਣ ਕਰਕੇ ਚੰਗੇ ਨੰਬਰ ਨਹੀਂ ਸਨ ਲੈ ਸਕਦੇ। ਉਹ ਸਾਹਨਾਂ ਦੇ ਭੇੜ ਵਿਚ ਘਾ ਦਾ ਮਿਧੇ ਜਾਣਾ ਪਸੰਦ ਨਹੀਂ ਸੀ ਕਰਦਾ। ਤਾਂ ਕੀ ਉਹ ਭਿੜਨਾ ਛਡ ਦੇਵੇ? ਉਸ ਨੇ ਆਪਣੇ ਮਨ ਤੋਂ ਪੁਛਿਆ। ਪਰ ਫਿਰ ਉਹਨਾਂ ਨੂੰ ਟਿਊਸ਼ਨਾ ਰਾਹੀਂ ਲੁਟੀਣਾ ਪਵੇਗਾ। ਉਸ ਨੇ ਦਿਲ ਵਿਚ ਫ਼ੈਸਲਾ ਕਰ ਲਿਆ, ਉਹ ਭਿੜੇਗਾ ਅਤੇ ਹਾਰ ਨਹੀਂ ਖਾਏਗਾ।
ਵਿਦਿਆਰਥੀਆਂ ਅਤੇ ਹੈਡਮਾਸਟਰ ਦੇ ਦਿਲ ਵਿਚ ਆਪਣੀ ਲਿਆਕਤ ਅਤੇ ਮਿਹਨਤ ਦਾ ਸਿੱਕਾ ਬਿਠਾਉਣ ਪਿਛੋਂ ਮਾਸਟਰ ਬਾਵਾ ਸਿੰਘ ਨੇ ਟਿਊਸ਼ਨਾਂ ਕਢਣ ਅਤੇ ਲਭਣ ਵਿਚ ਵੀ ਪੂਰੀ ਪੂਰੀ ਸਫ਼ਲਤਾ ਪ੍ਰਾਪਤ ਕਰਨੀ ਅਰੰਭ ਦਿਤੀ। ਉਸ ਨੂੰ ਸਕੂਲ ਵਿਚ ਆਇਆਂ ਦੋ ਮਹੀਨੇ ਹੋ ਚੁਕੇ ਸਨ। ਉਹ ਸਕੂਲ ਵਿਚੋਂ ਦਸ ਟਿਊਸ਼ਨਾ ਰਖ ਚੁਕਾ ਸੀ। ਹੋਰ ਰਖਣ ਦਾ ਯਤਨ ਕਰ ਰਿਹਾ ਸੀ। ਹੋਰ ਕਿਸੇ ਮਾਸਟਰ ਪਾਸ ਇਕ ਵੀ ਨਹੀਂ ਸੀ।
ਅਤੇ ਜੇ ਇਕ ਕੋਲ ਇਕ ਹੈ ਵੀ ਸੀ ਤਾਂ ਉਸ ਨੇ ਵਿਦਿਆਰਥੀ ਨੂੰ ਮਾਰ ਕੇ ਅਤੇ ਡਰਾ ਕੇ ਪਹਿਲੇ ਤੋਂ ਦੂਣੇ ਪੈਸਿਆਂ ਤੇ ਆਪ ਰਖ ਲਿਆ ਸੀ। ਉਸ ਤੇ ਵਿਦਿਆਰਥੀ ਦੇ ਪਿਤਾ ਨੂੰ ਦਸਿਆ ਸੀ, "ਉਹ ਮਾਸਟਰ ਤਾਂ ਟ੍ਰੇਂਡ ਹੀ ਨਹੀਂ, ਨਲਾਇਕ ਹੈ। ਉਸ ਨੂੰ ਤਾਂ ਪੜ੍ਹਾਉਣਾ ਹੀ ਨਹੀਂ ਆਉਂਦਾ।"
ਨਾਵੀਂ ਅਤੇ ਦਸਵੀਂ ਜਮਾਤਾਂ ਦੇ ਵਿਦਿਆਰਥੀ ਹੁਣ ਉਸ ਪਾਸੋਂ ਤੰਗ ਆ ਰਹੇ ਸਨ, ਉਹਨਾਂ ਦੇ ਦਿਲਾਂ ਵਿਚ ਉਸ ਵਾਸਤੇ ਘ੍ਰਿਣਾ ਜਨਮ ਧਾਰ ਰਹੀ ਸੀ। ਪਰ ਉਹ ਉਭਾਸਰ ਨਹੀਂ ਸਨ ਸਕਦੇ, ਉਹ ਵਿਦਿਆਰਥੀ ਸਨ, ਉੱਹ ਮਾਸਟਰ ਸੀ। ਅਤੇ ਫਿਰ ਇਕ ਡੰਡਾ-ਮਾਸਟਰ।
ਮਾਸਟਰ ਬਾਵਾ ਸਿੰਘ ਪਿਛਲੇ ਦਸਾਂ ਸਾਲਾਂ ਤੋਂ ਆਪਣਾ ਘਰ ਵਡਾ ਬਣਾਉਣ ਦੇ ਆਹਰ ਵਿਚ ਦਿਨੇ ਰਾਤ ਰੁੜ੍ਹਿਆ ਰਹਿੰਦਾ ਸੀ। ਤੀਹ ਬੱਤੀ ਸਾਲ ਦੀ ਜਵਾਨ ਉਮਰ ਵਿਚ ਉਸ ਦੇ ਜੀਵਨ ਦੇ ਕੇਵਲ ਦੋ ਹੀ ਰੁਝੇਵੇਂ ਰਹਿ ਗਏ ਹਨ। ਸਕੂਲ ਅਤੇ ਟਿਊਸ਼ਨਾ। ਜੇ ਸਕਲ ਦਾ ਵਕਤ ਪੰਜ ਘੰਟੇ ਦੇਂਦਾ ਸੀ। ਘਰ ਪੁਜਕੇ ਚਾਰ ਘੰਟੇ ਟਿਊਸ਼ਨਾ ਪੜ੍ਹਾਉਂਦਾ ਸੀ। ਸਿਆਲ ਹੋਵੇ ਭਾਵੇਂ ਹੁਨਾਲ, ਉਸਦਾ ਇਹੋ ਹੀ ਪ੍ਰੋਗ੍ਰਾਮ ਹੁੰਦਾ ਸੀ। ਏਨੀ ਕਰੜੀ ਕਮਾਈ ਕਰਨ ਕਰਕੇ ਅਜ ਕਲ ਉਸਦੀ ਆਮਦਨ ਚਾਰ ਸੌ ਰੁਪੈ ਮਾਹਵਾਰ ਤਕ ਹੋ ਜਾਂਦੀ ਸੀ, ਜੋ ਇਕ ਮਾਸਟਰ ਲਈ ਕਾਫੀ ਨਹੀਂ ਤਾਂ ਖਿਚ ਧੂਹ ਕੇ ਗੁਜ਼ਾਰਾ ਜ਼ਰੂਰ ਲੰਘਾ ਸਕਦੀ ਸੀ।
ਪਰ ਉਸ ਦਾ ਘਰੋਗੀ ਜੀਵਨ ਨਮੂਨੇ ਦਾ ਨਹੀਂ ਸੀ ਬਣ ਸਕਿਆ। ਸਾਰਾ ਦਿਨ ਮਥਾ ਮਾਰਨ ਪਿਛੋਂ ਪਤਨੀ ਵਲ ਫ਼ਰਜ਼
ਪੂਰੇ ਕਰਨ ਲਈ ਉਸ ਪਾਸ ਸਮਾਂ ਬਚਦਾ ਹੀ ਨਹੀਂ ਸੀ। ਉਸ ਦੀ ਪਤਨੀ ਦੇ ਦਿਲ ਵਿਚ, ਪਤੀ ਨਾਲ ਸ਼ਾਮ ਦੀ ਸੈਰ ਜਾਂ ਕਦੀ ਕਦੀ ਸਿਨੇਮਾ ਜਾ ਕੇ ਰਾਤ ਨੂੰ ਕਿਸੇ ਹੋਟਲ ਵਿਚੋਂ ਖਾਣਾ ਖਾਣ ਦੀ ਉਮੰਗ ਪੈਦਾ ਹੋ ਕੇ ਮੁਰਝਾ ਚੁਕੀ ਸੀ। ਜੇ ਉਹ ਉਸ ਵਲ ਧਿਆਨ ਦੇ ਸਕਿਆ ਸੀ ਤਾਂ ਸਿਰਫ ਇੰਨਾ ਹੀ ਕਿ ਉਹ ਤਿੰਨ ਬਚੇ ਜਣ ਸਕੀ ਸੀ! ਮਾਸਟਰ ਬਾਵਾ ਸਿੰਘ ਦਾ ਬਚੇ ਪੈਦਾ ਕਰਨ ਵਿਚ ਹਥ ਜ਼ਰੂਰ ਸੀ, ਪਰ ਉਹਨਾਂ ਦੀ ਸਾਂਭ ਸਦਾ ਉਸ ਦੀ ਪਤਨੀ ਦੇ ਹਿੱਸੇ ਹੀ ਰਹੀ ਸੀ। ਹੁਣ ਪਤਨੀ ਦੇ ਚੰਦ ਮੁਖੜੇ ਤੇ ਨਿਰਾਸਤਾ, ਕਰੋਧ ਅਤੇ ਚਿੜਚਿੜੇ ਪਨ ਦੇ ਕਾਲੇ ਦਾਗ ਵੀ ਜ਼ਾਹਿਰ ਹੋ ਗਏ ਸਨ। ਉਸ ਦਾ ਦਿਲ ਇਕ ਖ਼ੁਸ਼ਕ ਥਲ ਬਣ ਗਿਆ ਸੀ, ਜਿਸ ਵਿਚੋਂ ਪਿਆਰ ਦਾ ਅੰਮ੍ਰਿਤ ਉਡ ਕੇ ਸਤਵੇਂ ਅਸਮਾਨ ਤੇ ਜਾ ਚੜ੍ਹਿਆ ਸੀ। ਉਸ ਦੇ ਦਿਲ ਵਿਚ ਹੁਣ ਪਤੀ ਪਿਆਰ ਨਹੀਂ ਸੀ। ਉਹ ਉਸ ਦੀਆਂ ਲੋੜਾਂ ਵਲ ਧਿਆਨ ਨਹੀਂ ਸੀ ਦੇਂਦੀ। ਕਈ ਵਾਰ ਮਾਸਟਰ ਬਾਵਾ ਸਿੰਘ ਨੂੰ ਭੁਖਿਆਂ ਹੀ ਸਕੂਲ ਜਾਣਾ ਪੈਂਦਾ ਸੀ, ਅਤੇ ਸ਼ਾਮ ਨੂੰ ਘਰ ਪੁਜ ਕੇ ਨਾਲ ਦੇ ਤੰਦੂਰ ਤੋਂ ਹੀ ਰੋਟੀ ਖਾਣੀ ਪੈਂਦੀ ਸੀ।
ਉਸ ਦੇ ਬੱਚੇ ਵੀ ਪਤਨੀ ਵਾਸਤੇ ਵਾਧੂ ਭਾਰ ਬਣ ਗਏ ਸਨ। ਉਹ ਸਾਰਾ ਸਾਰਾ ਦਿਨ ਗਲੀਆਂ ਬਜ਼ਾਰਾਂ ਵਿਚ ਯਾਰਾਂ ਬੇਲੀਆਂ ਨਾਲ ਬਚਪਨ ਦੀਆਂ ਯੋਗ ਅਤੇ ਅਯੋਗ ਖੇਡਾਂ ਖੇਡਦੇ ਰਹਿੰਦੇ ਸਨ। ਸਕੁਲ ਘਟ ਵਧ ਹੀ ਜਾਂਦੇ ਸਨ। ਵਡਾ ਮੁੰਡਾ ਦਸ ਸਾਲ ਦਾ ਹੋ ਚੁਕਾ ਸੀ। ਪਰ ਉਹ ਅਜੇ ਤੀਜੀ ਜਮਾਤ ਵੀ ਪਾਸ ਨਹੀਂ ਸੀ ਕਰ ਸਕਿਆ।
ਜਦ ਕਦੀ ਮਾਸਟਰ ਬਾਵਾ ਸਿੰਘ ਆਪਣੇ ਬੀਤ ਚਕੇ ਸਮੇਂ ਤੇ ਇਕ ਪੜਚੋਲੀਆ ਨਜ਼ਰ ਮਾਰਦਾ, ਉਸ ਨੂੰ ਜੀਵਨ ਇਕ ਲੰਮਾ ਹਨੇਰਾ ਪੈਂਡਾ ਪ੍ਰਤੀਤ ਹੁੰਦਾ। ਉਹ ਇਕ ਆਦਰਸ਼ਕ ਉਸਤਾਦ ਬਣਨ ਦੀ ਇਛਾ ਨਾਲ ਜੀਵਨ ਦੇ ਅਮਲ ਵਿਚ ਨਿਤਰਿਆ ਸੀ, ਪਰ ਹਾਲਾਤ ਨੇ ਉਸ ਪਾਸੋਂ ਇਹ ਟੇਕ ਖੋਹ ਲਈ ਸੀ। ਪਤਨੀ ਵੀ ਇਕ ਸਵਰਗੀ ਘਰ ਨਹੀਂ ਸੀ ਦੇਖ ਸਕੀ। ਸਾਲਾਂ ਦਾ ਗੇੜ ਪਰਤਾਇਆ ਨਹੀਂ ਸੀ ਜਾ ਸਕਦਾ। ਇਸ ਕਰ ਕੇ ਜੀਵਨ ਦਾ ਇਕੋ ਹੀ ਮਨੋਰਥ ਬਾਕੀ ਸੀ। ਪੈਸਾ ਕਮਾਉਣਾ ਅਤੇ ਇਕ ਸ਼ਾਨਦਾਰ ਕੋਠੀ ਅਤੇ ਨੌਕਰਾਂ ਵਿਚ ਸੁਖ ਅਤੇ ਅਰਾਮ ਨਾਲ ਰਹਿਣਾ।
ਆਪਣੇ ਆਦਰਸ਼ ਦੀ ਪੂਰਤੀ ਲਈ ਉਹ ਇਸ ਸਕੂਲ ਦੀ ਨਾਵੀਂ ਜਮਾਤ ਵਿਚੋਂ ਸਤ ਵਿਦਿਆਰਥੀਆਂ ਦੀਆਂ ਟਿਊਸ਼ਨਾਂ ਰਖ ਚੁਕਾ ਸੀ। ਵਿਦਿਆਰਥੀ ਅਠ ਰੁਪੈ ਫੀਸ ਦੇ ਨਾਲ ਪੈਂਤੀ ਜਾਂ ਚਾਲੀ ਰੁਪੈ ਮਾਹਵਾਰ ਕਿਵੇਂ ਭਰ ਸਕਦੇ ਸਨ? ਇਹ ਵਿਚਾਰਨਾ ਉਸਦੀ ਸਿਰ ਦਰਦੀ ਨਹੀਂ ਸੀ। ਇਹ ਕੰਮ ਮਾਸਟਰ ਹਰਨਾਮ ਸਿੰਘ ਦੇ ਹਿੱਸੇ ਰਹਿਗਿਆ ਸੀ।
ਇਕ ਦਿਨ ਨਾਵੀਂ ਜਮਾਤ ਵਿਚ ਹਿਸਾਬ ਦੀ ਘੰਟੀ ਪਿਛੋਂ ਮਾਸਟਰ ਹਰਨਾਮ ਸਿੰਘ ਦੀ ਘੰਟੀ ਆਈ। ਉਹ ਜਮਾਤ ਵਿਚ ਵੜਿਆ। ਵਿਦਿਆਰਥੀ ਸੁਭਾਵਕ ਹੀ ਸੁਆਗਤ ਲਈ ਉਠੇ। ਪਰ ਉਹਨਾਂ ਦੇ ਚਿਹਰਿਆਂ ਤੇ ਅਜ ਸੁਆਗਤੀ ਖੇੜਾ ਨਹੀਂ ਸੀ। ਸਗੋਂ ਉਸ ਦੀ ਥਾਵੇਂ ਸਾਰੀਆਂ ਬਚਪਨੀ ਉਤਸੁਕ ਅਖੀਆਂ ਗੇਰੂਈ ਅਤੇ ਸਿਜਲ ਸਨ। ਉਹ ਹਥਾਂ ਦੀਆਂ ਤਲੀਆਂ ਵਿਚ ਫੂਕਾਂ ਮਾਰਦੇ ਅਤੇ ਰਗੜ ਰਹੇ ਸਨ। ਮਾਸਟਰ ਦੀ ਸੈਨਤ
ਲੈ ਕੇ ਸਾਰੇ ਬੈਠ ਗਏ। ਮਾਸਟਰ ਹਰਨਾਮ ਸਿੰਘ ਨੂੰ ਸੋਗ ਮਈ ਸੁਆਗਤ ਦਾ ਕਾਰਨ ਸਮਝਣ ਵਿਚ ਦੇਰ ਤਾਂ ਨਾ ਲਗੀ, ਪਰ ਫਿਰ ਵੀ ਉਸ ਨੇ ਦਿਆਲ ਨੂੰ ਪੁਛਿਆ, “ਕਿਉਂ ਦਿਆਲ ਤੂੰ ਅਜੇ ਤਕ ਟਿਊਸ਼ਨ ਨਹੀਂ ਰਖੀ?"
ਦਿਆਲ ਆਪਣੀ ਥਾਂ ਤੇ ਉਠਿਆ। ਉਸ ਦੇ ਅਥਰੂ ਧਾਰਾਂ ਬਣ ਗਏ, ਜਿਵੇਂ ਅਜੇ ਤਕ ਰੁਕੇ ਹੋਏ ਸਨ ਕਿ ਕਿਸੇ ਉਪਜਾਊ ਧਰਤੀ ਨੂੰ ਇੰਜਨਾ ਲੋਚਦੇ ਸਨ। ਉਹ ਮੂਹੋਂ ਕੁਝ ਨਾ ਕਹਿ ਸਕਿਆ। ਕਹਿਣ ਦੀ ਲੋੜ ਵੀ ਨਹੀਂ ਸੀ, ਉਸ ਦੇ ਉਭੇ ਸਾਹ ਸਭ ਕੁਝ ਦਸ ਰਹੇ ਸਨ ਅਤੇ ਸਾਰੀ ਜਮਾਤ ਦੀਆਂ ਸਿਲ੍ਹੀਆਂ ਅੱਖਾਂ ਗਵਾਹੀ ਦੇ ਰਹੀਆਂ ਸਨ। ਮਾਸਟਰ ਹਰਨਾਮ ਸਿੰਘ ਨੇ ਉਸ ਨੂੰ ਬੈਠ ਜਾਣ ਲਈ ਆਖਿਆ।
ਦਿਆਲ ਦਾ ਪਤਾ ਸੈਂਟਰਲ ਵਰਕਸ਼ਾਪ ਵਿਚ ਇਕ ਮਾਮੂਲੀ ਅਲੈਕਟ੍ਰੀਸ਼ਨ ਸੀ। ਜਿਸ ਦੀ ਆਮਦਨ ਕਿਸੇ ਮਹੀਨੇ ਵੀ ਸਵਾ ਸੌ ਤੋਂ ਵੱਧ ਨਹੀਂ ਸੀ ਹੋਈ। ਉਸ ਦਾ ਇਕ ਛੋਟਾ ਭਰਾ ਉਸੇ ਸਕੂਲ ਵਿਚ ਹੀ ਸਤਵੀਂ ਜਮਾਤ ਵਿਚ ਪੜ੍ਹਦਾ ਸੀ, ਅਤੇ ਇਕ ਛੋਟੀ ਭੈਣ ਕੁੜੀਆਂ ਦੇ ਸਕੂਲ ਵਿਚ ਪੰਜਵੀਂ ਜਮਾਤ ਵਿੱਚ ਸੀ। ਪਾਕਿਸਤਾਨ 'ਚੋਂ ਰਫਿਊਜੀ ਹੋਣ ਕਰਕੇ ਉਹਨਾਂ ਦੀ ਇਧਰ ਕੋਈ ਜਾਇਦਾਦ ਨਹੀਂ ਸੀ। ਪਿਤਾ ਦੀ ਤਨਖਾਹ ਆਸਰੇ ਹੀ ਘਰ ਦਾ ਮਾੜਾ ਮੋਟਾ ਗੁਜ਼ਾਰਾ ਤੁਰਦਾ ਸੀ। ਸਕੂਲ ਕਮੇਟੀ ਨੇ ਦਿਆਲ ਦੀ ਫੀਸ ਮੁਆਫੀ ਦੀ ਦਰਖਾਸਤ ਰਦ ਕਰ ਦਿਤੀ ਸੀ ਅਤੇ ਆਖਿਆ ਸੀ ਉਹ ਰਫਿਊਜੀ ਹੈ ਉਸ ਨੂੰ ਸਰਕਾਰ ਪਾਸੋਂ ਗਰਾਂਟ ਲੈ ਦਿਤੀ ਜਾਏਗੀ। ਪਰ ਜਦ ਗਰਾਂਟ ਦੀਆਂ ਦਰਖਾਸਤਾਂ ਘਲਣ
ਦਾ ਸਮਾ ਆਇਆ ਸਕੂਲ ਕਲਰਕ ਨੇ ਇਹ ਆਖ ਕੇ ਦਰਖ਼ਾਸਤ ਰਦੀ ਦੀ ਟੋਕਰੀ ਵਿਚ ਸੁਟ ਦਿਤੀ ਕਿ ਉਹਨਾਂ ਦੀ ਮਾਹਵਾਰ ਆਮਦਨ ਸੌ ਰੁਪੈ ਨਾਲੋਂ ਵਧ ਸੀ।
ਫਿਰ ਮਾਸਟਰ ਬਾਵਾ ਸਿੰਘ ਆ ਗਿਆ। ਉਸ ਨੇ ਦਿਆਲ ਨੂੰ ਵੀ ਲਾਇਕ ਬਣਾਉਣ ਵਾਸਤੇ ਟਿਊਸ਼ਨ ਰਖਣ ਵਾਸਤੇ ਚੁਣ ਲਿਆ। ਮਾਸਟਰ ਬਾਵਾ ਸਿੰਘ ਉਸ ਪਾਸੋਂ ਰਿਆਇਤੀ ਫੀਸ ਪੈਂਤੀ ਰੁਪੈ ਮੰਗਦਾ ਸੀ ਅਤੇ ਅਗਲੇ ਸਾਲ ਤੋਂ ਸਕੂਲ ਦੀ ਫੀਸ ਮੁਆਫ ਕਰਾ ਦੇਣ ਦਾ ਇਕਰਾਰ ਕਰਦਾ ਸੀ। ਦਿਆਲ ਨੇ ਸਾਰੀ ਵਾਰਤਾ ਆਪਣੇ ਪਿਤਾ ਨੂੰ ਜਾ ਸੁਣਾਈ। ਉਹ ਸਟ ਪਟਾਇਆ। ਅਤੇ ਦਿਆਲ ਅਗਲੇ ਦਿਨ ਸਾਰਟੀਫੀਕੇਟ ਲੈਣ ਦੀ ਅਰਜ਼ੀ ਲੈ ਕੇ ਆ ਗਿਆ। ਉਸ ਦੇ ਪਿਤਾ ਨੇ ਉਸ ਦੀ ਪੜ੍ਹਾਈ ਛੁਡਾ ਕੇ ਅਪ੍ਰੈਂਟਿਸ ਬਣਾਉਣ ਦਾ ਇਰਾਦਾ ਕਰ ਲਿਆ ਸੀ।
ਪਰ ਮਾਸਟਰ ਹਰਨਾਮ ਸਿੰਘ ਨੇ ਆਖਿਆ, "ਦਿਆਲ ਅਸੀਂ ਹਾਰ ਨਹੀਂ ਮੰਨ ਸਕਦੇ, ਤੇਲ ਵੇਖ ਤੇਲ ਦੀ ਧਾਰ ਵੇਖ।" ਅਤੇ ਦਿਆਲ ਨੇ ਸਰਟੀਫੀਕੇਟ ਦੀ ਅਰਜ਼ੀ ਜੋੜ ਕੇ ਜੇਬ ਵਿਚ ਪਾਉਂਦਿਆਂ ਆਪਣੇ ਦਿਲ ਵਿਚ ਮਾਸਟਰ ਦੇ ਸਤਿਕਾਰ ਦਾ ਸਬੂਤ ਦਿਤਾ।
ਉਸ ਦਿਨ ਤੋਂ ਦਿਆਲ ਮਾਸਟਰ ਬਾਵਾ ਸਿੰਘ ਦੀ ਮਾਰ ਦਾ ਖਾਸ ਨਿਸ਼ਾਨਾ ਬਣ ਗਿਆ। ਮਾਸਟਰ ਹਰਨਾਮ ਸਿੰਘ ਤੋਂ ਇਹ ਸਹਾਰਨਾ ਕਠਨ ਸੀ। ਪਰਤਾਪ ਅਤੇ ਦਿਆਲ ਦੇ ਨਾਲ ਨਾਵੀਂ ਜਮਾਤ ਦੇ ਪੰਜ ਹੋਰ ਵਿਦਿਆਰਥੀ ਅਠਵੀਂ ਜਮਾਤ ਦੇ
ਚਾਰ ਅਤੇ ਦਸਵੀਂ ਦੇ ਪੰਜ ਹੋਰ ਵੀ ਸ਼ਾਮਿਲ ਸਨ। ਅਖ਼ੀਰ ਕਾਫੀ ਸੋਚਣ ਤੋਂ ਪਿਛੋਂ ਮਾਸਟਰ ਹਰਨਾਮ ਸਿੰਘ ਇਕ ਦਿਨ ਛੁਟੀ ਪਿੱਛੋਂ ਹੈਡਮਾਸਟਰ ਨੂੰ ਮਿਲਿਆ। ਉਸ ਨੂੰ ਇਕ ਕਾਨੂੰਨੀ ਨੁਕਤਾ ਯਾਦ ਕਰਾਇਆ ਕਿ ਇਕ ਮਾਸਟਰ ਇਕ ਵਕਤ ਹੈਡਮਾਸਟਰ ਦੀ ਆਗਿਆ ਨਾਲ ਕੇਵਲ ਦੋ ਜਾਂ ਤਿੰਨ ਟਿਊਸ਼ਨਾਂ ਹੀ ਕਰ ਸਕਦਾ ਸੀ, ਮਾਸਟਰ ਬਾਵਾ ਸਿੰਘ ਵਾਂਗ ਬਾਰਾਂ ਪੰਦਰਾਂ ਨਹੀਂ।
ਹੈਡ ਮਾਸਟਰ ਨੇ ਸੁਣਿਆ ਅਤੇ ਟਾਲ ਛਡਿਆ। ਉਸ ਨੂੰ ਬਕਾਇਦਾ ਦਸਵੰਧ ਮਿਲ ਰਿਹਾ ਸੀ। ਉਸ ਨੂੰ ਇਹ ਉਪਰੋਂ ਹੁੰਦੀ ਆਮਦਨ ਕਿਉਂ ਬੁਰੀ ਲਗ ਸਕਦੀ ਸੀ। ਅਤੇ ਫਿਰ ਇਦਾਂ ਦਸ ਪੰਦਰਾਂ ਵਿਦਿਆਰਥੀ ਹੋਰ ਲਾਇਕ ਹੋ ਜਾਂਦੇ ਸਨ, ਜਿਸ ਨਾਲ ਸਕੂਲ ਦਾ ਨਤੀਜਾ ਹੋਰ ਵੀ ਚੰਗਾ ਹੋ ਜਾਣਾ ਸੀ। ਮਾਸਟਰ ਹਰਨਾਮ ਸਿੰਘ ਆਪਣੀ ਅਤੇ ਵਿਦਿਆਰਥੀਆਂ ਦੀ ਵਿਥਿਆ ਸੁਣਾਕੇ ਚਲਿਆ ਗਿਆ। ਐਨ. ਸੀ. ਸੀ. ਦੀ ਵਰਦੀ ਵਿਚ ਘੁਟਿਆ ਕਾਲੇ ਰੰਗ ਦਾ ਮਧਰਾ ਅਤੇ ਗੋਲ ਮਟੋਲ ਹੈਡਮਾਸਟਰ ਮਕਈ ਦੀ ਛੱਲੀ ਦੇ ਵਾਲਾਂ ਵਰਗੀਆਂ ਮੁੱਛਾਂ ਵਿਚ ਮੁਸਕ੍ਰਾਇਆ। ਉਸ ਨੇ ਚਰ੍ਹੀ ਦੇ ਦੁੰਬ ਵਰਗੀ ਬਧੀ ਦਾੜ੍ਹੀ ਤੇ ਹਥ ਫੇਰਿਆ, ਅਤੇ ਲੂੰਬੜ ਅਖਾਂ ਵਿਚ ਇਕ ਚਮਕ ਆ ਗਈ। ਉਸ ਨੇ ਚਪੜਾਸੀ ਨੂੰ ਮਾਸਟਰ ਬਾਵਾ ਸਿੰਘ ਨੂੰ ਸਦ ਲਿਆਉਣ ਵਾਸਤੇ ਹੁਕਮ ਦਿਤਾ।
ਉਹ ਆ ਗਿਆ। ਭਾਵੇਂ ਉਹ ਇਕ ਦੂਜੇ ਦੇ ਲਾਭਾਂ ਨੂੰ ਚੰਗੀ ਤਰਾਂ ਸਮਝਦੇ ਸਨ, ਪਰ ਮਾਸਟਰ ਹੋਣ ਦੀ ਹੈਸੀਅਤ ਵਿਚ ਆਪਣੇ ਅਸਭਯ ਖਿਆਲ ਸਾਫ਼ ਬਾਫ਼ ਨਹੀਂ ਸਨ ਕਹਿ ਸਕਦੇ। ਇਸ ਲਈ ਹੈਡ ਮਾਸਟਰ ਨੇ ਆਖਿਆ, “ਅਸੀਂ ਹਰ ਇਕ
ਨੂੰ ਖੁਸ਼ ਨਹੀਂ ਕਰ ਸਕਦੇ। ਪਬਲਿਕ ਅਤੇ ਸਕੂਲ ਕਮੇਟੀ ਚੰਗੇ ਨਤੀਜੇ ਨਾਲ ਹੀ ਖੁਸ਼ ਹੋ ਸਕਦੀ ਹੈ। ਇਸ ਆਸ਼ੇ ਦੀ ਪੂਰਤੀ ਲਈ ਢੰਗ ਕੋਈ ਵੀ ਵਰਤਿਆ ਜਾਵੇ, ਜਾਇਜ਼ ਹੈ। ਫਿਰ ਸਾਰੇ ਉਸਤਾਦ ਇਕੋ ਜਿਹੇ ਮਿਹਨਤੀ ਨਹੀਂ ਹੋ ਸਕਦੇ। ਅਤੇ ਮਿਹਨਤੀ ਉਸਤਾਦ ਨੂੰ ਉਸ ਦਾ ਇਵਜ਼ਾਨਾ ਜ਼ਰੂਰ ਮਿਲਣਾ ਚਾਹੀਦਾ ਹੈ।"
ਮਾਸਟਰ ਬਾਵਾ ਸਿੰਘ ਇਸ਼ਾਰੇ ਤੋਂ ਸਮਝ ਗਿਆ, ਹੈਡਮਾਸਟਰ ਮਾਸਟਰ ਹਰਨਾਮ ਸਿੰਘ ਸਬੰਧੀ ਕਹਿ ਰਿਹਾ ਸੀ। ਉਸ ਨੇ ਵੀ ਆਪਣੀ ਰਾਏ ਪੇਸ਼ ਕੀਤੀ, “ਹਜ਼ੂਰ ਪੜ੍ਹਾਉਣਾ ਬੜਾ ਮੁਸ਼ਕਲ ਹੈ, ਇਹ ਅਜ ਕਲ ਦੇ ਨੌਜਵਾਨ ਕੀ ਜਾਣ ਸਕਦੇ ਹਨ। ਚਾਲੂ ਕੰਮ ਵਿਚ ਰੋੜਾ ਅਟਕਾਉਣਾ ਜਾਣਦੇ ਹਨ। ਬੱਚੇ ਪੜ੍ਹਾਉਣਾ ਕੌਮ ਦੀ ਉਸਾਰੀ ਕਰਨਾ ਹੈ, ਇਹ ਕੰਮ ਤਨ ਮਨ ਅਤੇ ਧਨ ਦੀ ਇਕਾਗਰਤਾ ਮੰਗਦਾ ਹੈ। ਪਰ ਇਹ ਮਾਸਟਰ ਆਪਣਾ ਅਧਿਓਂ ਬਹੁਤਾ ਧਿਆਨ ਅਤੇ ਜ਼ੋਰ ਰਾਜਨੀਤਕ ਗੁੰਝਲਾਂ ਵਿਚ ਫਸਣ ਵਿਚ ਲਾ ਦਿੰਦੇ ਹਨ।"
ਅਜੇ ਤਕ ਮਾਸਟਰ ਬਾਵਾ ਸਿੰਘ ਮਾਸਟਰ ਹਰਨਾਮ ਸਿੰਘ ਨੂੰ ਮਨ ਵਿਚ ਹੀ ਵੈਰੀ ਨੰਬਰ ਇਕ ਮਿਥਦਾ ਸੀ, ਬਾਹਰਲੀ ਬੋਲ ਚਾਲ ਵਿਚ ਉਸ ਨੇ ਆਪਣੀ ਈਰਖਾ ਉਸ ਨਾਲ ਕਦੀ ਵੀ ਪ੍ਰਗਟ ਨਹੀਂ ਸੀ ਹੋਣ ਦਿਤੀ। ਪਰ ਮਾਸਟਰ ਹਰਨਾਮ ਸਿੰਘ ਉਸ ਦੇ ਇਸ਼ਾਰਿਆਂ ਅਤੇ ਕੰਮਾਂ ਤੋਂ ਸਭ ਕੁਝ ਸਮਝ ਚੁਕਾ ਸੀ, ਉਹਨਾਂ ਦੀ ਇਹ ਵਿਰੋਧਤਾ ਬਹੁਤਾ ਚਿਰ ਲੁਕੀ ਨਾ ਰਹਿ ਸਕੀ। ਇਕ ਦਿਨ ਸਕੂਲ ਵਿਚ ਇਕ ਐਸੀ ਘਟਨਾ ਹੋ ਗਈ, ਜਿਸ ਨੇ ਦੋਹਾਂ ਮਾਸਟਰਾਂ ਨੂੰ ਵਿਰੋਧਤਾ ਦੇ ਮੈਦਾਨ ਵਿਚ ਆਹਮੋ ਸਾਹਮਣੇ
ਲਿਆ ਖਲਿਹਾਰਿਆ।
ਚੰਨਾ ਪੇਂਡੂ ਵਿਦਿਆਰਥੀ ਸੀ। ਪਿੰਡ ਵਿਚ ਉਹਨਾਂ ਦੀ ਪੰਝੀ ਵਿਘੇ ਜ਼ਮੀਨ ਸੀ। ਨਹਿਰੀ ਅਤੇ ਮਾਲ ਦਾ ਮੁਆਮਲਾ ਪਿੰਡ ਦੇ ਲੁਹਾਰ ਤਰਖਾਣ ਅਤੇ ਹੋਰ ਲਾਗੀਆਂ ਦੀ ਮਜ਼ਦੂਰੀ ਚੁਕਾ ਕੇ ਸਤਾਂ ਜੀਆਂ ਦਾ ਟਬਰ ਸਾਲ ਭਰ ਪਲਣ ਲਈ ਮਸਾਂ ਹੀ ਪੂਰੇ ਦਾਣੇ ਬਚਦੇ ਸਨ। ਧੰਨੇ ਦੇ ਨਾਲ ਹੀ ਉਸੇ ਜਮਾਤ ਵਿਚ ਉਸ ਦਾ ਨਿਕਾ ਭਰਾ ਬੀਰਾ ਪੜ੍ਹਦਾ ਸੀ। ਧੰਨੇ ਦੀ ਫੀਸ ਪੂਰੀ ਲਗੀ ਹੋਈ ਸੀ, ਪਰ ਕਾਨੂੰਨ ਅਨੁਸਾਰ ਬੀਰੇ ਦੀ ਅਧੀ ਫੀਸ ਮੁਆਫ ਸੀ, ਪਰ ਫਿਰ ਵੀ ਦੋਹਾਂ ਭਰਾਵਾਂ ਦੀ ਪੜ੍ਹਾਈ ਤੇ ਵੀਹ ਰੁਪੈ ਮਹੀਨਾ ਖਰਚ ਹੋ ਜਾਂਦਾ ਸੀ।
ਧੰਨਾ ਬੀਰੇ ਨਾਲੋਂ ਸਰੀਰ ਦਾ ਤਕੜਾ ਪਰ ਪੜ੍ਹਨ ਵਿਚ ਮਾੜਾ ਸੀ। ਪਰ ਫੇਲ੍ਹ ਉਹ ਕਦੀ ਵੀ ਨਹੀਂ ਸੀ ਹੋਇਆ। ਪਾਸ ਹੋਣ ਜੋਗੇ ਨੰਬਰ ਜ਼ਰੂਰ ਲੈ ਜਾਂਦਾ ਸੀ। ਉਹ ਵੀ ਮਾਸਟਰ ਬਾਵਾ ਸਿੰਘ ਦੀ ਵਿਦਿਆਰਥੀ-ਲਾਇਕ-ਬਣਾਊ-ਸਕੀਮ ਵਿਚ ਚੁਣਿਆ ਗਿਆ। ਪਹਿਲਾਂ ਕੁਝ ਦਿਨ ਤਾਂ ਉਹ ਉਸ ਨੂੰ ਪੁਚਕਾਰ ਕੇ ਟਿਊਸ਼ਨ ਰਖਣ ਲਈ ਕਹਿੰਦਾ ਰਿਹਾ। ਪਰ ਜਦ ਉਸ ਨੇ ਕੰਮ ਸਿਰੇ ਚੜ੍ਹਦਾ ਨਾ ਵੇਖਿਆ, ਸਰੀਰਕ ਸਜ਼ਾ ਦੇਣੀ ਅਰੰਭ ਦਿਤੀ।
ਇਕ ਦਿਨ ਜਮਾਤ ਨੂੰ ਘਰੋਂ ਕਰਨ ਵਾਸਤੇ ਸੂਦ-ਦਰ-ਸੂਦ ਦੇ ਪੂਰੇ ਤੀਹ ਸਵਾਲ ਮਿਲੇ। ਸਕੂਲੋਂ ਚਾਰ ਵਜੇ ਛੁਟੀ ਹੋਣ ਕਰ ਕੇ ਧੰਨਾ ਅਤੇ ਉਸ ਦਾ ਭਰਾ ਨਿਤ ਵਾਂਗ ਖੋ ਪੀਏ ਪਿੰਡ ਅਪੜੇ। ਅਗੋਂ ਰਬ ਸਬਬੀ ਉਹਨਾਂ ਦਾ ਬਾਪੂ ਕੁਝ ਢਿਲਾ ਮਠਾ ਸੀ, ਅਤੇ ਰਾਤ ਪਾਣੀ ਦੀ ਵਾਰੀ ਸੀ। ਧੰਨਾ ਪਾਣੀ ਲਾਉਣ ਚਲਾ ਗਿਆ।
ਅਗਲੇ ਦਿਨ ਸਕੂਲੇ ਮਾਸਟਰ ਬਾਵਾ ਸਿੰਘ ਨੇ ਸਵਾਲ ਨਾ ਕਢਣ ਵਾਲਿਆਂ ਨੂੰ ਸਜ਼ਾ ਦੇਣੀ ਅਰੰਭੀ, ਪਹਿਲ ਧੰਨੇ ਤੋਂ ਹੋਈ। ਤੀਹ ਸਵਾਲ ਨਾ ਕਰਨ ਕਰ ਕੇ ਹਥਾਂ ਤੇ ਤੀਹ ਡੰਡੇ ਪੈਣੇ ਸਨ, ਵੀਹ ਵਜ ਚੁਕੇ ਸਨ। ਮਾਸਟਰ ਨੇ ਆਪਣਾ ਅਸੂਲ ਪੂਰਾ ਕਰ ਕੇ ਹੀ ਅਗੇ ਤੁਰਨਾ ਸੀ। ਪਰ ਇੰਚੀ ਮੋਟਾ ਰੂਲ ਵਿਚਕਾਰੋਂ ਟੁਟ ਗਿਆ।
ਉਸ ਤੋਂ ਪਿਛੋਂ ਧੰਨਾ ਦੋ ਦਿਨ ਸਕੂਲ ਨਾ ਆਇਆ। ਸਾਰੇ ਜਮਾਤੀ ਆਖਦੇ ਸਨ ਉਹ ਪੜ੍ਹਨਾ ਛਡ ਦੇਵੇਗਾ। ਤੀਸਰੇ ਦਿਨ ਧੰਨੇ ਦਾ ਬਾਪੂ ਉਸੇ ਸਬੰਧ ਵਿਚ ਹੈਡ ਮਾਸਟਰ ਨੂੰ ਮਿਲਣ ਆਇਆ। ਅਗੋਂ ਉਹ ਕਿਤੇ ਮੀਟਿੰਗ ਤੇ ਗਿਆ ਹੋਇਆ ਸੀ। ਧੰਨੇ ਦਾ ਬਾਪੂ ਮੁੜਦੇ ਪੈਰੀਂ ਜਾ ਰਿਹਾ ਸੀ ਕਿ ਮਾਸਟਰ ਬਾਵਾ ਸਿੰਘ ਸਕੂਲ ਦੇ ਵਿਹੜੇ ਵਿਚ ਖਲੋਤਾ ਮਿਲ ਪਿਆ। ਸਤੇ ਹੋਏ ਬਾਪ ਦਾ ਲਹੂ ਉਬਲਿਆ। ਉਸ ਨੇ ਅਗਾਂਹ ਵਧ ਕੇ ਮਾਸਟਰ ਨੂੰ ਗਲੋਂ ਫੜਿਆ ਅਤੇ ਪੁਛਿਆ, “ਤੂੰ ਮੁੰਡਿਆਂ ਨੂੰ ਮਾਰ ਮਾਰ ਸਕੂਲੋਂ ਕਢੀ ਜਾਂਦਾ ਹੈਂ। ਆਖਦਾ ਹੈਂ ਟਿਊਸ਼ਨਾ ਰਖੋ।"
ਮਾਸਟਰ ਬਾਵਾ ਸਿੰਘ ਨੇ ਅਜੇ ਕੋਈ ਉਤਰ ਨਹੀਂ ਸੀ ਦਿਤਾ ਕਿ ਲਾਗੇ ਦੀਆਂ ਜਮਾਤਾਂ ਵਿਚੋਂ ਤਿੰਨ ਚਾਰ ਮਾਸਟਰ ਦੌੜੇ ਆਏ। ਉਹਨਾਂ ਦੇ ਇਕ ਸਾਥੀ ਮਾਸਟਰ ਨੂੰ ਕੋਈ ਇਦਾਂ ਸਕੂਲ ਵਿਚ ਬੇ-ਇਜ਼ਤ ਕਰ ਕੇ ਕਿਵੇਂ ਜਾ ਸਕਦਾ ਸੀ। ਉਹਨਾਂ ਨੇ ਬਾਹਰੋਂ ਆਏ ਧਾੜਵੀ ਨੂੰ ਇਕ ਇਕ, ਦੋ ਦੋ ਘਸੁੰਨ ਅਤੇ ਧੌਲਾਂ ਮਾਰੀਆਂ। ਉਸ ਦੀਆਂ ਬਾਹਵਾਂ ਫੜ ਲਈਆਂ, ਅਤੇ ਮੌਕਾ ਸੰਭਾਲਦਿਆਂ ਹੋਇਆਂ ਮਾਸਟਰ ਬਾਵਾ ਸਿੰਘ ਨੇ ਆਪਣਾ ਹਥਲਾ ਰੂਲ ਦੋ ਤਿੰਨ
ਵਾਰ ਵੈਰੀ ਦੀਆਂ ਮੌਰਾਂ ਤੇ ਮਾਰਿਆ।
ਧੰਨੇ ਦੇ ਬਾਪੂ ਦਾ ਖੁਲ੍ਹੀਆਂ ਹਵਾਵਾਂ ਅਤੇ ਅਜ਼ਾਦ ਮਿਹਨਤ ਨਾਲ ਗੁੰਦਿਆਂ ਸਰੀਰ ਕੌਮ ਦੇ ਉਸਰਈਆ ਦੇ ਸਭ ਹਥਾਂ ਵਿਚ ਇਕਵਾਰਗੀ ਮੱਛੀ ਵਾਂਗ ਤਿਲਕਿਆ। ਮਾਸਟਰਾਂ ਦੇ ਘੇਰੇ 'ਚੋਂ ਨਿਕਲ ਕੇ ਉਸ ਨੇ ਇਕ ਝਟਕੇ ਨਾਲ ਮਾਸਟਰ ਬਾਵਾ ਸਿੰਘ ਦੇ ਹਥੋਂ ਰੂਲ ਖੋਹ ਕੇ ਉਸ ਦੇ ਸਿਰ ਵਿਚ ਦੋ ਤਿੰਨ ਵਾਰ ਮਾਰਿਆ ਉਸ ਦੀ ਪਗ ਜ਼ਮੀਨ ਤੇ ਜਾ ਪਈ। ਇਹ ਸਮੁੱਚੀ ਉਸਤਾਦ ਸ਼੍ਰੇਣੀ ਦੀ ਇਜ਼ਤ ਲਹਿ ਜਾਣ ਬਰਾਬਰ ਸੀ। ਸਭ ਮਾਸਟਰਾਂ ਨੇ ਇਕ ਵਾਰ ਫਿਰ ਦੋਸ਼ੀ ਨੂੰ ਜਾ ਫੜਿਆ।
ਪਤਾ ਨਹੀਂ ਇਸ ਮਾਰ ਕੁਟਾਈ ਦਾ ਕੀ ਅੰਤ ਹੁੰਦਾ, ਪਰ ਇੰਨੇ ਨੂੰ ਰੌਲਾ ਸੁਣ ਕੇ ਮਾਸਟਰ ਹਰਨਾਮ ਸਿੰਘ ਵੀ ਆਪਣੀ ਜਮਾਤ ਵਿਚੋਂ ਬਾਹਰ ਨਿਕਲ ਆਇਆ ਸੀ। ਉਸ ਨੇ ਇਕੋ ਤਕਣੀ ਵਿਚ ਹੀ ਸਾਰਾ ਮੁਆਮਲਾ ਸਮਝ ਲਿਆ, ਅਤੇ ਵਿਚ ਪੈ ਕੇ ਮਾਸਟਰ ਬਾਵਾ ਸਿੰਘ ਨੂੰ ਧਕਦਾ ਧਕਦਾ ਕਮਰੇ ਅੰਦਰ ਲੈ ਗਿਆ। “ਮਾਸਟਰਾਂ ਨੂੰ ਇਹ ਨਹੀਂ ਸੋਭਦਾ।" ਉਸ ਆਖਿਆ, “ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹੋ।" ਇਹ ਆਖ ਕੇ ਜਦ ਉਹ ਬਾਹਰ ਆਇਆ ਤਾਂ ਪਤਾ ਲਗਾ ਇਕ ਅਣਖੀ ਮਾਸਟਰ ਪੋਲੀਸ ਲੈਣ ਥਾਣੇ ਜਾ ਚੁਕਾ ਸੀ।
ਹੈਡ ਮਾਸਟਰ ਦੀ ਆਗਿਆ ਬਿਨਾ ਪੁਲਸ ਸਕੂਲ ਵਿਚ ਨਹੀਂ ਸੀ ਆ ਸਕਦੀ। ਮਾਸਟਰ ਹਰਨਾਮ ਸਿੰਘ ਨੇ ਸੋਚਿਆ। ਉਸ ਅਣਖੀ ਮਾਸਟਰ ਦੀ ਜਲਦਬਾਜ਼ੀ ਦਾ ਅੰਤ ਬਰਾ ਹੋ ਸਕਦਾ ਸੀ। ਇਸ ਲਈ ਉਸ ਨੇ ਧੰਨੇ ਦੇ ਬਾਪੂ ਨੂੰ ਧੀਰਜ ਕਰਨ ਲਈ
ਆਖਿਆ ਅਤੇ ਕਿਹਾ ਕਿ ਉਹ ਕਿਸੇ ਹੋਰ ਸਮੇਂ ਆ ਕੇ ਹੈਡ ਮਾਸਟਰ ਨੂੰ ਮਿਲ ਕੇ ਸਾਰਾ ਮੁਆਮਲਾ ਸ਼ਾਂਤੀ ਨਾਲ ਨਜਿੱਠ ਸਕਦਾ ਸੀ।
ਜਦ ਪੁਲਸ ਆਈ, ਤਾਂ ਧੰਨੇ ਦਾ ਬਾਪੂ ਜਾ ਚੁਕਾ ਸੀ। ਮਾਸਟਰ ਬਾਵਾ ਸਿੰਘ ਨੇ ਜ਼ਮਾਨਤ ਵਜੋਂ ਧੰਨੇ ਦਾ ਛੋਟਾ ਭਰਾ ਬੀਰਾ ਪੁਲਸ ਦੇ ਅਗੇ ਲਾ ਦਿਤਾ। ਅਤੇ ਜਦ ਹੈਡਮਾਸਟਰ ਆਇਆ ਉਸ ਨੇ ਰਿਪੋਟ ਕੀਤੀ ਕਿ ਹੋਰ ਮਾਸਟਰਾਂ ਨੇ ਤਾਂ ਧਾੜਵੀ ਨੂੰ ਫੜ ਕੇ ਰਖਿਆ ਹੋਇਆ ਸੀ ਪਰ ਮਾਸਟਰ ਹਰਨਾਮ ਸਿੰਘ ਨੇ ਉਸ ਨੂੰ ਭਜਾ ਦਿਤਾ ਸੀ।
ਮਾਸਟਰ ਹਰਨਾਮ ਸਿੰਘ ਇਸ ਸਬੰਧੀ ਆਪਣੀ ਸਫ਼ਾਈ ਪੇਸ਼ ਕਰ ਸਕਦਾ ਸੀ, ਪਰ ਉਹ ਜਾਣਦਾ ਸੀ ਕਿ ਇਹਦਾ ਕੋਈ ਲਾਭ ਨਹੀਂ ਸੀ ਹੋ ਸਕਦਾ। ਕਿਉਂਕਿ ਉਸ ਦੀ ਸ਼ਕਾਇਤ ਵਿਚ ਇਹ ਵੀ ਆਖਿਆ ਗਿਆ ਸੀ ਇਹ ਝਗੜਾ ਉਸੇ ਨੇ ਹੀ, ਜਾਣ ਬੁਝ ਕੇ ਕਰਾਇਆ ਸੀ। ਇਸ ਹਾਲਤ ਵਿਚ ਜਦ ਕਿ ਫਰਿਆਦੀ ਅਤੇ ਮੁਨਸਫ਼ ਇਕੋ ਸਿਕੇ ਦੇ ਦੋ ਪਾਸੇ ਸਨ, ਸਫ਼ਾਈ ਪੇਸ਼ ਕਰਨ ਦਾ ਕੋਈ ਅਰਥ ਨਹੀਂ ਸੀ।
ਉਸੇ ਸ਼ਾਮ ਧੰਨੇ ਦੇ ਪਿੰਡ ਦੇ ਦਸ ਬਾਰਾਂ ਸਾਥੀ ਸਕੂਲ ਦੇ ਗੇਟੋਂ ਬਾਹਰ ਮਾਸਟਰ ਬਾਵਾ ਸਿੰਘ ਅਤੇ ਉਸ ਦੇ ਸਹਾਇਕਾਂ ਨੂੰ ਉਡੀਕਦੇ ਰਹੇ ਪਰ ਉਹਨਾਂ ਨੂੰ ਨਿਰਾਸ ਹੀ ਮੁੜਨਾ ਪਿਆ, ਕਿਉਂਕਿ ਮਾਸਟਰ ਜਨ ਮੌਕੇ ਨੂੰ ਸੰਭਾਲਦੇ ਹੋਏ ਕਾਫ਼ੀ ਹਨੇਰਾ ਪਏ ਅਗੇ ਪਿਛੇ ਵੇਖਦੇ ਘਰਾਂ ਨੂੰ ਗਏ ਸਨ।
ਇਸ ਘਟਨਾ ਨੇ ਦੋਹਾਂ ਮਾਸਟਰਾਂ ਦੇ ਓਪਰੇ ਮਿਲਾਪ ਦਾ
ਪੜਦਾ ਪਾੜ ਦਿਤਾ। ਹੁਣ ਉਹ ਆਪਣੇ ਅਸਲੀ ਰੂਪ ਵਿਚ ਸਾਹਮਣੇ ਆ ਗਏ ਸਨ।
ਦੂਸਰੇ ਦਿਨ ਪਹਿਲੀ ਘੰਟੀ ਵਿਚ ਹੀ ਮਾਸਟਰ ਹਰਨਾਮ ਸਿੰਘ ਨੂੰ ਹੈਡਮਾਸਟਰ ਨੇ ਆਪਣੇ ਦਫ਼ਤਰ ਵਿਚ ਯਾਦ ਫਰਮਾ ਲਿਆ। ਸਦੇ ਦਾ ਕਾਰਨ ਉਹ ਅਗੇ ਹੀ ਸਮਝਦਾ ਸੀ। ਅਤੇ ਉਸ ਨੇ ਉਹੋ ਕੁਝ ਹੀ ਆਖਣਾ ਸੀ, ਜੋ ਕੀਤਾ ਸੀ। ਉਸ ਨੂੰ ਆਪਣਾ ਕੀਤਾ ਦਸਣ ਵਿਚ ਝਿਜਕ ਨਹੀਂ ਸੀ। ਕਿਉਂਕਿ ਉਸ ਨੂੰ ਯਕੀਨ ਸੀ ਕਿ ਉਸ ਨੇ ਜੋ ਵੀ ਕੀਤਾ ਸੀ ਠੀਕ ਸੀ।
“ਮੈਂ ਕਿਸੇ ਦਾ ਬੁਰਾ ਕਰ ਕੇ ਰਾਜ਼ੀ ਨਹੀਂ ਹਾਂ," ਹੈਡ ਮਾਸਟਰ ਨੇ ਸ਼ੀਸ਼ੇ ਦੇ ਫੁਲਦਾਰ ਪੇਪਰ ਵੇਟ ਨੂੰ ਹਥਾਂ ਵਿਚ ਭਵਾਉਂਦਿਆ ਆਖਣਾ ਸ਼ੁਰੂ ਕੀਤਾਂ। "ਪਿਛੇ ਜਿਹੇ ਜਦ ਤੁਸਾਂ ਅਮਨ ਅਪੀਲ ਤੇ ਦਸਤਖਤ ਕਰਾ ਕੇ ਐਡੀਟਰ ਪ੍ਰੀਤ ਲੜੀ ਨੂੰ ਘਲੇ ਸਨ ਤਾਂ ਪੁਲੀਸ ਤੁਹਾਡੀ ਬਾਬਤ ਪੁਛਦੀ ਮੇਰੇ ਪਾਸ ਆਈ ਸੀ।"
ਹੈਡਮਾਸਟਰ ਦੇ ਸਾਹਮਣੇ ਕੁਰਸੀ ਤੇ ਬੈਠਾ ਮਾਸਟਰ ਹਰਨਾਮ ਸਿੰਘ ਚੁਪ ਚਾਪ ਸੁਣ ਰਿਹਾ ਸੀ। ਉਸ ਦੀਆਂ ਮੋਟੀਆਂ ਨਿਰਛਲ ਅੱਖਾਂ ਹੈਡਮਾਸਟਰ ਦੇ ਚਿਹਰੇ ਤੋਂ ਉਸ ਦੀ ਗੱਲ ਬਾਤ ਦੇ ਸਿਟੇ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਹੈਡਮਾਸਟਰ ਦੀ ਇਹ ਗੱਲ ਸੁਣਕੇ ਉਸਦੇ ਮਨ ਵਿਚ ਪਿਛਲੇ ਸਾਲ ਦੀ ਬੀਤੀ ਘਟਨਾ ਝਲਕਾਰਾ ਦੇ ਗਈ ਸੀ। ਉਹ ਆਪਣੇ ਆਪ ਨੂੰ ਨੇਕ ਨੀਯਤ, ਅਮਨ ਪਸੰਦ ਸ਼ਹਿਰੀ ਸਮਝਦਾ ਸੀ। ਉਹ ਜਾਣਦਾ ਸੀ ਕਿ ਜੰਗ ਲਗਣ ਨਾਲ ਪਹਿਲਾ ਵਾਰ ਵਿਦਿਅਕ ਮਹਿਕਮੇ ਤੋਂ ਹੀ ਹੁੰਦਾ ਸੀ। ਸਕੂਲ ਬੰਦ ਹੋ ਜਾਂਦੇ ਸਨ। ਉਸਤਾਦ ਵਿਹਲੇ
ਅਤੇ ਵਿਦਿਆਰਥੀ ਅਵਾਰਾ ਗਰਦ ਹੋ ਜਾਂਦੇ ਸਨ। ਕੌਮ ਦੀ ਦੌਲਤ, ਬੱਚੇ ਅਤੇ ਜਵਾਨ, ਬੇ ਮੁਲੇ ਹੀ ਰੁਲ ਜਾਂਦੇ ਸਨ।
ਇਹੋ ਕੁਝ ਸੋਚ ਕੇ ਉਸ ਨੇ ਅਮਨ ਦੀ ਅਪੀਲ ਤੇ ਦਸਤਖ਼ਤ ਕੀਤੇ ਸਨ ਅਤੇ ਕਰਵਾਏ ਸਨ। ਬਸ ਉਸ ਦਾ ਇੰਨਾ ਹੀ ਕਸੂਰ ਸੀ, ਕਿ ਉਹ ਅਮਨ ਚਾਹੁੰਦਾ ਸੀ।
ਉਸ ਦਾ ਧਿਆਨ ਹੈਡਮਾਸਟਰ ਦੀ ਹਮਦਰਦੀ ਭਰੀ ਗੱਲ ਨੇ ਫਿਰ ਆਪਣੇ ਵਲ ਖਿਚਿਆ, "ਮੈਂ ਆਖਿਆ ਸੀ ਸਾਡੇ ਸਟਾਫ ਵਿਚ ਕੋਈ ਸ਼ੱਕੀ ਉਸਤਾਦ ਨਹੀਂ ਹੈ।"
ਪਰ ਹੁਣ ਉਸਦਾ ਕੀ ਕਸੂਰ ਸੀ, ਜਿਸ ਕਰਕੇ ਇਹ ਇਤਿਹਾਸ ਫੋਲਣ ਦੀ ਲੋੜ ਪਈ ਸੀ। ਉਸ ਨੂੰ ਜ਼ਿਆਦਾ ਦੇਰ ਤੌਖਲੇ ਵਿਚ ਨਾ ਰਹਿਣਾ ਪਿਆ। ਹੈਡਮਾਸਟਰ ਨੇ ਦਸਿਆ, “ਕਲ ਸਕੂਲ ਵਿਚ ਇਕ ਕਿਸਾਨ ਸਭਾ ਦੇ ਮੈਂਬਰ ਨੇ ਮਾਸਟਰ ਬਾਵਾ ਸਿੰਘ ਦੀ ਜਾਨ ਤੇ ਹਮਲਾ ਕੀਤਾ ਸੀ। ਉਹ ਫੜਿਆ ਜਾ ਸਕਦਾ ਸੀ, ਪਰ ਤੁਸਾਂ ਉਸ ਨੂੰ ਭਜ ਨਿਕਲਣ ਵਿਚ ਸਹਾਇਤਾ ਦਿਤੀ ਸੀ!" ਅਤੇ ਇਦਾਂ ਦਾ ਹੀ ਹੋਰ ਕਈ ਕੁਝ ਆਖਣ ਪਿਛੋਂ ਉਸ ਨੇ ਫੈਸਲਾ ਸੁਣਾਇਆ, “ਸਾਨੂੰ ਮਹਿਕਮਾ ਤਾਲੀਮ ਮਜਬੂਰ ਕਰਦਾ ਹੈ ਕਿ ਅਸੀਂ ਸਰਕਾਰ-ਵਿਰੋਧੀਆਂ ਦੇ ਹਮਦਰਦਾਂ ਨੂੰ ਸਕੂਲਾਂ ਵਿਚ ਨਾ ਰਖੀਏ। ਇਹ ਆਖਦਿਆਂ ਮੈਨੂੰ ਵੀ ਦੁਖ ਹੁੰਦਾ ਹੈ। ਪਰ ਮੈਂ ਮਜਬੂਰ ਹਾਂ। ਕੀ ਤੁਸੀਂ ਅਜ ਹੀ ਅਸਤੀਫਾ ਪੇਸ਼ ਕਰ ਦਿਉਗੇ?"
ਇਹ ਉਹਨਾਂ ਪਾਸ ਮਾਸਟਰ ਹਰਨਾਮ ਸਿੰਘ ਤੇ ਕਰਨ ਲਈ ਆਖਰੀ ਵਾਰ ਸੀ। ਪਰ ਉਸ ਨੇ ਕਿਹਾ-"ਮੈਂ ਸੋਚ ਕੇ
ਦਸਾਂਗਾ।" ਅਤੇ ਆਪਣੀ ਜਮਾਤ ਵਿਚ ਚਲਾ ਗਿਆ।
ਅਸਤੀਫਾ? ਉਹ ਕਦੀ ਵੀ ਨਹੀਂ ਦੇਵੇਗਾ। ਉਸ ਨੇ ਦਿਲ ਵਿਚ ਧਾਰ ਲਈ। ਪਰ ਇਸ ਦਾ ਅੰਤ ਕੀ ਹੋਵੇਗਾ? ਕੁਝ ਵੀ ਹੋਵੇ, ਉਹ ਗਰੀਬ ਵਿਦਿਆਰਥੀਆਂ ਨੂੰ ਮਾਸਟਰ ਬਾਵਾ ਸਿੰਘ ਦੀ ਇਸ ਖ਼ਾਹਸ਼-ਪੂਰਤੀ ਦੇ ਗਲਤ ਢੰਗ ਦਾ ਸ਼ਿਕਾਰ ਨਹੀਂ ਹੋਣ ਦੇਵੇਗਾ।
ਅਧੀ ਛੁਟੀ ਤੋਂ ਪਹਿਲੋਂ ਉਸ ਦੀ ਨਾਵੀਂ ਜਮਾਤ ਵਿਚ ਘੰਟੀ ਸੀ। ਉਹ ਜਮਾਤ ਵਿਚ ਗਿਆ, ਅਤੇ ਇਕ ਤਾਰ ਵਿਚ ਪਰੁਤੇ ਮਨਾਂ ਵਾਲੇ ਵਿਦਿਆਰਥੀਆਂ ਨੂੰ ਕਿਹਾ, "ਹੁਣ ਸਾਹਮਣੀ ਟਕਰ ਲੈਣ ਦਾ ਵਕਤ ਆ ਗਿਆ ਹੈ।"
"ਤੁਸੀਂ ਛੁਟੀ ਦੇਵੋ, ਮਾਸਟਰ ਬਾਵਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕੁਟ ਕੁਟ ਕੇ ਮੋਹ ਕਰ ਦੇਈਏ।" ਪਰਤਾਪ ਨੇ ਭਖਦਿਆਂ ਉਠ ਕੇ ਆਖਿਆ।
“ਨਹੀਂ, ਮਾਸਟਰ ਬਾਵਾ ਸਿੰਘ ਸਾਡਾ ਵੈਰੀ ਨਹੀਂ।" ਮਾਸਟਰ ਹਰਨਾਮ ਸਿੰਘ ਨੇ ਉਹਨਾਂ ਦੇ ਅੰਨੇ ਜੋਸ਼ ਨੂੰ ਲੋਅ ਵਿਖਾਉਣੀ ਸ਼ੁਰੂ ਕੀਤੀ। "ਚਕੀ ਵਿਚ ਦਾਣੇ ਪਿਸਦੇ ਹਨ। ਇਸ ਕਰਕੇ ਦਾਣੇ ਚਕੀ ਨੂੰ ਹੀ ਆਪਣਾ ਵੈਰੀ ਸਮਝਣ ਲਗ ਜਾਂਦੇ ਹਨ। ਪਰ ਉਹਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਜੋਗਿੰਦਰ ਨਗਰ ਵਿਚ ਬੈਠੇ ਅਲੈਕਟ੍ਰੀਸ਼ਨ ਜੋ ਜੈਨਰੇਟਰਾਂ ਨੂੰ ਚਲਾ ਕੇ ਬਿਜਲੀ ਪੈਦਾ ਕਰਕੇ ਚਕੀਆਂ ਚਲਾਉਂਦੇ ਹਨ, ਉਹਨਾਂ ਦੇ ਪਹਿਲੇ ਅਤੇ ਆਖਰੀ ਵੈਰੀ ਹਨ। ਇਵੇਂ ਹੀ ਮਾਸਟਰ ਬਾਵਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਸੋਧਣ ਲਈ, ਇਸ ਸਮਾਜ ਅਤੇ ਸ੍ਰਕਾਰ ਦੀ ਬਣਤਰ ਸੋਧਣੀ
ਪਵੇਗੀ।"
ਪਰ ਕਚੀ ਉਮਰ ਦੇ ਵਿਦਿਆਰਥੀ ਇਹ ਕਿਵੇਂ ਸਮਝ ਸਕਦੇ ਸਨ ਕਿ ਮਾਸਟਰ ਬਾਵਾ ਸਿੰਘ ਉਹਨਾਂ ਦਾ ਵੈਰੀ ਨਹੀਂ। ਸਗੋਂ ਕੋਈ ਹੋਰ ਅਣਡਿਠ ਤਾਕਤ ਇਦਾਂ ਦਾ ਰਾਜ ਅਤੇ ਸਮਾਜ ਬਣਾ ਕੇ ਮਾਸਟਰ ਬਾਵਾ ਸਿੰਘ ਵਰਗੇ ਮਾਸਟਰ ਟ੍ਰੇਂਡ ਕਰ ਰਹੀ ਸੀ। ਉਹ ਤਾਕਤ ਉਹਨਾਂ ਦੀ ਵੈਰੀ ਸੀ। ਉਹਨਾਂ ਨੂੰ ਮਾਸਟਰ ਹਰਨਾਮ ਸਿੰਘ ਤੇ ਵਿਸ਼ਵਾਸ ਸੀ, ਕਿ ਜਦ ਉਹ ਦਸਵੀਂ ਪਾਸ ਕਰ ਲੈਣਗੇ, ਸਿਆਣੇ ਹੋ ਜਾਣਗੇ ਤਾਂ ਉਹ ਉਹਨਾਂ ਨੂੰ ਥਾਪੀ ਦੇ ਕੇ ਉਸ ਵੈਰੀ ਦੇ ਵਿਰੁਧ ਲਿਆ ਖੜਾ ਕਰੇਗਾ, ਅਤੇ ਉਹ ਦੋ ਹਥਾਂ ਵਿਚ ਹੀ ਉਸ ਨੂੰ ਨਿਸਲ ਕਰ ਸੁਟਣਗੇ।
ਪਰ ਹੁਣ ਉਹ ਆਪਣੇ ਮਾਸਟਰ ਹਰਨਾਮ ਸਿੰਘ ਦਾ ਸਕੂਲੋਂ ਕਢੇ ਜਾਣਾ ਭਲਾ ਕਿਵੇਂ ਸਹਾਰ ਸਕਦੇ ਸਨ। ਅਧੀ ਛੁਟੀ ਹੋਈ। ਨਾਵੀਂ ਜਮਾਤ ਦੇ ਦਸ ਪੰਦਰਾਂ ਵਿਦਿਆਰਥੀ ਆਮੁਹਾਰੇ ਹੀ ਹੈਡ ਮਾਸਟਰ ਦੇ ਕਮਰੇ ਅਗੇ ਚਲੇ ਗਏ। ਇਕ ਨੇ ਅਗੇ ਵਧ ਕੇ ਹਵਾ ਵਿਚ ਮੁਕਾ ਉਲਾਰ ਕੇ ਆਖਿਆ, “ਮਾਸਟਰ ਹਰਨਾਮ ਸਿੰਘ!" ਅਤੇ ਜਵਾਬ ਵਿਚ, “ਸਕੂਲੋਂ ਨਹੀਂ ਜਾਣਗੇ!" ਗੂੰਜਿਆ, ਅਤੇ ਹਵਾ ਵਿਚ ਦ੍ਰਿੜ ਮੁਕੇ ਲਹਿਰਾ ਗਏ।
ਇਸ ਨਾਅਰੇ ਦੀ ਗੂੰਜ ਸਕੂਲ ਦੇ ਸਾਰੇ ਕਮਰਿਆਂ ਵਿਚ ਲਹਿਰਾ ਗਈ। ਪਿੰਡਾਂ ਦੇ ਸੌ ਕੁ ਵਿਦਿਆਰਥੀ ਮਿਕਨਾਤੀਸ ਵਲ ਲੋਹੇ ਵਾਂਗ ਖਿਚੇ ਆ ਗਏ, ਜਿਵੇਂ ਕਲ ਰਾਤ ਇਹੋ ਹੀ ਮਤਾ ਪਕਦਾ ਰਿਹਾ ਸੀ।
ਅਤੇ ਅਠਵੀਂ ਨਾਵੀਂ ਅਤੇ ਦਸਵੀਂ ਦੇ ਵਿਦਿਆਰਥੀ ਵੀ ਤਾਂ ਮਾਸਟਰ ਬਾਵਾ ਸਿੰਘ ਦੇ ਡੰਡਾ ਰਾਜ ਤੋਂ ਤੰਗ ਸਨ, ਉਹ ਵੀ ਸਾਥੀਆਂ ਵਿਚ ਰਲਣੋਂ ਨਾ ਰਹਿ ਸਕੇ।
ਉਵੇਂ ਹੀ ਨਾਅਰਾ ਗੂੰਜਿਆ, “ਮਾਸਟਰ ਬਾਵਾ ਸਿੰਘ।"
“ਸਕੂਲੋਂ ਕਢ ਦੇਵੋ!"