ਸਮੱਗਰੀ 'ਤੇ ਜਾਓ

ਨਵਾਂ ਮਾਸਟਰ/ਪ੍ਰੇਮਾ ਅਵਾਰਾ ਗਰਦ

ਵਿਕੀਸਰੋਤ ਤੋਂ
58737ਨਵਾਂ ਮਾਸਟਰ — ਪ੍ਰੇਮਾ ਅਵਾਰਾ ਗਰਦਪਾਂਧੀ ਸਤਿਨਾਮ ਸਿੰਘ

ਪ੍ਰੇਮਾ ਅਵਾਰਾਗਰਦ

ਦਸੰਬਰ ੧੯੫੦

ਪ੍ਰੇਮਾ ਅਵਾਰਾਗਰਦ
ਅਜ ਸਵੇਰੇ ਜਦੋਂ ਪ੍ਰੇਮਾ ਸਕੂਲੇ ਆਇਆ, ਵਡੇ ਦਰਵਾਜ਼ੇ ਅਗੇ ਬਹੁਤ ਸਾਰੇ ਮੁੰਡੇ ਖੜੇ ਸਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਪ੍ਰਾਰਥਨਾ ਦੀ ਘੰਟੀ ਤੋਂ ਪਹਿਲਾਂ ਸਦਾ ਹੀ ਵਿਦਿਆਰਥੀ ਬਾਹਰ ਛਾਬੜੀ ਵਾਲਿਆਂ ਤੋਂ ਪੈਸੇ ਪੈਸੇ ਤੇ ਦੋ ਦੋ ਪੈਸੇ ਦੀਆਂ ਹਾਜ਼ਮੇ ਦੀਆਂ ਗੋਲੀਆਂ, ਅੰਬ ਪਾਪੜ, ਮਾਕੜੀ ਵਾਲੇ ਛੋਲੇ ਅਤੇ ਮਖਾਣੇ ਆਦਿ ਲੈ ਲੈ ਕੇ ਖਾਣ ਵਿਚ ਰੁਝੇ ਹੁੰਦੇ ਸਨ।
ਪਰ ਅਜ ਕੋਈ ਵੀ ਮਿਠੀਆਂ ਮੱਛੀਆਂ, ਚਪੇੜਾਂ , ਜਾਂ ਪੈਪਰਮਿੰਟ ਦੀਆਂ ਗੋਲੀਆਂ ਨਹੀਂ ਸੀ ਲੈ ਰਿਹਾ। ਸਾਰੇ ਛਾਬੜੀ ਵਾਲੇ, ਬਜ਼ਾਰ ਦੇ ਇਕ ਪਾਸੇ ਬੈਠੇ, ਅਲਸਾਏ ਹੋਏ, ਆਪਣੇ ਸੌਦਿਆਂ ਤੋਂ ਮੱਖੀਆਂ ਉਡਾ ਰਹੇ ਸਨ। ਇਹ ਜ਼ਰੂਰ ਨਵੀਂ ਗਲ ਸੀ।
ਪ੍ਰੇਮਾ ਮੁੰਡਿਆਂ ਵਿਚ ਪਹੁੰਚਿਆ। ਇਕ ਦਸਵੀਂ ਵਾਲੇ ਮੁੰਡੇ ਨੇ ਉੱਚੀ ਸਾਰੀ ਆਖਿਆ, "ਸਾਡੀਆਂ ਫੀਸਾਂ'.....।" ਅਤੇ ਬਾਕੀ ਸਾਰੇ ਉਸ ਦੇ ਮਗਰ ਬੋਲੇ,"....... ਘਟ ਕਰੋ।" ਇਕ ਵਾਰ, ਦੋ ਵਾਰ, ਅਤੇ ਫਿਰ ਵਾਰ ਵਾਰ ਮੁੰਡੇ "ਸਾਡੀਆਂ ਫੀਸਾਂ...... ਘਟ ਕਰੋ" ਆਖੀ ਜਾਂਦੇ ਸਨ। ਉਸ ਨੂੰ ਕੋਈ ਸਮਝ ਨਾ ਆਈ।
ਭਾਵੇਂ ਦਰਵਾਜ਼ਾ ਖੁਲ੍ਹਾ ਸੀ, ਪ੍ਰੇਮੇ ਦਾ ਅੰਦਰ ਵੜਨ ਨੂੰ ਦਿਲ ਨਾ ਕੀਤਾ। ਬਦੋ ਬਦੀ ਉਸ ਦੀ ਜ਼ਬਾਨ 'ਘਟ ਕਰੋ' ਆਖਣਾ ਚਾਹੁੰਦੀ ਸੀ, ਅਤੇ ਉਸ ਨੇ ਦੋ ਤਿੰਨ ਵਾਰ ਦਿਲ ਵਿਚ ਹੀ ਇਹ ਦੋ ਲਫਜ਼ ਬਾਕੀਆਂ ਨਾਲ ਜੋੜੇ। ਅਖ਼ੀਰ ਉਸ ਦੇ ਬੁਲ੍ਹ ਆਪ ਮੁਹਾਰੇ ਖੁਲ੍ਹ ਗਏ ਤੇ ਜਦ ਉਸ ਨੇ ਦਸਵੀਂ ਜਮਾਤ ਦੇ ਮੁੰਡੇ ਦੇ 'ਸਾਡੀਆਂ ਫੀਸਾਂ' ਦੇ ਜਵਾਬ ਵਿਚ ਸਾਰਿਆਂ ਨਾਲ ਮਿਲ ਕੇ 'ਘਟ ਕਰੋ' ਕਿਹਾ, ਉਸ ਨੇ ਮਹਿਸੂਸ ਕੀਤਾ, ਉਸ ਦੀ ਆਵਾਜ਼ ਸਾਰਿਆਂ ਨਾਲੋਂ ਉੱਚੀ ਸੀ।
............

ਅਜੇ ਵੀਹ ਤ੍ਰੀਕ ਸੀ। ਪੰਜਵੀਂ ਜਮਾਤ ਦੇ ਇੰਚਾਰਜ ਮਾਸਟਰ ਨੇ ਪ੍ਰੇਮੇ ਨੂੰ ਆਖਿਆ "ਜਾਹ ਜਾ ਕੇ ਫੀਸ ਲਿਆ, ਨਹੀਂ ਤਾਂ ਨਾਂ ਕਟਿਆ ਜਾਊ।'
ਪ੍ਰੇਮੇ ਨੇ ਘਰ ਜਾ ਕੇ ਮਾਂ ਕੋਲੋਂ ਦਸਵੀਂ ਵਾਰ ਫਿਰ ਫੀਸ ਮੰਗੀ। ਉਹ ਕੁਝ ਨਾ ਬੋਲੀ। ਉਸ ਦੀ ਗੋਦੀ ਵਿਚ ਨਿਕਾ ਮੱਟੂ ਬੜੀ ਬੁਰੀ ਤਰ੍ਹਾਂ ਹਥ ਪੈਰ ਮਾਰ ਰਿਹਾ ਸੀ। ਉਹ ਵੇਖਦਾ ਰਿਹਾ। ਫਿਰ ਅਚਾਨਕ ਮੱਟੂ ਨੇ ਲੱਤਾਂ ਬਾਹਾਂ ਢਿਲੀਆਂ ਛੱਡ ਦਿਤੀਆਂ, ਅੱਖੀ ਅਧ-ਮੀਚ ਲਈਆਂ, ਅਤੇ ਸਿਰ ਮਾਂ ਵਲ ਸੁਟ ਦਿਤਾ। ਮਾਂ
ਦੀ ਚੀਕ ਸੁਣ ਕੇ ਪ੍ਰੇਮਾ ਡਰ ਕੇ ਸਕੂਲ ਭੱਜ ਗਿਆ।
“ਅਗੇ ਹੀ ਫੀਸ ਮਸਾਂ ਭਰਦੇ ਸਾਂ, ਹੁਣ ਡਿਓੜ੍ਹੀ ਕਿਥੋਂ ਦੇਈਏ! ਫੀਸ ਹੋਵੇ ਤਾਂ ਮੱਟੂ ਨਾ ਰਾਜ਼ੀ ਹੋਵੇ?" ਇਹ ਕਲ੍ਹ ਉਸ ਦੀ ਮਾਂ ਨੇ ਉਸ ਨੂੰ ਕਿਹਾ ਸੀ। ਅਜ ਉਵੇਂ ਹੀ ਉਸ ਨੇ ਮਾਸਟਰ ਨੂੰ ਜਾ ਕਿਹਾ। ਉਸ ਦੀ ਆਵਾਜ਼ ਵਿਚ ਸਿਆਣਿਆਂ ਵਾਲੀ ਗੰਭੀਰਤਾ ਸੀ। ਮਾਸਟਰ ਨੇ ਉਸ ਵਲ ਗਹੁ ਕਰ ਕੇ ਵੇਖਿਆ ਤੇ ਕੁਝ ਕਹੇ ਬਿਨਾਂ ਮੂੰਹ ਮੋੜ ਲਿਆ ।
............
ਸਕੂਲੋਂ ਬਾਹਰ ਉਸ ਨੂੰ ਜੈਬਾ ਮਿਲਿਆ, “ਆ ਕੰਪਣੀ ਬਾਗ਼ ਖੇਡਣ ਚਲੀਏ।"
“ਕੀ?" ਉਸ ਨੇ ਪੁਛਿਆ।
ਜੈਬੇ ਨੇ ਜੇਬ ਵਿਚ ਗੋਲੀਆਂ ਛਣਕਾਈਆਂ, ਇਕ ਮੁਠ ਖੋਲਕੇ ਕੌਡੀਆਂ ਵਖਾਈਆਂ, ਅਤੇ ਦੂਜੇ ਹਥ ਵਿਚ ਦੋ ਪੈਸਿਆਂ ਵਾਲੀ ਤਾਸ਼ ਬੁੜਕਾਈ।
ਪ੍ਰੇਮੇ ਨੇ ਜੈਬੇ ਵਲ ਵੇਖ਼ਿਆ, ਉਸ ਦੀਆਂ ਗੋਲੀਆਂ, ਕੌਡੀਆਂ ਅਤੇ ਤਾਸ਼ ਵਲ ਵੇਖਿਆ, ਕੁਝ ਸੋਚਿਆ, ਫਿਰ ਬਸਤਾ ਓਮੇ ਗੋਲੀਆਂ ਵਾਲੇ ਕੋਲ ਰਖ ਦਿਤਾ।
ਹੁਣ ਪ੍ਰੇਮਾ ਅਵਾਰਾਗਰਦ ਸੀ।