ਨਵਾਂ ਮਾਸਟਰ/ਜੰਗ ਵਿਚ ਨਾ ਜਾਈਂ

ਵਿਕੀਸਰੋਤ ਤੋਂ

......ਜੰਗ ਵਿਚ ਨਾ ਜਾਈਂ

ਜੁਲਾਈ ੧੯੫੦ ......ਜੰਗ ਵਿਚ ਨਾ ਜਾਈਂ

ਉਹ ਜੰਗ-ਬੁਰਜ਼ਵਾ ਹੈ। ਉਸ ਨੂੰ ਸਦਾ ਜੰਗ ਦੇ ਹੀ ਸੁਪਨੇ ਆਉਂਦੇ ਰਹਿੰਦੇ ਹਨ। ਇੱਕ ਦਿਨ ਸਵੇਰੇ ਉਠਦਿਆਂ ਮੂੰਹ ਵਿਚ ਦਾਤਣ ਚਬਦਿਆਂ ਉਸ ਨੇ ਅਖ਼ਬਾਰ ਦਾ ਪਹਿਲਾ ਸਿਰਲੇਖ ਘੜੀ ਘੜੀ ਪੜ੍ਹਿਆ ਸੀ,- 'ਉਤਰੀ ਕੋਰੀਆਂ ਦੀਆਂ ਕਮਿਊਨਿਸਟ ਫ਼ੌਜਾਂ ਨੇ ਦੱਖਣੀ ਕੋਰੀਆ ਤੇ ਧਾਵਾ ਬੋਲ ਦਿਤਾ', ਤਾਂ ਉਸ ਦੀਆਂ ਗਿੱਡ ਪਿਚਕੀਆਂ ਅੱਖਾਂ ਵਿੱਚ ਇਕ ਹਿਰਸੀ ਲਿਸ਼ਕ ਲਿਸ਼ਕੀ ਸੀ, ਅਤੇ ਉਹ ਭਿਅੰਕਰ ਸ਼ਿਵ ਵਾਂਗੂੰ ਸਾਰੇ ਦਲਾਣ ਵਿਚ ਤਾਂਡਵ ਨਾਚ ਵਾਲੀਆਂ ਟਪੋਸੀਆਂ ਮਾਰਨ ਲਗ ਪਿਆ ਸੀ ਤੇ ਥਹੂ ਥਹੂ ਕਰਦੇ ਨੇ ਸਾਰੇ ਫ਼ਰਸ਼ ਤੇ ਦਾਤਣ ਦੀ ਚਿੰਥ ਖਿਲਾਰ ਦਿਤੀ ਸੀ।

'ਹੀ ਹੀ ਹੀ, ਕਰ ਦਿਤੀ ਜੇ ਆਪਣੀ ਕਰਤੁਤ?' ਉਸ ਨੇ ਮੈਨੂੰ ਵੇਖਦਿਆਂ ਹੀ ਸਹੀ ਵਰਗੀਆਂ ਦੰਦੀਆਂ ਕਢੀਆਂ ਸਨ ਅਤੇ ਲੱਤਾਂ ਤੋਂ ਸਿਰ ਤਕ ਸਾਬਣ ਦੀ ਲਾਈ ਵਾਂਗੂੰ ਸਾਰਾ ਹੀ ਹਿਲ ਗਿਆ ਸੀ।

'ਤੂੰ ਸ਼ਹਿਰ ਵਿਚ ਵਸਦਾ ਹੈਂ, ਸਨਮਾਨ ਯੋਗ ਸ਼ਹਿਰੀ! ਤੇਰੇ ਦਿਲ ਦਿਮਾਗ਼ ਦੁਆਲੇ, ਟਾਟੇ, ਬਿਰਲੇ ਦੇ ਕਾਰਖ਼ਾਨਿਆਂ ਦਾ ਕਾਲਾ ਘੁਟ ਧੂੰਆਂ ਕਾਲੀ ਬੋਲੀ ਰਾਤ ਵਾਂਗੂ ਪਸਰਿਆ ਹੋਇਆ ਹੈ। ਤੂੰ ਸਰਮਾਏ ਦਾ ਗ਼ੁਲਾਮ ਹੈਂ ਅਤੇ ਭੁਲ ਚੁਕਾ ਹੈਂ ਤੂੰ ਜਾਗੀਰਦਾਰੀ ਦਾ ਇਕ ਪੂੰਘੜਾ ਸਰਮਾਏਦਾਰੀ ਦੇ ਲਫ਼ੇੜ ਵਿਚ ਪਿੰਡਾਂ ਚੋਂ ਉਠ ਕੇ ਸ਼ਹਿਰਾਂ ਦੀਆਂ ਲੋਹੇ ਸੀਮੈਂਟ ਦੀਆਂ ਬੇ-ਜਾਨ ਸੀਤ ਕੋਠੀਆਂ ਵਿਚ ਆ ਵੜਿਆਂ ਹੈਂ, ਅਤੇ ਤੈਨੂੰ ਭੁਲ ਚੁਕਾ ਹੈ ਤੇਰੀ ਨਵੀਂ ਵਿਆਹੀ ਧੀ ਨੇ ਕਿਵੇਂ ਹੌਕੇ ਤੇ ਸਿਸਕੀਆਂ ਲੈ ਕੇ ਕੁਰਲਾਇਆ ਸੀ

ਸੱਸੇ! ਵੇਖ ਨੀ ਜਵਾਨੀ ਮੇਰੀ

ਮੋੜ ਪੁੱਤ ਆਪਣੇ ਨੂੰ!

'ਤੂੰ ਖੁਸ਼ ਹੁੰਦਾ ਹੈਂ। ਤੇਰੇ ਬੁਝ ਰਹੇ ਮਚ ਵਿਚ ਕੁਤਕਤਾਰੀਆਂ ਨਿਕਲ ਰਹੀਆਂ ਹਨ-ਜੰਗ ਲਗੇਗੀ, ਦੂਜੀ ਲੜਾਈ ਵਾਂਗੂੰ ਇਸ ਤੀਜੀ ਵਿਚ ਫਿਰ ਤੂੰ ਹੱਥ ਰੰਗ ਸਕੇਂਗਾ। ਪਰ ਤੇਰੀਆਂ ਸ਼ੇਖ਼ ਚਿਲੀ ਵਾਲੀਆਂ ਕੁੜੀਆਂ ਜੰਮਣ ਤੋਂ ਪਹਿਲਾਂ ਹੀ ਸਾਰੇ ਦੇ ਸਾਰੇ ਅੰਡੇ ਤੇਰੇ ਸਿਰ ਵਿਚ ਟੁਟ ਜਾਣਗੇ, ਜਿਨ੍ਹਾਂ ਦੀ ਚਿਪਚਿਪਾਹਟ ਤੇਰੀਆਂ ਅੱਖਾਂ ਬੰਦ ਕਰ ਦੇਵੇਗੀ ਤੇ ਤੂੰ ਰੜਕ ਨਾਲ ਡੱਡਿਆ ਉਠੇਂਗਾ:

"ਕਹਿਰ ਹੋ ਗਿਆ, ਦੁਨੀਆਂ ਦੀ ਆਬਾਦੀ ਵਧ ਗਈ, ਅੰਨ ਘਟ ਗਿਆ, ਵਧ ਰਹੀ ਅਬਾਦੀ ਰੋਕੋ, ਔਰਤਾਂ ਫੰਡਰ ਕਰੋ, ਮਰਦ ਖੱਸੀ ਕਰੋ, ਜੰਮਣ ਤੇ ਕੰਟਰੋਲ ਕਰੋ।" ਕਿਉਂਕਿ ਤੇਰਾ ਪੀਰ ਮਾਲਥਸ ਅਮਰੀਕਾ ਚੋਂ ਕੂਕਿਆ ਹੈ "ਜੰਗਾਂ ਜ਼ਰੂਰੀ ਹਨ, ਵਬਾਆਂ ਜ਼ਰੂਰੀ ਹਨ, ਕੁਆਰੀ ਧਰਤੀ ਵਧ ਰਹੇ ਮਨੁਖਾਂ ਨੂੰ ਦੁਧ ਨਹੀਂ ਚੁੰਘਾਂ ਸਕਦੀ, ਉਸ ਦੇ ਥਨ ਸਕ ਰਹੇ ਹਨ!" ਕਿਉਂਕਿ ਤੁਹਾਡੀ ਦਸ ਫ਼ੀ ਸਦੀ ਟੱਪਰੀ ਦਾ ਮੁਨਾਫ਼ਾ ਦਿਨੋ ਦਿਨ ਘਟ ਰਿਹਾ ਹੈ, ਅਤੇ ਤੂੰ ਇਹ ਵੀ ਵਿਸਾਰ ਚੁਕਾ ਹੈਂ-
'ਖੇਤੀ ਉਹਦੀ, ਜੀਹਦੇ ਘਰ ਦੇ ਕਾਮੇ!'
ਪਰ ਉਸ ਨੂੰ ਇੱਕ 'ਕਵਿਤਾ' ਜ਼ਰੂਰ ਯਾਦ ਹੈ, ਜੋ ਉਹ ਏਦਾਂ ਦੀਆਂ ਖ਼ਬਰਾਂ ਪੜ੍ਹ ਕੇ ਬਿੰਡੇ ਵਾਲੀ ਭੜਾਂਦੀ ਆਵਾਜ਼ ਨਾਲ ਗੁਣ ਗੁਣਾਇਆ ਕਰਦਾ ਹੈ। ਉਹ ਇੱਕ ਵਾਰ ਕਿਲੇ ਦੀ ਰੇਡ ਦੇ ਬਾਹਰ ਫੌਜੀ ਮੇਲਾ ਵੇਖਣ ਗਿਆ ਸੀ, ਉਥੇ ਪੇਂਡੂ ਕਾਮਿਆਂ ਦੇ ਝੁਰਮੁਟ ਵਿਚ ਇੱਕ ਚਿੱਬ-ਖੜਿੱਬੇ ਮੂੰਹ ਵਾਲਾ ਕਾਲਾ ਧੂਤ ਬੁਰਛਾ ਭਰਤੀ ਵਾਲਾ ਅਫ਼ਸਰ ਪਾਟੇ ਢੋਲ ਵਰਗੀ ਆਵਾਜ਼ ਵਿਚ ਭੌਂਕ ਰਿਹਾ ਸੀ-

ਭਰਤੀ ਹੋ ਜਾਓ-
ਇਥੇ ਮਿਲਦੀ ਟੁੱਟੀ ਜੁੱਤੀ,
ਉਥੇ ਮਿਲਣਗੇ ਬੂਟ।
ਭਰਤੀ ਹੋ ਜਾਓ ਜੀ-
ਇਥੇ ਮਿਲਦੇ ਪਾਟੇ ਕਪੜੇ
ਉਥੇ ਮਿਲਣਗੇ ਸੂਟ।
ਭਰਤੀ ਹੋ ਜਾਓ ਜੀ-

ਇਥੇ ਮਿਲਦੀ ਸੁਕੀ ਰੋਟੀ
ਉਥੇ ਮਿਲਣਗੇ ਫਰੂਟ।
ਭਰਤੀ ਹੋ ਜਾਓ ਜੀ-
ਇਥੇ ਮਿਲਦੀ ਟੁੱਟੀ ਸੋਟੀ
ਉਥੇ ਮਿਲੇਗੀ ਬੰਦੂਕ।
ਭਰਤੀ ਹੋ ਜਾਓ ਜੀ-

ਇਹ ਗੀਤ ਜਿਸ ਵਿਚੋਂ ਜੰਗ-ਬਾਜ਼ਾਂ ਦੀ ਕਾਲੀ ਕਰਤੂਤ ਦੀ ਬੋ ਆਉਂਦੀ ਹੈ, ਉਸ ਵਾਸਤੇ ਕਿਸੇ ‘ਅਨ ਨੀਮਸ’ ਸ਼ਾਇਰ ਦਾ ਲਿਖਿਆ ਹੋਇਆ ਬੈਲਿਡ ਹੈ। ਉਹ ਜੰਗ ਨੂੰ, ਇਕ ਅਟੱਲ ਹੋਣੀ ਮੰਨਦਾ ਹੈ ਅਤੇ ਉਸ ਦੇ ਸ਼ਰਾਬੀ-ਡਕਾਰੇ ਦਿਮਾਗ ਵਿਚ ਇਹ ‘ਗਿਆਨ' ਸਮਾਇਆ ਹੋਇਆ ਹੈ-ਜੰਗ ਲੋਕਾਂ ਨੂੰ ਸੂਟ ਬੂਟ, ਤੇ ਫ਼ਰੂਟ ਲਿਆ ਕੇ ਦਿੰਦੀ ਹੈ, ਅਤੇ ਸਰਮਾਏਦਾਰਾਂ ਦੀ ਮੁਨਾਫ਼ੇ ਦੀ 'ਫ਼ੀ ਸਦੀ' ਦੀ ਲਕੀਰ ਸਦਾ ਚੜ੍ਹਦੀਆਂ ਕਲਾਂ ਵਿਚ ਰਖਦੀ ਹੈ, ਜਿਸ ਨਾਲ ਉਹ ਹੋਰ ਹੋਰ ਤਜਾਰਤ ਕਰ ਸਕਦੇ ਹਨ ਤੇ ਮੁਲਕ ਨੂੰ 'ਧੰਨਵਾਨ ਤੇ ਖ਼ੁਸ਼ਹਾਲ' ਬਣਾ ਸਕਦੇ ਹਨ। ਸ਼ਾਇਦ ਇਹ ਸੂਟ, ਬੂਟ ਤੇ ਫ਼ਰੂਟ, ਉਸ ਦੀ ਤਪਦਿਕੀ-ਸਮਝ ਅਨੁਸਾਰ, ਕਿਸੇ ਨਰਕ ਵਿਚੋਂ ਆਉਂਦੇ ਹਨ, ਜਿਥੇ ਉਨ੍ਹਾਂ ਦੀ ਮੂਲੋਂ ਲੋੜ ਨਹੀਂ।
ਕੋਰੀਆ ਦੀ ਪਹਿਲੀ ਖ਼ਬਰ ਤੋਂ ਪਿਛੋਂ, ਇਕ ਦਿਨ ਬੀਤਿਆ, ਦੋ ਬੀਤ ਗਏ ਅਤੈ ਬੀਤਦੇ ਹੀ ਗਏ। ਕਿਤੇ ਕੋਈ ਐਟਮ ਬੰਬ ਚਲਣ ਦੀ ਖ਼ਬਰ ਨਾ ਆਈ, ਕੋਈ ਹਾਈਡਰੋਜਨ ਬੰਬ ਨਾ ਚਲਿਆ, ਦੱਖਣੀ ਕੋਰੀਆ ਦੀਆਂ ਫੌਜਾਂ ਨੇ ਆਪਣਾ ਲਾਹ ਪਛਾਣ ਲਿਆ (ਪਹਿਲਾਂ ਹੀ ਪਛਾਣ ਚੁਕੇ ਸਨ), ਉਨ੍ਹਾਂ ਆਪਣੇ ਆਜ਼ਾਦ
ਉਤਰੀ ਭਰਾਵਾਂ ਨਾਲ ਲੜਨੋਂ ਨਾਂਹ ਕਰ ਦਿਤੀ, ਫ਼ੌਜੀ ਅਫ਼ਸਰਾਂ ਅਸਤੀਫੇ ਦੇ ਦਿਤੇ, ਗਵਰਨਰ ਮੁਕਰ ਗਏ, ਡਗਲਸ ਮੈਕਾਰਥਰ ਦੀ ਭੰਬੀਰੀ ਭੌਂ ਗਈ, ਸਟਪਟਾਇਆ ਤੇ ਜ਼ਹਿਰੀ ਖੜੱਪੇ ਵਾਂਗੂੰ ਵਿਸ਼ ਘੋਲਣ ਲੱਗਾ। ਅਮਰੀਕੀ ‘ਸਲਾਮਤੀ ਕੌਂਸਲ ਨੇ' ਸਭ ਫ਼ੌਜੀ ਅਖ਼ਤਿਆਰ ਉਸ ਨੂੰ ਬਖ਼ਸ਼ ਦਿਤੇ। ਮੈਕਾਰਥਰ ਨੇ ਚੜ੍ਹਦੇ ਸੂਰਜ ਦੀ ਧਰਤੀ ਤੇ ਸੂਰਜ ਨੂੰ ਲੁਕਾਉਣ ਵਾਸਤੇ ਉਸ ਤੇ ਕਾਨੂੰਨ ਚਮੋੜ ਦਿਤੇ-

'ਕਮਿਊਨਿਸਟ ਪਾਰਟੀ ਖ਼ਿਲਾਫ਼ੇ ਕਾਨੂੰਨ।'
'ਜਲਸੇ ਖ਼ਿਲਾਫੇ-ਕਾਨੂੰਨ।'
'ਮੀਟਿੰਗਾਂ ਮਨ੍ਹਾਂ।'
'ਜਲੂਸ ਖ਼ਿਲਾਫ਼-ਕਾਨੂੰਨ।'
'ਸਿਆਸੀ ਰੁਝੇਵੇਂ ਮਨ੍ਹਾਂ।'
'ਅਤੇ ਇਹ ਮਨ੍ਹਾਂ ਉਹ ਮਨ੍ਹਾਂ.......'

ਮੈਨੂੰ ਉਸ ਦੇ ਸਾਹਿੱਤਕ ਸੁਆਦ ਤੇ ਤਰਸ ਆਉਂਦਾ ਹੈ। ਕਾਸ਼! ਉਹ ਮੈਕਾਰਥਰ ਦੇ ਇਨ੍ਹਾਂ ਹੁਕਮਨਾਮਿਆਂ ਨੂੰ ਹੀ 'ਲੋਕ-ਗੀਤ' ਆਖ ਸਕੇ।
'ਕਿਉਂ ਜੀ ਤੀਜੀ ਸੰਸਾਰ-ਜੰਗ ਲਗ ਗਈ?' ਮੈਂ ਉਸ ਨੂੰ ਹੱਸ ਕੇ ਪੁਛਿਆ।
ਉਹ ਜ਼ਹਿਰ ਦੇ ਘੁਟ ਪੀਣ ਲਗਾ। ਉਸ ਦੀ ਰੁਪਿਆਂ ਦਾ ਜੋੜ ਕਰਦੀ ਕਲਮ ਵਹੀ ਤੇ ਜ਼ਰਾ ਬਰ-ਰਾਈ, ਆਪਣੇ ਆਪ ਨੂੰ ਮੂਧੇ ਮੂੰਹ ਡਿਗਣੋਂ ਸੰਭਾਲਦਿਆਂ ਹੋਇਆਂ ਉਸ ਨੇ ਢੀਠਾਂ ਦੇ ਤਾਣ ਦੰਦ ਵਿਖਾਏ। ਅਤੇ ਇਕ ਮੋਟਾ ਸਾਰਾ ਮੁੜ੍ਹਕੇ ਦਾ ਟੇਪਾ ਉਸ ਦੇ
ਟੁੱਟੇ ਬੱਬਰ ਵਰਗੇ ਮੱਥੇ ਤੋਂ ਤੁਰਿਆ, ਸਹਿਜੇ ਸਹਿਜੇ ਨੱਕ ਤੋਂ ਰਿੜ੍ਹਦਾ ਵਹੀ ਤੇ ਉਸ ਦੀ ਰਕਮ ਦੇ ਜੋੜ ਤੇ ਟਪਕ ਗਿਆ, ਅਤੇ ਅਲਫ-ਖਾਨੀ ਸਿਆਹੀ, ਸਾਗਰ ਦੀਆਂ ਆਜ਼ਾਦ ਲਹਿਰਾਂ ਵਾਂਗੂੰ ਖਿੰਡਰ ਗਈ।
'ਤੂੰ ਪੜ੍ਹਿਆ ਹੈ ਮੈਕਾਰਥਰ ਦੇ ਜ਼ਰ-ਖਰੀਦ ਸਿਪਾਹੀ ਵੀ ਉੱਤਰੀ ਕੋਰੀਅਨਾਂ ਦਾ ਟਾਕਰਾ ਕਰਨ ਨੂੰ ਤਿਆਰ ਨਹੀਂ ਹਨ, ਉਹ ਪਿਛੇ ਹੀ ਪਿੱਛੇ ਹਟਦੇ ਆ ਰਹੇ ਹਨ। ਉਹ ਵੀ ਬਾਕੀ ਕੁਲ ਦੁਨੀਆਂ ਦੇ ਮਜ਼ਦੂਰਾਂ ਵਾਂਗੂੰ ਮਜ਼ਦੂਰ ਹਨ, ਉਨਾਂ ਦੇ ਵੀ ਪਿੱਛੇ ਬੱਚੇ ਵਿਲਕਦੇ ਹਨ, ਅਤੇ ਉਨ੍ਹਾਂ ਦੀਆਂ ਸੱਜ ਵਿਆਹੀਆਂ ਵੀ ਕੀਰਨੇ ਕਰਦੀਆਂ ਹਨ-

'ਬਿਨ-ਮੁਕਲਾਈ ਛੱਡ ਗਿਆ-
ਤੇਰਾ ਲੱਗੇ ਨਾ ਲਾਮ ਵਿਚ ਨਾਵਾਂ।'
ਅਤੇ,
ਜੇ ਤੂੰ ਸਿਪਾਹੀਆ! ਗਿਆ ਜੰਗ ਵਿਚ,
ਲਾ ਕੇ ਮੈਨੂੰ ਝੋਰਾ।
ਬਿਰਹੋਂ ਹੱਡਾਂ ਨੂੰ ਮੇਰੇ ਇਉਂ ਖਾ ਜਾਊ,
ਜਿਉਂ ਛੋਲਿਆਂ ਨੂੰ ਢੋਰਾ।
ਜੰਗ ਵਿਚ ਨਾ ਜਾਈਂ-
ਵੇ ਬਾਗ਼ਾਂ ਦਿਆ ਮੋਰਾ।

ਵਾਲ ਸਟਰੀਟ ਤੇ ਸਿੱਟੀ ਦੇ ਅਜ਼ਾਰੇਦਾਰ ਹਰ ਮੁਮਕਿਨ ਕੋਸ਼ਿਸ਼ ਨਾਲ ਜੰਗ ਲਾਉਣਾ ਚਾਹੁੰਦੇ ਹਨ, ਪਰ ਯਰਕਦੇ ਹਨ, ਉਨ੍ਹਾਂ ਨੂੰ ਖੁੜਕ ਗਈ ਹੈ, ਹੁਣ ਉਹ ਮਿਹਨਤੀ ਜਨਤਾ ਨੂੰ ਬੁਧੂ
ਨਹੀਂ ਬਣਾ ਸਕਦੇ, ਉਨ੍ਹਾਂ ਨੇ ਫ਼ਰਾਂਸ ਵਿਚ ਵੀਤਨਾਮ ਵਾਸਤੇ ਜੰਗ ਸਮਾਨ ਲਦਣੋਂ ਨਾਂਹ ਕਰ ਦਿਤੀ ਹੈ, ਵੀਤ-ਨਾਮੀ ਲੋਕ ਫ਼ਰਾਂਸੀਸੀ ਲੋਕਾਂ ਦੇ ਸਾਥੀ ਹਨ ਜੰਗ ਬਾਜ਼ ਪਏ ਅਪਣੇ ਜਹਾਜ਼ਾਂ ਵਿਚ ਬਾਰੂਦ, ਸਿਕਾ ਤੇ ਮਸ਼ੀਨ ਗਨਾਂ ਬੰਦ ਕਰ ਕੇ ਉਤੇ 'ਕੇਲੇ' ਲਿਖ ਕੇ ਹਾਲੈਂਡ ਤੇ ਡੈਨਮਾਰਿਕ ਵਲ ਘਲਣ, ਪਰ ਉਥੋਂ ਦੇ ਮਜ਼ਦੂਰ ਜਾਣਦੇ ਹਨ ਅਮਰੀਕੀ 'ਕੇਲੇ' ਮਸ਼ੀਨ ਗਨਾਂ ਦਾ ਦੂਜਾ ਨਾਂ ਹੈ, ਉਹ ਕਦੇ ਵੀ ਆਪਣੀ ਮਾਤ-ਭੂਮੀ ਤੇ ਇਹ 'ਕੇਲੇ' ਲਥਣ ਨਹੀਂ ਦੇਣਗੇ।
'ਵਾਲ ਸਟ੍ਰੀਟੀਏ ਜਾਣ ਗਏ ਹਨ, ਉਹ ਜੰਗ ਦਾ ਐਲਾਨ ਕਰਨਗੇ-ਉਨ੍ਹਾਂ ਦੇ ਕਾਰਖ਼ਾਨਿਆਂ ਦੀਆਂ ਧੂੰਏ ਦੀਆਂ ਨਰਕੀ ਭੱਠੀਆਂ ਠੰਢੀਆਂ ਹੋ ਜਾਣਗੀਆਂ, ਖ਼ਰਾਦ ਇਕ ਰੋਸ ਭਰੀ ਗਿੜ-ਗੜਾਹਟ ਨਾਲ ਸਦਾ ਵਾਸਤੇ ਖਲੋ ਜਾਣਗੇ, ਉਨ੍ਹਾਂ ਦੇ ਐਟਮਾਂ ਦੇ ਢੇਰ ਗੁਦਾਮਾਂ ਵਿਚ ਹੀ ਪਟਾਖ਼ ਜਾਣਗੇ ਅਤੇ ਰੋਸੀਲੇ ਸਿਪਾਹੀ ਆਪਣੀਆਂ ਬੰਦੂਕਾਂ ਦੇ ਮੂੰਹ ਵਾਲ-ਸਟਰੀਟ ਤੇ ਸਿਟੀ ਵਲ ਭੁਆ ਦੇਣਗੇ, ਉਨ੍ਹਾਂ ਦੇ ਅਸਮਾਨੀ ਮਹੱਲਾਂ ਦੀਆਂ ਫ਼ੌਲਾਦੀ ਨੀਹਾਂ ਮਾਸੂਮਾਂ ਦੀਆਂ ਚੀਕਾਂ ਨਾਲ ਹਿਲ ਜਾਣਗੀਆਂ ਅਤੇ ਉਨ੍ਹਾਂ ਦਾ ਇਸ ਧਰਤੀ ਤੇ ਰਸਦ ਪਾਣੀ ਦਾ ਹਿਸਾਬ ਕਿਤਾਬ ਠਪ ਦਿਤਾ ਜਾਏਗਾ, ਅਤੇ ਉਨ੍ਹਾਂ ਦੀ ਕਬਰ ਵੀ ਭਾਵੇਂ ਬੇ-ਜਾਨ ਚੰਦ ਜਾਂ ਭਖਦੇ ਮਰੀਖ਼ ਤੇ ਹੀ ਜਾ ਬਣੇ।'
ਉਹ ਬਿਤਰ ਬਿਤਰ ਮੇਰੇ ਵਲ ਝਾਕ ਰਿਹਾ ਸੀ; ਉਸ ਦਾ ਹੇਠਲਾ ਬੁਲ੍ਹ ਊਠ ਦੀ ਬੂਬਣੀ ਵਾਂਗ ਢਿਲਕ ਗਿਆ ਅਤੇ ਕਰੇੜੇ ਦੇ ਨਾਲ ਪੀਲੇ ਦੰਦ ਦਿਲ ਵਿਚ ਇਕ ਘ੍ਰਿਣਾ ਭਰੀ ਝੁਣਝੁਣੀ ਪੈਦਾ
ਕਰ ਰਹੇ ਸਨ। ਜਿਵੇਂ ਮੈਂ ਕੋਈ ਸ਼ਲੋਕ, ਆਇਤ ਜਾਂ ਕੱਥਾ ਸੁਣ ਰਿਹਾ ਸਾਂ ਜੋ ਉਸ ਦੀ ਮੋਟੀ ਮਤ ਵਿਚ ਨਹੀਂ ਸੀ ਫਸ ਰਹੀ। ਉਸ ਦੀਆਂ ਮਧਮ ਅੱਖਾਂ ਸਿਜ ਗਈਆਂ ਤੇ ਕਮਰੇ ਦੀਆਂ ਸਭ ਚੀਜ਼ਾਂ ਉਸ ਨੂੰ ਹਿਲਦੀਆਂ ਜਾਪੀਆਂ।
'ਫਿਰ ਸੋਚ, ਮੇਰੇ ਦੋਸਤ ਨੂੰ ਜੰਗ ਚਾਹੁੰਦਾ ਹੈਂ?'
ਉਸ ਨੇ ਆਪਣਾ ਛੱਤਰੇ ਵਰਗਾ ਸਿਰ ਕਿਸੇ ਅਕਹਿ ਪੀੜ ਨਾਲ ਛੰਡਿਆ, ਅਤੇ ਥੁੱਕ-ਦਾਨ ਵਿਚ ਆਪਣਾ ਖੁਸ਼ਕ ਝੱਗ ਜਿਹਾ ਥੁੱਕ ਸੁਟਿਆ। ਉਹ ਇਕ ਅਮਿੱਟ ਤੇਹ ਪ੍ਰਤੀਤ ਕਰ ਰਿਹਾ ਸੀ। ਮੈਂ ਉਸ ਦੇ ਕੰਨ ਕੋਲ ਮੂੰਹ ਲਿਜਾ ਕੇ ਗੁਣਗੁਣਾਇਆ।
ਤੂੰ ਪਿਆ ਛਣਕਾ ਗੁੱਥੀਆਂ-
ਅਸਾਂ ਨਾ ਕਦੀ ਹੁਣ ਲੜਨਾ!
ਇਕ ਦਿਨ ਮੈਂ ਉਸ ਦੀ ਦੁਕਾਨ ਅਗੋਂ ਦੀ ਲੰਘਿਆ। ਉਹ ਅੱਖਾਂ ਬੰਦ ਕੀਤੀ ਕੁਝ ਸੋਚ ਰਿਹਾ ਸੀ ਤੇ ਨਾਲ ਆਪਣੇ ਕਰੜ ਬਰੜੇ ਵਾਲਾਂ ਵਿਚ ਉਂਗਲਾਂ ਵਾਹ ਰਿਹਾ ਸੀ। ਉਸ ਦੀਆਂ ਅੱਖਾਂ ਖੁਲ੍ਹੀਆਂ, ਮੈਨੂੰ ਵੇਖ ਕੇ ਉਸ ਨੇ ਆਵਾਜ਼ ਮਾਰੀ।
'ਕੀ ਇਹ ਠੀਕ ਹੈ?' ਉਸ ਨੇ ਉਰਦੂ ਦੇ ਇੱਕ ਅਖ਼ਬਾਰ ਦੀ ਸੁਰਖੀ ਵਲ ਇਸ਼ਾਰਾ ਕੀਤਾ।
'ਹਾਂ, ਸੋਵੀਅਟ ਯੂਨੀਅਨ ਵਿਚ ਸਭ ਖੇਤ ਸਾਂਝੇ ਹੀ ਹਨ।'
'ਜ਼ਰਾ ਇਥੇ ਬੈਠ ਜਾਉ ਤੇ ਮੈਨੂੰ ਇਸ ਬਾਬਤ ਚੰਗੀ ਤਰ੍ਹਾਂ ਸਮਝਾਓ। ਅਗੇ ਤਾਂ ਘਟ ਹੀ ਇਦਾਂ ਦੀਆਂ ਖ਼ਬਰਾਂ ਪੜ੍ਹੀਦੀਆਂ ਸਨ, ਪਰ ਅੱਜ ਕਲ ਤਕਰੀਬਨ ਸਾਰੇ ਉਰਦੂ ਦੇ ਅਖ਼ਬਾਰ ਇਹੋ
ਜਿਹੀਆਂ ਗੱਲਾਂ ਛਾਪਦੇ ਹਨ, ਕੀ ਉਥੇ ਕੋਈ ਚੀਜ਼ ਵੀ ਨਿੱਜੀ ਮਲਕੀਅਤ ਨਹੀਂ?'
ਮੈਂ ਉਸ ਦਾ ਤੌਖਲਾ ਵੇਖ ਕੇ ਹਸਿਆ ਉਹ ਕੁਝ ਛਿੱਥਾ ਜਿਹਾ ਪੈ ਗਿਆ ਤੇ ਨਜ਼ਰਾਂ ਨੀਵੀਆਂ ਕਰ ਲਈਆਂ।
'ਜਦੋਂ ਮਨੁੱਖ ਸਭ ਤੋਂ ਪਹਿਲਾਂ ਇਸ ਧਰਤੀ ਤੇ ਆਇਆ ਸੀ, ਉਦੋਂ ਕੋਈ ਚੀਜ਼ ਵੀ ਕਿਸੇ ਦੀ ਆਪਣੀ ਨਹੀਂ ਸੀ, ਸਭ ਕੁਦਰਤ ਦੀਆਂ ਚੀਜ਼ਾਂ ਸਾਂਝੀਆਂ ਸਨ। ਦਰਿਆ, ਪਹਾੜ, ਨਦੀਆਂ, ਨਾਲੇ, ਚਰਾਗਾਹਾਂ, ਤੇ ਜ਼ਮੀਨਾਂ ਸਭ ਸਾਂਝੀਆਂ ਸਨ। ਅਜੇ ਬੰਦੇ ਦੇ ਦਿਮਾਗ ਵਿਚ ਹਿਰਸ ਦਾ ਕੀੜਾ ਨਹੀਂ ਸੀ ਵੜਿਆ। ਮਰਦ ਆਜ਼ਾਦ ਸਨ, ਸਭ ਬਰਾਬਰ ਦਾ ਖਾਂਦੇ ਸਨ, ਪਾਉਂਦੇ ਸਨ, ਤੇ ਕੰਮ ਕਰਦੇ ਸਨ। ਕੋਈ ਵਿਹਲ ਨਹੀਂ ਸੀ।
'ਆਪਣੇ ਆਰਾਮ ਵਾਸਤੇ ਮਨੁਖਾਂ ਨੇ ਹਥਿਆਰ ਬਣਾਏ ਜਿਨ੍ਹਾਂ ਨਾਲ ਉਹ ਕੰਮ ਸੌਖਾ ਤੇ ਬਾਹਲਾ ਕਰ ਸਕਦੇ ਸਨ। ਮਨੁਖ ਜਾਤੀ ਵਧੀ, ਨਾਲ ਹੀ ਬੰਦੇ ਵਧੇ, ਪਰ ਉਹ ਲੋਕ ਇਨ੍ਹਾਂ ਵਧਦੇ ਧੰਦਿਆਂ ਨੂੰ ਸੁਲਝਾ ਨਾ ਸਕੇ, ਉਨ੍ਹਾਂ ਕਾਰ-ਵੰਡ ਕਰ ਦਿਤੀ, ਅਤੇ ਇਹ ਜ਼ਾਤ ਪਾਤ ਦਾ ਬਖੇੜਾ ਚਲ ਪਿਆ। ਕੁਝ ਲੋਕ ਆਰਾਮ ਪਰੱਸਤ ਹੋ ਗਏ, ਜਮ੍ਹਾਂ ਕਰਨ ਦਾ ਲਾਲਚ ਆ ਪਿਆ, ਉਨ੍ਹਾਂ ਨੇ ਦੂਜਿਆਂ ਦੇ ਘਰ ਭੰਨਣੇ ਸ਼ੁਰੂ ਕੀਤੇ, ਲੜਾਈਆਂ ਦਾ ਮੁੱਢ ਬੰਨ੍ਹਿਆ। ਪਹਿਲਾਂ ਤਾਂ ਉਹ ਜੰਗੀ ਕੈਦੀ ਖਾ ਜਾਂਦੇ ਸਨ, ਪਰ ਫਿਰ ਉਨ੍ਹਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਤੋਂ ਆਰਥਕ ਲਾਭ ਲੈਣ ਲਗ ਪਏ, ਉਨ੍ਹਾਂ ਦੀ ਮਿਹਨਤ ਲੁਟਣ ਲਗੇ।
'ਉਹ ਹੋਰ ਪੈਦਾਵਾਰ ਚਾਹੁੰਦੇ ਸਨ। ਫਿਰ ਧੰਨਵਾਨ ਬਣਨ
ਵਾਸਤੇ ਜ਼ਿਆਦਾ ਪੈਦਾਵਾਰ ਕਰਨ ਲਈ ਸੰਦਾਂ ਦੀ ਲੋੜ ਸੀ। ਪਹਿਲਾਂ ਛੋਟੇ ਕਾਰਖ਼ਾਨੇ ਬਣੇ ਫਿਰ ਵਧਦੇ ਵਧਦੇ ਵਡੇ ਹੋ ਗਏ। ਕਾਰਖ਼ਾਨਿਆਂ ਵਿਚ ਕੰਮ ਕਰਨ ਵਾਸਤੇ ਮਜ਼ਦੂਰਾਂ ਦੀ ਲੋੜ ਸੀ, ਪਿੰਡਾਂ ਦੇ ਲੋਕ ਸ਼ਹਿਰਾਂ ਵਿਚ ਆਉਣ ਲਗ ਪਏ-ਇਵੇਂ ਜਾਗੀਰਦਾਰੀ ਚੋਂ ਸਰਮਾਏਦਾਰੀ ਜੰਮੀ। ਪਰ ਤੂੰ ਸਮਝ ਸਕਦਾ ਹੈਂ ਸਰਮਾਏਦਾਰੀ ਵਿਚ ਪੈਦਾਵਾਰ ਸਾਂਝੀ ਹੈ, ਪਰ ਉਸ ਦੀ ਮਾਲਕੀ ਨਿਜੀ ਹੈ। ਪਰ ਜਿਵੇਂ ਤੁਸੀਂ ਸੋਨੇ ਦਾ ਰੂਪ ਨਹੀਂ ਵਟਾ ਸਕਦੇ ਉਹ ਸੋਨਾ ਹੀ ਰਹੇਗਾ, ਭਾਵੇਂ ਸੌ ਤਰ੍ਹਾਂ ਦੇ ਗਹਿਣੇ ਘੜੋ, ਇਵੇਂ ਹੀ ਸਾਂਝੀ ਪੈਦਾਵਾਰ ਦੀ ਮਾਲਕੀ ਵੀ ਸਾਂਝੀ ਹੀ ਰਹੇਗੀ, ਭਾਵੇਂ ਪੈਦਾਵਾਰ ਸਨਅਤੀ ਹੋਵੇ ਤੇ ਭਾਵੇਂ ਖੇਤੀ।'
'ਪਰ ਸਭ ਧਾਰਮਿਕ ਕਿਤਾਬਾਂ ’ਚ ਲਿਖਿਆ ਹੈ', ਉਸ ਨੇ ਮੈਨੂੰ ਟੋਕਿਆ। 'ਦੁਨੀਆ 'ਚ ਸਦਾ ਤੋਂ ਇਦਾਂ ਹੀ ਹੁੰਦਾ ਆਇਆ ਹੈ, ਤੇ ਹੁੰਦਾ ਰਹੇਗਾ, ਇੱਕ ਉਸ ਦੀ ਸਿਰ੍ਹਾਂਦੀ ਬੈਠੇ ਰਹਿਣਗੇ ਤੋਂ ਇੱਕ ਪੈਰ ਹੀ ਘੁਟਦੇ ਰਹਿਣਗੇ। ਤੇਰੀਆਂ ਇਹ ਗਲਾਂ ਕਿਸ ਵੇਦ ਜਾਂ ਗਰੰਥ ਚੋਂ ਹਨ?'
'ਮਾਰਕਸ ਤੇ ਐਂਗਲਸ ਦਾ ਵੇਦ, ਜਿਸ ਨਾਲ ਮੁੜ ਪੁਰਾਣਾ ਸਤਿਜੁਗ, ਕਮਿਉਨਿਜ਼ਮ, ਸ਼ੁਰੂ ਹੋਵੇਗਾ।'
ਉਸ ਨੇ ਇਕ ਵਾਰ ਫਿਰ ਝੋਟੇ ਵਾਂਗੂੰ ਸਿਰ ਛੰਡ ਦਿਤਾ।
'ਓ ਕਾਮਰੇਡਾ ਕੋਈ ਨਵੀਂ ਤਾਜ਼ੀ ਸੁਣਾਂਦਾ ਜਾਈਂ?'
ਇੱਕ ਦਿਨ ਉਸ ਨੇ ਮੈਨੂੰ ਆਵਾਜ਼ ਮਾਰ ਲਈ। ਉਹ ਕੁਝ ਖੁਸ਼ ਖੁਸ਼ ਜਾਪਦਾ ਸੀ, ਉਸ ਦੇ ਦਸਣ ਦਾ ਢੰਗ ਹੀ ਐਸਾ ਸੀ ਜਿਸ ਚੋਂ ਕਿਸੇ ਬੀਮਾਰ ਹਾਸੇ ਦਾ ਝਾਉਲਾ ਪੈਂਦਾ ਸੀ। ਉਸ ਦੀਆਂ
ਯੁਗਾਂ ਦੀਆਂ ਥੱਕੀਆਂ ਹੋਈਆਂ ਅੱਖਾਂ ਸਵੇਰੇ ਦੇ ਪਲੋ ਪਲੀ ਵਧ ਰਹੇ ਚਾਨਣ ਵਿਚ ਕੁਝ ਅਕਾਵਟ ਪ੍ਰਤੀਤ ਕਰ ਰਹੀਆਂ ਸਨ, ਅਤੇ ਉਸ ਦੀ ਕਲਮ ਹਵਾ ਵਿਚ ਕਿਲ੍ਹੇ ਬਣਾ ਰਹੀ ਸੀ। ਉਸ ਦੇ ਚਿਹਰੇ ਤੇ ਇਕ ਤਰ੍ਹਾਂ ਦੀ ਮੁਸਕ੍ਰਾਹਟ ਸੀ ਜਿਸ ਤੋਂ ਬੋੜੇ ਕੁੱਜੇ ਦਾ ਪ੍ਰਭਾਵ ਪੈਂਦਾ ਸੀ।
'ਫ਼ਿਕਰ ਨਾ ਕਰ ਕਿਤੇ ਤੀਜੀ ਲਾਮ ਨਹੀਂ ਲੱਗੀ।' ਮੈਂ ਹਸਦਿਆਂ ਜਵਾਬ ਦਿੱਤਾ। ‘ਤੇ ਲਗ ਵੀ ਕਿਵੇਂ ਸਕਦੀ ਹੈ? ਕੁਲ ਦੁਨੀਆਂ ਦੀ ਮਿਹਮਤੀ-ਜੰਤਾ ਨੇ ਜੰਗ ਵਿਰੁਧ, ਅਮਨ ਵਾਸਤੇ, ਜੰਗ ਲੜਨ ਲਈ ਆਪਣੀਆਂ ਤਾਕਤਾਂ ਜੋੜ ਦਿਤੀਆਂ ਹਨ। ਅਜੇ ਅਜੇ ਕਲ੍ਹ ਹੀ ਇਥੇ ਅਮਨ ਕਾਨਫ਼ਰੰਸ ਹੋਈ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠੇ ਹੋਣਾ ਦਸਦਾ ਹੈ ਕਿ ਉਹ ਜੰਗ ਦੇ ਕਿਵੇਂ ਵਿਰੁਧ ਹਨ। ਇਸ ਅਮਨ ਮੁਹਿਮ ਵਿਚ ਇਹ 'ਕਾਮਰੇਡ' ਹੀ ਸ਼ਾਮਲ ਨਹੀਂ, ਸਗੋਂ ਹਰ ਮਜ਼੍ਹਬ,ਮਿੱਲਤ, ਕੌਮ, ਪੇਸ਼ਾ,ਸਿਆਸੀ ਤੇ ਧਾਰਮਕ ਸੰਪ੍ਰਦਾ, ਦੇ ਨੇਕ-ਬਖਤ ਲੋਕ ਸ਼ਾਮਲ ਹਨ, ਜੋ ਲਹੂ ਪਸੀਨਾ ਇੱਕ ਕਰ ਕੇ ਆਪਣੇ ਦਸਾਂ ਨਹੁੰਆਂ ਦੀ ਕਮਾਈ ਕਰਦੇ ਹਨ ਪਰ ਜਿਨ੍ਹਾਂ ਦੀ ਕਮਾਈ, ਪਸੀਨਾ, ਖੂਨ, ਤੇ ਹੱਡ ਮਾਸ, ਸਰਮਾਏ ਦੀਆਂ ਹਿਰਸੀ ਤੰਦੀਆਂ ਚੂਸੀ ਜਾਂਦੀਆਂ ਹਨ। ਉਨ੍ਹਾਂ ਨੂੰ ਰਾਤ ਨੂੰ ਢਿੱਡ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ, ਉਨ੍ਹਾਂ ਦੇ ਬੱਚੇ ਕਤੂਰਿਆਂ ਵਾਂਗ ਕੂੜਿਆਂ ਦੇ ਢੇਰ ਫੋਲਦੇ ਫਿਰਦੇ ਹਨ, ਅਤੇ ਜਿਨ੍ਹਾਂ ਦਾ ਨੰਗੇਜ ਕਜਣ ਲਈ ਵੀ ਕਾਫ਼ੀ ਕਪੜਾ ਨਹੀਂ।
'ਦੁਨੀਆਂ ਦੇ ਸਰਮਾਏਦਾਰ ਮਲਕਾਂ ਵਿੱਚ ਸਾਢੇ ਚਾਰ ਕ੍ਰੋੜ ਬੇ-ਰੁਜ਼ਗਾਰ ਹਨ, ਇਕੱਲੇ ਅਮਰੀਕਾ ਵਿਚ ਹੀ ਦੋ ਕਰੋੜ
ਹਨ। ਇਹ ਗਿਣਤੀ ਦਿਨੋ ਦਿਨ ਵਧ ਰਹੀ ਹੈ, ਅਤੇ ਇਸ ਵਧ ਰਹੀ ਗਿਨਤੀ ਨੂੰ ਹਰ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਸ਼ ਹੋ ਰਹੀ ਹੈ। ਅਮਰੀਕੀ ਸਰਮਾਏਦਾਰਾਂ ਦੇ ਖ਼ਰੀਦੇ ਹੋਏ ਸਾਇੰਸਦਾਨ ਪਿੱਟ ਰਹੇ ਹਨ ਦੁਨੀਆਂ ਦੀ ਅਬਾਦੀ ਬਹੁਤ ਵਧ ਚੁਕੀ ਹੈ, ਇਸ ਵੇਲੇ ਇਸ ਧਰਤੀ ਤੇ ਦੋ ਅਰਬ ਵੀਹ ਕਰੋੜ ਮਨੁਖ ਵਸਦੇ ਹਨ। ਪਰ ਉਨ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਇੱਨੀ ਜ਼ਮੀਨ ਤੇ ਸਿਰਫ਼ ਇੱਕ ਅਰਬ ਦਸ ਕਰੋੜ ਬੰਦੇ ਹੀ ਗੁਜ਼ਾਰਾ ਕਰ ਸਕਦੇ ਹਨ। 'ਆਦਮ ਦੀ ਔਲਾਦ’ ਨਾਲ ਪਿਆਰ ਕਰਨ ਵਾਲੇ ਮਨੁਖਤਾ ਨਾਲ ਇਹ ਉਪਕਾਰ ਕਰਨ ਵਾਸਤੇ ਹਰ ਮੁਮਕਿਨ ਢੰਗ ਵਰਤ ਰਹੇ ਹਨ। ਉਹ ਅਫ਼ਸੋਸ ਕਰਦੇ ਹਨ, ਪਹਿਲੇ ਡਾਕਟਰ ਬੇਵਕੂਫ਼ ਸਨ, ਜਿਨ੍ਹਾਂ ਨੇ ਪਾਣੀ ਉਬਾਲ ਕੇ ਪੀਣ ਦੀ ਕਾਢ ਕਢੀ, ਇਸ ਨਾਲ ਅਧੇ ਆਦਮੀ ਮਰਨੋਂ ਬਚ ਗਏ ਹਨ। ਮੁਫ਼ਤ ਹਸਪਤਾਲ ਸਭ ਬੰਦ ਕਰ ਰਹੇ ਹਨ, ਡਾਕਟਰਾਂ ਦੀਆਂ ਫ਼ੀਸਾਂ ਵਧਾ ਰਹੇ ਹਨ। ਬੇਕਾਰਾਂ ਦੇ ਤੇ ਗਰੀਬਾਂ ਦੇ ਬੱਚਿਆਂ ਦੀਆਂ ਭੁੱਖ ਨਾਨ ਲਿਲ੍ਹਕਣੀਆਂ ਉਨ੍ਹਾਂ ਦੀ ਨੀਂਦ ਹਰਾਮ ਕਰ ਦਿੰਦੀਆਂ ਹਨ, ਇਸ ਲਈ ਉਹ ਉਨ੍ਹਾਂ ਨੂੰ ਸਦਾ ਦੀ ਨੀਂਦੇ ਸਵਾਉਣ ਵਾਸਤੇ ਉਨ੍ਹਾਂ ਦੇ ਹਿੱਸੇ ਦੀ ਖ਼ੁਰਾਕ ਸਾੜ ਫੂਕ ਰਹੇ ਹਨ। ਹਜ਼ਾਰਾਂ ਟਨ ਆਲੂ ਰੰਗ ਕੇ ਗੰਦੇ ਕਰ ਦਿੰਦੇ ਹਨ। ਕਿਸਾਨਾਂ ਨੂੰ ਅਪੀਲਾਂ ਕਰਦੇ ਹਨ ਅਗੇ ਤੋਂ ਕਣਕ ਘਟ ਬੀਜਣ, ਤਾਂ ਜੋ ਗਰੀਬ ਨੂੰ ਰੋਟੀ ਨਾ ਮਿਲ ਸਕੇ ਅਤੇ ਉਨ੍ਹਾਂ ਦਾ ਮੁਨਾਫ਼ਾ ਕਾਇਮ ਰਹੇ। ਬਿਮਾਰੀਆਂ ਵਬਾਆਂ ਤੇ ਜੰਗਾਂ ਨੂੰ ਉਹ ਰੱਬੀ ਜ਼ਰੂਰੀ ਦਾਤਾਂ ਸਮਝਦੇ ਹਨ, ਜੋ ਆਬਾਦੀ ਘਟਾਉਣ ਵਿਚ ਮਦਦ ਕਰਦੀਆਂ ਹਨ। ਗਰੀਬ ਤੇ
ਭੁਖਿਆਂ ਲੋਕਾਂ ਨੂੰ ਸੌ ਸਵਾ ਸੌ ਡਾਲਰ ਦੇ ਕੇ ਖੱਸੀ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਸੰਤਾਨ ਉਪਜਾਊ ਕੁਦਰਤੀ ਹੱਕ ਤੋਂ ਵਾਂਜੇ ਰਹਿ ਜਾਣ, ਤੇ ਦੁਨੀਆਂ ਦੀ ਆਬਾਦੀ ਨਾ ਵਧ ਜਾਏ।
'ਉਹ ਪਿਆਰ ਤੇ ਜੰਗ ਵਿਚ ਹਰ ਕੰਮ ਜਾਇਜ਼ ਮੰਨਦੇ ਹਨ। ਜੰਗ ਵਿਚ ਐਟਮ ਬੰਬ ਤੇ ਹਾਈਡਰੋਜਨ ਬੰਬ ਸੁਟਣੇ ਸਭ ਜੰਗੀ ਨੀਤੀ ਅਨੁਸਾਰ ਜਾਇਜ਼ ਹੈ'। ਉਥੇ ਜਾਪਾਨੀ ਜੰਗੀ ਮੁਜਰਮਾਂ ਨੂੰ ਢੋਈ ਮਿਲੀ ਹੋਈ ਹੈ, ਜਿਨ੍ਹਾਂ ਨੇ ਮਣਾਂ ਦੀ ਗਿਣਤੀ ਵਿਚ ਪਲੇਗ, ਹੈਜ਼ੇ ਤੇ ਹੋਰ ਵਬਾਵਾਂ ਦੇ ਕਿਰਮ ਤਿਆਰ ਕੀਤੇ ਤੇ ਪਿਛਲੀ ਜੰਗ ਵਿਚ ਬਾ-ਅਮਨ ਚੀਨੀ ਤੇ ਰੂਸੀ ਸ਼ਹਿਰੀਆਂ ਤੇ ਵਰਤੋ। ਅੱਜ ਵੀ ਅਮਰੀਕੀ ਜੰਗ-ਬਾਜ਼ ਮੁੜ ਉਸੇ ਕਿਰਮੀ ਜੰਗ ਦੀਆਂ ਤਿਆਰੀਆਂ ਕਰ ਰਹੇ ਹਨ।
'ਹਾਂ, ਹਾਂ ਇਹ ਸਭ ਸੱਚ ਏ, ਇਹ ਕਿਸੇ ਪਰੀ ਦੇਸ਼ ਦੀਆਂ ਬਾਤਾਂ ਨਹੀਂ, ਉਸ ਦਾ ਬੇ-ਪ੍ਰਤੀਤ ਜਿਹੀ ਹੈਰਾਨੀ ਵਿਚ ਮੂੰਹ ਅੱਡਿਆਂ ਵੇਖ ਕੇ ਮੈਂ ਕਿਹਾ। 'ਇਹ ਆਦਮ-ਖ਼ੋਰ ਰਾਖਸ਼ ਅਜੇ ਵੀ ਜੀਉਂਦੇ ਹਨ....... ਪਰ ਹੁਣ ਦੁਨੀਆਂ ਦੇ ਕੁਲ ਨੇਕ ਇਛਾਵਾਂ ਵਾਲੇ ਮਨੁੱਖ ਇੱਕ ਹੋ ਗਏ ਹਨ, ਉਹ ਜੰਗ ਦੇ ਵਿਰੁਧ ਅਮਨ ਵਾਸਤੇ ਜੰਗ ਲੜਨਗੇ।
'ਮੈਂ ਤੈਨੂੰ ਕਲ ਵਾਲੀ ਅਮਨ ਕਾਨਫ਼ਰੰਸ ਬਾਬਤ ਦਸਣ ਲਗਾ ਸਾਂ। ਭਾਵੇਂ ਤੁਹਾਡੀ ਜੁੰਡਲੀ ਨੂੰ ਅਮਨ ਦੀਆਂ ਖ਼ਬਰਾਂ ਪੜ੍ਹ ਕੇ ਇੱਕ ਤਰ੍ਹਾਂ ਦਾ ਸਰਸਾਮ ਹੋ ਜਾਂਦਾ ਹੈ, ਤੇ ਮੂੰਹੋਂ ਝਗ ਤੁਰ ਪੈਂਦੀ ਹੈ; ਪਰ ਇਸ ਵਧਦੇ ਹੜ੍ਹ ਨੂੰ ਕੋਈ ਨਹੀਂ ਰੋਕ ਸਕਦਾ... ਉਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਮ੍ਹਾਂ ਸਨ। ਬੱਚੇ, ਬੁੱਢੇ,
ਜਵਾਨ ਅਤੇ ਔਰਤਾਂ, ਸਭ ਅਮਨ ਦੀਆਂ ਝੰਡੀਆਂ ਲਾਈ ਦ੍ਰਿੜ੍ਹ ਵਿਸ਼ਵਾਸ਼ ਨਾਲ ਪੰਡਾਲ ਵਿਚ ਕਾਰਵਾਈ ਸੁਣ ਰਹੇ ਸਨ। ਸਭ ਚਿਹਰੇ ਚੰਗੇ ਭਵਿਖਤ ਦੀ ਸੁਨਹਿਰੀ ਆਸ ਨਾਲ ਖਿੜੇ ਹੋਏ ਸਨ, ਅਤੇ ਇਸ ਖੇੜੇ ਵਿਚ ਅਜਿਤ ਸੂਰਮਤਾ ਦੇ ਚਿਨ੍ਹ ਪ੍ਰਤਖ ਸਨ, ਜੋ ਉਨ੍ਹਾਂ ਅਮਨ ਦੀ ਇਸ ਜੰਗ ਵਿੱਚ ਵਿਖਾਉਣੀ ਹੈ। 'ਅਮਨ ਦੀ ਜੰਗ ਜਿਤਣ ਲਈ ਇਕ ਹੋ ਜਾਓ'-ਇਹ ਉਸ ਅਮਨ ਦੇ ਝੰਡੇ ਤੇ ਲਿਖਿਆ ਸੀ, ਜਿਸ ਤੇ ਇੱਕ ਘੁੱਗੀ ਦੀ ਤਸਵੀਰ ਬਣੀ ਹੋਈ ਸੀ। ਘੁੱਗੀ ਇੱਕ ਅਮਨ-ਪਸੰਦ ਪੰਛੀ ਹੈ, ਉਹ ਦਾਣੇ ਚੁਗਦੀ ਹੈ ਤੇ ਬਾਜ਼ਾਂ, ਗਿਰਜਾਂ, ਅਤੇ ਇੱਲਾਂ ਵਾਂਗੂੰ ਮਾਸ-ਖੋਰ ਨਹੀਂ। ਪਰ ਫਿਰ ਵੀ ਜੰਗ ਬਾਜ਼ ਇਸ ਬੀਬੇ ਪੰਛੀ ਤੋਂ ਚੂਹੇ ਵਾਂਗ ਤਰਾਹੁੰਦੇ ਹਨ। ਅਮਰੀਕੀ, ਵਲੈਤੀ ਤੇ ਫ਼ਰਾਂਸੀਸੀ ਜੰਗਬਾਜ਼ ਗਿਰਝਾਂ ਇਸ ਪੰਛੀ ਤੋਂ ਡਰਦੀਆਂ ਸਿਰੀਆਂ ਲੁਕਾਉਂਦੀਆਂ ਫਿਰਦੀਆਂ ਹਨ।... ਅਤੇ ਲੋਕ ਇੱਕ ਹੋ ਗਏ ਹਨ, ਜੰਗ-ਬਾਜ਼ਾਂ ਦੀ ਕੋਈ ਵੀ ਵਿਉਂਤ ਤੇ ਗੋਂਦ ਹੁਣ ਸਿਰੇ ਨਹੀਂ ਚੜ੍ਹ ਸਕਦੀ।
'ਫਿਰ ਇਹ ਸਟਾਕਹਾਲਮ ਅਪੀਲ ਪੜ੍ਹੀ ਗਈ-
'ਅਸੀ ਮੰਗ ਕਰਦੇ ਹਾਂ ਕਿ ਲੋਕਾਂ ਦੇ ਕਤਲਿਆਮ ਕਰਨ ਵਾਲੇ ਹਥਿਆਰ, ਐਟਮ ਬੰਬ, ਤੇ ਬੇ-ਸ਼ਰਤੇ ਪਾਬੰਦੀ ਲਾਈ ਜਾਏ।
'ਅਸੀਂ ਮੰਗ ਕਰਦੇ ਹਾਂ ਕਿ ਇਸ ਫ਼ੈਸਲੇ ਤੇ ਅਮਲ ਕਰਾਉਣ ਵਾਸਤੇ ਇਕ ਪੱਕਾ ਕੌਮਾਂਤਰੀ ਕੰਟਰੋਲ ਕਾਇਮ ਕੀਤਾ ਜਾਏ।
ਅਸੀਂ ਇਹ ਵੀ ਆਖਦੇ ਹਾਂ ਕਿ ਕੋਈ ਵੀ ਸਰਕਾਰ, ਜੋ ਸਭ ਤੋਂ ਪਹਿਲਾਂ ਐਟਮ ਬੰਬ ਕਿਸੇ ਵੀ ਮੁਲਕ ਦੇ ਵਰਤੇ, ਉਹ
ਮਨੁਖਤਾ ਦੇ ਖ਼ਿਲਾਫ਼ ਜੁਰਮ ਕਰੇਗੀ ਅਤੇ ਉਸ ਨੂੰ ਜੰਗੀ ਮੁਜਰਮ ਠਹਿਰਾਇਆ ਜਾਏ।
ਅਸੀਂ ਕੁਲ ਦੁਨੀਆਂ ਦੇ ਸਾਊ, ਸ਼ੁਭ ਇਛਾਵਾਂ ਵਾਲਿਆਂ ਬੰਦਿਆਂ ਨੂੰ ਇਸ ਅਪੀਲ ਤੇ ਦਸਤਖ਼ਤ ਕਰਨ ਵਾਸਤੇ ਆਖ਼ਦੇ ਹਾਂ।
'ਦੁਨੀਆਂ ਵਿਚ ਸਭ ਤੋਂ ਪਹਿਲੋਂ ਇਸ ਅਪੀਲ ਤੇ ਦਸਤਖ਼ਤ ਕਰਨ ਵਾਲਿਆਂ ਚੋਂ ਫ਼ਰਾਂਸ ਦਾ ਪ੍ਰਸਿੱਧ ਸਾਇੰਸਦਾਨ ਜੋਲੀਅਟ ਕਿਊਰੀ ਸੀ ਜਿਸ ਨੂੰ ਐਟਾਮਕ ਕਮਿਸ਼ਨ ਦੀ ਸ਼ਕਤੀ ਤੋਂ ਇਸ ਵਾਸਤੇ ਹਟਾ ਦਿਤਾ ਗਿਆ ਸੀ ਕਿ ਉਸ ਨੇ ਜੰਗ-ਬਾਜ਼ਾਂ ਦੀਆਂ ਗੱਲਾਂ ਮੰਨਣੋਂ ਨਾਂਹ ਕਰ ਦਿਤੀ ਸੀ। ਉਹ ਐਟਮ ਸ਼ਕਤੀ ਸਿਰਫ਼ ਅਮਨ ਦੇ ਕੰਮਾਂ ਲਈ ਵਰਤਣੀ ਚਾਹੁੰਦਾ ਸੀ। ਏ ਫੈਦੀਵ, ਇਲੀਆ ਐਹਰਨਬਰਗ, ਲੀਓਨ ਕਰੁਜ਼ਕੋਵਸਕੀ, ਐਨਾ ਸੈਜਰਜ਼, ਰਾਕਵੈਲ ਕੈਂਟ, ਐਲਬਰਟ ਕਾਹਨ, ਲੁਡਮਿਬ ਸਤਾਇਆ ਨੋਵ, ਵਾਦਾਂ ਵਾਸਿਲਿਊਸਕਾ ਅਤੇ ਕਈ ਹੋਰਾਂ ਨੇ ਦਸਤਖ਼ਤ ਕੀਤੇ। ਅੱਜ ਤਕ ਕਈ ਕਰੋੜ ਮਨੁੱਖ ਇਸ ਅਪੀਲ 'ਤੇ ਦਸਤਖ਼ਤ ਕਰ ਚੁਕੇ ਹਨ।
'ਪੰਡਾਲ ਵਿਚ ਜਦ ਇਹ ਅਪੀਲ ਪੜ੍ਹੀ ਗਈ, ਤਾਂ ਅਮਨ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਰਿਹਾ ਸੀ, ਹਵਾ ਵਿੱਚ ਸ਼ਕਤੀ ਦੀਆਂ ਲਹਿਰਾਂ ਪੈਦਾ ਹੋ ਰਹੀਆਂ ਸਨ, ਜੋ ਦਿਲ ਦੀਆਂ ਡੂੰਘਾਣਾਂ ਵਿਚ ਲੱਥਦੀਆਂ ਜਾਂਦੀਆਂ ਸਨ, ਅਤੇ ਇੱਕ ਅਪਾਰ ਜੋਸ਼ ਭਰ ਰਹੀਆਂ ਸਨ ਜਿਸ ਅਗੇ ਕਈ ਐਟਮ ਬੰਦਾਂ ਦਾ ਸੇਕ ਵੀ ਮਾਤ ਸੀ।
ਸਾਰੇ ਪੰਡਾਲ ਵਿਚ ਦਸਤਖ਼ਤਾਂ ਵਾਸਤੇ ਵਡੇ ਵਡੇ ਕਾਗਜ਼ ਫੇਰੇ ਗਏ, ਜਿਨ੍ਹਾਂ ਦੀ ਇਕ ਵੱਡੀ ਸਾਰੀ ਥਹੀ ਬਣ ਗਈ।
'ਸਭ ਤੋਂ ਮਜ਼ੇਦਾਰ ਚੀਜ਼ ਉਥੇ ਇਕ ਲੋਕ-ਗੀਤ ਡਰਾਮਾ ਖੇਡਿਆ ਗਿਆ। ਨਾਟਕ ਦੇ ਸ਼ੁਰੂ ਸੀਨ ਵਿਚ ਉਹੋ ਤੇਰਾ ਪੁਰਾਣਾ ਅਨਾਨੀਮਸ ਦਾ ਬੈਲਿਡ, 'ਭਰਤੀ ਹੋ ਜਾਉ ਜੀ’ ਗਾਉਂਦੇ ਹੋਏ ਪਿੰਡੋਂ ਬਾਹਰ ਕਿਕਰਾਂ ਥੱਲੇ ਰੈਕਰੂਟਿੰਗ ਆਫੀਸਰ ਤੇ ਹੋਰ ਸਿਪਾਹੀ ਦਸੇ ਗਏ। ਪਿੰਡ ਦੇ ਸੋਹਣੇ ਬਾਂਕੇ ਜਵਾਨ ਖੁਸ਼ੀ ਖੁਸ਼ੀ ਹਿੱਕਾਂ ਕਢੀ ਆਉਂਦੇ ਸਨ, ਆਫ਼ੀਸਰ ਉਨਾਂ ਨੂੰ ਡੌਲ੍ਹਿਓਂ ਫੜ ਕੇ ਟੋਂਹਦਾ, ਹਿੱਕਾਂ ਫਰੋਲਦਾ ਤੇ ਕੱਦ ਮਿਣ ਕੇ ਆਪਣੀ ਕਿਤਾਬ ਵਿਚ ਨਾਵੇਂ ਲਿਖੀ ਜਾਂਦਾ ਸੀ। ਜਵਾਨ ਸਭ ਭਰਤੀ ਹੋ ਜਾਂਦੇ ਹਨ, ਪਿੰਡ ਵਿਚ ਪਿਛੇ ਬੱਚੇ, ਬੁਢੇ ਤੇ ਜ਼ਨਾਨੀਆਂ ਰਹਿ ਜਾਂਦੀਆਂ ਹਨ। ਵਾਹੀ ਕਰਨੀ ਔਖੀ ਹੋ ਜਾਂਦੀ ਹੈ। ਮੀਂਹ ਪੈਂਦਾ ਹੈ, ਤਿਹਾਈਆਂ ਜ਼ਮੀਨਾਂ ਰਜ ਜਾਂਦੀਆਂ ਹਨ। ਫਿਰ ਵਾਹਨ ਵਤਰ ਆਉਂਦੇ ਹਨ ਪਰ ਉਨ੍ਹਾਂ ਵਿੱਚ ਹਲ ਜੋਣ ਵਾਸਤੇ ਕੋਈ ਪਿੰਡ ਵਿਚ ਨਹੀਂ, ਬੁਢੇ ਵੱਟ ਤੇ ਬੈਠੇ ਉਦਾਸ ਚਿਤ ਲਹਿੰਦੇ ਵਲ ਵੇਖ ਰਹੇ ਹਨ, ਜਿਧਰ ਉਨ੍ਹਾਂ ਦੇ ਬਾਂਕੇ ਭਾੜੇ ਉੱਤੇ ਲੜਨ ਚਲੇ ਗਏ ਹਨ। ਬੱਚੇ ਹਲਾਂ ਦੀਆਂ ਹੱਥੀਆਂ ਫੜੀ ਅਥਰੂ ਵਹਾ ਰਹੇ ਹਨ, ਅਤੇ ਜੋਗਾਂ ਖੜੀਆਂ ਉਨ੍ਹਾਂ ਵਲ ਝਾਕ ਰਹੀ ਆਂ ਹਨ......

'ਪਿੰਡ ਦੀਆਂ ਸੱਜ ਵਿਆਹੀਆਂ ਤੇ ਕੁਆਰੀਆਂ ਤਰਿੰਝਣ ਵਿਚ ਬੈਠੀਆਂ ਹਨ, ਦਿਲ ਵਿੰਨ੍ਹਵੀਂ ਲੈਅ ਪੰਡਾਲ ਦੀ ਚੁਪ ਨੂੰ ਚੀਰਦੀ ਹੋਈ ਤੇ ਲੋਕਾਂ ਦੇ ਵਲਵਲਿਆਂ ਵਿਚ ਜਵਾਰਭਾਟਾਂ ਉਪਜਾਉਂਦੀ ਹੋਈ ਨਿਕਲਦੀ ਹੈ:

'ਬਿਨ-ਮੁਕਲਾਈ ਛੱਡ ਗਿਆ——
ਤੇਰਾ ਲੱਗੇ ਨਾ ਲਾਮ ਵਿਚ ਨਾਵਾਂ।
... ... ...

'ਤਿੱਖੀ ਨੋਕ ਦੀ ਜੁੱਤੀ ਵੀ ਟੁੱਟ ਗਈ,
ਨਾਲੇ ਘਸ ਗਈਆਂ ਖੁਰੀਆਂ।
ਮਾਹੀ ਮੇਰਾ ਜੰਗ ਨੂੰ ਗਿਆ——
ਮੇਰੇ ਵਜਣ ਕਾਲਜੇ ਛੁਰੀਆਂ।
.........

'ਦੁਆਬੇ ਦੀ ਇੱਕ ਵਿਛੜੀ-ਕੂੰਜ ਵਿਰਲਾਪਦੀ ਹੈ-
'ਦੁਆਬੇ' ਦੀ ਮੈਂ ਜੰਮੀ ਜਾਈ,
ਜੰਗਲ ਵਿਚ ਵਿਆਹੀ।
ਦੇਸ-ਵਿਛੁੰਨੀ ਕੂੰਜ ਮੈਂ ਭੈਣੋਂ!
ਜੰਗ ਨੂੰ ਗਿਆ ਮੇਰਾ ਮਾਹੀ।
ਹਰ ਦਮ ਨੀਰ ਵਗੇ ਨੈਣਾਂ ਚੋਂ,
ਔਣ ਦੀ ਚਿੱਠੀ ਨਾ ਪਾਈ।
ਮੁੜ ਪਉ ਸਿਪਾਹੀਆ ਵੇ-
ਮੈਂ ਜਿੰਦੜੀ ਘੋਲ ਘੁਮਾਈ।
.........

ਢੋਲ ਸਿਪਾਹੀ ਦਾ ਸਾਰਾ ਝੇੜਾ,
ਸੁਣ ਲੌ ਮਨ ਚਿੱਤ ਲਾ ਕੇ।
ਜਾਵੇ ਤਾਂ ਫੇਰ ਲਿਖੇ ਨਾ ਚੀਰੀ,
ਮਰ ਜਾਵਾਂ ਵਿਹੁ ਖਾ ਕੇ।

ਸਿਪਾਹੀਆ! ਮੁੜ ਪਉ ਵੇ-
ਰੱਖਾਂ ਪਟਾਰੀ ਵਿਚ ਪਾ ਕੇ।
.........

'ਕੋਈ ਮੁਟਿਆਰ ਵੀ ਆਪਣੇ ਜੀਵਨ ਸਾਥੀ ਨੂੰ ਜੰਗ ਵਿਚ ਘਲਣਾ ਨਹੀਂ ਚਾਹੁੰਦੀ। ਇਸ ਨਾਲ ਉਸ ਦੀਆਂ ਖੁਸ਼ੀਆਂ ਦਾ ਘਾਣ ਹੁੰਦਾ ਹੈ, ਉਸ ਦੀਆਂ ਰੀਝਾਂ ਦਾ ਗਲ ਘੁਟਿਆ ਜਾਂਦਾ ਹੈ ਤੇ ਉਸ ਦੀਆਂ ਸੱਧਰਾਂ ਦਾ ਖ਼ੂਨ ਹੁੰਦਾ ਹੈ । ਉਹ ਇਸ ਵਾਸਤੇ ਉਸ ਨੂੰ ਨਹੀਂ ਵਰਦੀ ਕਿ ਉਹ ਕੁਰਬਾਨੀ ਦਾ ਬੱਕਰਾ ਬਣ ਕੇ ਦਸ ਫ਼ੀ ਸਦੀ ਧਨਾਢਾਂ ਦੀਆਂ ਕਾਲੀਆਂ ਚਾਲਾਂ ਨਾਲ ਲਾਈ ਜੰਗ ਵਿਚ ਆਪਣਾ ਖ਼ੂਨ ਡੋਲ੍ਹਦਾ ਫਿਰੇ। ਜੰਗ ਜ਼ਬਰਦਸਤੀ ਪ੍ਰੇਮੀਆਂ ਨੂੰ ਤੋੜ ਕੇ ਲੈ ਜਾਂਦੀ ਹੈ, ਵਣਾਂ ਤੇ ਬਹਾਰ ਵੇਖ ਕੇ ਸੋਹਣੀ ਕੁਰਲਾ ਹੀ ਤਾਂ ਉਠਦੀ ਹੈ-

'ਬੇਰੀਆਂ ਨੂੰ ਬੂਰ ਪੈ ਗਿਆ-
ਅਜੇ ਆਇਆ ਨਾ ਢੋਲ ਸਿਪਾਹੀ।
.........
'ਬਾਂਕੇ ਸਿਪਾਹੀ ਦੀ ਚਾਂਦੀ ਦੀ ਸੋਟੀ,
ਵਿਚ ਸਿਉਨੇ ਦੀ ਠੋਕਰ।
ਕੈਦਾਂ ਉਮਰ ਦੀਆਂ-
ਕੰਤ ਜਿਨ੍ਹਾਂ ਦੇ ਨੌਕਰ।
.........
'ਛੁੱਟੀ ਲੈ ਕੇ ਆ ਜਾ ਨੌਕਰਾ-
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ।'

'ਆਖ਼ਰੀ ਝਾਕੀ ਵਿਚ ਇੱਕ ਨਿੱਕਾ ਜਿਹਾ ਕੱਚਾ ਕੋਠਾ ਹੈ। ਇੱਕ ਬੁੱਢੀ ਮਾਂ ਦੇ ਸਾਹਮਣੇ ਉਸ ਦਾ ਫ਼ੌਜੀ ਗਭਰੂ ਪੁਤ ਖਲੋਤਾ ਹੈ। ਸਿਪਾਹੀ ਦੀ ਖ਼ਾਕੀ ਵਰਦੀ ਘਸਮੈਲੀ ਹੋ ਚੁਕੀ ਹੈ, ਦਾੜ੍ਹੀ ਦੇ ਵਾਲ ਬੇ-ਸੁਰੇ ਜਿਹੇ ਵਧੇ ਹੋਏ ਹਨ, ਤੇ ਉਸ ਦੀਆਂ ਅੱਖਾਂ ਸੁਕੇੜੇ ਹੋਏ ਭਰਵਟਿਆਂ ਦੇ ਥਲਿਓਂ ਰੋਸ ਤੇ ਦ੍ਰਿੜ੍ਹ ਫੈਸਲੇ ਨਾਲ ਭੱਖ ਰਹੀਆਂ ਹਨ। ਮਾਂ ਦੀਆਂ ਅੱਖਾਂ ਵਿਚ ਮਿਲਾਪ ਦੀ ਖ਼ੁਸ਼ੀ ਦੇ ਅੱਥਰੂ ਹਨ। ਸਿਪਾਹੀ ਜੋਸ਼ੀਲੀ ਪਰ ਗੰਭੀਰ ਆਵਾਜ਼ ਵਿਚ ਆਖਦਾ ਹੈ।

'ਮਾਂ ਮੈਂ ਲਾਮ 'ਚੋਂ ਭੱਜ ਆਇਆ ਹਾਂ, ਮੇਰੇ ਪਿਛੇ ਖ਼ੁਫ਼ੀਆ ਸਿਪਾਹੀ ਲਗੇ ਫਿਰਦੇ ਹਨ, ਅਤੇ ਇਸ ਜੁਰਮ ਦੀ ਸਜ਼ਾ ਮੌਤ ਤੋਂ ਘਟ ਨਹੀਂ। ਪਰ ਮੈਂ ਹੁਣ ਕਦੀ ਵੀ ਜੰਗ ਵਿੱਚ ਨਹੀਂ ਜਾਵਾਂਗਾ। ਮੈਨੂੰ ਹੁਣ ਸਮਝ ਆ ਗਈ ਹੈ, ਜੰਗ ਕੌਣ ਤੇ ਕਿਉਂ ਲਾਉਂਦੇ ਹਨ। ਅਸੀਂ ਗ਼ਰੀਬ ਖੇਤਾਂ ਦੇ ਕਾਮੇ ਆਪਸ ਵਿਚ ਹੀ ਲੜ ਮਰਦੇ ਹਾਂ, ਸਾਥੀ ਕਾਮਿਆਂ ਦੀਆਂ ਹਿੱਕਾਂ ਵਿਚ ਸੰਗੀਨਾਂ ਖੋਭਦੇ ਹਾਂ, ਪਰ ਸਾਡੀਆਂ ਲਾਸ਼ਾਂ ਨੂੰ ਕੁਤੇ ਵੀ ਨਹੀਂ ਖਾਂਦੇ। ਸਾਡੇ ਮਰਨ ਪਿਛੋਂ ਸਾਡੀ ਔਲਾਦ ਦਾ, ਸਾਡੇ ਬੁਢੇ ਮਾਪਿਆਂ ਦਾ ਕੋਈ ਰਾਖਾ ਨਹੀਂ ਬਣਦਾ। ਸਾਨੂੰ ਦੇਸ਼ ਭਗਤੀ ਦੇ ਨਾਂ ਤੇ ਉਕਸਾਇਆ ਜਾਂਦਾ ਹੈ । ਪਰ ਇਹ ਸਭ ਸਟੰਟ ਹਨ| ਸਭ ਲੜਾਈਆਂ ਸਰਮਾਏਦਾਰ ਲੋਕ ਆਪਣੀਆਂ ਮੰਡੀਆਂ ਦੀ ਖ਼ਾਤਰ ਲੜਾਉਂਦੇ ਹਨ। ਜਿਤਣ ਨਾਲ ਉਨ੍ਹਾਂ ਨੂੰ ਹੀ ਲਾਭ ਹੁੰਦਾ ਹੈ, ਉਨ੍ਹਾਂ ਦੇ ਕਰੋੜਾਂ ਤੋਂ ਅਰਬਾਂ ਹੋ ਜਾਂਦੇ ਹਨ। ਗਰੀਬ ਸਦਾ ਗਰੀਬ ਹੀ ਰਹਿੰਦੇ ਹਨ। ਜਿਸ ਦੇਸ਼ ਚੋਂ ਗਰੀਬ ਨੂੰ ਰੋਟੀ ਨਹੀਂ ਮਿਲਦੀ ਉਹ ਉਸ
ਦੇਸ਼ ਦਾ ਭਗਤ ਨਹੀਂ ਹੋ ਸਕਦਾ। ਮਿੱਟੀ, ਪਹਾੜ ਤੇ ਦਰਿਆਵਾਂ ਦਾ ਨਾਂ ਹੀ ਦੇਸ਼ ਨਹੀਂ। ਦੇਸ਼ ਦੇ ਦਸਵੇਂ ਹਿੱਸੇ ਦੇ ਲੋਕ ਰੱਜ ਕੇ ਖਾਂਦੇ ਹੋਣ ਤਾਂ ਦੇਸ਼ ਅਮੀਰ ਨਹੀਂ ਕਿਹਾ ਜਾ ਸਕਦਾ ਜਦ ਕਿ ਬਾਕੀ ਨੌਂ ਹਿੱਸੇ ਰੋਟੀ ਕਪੜਿਉਂ ਆਤਰ ਹੋਣ। ਮੈਂ ਹੁਣ ਕੁਝ ਕੁ ਚਾਂਦੀ ਦੇ ਸਿੱਕਿਆਂ ਵਾਸਤੇ ਕਦੀ ਵੀ ਭਾੜੇ ਦਾ ਟੱਟੂ ਨਹੀਂ ਬਣਾਂਗਾ....... ਮੈਂ ਸਰਮਾਏਦਾਰ ਦੇ ਮੁਨਾਫ਼ੇ ਵਾਸਤੇ ਕਦੀ ਵੀ ਜੰਗ ਵਿਚ ਨਹੀਂ ਜਾਵਾਂਗਾ........'
'ਅਤੇ ਮਾਂ ਦੀਆਂ ਡੁਬ ਡੁਬਾਈਆਂ ਅੱਖਾਂ ਵਿਚ ਚਮਕ ਸੀ, ਉਹ ਜਾਣਦੀ ਸੀ ਭਾਵੇਂ ਸਾਮਰਾਜੀਆਂ ਦੇ ਕੁਤੇ ਉਸ ਦੇ ਲਾਡਲੇ ਪੁੱਤਰ ਦਾ ਖੁਰਾ ਸੁੰਘਦੇ ਫਿਰਨਗੇ, ਉਸ ਨੂੰ ਕਦੀ ਚੈਨ ਨਹੀਂ ਲੈਣ ਦੇਣਗੇ, ਪਰ ਉਹ ਖ਼ੁਸ਼ ਸੀ ਕਿ ਸਰਮਾਏਦਾਰ ਦੀ ਇੱਕ ਗੋਲੀ ਅੰਞਾਈਂ ਹਵਾ ਵਿਚ ਚਲ ਜਾਏਗੀ ਤੇ ਉਸ ਦੇ ਪੁਤਰ ਦੀ ਹਿੱਕ ਨਹੀਂ ਵਿੰਨ੍ਹੇਗੀ, ਅਤੇ ਇੱਕ ਬੰਦੂਕ ਸਦਾ ਵਾਸਤੇ ਚਲਣੋਂ ਰਹਿ ਜਾਏਗੀ।'
ਉਹ ਇੱਕ ਖ਼ਾਸ ਬੇ-ਪ੍ਰਵਾਹੀ ਨਾਲ ਸਭ ਕੁਝ ਸੁਣਦਾ ਰਿਹਾ। ਭਾਵੇਂ ਮੈਂ ਜਾਣਦਾ ਸਾਂ ਕਿ ਪੱਥਰ ਤੋਂ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਇਸ ਨੂੰ ਭਾਰੀ ਵਦਾਨ ਹੀ ਤੋੜ ਸਕਦਾ ਹੈ, ਮੈਂ ਉਸ ਦੇ ਕੰਨ ਕੋਲ ਮੂੰਹ ਲਿਜਾ ਕੇ ਗੁਣ ਗੁਣਾਂਇਆ-

'ਵੇ ਬਾਗਾਂ ਦਿਆ ਮੋਰਾ।
ਜੰਗ ਵਿੱਚ ਨਾ ਜਾਈਂ-'