ਸਮੱਗਰੀ 'ਤੇ ਜਾਓ

ਨਵਾਂ ਮਾਸਟਰ/ਮਸ਼ੀਨ ਸ਼ਾਪ

ਵਿਕੀਸਰੋਤ ਤੋਂ
58735ਨਵਾਂ ਮਾਸਟਰ — ਮਸ਼ੀਨ ਸ਼ਾਪਪਾਂਧੀ ਸਤਿਨਾਮ ਸਿੰਘ

ਮਸ਼ੀਨ ਸ਼ਾਪ

ਜੁਲਾਈ ੧੯੫o ਮਸ਼ੀਨ ਸ਼ਾਪ

ਅਕਾਸ਼ ਵਿਚ ਪਾਣੀ ਨਾਲ ਲੱਦੀਆਂ ਹੋਈਆਂ ਸਾਵਣ ਦੀਆਂ ਤਿਤਰ ਖੰਭੀਆਂ ਬਦਲੀਆਂ ਅੱਥਰੀਆਂ ਮੁਟਿਆਰਾਂ ਵਾਂਗੂੰ ਕਦੀ ਵਸਦੀਆਂ ਵਸ ਹੀ ਪੈਂਦੀਆਂ ਹਨ ਤੇ ਕਦੀ ਇਕ ਦਮ ਰੁਕ ਕੇ ਗਜ਼ਬਨਾਕ ਹੋ ਕੇ ਹੀਰ ਦੀ ਲੰਮ ਸਲੰਮੀ ਵਲ ਖਾਂਦੀ ਹੋਈ ਚਾਬਕ ਵਾਂਗੂੰ ਇਕ ਪਾਸਿਓਂਂ ਲਿਸ਼ਕ ਮਾਰਦੀਆਂ ਹਨ, ਤੇ ਫਿਰ ਇਕ ਕੜਕ ਦੇ ਮਗਰੋਂ ਕਿਣ-ਮਿਣ ਸ਼ੁਰੂ ਹੋ ਜਾਂਦੀ ਹੈ। ਵਰਕਸ਼ਾਪ ਦਾ ਬਿਜਲੀ ਦਾ ਘੁਗੂ ਆਪਣੀ ਭੜਾਂਦੀ ਘਾਂ ਘਾਂ ਦੀ ਅਵਾਜ਼ ਨਾਲ ਸਵੇਰ ਦੀ ਸਿਲ੍ਹੀ ਸਿਲ੍ਹੀ, ਠੰਡੀ ਠੰਡੀ ਰੁਮਕਦੀ ਹਵਾ ਵਿਚ ਬੇ-ਚੈਨੀ ਦੀਆਂ ਲਹਿਰਾਂ ਪੈਦਾ ਕਰ ਦੇਂਦਾ ਹੈ। 'ਨੈਸ਼ਨਲ ਪ੍ਰੋਡਿਊਸ਼ਰਜ਼' ਦੇ ਮਜ਼ਦੂਰ ਤੇ ਕਾਰੀਗਰ ਚੱਦਰਾਂ ਦੀਆਂ ਬੁਕਲਾਂ ਵਿਚ ਉਤੋਂ ਥਲੇ ਤੁਕ ਨੁਚੜਦੇ, ਵਡੇ ਦਰਵਾਜ਼ੇ ਅੰਦਰ ਵੜਕੇ ਅਪਣੇ ਨੰਬਰ ਹਾਜ਼ਰੀ-ਬੋਰਡ ਤੇ ਟੰਗ ਕੇ ਸਿਰ ਸੁਟੀ, ਸ਼ਹਿਜੇ ਸਹਿਜੇ ਕਦਮ ਪੁਟਦੇ ਇਸ 'ਮਗਰ ਮਛ' ਦੀਆਂ ਫ਼ੌਲਾਦੀ ਦਾੜ੍ਹਾਂ ਵਿਚ ਆਪਣੇ ਲਾਲ ਲਾਲ ਨਿਘੇ ਲਹੂ ਦੇ ਖਾਰੇ ਟੇਪੇ ਤੁਪਕਾਉਣ ਜਾ ਰਹੇ ਹਨ।

ਸਾਹਿਬ ਆਪਣੀ ਨਵੀਂ ਪ੍ਰੇਕਾ ਨਾਲ, ਕੱਚੀ ਗਿੱਲੀ ਸੜਕ ਤੇ ਛਲਪ ਛਲਪ ਕਰਦੀ ਫਸਟਗੇਅਰ ਵਿਚ ਸਟੂਡੀ-ਬੇਕਰ ਵਿਚ ਬੈਠਾ ਫਾਈਨ-ਡੇ ਮਾਣਨ ਜਾ ਰਿਹਾ ਹੈ। 'ਗੁਡਯੀਅਰ' ਦੇ ਟਾਇਰਾਂ ਦੇ ਨਾਲ ਉਡੇ ਚਿੱਕੜ ਦੇ ਛਿਟਿਆਂ ਤੋਂ ਬਚਣ ਵਾਸਤੇ ਮਜ਼ਦੂਰ ਸੜਕ ਦੇ ਕੰਢੇ ਉਤੇ ਰੁਕਦੇ ਜਾਂਦੇ ਹਨ, ਮੁਰਝਾਏ ਹੋਏ ਚਿਹਰੇ ਉਪਰ ਉਠਦੇ ਹਨ, ਕਾਲੇ ਧੂਤ ਪੇਪੜੀ-ਜੰਮੇ ਬੁਲ੍ਹ ਹਿਲਦੇ ਹਨ, ਸਾਹਿਬ ਸਲਾਮ, ਸਾਹਿਬ ਸਲਾਮ, ਤੇ ਸਾਹਿਬ ਆਪਣੀ ਪ੍ਰੇਮਕਾ ਦੀਆਂ ਸਰੂਰੀਆਂ ਅਖਾਂ ਵਿਚ ਵੇਖਦਾ ਮੁਸਕ੍ਰਾਉਂਦਾ ਅਗੇ ਹੀ ਅਗੇ, ਫਾਟਕ ਤੋਂ ਬਾਹਰ ਨਿਕਲ ਜਾਂਦਾ ਹੈ।

ਹਰ ਸਾਲ ਸਾਵਣ ਦੀਆਂ ਬਦਲੀਆਂ ਵਸਦੀਆਂ ਹਨ, ਤੇ ਸਿਆਲ ਦੀਆਂ ਸਾਲਾਂ ਜੇਡੀਆਂ ਲੰਮੀਆਂ ਝੜੀਆਂ ਵੀ ਲਗਦੀਆਂ ਹਨ। ਇਹ ਬਿਜਲੀ ਦਾ ਘੁਗੂ ਨਿਤ ਘੂਕਦਾ ਹੈ, ਤੇ ਮਜ਼ਦੂਰ ਲੋਕ ਠੰਡੀਆਂ-ਸ਼ੀਤ ਬੇਜਾਨ ਫੌਲਾਦੀ ਮਸ਼ੀਨਾਂ ਨਾਲ ਨੌਂ ਨੌਂ ਘੰਟੇ ਹੱਡ-ਖੋਰਨੀ ਕੁਸ਼ਤੀ ਲੜਨ ਵਾਸਤੇ, ਆਪਣੀਆਂ ਪਾਟੀਆਂ-ਗੰਢੀਆਂ ਜੁਲੀਆਂ ਦੀ ਨਿੱਘ ਛਡ ਕੇ ਠਰਦੇ, ਕੰਬਦੇ, ਸੁੰਨ ਹੋਂਦੇ ਬੇ-ਨਾਗਾ ਆਉਂਦੇ ਹਨ। ਮੋਟਰਾਂ ਦੀ ਘੂਕਰ ਆਉਂਦੀ ਹੈ, ਪਟੇ ਸਰਕਦੇ ਹਲ, ਮਸ਼ੀਨਾਂ ਗੜਗੜਾਉਂਦੀਆਂ ਹਨ, ਭੱਠੀਆਂ ਭਖਦੀਆਂ ਹਨ, ਪੰਝੀ-ਸੇਰੇ ਵਦਾਣ ਹਵਾ ਵਿਚ ਉਲਰਦੇ ਹਨ ਤੇ ਪ੍ਰੈਸਾਂ ਦੀ ਠੱਕ ਠੱਕ ਦੇ ਵਿਚ ਕਦੀ ਕਦੀ ਸਾਹਿਬ ਦੀ ਕੋਠੀ ਵਲੋਂ ਉਸ ਦੀ ਕਿਸੇ ਨਵੀਂ ਪ੍ਰੇਮਕਾ ਦੀ ਚਾਂਦੀ ਦੇ ਘੁੰਗਰੂਆਂ ਦੀ ਟੁਣਕਾਰ ਜਿਹੀ ਹਾਸੀ ਮਜ਼ਦੂਰਾਂ ਦੇ ਕੰਨਾਂ ਵਿਚ ਇਕ ਓਪਰੇ ਸਾਜ਼ ਦੀ ਬੇਤਾਲ ਸੁਰ ਵਾਂਗੂ ਰੜਕ ਜਾਂਦੀ ਹੈ।

ਇਹ 'ਨੈਸ਼ਨਲ ਪ੍ਰੋਡਿਊਸਰਜ਼' ਦੀ ਮਸ਼ੀਨ ਸ਼ਾਪ ਹੈ। ਇਕ ਲੰਮਾ ਚੌੜਾ ਕਮਰਾ, ਦੋ ਪਾਸੀ ਦੋ ਕਤਾਰਾਂ ਵਿਚ ਨਿਕੇ ਵਡੇ ਖਰਾਦ ਪਾਗਲਾਂ ਵਾਗੂੰ ਭਵੀਂ ਜਾਂਦੇ ਹਨ, ਅਸਪਾਤ ਦੇ ਫੁਲ ਘੁਮਦੇ ਲੋਹੇ ਦੇ ਪੜਛੇ ਲਾਹੀ ਜਾਂਦੇ ਹਨ, ਘੀਂ, ਠੱਕ, ਪਟਾਕ, ਤੇ ਲੋਹੇ ਨੂੰ ਲੋਹਾ ਕਟਦਾ ਹੈ, ਕਾਰੀਗਰਾਂ ਦਾ ਮਾਸ ਪੰਘਰਦਾ ਹੈ, ਮਿਝ ਗਰਾਰੀਆਂ ਨੂੰ ਤਰ ਕਰਦੀ ਪੱਕੇ ਫਰਸ਼ 'ਤੇ ਚੋ ਜਾਂਦੀ ਹੈ, ਤੇ ਖਰਾਦ ਘੁੰਮਦੇ ਹਨ।

'ਕੀ ਗਲ ਬਖ਼ਸ਼ੀ, ਅਜ ਲੇਟ ਕਿਉਂ ਆਇਆ ਏਂ?' ਕਰਤਾਰ ਆਪਣੇ ਨਾਲ ਦੇ ਖਰਾਦੀਏ ਤੋਂ ਪੁਛਦਾ ਹੈ।

'ਮੀਂਹ ਕਰਕੇ ਵਕਤ ਦਾ ਪਤਾ ਈ ਨਹੀਂ ਲਗਾ!' ਬਖ਼ਸ਼ੀ ਓਵੇਂ ਹੀ ਟੂਲ ਤੇ ਝੁਕਿਆ ਰਹਿੰਦਾ ਹੈ, ਉਸ ਦਾ ਹੱਥ ਸਹਿਜੇ ਸਹਿਜੇ ਗਰਾਰੀ ਦੇ ਚੱਕਰ ਕਟਦਾ ਹੈ ਤੇ ਟੂਲ ਐਕਸਲ ਤੇ ਵਾਲ ਵਾਲ ਅਗੇ ਸਰਕਦਾ ਹੈ। ਉਹ ਅਜ ਇਕ ਘੰਟਾ ਲੇਟ ਆਇਆ ਹੈ, ਅੱਠ ਦੀ ਬਜਾਸੇ ਅਠ ਵੀਹ ਅੰਦਰ ਆਇਆ ਸੀ ਤੇ ਉਦੋਂ ਤੋਂ ਹੀ ਐਕਸਲ ਖਰਾਦ ਰਿਹਾ ਹੈ, ਪਰ ਫੈਕਟਰੀ ਦੇ ਕਾਨੂੰਨ ਅਨੁਸਾਰ ਉਹ ਇਕ ਘੰਟਾ ਲੇਟ ਸਮਝਿਆ ਗਿਆ ਹੈ, ਉਸ ਨੂੰ ਅੱਜ ਅਠਾਂ ਦੀ ਬਜਾਏ ਸੱਤਾਂ ਘੰਟਿਆਂ ਦੀ ਮਜ਼ਦੂਰੀ ਮਿਲੇਗੀ, ਪਰ ਉਸ ਦੀ ਪ੍ਰਾਗ੍ਰੈਸ ਵਿਚ ਫਰਕ ਨਹੀਂ ਆ ਸਕਦਾ, ਉਹ ਪੰਜਾਹ ਐਕਸਲ ਹੀ ਖਰਾਦੇਗਾ, ਨਹੀਂ ਤਾਂ ਫੌਰਮੈਨ ਨਾਰਾਜ਼ ਹੋ ਜਾਏਗਾ, ਕਿਉਂਕਿ ਉਸ ਨੇ ਸਾਹਿਬ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਜ ਦਸ ਕੇ ਉਸ ਦੀ ਖੁਸ਼ੀ ਹਾਸਲ ਕਰਨੀ ਹੈ।

ਸਾਲਾਂ ਤੋਂ ਇਵੇਂ ਹੀ ਖ਼ਰਾਦ ਚੀਕਦੇ, ਗਰਜਦੇ, ਕਿਸੇ ਆਦਮ-ਖ਼ੋਰ ਦੈਂਤ ਵਾਗੂੰ ਚੰਘਾੜਦੇ ਖਰਾਦੀਆਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਚਿੱਥਦੇ ਤੇ ਹਜ਼ਮ ਕਰਦੇ ਘੁਮ ਰਹੇ ਹਨ। ਗਰੀਬ ਮਾਪਿਆਂ ਦੇ ਅਖਾਂ ਦੇ ਤਾਰੇ, ਜਿਗਰ ਦੇ ਟੋਟੇ, ਕੱਚੇ ਕੱਚੇ ਲੂਏਂ ਮੁੰਡੇ, ਜਿਨ੍ਹਾਂ ਦੀਆਂ ਸਧਰਾਈਆਂ ਅਖੀਆਂ ਵਿਚ ਮਹੱਲੇ ਦੀਆਂ ਗਲੀਆਂ ਵਿਚ ਪਲ ਕੁ ਹੋਰ ਚੀਚੋ ਚੀਚ ਗਲੇਰੀਆਂ ਖੇਡ ਲੈਣ ਦਾ ਤਰਲਾ ਡੁਲ੍ਹ ਡੁਲ੍ਹ ਪੈਂਦਾ ਹੈ, ਜਿਨਾਂ ਦੇ ਕੂਲੇ ਪਟ ਜਿਹੇ ਕਮਜ਼ੋਰ ਹਥ ਲਾਟੂਆਂ ਦੀਆਂ ਜਾਲੀਆਂ ਲਪੇਟਣ ਤੋਂ ਸਿਵਾ ਹੋਰ ਕੁਝ ਨਹੀਂ ਸਿਖਣਾ ਚਾਹੁੰਦੇ, ਉਨ੍ਹਾਂ ਦੀ ਜ਼ਿੰਦਗੀ ਡਾਕ-ਚੈਕ ਤੇ ਥਰੂ-ਚੈਕ ਦੀਆਂ ਮੋਰੀਆਂ ਵਿਚ ਚਾਬੀਆਂ ਘੁਮਾਉਂਦਿਆਂ ਤੇ ਪੰਜ-ਬਤੀ, ਸੱਤ-ਬਤੀ, ਦੀਅ ਬੇ-ਜਾਨ ਫੌਲਾਦੀ ਗਰਾਰੀਆਂ ਬੰਨ੍ਹਦਿਆਂ, ਅਣ ਖਿੜੇ ਫੁਲ ਵਾਂਗੂੰ, ਬੰਦ ਹੀ ਬੰਦ, ਮੁਰਝਾ ਕੇ ਝੜ ਜਾਂਦੀ ਹੈ। ਬਾਰਾਂ ਆਨੇ ਰੋਜ਼ ਤੇ ਅਪ੍ਰੇਂਟਿਸ ਸਿਖਾਂਦਰੂ ਲਗਦੇ ਹਨ, ਸਾਲਾਂ ਬੱਧੀ ਉਸਤਾਦ ਦੀਆਂ ਝਿੜਕਾਂ, ਫੋਰਮੈਨ ਦੀਆਂ ਨਾਜ਼ ਬਰਦਾਰੀਆਂ ਕਰਨ ਪਿਛੋਂ ਤਿੰਨ ਰੁਪਏ ਰੋਜ਼ ਤਕ ਅਪੜਦੇ ਹਨ। ਪਰ ਉਸ ਵੇਲੇ, ਇਕ ਬੁਢਾ ਪਿਓ, ਮਾਂ, ਜਵਾਨ ਭੈਣਾਂ, ਮਾਸੂਮ ਭਰਾ ਵਹੁਟੀ ਤੋਂ ਬਚੇ ਦੋ ਸੁੱਕੇ ਟੁਕਰਾਂ ਵਾਸਤੇ ਉਸ ਦਾ ਰਾਹ ਵੇਖ ਰਹੇ ਹੁੰਦੇ ਹਨ। ਗਰੀਬ ਦਾ ਪੁਤਰ ਗਰੀਬ ਤੇ ਅਮੀਰ ਦਾ ਪੁਤਰ ਅਮੀਰ ਹੀ ਜੰਮਦਾ ਹੈ।

ਬਾਹਰ ਸਾਵਣ ਦੀ ਫੁਹਾਰ ਪੈ ਰਹੀ ਹੈ। ਅੰਦਰ ਖਰਾਦੀਏ ਟੂਲਾਂ ਤੇ ਝੁਕੇ ਕੁਦਰਤ ਦੀਆਂ ਬੇ-ਨਿਆਜ਼ੀਆਂ ਤੋਂ ਅਣਜਾਣ, ਭੂਤ ਦੇ ਸੱਲਾਂ ਨਾਲ ਫਟੇ ਹੋਏ, ਵਰਤਮਾਨ ਦੀ ਅਟੁਟ ਕੈਦ ਵਿਚ ਕਿਸੇ ਧੁੰਦਲੇ ਭਵਿਖਤ ਦੀ ਮਧਮ ਟਿਮ ਟਿਮਾਉਂਦੀ ਆਸ ਦੇ ਸਹਾਰੇ ਇਕ ਹਥ ਉਪਰ ਚੁਕ ਕੇ, ਛੱਤ ਵਿਚ ਕਬਜ਼ੇ ਹੋਏ ਸਰੀਏ ਨੂੰ ਇਧਰ ਹਿਲਾਉਂਦੇ ਹਨ, ਪਟਾ ਫ਼ਰੀ-ਪੁਲੀ ਤੇ ਆ ਜਾਂਦਾ ਹੈ, ਗੜ ਗੁੜਾਉਂਦੀਆਂ ਮਸ਼ੀਨਾਂ ਰੁਕ ਜਾਂਦੀਆਂ ਹਨ, ਮਾਲ ਧਿਆਨ ਨਾਲ ਵੇਖ ਕੇ, ਗੇਜ ਵਿਚੋਂ ਕਢ ਕੇ, ਟੂਲ ਪਿਛੋਂ ਹਟਾ ਕੇ, ਸਰੀਏ ਹਿਲਾਉਂਦੇ ਹਨ ਤੇ ਮਸ਼ੀਨਾਂ ਫਿਰ ਇਕ ਤਾਂਡਵ ਨਾਚ ਨੱਚਣ ਲਗ ਜਾਂਦੀਆਂ ਹਨ।

'ਮਹੇਸ਼ ਕੀ ਬਣਾ ਰਿਹਾ ਹੈਂ?" ਕੋਈ ਕਿਸੇ ਨੂੰ ਪੁਛਦਾ ਹੈ।

'ਸਾਹਿਬ ਦੇ ਰਿਵਾਲਵਰ ਦੀ ਮੈਗਜ਼ੀਨ।' ਜਵਾਬ ਆਉਂਦਾ ਹੈ, ਤੇ ਫੌਲਾਦ ਦਾ ਇਕ ਛੋਟਾ ਜਿਹਾ ਪਹੀਆ ਕੰਪਾਸ ਦੀਆਂ ਚੁੰਝਾਂ ਵਿਚ ਅੜ ਜਾਂਦਾ ਹੈ।

ਇਥੇ ਮੋਟਰਾਂ ਦੇ, ਸਾਈਕਲਾਂ ਦੇ ਅਤੇ ਕਦੀ ਕਦੀ ਬਿਜਲੀ ਦੇ ਪਖਿਆਂ ਦੇ ਸਪੇਅਰ ਪਾਰਟਸ ਵੀ ਬਣਦੇ ਹਨ, ਆਮ ਤੌਰ ਤੇ ਸਾਹਿਬ ਦੀ ਕੋਠੀ 'ਚੋਂ ਕੋਈ ਨਾ ਕੋਈ ਮੁਰੰਮਤ ਦਾ ਕੰਮ ਵੀ ਆ ਜਾਂਦਾ ਹੈ। ਸਾਹਿਬ ਕੋਲ ਇਕ ਵੈਬਲੀ ਪਿਸਤੌਲ ਹੈ, ਇਕ ਮੌਜ਼ੇਅਰ ਗਨ ਹੈ, ਤੇ ਕਦੀ ਕਦੀ ਉਸ ਦੇ ਸ਼ਿਕਾਰੀਆਂ ਦੀਆਂ ਸੰਗਲੀਆਂ ਗੰਢੀਣ ਵਾਸਤੇ ਲੁਹਾਰ ਖਾਨੇ ਆ ਜਾਂਦੀਆਂ ਹਨ। ਇਕ ਅਲੈਕਟ੍ਰੀਸ਼ਨ, ਸਾਹਿਥ ਦੀ ਮਿਲਕ-ਸ਼ੇਕ ਬਣਾਉਣ ਵਾਲੀ ਮਸ਼ੀਨ ਦਾ ਆਰਮੇਚਰ ਵਲ ਕੇ ਟੂਲ ਲਵਾਉਣ ਵਾਸਤੇ ਕਰਤਾਰ ਪਾਸ ਲਿਆਉਂਦਾ ਹੈ।

'ਕਦੀ ਮਿਲਕਸ਼ੇਕ ਪੀਤਾ ਈ?' ਅਲੈਕਟ੍ਰੀਸ਼ਨ ਦੇ ਅੱਨਪੜ੍ਹ ਚਿਹਰੇ ਉੱਤੇ ਖੁਸ਼ਕ ਹਾਸੇ ਦੀਆਂ ਤਰੇੜਾਂ ਹਨ।

'ਚੁਪ ਇਹ ਮਸ਼ੀਨ ਸ਼ਾਪ ਹੈ, ਬਿਜਲੀ ਸ਼ਾਪ ਨਹੀਂ ਅਸੀਂ ਵੇਹਲੇ ਨਹੀਂ।' ਕਰਤਾਰ ਚਿੱੜੀ ਜਿਹੇ ਆਰਮੇਚਰ ਨੂੰ ਹਥ ਵਿਚ ਉਛਾਲਦਾ ਹੈ, ਤੇ ਆਪਣੀ ਮਜ਼ਦੂਰਾਂ ਵਾਲੀ ਉਦਾਰਤਾ ਵਿਚ ਆਖਦਾ ਹੈ, 'ਮਿਲਕ-ਸ਼ੇਕ ਨਿਕੰਮਿਆਂ ਵੇਹਲੜਾਂ ਦਾ ਪੀਣਾ ਏ।'

ਦੋਵੇਂ ਇਕ ਦੂਜੇ ਵਲ ਭਾਵ ਪੂਰਤ ਨਜ਼ਰਾਂ ਨਾਲ ਵੇਖਦੇ ਹਨ, ਮੁਸਕ੍ਰਾਉਂਦੇ ਹਨ, ਤੇ ਗੰਭੀਰ ਹੋ ਜਾਂਦੇ ਹਨ।

'ਇੱਕ ਆਪਣਾ ਆਦਮੀ ਹੈ, ਕਈ ਦਿਨਾਂ ਤੋਂ ਵੇਹਲਾ.......' ਅਲੈਕਟ੍ਰੀਸ਼ਨ ਦਸਦਾ ਹੈ।

'ਕੀ ਜਾਣਦਾ ਏ?'

'ਅਪ੍ਰੈਂਟਿਸ।'

ਕਰਤਾਰ ਆਪਣੇ ਸਾਹਮਣੇ ਦੇ ਖਰਾਦ ਤੇ ਝੁਕੇ ਹੋਏ ਖਰਾਦੀਏ ਵਲ ਵੇਖਦਾ ਹੈ। ਉਹ ਨਵਾਂ ਖਰਾਦੀਆ ਅਜ ਟਰਾਇਲ ਤੇ ਆਇਆ ਹੈ। ਇਸ ਤੋਂ ਪਹਿਲੋਂ ਉਸ ਨੂੰ ਪੰਜ ਮਹੀਨੇ ਵੇਹਲਾ ਫਿਰਨਾ ਪਿਆ ਹੈ। 'ਨੈਸ਼ਨਲ ਪ੍ਰੋਡਿਊਸਰਜ਼' ਦੇ ਚੱਕਰ ਕਟਣਾ ਉਸ ਦਾ ਨਿੱਤ ਕਰਮ ਸੀ। ਆਮ ਖਰਾਦੀਆਂ ਵਾਂਗੂੰ ਉਸ ਦੇ ਹਥ ਵੀ ਖਰਾਦ ਦੇ ਚਿਗਲਤ ਨਾਲ ਹਮੇਸ਼ਾ ਵਾਸਤੇ ਕਾਲੇ ਹੋ ਚੁੱਕੇ ਹਨ, ਦਾਹੜੀ ਦੇ ਮੁਛਾਂ ਦੇ ਵਾਲ ਆ-ਮੁਹਾਰੇ ਦੱਭ ਵਾਂਗੂੰ ਖਿੰਡਰੇ ਹੋਏ ਹਨ, ਅੰਦਰ ਧਸੀਆਂ ਮੋਟੀਆਂ ਮੋਟੀਆਂ ਅੱਖਾਂ ਕਦੀ ਖੁਲ੍ਹੀਆਂ ਹੀ ਰਹਿ ਜਾਂਦੀਆਂ ਹਨ ਤੇ ਕਦੀ ਮਿਚੀਆਂ ਹੀ। ਉਹ ਬੜੀ ਕਾਹਲੀ ਕਾਹਲੀ ਟੂਲ ਚਲਾ ਰਿਹਾ ਹੈ, ਤੇ ਲੋਹੇ ਦਾ ਬੂਰਾ ਵਲ ਖਾਂਦੀਆਂ ਪਲਾਸਟਿਕ ਦੀਆਂ ਚੂੜੀਆਂ ਵਾਂਗੂੰ ਉਸ ਦੀ ਕਿਸਮਤ ਬਣ ਝੜ ਰਿਹਾ ਹੈ। ਅਲੈਕਟ੍ਰੀਸ਼ਨ ਵੀ ਉਸ ਨਵੇਂ ਆਏ ਖਰਾਦੀਏ ਵਲ ਵੇਖਦਾ ਹੈ।

'ਇਸ ਨੂੰ ਟਕਰਾਊ ਨੇ।' ਕਰਤਾਰ ਦੀ ਅਵਾਜ਼ ਵਿਚ ਇਕ ਸੋਜ਼ ਹੈ ਜੋ ਹਮ-ਪੇਸ਼ਾ ਲੋਕਾਂ ਵਿਚ ਜੁਗਾਂ ਦੀਆਂ ਸੱਟਾਂ ਖਾਣ ਪਿੱਛੋਂ ਇਕ ਦੂਜੇ ਵਾਸਤੇ ਪੈਦਾ ਹੁੰਦਾ ਹੈ। ਕੁੱਤੇ ਦਾ ਕੁੱਤਾ ਵੈਰੀ, ਇਹ ਸਰਮਾਏਦਾਰਾਂ ਦੀ ਬਿਮਾਰੀ, ਮਜ਼ਦੁਰ ਸ਼੍ਰੇਣੀ ਵਿਚ ਵੀ ਧਸ ਚੁਕੀ ਹੈ।

'ਫੋਰਮੈਨ ਇਸਨੂੰ ਨਹੀਂ ਰਖਣ ਲਗਾ, ਦਿਆਲ ਪਿਛਲੇ ਹਫਤੇ ਅਪ੍ਰੈਟਿਸ ਲਗਾ ਸੀ, ਅਗਲੇ ਹਫਤੇ ਤਿੰਨ ਰੋਜ਼ ਦਾ ਕਾਰੀਗਰ ਬਣ ਕੇ ਇਸੇ ਹੀ ਖ਼ਰਾਦ ਤੇ ਆ ਖਲੋਵੇਗਾ। ਦਿਆਲ ਹਰਨਾਮ ਹੋਰਾਂ ਦਾ ਆਦਮੀ ਹੈ ਤੇ ਫੋਰਮੈਨ ਉਨ੍ਹਾਂ ਦਾ ਆਪਣਾ..... ਪਰ ਖੈਰ, ਮੈਂ ਫੋਰਮੈਨ ਨੂੰ ਪੁਛਾਂਗਾ।'

ਇਹ ਖਰਾਦੀਆ ਬਲਵੰਤ ਹੈ, ਪਰ ਸਾਰੇ ਇਸ ਨੂੰ ਬੰਤਾ ਬੰਤਾ ਹੀ ਆਖ ਕੇ ਸਦਦੇ ਹਨ, ਪੂਰਾ ਨਾਂ ਭਾਵੇਂ ਇਸ ਦਾ ਬਲਵੰਤ ਸਿੰਘ ਹੈ। ਬਲਵੰਤ ਸਿੰਘ ਨੂੰ ਕੋਈ ਬਲਵੰਤ ਸਿੰਘ ਨਹੀਂ ਆਖਦਾ ਤੇ ਨਾ ਹੀ ਕਦੀ ਕਿਸੇ ਨੇ ਬਖਸ਼ੀ ਦੇ ਨਾਂ ਨਾਲ ਰਾਮ ਲਾਇਆ ਹੈ। ਇਹ ਰਾਮ ਤੇ ਸਿੰਘ ਸਭ ਫੈਕਟਰੀ ਤੋਂ ਬਾਹਰ ਦੇ ਅਜੂਬੇ ਹਨ, ਵਰਕਸ਼ਾਪ ਦੇ ਅੰਦਰ ਨਾਵਾਂ ਦੀ ਵਾੜ ਕਾਰੀਗਰਾਂ ਦੇ ਦਵਾਲਿਓਂ ਲਹਿ ਜਾਂਦੀ ਹੈ, ਉਹ ਕਾਰੀਗਰ ਹੀ ਹੁੰਦੇ ਹਨ, ਨਿਰੋਲ ਮਜ਼ਦੂਰ, ਜੋ ਸਿਰਫ਼ ਮਜ਼ਦੂਰੀ ਹੀ ਕਰਨਾ ਜਾਣਦੇ ਹਨ। ਉਹ ਜਦ ਖਰਾਦ ਤੇ ਆ ਕੇ ਖਲੋਂਦੇ ਹਨ, ਰਾਮ ਤੇ ਸਿੰਘ ਤਿੱਖੇ ਟੂਲ ਦੀ ਕਟਣੀ ਧਾਰ ਤੋਂ ਡਰਦੇ ਬਾਹਰ ਸਾਹਿਬ ਦੀ ਕੋਠੀ ਵਿਚ ਹੀ ਚਕਰ ਲਾਉਣ ਵਾਸਤੇ ਰਹਿ ਜਾਂਦੇ ਹਨ, ਇਥੇ ਕੌਮਾਂ ਦੀਆਂ ਵਾੜਾਂ ਪੁਟੀਆਂ ਜਾਂਦੀਆਂ ਹਨ, ਮਜ਼੍ਹਬ ਦੀ ਬੇ ਬੁਨਿਆਦ ਫਸੀਲ ਗਿਰ ਜਾਂਦੀ ਹੈ, ਮਜ਼ਦੂਰ ਮਜ਼ਦੂਰ ਦੇ ਸਾਹਮਣੇ ਨਿਰਛੋਹ, ਪਾਕ ਤੇ ਸਵੱਛ ਹਸਤੀ ਵਿਚ ਜ਼ਾਹਰ ਹੁੰਦਾ ਹੈ।

ਬਲਵੰਤ ਪਤਲਾ ਲੰਮਾ ਚਹਲੀ ਵਰ੍ਹਿਆਂ ਦਾ ਇਕ ਕਾਮਯਾਬ ਖਰਾਦੀਆ ਹੈ। ਵਰਕਸ਼ਾਪ ਵਿਚ ਇਹ ਸਭ ਤੋਂ ਪੁਰਾਣਾ ਗਿਣਿਆਂ ਜਾਂਦਾ ਹੈ, ਇਸ ਸ਼ਾਪ ਦੇ ਪੰਜਾਹ ਖਰਾਦਾਂ ਤੇ ਵਾਰੀ ਵਾਰੀ ਹਥ ਅਜ਼ਮਾ ਚੁੱਕਾ ਹੈ, ਵਰਕਸ਼ਾਪ ਦੀਆਂ ਕਈ ਬਰਸਾਤਾਂ ਇਸ ਨੇ ਵੇਖੀਆਂ ਹਨ, ਮਣਾ ਮੂੰਹਾਂ ਲੋਹਾ ਇਸ ਦੇ ਫੌਲਾਦੀ ਹਥਾਂ ਵਿਚੋਂ ਆਪਣੀ ਕਿਸਮਤ ਘੜਾ ਕੇ ਨਿਕਲ ਚੁਕਾ ਹੈ। ਬਾਰਾਂ ਆਨੇ ਰੋਜ਼ ਤੇ ਪੰਦਰਾਂ ਸਾਲਾਂ ਦੀ ਉਮਰ ਵਿਚ ਅਪ੍ਰੈਂਟਿਸ ਲਗਾ ਸੀ, ਅੱਜ ਪੰਝੀ ਸਾਲਾਂ ਬਾਹਦ ਸਾਢੇ ਚਾਰ ਰੁਪੈ ਦਿਹਾੜੀ ਲੈ ਰਿਹਾ ਹੈ। ਵਰਕਸ਼ਾਪ ਵਿਚ ਹੀ ਇਸ ਦਾ ਸੂਰਜ ਚੜ੍ਹਦਾ ਹੈ ਤੇ ਡੁੱਬ ਜਾਂਦਾ ਹੈ, ਵੀਹ ਸਾਲ ਹੋ ਗਏ ਜਦ ਇਸਦਾ ਸਜਰਾ ਵਿਆਹ ਹੋਇਆ ਸੀ,- ਇਨ੍ਹਾਂ ਵੀਹ ਸਾਲਾਂ ਦੇ ਦੌਰਾਨ ਇਕ ਦਿਨ ਵੀ ਨਹੀਂ ਆਇਆ, ਇਸ ਨੂੰ ਘਰ ਸੂਰਜ ਚੜ੍ਹਿਆ ਹੋਵੇ, ਤੇ ਇਹ ਸੁਨਹਿਰੀ ਧੁਪ ਵਿਚ ਆਪਣੀ ਸਜ ਵਿਆਹੀ ਦਾ ਰੂਪ ਗਹੁ ਨਾਲ ਵੇਖ ਸਕਿਆ ਹੋਵੇ। ਇਸ ਨੂੰ ਕੁਝ ਕੁਝ ਮਾਣ ਹੈ, ਵਿਆਹ ਦੇ ਪਹਿਲੇ ਦਿਨਾਂ ਵਿਚ ਇਕ ਦਿਨ ਰਾਤ ਨੂੰ ਜਦ ਓਵਰ ਟਾਈਮ ਤੋਂ ਵਾਪਸ ਘਰ ਆਇਆ ਸੀ, ਇਸ ਦੀ ਜੀਵਨ-ਸਾਥਣ ਚੁਲ੍ਹੇ ਵਿਚ ਧੁਖਦੀਆਂ ਗਿਲੀਆਂ ਲਕੜਾਂ ਨੂੰ ਫੂਕਾਂ ਮਾਰ ਕੇ ਬਾਲਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ, ਉਸ ਦਾ ਪਾਟਾ ਦੁਪਦਾ ਗਲ ਵਿਚ ਪਿਆ ਹੋਇਆ ਸੀ ਚੰਗਿਆੜੇ ਉਡ ਉਡ ਉਸ ਦੇ ਮੂੰਹ ਤੇ ਪੈ ਰਹੇ ਸਨ ਪਰ ਉਸ ਨੂੰ ਉਨ੍ਹਾਂ ਦੀ ਸੜਨ ਪ੍ਰਤੀਤ ਨਹੀਂ ਸੀ ਹੋ ਰਹੀ, ਕਿਉਂਕਿ ਭਾਵੇਂ ਉਹ ਪੋਹ ਦੀ ਇਕ ਰਾਤ ਸੀ ਤਾਂ ਵੀ ਫੂਕਾਂ ਮਾਰਨ ਕਰਕੇ ਉਸ ਦੇ ਚੇਹਰੇ ਤੇ ਪਸੀਨੇ ਦੇ ਮੋਤੀ ਖਿਲਰੇ ਹੋਏ ਸਨ ਤੇ ਉਸ ਦੀਆਂ ਅਖਾਂ ਤੇ ਡੋਰਿਆਂ ਵਿਚੋਂ ਦੋ ਮੋਟੇ ਮੋਟੇ ਅਥਰੂ ਗਲ੍ਹਾਂ ਤੋਂ ਥਲੇ ਵਹਿੰਦੇ ਵਹਿ ਹੀ ਗਏ ਸਨ,- ਤੇ ਜਦ ਇਹ ਅੰਦਰ ਗਿਆ, ਉਸ ਨੇ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਇਸ ਵਲ ਵੇਖਿਆ ਸੀ ਤਾਂ ਇਸ ਨੂੰ ਇਕ ਝੁਣ ਝੁਣੀ ਜਿਹੀ ਆ ਗਈ ਸੀ, ਪਰ ਉਸ ਦਿਨ ਉਹ ਉਸ ਨੂੰ ਬਹੁਤ ਸੋਹਣੀ ਲਗੀ ਸੀ।

ਬਸ ਉਹ ਹੀ ਇਕ ਰਾਤ ਸੀ, ਪਹਿਲੀ ਤੇ ਆਖਰੀ, ਜਦ ਬਲਵੰਤ ਨੇ ਇਕ ਔਰਤ ਦਾ ਹੁਸਨ ਤਕਿਆ ਤੇ ਮਾਣਿਆ ਸੀ। ਸਾਉਣ ਦੀਆਂ ਝੜੀਆਂ ਵੀ ਇਸ ਦਾ ਦਿਲ ਉਦਰਾ ਨਾ ਸਕੀਆਂ, ਸਿਆਲ ਦੀਆਂ ਲੰਮੀਆਂ ਰਾਤਾਂ ਵੀ ਇਸ ਵਿਚ ਚਸਕ ਨ ਪਾ ਸਕੀਆਂ, ਪਰ ਇਸ ਦੀ ਵਹੁਟੀ ਇਸਦੇ ਨਿਆਣੇ ਜੰਮਦੀ ਗਈ, ਜੰਮਦੀ ਗਈ, ਉਨ੍ਹਾਂ ਦਾ ਗੂੰਹ ਮੂਤ ਧੋਂਦੀ ਨਚੋੜਦੀ, ਆਪਣੀਆਂ ਛਾਤੀਆਂ ਚੂਸਾਉਂਦੀ ਚੂਸੀਂਦੀ ਰਹੀ ਤੇ ਖੁਰਦੀ ਖਰ ਗਈ,- ਸੱਤ ਬੱਚੇ ਮਹਿਟਰ ਕਰਕੇ ਉਹ ਬਲਵੰਤ ਨੂੰ ਵੀ ਰੰਡਿਆਂ ਕਰ ਗਈ, ਪੰਜਾਂ ਸਾਲਾਂ ਤੋਂ ਉਸ ਦੀ ਯਾਦ ਬਲਵੰਤ ਦੀਆਂ ਹੱਡੀਆਂ ਵਿਚ ਸਰਕਦੀ ਆ ਰਹੀ ਹੈ।

ਇਕ ਰਾਤ ਨਿਤ ਤੋਂ ਉਲਟ ਕੁਝ ਦੇਰ ਨਾਲ ਘਰ ਆ ਰਿਹਾ ਸੀ, ਤਾਂ ਇਸ ਨੇ ਸਿਪਾਹੀਆਂ ਨਾਲ ਭਰੀਆਂ ਲਾਰੀਆਂ ਸੜਕ ਤੇ ਘੁਮਦੀਆਂ ਵੇਖੀਆਂ ਸਨ, ਲੋਕ ਡਰੇ ਹੋਏ ਵਗ ਵਾਂਗੂੰ ਇਕ ਦੂਜੇ ਨੂੰ ਡੇਗਦੇ ਜਿਧਰ ਮੂੰਹ ਆਉਂਦਾ ਦੌੜੇ ਜਾ ਰਹੇ ਸਨ, ਇਕ ਪਾਸਿਉਂ ਕੁਝ ਤੜ ਤੜ ਦੀ ਅਵਾਜ਼ ਆਈ ਸੀ, ਤੇ ਇਸ ਨੇ ਹਿੰਮਤ ਕਰਕੇ ਇਕ ਆਦਮੀ ਨੂੰ ਇਸ ਦਾ ਕਾਰਨ ਪੁਛਿਆ ਸੀ।

ਉਸ ਨੇ ਇਸ ਨੂੰ ਕਾਰਨ ਤੇ ਇਲਾਜ ਦੋਵੇਂ ਸਮਝਾ ਦਿਤੇ ਸਨ, ਉਸ ਨੇ ਦਸਿਆ ਸੀ ਕਿ ਦੁਨੀਆਂ ਦੇ ਵਿਕਾਸ਼ ਦਾ ਕਾਰਨ ਵਿਚਾਰ ਤੇ ਰੂਪ ਦੀ ਅਸਮਾਨਤਾ ਹੀ ਹੈ, ਪਰ ਜਦ ਇਹ ਅਸਮਾਨਤਾ ਤੀਖਣ ਹੋ ਜਾਏ ਬੇਚੈਨੀ ਵਧ ਜਾਂਦੀ ਹੈ, ਇਨਕਲਾਬ ਆਉਂਦਾ ਹੈ, ਇਹ ਤੜ ਤੜ ਹੁੰਦੀ ਹੈ,- ਅਜ ਦੀ ਸੁਸਾਇਟੀ ਦੀ ਪੈਦਾਵਾਰ ਦੇ ਸਾਧਨ ਸਾਂਝੇ ਹਨ, ਇਹ ਵਿਚਾਰ ਸਾਂਝਾ ਹੈ, ਪਰ ਇਸ ਦਾ ਰੂਪ, ਇਸ ਪੈਦਾਵਾਰ ਦੀ ਮਾਲਕ ਇਕ-ਪੁਰਖੀ ਹੈ, -ਸਾਂਝੀ ਪੈਦਾਵਾਰ ਸਾਂਝੀ ਮਾਲਕੀ ਨੂੰ ਜਨਮਾਏ ਬਿਨਾਂ ਨਹੀਂ ਰਹਿ ਸਕਦੀ, ਵਿਚਾਰ ਤੋਂ ਰੂਪ ਨੂੰ ਕੋਈ ਅਡਰਾ ਨਹੀਂ ਕਰ ਸਕਦਾ।

ਤੇ ਉਸ ਦਿਨ ਤੋਂ ਬਲਵੰਤ ਦੇ ਖਰਾਦ ਦੇ ਥਲੇ ਟੂਲਾਂ ਵਾਲੇ ਖਾਨੇ ਵਿਚ ਨਿਤ ਇਕ ਅਖਬਾਰ ਹੁੰਦਾ ਸੀ, ਰੋਟੀ ਦੀ ਛੁਟੀ ਵੇਲੇ ਉਹ ਪੜ੍ਹਿਆ ਕਰਦਾ ਤੇ ਬਾਕੀ ਸਭ ਸੁਣਿਆਂ ਕਰਦੇ, ਪਰ ਦਰਵਾਜ਼ਾ ਬੰਦ ਹੁੰਦਾ ਤੇ ਫੋਰਮੈਨ ਕਿਤੇ ਬਾਹਰ ਟਹਿਲ ਰਿਹਾ ਹੁੰਦਾ

'ਕਸਮ ਤੇਰੇ ਖੁਦਾ ਦੀ ਹੁਣ ਤੈਨੂੰ ਜੀਣ ਨਾ ਦੇਸਾਂ।
ਮਜ਼ਦੂਰਾਂ ਦੇ ਮਾਸੂਮਾਂ ਦੀ ਰਤ ਹਣ ਪੀਣ ਨ ਦੇਸਾਂ।'

ਆਪਣੇ ਖਰਾਦ ਤੇ ਖਲੋਤਾ ਬਖਸ਼ੀ ਗਾਉਂਦਾ ਹੈ। ਉਸਦੀ ਅਵਾਜ਼ ਖਰਾਦ ਦੀ ਗੜ ਗੜਾਹਟ ਦੇ ਤਾਲ ਨਾਲ ਮਿਲੀ ਸਾਰੀ ਸ਼ਾਪ ਵਿਚ ਗੂੰਜ ਉਠਦੀ ਹੈ।

ਕੇਹਰ ਉਸ ਵਲ ਪਾਟੀਆਂ ਪਾਟੀਆਂ ਅਖਾਂ ਨਾਲ ਵੇਖਦਾ ਹੈ, ਉਸ ਦੇ ਮੋਟੇ ਮੋਟੇ ਫੁਟੇ ਬੁਲ੍ਹ ਖੁਲ੍ਹਦੇ ਹਨ, ਵਰਾਛਾਂ ਕੰਨਾਂ ਤਕ ਚੌੜੀਆਂ ਹੋ ਜਾਂਦੀਆਂ ਹਨ, ਉਸ ਦੇ ਹਥ ਵਿਚ ਪਾਲਸ਼ ਰੇਤੀ ਉਲਰਦੀ ਹੈ ਤੇ ਦੂਰੋਂ ਹੀ ਟਾਹਰਦਾ ਹੈ।

'ਵਾਹ ਓਏ ਕੋਮਨਸ਼ਟਾ....., ਹੀ, ਹੀ, ਹੀ..... ਪਈ ਗਾਉਂਦਾ ਤਾਂ ਸੋਹਣਾ ਏਂ ਤੂੰ.....' ਰੇਤੀ ਘੁਮਦੇ ਐਕਸਲ ਤੇ ਘਸਾਉਂਦਾ ਹੈ, ਘਸਰ ਘਸਰ ਦੀ ਅਵਾਜ਼ ਉਸ ਦੇ ਹਾਸੇ ਨੂੰ ਹੋਰ ਵੀ ਖਰ੍ਹਵਾ ਕਰ ਰਹੀ ਹੈ।

'ਹਾਂ, ਅਸੀਂ ਸਭ ਕੜੀਆਂ ਕੌਮਾਂ ਨਸ਼ਟ ਕਰ ਦੇਣੀਆਂ ਨੇ, ਸਾਰੀ ਦੁਨੀਆਂ ਤੇ ਸਿਰਫ ਇਕ ਹੀ 'ਕੌਮ ਹੋਵੇਗੀ,- ਮਜ਼ਦੂਰ ਦੀ ਕੌਮ। ਦੁਨੀਆਂ ਦੇ ਮਜ਼ਦੂਰੋ, ਇਕ ਹੋ ਜਾਓ....' ਉਹ ਫਿਰ ਗਾਉਂਦਾ ਹੈ

'ਮਜ਼ਦੂਰਾਂ ਦੇ ਮਾਸੂਮਾਂ ਦੀ ਰਤ ਹੁਣ ਪੀਣ ਨਾ ਦੇਸਾਂ'

ਮਸ਼ੀਨ ਸ਼ਾਪ ਦਾ ਜਾਲੀ ਵਾਲਾ ਫਾਟਕ ਖੁਲ੍ਹਦਾ ਹੈ, ਪ੍ਰੇਮਾ ਦੂਰੋਂ ਹੀ ਲੰਝੇ ਵਾਹ ਬੋਲਦਾ ਆਉਂਦਾ ਹੈ।

'ਓ ਬਸ਼ਕੀ, ਓ ਬਸ਼ਕੀ।'

ਪ੍ਰੇਮਾ ਇਕ ਪ੍ਰੈਸ ਮੈਨ ਹੈ, ਪ੍ਰੈਸ ਤੇ ਨੌਂ ਨੌਂ ਘੰਟੇ ਕਬਜ਼ੇ 'ਤੇ ਪੱਤੀਆਂ ਕਟਦਾ ਹੈ, ਸੂਤਰ ਸੂਤਰ ਮੋਟੀਆਂ ਪਤੀਆਂ ਉਸ ਦੀ ਡਾਈ- ਪੰਚ ਵਿਚ ਕੁੜਕ ਹੋ ਕੇ ਰਹਿ ਜਾਂਦੀਆਂ ਹਨ, ਉਸ ਦੀ ਪ੍ਰੈਸ ਵਿਚ ਇਕ ਜਾਦੂ ਹੈ, ਕੋਈ ਕਾਲਾ ਇਲਮ, ਜਿਸ ਦੀ ਉਸ ਨੂੰ ਆਪ ਵੀ ਸਮਝ ਨਹੀਂ ਆਉਂਦੀ,- ਤੇ ਕਦੀ ਕਦੀ ਉਹ ਸੋਚਿਆ ਕਰਦਾ ਹੈ, ਜੇ ਪੱਤੀ ਦੀ ਥਾਂ ਪ੍ਰੈਸ ਵਿਚ ਉਸ ਦਾ ਆਪਣਾ ਸੱਜਾ ਹੱਥ ਆ ਜਾਏ ਤੇ ਉਤੋਂ ਅਪ੍ਰੈਂਟਿਸ ਸਟ ਲਾ ਦੇਵੇ, ਤਾਂ!..... ਉਹ ਕੰਬ ਉਠਦਾ ਹੈ ਤੇ ਉਸ ਨੂੰ ਉਸ ਖਰੌੜੇ ਦੀ ਯਾਦ ਆ ਜਾਂਦੀ ਹੈ, ਜੋ ਇਕ ਵਾਰੀ ਸਾਹਿਬ ਦਾ ਟਾਮੀ ਮੱਚਕ ਮੱਚਕ ਮੇਜ਼ ਤੇ ਬੈਠਾ ਚਬ ਰਿਹਾ ਸੀ- ਉਹ ਟੁੰਡਾ ਹੋ ਜਾਏਗਾ, ਬੇਕਾਰ, ਫਿਰ ਇਕ ਮੰਗਤਾ,- ਤੇ ਉਸ ਦੀਆਂ ਧੰਦਿਆਈਆਂ ਅੱਖਾਂ ਅਗੇ ਇਕ ਡੌਰ ਭੌਰਾ, ਬੌਰਿਆ ਫਕੀਰ ਵਿਲਕਦਾ ਲੂਹਣੀਆਂ ਲੈਣ ਲਗ ਜਾਂਦਾ- ਸਾਹਿਬ ਇਕ ਪੈਸਾ, ਤੇਰਾ ਇਕਬਾਲ ਬੁਲੰਦ ਹੋਵੇ, ਇਕ ਪੈਸਾ।

'ਓ ਕੀ ਟਾਹਰਾਂ ਮਾਰੀ ਜਾਨਾਂ ਏਂ, ਕੁਝ ਗਲ ਵੀ ਹੋਵੇ?'

'ਦਈਂ ਕੋਈ ਲੀਰ ਤੇ ਤੇਲ, ਬੁਧੂ ਨੇ ਮੇਰਾ ਅੰਗੂਠਾ ਈ ਚਿੱਥ ਘਤਿਆ ਈ।'

ਓ ਲਕ- ਟੇਸ਼ਣਾ!' ਪ੍ਰੇਮਾ ਅੰਗੂਠੇ ਤੇ ਤੇਲ ਮਲਦਾ ਹੋਇਆ ਅਲੈਕਟਰੀਸ਼ਨ ਨੂੰ ਅਵਾਜ਼ ਦੇਂਦਾ ਹੈ ਜੋ ਸਾਣ ਦੀ ਮੋਟਰ ਨੂੰ ਚਾਲੂ ਕਰ ਰਿਹਾ ਹੈ ਪ੍ਰੇਮਾ, ਸਾਰੇ ਸੈਕਸ਼ਨ ਵਿਚ ਹਸ-ਮੁਖ ਤੇ ਮਿਲਨਸਾਰ ਕਾਰੀਗਰ ਹੈ, ਜਣੇ ਖਣੇ ਨਾਲ ਠੱਠਾ ਕਰਨਾ ਇਸਦਾ ਇਕ ਅਸੂਲ ਹੀ ਬਣ ਚੁਕਾ ਹੈ, ਤੇ ਜੇ ਕੋਈ ਇਸ ਦੇ ਹਾਸਿਆਂ ਨੂੰ ਤੱਤੇ ਦਿਲ ਕਬੂਲਦਾ ਹੈ ਤਾਂ ਇਹ ਅਗੋਂ ਬੜੀ ਵਿਦਵਤਾ ਨਾਲ ਨਿਰਲੇਪ ਮੁਸਕ੍ਰਾਹਟ ਵਿਚ ਆਖਦਾ ਹੈ-

'ਵਾਹ ਸਾਥੀ ਮਜ਼ਦੂਰ, ਇਹ ਸਾਂਝੇ ਕੰਮ ਦੀ ਖੁਸ਼ੀ ਹੀ ਤਾਂ ਸਾਨੂੰ ਤੋਰੀ ਰਖਦੀ ਹੈ, ਇਨੇ ਪੈਸਿਆਂ ਵਿਚ ਅਸੀਂ ਕੀ ਖਾ ਪੀ ਸਕਦੇ ਹਾਂ? ਇਹ ਖੁਸ਼ੀ ਇਹ ਖੇੜਾ, ਇਹ ਸਾਂਝੀ ਮਜ਼ਦੂਰੀ ਦੀਆਂ ਹੀ ਬਰਕਤਾਂ ਹਨ,- ਤੇ ਜਦ ਸਾਡੀ ਕਮਾਈ ਵੀ ਸਾਂਝੀ ਹੋ ਜਾਏਗੀ ਫਿਰ ਬਹਿਸ਼ਤਾਂ ਦੀਆਂ ਹੂਰਾਂ ਵੀ ਤਰਸ ਜਾਣਗੀਆਂ.......।'

ਮਹੇਸ਼ ਜਦ ਪਹਿਲੇ ਦਿਨ ਇਸ ਸ਼ਾਪ ਵਿਚ ਆਇਆ ਸੀ ਉਸ ਨੂੰ ਅਜੇ ਪ੍ਰੇਮੇ ਨਾਲ ਵਾਕਫੀ ਨਹੀਂ ਸੀ ਹੋਈ- ਪਰ ਪ੍ਰੇਮਾ ਆਪਣੇ ਸੁਭਾ ਮੂਜਬੀ ਉਸ ਦੇ ਖਰਾਦ ਅਗੇ ਜਾ ਖਲੋਤਾ ਸੀ ਤੇ ਇਕੋ ਸਾਹੇ ਯਾਰੀ ਗੰਢਦਿਆਂ ਕਹਿ ਗਿਆ ਸੀ।

'ਬਾਊ ਜੀ ਕਦ ਆਏ ਓ, ਅਗੇ ਕਿਥੇ ਕੰਮ ਕਰਦੇ ਸੀ, ਕੀ ਰੇਟ ਲਗਾ ਕੇ, ਇਥੇ ਕਿਸੇ ਨੂੰ ਪੰਜਾਂ ਤੋਂ ਵੱਧ ਨਹੀਂ ਮਿਲਦੇ, ਬੜੇ ਮਖੀ ਚੂਸ ਨੇ,- ਪਰ ਹੁਣ ਅਸਾਂ ਯੂਨੀਅਨ ਬਣਾ ਲਈ ਹੈ, ਅਸਾਂ ਤਰੱਕੀਆਂ ਕਰਵਾ ਲੈਣੀਆਂ ਹਨ, ਤੁਸੀਂ ਸਾਡੀ ਯੂਨੀਅਨ ਦੇ ਮੈਂਬਰ ਬਣੋਗੇ? ਹਾਂ ਜ਼ਰੂਰ, ਮਜ਼ਦੂਰ ਮਜ਼ਦੂਰ ਦਾ ਸਦਾ ਸਾਥੀ ਹੁੰਦਾ ਹੈ.......।'

ਤਾਂ ਮਹੇਸ਼ ਨੇ ਆਪਣੀ ਮੋਟੇ ਮੋਟੇ ਸ਼ੀਸ਼ਿਆਂ ਦੀ ਐਨਕ ਦੇ ਪਿਛੋਂ ਹਾਥੀ ਵਰਗੀਆਂ ਛੋਟੀਆਂ ਛੋਟੀਆਂ ਅੱਖਾਂ ਝਮਕੀਆਂ ਸਨ, ਪਟਾ ਫ਼ਰੀ-ਪੁਲੀ ਤੇ ਕਰਕੇ, ਖਬਾ ਹਥ ਹੈਡ-ਸਟਾਕ ਤੇ ਰਖਕੇ ਹੌਲੇ ਜਿਹੀ ਅਵਾਜ਼ ਵਿਚ ਆਪਣੀ ਸਾਰੀ ਕਹਾਣੀ ਕਹਿ ਸੁਣਾਈ। ਉਸ ਨੇ ਦਸਿਆ ਸੀ ਕਿ ਉਹ ਪਹਿਲਾਂ ਸੈਂਟਰਲ ਵਰਕਸ਼ਾਪ ਵਿਚ ਕੰਮ ਕਰਦਾ ਸੀ, ਇਕ ਵਾਰੀ ਇਕ ਫੋਰਮੈਨ ਨੇ ਉਸ ਨੂੰ ਆਪਣੇ ਪੈਨ ਦੀ ਕੈਪ ਖਰਾਦਣ ਵਾਸਤੇ ਦਿਤੀ, ਉਹ ਕੈਪ ਬਣਾ ਰਿਹਾ ਸੀ, ਉਸ ਦੀ ਬਦਕੀਸਮਤੀ ਨੂੰ ਸੁਪ੍ਰਿੰਟੈਂਡੈਂਟ ਆ ਗਿਆ, ਉਹ ਛੇਤੀ ਛੇਤੀ ਕੈਪ ਲੁਕਾ ਨਾ ਸਕਿਆ, ਸਾਹਿਬ ਨੇ ਉਸ ਨੂੰ ਡਿਸਮਿਸ ਕਰ ਦਿਤਾ। ਅਤੇ ਜਦ ਉਹ ਫੋਰਮੈਨ ਕੋਲ ਸ਼ਫਾਰਸ ਵਾਸਤੇ ਗਿਆ ਸੀ, ਉਸ ਨੇ ਕੋਰਾ ਜਵਾਬ ਦਿਤਾ ਤੇ ਕਿਹਾ, -ਤੇਰੀ ਕਿਸਮਤ। ਇਬੇ ਉਸ ਨੂੰ ਸਾਢੇ ਤਿੰਨ ਰੁਪਏ ਮਿਲੇ ਸਨ, ਇਸ ਨਾਲ ਉਸ ਦਾ ਝਟ ਕਿਵੇਂ ਲੰਘ ਸਕਦਾ ਸੀ, ਪਰ ਬੇਕਾਰੀ ਜ਼ਿਆਦਾ ਹੋਣ ਕਰਕੇ ਹੋਰ ਕੀ ਚਾਰਾ ਹੋ ਸਕਦਾ ਸੀ।

ਮਹੇਸ਼ ਅਜੇ ਅਠਵੀਂ ਪਾਸ ਕਰਕੇ ਨਾਵੀਂ ਵਿਚ ਦਾਖਲ ਹੋਇਆ ਹੀ ਸੀ ਕਿ ਉਸ ਦੇ ਬਾਊ ਜੀ ਹਾਰਟ-ਫੇਹਲ ਹੋਣ ਨਾਲ ਗੁਜ਼ਰ ਗਏ। ਡਾਕਟਰ ਤਾਂ ਉਸ ਬਿਮਾਰੀ ਨੂੰ ਹਾਰਟ-ਫੇਹਲ ਹੀ ਦਸਦੇ ਸਨ, ਪਰ ਹੁਣ ਮਹੇਸ਼ ਠੀਕ ਸਮਝਣ ਲਗ ਪਿਆ ਸੀ, ਦਿਨੋਂ ਦਿਨ ਵਧ ਰਹੀ ਬੇਕਾਰੀ ਮਹਿੰਗਾਈ ਤੇ ਘਰ ਦੇ ਵਧੇ ਹੋਏ ਖਰਚ ਹੀ ਉਸ ਦੇ ਬਾਊ ਜੀ ਦੀ ਮੌਤ ਦੇ ਕਾਰਨ ਸਨ। ਉਹ ਇਨਾਂ ਪੜ੍ਹਿਆ ਹੋਇਆ ਨਹੀਂ ਸੀ, ਉਸ ਨੂੰ ਵੀ ਆਪਣੇ ਬਾਊ ਵਾਂਗੂੰ ਡਾਕਖਾਨੇ ਵਿਚ ਕਲਰਕੀ ਮਿਲ ਜਾਂਦੀ, ਖਰਾਦ ਦਾ ਕੰਮ ਸਿਖਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ, ਅਤੇ ਸਬਬ ਨਾਲ ਉਦੋਂ ਉਹਨਾਂ ਦਾ ਇਕ ਗਵਾਂਢੀ ਇਕ ਵਰਕਸ਼ਾਪ ਵਿਚ ਖਰਾਦੀਆ ਲਗਾ ਹੋਇਆ ਸੀ, ਉਸ ਦੀ ਮੇਹਰ-ਬਾਨੀ ਦਾ ਸਦਕਾ ਮਹੇਸ਼ ਆਪਣਾ, ਇਕ ਬੁਢੀ ਮਾਂ ਤੇ ਤਿੰਨ ਵਿਆਹੁਣ ਯੋਗ ਭੈਣਾਂ ਦਾ ਤਨ ਤਨੂਰ ਧੁਖਦਾ ਰਖਣ ਦੇ ਕਾਬਲ ਹੋ ਸਕਿਆ ਸੀ।

ਮਹੇਸ਼ ਦੇ ਅਡੇ ਪਿਛੇ ਕੰਧ ਨਾਲ ਕਿਸੇ ਅਮ੍ਰੀਕਨ ਅਖ਼ਬਾਰ ਵਿਚੋਂ ਕਿਸੇ ਮੇਮ ਦੀ ਰੰਗੀਨ ਤਸਵੀਰ ਲਗੀ ਹੋਈ ਹੈ। ਤਸਵੀਰ ਵਾਲੀ ਮੇਮ ਨੇ ਹਲਕੇ ਅਸਮਾਨੀ ਰੰਗ ਦਾ ਗਾਉਨ ਪਾਇਆ ਹੋਇਆ ਹੈ, ਜਿਸ ਦੇ ਥਲਿਉਂ ਉਸ ਦੇ ਅੰਗਾਂ ਦਾ ਉਭਾਰ ਫੁਟ ਫੁਟ ਪੈ ਰਿਹਾ ਹੈ। ਉਚੀ ਅਡੀ ਦੀ ਲਿਫਟੀ ਪਾਈ ਉਹ ਸਜੀ ਲਤ ਅਗੇ ਵਧਾਈ ਖਲੋਤੀ ਹੈ ਜਿਸ ਨਾਲ ਗਾਊਨ ਗੋਲ ਪਟ ਨੂੰ ਨੰਗਾ ਕਰਕੇ ਦੋਵੇਂ ਪਾਸੇ ਪਲਮ ਰਿਹਾ ਹੈ। ਹਥ ਉਸ ਨੇ ਕਮਰ ਤੇ ਰਖੇ ਹੋਏ ਹਨ, ਬੁਲੀਆਂ ਤੋਂ ਇਕ ਮੁਸਕਾਨ ਹੈ, ਕੁੰਡਲੇ ਵਾਲ ਫੁਲਾਂ ਦੀ ਭਰੀ ਟੋਕਰੀ ਵਾਂਗੂੰ ਖਿੰਡੇ ਹੋਏ ਹਨ, ਨਸ਼ਿਆਈਆਂ ਅੱਖਾਂ ਵੇਖਣ ਵਾਲਿਆਂ ਵਲ ਵੇਖਦੀਆਂ ਦਿਲ ਵਿਚ ਕੁਤ-ਕੁਤਾਰੀਆਂ ਕਢ ਜਾਂਦੀਆਂ ਹਨ। ਮਹੇਸ਼ ਖਰਾਦ ਦੀ ਚਾਲ਼ ਬੰਨ੍ਹ ਕੇ ਪਿਛਾਂਹ ਪਰਤ ਕੇ ਉਸ ਵਲ ਵੇਖਣ ਲਗ ਜਾਂਦਾ ਹੈ, ਤਾਂ ਪ੍ਰੇਮਾ ਆ ਕੇ ਪਛਦਾ ਹੈ

'ਸੁੰਣਾ ਮਹੇਸ਼ ਤੇਰੀ ਮੇਮ ਦਾ ਕੀ ਹਾਲ ਹੈ, ਅਜੇ ਰਾਸੇ ਨਹੀਂ ਪਈ, ਅਜੇ ਵੀ ਆਕੜੀ ਖਲੋਤੀ ਹੈ?'

'ਹਾਂ ਅਮ੍ਰੀਕਨ ਮੇਮਾਂ.......।'

'ਬੰਨ੍ਹ ਇਹਨੂੰ ਵੀ ਖਰਾਦ ਤੇ'। ਫਿਰ ਵੇਖ ਕਿਵੇਂ ਦੋਵੇਂ ਹਸ ਪੈਂਦੇ ਹਨ।

'ਮਹੇਸ਼!' ਪ੍ਰੇਮਾ ਕੁਝ ਸੰਜੀਦਾ ਹੋ ਕੇ ਉਸ ਦੇ ਖਰਾਦ ਕੋਲ ਝੁੱਕ ਕੇ ਆਖਦਾ ਹੈ:- 'ਅਜ ਤਰੱਕੀਆਂ ਦੀ ਦਰਖਾਸਤ ਕੌਣ ਲਿਜਾਏਗਾ?'

ਤਰੱਕੀਆਂ ਦੀ ਦਰਖਾਸਤ। ਮਜ਼ਦੂਰ ਸਦਾ ਕਾਰਖਾਨੇਦਾਰਾਂ ਤੋਂ ਆਪਣੇ ਹੱਕ ਮੰਗਦੇ ਆਏ ਹਨ, ਤੇ ਕਾਰਖਾਨੇਦਾਰ ਸਦਾ ਪੱਲਾ ਛੁਡਾਂਦੇ ਰਹੇ ਹਨ। ਮਜ਼ਦੂਰ ਅਠ ਘੰਟੇ ਕੰਮ ਕਰਦੇ ਹਨ ਇਕ ਘੰਟੇ ਦੀ ਮਜ਼ਦੂਰੀ ਉਹਨਾਂ ਨੂੰ ਦਿਤੀ ਜਾਂਦੀ ਹੈ, ਤੇ ਬਾਕੀ ਸੱਤ ਘੰਟਿਆਂ ਦੇ ਕੰਮ ਦਾ ਮੁਨਾਫਾ ਕਾਰਖਾਨੇਦਾਰ ਹੜਪ ਕਰ ਜਾਂਦਾ ਹੈ,- ਹੋਰ ਮਸ਼ੀਨਰੀ ਵਧਾਉਂਦਾ ਹੈ, ਹੋਰ ਮਜ਼ਦੂਰ ਫਾਹੁੰਦਾ ਹੈ, ਹੋਰ, ਤੇ ਹੋਰ ਨਫਾ ਵਧਾਉਂਦਾ ਹੈ, ਪਰ ਨਾਲ ਹੀ ਭੁੁਖੇ ਨੰਗੇ ਵੇਹਲੇ ਮਜ਼ਦੂਰਾਂ ਦੀ ਫ਼ੌਜ ਵਧਦੀ ਜਾਂਦੀ ਹੈ। ਸਰਮਾਏਦਾਰੀ-ਉਪਜਾਊ ਢੰਗ ਤੇ ਪੈਦਾਵਰ ਦੀ ਕਾਣੀ ਵੰਡ ਦੀਆਂ ਦੋ ਵੈਰੀ ਤਾਕਤਾਂ ਅਤਿ ਦਾ ਜ਼ੋਰ ਫੜੀ ਜਾ ਰਹੀਆਂ ਹਨ, ਮੌਜੂਦਾ ਭਾਈਚਾਰਾ ਤਬਾਹ ਹੋਣ ਤੋਂ ਨਹੀਂ ਬਚ ਸਕਦਾ ਜੋ ਉਪਜਾਊ ਢੰਗ ਤੇ ਵੰਡ ਵਿਚ ਇਨਕਲਾਬ ਨਾ ਆ ਜਾਏ,- ਇਕ ਇਨਕਲਾਬ ਜੋ ਜਮਾਤੀ ਵੰਡਾਂ ਬਰਬਾਦ ਕਰ ਦੇਵੇ..... ਬਲਵੰਤ ਨੇ ਇਕ ਵਾਰੀ ਰੋਟੀ ਖਾਣ ਵੇਲੇ ਇਸ ਦੇ ਨਾਲ ਇਹ ਵੀ ਦਸਿਆ ਸੀ, 'ਇਸ ਅਟੱਲ ਮਾਦੀ ਸਚਾਈ ਤੇ ਜੋ ਆਪਣੇ ਆਪ ਥੋੜੀ ਜਾਂ ਬਹੁਤ ਪ੍ਰਤੱਖ ਸ਼ਕਲ ਵਿਚ, ਇਕ ਅਟਲ ਲੋੜ ਵਾਂਗੂੰ ਲੁਟੀਂਦੀ ਘੁਸੀਂਦੀ ਮਜ਼ਦੂਰ ਜਮਾਤ ਦੇ ਦਿਲਾਂ ਤੇ ਦਿਮਾਗਾਂ ਤੇ ਅਸਰ ਪਾਈ ਜਾ ਰਹੀ ਹੈ,- ਇਸ ਸਚਾਈ ਤੇ ਹੀ ਨਾ ਕਿ ਕਿਸੇ ਇਨਸਾਫ ਦੀ ਫਿਲਾਸਫੀ ਤੇ ਜੋ ਕਿਸੇ ਕਊਚ ਵਿਚ ਬੈਠੇ ਫਿਲਾਸਫਰ ਦੇ ਘੁਮਦੇ ਦਿਮਾਗ ਦਾ ਧੂੰਆਂ ਹੈ, ਅਜ ਦੀ ਸਾਂਝੀਵਾਲਤਾ ਦੀ ਕਾਮਯਾਬੀ ਦੀ ਨੀਂਹ ਧਰੀ ਹੋਈ ਹੈ।"

"ਪਿਛਲੀ ਵਾਰ ਫੋਰਮੈਨ ਤੇ ਉਸ ਦੇ ਚਾਰ ਪੰਜ ਸਾਥੀਆਂ ਨੇ ਰੁਕਾਵਟ ਪਾਈ ਸੀ।" ਪ੍ਰੇਮਾ ਮਹੇਸ਼ ਨੂੰ ਦਸਦਾ ਹੈ, 'ਤੇ ਇਸ ਵਾਰ ਜੇ ਕਿਸੇ ਨੇ ਰੋਕਿਆ ਤਾਂ.....।'

'ਪਰ ਨਹੀਂ, ਐਤਕੀ ਸਾਨੂੰ ਸਾਰਿਆਂ ਨੂੰ ਇਕੱਠੇ ਹੀ ਜਾਣਾ ਚਾਹੀਦਾ ਹੈ!'

ਸਾਹਮਣੇ ਖਰਾਦਾਂ ਦੀ ਸਾਂਝੀ ਪੁਲੀ-ਸ਼ਾਫਟ ਤੇ ਬਲਵੰਤ ਦੇ ਖਰਾਦ ਦਾ ਪਟਾ ਟੁੱਟ ਜਾਂਦਾ ਹੈ। ਕੇਹਰ ਪਟੇ ਨੂੰ ਕੰਘੀ ਤੇ ਤਾਰ ਨਾਲ ਗੰਢ ਕੇ ਉਪਰ ਪੁਲੀ ਤੇ ਚੜ੍ਹਾਉਂਦਾ ਹੈ ਪਰ ਨਹੀਂ ਚੜ੍ਹਾ ਸਕਦਾ। ਇਕ ਪੌੜੀ ਕੌਲੇ ਨਾਲ ਲਾ ਕੇ ਉੱਪਰ ਚੜ੍ਹਦਾ ਹੈ, ਤੇਜ਼ ਘੁੰਮਦੀ ਸ਼ਾਫਟ ਦਾ ਧੱਕਾ ਲਗਦਾ ਹੈ, ਪੰਦਰਾਂ ਫੁੱਟਾਂ ਤੋਂ ਪੱਕੇ ਫਰਸ਼ ਤੇ ਆ ਡਿਗਦਾ ਹੈ, ਮੱਥਾ ਪਾਟ ਕੇ ਲਹੂ ਵਹਿ ਤੁਰਦਾ ਹੈ ਅਤੇ ਉਹ ਨੀਮ ਬੇਹੋਸ਼ੀ ਦੀ ਹਾਲਤ ਵਿਚ ਹਥਾਂ ਵਿਚ ਸਿਰ ਘੁਟੀ, ਸਿਧਾ ਹੋ ਕੇ ਫਰਸ਼ ਤੇ ਬੈਠ ਜਾਂਦਾ ਹੈ।

ਸਾਰੇ ਖਰਾਦ ਜਿਵੇਂ ਬਲੀ ਮਿਲ ਕੇ ਸ਼ਾਂਤ ਹੋ ਜਾਂਦੇ ਹਨ, ਸਭ ਕਾਰੀਗਰ ਬਲਵੰਤ ਵਲ ਦੌੜਦੇ ਹਨ। ਮਸ਼ੀਨਾਂ ਦੇ ਰੁਕ ਜਾਣ ਤੋਂ ਸੁਚੇਤ ਹੋ ਕੇ ਫੋਰਮੈਨ ਵੀ ਆ ਜਾਂਦਾ ਹੈ।

"ਹਟੋ ਸਾਰੇ, ਜਾਓ ਕੰਮ ਕਰੋ, ਮਾਮੂਲੀ ਸੱਟ ਹੈ ਆਪੇ ਠੀਕ ਹੋ ਜਾਏਗਾ", ਫੋਰਮੈਨ ਕਿਸੇ ਖ਼ਾਸ ਵਿਅੰਗ ਵਿਚ ਆਖਦਾ ਹੈ। "ਕੰਮ ਕਰਦਿਆਂ ਸਟਾਂ ਲਗ ਹੀ ਜਾਂਦੀਆਂ ਹਨ।"

"ਪਰ ਕੰਮ ਸਾਡੇ ਪਿਓ ਦਾ ਤਾਂ ਨਹੀਂ।" ਕਿਸੇ ਦੀ ਗੁੱਸੇ ਵਿਚ ਭਰੀ ਅਵਾਜ਼ ਆਉਂਦੀ ਹੈ।

"ਇਥੇ ਕੀ ਲੈਣ ਆਇਆ ਹੈਂ ਪਿਓ ਦੇ ਖਰਾਦ ਹੀ ਸਾਫ ਕਰਿਆ ਕਰ...."

'ਫੋਰ-ਮੈਨ, ਤੂੰ ਹੁਣ ਨਹੀਂ ਸਾਡੇ ਰਾਹ ਵਿਚ ਰੋਕ ਪਾ ਸਕਦਾ।' ਇਕ ਹੋਰ ਜੋਸ਼ੀਲੀ ਕੂਕ ਦਰਵਾਜ਼ੇ ਦੀ ਜਾਲੀ ਨੂੰ ਲੰਘਦੀ ਹੋਈ, ਸਾਵਣ ਦੀਆਂ ਕਣੀਆਂ ਵਿਚ ਸਿਜਦੀ, ਪੁਰੇ ਦੀਆਂ ਬੇਤਾਬ ਫਰਾਟਾਂ ਉੱਤੇ ਸਵਾਰ ਸਾਹਿਬ ਦੀ ਕੋਠੀ ਅੰਦਰ ਜਾ ਗੂੰਜਦੀ ਹੈ।

ਅਤੇ ਮਸ਼ੀਨ-ਸ਼ਾਪ ਦੇ ਸਾਰੇ ਮਜ਼ਦੂਰ ਬਲਵੰਤ ਨੂੰ ਹਥਾਂ ਵਿਚ ਸਹਾਰਾ ਦਈ ਜਾਲੀ ਦੇ ਫਾਟਕ ਵਲ ਵਧਦੇ ਹਨ। ਉਸ ਦੇ ਹਥ ਵਿਚ ਇਕ ਲੰਮਾ ਸਫੈਦ ਕਾਗਜ਼ ਹਵਾ ਵਿਚ ਫੜ ਫੜਾ ਰਿਹਾ ਹੈ।