ਨਵਾਂ ਮਾਸਟਰ/ਸਮੇਂ ਸਮੇਂ

ਵਿਕੀਸਰੋਤ ਤੋਂ

ਸਮੇਂ ਸਮੇਂ

ਅਪ੍ਰੈਲ ੧੯੫੦
ਸਮੇਂ ਸਮੇਂ

ਇਸ ਤੋਂ ਪਹਿਲਾਂ ਉਹ ਦੋ ਕੁੜੀਆਂ ਨੂੰ ਪਿਆਰ ਕਰ ਚੁੱਕਾ ਸੀ, ਅਤੇ ਇਹ ਕੁੜੀ ਤੀਜੀ ਸੀ ਜਿਸ ਨੂੰ ਉਸ ਨੇ ਆਪਣੇ ਦਿਮਾਗ਼ ਵਿਚ ਅਵਾਰਾਗਰਦ ਕੀਤਾ ਹੋਇਆ ਸੀ।

ਨਿੱਕੀ ਉਮਰ ਵਿਚ ਉਹ ਸੁਣਿਆ ਕਰਦਾ ਸੀ ਇਕ ਸ਼ਾਹਜ਼ਾਦੇ ਨੇ ਸੁਪਨੇ ਵਿਚ ਇਕ ਬਹੁਤ ਸੋਹਣੀ ਕੁੜੀ ਵੇਖੀ, ਤੇ ਸਵੇਰੇ ਉਠਦਿਆਂ ਹੀ ਉਹ ਘੋੜੇ ਤੇ ਚੜ੍ਹ ਕੇ ਤੀਰ ਕਮਾਨ ਲੈ ਕੇ ਉਸ ਦੀ ਭਾਲ ਵਿਚ ਨਿਕਲ ਤੁਰਿਆ, ਜਾਂ ਇਕ ਬਾਦਸ਼ਾਹ ਨੇ ਇਕ ਅਤਿ ਸੋਹਣੀ ਮੰਗਤੀ ਵੇਖੀ ਤੇ ਆਪਣੇ ਤਖ਼ਤ ਤੋਂ ਉਤਰ ਕੇ ਉਸ ਨੂੰ ਅਗਲਵਾਂਢੀ ਲਿਆ ਕੇ ਆਪਣੀ ਪਟਰਾਣੀ ਬਣਾ ਲਿਆ, ਅਤੇ ਜਾਂ ਇਕ ਸ਼ਾਹਜ਼ਾਦੀ ਇਕ ਬੁੱਢੇ ਬੋੜ੍ਹ ਦੀ ਖੋੜ ਵਿਚ ਲੁਕੀ ਹੋਈ ਦੇ, ਇਕ ਹੋਰ ਬਾਦਸ਼ਾਹ ਦੇ ਪੁੱਤਰ ਨੇ ਸਾਲੂ ਦੀ ਕੰਨੀ ਤੱਕੀ, ਉਸ ਕੋਲ ਗਿਆ ਤੇ ਉਸ ਨੂੰ ਆਪਣੀ ਰਾਣੀ ਬਣਾ ਲਿਆ- ਹਰ ਬਾਤ ਵਿਚ ਉਹ ਪਿਆਰ ਦਾ ਲਫ਼ਜ਼ ਜ਼ਰੂਰ ਸੁਣਿਆ ਕਰਦਾ ਸੀ, ਜਿਵੇਂ ਪਿਆਰ ਤੋਂ ਬਿਨਾਂ ਬਾਤ ਨਹੀਂ ਸੀ ਪੈ ਸਕਦੀ, ਜਾਂ ਜੇ ਉਹ ਪਿਆਰ ਨਾ ਕਰਨ ਤਾਂ ਰਾਜੇ ਰਾਣੀਆਂ ਨਹੀਂ ਸਨ ਅਖਵਾ ਸਕਦੇ, ਤੇ ਜਿਸ ਬਾਤ ਵਿਚ ਰਾਜਿਆਂ ਦਾ ਜ਼ਿਕਰ ਨਾ ਹੋਵੇ ਉਹ ਗੱਪ ਸਮਝੀ ਜਾਂਦੀ ਸੀ, ਕਿਉਂਕਿ ਉਹ ਸਮਝਦਾ ਸੀ ਗੱਪਾਂ ਭੁਖਿਆਂ ਨੰਗਿਆਂ ਦੀਆਂ ਹੁੰਦੀਆਂ ਸਨ।

ਫਿਰ ਉਸ ਨੂੰ ਅਫ਼ਸਾਨੇ ਪੜ੍ਹਨ ਦਾ ਸ਼ੌਕ ਹੋ ਗਿਆ। ਅਫ਼ਸਾਨਿਆਂ ਵਿਚ ਰਾਜਿਆਂ ਦੀਆਂ ਗੱਲਾਂ ਤਾਂ ਨਹੀਂ ਸਨ ਹੁੰਦੀਆਂ ਪਰ ਪਿਆਰ ਹੋਰ ਵੀ ਉਘਾੜ ਕੇ ਬਿਆਨ ਕੀਤਾ ਹੁੰਦਾ ਸੀ, ਮੁਹੱਬਤ ਦੇ ਅਫ਼ਸਾਨੇ ਉਸ ਨੂੰ ਬਹੁਤ ਸੁਆਦੀ ਲਗਦੇ ਸਨ। ਜਿਸ ਕਹਾਣੀ ਵਿਚ ਪਿਆਰ ਦਾ ਜ਼ਿਕਰ ਨਾ ਹੁੰਦਾ, ਉਸਦੇ ਖਿਆਲ ਵਿਚ ਉਹ ਸਭ ਤੋਂ ਵਧ ਨਾ-ਕਾਮਯਾਬ ਕਹਾਣੀ ਹੁੰਦੀ। ਪਿਆਰ ਇਕ ਮਹਾਨ ਉੱਚਾ ਤੇ ਸੁੱਚਾ ਵਲਵਲਾ ਹੈ ਉਹ ਸੋਚਿਆ ਕਰਦਾ ਸੀ, ਪਿਆਰ ਦੀਆਂ ਰੇਸ਼ਮੀ ਤੰਦੀਆਂ ਨਾਲ ਹੀ ਦੁਨੀਆਂ ਇਕ ਦੂਜੇ ਨਾਲ ਜੁੜੀ ਹੋਈ ਹੈ, ਪਿਆਰ ਬਿਨਾਂ ਇਸ ਦਾ ਕਾਇਮ ਰਹਿਣਾ ਅਸੰਭਵ ਹੈ। ਪਿਆਰ-ਕਹਾਣੀਆਂ ਵਿਚ ਉਸ ਨੂੰ ਸਭ ਤੋਂ ਵਧ ਪਸੰਦ ਆਉਣ ਵਾਲੀ ਚੀਜ਼ ਪਿਆਰ ਦੇ ਸੱਲਾਂ ਨਾਲ ਡੁੱਸਕਦੀ ਲੁਸ ਲੁਸ ਕਰਦੀ ਪ੍ਰੇਮਕਾ ਦੇ ਸਿਰ ਤੋਂ ਪੈਰਾਂ ਤੱਕ ਦੇ ਅੰਗਾਂ ਦੇ ਉਤਾਰ ਚੜ੍ਹਾ ਦਾ ਦਿਲ ਟੁੰਬਵਾਂ ਬਿਆਨ ਹੁੰਦਾ।

ਰਾਜਿਆਂ ਦੇ ਮਹਲਾਂ 'ਚੋਂ ਨਿਕਲ ਕੇ ਉਸ ਦੇ ਪਿਆਰ ਦਾ ਤਸੱਵਰ ਮਾਲ ਰੋਡ ਦੀਆਂ ਕੋਠੀਆਂ ਦੇ ਵਰਾਂਡਿਆਂ ਵਿਚ, ਗੋਲ ਕਮਰਿਆਂ ਦੇ ਸੋਫ਼ਿਆ ਤੇ, ਡਰਾਇੰਗ ਰੂਮ ਦੇ ਡਰੈਸਿੰਗ ਟੇਬਲਾਂ ਦੇ ਆਦਮ ਕਦ ਸ਼ੀਸ਼ਿਆਂ ਅਗੇ ਜਾਂ ਬਾਹਰ ਪਲਾਟਾਂ ਚੰਬੇਲੀ ਤੇ ਇਸ਼ਕ ਪੇਚੇ ਦੀਆਂ ਮਲੂਕੜੀਆਂ ਫੁੱਲ ਪੱਤੀਆਂ ਵਿਚ ਭੌਣ ਲਗ਼ ਪਿਆ ਸੀ। ਕਹਾਣੀ ਪੜ੍ਹਦਾ ਪੜ੍ਹਦਾ ਉਹ ਆਪੇ ਨੂੰ ਉਸ ਵਿਚ ਦਾ ਪ੍ਰੇਮੀ ਪ੍ਰਤੀਤ ਕਰਨ ਲਗ ਜਾਂਦਾ, ਮਿਲਾਪ ਵਿਚ ਖੁਸ਼ ਹੁੰਦਾ ਵਿਛੋੜੇ ਵਿਚ ਵੈਰਾਗ-ਮਈ ਹੁੰਦਾ ਤੇ ਕਦੀ ਕਦੀ ਦੁਖਾਂਤ ਕਹਾਣੀ ਦੇ ਅੰਤ ਤੇ ਉਸਦੇ ਮੂੰਹੋਂ ਇਕ ਡੂੰਘਾ ਹਾਉਕਾ ਵੀ ਨਿਕਲ ਜਾਂਦਾ ਜਿਸ ਦੇ ਨਾਲ ਹੀ ਅੱਖਾਂ ਦੀਆਂ ਨੁੱਕਰਾਂ ਵਿਚ ਅੱਥਰੂ ਵੀ ਰਿਸ ਆਉਂਦੇ। ਉਹ ਉਸੇ ਲਿਖਾਰੀ ਨੂੰ ਕਾਮਯਾਬ ਸਮਝਦਾ ਸੀ ਜਿਹੜਾ ਪਿਆਰ ਨੂੰ ਵਧ ਤੋਂ ਵਧ ਦਿਲ ਟੁੰਬਵਾਂ ਦਰਸਾ ਸਕੇ, ਜਿਹੜਾ ਉਸਦੇ ਦਿਲ ਨੂੰ ਚੰਗਾ ਲਗ ਸਕੇ। ਭਾਵੇਂ ਵਿਛੋੜੇ ਦੀ ਕਹਾਣੀ ਹੋਵੇ ਤੇ ਭਾਵੇਂ ਮਿਲਾਪ ਦੀ ਪਰ ਉਸ ਵਿਚ ਜੋੜ ਦਾ ਹੋਣਾ ਜ਼ਰੂਰੀ ਸਮਝਦਾ ਸੀ, ਅਜੋੜ ਉਸ ਨੂੰ ਚੰਗੇ ਨਹੀਂ ਸਨ ਲਗਦੇਪਿਆਰ ਇਕ ਮਹਿੰਗੀ ਚੀਜ਼ ਹੈ, ਟਕੇ ਸੇਰ ਵਿਕਣ ਵਾਲੀਆਂ ਮੂਲੀਆਂ ਗਾਜਰਾਂ ਨਹੀਂ ਜੋ ਹਾਰੀ ਸਾਰੀ ਖਰੀਦ ਸਕਦਾ ਹੈ। ਪਿਆਰ ਲੱਖਾਂ ਦੇ ਭਾ ਤੋਂ ਵੀ ਵਧ ਮੁਲ ਦਾ ਹੈ, ਇਹ ਅਮੀਰਾਂ ਦੀ ਵਿਰਾਸ ਵਿਚ ਹੀ ਰਹਿਣਾ ਚਾਹੀਦਾ ਹੈ। ਗ਼ਰੀਬਾਂ ਨੂੰ ਪਿਆਰ ਕਰਨਾ ਨਹੀਂ ਆ ਸਕਦਾ, ਉਨ੍ਹਾਂ ਨੂੰ ਰੋਟੀ ਦੇ ਧੰਧਿਆਂ ਤੋਂ ਹੀ ਵਿਹਲ ਕਿਥੇ, ਪਿਆਰ ਸੰਤੁਸ਼ਟ ਦਿਲਾਂ ਦੀਆਂ ਤਾਰਾਂ ਦੀ ਟੁੰਨਕਾਰ ਹੈ। ਪਿਆਰ ਇਕ ਦੇਵਤਾ ਹੈ ਜਿਸ ਨੂੰ ਰੀਝਾਉਣ ਵਾਸਤੇ ਕੋਠੀਆਂ ਦਾ, ਕਾਰਾਂ ਦਾ ਤੇ ਸਿਨੇਮਿਆਂ ਦਾ ਹੋਣਾ ਜ਼ਰੂਰੀ ਹੈ।

ਕਈ ਕਹਾਣੀ-ਕਾਰ ਅਮੀਰ ਕੁੜੀ ਦਾ ਗ਼ਰੀਬ ਮੁੰਡੇ ਨਾਲ ਪਿਆਰ ਦਰਸਾਉਂਦੇ ਸਨ। ਇਦਾਂ ਦੇ ਲੇਖਕ ਉਸਦੀ ਪੜਚੋਲ ਵਿਚ ਦੂਜੇ ਦਰਜੇ ਤੇ ਉਤਰਦੇ ਸਨ, ਅਤੇ ਜੇ ਕਦੀ ਉਹ ਕਿਸੇ ਕਹਾਣੀ ਵਿਚ ਦੋਵਾਂ ਪ੍ਰੇਮੀਆਂ ਨੂੰ ਕਿਸੇ ਕਾਰਖਾਨੇ ਦੇ ਦਿਹਾੜੀ ਦਾਰ ਜਾਂ ਕਿਸੇ ਜਾਗੀਰਦਾਰ ਦੇ ਮੁਜ਼ਾਰੇ ਪੜ੍ਹ ਲੈਂਦਾ, ਉਸ ਦਾ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ, ਅਤੇ ਲੇਖਕ ਨੂੰ ਸ਼ੋਹਦਾ ਖਿਆਲ ਕਰਦਾ। ਪਰ ਇਦਾਂ ਦੀਆਂ ਕਹਾਣੀਆਂ ਵਿਚੋਂ ਵੀ ਉਸ ਨੂੰ ਇਕ ਕਿਸਮ ਬੇ-ਹਦ ਪਸੰਦ ਸੀ। ਜੇਕਰ ਇਦਾਂ ਦੇ 'ਸ਼ੋਹਦੇ ਆਸ਼ਕਾਂ' ਦੀ ਪ੍ਰੇਮਿਕਾ ਨੂੰ ਕਾਰਖਾਨੇਦਾਰ ਦਾ ਪੁੱਤਰ ਜਾਂ ਜਾਗੀਰਦਾਰ ਦਾ ਪੁੱਤਰ ਜਬਰਨ ਆਪਣੀ ਕੋਠੀ ਵਿਚ ਪਾ ਲੈਂਦਾ ਤਾਂ ਲੇਖਕ ਨੂੰ ਉਹ ਮਹਾਨ ਉਨਰਕਾਰ ਸਮਝਦਾ, ਜਿਸ ਨੇ ਪਿਆਰ ਨੂੰ ਗੰਦ ਚੋਂ ਚੁੱਕ ਕੇ ਉਸ ਦੇ ਅਸਲੀ ਮੰਦਰ ਵਿਚ ਪੁਚਾ ਦਿਤਾ ਹੁੰਦਾ।

ਉਹ ਅਫਸਾਨੇ ਪੜ੍ਹਦਾ ਰਿਹਾ, ਸਵਾਦ ਸਵਾਦ ਹੁੰਦਾ ਰਿਹਾ, ਤੇ ਇਕ ਦਿਨ ਉਸ ਨੇ ਆਪਣਾ ਦਿਲ ਕੁਝ ਖਾਲੀ ਖਾਲੀ ਪ੍ਰਤੀਤ ਕੀਤਾ, ਉਹ ਕੁਝ ਗੁਆਚ ਗੁਆਚ ਗਿਆ ਪਿਆਰ ਦੀ ਕਿਤਾਬੀ ਦੁਨੀਆਂ 'ਚੋਂ ਉਹ ਪਿਆਰ ਦੀ ਅਮਲੀ ਦੁਨੀਆਂ ਵਿਚ ਆਉਣਾ ਚਾਹੁੰਦਾ ਸੀ, ਉਹ ਪਿਆਰ ਕਰਨਾ ਚਾਹੁੰਦਾ ਸੀ, ਕਿਸੇ ਕੁੜੀ ਤੋਂ ਪਿਆਰਿਆ ਜਾਣਾ ਚਾਹੁੰਦਾ ਸੀ।

"ਰਿਸ਼ੀ ਕਾਲਜ ਜਾ ਰਹੀ ਸੀ, ਉਸ ਨੂੰ ਦੇਰ ਹੋ ਰਹੀ ਸੀ, ਉਹ ਕਾਹਲੀ ਕਾਹਲੀ ਸਾਈਕਲ ਦੇ ਪੈਡਲ ਮਾਰ ਰਹੀ ਸੀ....." ਉਸ ਪੜ੍ਹਿਆ ਹੋਇਆ ਸੀ, "ਚੌਂਕ ਦੇ ਮੋੜ ਤੋਂ ਅਚਾਨਕ ਮੁੜਨ ਲਗਿਆਂ ਇਕ ਸਾਈਕਲ ਉਸ ਵਿਚ ਆ ਵਜੀ, ਉਹ ਡਿਗ ਪਈ, ਉਸ ਦੀਆਂ ਕੰਵਲ ਅਖਾਂ ਲਾਲੋ ਲਾਲ ਹੋ ਗਈਆਂ, ਇਸ ਤੋਂ ਪਹਿਲੋਂ ਕਿ ਉਹ ਆਪਣੀ ਸੈਂਡਲ ਲਾਹ ਲੈਂਦੀ ਰਮੇਸ਼ ਨੇ ਉਸਦੀਆਂ ਕਿਤਾਬਾਂ ਸਮੇਟ ਕੇ ਫੜਾਂਦਿਆਂ ਕਿਆ 'ਮੁਆਫ਼ ਕਰਨਾ ਗ਼ਲਤੀ ਹੋ ਗਈ', ਤੇ ਉਹ ਮੁਸਕ੍ਰਾ ਪਈ, ਉਹ ਵੀ ਮੁਸਕ੍ਰਾ ਪਿਆ..... ਜਾਂ, "ਪਮੀਲਾ ਬੜੀ ਤੇਜ਼ ਕਾਰ ਚਲਾ ਰਹੀ ਸੀ, ਉਸ ਨੂੰ ਜਲਦੀ ਸੀ, ਸਹੇਲੀ ਦੇ ਗਾਰਡਨ ਪਾਰਟੀ ਦੇ ਸੱਦੇ ਤੇ ਜਾਣਾ ਸੀ, ਇਕ ਦੰਮ ਸੜਕ ਤੇ ਭੀੜ ਆ ਗਈ, ਉਸ ਨੇ ਕਈ ਹਾਰਨ ਦਿਤੇ ਪਰ ਤਾਂ ਵੀ ਬਚਦਿਆਂ ਬਚਦਿਆਂ ਇਕ ਸੋਹਨਾ ਜਵਾਨ ਕਾਰ ਥਲੇ ਆ ਹੀ ਗਿਆ... 'ਕਰਨ' ਦੀ ਜਦ ਆਖਰੀ ਪੱਟੀ ਖੁਲ੍ਹੀ, ਪਮੀਲਾ ਬੜੀ ਬੇ-ਤਾਬ ਖੜੀ ਸੀ, ਦੁਹਾਂ ਇਕ ਦੂਜੇ ਨੂੰ ਤੱਕਿਆ ਤੇ ਤੱਕਦੇ ਹੀ ਰਹਿ ਗਏ....."

ਉਸ ਨੇ ਸੋਚਿਆ, ਕਿਵੇਂ ਉਹ ਕਿਸੇ ਦੀ ਸਾਈਕਲ ਨਾਲ ਟੱਕਰ ਮਾਰੇ, ਕਿਸੇ ਦੀ ਕਾਰ ਥਲੇ ਆਵੇ ਜਾਂ ਕਿਸੇ ਦੇ ਟਾਂਗੇ ਦਾ ਸਾਈਸ ਹੀ ਜਾ ਲਗੇ। ਉਸ ਨੂੰ ਕੁਝ ਵੀ ਤੇ ਸਮਝ ਨਹੀਂ ਸੀ ਆਉਂਦੀ, ਪਰ ਉਹ ਪਿਆਰ ਜ਼ਰੂਰ ਲੈਣਾ ਦੇਣਾ ਚਾਹੁੰਦਾ ਸੀ। ਉਸ ਦਾ ਦਿਲ ਕੁਝ ਮੰਗਦਾ ਸੀ, ਕਿਸੇ ਦਾ ਹੋਣਾ ਚਾਹੁੰਦਾ ਸੀ, ਤੇ ਬਸਉਹ ਕੇਵਲ ਪਿਆਰ ਹੀ ਤਾਂ ਚਾਹੁੰਦਾ ਸੀ।

ਆਖ਼ਰ ਇਕ ਦਿਨ ਉਸ ਦੀ ਉਮੀਦ ਵਰ ਆ ਗਈ। ਉਹ ਕਾਲਜ ਜਾ ਰਿਹਾ ਸੀ, ਰੋਜ਼ ਵਾਂਗੂੰ ਉਹ ਆਪਣੀ ਕਲਪਿਤ ਪ੍ਰੇਮਕਾ ਨਾਲ ਪਿਆਰ ਦੀਆਂ ਗੱਲਾਂ ਕਰੀ ਜਾ ਰਿਹਾ ਸੀ, ਉਸ ਨੇ ਦੂਰੋਂ ਇਕ ਸਕੂਲ ਦੀ ਕੁੜੀ ਹੱਥ ਵਿਚ ਕਿਤਾਬਾਂ ਫੜੀ ਆਉਂਦੀ ਵੇਖੀ।

ਉਸ ਨੇ ਪਲ ਪਲ ਅੱਖਾਂ ਝਮਕੀਆਂ ਆਪਣੇ ਦਿਮਾਗ਼ ਤੇ ਜ਼ੋਰ ਪਾਇਆ, ਮਨ ਵਿਚ ਦੀ ਕੁੜੀ ਦੇ ਚਿਹਨ ਧਿਆਨ ਨਾਲ ਵੇਖੇ ਤੇ ਉਸ ਆਉਂਦੀ ਹੋਈ ਕੁੜੀ ਦੇ ਨਕਸ਼ਾਂ ਵਿਚ ਉਸ ਦੀਆਂ ਨਜ਼ਰਾਂ ਉਲਝ ਕੇ ਰਹਿ ਗਈਆਂ। ਕੁੜੀ ਨੇੜੇ ਆਉਂਦੀ ਗਈ। ਉਸਦਾ ਹੈਂਡਲ ਤੇ ਕਾਬੂ ਘਟਦਾ ਗਿਆ, ਘਟਦਾ ਗਿਆ। ਕੁਝ ਹੋਇਆ, ਤੇ ਪਤਾ ਨਹੀਂ ਉਹ ਕੁੜੀ ਕਦੋਂ ਉਸ ਦੇ ਲਾਗੋਂ ਦੀ ਲੰਘ ਗਈ। ਉਹ ਕਾਲਜ ਪੁਜ ਚੁੱਕਾ ਸੀ। ਉਸ ਦਿਨ ਕਾਲਜ ਵਿਚ ਉਹ ਪੜ੍ਹ ਨਾ ਸਕਿਆ, ਪ੍ਰੈਕਟੀਕਲ ਵਿਚ ਵੀ ਉਸ ਦਾ ਦਿਲ ਨਾ ਲਗਾ, ਅਤੇ ਜਦੋਂ ਉਹ ਘਰ ਪਰਤ ਰਿਹਾ ਸੀ, ਉਸ ਨੂੰ ਉਮੀਦ ਸੀ ਸ਼ਾਇਦ ਉਹ ਵੀ ਘਰ ਜਾ ਰਹੀ ਹੋਵੇਗੀ, ਉਹ ਉਸ ਨੂੰ ਵੇਖ ਸਕੇਗਾ..........

ਪਤਾ ਨਹੀਂ ਉਸ ਕੁੜੀ ਨੂੰ ਕੁਝ ਹੋਇਆ ਜਾਂ ਨਾ, ਪਰ ਉਹ ਜ਼ਰੂਰ ਉਸ ਨੂੰ ਪਿਆਰ ਕਰਨ ਲਗ ਗਿਆ ਸੀ, ਕਿਉਂਕਿ ਉਹ ਮੰਨਦਾ ਹੁੰਦਾ ਸੀ, ਪਿਆਰ ਪਹਿਲੀ ਨਜ਼ਰ ਦਾ ਹੀ ਹੁੰਦਾ ਹੈ ਤੇ ਉਹ ਇਹ ਵੀ ਯਕੀਨ ਰਖਦਾ ਸੀ ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਹਨ। ਉਹ ਉਸ ਦੀ ਬਾਬਤ ਸੋਚਦਾ ਸੀ, ਉਹ ਵੀ ਜ਼ਰੂਰ ਉਸ ਵਾਸਤੇ ਸੋਚਦੀ ਹੋਵੇਗੀ। ਅਤੇ ਉਸੇ ਸ਼ਾਮ ਉਸ ਨੇ ਆਪਣੇ ਇਕ ਦੋਸਤ ਨੂੰ ਦਸਿਆ ਸੀ ਮੈਂ ਸਮਝਦਾ ਸਾਂ ਆਰਟਿਸਟ ਦਾ ਕਲਪਿਤ ਹੁਸਨ ਆਰਟਿਸਟ ਦੇ ਦਿਮਾਗ ਤੋਂ ਬੁਰਸ਼ ਤੇ ਕੈਨਵਸ ਤੱਕ ਹੀ ਮਹਿਦੂਦ ਹੁੰਦਾ ਹੈ, ਪਰ ਨਹੀਂ, ਅਜ ਮੈਂ ਅਰਸ਼ੀ ਸੁਹੱਪਣ ਵੇਖਿਆ ਹੈ, ਜਿਸ ਨੂੰ ਆਰਟ ਵਕਾਲਤ ਦੀ ਵੀ ਜ਼ਰੂਰਤ ਨਹੀਂ, ਆਪਣੇ ਆਪ ਵਿਚ ਹੀ ਮੁਕੰਮਲ ਹੈ।

ਇਹ ਪਹਿਲੀ ਕੁੜੀ ਸੀ, ਜੋ ਉਸ ਨੂੰ ਅਤਿ ਪਿਆਰੀ ਲਗੀ। ਉਹ ਉਸ ਨੂੰ ਕਦੀ ਨੇੜੇ ਹੋ ਕੇ ਤਾਂ ਨਹੀਂ ਸੀ ਮਿਲੀ ਪਰ ਸਦਾ ਉਸ ਨੂੰ ਆਪਣੇ ਨਾਲ ਹੀ ਮਹਿਸੂਸ ਕਰਦਾ ਹੁੰਦਾ ਸੀ। ਉਸ ਦੇ ਮਨ ਵਿਚ ਉਸ ਵਾਸਤੇ ਅਥਾਹ ਇੱਜ਼ਤ ਸੀ, ਸਦਾ ਸਤਿਕਾਰ ਨਾਲ ਯਾਦ ਕਰਦਾ ਹੁੰਦਾ ਸੀ। ਨਿਤ ਇਵੇਂ ਹੀ ਹੁੰਦਾ, ਜਿਸ ਵੇਲੇ ਉਹ ਕਾਲਜ ਜਾ ਰਿਹਾ ਹੁੰਦਾ ਉਹ ਸਕੂਲ ਆ ਰਹੀ ਹੁੰਦੀ, ਇਹ ਉਸ ਨੂੰ ਵੇਖਦਾ, ਤੇ ਇਸ ਨੂੰ ਇਹ ਪਰਵਾਹ ਨਹੀਂ ਸੀ ਉਹ ਇਸ ਵੱਲ ਤਕਦੀ ਸੀ ਜਾਂ ਨਹੀਂ, ਉਸ ਨੂੰ ਆਪਣੇ ਪਿਆਰ ਦੀ ਨਿਸ਼ਕਾਮਤਾ ਤੇ ਵਿਸ਼ਵਾਸ਼ ਸੀ। ਉਸਨੂੰ ਉਹ ਮੁੰਡੇ ਗੰਦੇ ਲਗਦੇ ਸਨ, ਜਿਹੜੇ ਪਿਆਰ ਪਾ ਕੇ ਆਪਣੀ ਜਿਨਸੀ ਭੁੱਖ ਪੂਰੀ ਕਰ ਕੇ ਕਿਸੇ ਹੋਰ ਦੀ ਤਲਾਸ਼ ਸ਼ੁਰੂ ਕਰ ਦੇਂਦੇ ਸਨ। ਉਹ ਪਿਆਰ ਨੂੰ ਇਕ ਦੈਵੀ ਬਖ਼ਸ਼ਿਸ਼ ਸਮਝਦਾ ਸੀ, ਜਿਸ ਦਾ ਫਾਨੀ ਸਰੀਰਾਂ ਨਾਲ ਕੋਈ ਸਬੰਧ ਨਹੀਂ ਹੋ ਸਕਦਾ, ਪਿਆਰ ਤਾਂ ਰੂਹ ਦੀ ਖ਼ੁਰਾਕ ਹੈ। ਬੜੀ ਕੋਸ਼ਿਸ਼ ਕਰ ਕੇ ਉਸ ਨੇ ਪਿਆਰ ਦੀ ਫ਼ਿਲਾਸਫ਼ੀ ਬਾਬਤ ਸਿਆਣੇ ਬੰਦਿਆਂ ਦੇ ਵਿਚਾਰ ਪੜ੍ਹੇ। ਉਸ ਨੇ ਸੁਣਿਆ ਸੀ, ਸਵਰਗ ਵਿੱਚ ਜਦ ਕੋਈ ਰੂਹ ਗੁਨਾਹ ਕਰਦੀ ਹੈ, ਪ੍ਰਮਾਤਮਾ ਉਸ ਦੇ ਟੋਟੇ ਕਰ ਕੇ ਦੁਨੀਆਂ ਵਿਚ ਅਡ ਅਡ ਸੁਟ ਦੇਂਦਾ ਹੈ, ਤਾਂ ਜੋ ਉਹ ਇਕ ਦੂਜੇ ਦੀ ਜੁਦਾਈ ਵਿਚ ਵਿਲਕਣ, ਇਕ ਦੂਜੇ ਨੂੰ ਲਭਣ, ਪਸਚਾਤਾਪ ਕਰਨ, ਆਪਣਾ ਗੁਨਾਹ ਭੁਗਤਣ। ਉਹ ਪ੍ਰੇਮੀ ਤੇ ਪ੍ਰੇਮਕਾ ਨੂੰ ਇਕੋ ਰੂਹ ਦੇ ਦੋ ਟੋਟੇ ਸਮਝਦਾ ਸੀ, ਇਕੋ ਗਡੀ ਦੇ ਦੋ ਪਹੀਏ ਖ਼ਿਆਲ ਕਰਦਾ ਸੀ।

ਇਵੇਂ ਹੀ ਇਕ ਸਾਲ ਬੀਤ ਗਿਆ। ਉਸ ਦਾ ਵਿਸ਼ਵਾਸ ਸੀ, ਜਦ ਉਸ ਕੁੜੀ ਦੀ ਸ਼ਕਲ ਉਸ ਦੇ ਮਨ ਵਿਚ ਡੂੰਘੀ ਉਕਰ ਜਾਏਗੀ, ਤਾਂ ਆਪੋਂ ਹੀ ਉਸ ਨੂੰ ਲਭਦੀ ਆਵੇਗੀ। ਪਿਆਰ ਵਿਚ ਉਹ ਮਹਾਨ ਸ਼ਕਤੀ ਮੰਣਦਾ ਸੀ, ਜੋ ਅਕਾਸ਼ ਦੇ ਸਿਆਰਿਆਂ ਦਾ ਰਾਹ ਤਬਦੀਲ ਕਰ ਸਕਦੀ ਸੀ, ਜਿਸ ਦੇ ਅੱਗੇ ਸਮਾਂ ਤੇ ਵਿੱਥ ਬੇਅਰਥ ਹੋ ਜਾਂਦੇ ਸਨ।

ਕਿਸੇ ਅਕਾਰ ਨੂੰ ਮਨ ਵਿਚ ਚਿਤ੍ਰਨ ਵਾਸਤੇ ਉਸ ਦਾ ਨਾਂ ਦਿਮਾਗ ਵਿਚ ਆਉਣਾ ਜ਼ਰੂਰੀ ਹੈ ਉਸ ਨੂੰ ਪਤਾ ਸੀ, ਪਰ ਉਸ ਕੁੜੀ ਦਾ ਨਾਂ ਉਹ ਅਜੇ ਤਕ ਵੀ ਨਹੀਂ ਸੀ ਜਾਣ ਸਕਿਆ। ਆਖਰ ਆਪਣੇ ਗੁਆਂਢ ਰਹਿੰਦੀ ਇਕ ਕੈਲਾਸ਼ ਤੋਂ ਜੋ ਉਨਾਂ ਦੇ ਸਕੂਲ ਦੂਜੀ ਸਮਾਤ ਵਿਕ ਪੜ੍ਹਦੀ ਸੀ, ਉਸ ਕੁੜੀ ਦਾ ਨਾਂ ਪਤਾ ਕਰ ਹੀ ਲਿਆ ਉਸ ਦਾ ਨਾਂ ਨਰੇਂਦਰ ਸੀ। ਨਰੇਂਦਰ ਨੂੰ ਉਹ ਆਪਣੇ ਤਨ ਮਨ ਦਾ ਇਕੋ ਇਕ ਮਾਲਕ ਮਨ ਚੁੱਕਾ ਸੀ। ਚਵ੍ਹੀ ਘੰਟੇ ਉਸ ਦੀ ਕਲਪਣਾ ਵਿਚ ਨਰੇਂਦਰ ਉਭਰਦੀ ਤੇ ਅਲੋਪ ਹੁੰਦੀ ਰਹਿੰਦੀ, ਉਸ ਦੇ ਸੁਪਨਿਆਂ ਦੀ ਮਲਕਾ ਨਰੇਂਦਰ ਹੀ ਸੀ। ਆਪਣੀ ਇਸ ਵਫ਼ਾ ਵਿਚ ਉਸ ਨੂੰ ਨਰੇਂਦਰ ਨਾਲ ਕਦੀ ਪਹਿਲੀ ਮੁਲਾਕਾਤ ਦਾ ਖ਼ਿਆਲ ਵੀ ਨਹੀਂ ਸੀ ਆਇਆ, ਪਰ ਫਿਰ ਵੀ ਇਕ ਦਿਨ ਉਸ ਨੇ ਕੈਲਾਸ਼ ਦੇ ਹੱਥ ਇਕ ਕਾਗਜ਼ ਦੀ ਸਲਿਪ ਤੇ 'ਨਰੇਂਦਰ ਜੀ, ਸਤਿ ਸ੍ਰੀ ਅਕਾਲ', ਲਿਖ ਕੇ ਉਸ ਕੋਲ ਸਕੂਲੇ ਭੇਜ ਦਿਤਾ।

ਉਸ ਦਿਨ ਕਾਲਜ ਵਿਚ ਖੁਲਾਸਾ ਖੁਲਾਸਾ ਪੁਤੀਤ ਕਰਦਾ ਸੀ, ਉਹ ਖੁਸ਼ ਸੀ ਖਿੜੇ ਗੁਲਾਬ ਵਾਂਗੂੰ ਹਲਕਾ ਫੁੱਲ ਜਿਵੇਂ ਅਰਸ਼ੀਂ ਉਡ ਰਿਹਾ ਹੋਵੇ। ਪਤਾ ਨਹੀਂ ਉਸ ਨੂੰ ਆਪਣੀ 'ਸਤਿ ਸ੍ਰੀ ਅਕਾਲ' ਦੇ ਜਵਾਬ ਵਿਚ ਕਿਸ ਗਲ ਦੀ ਆਸ ਸੀ, ਪਰ ਜਦੋਂ ਉਹ ਘਰ ਪਰਤਿਆ, ਕੈਲਾਸ਼ ਪਹਿਲਾਂ ਹੀ ਪੁਜੀ ਹੋਈ ਸੀ, ਉਸ ਦੇ ਕੁਝ ਪੁਛਣ ਤੋਂ ਪਹਿਲਾਂ ਹੀ ਉਸ ਨੇ ਆਖ ਦਿਤਾ, "ਉਹ ਕਹਿੰਦੀ ਸੀ, ਚੁਪ ਕਰੇ, ਜੁਤੀਆਂ ਨਾ ਖਾਵੇ।"

ਉਸ ਤੇ ਕੋਈ ਬਿਜਲੀ ਨਾ ਡਿਗੀ, ਅਸਮਾਨ ਨਾ ਫਟਿਆ, ਅਤੇ ਜ਼ਮੀਨ ਅਡੋਲ ਹੀ ਘੁਮਦੀ ਰਹੀ। ਉਸ ਨੂੰ ਯਕੀਨ ਨਾ ਆਇਆ, ਨਰੇਂਦਰ ਵੀ ਇਹੋ ਜਿਹੇ ਕੋਝੇ ਲਫ਼ਜ਼ ਕਹਿ ਸਕਦੀ ਸੀ ਜਿਸਦਾ ਸੁਹੱਪਣ ਆਰਟਿਸਟ ਦੀ ਕਲਪਣਾ ਦੇ ਖੰਭ ਖੋਹ ਦੇਂਦਾ ਸੀ। ਸ਼ਾਇਦ ਨਰੇਂਦਰ ਨੂੰ ਪਤਾ ਨਾ ਲਗਾ ਹੋਵੇ 'ਸਤਿ ਸ੍ਰੀ ਅਕਾਲ' ਕਿਸ-ਲਿਖ ਭੇਜੀ ਸੀ ਉਸ ਸੋਚਿਆ, ਪਰ ਉਸ ਨੇ ਥਲੇ ਆਪਣਾ ਨਾਂ ਵੀ ਤਾਂ ਲਿਖਿਆ ਹੋਇਆ ਸੀ, ਨਹੀਂ ਉਹ ਇਹ ਨਹੀਂ ਕਹਿ ਸਕਦੀ ਸੀ, ਜਾਂ ਸਹਿਜ ਸੁਭਾ ਹੀ ਉਸ ਦੇ ਮੂੰਹੋਂ ਨਿਕਲ ਗਿਆ ਹੋਵੇਗਾ।

ਤੇ ਇਕ ਦਿਨ ਉਹ ਆਪੋ ਹੀ ਉਸ ਨੂੰ ਮਿਲਣ ਵਾਸਤੇ ਤੁਰ ਪਿਆ। ਉਹ ਅਜੇ ਸਕੂਲ ਜਾਣ ਵਾਸਤੇ ਘਰੋਂ ਨਿਕਲੀ ਹੀ ਸੀ, ਗਲੀ ਦੇ ਮੋੜ ਤੇ ਹੀ ਸੀ, ਉਸ ਨੇ ਅਗੇ ਵਧ ਕੇ 'ਸਤਿ ਸ੍ਰੀ ਅਕਾਲ' ਕਿਹਾ।

'ਬਕਵਾਸੀ ਕੁੱਤੇ ਜੁਤੀਆਂ ਮਾਰ ਮਾਰ ਠੀਕ ਕਰ ਦਿਆਂਗੀ, ਲੋਫਰ', ਉਹ ਇਕੋ ਸਾਹ ਆਖ ਕੇ ਅਗੇ ਤੁਰ ਗਈ। ਉਹ ਉਥੇ ਹੀ ਖਲੋਤਾ ਰਹਿ ਗਿਆ, ਕੁਝ ਸੋਚਣ ਵਾਸਤੇ।

ਇਕ ਕੁੜੀ ਦੇ ਗਿਣਵੇਂ ਤੋਲਵੇਂ ਲਫਜ਼ਾਂ ਨੇ ਉਸ ਦਾ ਦੋ ਸਾਲ ਦਾ ਵਿਸ਼ਵਾਸ਼ ਕੰਬਾ ਦਿਤਾ, ਤੇ ਉਸ ਦਾ ਆਪਣੇ ਆਪ ਸੋਚਣ ਤੇ ਜੀਅ ਕੀਤਾ ਆਖਰ ਇਦਾਂ ਤਾਂ ਕਿਉਂ? ਕੀ ਉਹ ਨਰੇਂਦਰ ਨੂੰ ਅਪਣੇ ਦਿਲ ਦੀਆਂ ਡੂੰਘਾਣਾ 'ਚੋਂ ਪਿਆਰ ਨਹੀਂ ਸੀ ਕਰਦਾ? ਕੀ ਉਹ ਪੋਟਾ ਪੋਟਾ ਨਰੇਂਦਰ ਦਾ ਨਹੀਂ ਸੀ ਹੋ ਜਾਣਾ ਚਾਹੁੰਦਾ? ਉਹ ਤਾਂ ਨਰੇਂਦਰ ਹੀ ਹੋ ਜਾਣਾ ਚਾਹੁੰਦਾ ਸੀ, ਉਸ ਨੂੰ ਤੇ ਹੋਰ ਕੁਝ ਜਚਦਾ ਵੀ ਨਹੀਂ ਸੀ, ਉਹ ਤਾਂ ਉਸੇ ਨੂੰ ਪਿਆਰ ਕਰਦਾ ਸੀ, ਉਸ ਦਾ ਅੱਲ੍ਹੜ ਪਿਆਰ। ਤੇ ਉਸ ਨੇ ਆਪਣੇ ਖੱਦਰ ਦੇ ਕਮੀਜ਼ ਪਜਾਮੇਂ ਵਲ ਨਿਗਾਹ ਮਾਰੀ, ਲਾਲ ਖੱਲ ਦੀ ਜੁੱਤੀ ਉਤੇ ਘਟਾ ਜੰਮਿਆ ਹੋਇਆ ਸੀ ਉਸ ਦਾ ਜੀ ਮਿਚਕ ਗਿਆ, ਉਸ ਦੇ ਦਿਮਾਗ਼ ਨੂੰ ਜਿਵੇਂ ਕੋਈ ਝੰਜੋੜ ਰਿਹਾ ਸੀ।

ਕਿਸੇ ਦੀ ਲਿਆਕਤ ਦਾ ਅੰਦਾਜ਼ਾ ਕਪੜਿਆਂ ਤੋਂ ਤਾਂ ਨਹੀਂ ਸੀ ਹੋ ਸਕਦਾ। ਕਾਸ਼ , ਉਹ ਪਲ ਕੁ ਰੁਕ ਕੇ ਉਸ ਦੀ ਗੱਲ ਸੁਣ ਲੈਂਦੀ, ਉਸ ਦੀ ਧੜਕਦੀ ਹਿੱਕ ਨਾਲ ਕੰਨ ਲਾ ਕੇ ਉਸ ਦੇ ਅਛੋਹ ਦਿਲ ਦੀ ਉਮੰਗਾਂ ਭਰੀ ਅਵਾਜ਼ ਸੁਣ ਲੈਂਦੀ। ਉਸ ਨੂੰ ਅਫ਼ਸੋਸ ਸੀ, ਨਰੇਂਦਰ ਨੇ ਉਸ ਨੂੰ ਆਪਣੇ ਉਚੇ ਖ਼ਿਆਲ ਦਸਣ ਦਾ ਸਮਾਂ ਹੀ ਨਹੀਂ ਸੀ ਦਿਤਾ, ਉਹ ਤਾਂ ਇਕ ਕਵੀ ਸੀ। ਆਪਣੇ ਦੋਸਤਾਂ ਵਿਚ ਸਤਿਕਾਰਿਆ ਲਿਖਾਰੀ ਸੀ। ਸਾਹਿੱਤਕ ਸਭਾਵਾਂ ਵਿਚ ਉਸ ਦੀਆਂ ਲਿਖਤਾਂ ਤੇ ਤਾਲੀਆਂ ਨਾਲ ਹਾਲ ਗੂੰਜ ਉਠਦਾ ਸੀ... ਨਹੀਂ, ਉਹ ਉਸ ਨੂੰ 'ਨਫ਼ਰਤ ਨਹੀਂ ਸੀ ਕਰ ਸਕਦੀ, ਕਾਸ਼, ਉਸ ਨੂੰ ਨੇੜਿਉਂ ਹੋ ਕੇ ਵੇਖ ਸਕਦੀ।

ਉਹ ਇਕ ਵਾਰ ਹੋਰ ਪਿਆਰ-ਭਿਖ ਮੰਗਣ ਵਾਸਤੇ ਨਰੇਂਦਰ ਅਗੇ ਹੱਥ ਅੱਡਣ ਤਾਂ ਜ਼ਰੂਰ ਜਾਂਦਾ ਪਰ ਬੜੇ ਸਮੇਂ ਪਿੱਛੋਂ ਹੀ ਉਸ ਨੂੰ ਖ਼ਬਰ ਮਿਲੀ, ਨਰੇਂਦਰ ਇਕ ਡੀ ਸੀ ਦੇ ਪੁੱਤਰ ਨਾਲ ਵਿਆਹੀ ਗਈ ਸੀ।

ਉਸ ਦਾ ਪਿਆਰ ਨਾ-ਕਾਮਯਾਬ ਰਿਹਾ, ਉਸਨੂੰ ਜ਼ਿਆਦਾ ਅਫ਼ਸੋਸ ਨਾ ਹੋਇਆ, ਉਹ ਜਾਣਦਾ ਸੀ ਨਰੇਂਦਰ ਨੂੰ ਇਹ ਮੌਕਾ ਹੀ ਨਹੀਂ ਸੀ ਮਿਲਿਆ ਉਸਦਾ ਦਿਲ ਫਰੋਲ ਸਕਦੀ। ਹੁਣ ਨਰੇਂਦਰ ਜਾ ਚੁੱਕੀ ਸੀ, ਕਦੀ ਵੀ ਨਾ ਵਾਪਸ ਆਉਣ ਵਾਸਤੇ, ਤੇ ਉਸ ਦਾ ਦਿਮਾਗ਼ ਬਣ ਚੁੱਕਾ ਸੀ, ਕਦੀ ਵੀ ਨਾ ਖ਼ਾਲੀ ਰਹਿਣ ਵਾਸਤੇ। ਉਹ ਪਿਆਰ ਕੀਤੇ ਬਿਨਾਂ ਨਹੀਂ ਸੀ ਰਹਿ ਸਕਦਾ। ਉਹ ਕਿਸੇ ਦੂਸਰੀ ਕੁੜੀ ਨੂੰ ਪਿਆਰ ਕਰੇਗਾ ਉਸ ਨੇ ਸੋਚਿਆ ਸੀ, ਹੁਣ ਜਿਸ ਨੂੰ ਉਹ ਪਿਆਰੇਗਾ ਜ਼ਰੂਰ ਉਸ ਨੂੰ ਨੇੜੇ ਹੋ ਕੇ ਆਪਾ ਵਿਖਾਵੇਗਾ।

ਉਸ ਦੇ ਇਕ ਦੂਰ ਦੇ ਸਬੰਧੀ ਦੀ ਕੁੜੀ ਹਰਜੀਤ, ਉਸ ਦੇ ਦੇ ਦਿਮਾਗ਼ ਵਿਚ ਵੜਦੀ ਗਈ, ਵੜਦੀ ਗਈ।

ਸੋਲਾਂ ਤੋਂ ਵੀਹ ਸਾਲ ਤੱਕ ਉਸਦੇ ਖ਼ਿਆਲ ਆਪਣੇ ਵਟੀਂਦੇ ਆਲੇ ਦੁਆਲੇ ਦਾ ਅਸਰ ਕਬੂਲ ਕੇ ਢਲਦੇ ਰਹੇ। ਉਂਝ ਆਪ ਵੀ ਉਸਨੂੰ ਖੋਜ ਕਰਨ ਦਾ ਬਹੁਤ ਸ਼ੌਕ ਸੀ, ਤਾਂ ਹੀ ਤਾਂ ਉਸ ਨੇ ਕਾਲਜ ਵਿਚ ਬਇਆਲੋਜੀ ਦੀ ਪੜ੍ਹਾਈ ਸ਼ੁਰੂ ਕੀਤੀ ਹੋਈ ਸੀ। ਇਹ ਦੁਨੀਆਂ ਕੀ ਹੈ, ਤੇ ਕਿਉਂ ਹੈ ਉਸ ਨੂੰ ਇਹ ਜਾਨਣ ਦੀ ਬੜੀ ਚਾਹ ਸੀ, ਤੇ ਇਸ ਤੋਂ ਵੀ ਵੱਧ ਉਹ ਆਪਣੇ ਭਾਈਚਾਰੇ ਦੇ ਰਿਸ਼ਤਿਆਂ ਦੀ ਬਾਬਤ ਪੂਰੀ ਪੂਰੀ ਸੂਝ ਹਾਸਲ ਕਰਨੀ ਚਾਹੁੰਦਾ ਸੀ। ਕਿਉਂ ਇਕ ਆਦਮੀ ਇਕ ਔਰਤ ਨੂੰ ਪਿਆਰ ਕਰਦਾ ਹੈ?

ਇਸ ਦਾ ਜਵਾਬ ਡਾਰਵਨ ਦੀਆਂ ਵਿਕਾਸ਼ ਦੀਆਂ ਥੀਊਰੀਆਂ ਦਸਦੀਆਂ ਤਾਂ ਸਨ ਪਰ ਉਸ ਦਾ ਅਛੋਹ ਮਨ ਇਹ ਨਹੀਂ ਸੀ ਕਬੂਲ ਸਕਦਾ ਕਿ ਨਰ ਤੇ ਮਾਦਾ ਹੋਰ ਚੰਗੀ ਕਿਸਮ ਦੇ ਨਰ ਤੇ ਮਾਦਾ ਪੈਦਾ ਕਰਨ ਵਾਸਤੇ ਹੀ ਸਨ। ਇਹ ਪਸੂਆਂ ਦਾ ਕੰਮ ਉਸ ਨੂੰ ਬਹੁਤ ਬੁਰਾ ਲਗਦਾ ਸੀ। ਕਈ ਵਾਰ ਉਹ ਬਜ਼ਾਰਾਂ ਵਿਚ ਇਕ ਕੁੱਤੀ ਦੇ ਪਿੱਛੇ ਪੰਜ ਸੱਤ ਕੁੱਤੇ ਜ਼ਬਾਨਾਂ ਬਾਹਰ ਕਢੀ ਹੌਂਕਦੇ ਇਕ ਦੁਜੇ ਪਿਛੇ ਭੱਜੇ ਜਾਂਦੇ ਵੇਖਦਾ ਤਾਂ ਉਸ ਦਾ ਦਿਲ ਕੱਚਾ ਹੋ ਜਾਂਦਾ ਸੀ, ਉਸਦੇ ਦਿਮਾਗ਼ ਵਿਚ ਕੀੜੀਆਂ ਸੁਰਲ ਸੁਰਲ ਕਰਨ ਲਗ ਪੈਂਦੀਆ ਸਨ- ਅਤੇ ਨਾਲੇ ਜਦੋਂ ਉਨ੍ਹਾਂ ਦੇ ਘਰ ਉਨ੍ਹਾਂ ਦੀ ਆਪਣੀ ਮੱਝ ਸੂੰਦੀ ਉਹ ਕਿੰਨਾ ਕਿੰਨਾ ਚਿਰ ਡੌਰ ਭੌਰਾ ਹੋਇਆ ਰਹਿੰਦਾ ਸੀ, ਤੇ ਇਸੇ ਕਰਕੇ ਹੀ ਉਹ ਕਦੀ ਮਝ ਨੂੰ ਨਵੀਂ ਕਰਾਉਣ ਨਹੀਂ ਸੀ ਗਿਆ, ਸਦਾ ਕੰਮ ਦਾ ਬਹਾਨਾ ਕਰ ਕੇ ਨਿੱਕੇ ਭਰਾ ਨੂੰ ਹੀ ਭੇਜ ਦੇਂਦਾ ਹੁੰਦਾ ਸੀ। ਪਿਆਰ ਨੂੰ ਉਹ ਜਿਨਸੀ ਭੁੱਖ ਦਾ ਕੈਦੀ ਨਹੀਂ ਸੀ ਵੇਖ ਸਕਦਾ, ਪਰ ਤਾਂ ਵੀ ਉਹ ਕਦੀ ਕਿਸੇ ਦਰੱਖਤ ਨੂੰ, ਜਾਂ ਪੱਥਰ ਨੂੰ, ਜਾਂ ਫਿਰ ਕਿਸੇ ਮੇਜ਼ ਕੁਰਸੀ ਨੂੰ ਹੀ ਪਿਆਰ ਨਹੀਂ ਸੀ ਕਰ ਸਕਿਆ- ਕੇਵਲ ਇਕ ਕੁੜੀ ਨੂੰ ਹੀ ਪਿਆਰ ਕਰ ਸਕਦਾ ਸੀ, ਉਹ ਆਪ ਵੀ ਹੈਰਾਨ ਸੀ।

ਇਹਨਾਂ ਖ਼ਿਆਲਾਂ ਤੇ ਉਹ ਝੁੰਜਲਾ ਉਠਦਾ, ਛਿੱਥਾ ਪੈ ਜਾਂਦਾ ਤੇ ਦਿਲ ਹੀ ਦਿਲ ਵਿਚ ਹਰਜੀਤ ਤੋਂ ਆਪਣੇ ਨੀਚ ਖ਼ਿਆਲਾਂ ਦੀ ਮੁਆਫ਼ੀ ਮੰਗਦਾ, ਪਸਚਾਤਾਪ ਕਰਦਾ, ਉਹ ਨਿਸ਼ਕਾਮ ਪ੍ਰੇਮੀ ਹੀ ਰਹਿਣਾ ਚਾਹੁੰਦਾ ਸੀ। ਭਾਵੇਂ ਦਿਨੋਂ ਦਿਨ ਬਚਪਨ ਦਾ ਅਲ੍ਹੜ ਪੁਣਾ ਉਸ ਨੂੰ ਛਡਦਾ ਜਾਂਦਾ ਸੀ ਤੇ ਮਰਦਾਊ ਪੁਣਾ ਉਸ ਦੇ ਅੰਗਾਂ ਦਾ ਸ਼ਿੰਗਾਰ ਬਣ ਰਿਹਾ ਸੀ। ਬਸ ਉਹ ਪਿਆਰ ਹੀ ਕਰਦਾ ਸੀ, ਸਦਾ ਪਿਆਰ ਹੀ ਕਰਨਾ ਚਾਹੁੰਦਾ ਸੀ, ਬਸ ਪਿਆਰ ਹੀ, ਅਤੇ ਉਸ ਨੂੰ ਆਪਣੇ ਇਸ ਦੂਜੇ ਪਿਆਰ ਦੀ ਕਾਮਯਾਬੀ ਵਿਚ ਪੂਰਾ ਪੂਰਾ ਯਕੀਨ ਸੀ। ਹਰਜੀਤ ਦੇ ਘਰ ਉਸ ਦਾ ਔਣ ਜਾਣ ਸੀ। ਉਸ ਨਾਲ ਖੁਲ੍ਹੀਆਂ ਗੱਲਾਂ ਕਰਨ ਦਾ ਅਵਸਰ ਵੀ ਮਿਲ ਜਾਂਦਾ ਸੀ, ਪਰ ਇਕ ਸਾਲ ਤਕ ਉਸ ਨੇ ਕਦੀ ਵੀ ਆਪਣੇ ਦਿਲ ਦੀ ਜਵਾਰ ਭਾਟਾ ਨੂੰ ਕੰਢਿਓਂ ਬਾਹਰ ਨਹੀਂ ਸੀ ਉਛਲਣ ਦਿੱਤਾ। ਉਸ ਦੇ ਦਿਲ ਵਿਚ ਭਾਵੇਂ ਬੇ-ਮਲੂਮਾ ਜਿਹਾ ਡਰ ਸੀ, ਉਹ ਇਕ ਵਾਰੀ ਫਿਰ ਠੁਕਰਾਇਆ ਨਹੀਂ ਸੀ ਜਾਣਾ ਚਾਹੁੰਦਾ।

ਹਰਜੀਤ ਉਸ ਦੇ ਰਿਸ਼ਤੇਦਾਰਾਂ ਵਿੱਚੋਂ ਸੀ, ਇਹ ਇਕ ਨਵੀਂ ਗੁੰਝਲ ਸੀ। ਕੀ ਹਰਜੀਤ ਦਾ ਪਿਤਾ ਹਰਜੀਤ ਨਾਲ ਉਸ ਦਾ ਪਿਆਰ ਸਹਾਰ ਸਕਦਾ ਸੀ? ਪਰ ਹਰਜੀਤ ਦੀ ਮਾਤਾ ਨੇ ਉਸ ਨੂੰ ਕਈ ਵਾਰ ਜਤਾਇਆ ਸੀ ਕਿ ਉਹ ਬਹੁਤ ਸੋਹਣਾ ਸੀ, ਯੂਸਫ਼। ਉਮੀਦ ਤੇ ਬੇ-ਉਮੀਦੀ ਦਿਆਂ ਵਰੋਲਿਆਂ ਦੇ ਨਾਲ ਉਸ ਦਾ ਮਨ ਚੜ੍ਹਦਾ ਉਤਰਦਾ ਰਹਿੰਦਾ। ਇਹ ਰਿਸ਼ਤੇਦਾਰੀਆਂ, ਸਾਕ ਅੰਗ ਕੀ ਹਨ? ਇਸ ਦਾ ਜਵਾਬ ਉਸ ਨੂੰ ਕਿਤੋਂ ਵੀ ਹਾਲੇ ਤਸੱਲੀ-ਬਖ਼ਸ਼ ਨਹੀਂ ਸੀ ਮਿਲਿਆ। ਮਜ਼੍ਹਬ ਇਸ ਵਿਸ਼ੇ ਤੇ ਗੁੰਗਾ ਸਾਬਤ ਹੋ ਰਿਹਾ ਸੀ। ਇਕ ਮਜ਼੍ਹਬ ਇਕ ਸ਼ਾਦੀ ਦੀ ਇਜਾਜ਼ਤ ਦੇਂਦਾ ਸੀ ਤੇ ਦੂਜਾ ਚਾਰ ਸ਼ਾਦੀਆਂ ਦੀ, ਵਿਆਹ ਤੋਂ ਪਹਿਲਾਂ ਸਭ ਮਾਵਾਂ ਭੈਣਾਂ, ਤੇ ਬਾਅਦ ਵਿਚ ਇਕ ਵਹੁਟੀ ਬਣ ਜਾਂਦੀ ਸੀ, ਉਸ ਨਾਲ ਆਦਮੀ ਜੋ ਮਰਜ਼ੀ ਪਿਆ ਕਰੇ, ਭਾਵੇਂ ਹਰ ਸਾਲ ਨਿਆਣਾ ਜਣਾਏ ਤੇ ਭਾਵੇਂ ਕਦੀ ਵੀ ਨਾ। ਉਹ ਹੈਰਾਨ ਸੀ, ਕੀ ਪਤਾ ਜਿਸ ਨੂੰ ਉਹ ਅੱਜ ਭੈਣ ਤਸੱਵਰ ਕਰਦਾ ਸੀ ਕੁਲ ਉਹੋ ਹੀ ਉਸ ਦਾ ਬੱਚਾ ਪਾਲ ਰਹੀ ਹੋਵੇਗੀ। ਉਸ ਦੀ ਵਹੁਟੀ। ਤਾਂ ਕਿਉਂ ਉਹ ਇਕ ਵੇਲੇ ਵਹੁਟੀ ਨੂੰ ਮਾਂ ਜਾਂ ਭੈਣ ਅਤੇ ਮਾਂ ਨੂੰ ਇਕ ਵਹੁਟੀ ਤਸੱਵਰ ਨਹੀਂ ਸੀ ਕਰ ਸਕਦਾ? ਉਸ ਨੂੰ ਆਪਣੀ ਬੇ-ਹਯਾਈ ਤੇ ਗੁੱਸਾ ਆਉਂਦਾ, ਕੀ ਉਹ ਧਰਮ ਦੇ ਇਸ ਮਾਮੂਲੀ ਕਾਨੂੰਨ ਨੂੰ ਵੀ ਨਹੀਂ ਸੀ ਸਮਝ ਸਕਦਾ, ਜਿਸ ਦੇ ਆਸਰੇ ਧਰਤੀ ਕਾਇਮ ਸੀ ਤੇ ਅਕਾਸ਼ ਹਾਲੇ ਤੱਕ ਵੀ ਨਹੀਂ ਸੀ ਡਿਗ ਸਕਿਆ, ਭਾਵੇਂ ਲੱਖਾਂ ਸਤਾਰੇ ਇਸਦੀ ਹਿੱਕ ਛੇਦ ਚੁੱਕੇ ਸਨ? ਪਰ ਉਹ ਆਪਣੀ ਸਮਝ ਕਿਵੇਂ ਝੁਠਲਾ ਸਕਦਾ ਸੀ ਇਕ ਮੱਝ ਦਾ ਕੱਟਾ ਚਾਰ ਸਾਲਾਂ ਪਿਛੋਂ ਆਪਣੀ ਮਾਂ ਨੂੰ ਹੀ ਆਸੇ ਕਰ ਸਕਦਾ ਸੀ, ਅਤੇ ਆਪਣੀ ਭੈਣ ਕਟੀ ਨੂੰ ਵੀ, ਨਾਲੇ ਇਕ ਫੁੱਲ ਦੇ ਨਰ ਆਪਣੇ ਵਿਚ ਦੀ ਮਦੀਨ ਨੂੰ ਹੀ ਪਰਸੂਤ ਕਰ ਸਕਦੇ ਸਨ...... ਪਰ ਇਹ ਤਾਂ ਪਸ਼ੂ ਸਨ। ਮਨੁੱਖ ਤਾਂ ਕਈ ਸਦੀਆਂ ਦੇ ਵਿਕਾਸ ਪਿਛੋਂ ਪਸ਼ੂ ਬ੍ਰਿਤੀ ਲਾਹ ਕੇ ਇਕ ਉੱਚੀ ਜੂਨ ਬਣਿਆ ਸੀ।

ਆਖ਼ਰ ਇਕ ਦਿਨ ਉਸ ਨੇ ਹਰਜੀਤ ਨੂੰ ਦੱਸ ਹੀ ਦਿਤਾ ਸੀ, ਉਹ ਉਸ ਨੂੰ ਪਿਆਰ ਕਰਦਾ ਸੀ। ਹਰਜੀਤ ਨੇ ਕੋਈ ਜਵਾਬ ਨਹੀਂ ਸੀ ਦਿਤਾ, ਪਰ ਉਸ ਸ਼ਾਮ ਉਸ ਦੀ ਤਬੀਅਤ ਘਬਰਾਉਂਦੀ ਸੀ, ਉਸ ਦੀ ਮਾਤਾ ਨੇ ਉਸ ਨੂੰ ਲੂਣ ਕੇ ਨਿੰਬੂ ਚੂਸਾਇਆ ਸੀ, ਗੰਢਾ ਖਵਾਇਆ ਸੀਹਰਜੀਤ ਉਦਾਸ ਸੀ। ਫਿਰ ਹਰਜੀਤ ਦੀ ਮਾਤਾ ਨੇ ਉਸਦੀ ਮਾਤਾ ਨੂੰ ਆ ਕੇ ਸਮਝਾਇਆ ਸੀ ਮੁੰਡਾ ਜਵਾਨ ਹੋ ਗਿਆ ਹੈ, ਇਸ ਦਾ ਜਲਦੀ ਹੀ ਵਿਆਹ ਕਰ ਦੇਣਾ ਲਾਜ਼ਮੀ ਹੈ। ਪਰ ਉਸ ਦਾ ਵਿਆਹ ਤਾਂ ਕੀ ਹੋਣਾ ਸੀ, ਮਹੀਨਾ ਕੁ ਪਿਛੋਂ ਉਸ ਨੇ ਸੁਣ ਲਿਆ ਹਰਜੀਤ ਦਾ ਵਿਆਹ ਇਕ ਰਈਸ ਦੇ ਇਕਲੌਤੇ ਪੁੱਤਰ ਨਾਲ ਹੋ ਗਿਆ ਸੀ।

ਉਸਦਾ ਦੂਜਾ ਪਿਆਰ ਵੀ ਨਾ-ਕਾਮਯਾਬ ਰਿਹਾ। ਹੁਣ ਉਸ ਨੂੰ ਖਿਝ ਆ ਰਹੀ ਸੀ, ਆਪਣੇ ਆਪ ਤੇ, ਆਪਣੇ ਖ਼ਿਆਲਾਂ ਤੇ, ਤੇ ਸਭ ਤੋਂ ਜ਼ਿਆਦਾ ਆਪਣੇ ਲਿਬਾਸ ਤੇ ਉਹ ਭਾਵੇਂ ਸੋਹਣਾ ਹੀ ਸੀ, ਪਰ ਉਸ ਦੇ ਕਪੜੇ ਉਸ ਦਾ ਸੁਹੱਪਣ ਵਲੂੰਦਰ ਛਡਦੇ ਸਨ, ਅਤੇ ਹੁਣ ਉਸ ਨੂੰ ਮਹਿਸੂਸ ਹੋਇਆ ਉਹ ਚੰਗੇ ਕਪੜੇ ਨਹੀਂ ਸੀ ਪਾ ਸਕਿਆ, ਉਹ ਗਰੀਬ ਸੀ ਡੀ. ਸੀ. ਦਾ ਮੁੰਡਾ ਅਮੀਰ ਸੀ, ਰਈਸ ਦਾ ਮੁੰਡਾ ਰਈਸ ਸੀ। ਕਿੰਨਾ ਵੀ ਉਹ ਕਿਸੇ ਕੁੜੀ ਦੇ ਨਜ਼ਦੀਕ ਹੋ ਜਾਂਦਾ, ਪਿਆਰ ਨਹੀਂ ਸੀ ਲੈ ਸਕਦਾ। ਉਸ ਦੀਆਂ ਲਿਆਕਤਾਂ ਉਸ ਨੂੰ ਪਲ ਕੁ ਲਈ ਫ਼ਜ਼ੂਲ ਤੇ ਵਾਧੂ ਹੀ ਜਾਪੀਆਂ 'ਪੀਲੀ-ਲਿਆਕਤ' ਉਸ ਦੀਆਂ ਅਕਲਾਂ ਹਰਾ ਗਈ ਸੀ। ਉਹ ਪਿਆਰ ਦੇ ਬਦਲੇ ਪਿਆਰ ਨਹੀਂ ਸੀ ਲੈ ਸਕਿਆ। ਉਹ ਪਿਆਰ ਨੂੰ ਜਿਨਸੀ ਭੁੱਖ ਦਾ ਕੈਦੀ ਨਹੀਂ ਸੀ ਵੇਖ ਸਕਦਾ, ਪਰ ਉਸ ਦਾ ਪਿਆਰ ਸਰਮਾਏ ਦੀ ਕੈਦ ਵਿਚ ਫੜਫੜਾ ਕੇ ਰਹਿ ਗਿਆ।

ਇਹ ਭਾਈਚਾਰਾ, ਇਹ ਨਿਜ਼ਾਮ ਉਸ ਦੀਆਂ ਨਜ਼ਰਾਂ ਵਿਚ ਸਭ ਬਕਵਾਸ ਸੀ। ਪੈਸੇ ਨਾਲ ਸਭ ਤੋਂ ਸੋਹਣੀ ਕੁੜੀ ਦੇ ਸੁਹੱਪਣ ਦਾ ਨਿਘ ਖਰੀਦਿਆ ਜਾ ਸਕਦਾ ਸੀ ਉਸ ਦਾ ਸਾਰਾ ਸਰੀਰ ਕੰਬ ਗਿਆ, ਉਸ ਦੇ ਸਾਹਮਣੇ ਫਿਰ ਬਜ਼ਾਰੀ ਕੁੱਤੇ ਫਿਰ ਗਏ। ਹੁਣ ਉਹ ਸਮਝ ਗਿਆ ਸੀ ਜ਼ਰ ਖ਼ਰੀਦ ਸਦਾ ਗ਼ੁਲਾਮ ਹੀ ਹੋਇਆ ਕਰਦੇ ਹਨ ਅਤੇ ਉਨ੍ਹਾਂ ਦੇ ਚੁਰਾਏ ਜਾਣ ਦਾ ਸਦਾ ਡਰ ਹੋ ਸਕਦਾ ਹੈ ਤਾਂ ਹੀ ਭਾਈਚਾਰੇ ਤੇ ਰਿਸ਼ਤੇਦਾਰੀਆਂ ਦੀਆਂ ਬੇੜੀਆਂ ਘੜੀਆਂ ਹਨ, ਅਤੇ ਬੁਰਕੇ ਤੇ ਘੁੰਡ ਦੇ ਅੰਨ੍ਹੇ ਕਿਲ੍ਹੇ ਔਰਤ ਦੇ ਦੁਆਲੇ ਉਸਾਰ ਦਿਤੇ ਹਨ।

ਉਹ ਆਪਣੇ ਪਿਆਰ ਨੂੰ ਕਾਮ ਦਾ ਸ਼ਿਕਾਰ ਹੋਇਆ ਨਹੀਂ ਸੀ ਵੇਖ ਸਕਦਾ, ਪਰ ਉਸ ਦਾ ਪਿਆਰ ਸਰਮਾਏ ਦੀ ਹਿਰਸ ਦਾ ਬੁਰਕ ਹੋ ਚੁਕਾ ਸੀ, ਨਰੇਂਦਰ ਦਾ ਵਿਆਹ ਇਕ ਮੁੰਡੇ ਨਾਲ ਨਹੀਂ ਸੀ ਹੋਇਆ, ਸਗੋਂ ਉਸ ਦੇ ਪਿਉ ਦੀ ਡਿਪਟੀ ਕਮਿਸ਼ਨਰੀ ਨਾਲ ਹੋਇਆ ਸੀ, ਅਤੇ ਹਰਜੀਤ ਇਕ ਵਡੀ ਜਾਇਦਾਦ ਨਾਲ ਵਿਆਹੀ ਗਈ ਸੀ। ਔਰਤ ਵੀ ਇਕ ਵਪਾਰਕ ਜਿਨਸ ਬਣ ਚੁੱਕੀ ਸੀ। ਉਸ ਦੀ ਮਨੁੱਖਤਾ ਤੇ ਇਕ ਕਾਰੀ ਸਟ ਵਜੀ ਮਨੁਖ ਮੁੜ ਪਸ਼ੂ ਦਾ ਪਸ਼ੂ ਉਸ ਸੋਚਿਆ, ਪਰ ਕੁਦਰਤ ਵਿਕਾਸ਼ਵਾਦੀ ਹੈ, ਜ਼ਰੂਰ ਤਰੱਕੀ ਕਰੇਗੀ। ਸਭ ਆਜ਼ਾਦ ਪੈਦਾ ਹੋਏ ਹਨ, ਅਜ਼ਾਦ ਹੀ ਰਹਿਣਗੇ। ਮਨੁੱਖ ਪੈਸੇ ਦਾ ਗੁਲਾਮ ਨਹੀਂ, ਪੈਸਾ ਮਨੁੱਖ ਦਾ ਗੁਲਾਮ ਹੈ, ਕਿਉਂਕਿ ਪੈਦਾਵਾਰ ਦੇ ਸਾਧਨ ਮਨੁੱਖ ਦੀ ਆਪਣੀ ਕਾਢ ਹਨ, ਤੇ ਸਾਂਝੇ ਹਨ। ਦੁਨੀਆਂ ਦਾ ਸਿਰਫ ਇਕ ਹੀ ਰਿਸ਼ਤਾ ਹੈ ਪਿਆਰ... ਸਾਂਝਾ ਪਿਆਰ...।

ਤੇ ਉਸ ਨੂੰ ਪਹੁ ਫੁੱਟਦੀ ਜਾਪੀ, ਦੂਰ ਚੜ੍ਹਦੇ ਵਿਚ ਪ੍ਰਭਾਤ ਦੀ ਲਾਲੀ ਉਭਰਦੀ ਦਿੱਸੀ ਜੋ ਪਲ ਪਲ ਉਸ ਵਲ ਵਧਦੀ ਆ ਰਹੀ ਸੀ, ਜਿਸ ਦੇ ਅਗੇ ਪੀਲੇ ਸ਼ੈਤਾਨ ਦੀ ਲੁਟ-ਘਸੁੱਟ ਪੰਘਰਦੀ ਜਾ ਰਹੀ ਸੀ, ਅਤੇ ਜਿਸ ਦੀਆਂ ਸੁਨਹਿਰੀ ਕਿਰਨਾਂ ਵਿਚ ਆਰਥਕ ਤੇ ਸਮਾਜਕ ਕੜੀਆਂ ਤੋਂ ਅਜ਼ਾਦ ਮਨੁੱਖਾਂ ਦੇ ਟਹਿਕਦੇ ਚਿਹਰੇ ਚੱਮਕ ਰਹੇ ਸਨ, ਜਿਨ੍ਹਾਂ ਦੀਆਂ ਅੱਖਾਂ ਵਿਚ ਤੇ ਬੁਲ੍ਹਾਂ ਤੇ ਪਿਆਰ ਆਪਣੀ ਨੀਂਦ ਦੀ ਖ਼ੁਮਾਰੀ ਦੀਆਂ ਆਕੜਾਂ ਭੰਨ ਰਿਹਾ ਸੀ।

ਭਾਵੇਂ ਉਸ ਦਾ ਮਨ ਖ਼ਾਲੀ ਨਹੀਂ ਸੀ ਰਹਿ ਸਕਦਾ; ਕਿਸੇ ਕੁੜੀ ਨੂੰ 'ਪਿਆਰੇ' ਬਿਨਾ ਉਸ ਨੂੰ ਸਿਦਕ ਨਹੀਂ ਸੀਂ ਆ ਸਕਦਾ ਅਤੇ ਜੇ ਕੁਝ ਸਮਾਂ ਪਹਿਲੋਂ ਕੋਈ ਉਸ ਨੂੰ ਪੁਛਦਾ ਹੁੰਦਾ ਸੀ ਵਿਆਹ ਕਦ ਕਰਾਵੇਂਗਾ? ਤਾਂ ਉਹ ਆਖਦਾ 'ਕਬਰਸਤਾਨ ਵਿਚ ਜਾ ਕੇ', ਪਰ ਹੁਣ ਉਸ ਦਾ ਜਵਾਬ ਹੁੰਦਾ 'ਇੰਨਕਲਾਬ' ਤੋਂ ਬਾਅਦ।