ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਤਲਾਸ਼ ਕਥਾ-ਸ਼ਾਸਤਰ ਦੀ-2

ਵਿਕੀਸਰੋਤ ਤੋਂ

ਤਲਾਸ਼ ਕਥਾ-ਸ਼ਾਸ਼ਤਰ ਦੀ - 2

(ਪੰਜਾਬੀ ਸਾਹਿਤਾਲੋਚਕਾਂ ਵਲੋਂ)

ਅਸੀਂ ਪਿੱਛੇ ਦੇਖ ਆਏ ਹਾਂ ਕਿ ਪੰਜਾਬ ਵਿਚ ਨਿੱਕੀ ਕਹਾਣੀ ਦੇ ਸ਼ਾਸਤਰ ਦੀ ਨੀਂਹ ਵੀ ਉਹਨਾਂ ਹੀ ਵਿਅਕਤੀਆਂ ਵਲੋਂ ਰੱਖੀ ਗਈ ਜਿਹੜੇ ਅੱਜ ਦੀ ਹੁਨਰੀ ਨਿੱਕੀ ਕਹਾਣੀ ਦੇ ਵੀ ਮੋਢੀ ਸਨ। ਇਹ ਉਹਨਾਂ ਵਲੋਂ ਨਿੱਕੀ ਕਹਾਣੀ ਦੇ ਰੂਪ ਅਤੇ ਰੂਪਾਕਾਰ ਨੂੰ ਸਮਝਣ ਸਮਝਾਉਣ ਅਤੇ ਵਿਆਖਿਆਉਣ ਦਾ ਯਤਨ ਸੀ। ਇਸ ਸਾਰੇ ਯਤਨ ਦੇ ਦੌਰਾਨ ਨਿਰਸੰਦੇਹ, ਉਹਨਾਂ ਦੀ ਆਪਣੀ ਅਤੇ ਆਪਣੇ ਸਮਕਾਲੀਆਂ ਦੀ ਰਚਨਾ ਉਹਨਾਂ ਦੇ ਸਾਹਮਣੇ ਹੁੰਦੀ ਸੀ, ਅਤੇ ਭਾਵੇਂ ਉਹ ਇਸ ਸਾਰੀ ਰਚਨਾ ਦੇ ਆਧਾਰ ਉਤੇ ਨਿੱਕੀ ਕਹਾਣੀ ਦੀ ਵਿਧੀ ਬਾਰੇ ਸਾਮਾਨਯ ਸੂਤਰ ਕਇਮ ਕਰਨ ਦੀ ਅਤੇ ਇਹਨਾਂ ਸੂਤਰਾਂ ਦੇ ਆਧਾਰ ਉਤੇ, ਪ੍ਰਧਾਨ ਰੂਪ ਵਿਚ, ਆਪਣੀ ਰਚਨਾ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸਨ, ਤਾਂ ਵੀ ਇਸ ਸਾਰੇ ਵਿਆਖਿਆਨ ਅਤੇ ਸੰਬਾਦ ਦੇ ਦੌਰਾਨ ਉਹਨਾਂ ਦੀ ਨਿਗਾਹ ਆਪਣੇ ਨਿਸ਼ਾਨੇ ਉਤੇ ਟਿਕੀ ਰਹਿੰਦੀ ਸੀ। ਇਸੇ ਲਈ ਉਹਨਾਂ ਦੇ ਕਥਨਾਂ ਵਿਚ ਵਾਧੂ ਖਿਲਾਰਾ ਨਹੀਂ, ਅਤੇ ਨਾ ਹੀ ਕਲਪਣਾ-ਆਧਾਰਤ ਅਲੰਕ੍ਰਿਤ ਭਾਸ਼ਾ ਵਰਤ ਕੇ ਆਪਣੇ ਕਥਨਾਂ ਵਿਚ ਰੌਚਕਤਾ ਭਰਨ ਦਾ ਰੁਝਾਨ ਹੈ। ਪਰ ਉਹਨਾਂ ਦੀ ਮਜਬੂਰੀ ਇਹ ਹੈ ਕਿ ਪੰਜਾਬੀ ਵਿਚ ਆਲੋਚਨਾ ਦੀ ਭਾਸ਼ਾ ਨੇ ਅਜੇ ਏਨਾ ਵਿਕਾਸ ਨਹੀਂ ਸੀ ਕੀਤਾ ਕਿ ਉਹ ਸੰਕਲਪਾਤਮਕ ਸ਼ਬਦਾਵਲੀ ਵਰਤ ਕੇ ਆਪਣੇ ਵਿਚਾਰਾਂ ਨੂੰ ਸੰਖੇਪ ਅਤੇ ਨਿਸਚਤੇ ਢੰਗ ਨਾਲ ਪੇਸ਼ ਕਰ ਸੱਕਣ, ਜਿਸ ਕਰਕੇ ਉਹਨਾਂ ਨੂੰ ਆਪਣੇ ਸੰਕਲਪ ਵਰਣਨ ਰਾਹੀਂ ਸਪੱਸ਼ਟ ਕਰਨੇ ਪੈਂਦੇ ਹਨ।

ਇਹ ਪਿਛਲੀ ਮਜਬੂਰੀ ਨਿੱਕੀ ਕਹਾਣੀ ਦੀ ਵਿਧਾ ਬਾਰੇ ਲਿਖਣ ਵਾਲੇ ਪਹਿਲੇ ਪੰਜਾਬੀ ਆਲੋਚਕਾਂ ਅਤੇ ਸਾਹਿਤ-ਸ਼ਾਸਤਰੀਆਂ ਦੀ ਵੀ ਹੈ। ਨਿਸ਼ਚਤ ਸੰਕਲਪਾਤਮਕ ਸ਼ਬਦਾਵਲੀ ਦੀ ਅਣਹੋਂਦ ਵਿਚ, ਉਹ ਵਰਨਣ ਅਤੇ ਵਿਸਥਾਰ ਤੋਂ ਕੰਮ ਲੈਂਦੇ ਹਨ। ਆਪ ਉਹ ਕਹਾਣੀ-ਲੇਖਕ ਨਹੀਂ, ਇਸ ਲਈ ਉਹ ਗਿਆਨ ਦਾ ਵਿਖਾਵਾ ਕਰ ਕੇ ਪ੍ਰਮਾਣਿਕਤਾ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ। ਦਲੀਲ ਦੀ ਥਾਂ ਕਾਵਿਕਤਾ ਅਤੇ ਪ੍ਰਮਾਣ ਦੀ ਥਾਂ ਅਲੰਕਾਰ ਦੀ ਵਰਤੋਂ ਕਰ ਕੇ ਉਹ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਪੰਜਾਬੀ ਵਿਚ ਸਾਹਿਤ-ਸ਼ਾਸਤਰ ਅਤੇ ਵੱਖ ਵੱਖ ਵਿਧਾਵਾਂ ਬਾਰੇ ਗਿਆਨ ਦੀ ਲੋੜ ਖ਼ਾਸ ਕਰਕੇ ਉਦੋਂ ਮਹਿਸੂਸ ਹੋਣ ਲੱਗੇ, ਜਦੋਂ ਪੰਜਵੇਂ ਦਹਾਕੇ ਦੇ ਅਖ਼ੀਰ ਵਿਚ ਪੰਜਾਬੀ ਵਿਚ ਐਮ. ਏ. ਦੀ ਪੜ੍ਹਾਈ ਸ਼ੁਰੂ ਹੋਈ। ਡਾ. ਗੋਪਾਲ ਸਿੰਘ ਦੀ ਪੁਸਤਕ ਸਾਹਿਤ ਦੀ ਪਰਖ (1950) ਅਤੇ ਪ੍ਰੋ. ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਦੀ ਪੁਸਤਕ ਸਾਹਿਤ ਦੇ ਰੂਪ (1951) ਇਸੇ ਲੋੜ ਵਿਚੋਂ ਨਿਕਲੀਆਂ ਪੁਸਤਕਾਂ ਸਨ। ਇਹਨਾਂ ਵਿਚ ਸਾਹਿਤ ਦੀ ਪਰਿਭਾਸ਼ਾ ਅਤੇ ਪ੍ਰਕਿਰਤੀ ਤੋਂ ਲੈ ਕੇ ਇਸ ਦੀਆਂ ਮੁੱਖ ਵਿਧਾਵਾਂ ਬਾਰੇ ਸਪਸ਼ਟੇ ਕਰਨ ਦਾ ਯਤਨ ਕੀਤਾ ਗਿਆ ਹੈ।

ਡਾ. ਗੋਪਾਲ ਸਿੰਘ ਦੀ ਪੁਸਤਕ ਵਿਚ ਇਕ ਕਾਂਡ ਦਾ ਸੰਖੇਪ ਜਿਹਾ ਹਿੱਸਾ ਨਿਕਾਂ ਕਹਾਣੀ ਬਾਰੇ ਹੈ, ਜਿਸ ਤੋਂ ਪ੍ਰਤੱਖ ਹੈ ਕਿ ਲੇਖਕ ਇਸ ਵਿਧਾ ਨੂੰ ਸਮੁੱਚੇ ਸਾਹਿਤ ਦੇ ਸੰਦਰਭ ਵਿਚ ਏਨਾ ਮਹੱਤਵਪੂਰਨ ਨਹੀਂ ਸਮਝਦਾ ਕਿ ਇਸ ਨੂੰ ਕੋਈ ਪੂਰਾ ਕਾਂਡ ਵੀ ਦਿੱਤਾ ਜਾ ਸਕੇ। ਇਹ ਧਾਰਨਾ ਪੱਛਮੀ ਸਾਹਿਤ ਦੇ ਸੰਦਰਭ ਵਿਚ ਤਾਂ ਠੀਕ ਹੋ ਸਕਦੀ ਹੈ, ਪੰਜਾਬੀ ਸਾਹਿਤ ਦੇ ਸੰਦਰਭ ਵਿਚ ਨਹੀਂ।

ਇਸ ਧਾਰਨਾ ਦੇ ਪਿੱਛੇ ਕੰਮ ਕਰਦਾ ਦ੍ਰਿਸ਼ਟੀਕੋਨ ਨਿੱਕੀ ਕਹਾਣੀ ਬਾਰੇ ਸਮੁੱਚੀ ਬਹਿਸ ਉੱਪਰ ਵੀ ਛਾਇਆ ਹੋਇਆ ਹੈ। ਡਾ. ਗੋਪਾਲ ਸਿੰਘ ਪੰਜਾਬੀ ਦਾ ਇਕੋ ਇਕ ਸਾਹਿਤ-ਸ਼ਾਸ਼ਤਰੀ ਹੈ, ਜਿਹੜਾ ਆਧੁਨਿਕ ਨਿੱਕੀ ਕਹਾਣੀ ਨੂੰ ਪੁਰਾਣੀਆਂ ਕਹਾਣੀਆਂ (ਹਿਤ ਉਪਦੇਸ਼, ਬੌਧ ਜਾਤਿਕਾ, ਅਲਫ਼ ਲੈਲਾ, ਐਸਪ ਕਥਾਵਾਂ, ਜਾਦੂਗਰਾਂ ਦੀਆਂ ਕਹਾਣੀਆਂ, ਅੰਜੀਲ ਅਤੇ ਕੁਰਾਨ ਸ਼ਰੀਫ਼ ਆਦਿ ਦੀਆਂ ਸਾਖੀਆਂ) ਦਾ ਹੀ ਅਜੋਕਾ ਰੂਪ ਸਮਝਦਾ ਹੈ। ਉਸ ਅਨੁਸਾਰ ਇਹਨਾਂ ਵਿਚ ਦੁਨਿਆਵੀ ਸਿਆਣਪ, ਅਖ਼ਲਾਕ, ਧਰਮ ਸਿਖਿਆ, ਸੋਨੇ ਜਾਂ ਸੁਣ੍ਹਪ ਦੀ ਭਾਲ ਨਾਲ ਜੁੜੀ ਜੱਦੋ-ਜਹਿਦ, ਜਾਦੂ ਜਾਂ ਕਰਾਮਾਤ ਆਦਿਕ ਨੂੰ ਵਿਖਾਇਆ ਜਾਂਦਾ ਸੀ। ਹੁਣ ਵੀ ਕਹਾਣੀ 'ਰੋਮਾਂਚਿਕ, ਪਰਾ-ਸਰੀਰਕ, ਜਾਦੂ ਜਾਂ ਰਹੱਸ ਦੇ ਪ੍ਰਭਾਵ ਰੰਗੀ, ਘਟਨਾਵਾਂ ਦੀ ਅਸਾਧਾਰਨਤਾ ਉਤੇ ਨਿਰਭਰ, ਲਿਖੀਂਦੀ ਤੇ ਵਿਕਦੀ ਹੈ, ਭਾਵੇਂ ਕਿ ਹੌਲੀ ਹੌਲੀ ਇਸ ਦਾ ਮਾਣ ਘਟਦਾ ਜਾ ਰਿਹਾ ਹੈ। 'ਵਰਤ-ਮਾਨ ਕਹਾਣੀ ਦੀ ਸਮਾਜਕ ਸੂਝ ਤੇ ਉਸ ਦਾ ਵਾਸਤਵਿਕ, ਰੰਗ ਹੀ ਇਕ ਤਬਦੀਲੀ ਹੈ, ਜੋ ਸਭ ਤੋਂ ਵਧੀਕ ਉਘੜੀ ਦੱਸਦੀ ਹੈ।' ਅਰਥਾਤ ਪੁਰਾਣੀਆਂ ਕਹਾਣੀਆਂ ਅਤੇ ਆਧਨਿਕ ਨਿੱਕੀ ਕਹਾਣੀ ਵਿਚਕਾਰ ਇਕ ਇਕ ਫ਼ਰਕ ਆਧੁਨਿਕ ਕਹਾਣੀ ਵਿਚ ਵd ਰਹੀ ਸਮਾਜਕ ਸੂਝ ਅਤੇ ਵਾਸਤਵਿਕ ਰੰਗਤ ਦਾ ਹੈ।

ਪ੍ਰਤੱਖ ਹੈ ਕਿ ਡਾ. ਗੋਪਾਲ ਸਿੰਘ ਆਪਣੇ ਮਿਥਣ ਦਾ ਆਧਾਰ ਹੀ ਗਲਤ ਲੈ ਰਿਹਾ ਹੈ ਕਿਉਂਕਿ ਵੀਹਵੀਂ ਸਦੀ ਦੀ ਪੰਜਾਬੀ ਨਿੱਕੀ ਕਹਾਣੀ ਵਿਚ ਦੁਨਿਆਵੀ ਸਿਆਣਪ ਜਾਂ ਅਖ਼ਲਾਕ ਦੀ ਗੱਲ ਤਾਂ ਭਾਵੇਂ ਹੋਵੇਗੀ, ਪਰ 'ਸੋਨੇ ਜਾਂ ਸੁਣ੍ਹਪ ਦੀ ਭਾਲ ਨਾਲ ਜੁੜੀ ਜੱਦੋ-ਜਹਿਦ, ਜਾਦੂ ਜਾਂ ਕਰਾਮਾਤ ਆਦਿ ਨੂੰ ਕਿਤੇ ਨਹੀਂ ਦਿਖਾਇਆ ਗਿਆ। ਜੇ ਕਿਤੇ 46 ਹੋਵੇਗਾ ਵੀ ਤਾਂ ਸਿਰਫ਼ ਇਕ ਅਪਵਾਦ ਵਜੋਂ ਹੀ ਹੋਵੇਗਾ, ਇਹ ਅੱਜ ਦੀ ਪੰਜਾਬੀ ਨਿੱਕੀ ਕਹਾਣੀ ਦਾ ਕੋਈ ਵਿਸ਼ੇਸ਼ ਲੱਛਣ ਨਹੀਂ।

ਇਸ ਤਰਾਂ, ਡਾ. ਗੋਪਾਲ ਸਿੰਘ ਆਧੁਨਿਕ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਮਾਣਤਾ ਨਹੀਂ ਦੇਂਦਾ, ਇਸ ਲਈ ਉਸ ਵਲੋਂ ਦੱਸੇ ਗਏ ਲੱਛਣ ਵੀ ਇਸ ਦੀ ਵਿਲੱਖਣਤਾ ਨੂੰ ਪਰਗਟ ਨਹੀਂ ਕਰਦੇ। ਉਸ ਅਨੁਸਾਰ ਵਸਤੂ ਤੋਂ ਛੁੱਟ, ਜਿਸ ਦੀ ਸਾਂਝ ਬਾਰੇ ਉਪਰ ਗੱਲ ਕਰ ਆਏ ਹਾਂ, ਪੁਰਾਣੀਆਂ ਕਹਾਣੀਆਂ ਦੇ ਵੀ ਹੇਠ ਲਿਖੇ ਤੱਤ ਹੁੰਦੇ ਸਨ:

1. ਇਕ ਕਹਾਣੀ ਵਿਚ ਕੇਵਲ ਇਕੋ ਭਾਵ ਉਜਾਗਰ ਕੀਤਾ ਜਾਂਦਾ ਸੀ;

2. ਕਹਾਣੀ ਦਾ ਵਾਯੂਮੰਡਲ ਇਕ ਨਵੇਕਲਾ, ਨਿੱਜੀ, ਵਿਕੋਲਿਤਰਾ ਹੁੰਦਾ ਸੀ;

3. ਉਸ ਦਾ ਮਨੋਰਥ ਰਸ-ਭਰੇ ਛਲਾਵੇ ਵਿਚ ਵਲ੍ਹੇਟ ਕੇ (ਜੋ ਕਹਾਣੀ ਦਾ ਤਾਣਾ ਹੁੰਦਾ ਸੀ) ਕੋਈ ਸਿੱਖਿਆ ਦੇਣਾ ਹੁੰਦਾ ਸੀ ('ਸਿਵਾਏ ਧਾਰਮਕ ਸਾਖੀਆਂ ਦੇ, ਜਿੱਥੇ ਸਿਖਿਆਂ ਨੂੰ ਕਹਾਣੀ ਰਸ ਵਿਚ ਗੁਨ੍ਹਣ ਦੀ ਲੋੜ ਨਹੀਂ ਸੀ')

ਡਾ. ਗੋਪਾਲ ਸਿੰਘ ਅਨੁਸਾਰ 'ਇਹ ਤਿੰਨੇ ਅੰਗ ਹੁਣ ਤਾਈ' ਕਹਾਣੀ-ਕਲਾ ਦੇ ਵਿਸ਼ੇਸ਼ ਹਥਿਆਰ ਬਣੇ ਹੋਏ ਹਨ।' ਫ਼ਰਕ ਸਿਰਫ਼ ਇਹ ਹੈ ਕਿ ਪਹਿਲਾਂ ਕਹਾਣੀ ਮੌਖਿਕ ਹੁੰਦੀ ਸੀ, ਹੁਣ ਲਿਖਤੀ ਰੂਪ ਵਿਚ ਪੜ੍ਹੀ ਜਾਂਦੀ ਹੈ।

ਨਿੱਕੀ ਕਹਾਣੀ ਦੇ ਦੋ ਗੁਣ ਉਹ ਐਡਗਰ ਐਲਨ ਪੋ ਦੇ ਹਵਾਲੇ ਨਾਲ ਦੱਸਦਾ ਹੈ ਕਿ ਇਹ 'ਅੱਧੇ ਘੰਟੇ ਤੋਂ ਦੋ ਘੰਟੇ ਵਿੱਚ ਪੜੀ ਜਾਣ ਵਾਲੀ ਵਾਰਤਕ ਕਥਾ' ਹੁੰਦੀ ਹੈ, ਅਰਥਾਤ ਕਹਾਣੀ ਥੋੜ੍ਹ -ਿਚਰੀ ਖੇਡ ਹੁੰਦੀ ਹੈ ਅਤੇ ਇਹੀ ਗੱਲ ਉਸ ਦੀ ਬਣਤਰ ਦੇ ਬਾਕੀ ਅੰਗ ਵੀ ਮਿਥਦੀ ਹੈ, ਜਿਨਾਂ ਵਿਚੋਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ 'ਕਹਾਣੀਕਾਰ ਇਸ ਢਾਂਚੇ ਵਿਚ ਕੇਵਲ ਕਿਸੇ ਇਕਸ ਪ੍ਰਭਾਵ ਨੂੰ ਨਿਖਾਰ ਸਕਦਾ ਹੈ। ਘਟਨਾ ਭਾਵੇਂ ਕਾਫ਼ੀ ਸਮੇਂ ਉਤੇ ਫੈਲੀ ਹੋਵੇ ਅਤੇ ਭਾਵੇਂ ਇਕ ਤੋਂ ਵਧੀਕ ਵੀ ਹੋਵੇ ਪਰ ਪ੍ਰਭਾਵ ਇਕੋ ਕਈ ਵਿਸ਼ੇਸ਼ ਹੋ ਕੇ ਉਘੜੇਗਾ। ਇਸ ਇਕ ਪ੍ਰਭਾਵ ਨੂੰ ਉਹ ਇਕ ਪਾਸੇ 'ਜੀਵਨ ਦੇ 'ਕਿਸ ਇਕ ਮਸਲੇ, ਪੱਖ, ਟੋਟੇ ਨੂੰ ਚਾਨਣਿਆਉਣ ਅਤੇ ਕਿਸੇ ਇਕ ਪਹਿਲੂ ਨੂੰ ਚਿਤ੍ਰਣ ਨਾਲ ਜੋੜਦਾ ਹੈ, ਤਾਂ ਦੂਜੇ ਪਾਸੇ ਇਸ ਨੂੰ “ਰਸ ਦੇ ਕਿਸੇ ਇਕਹਿਰੇ ਪ੍ਰਭਾਵ' ਨਾਲ ਜੋੜਦਾ ਹੈ। ਇਹ ਮਗਰਲੀ ਗੱਲ ਫਿਰ ਇਕ ਸ਼ੱਕੀ ਮਿਥਣ ਹੈ, ਕਿਉਂਕਿ ਇਕ ਰਸ ਦਾ ਪ੍ਰਭਾਵ ਅੱਜ ਸਾਹਿਤ ਦੇ ਕਿਸੇ ਵੀ ਰੂਪ ਦਾ ਪਰਿਭਾਸ਼ਕ ਗੁਣ ਨਹੀਂ, ਭਾਵੇਂ ਉਹ ਕਿੰਨਾ ਛੋਟਾ ਹੀ ਕਿਉਂ ਨਾ ਹੋਵੇ।

ਡਾ. ਗੋਪਾਲ ਸਿੰਘ ਦੇ ਕਥਨਾਂ ਤੋਂ ਲੱਗਦਾ ਹੈ ਕਿ ਉਹ ਪੰਜਾਬੀ ਕਹਾਣੀ ਦੇ ਸ਼ਾਸਤਰ ਸੰਬੰਧੀ ਛਿੜ ਚੁੱਕੇ ਸੰਬਾਦ ਤੋਂ ਅਣਜਾਣ ਨਹੀਂ। 'ਸਥਾਨਕ ਰੰਗ ਕਹਾਣੀ ਲਈ ਉਨਾ ਹੀ ਜ਼ਰੂਰੀ ਹੈ, ਜਿੰਨਾ ਹੁਨਰ ਦੇ ਕਿਸੇ ਹੋਰ ਅੰਗ ਲਈ ਤੇ ਉਸ ਦਾ ਵਿਸਥਾਰ ਵੀ ਇਸੇ ਦੇ ਯੋਗ ਹੈ', ਉਹ ਲਿਖਦਾ ਹੈ। ਕਹਾਣੀ ਦੀ ਪੁਕਾਰ-ਵੰਡ ਉਹ ਕਹਾਣੀ ਦੇ ਪ੍ਰਭਾਵ ਅਨੁਸਾਰ ਕਰਦਾ ਹੈ - 'ਪ੍ਰਭਾਵ ਹਰ ਕਹਾਣੀ ਦਾ ਵਿਸ਼ੇ-ਅਨੁਸਾਰ, ਆਪੋ ਆਪਣਾ ਹੋਵੇਗਾ। ਕਈ ਥਾਈਂ ਪ੍ਰਭਾਵ ਨਿਰੋਲ ਵਿਸ਼ੇ ਦਾ ਹੋਵੇਗਾ; ਕਈ ਹੋਰ ਥਾਈ' ਚੌਗਿਰਦੇ, ਹਵਾ, ਵਾਯੂ-ਮੰਡਲ ਦਾ ਪ੍ਰਭਾਵ ਰਹੱਸਵਾਦੀ ਵੀ ਹੋ ਸਕਦਾ ਹੈ; ਰੋਮਾਂਚਕ ਵੀ ਯਥਾਰਥਵਾਦੀ ਵੀ, ਪ੍ਰਭਾਵਵਾਦੀ ਵੀ। ਕਹਾਣੀ ਮਾਨਸਿਕ ਦੁਨੀਆਂ ਦੀ ਵੀ ਹੋ ਸਕਦੀ ਹੈ, ਭੂਤ-ਕਾਲ ਨੂੰ ਚਿਤ੍ਰਦੀ ਵੀ, ਦਿਸਦੀ ਗਰੀਬੀ ਤੇ ਕੋਝ ਦੀ ਵੀ;, ਹੈਰਾਨੀ, ਵਿਸਮਾਦ, ਅਦਭੁਤਤਾ ਤੇ ਸਨਸਨੀ-ਉਪਜਾਊ ਵੀ; ਕੁਦਰਤ, ਕਿਰਸਾਣੀ ਜਾਂ ਮਜ਼ਦੂਰਾਂ ਸੰਬੰਧੀ ਵੀ। ਇਸ ਤਰ੍ਹਾਂ ਡਾ, ਗੋਪਾਲ ਸਿੰਘ ਕਹਾਣੀਆਂ ਦੀ ਪ੍ਰਕਾਰ ਵੰਡ ਕਰਨ ਦੀ ਥਾਂ ਉਹਨਾਂ ਵਲੋਂ ਪੈਣ ਵਾਲੇ ਸੰਭਵ ਪ੍ਰਭਾਵ ਅਤੇ ਚੁਣੇ ਜਾਣ ਵਾਲੇ ਸੰਭੱਵ ਵਿਸ਼ੇ ਗਿਣਵਾ ਦੇਂਦਾ ਹੈ। ਜਿਸ ਤੋਂ ਭਾਵ ਸਿਰਫ਼ ਇਹ ਨਿਕਲਦਾ ਹੈ ਕਿ ਪ੍ਰਭਾਵ ਅਤੇ ਵਸਤੂ ਦੀ ਚੋਣ ਦੇ ਪਖੋਂ ਕਹਾਣੀ ਲਈ ਬੰਦਸ਼ ਕੋਈ ਨਹੀਂ।

ਇਸੇ ਤਰ੍ਹਾਂ ਉਸ ਅਨੁਸਾਰ 'ਕਹਾਣੀ ਨੂੰ ਆਪਣੇ ਵਿਸ਼ੇ ਤੇ ਕਲਾ ਵਿਚ ਨਾਟਕੀ ਹੋਣਾ ਚਾਹੀਦਾ ਹੈ'। ਪਰ ਇਥੇ 'ਨਾਟਕੀ ਤੋਂ ਭਾਵ ਗੱਲਬਾਤੀ ਢੰਗ ਨਹੀਂ। ਭਾਵ ਇਹ ਹੈ ਕਿ ਘਟਨਾ ਆਪਣੇ ਆਪ ਵਿਚ ਹੈਰਾਨੀ ਭਰੀ, ਅਨੂਪਮ, ਕੁਝ ਅਸਾਧਾਰਨ ਜਿਹੀ ਹੋਵੇ', 'ਇਹ ਕੁਝ ਹੈਰਾਨੀ ਦਾ ਅੰਸ਼ ਪਾਠਕ ਦੇ ਮਨ ਵਿਚ ਜਗਾ ਸਕੇ'। ਪਰ ਇਸ ਤਰ੍ਹਾਂ ਦਾ ਨਾਟਕੀਪਣ ਵੀ ਨਿੱਕੀ ਕਹਾਣੀ ਦੀ ਕੋਈ ਵਿਲੱਖਣਤਾ ਨਹੀਂ ਕਿਉਂਕਿ ਅਸਲ ਵਿਚ ਸਾਰਾ ਸਾਹਿਤ ਇਸ ਹੈਰਾਨੀ ਦੇ ਅੰਸ਼ ਨੂੰ ਜਗਾਉਂਦਾ ਹੈ।'

ਸੋ ਅਸੀਂ ਦੇਖਦੇ ਹਾਂ ਕਿ ਨਿਰੋਲ ਸਾਹਿਤ-ਸ਼ਾਸਤਰੀਆਂ ਵਲੋਂ ਨਿੱਕੀ ਕਹਾਣੀ ਦਾ ਸ਼ਾਸਤਰ ਕਾਇਮ ਕਰਨ ਦਾ ਪਹਿਲਾ ਯਤਨ ਕੋਈ ਬਹੁਤ ਫਲਦਾਇਕ ਨਹੀਂ ਰਿਹਾ। ਜੇ ਕੁਝ ਗੱਲਾਂ ਕਹੀਆਂ ਵੀ ਗਈਆਂ ਹਨ, ਜਿਹੜੀਆਂ ਨਿੱਕੀ ਕਹਾਣੀ ਦੇ ਸੰਦਰਭ ਵਿਚ ਚੱਲ ਰਹੀ ਬਹਿਸ ਦੇ ਪਿਛੋਕੜ ਵਿਚ ਅਰਥ ਰੱਖਦੀਆਂ ਹਨ ਤਾਂ ਇਹ ਅਰਥ ਇਸ ਕਰਕੇ ਗੁਆਚ ਜਾਂਦੇ ਹਨ ਕਿਉਂਕਿ ਡਾ. ਗੋਪਾਲ ਸਿੰਘ ਨਿੱਕੀ ਕਹਾਣੀ ਨੂੰ ਕੋਈ ਵੱਖਰੀ ਵਿਧਾ ਨਹੀਂ ਮੰਨਦਾ ਅਤੇ ਇਹ ਗੱਲਾਂ ਨਿੱਕੀ ਕਹਾਣੀ ਨੂੰ ਵੱਖਰੀ ਵਿਧਾ ਵਜੋਂ ਪਰਿਭਾਸ਼ਿਤ ਨਹੀਂ ਕਰਦੀਆਂ।

ਪਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ ਨੇ ਆਪਣੀ ਪੁਸਤਕ ਸਾਹਿਤ ਦੇ ਰੂਪ ਵਿਚ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਪਛਾਨਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੀ ਦੇਣ ਇਹ ਹੈ ਕਿ ਇਸ ਦੇ ਅਖ਼ੀਰ ਵਿਚ ਅੰਗਰੇਜ਼ੀ ਅਤੇ ਪੰਜਾਬੀ ਚੇ ਸਮਾਨਾਰਥਕ ਸ਼ਬਦ ਦੇ ਕੇ ਆਲੋਚਨਾ ਦੀ ਸ਼ਬਦਾਵਲੀ ਨਿਸ਼ਚਿਤ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ। ਇਸ ਵਿਚ ਦਿੱਤੇ ਗਏ ਸਬਦ ਮਗਰੋਂ ਜਿਉਂ ਦੇ ਤਊ ਵਰਤੇ ਗਏ ਜਾਂ ਨਹੀਂ, ਇਹ ਗੱਲ ਬਹੁਤੀ ਮਹੱਤਵਪੂਰਨ ਨਹੀਂ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਸ਼ਬਦਾਂ ਦੀ ਵਰਤੋਂ ਅਤੇ ਉਹਨਾਂ ਦੇ ਅਰਥਾਂ ਵਿਚ ਨਿਸ਼ਚਤਤਾ ਲਿਆਉਣ ਵਲ ਪਹਿਲਾ ਕਦਮ ਪੁੱਟਿਆ ਗਿਆ। ਨਿੱਕੀ ਕਹਾਣੀ ਨੂੰ ਪਰਿਭਾਸ਼ਿਤ ਕਰਨ ਵਿਚ ਇਹ ਲੇਖਕ ਸੂਤਰ ਸੰਤ ਸਿੰਘ ਸੇਖੋਂ ਦਾ ਲੈਂਦੇ ਹਨ ਪਰ ਉਸ ਦੀ ਵਿਆਖਿਆ ਡਾ. ਗੋਪਾਲ ਸਿੰਘ ਵਾਲੀ ਕਰਦੇ ਹਨ। ਉਹਨਾਂ ਅਨੁਸਾਰ ਨਿੱਕੀ ਕਹਾਣੀ ਵਿਚ "ਜੀਵਨ ਦੀ ਕੇਵਲ ‘ਇਕ ਘਟਨਾ ਦਾ ਨਾਟਕੀ ਵਰਨਣ ਹੁੰਦਾ ਹੈ।" ਪਰ ਸੇਖੋਂ ਜਿਥੇ ਨਾਟਕੀਅਤਾ ਨੂੰ ਬੋਧਾਤਮਕ ਕਾਰਜ ਨਾਲ ਜੋੜਦਾ ਹੈ, ਉਥੇ ਇਹ ਲੇਖਕ ਡਾ. ਗੋਪਾਲ ਸਿੰਘ ਵਾਂਗ ਇਸ ਨੂੰ ਘਟਨਾ ਦਾ ਤਿੱਖਾ, ਝਟਪਟਾ ਤੇ ਹੈਰਾਨੀਭਰਿਆ ਬਿਆਨ' ਸਮਝਦੇ ਹਨ। 'ਘਟਨਾ ਦਾ ਨਾਟਕੀ ਹੋਣਾ ਅਤੇ ਫਿਰ ਉਸ ਦਾ ਨਾਟਕੀ ਤੇ ਝਟਪਟਾ ਬਿਆਨ ਅੱਜ ਦੀ ਨਿੱਕੀ-ਕਹਾਣੀ ਦੇ ਦੋ ਵਿਸ਼ੇਸ਼ ਤੇ ਅਤਿ-ਲੋੜੀਦੇ ਲੱਛਣ ਹਨ। ਇਹਨਾਂ ਲੇਖਕਾਂ ਅਨੁਸਾਰ ਪ੍ਰਭਾਵ ਨੂੰ ਇਕਾਗਰ ਰੱਖਣਾ' ਵੀ ਨਾਟਕੀ ਗੁਣ ਭਰਨ ਦਾ ਸਭ ਤੋਂ ਵਿਸ਼ੇਸ਼ ਢੰਗ ਹੈਂ। ਅਤੇ 'ਪਰਭਾਵ ਦੀ ਇਕਾਗਰਤਾ ਨਿੱਕੀ ਕਹਾਣੀ ਦੀ ਸਭ ਤੋਂ ਵੱਡੀ ਲੋੜ ਹੈ।' ਸੰਤ ਸਿੰਘ ਸੇਖੋਂ ਦੇ ਕਥਨ - ਘਟਨਾ ਦੇ ਵੇਗ, ਝਕਾਉ ਤੇ ਤਣਾਉ ਦਾ ਤੋੜ ਅਜਿਹਾ ਨਾਟਕੀ ਜਿਹਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਪਾਠਕ ਦੀ ਨਜ਼ਰ ਅੱਗੇ ਸਾਰੀ ਦੀ ਸਾਰੀ ਘਟਨਾ ਜਾਣੋ' ਸਾਕਾਰ ਹੋ ਜਾਵੇ ਤੇ ਇਸ ਦਾ ਨਾਟਕੀ ਮੰਤਵ ਪ੍ਰਗਟ ਹੋ ਜਾਵੇ' -- ਨੂੰ ਤੱਤ ਰੂਪ ਵਿਚ ਅਪਣਾਉਂਦੇ ਹੋਏ ਉਹ ਇਸ ਦੀ ਵਿਆਖਿਆ 'ਆਤਸ਼ਬਾਜ਼ ਦੇ ਚਲਾਏ ਗਏ ਅਨਾਰ' ਨਾਲ ਕਰਦੇ ਹਨ, ਜਿਸ ਦਾ ਅਰਥ 'ਪਰਭਾਵ ਦਾ ਇਕਹਿਰਾ ਤੇ ਇਕ ਖ਼ਾਸ ਨੁਕਤੇ (ਸਿੱਖਰ) ਉਤੇ ਇਕਾਗਰ ਹੋ ਕੇ ਇਕਦਮ ਫੋਟਣਾ ਹੈ।' ਇਹਨਾਂ ਲੇਖਕਾਂ ਦੀ ਇਹ ਉਦਾਹਰਣ ਕਹਾਣੀ ਦੇ ਰੂਪ ਦੀ ਵਿਆਖਿਆ ਦਾ ਇਕ ਪੱਕਾ ਤੱਤ ਬਣ ਗਈ ਜਿਸ ਨੂੰ, ਜਿਵੇਂ ਕਿ ਅਸੀਂ ਦੇਖਾਂਗੇ, ਡਾ. ਹਰਿਭਜਨ ਸਿੰਘ ਵੀ ਜਿਉਂ ਦਾ ਤਿਉਂ ਅਪਣਾ ਲੈਂਦਾ ਹੈ।

ਅੱਗੇ ਜਾ ਕੇ ਇਹ ਨਾਟਕੀਅਤਾ ਤਿੰਨ ਏਕਤਾਵਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਕਹਾਣੀ ਨੂੰ ਕਦੇ ਵੀ ਉਸ ਦੇ ਘੇਰੇ ਤੋਂ ਬਾਹਰ ਨਹੀ' ਜਾਣ ਦੇਂਦੀ ਅਤੇ ਇਸ ਦੁਆਰਾ ਬੜੀ ਛੇਤੀ ਕਹਾਣੀ ਦੇ ਆਸ਼ੇ ਪਰਭਾਵ ਦੀ ਏਕਤਾ ਚ ਇਕਾਗਰਤਾ ਨੂੰ ਪਾਇਆ ਜਾ ਸਕਦਾ ਹੈ।' ਪਰ ਤਾਂ ਵੀ ਪਰਭਾਵ ਦੀ ਏਕਤਾ ਪਰਾਪਤ ਕਰਨ ਦੇ ਸਾਧਨ ਵਜੋਂ ਲੇਖਕ ਤਿੰਨ ਏਕਤਾਵਾਂ ਦੀ ਸਿਰਫ਼ ਸਿਫ਼ਾਰਿਸ਼ ਹੀ ਕਰਦੇ ਹਨ, ਇਹ ਅਨਿਵਾਰੀ ਚੀਜ਼ ਨਹੀਂ, ਕਿਉਂਕਿ ਕਈ ਲੇਖਕ ਇਨ੍ਹਾਂ ਤਿੰਨ ਏਕਤਾਵਾਂ ਦੇ ਬੰਧਨ ਦਾ ਉਲੰਘਨ ਵੀ ਕਰਦੇ ਹਨ' ਪਰ ਇਸ ਗੱਲ ਨਾਲ ਸਾਰੇ ਸਹਿਮਤ ਹਨ ਕਿ ਪਰਭਾਵ ਦੀ ਏਕਤਾ ਨੂੰ ਨਹੀਂ ਤੋੜਨਾ ਚਾਹੀਦਾ।

ਕਹਾਣੀ ਦੇ ਨਿੱਕੇਪਣ ਦੀ ਸੀਮਾ ਨਿਸ਼ਚਤ ਕਰਦਿਆਂ ਇਹ ਲੇਖਕ ਐਡਗਰ ਐਲਨ ਪੋ ਦਾ 'ਅੱਧੇ ਘੰਟੇ ਤੋਂ' ਦੋ ਘੰਟੇ ਤਕ' ਦਾ ਅਤੇ ਫ਼ਾਰਸਟਰ ਦਾ ‘ਦਸ ਕੁ ਹਜ਼ਾਰ ਸ਼ਬਦਾਂ ਦਾ ਮਾਪ ਪੇਸ਼ ਕਰਦੇ ਹਨ। ਪਰ ਇਹਨਾਂ ਵਿਚੋਂ ਚੋਣ ਕਰਨ ਲੱਗਿਆਂ ਉਹ ਦੁਬਿਧਾ ਵਿਚ ਅਤੇ ਸਵੈ-ਵਿਰੋਧ ਵਿਚ ਫਸ ਜਾਂਦੇ ਹਨ। ਇਕ ਪਾਸੇ ਤਾਂ ਉਹ ਕਹਿੰਦੇ ਹਨ ਕਿ 'ਸਮੇਂ ਦੀ ਖਾਸ ਹੱਦਬੰਦੀ ਦੀ ਕਰੜੀ ਪਾਲਣਾ ਨਹੀਂ ਹੋਣੀ ਚਾਹੀਦੀ। ਲੇਖਕ ਦੀ ਆਪਣੀ ਸ਼ਖ਼ਸੀਅਤ, ਪ੍ਰਤਿਭਾ ਅਤੇ ਵਸਤੂ ਦੇ ਫੈਲਾਅ ਤੇ ਪਸਾਰ ਦੇ ਮੁਤਾਬਕ ਹੀ ਸਮਾਂ ਤੇ ਸ਼ਬਦ ਹੋ ਸਕਦੇ ਹਨ।' ਇਥੇ ਇਹ ਤਾਂ ਠੀਕ ਹੈ ਕਿ ਵਸਤੂ ਦਾ ਫੈਲਾਅ ਤੇ ਪਸਾਰ ਸਮੇਂ` ਅਤੇ ਸ਼ਬਦਾਂ ਦੀ ਗਿਣਤੀ ਨੂੰ ਨਿਸ਼ਚਤ ਕਰ ਸਕਦੇ ਹਨ, ਅਤੇ ਇਹ ਗੱਲ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਸੰਤ ਸਿੰਘ ਸੇਖੋਂ ਅਤੇ ਕਰਤਾਰ ਸਿੰਘ ਦੁੱਗਲ ਦੇ ਕਥਨਾਂ ਵਿਚ ਮਿਲਦੀ ਹੈ, ਪਰ ਇਹ ਗੱਲ ਸਪਸ਼ਟ ਨਹੀਂ ਹੁੰਦੀ ਕਿ ਲੇਖਕ ਦੀ ਆਪਣੀ ਸ਼ਖ਼ਸੀਅਤ ਅਤੇ ਪ੍ਰਤਿਭਾ ਸਮੇਂ ਅਤੇ ਸ਼ਬਦਾਂ ਨੂੰ ਕਿਵੇਂ ਨਿਸ਼ਚਿਤ ਕਰਦੀਆਂ ਹਨ। ਨਾਲ ਹੀ ਇਹ ਲੇਖਕ ਆਪਣੀ ਉਪਰ ਕਹੀ ਗੱਲ -'ਸਮੇਂ ਦੀ ਖ਼ਾਸ ਹੱਦਬੰਦੀ ਦੀ ਕਰੜੀ ਪਾਲਣਾ ਨਹੀਂ ਹੋਣੀ ਚਾਹੀਦੀ' - ਦਾ ਵਿਰੋਧ ਕਰ ਜਾਂਦੇ ਹਨ, ਜਦੋਂ ਉਹ ਲਿਖਦੇ ਹਨ ਕਿ 'ਫਿਰ ਵੀ ਕਹਾਣੀ ਦਾ ਸਮਾਂ ਤੇ ਆਕਾਰ ਇਕ ਬੈਠਕ ਦੇ ਸਮੇਂ ਤੋਂ ਨਹੀਂ ਵਧਣਾ ਚਾਹੀਦਾ।' ਪਰ ਇਹ ਬੈਠਕ ਕਿੱਡੀ ਹੋਵੇ ? ਇਸ ਬਾਰੇ ਕੁਝ ਨਹੀਂ ਕਿਹਾ ਗਿਆ।

ਕਹਾਣੀ ਦੇ ਗੁਣ ਵਜੋਂ ਸੇਖੋਂ ਦੀ 'ਸਾਧਾਰਣਤਾ' ਅਤੇ ਡਾ. ਗੋਪਾਲ ਸਿੰਘ ਦੀ 'ਅਸਚਰਜਤਾ’ ਵਿਚੋਂ ਇਹ ਲੇਖਕ ਅਸਚਰਜਤਾ ਦੀ ਚੋਣ ਕਰਦੇ ਹਨ। 'ਨਿੱਕੀ ਕਹਾਣੀ ਦਾ ਵਿਸ਼ਾ ਕੋਈ ਸਾਧਾਰਣ-ਘਟਨਾ ਤੇ ਚਿਤਰ ਜਾਂ ਦਰਿਸ਼ ਨਹੀਂ' ਹੁੰਦਾ, ਸਗੋਂ ਪਰਭਾਵੇਸ਼ਾਲੀ ਤੇ ਨਾਟਕੀ ਘਟਨਾ ਵਾਲਾ ਹੀ ਹੋ ਸਕਦਾ ਹੈ। ਇਸ ਸੰਖੇਪ ਜਿਹੀ ਨਾਟਕੀ ਘਟਨਾ ਵਿਚ ਉਤਸੁਕਤਾ ਤੇ ਅਸਚਰਜਤਾ ਦਾ ਅੰਸ਼ ਜ਼ਰੂਰ ਹੋਣਾ ਚਾਹੀਦਾ ਹੈ।'

ਤਾਂ ਵੀ, ਕਹਾਣੀ ਸੁਭਾਵਕ ਲੱਗਣੀ ਚਾਹੀਦੀ ਹੈ ਅਤੇ ਇਹ ਸੁਭਾਵਕਤਾ ਉਪਜਾਣ ਲਈ ਘਟਨਾ ਨੂੰ ਕਿਸੇ ਗੋਦ ਵਿਚ ਬੰਨ੍ਹਣਾ ਬੜਾ ਜ਼ਰੂਰੀ ਹੈ। ਨਿੱਕੀ ਕਹਾਣੀ ਵਾਸਤੇ 'ਪਲਾਟ ਦੀ ਹੋਂਦ ਬੜੀ ਜ਼ਰੂਰੀ ਹੈ'। ਇਹ ਪਲਾਟ 'ਕਹਾਣੀ ਵਿਚ ਲਈਆਂ ਘਟਨਾਵਾਂ ਵਿਚ ਕਰਮ ਤੇ ਫਲ ਦਾ ਰਿਸ਼ਤਾ ਸਥਾਪਨ ਕਰਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਮੰਨਣਯੋਗ ਤੇ ਵਾਸਤਵਕ ਬਣਾ ਦੇਂਦਾ ਹੈ।

ਇਸ ਤਰਾਂ ਅਸੀਂ ਵੇਖਦੇ ਹਾਂ ਕਿ ਸਾਹਿਤ-ਸ਼ਾਸਤਰ ਦੀਆਂ ਉਪਰੋਕਤ ਦੋ ਪੁਸਤਕਾਂ ਨਿੱਕੀ ਕਹਾਣੀ ਦੇ ਸ਼ਾਸਤਰ ਸੰਬੰਧੀ ਨਿਸ਼ਚਿਤਤਾ ਵਿਚ ਕਹਾਣੀ-ਲੇਖਕਾਂ ਵਲੋਂ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਤੋਂ ਅੱਗੇ ਨਹੀਂ ਜਾਂਦੀਆਂ, ਪਰ ਅਨਿਸ਼ਚਿਤਤਾ ਜ਼ਰੂਰ ਕੁਝ ਵਧਾ ਦੇਦੀਆਂ ਹਨ - ਪਹਿਲੀ ਪੁਸਤਕ ਅਜੋਕੀ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਮੰਨਣ ਤੋਂ ਇਨਕਾਰ ਕਰਕੇ ਅਤੇ ਮਗਰਲੀ ਪੁਸਤਕ ਆਪਣੇ ਸਵੈ-ਵਿਰੋਧਾਂ ਅਤੇ ਭਾਵ-ਵਾਦੀ ਸੰਕਲਪਾਂ ਨੂੰ ਨਿਸ਼ਚਿਤਕਾਰੀ ਸਥਾਨ ਦੇਣ ਕਰਕੇ।

ਉਪ੍ਰੋਕਤ ਦੋਹਾਂ ਪੁਸਤਕਾਂ ਦੀ ਸੀਮਾ ਇਸ ਸਮੇਂ ਨਿੱਕੀ ਕਹਾਣੀ ਦੇ ਸ਼ਾਸਤਰ ਅਤੇ ਇਤਿਹਾਸ ਬਾਰੇ ਲਿਖੀਆਂ ਗਈਆਂ ਬਾਕੀ ਕਿਤਾਬਾਂ ਦੀ ਵੀ ਸੀਮਾ ਹੈ।

ਨਿੱਕੀ ਕਹਾਣੀ ਦੇ ਸ਼ਾਸਤਰ ਦੇ ਇਤਿਹਾਸ ਵਿਚ ਝੂਠੀਆਂ ਸੱਚੀਆਂ ਪਾਠ-ਪੁਸਤਕ ਦੀ ਸੰਤ ਸਿੰਘ ਸੇਖੋਂ ਵਲੋਂ ਲਿਖੀ ਗਈ ਭੂਮਿਕਾ ਮੀਲ-ਪੱਥਰ ਹੈ। ਇਸ ਭੂਮਿਕਾ ਦਾ ਜ਼ਿਕਰ ਅਸੀਂ ਪਿਛਲੇ ਕਾਂਡ ਵਿਚ ਕਰ ਆਏ ਹਾਂ। ਇਸ ਤੋਂ ਮਗਰੋਂ ਨਿੱਕੀ ਕਹਾਣੀ ਬਾਰੇ ਜੋ ਕੁਝ ਵੀ ਲਿਖਿਆ ਗਿਆ, ਉਸ ਵਿਚ ਪਿਛਲੇ ਕਾਂਡ ਵਿਚਲੇ ਚਾਰਾਂ ਹੀ ਲੇਖਕਾਂ ਦੇ ਕਥਨਾਂ ਦੀਆਂ, ਅਤੇ ਖ਼ਾਸ ਕਰਕੇ ਸੰਤ ਸਿੰਘ ਸੇਖੋਂ ਦੀ ਉਪਰਲੀ ਲਿਖਤ ਦੀਆਂ ਪ੍ਰਤਿਧੁਨੀਆਂ ਸੁਣਾਈ ਦੇਂਦੀਆਂ ਹਨ- ਕਿਤੇ ਨਿਯਮਾਂ ਦੇ ਰੂਪ ਵਿਚ, ਕਿਤੇ ਭਰਾਂਤੀਆਂ ਦੇ ਰੂਪ ਵਿਚ।
ਇਸ ਪੱਖੋ` ਡਾ. ਅਤਰ ਸਿੰਘ ਦਾ ਲੇਖ 'ਨਿੱਕੀ ਕਹਾਣੀ ਤੇ ਮਨੁੱਖੀ ਅਨੁਭਵ' ਸਭ ਤੋਂ ਪਹਿਲਾਂ ਧਿਆਨ ਮੰਗਦਾ ਹੈ। ਇਹ ਲੇਖ ਡਾ. ਅਤਰ ਸਿੰਘ ਦੀਆਂ ਪਹਿਲੀਆਂ ਲਿਖਤਾਂ ਵਿਚੋਂ ਇਕ ਹੈ। ਇਸ ਲਈ ਇਸ ਵਿਚ ਦਾਰਸ਼ਨਿਕ ਡੂੰਘਾਈ ਅਤੇ ਇਕਸਾਰਤਾ ਦੇਖਣਾ ਵਿਅਰਥ ਹੋਵੇਗਾ, ਬਾਵਜੂਦ ਇਸ ਦੀ ਇਸ ਤਰ੍ਹਾਂ ਦੀ ਦਿੱਖ ਦੇ। ਕਈ ਗੱਲਾਂ ਵਿਚ ਨਵੇਂ ਨਵੇਂ ਆਲੋਚਕ ਦਾ ਗਭਰੀਟ ਉਤਸ਼ਾਹ ਵੀ ਆਪਣੀ ਚੁਗਲੀ ਕਰ ਜਾਂਦਾ ਹੈ, ਖ਼ਾਸ ਕਰਕੇ ਸਥਾਪਤ ਸੰਕਲਪਾਂ ਨੂੰ ਆਪਣੇ ਨਿੱਜੀ ਅਰਥ ਦੇਣ ਦੇ ਯਤਨਾਂ ਵਿਚ, ਜਿਵੇਂ ਕਿ ਕਲਾ ਕਲਾ ਲਈ, ਮਨੋਰਥਵਾਦ, ਪ੍ਰਗਤੀਵਾਦ, ਪ੍ਰਯੋਗਵਾਦ ਆਦਿ ਨੂੰ। ਇਹੀ ਉਤਸ਼ਾਹ ਗ਼ਲਤ ਤਰਾਂ ਦੇ ਵਿਰੋਧੀ ਜੱਟ ਸਿਰਜਣ ਵਿਚ ਵੀ ਦਿਖਾਈ ਦੇਂਦਾ ਹੈ, ਜਿਵੇਂ ਕੇ ਰਚਨਾ/ਵਰਤਣ (ਜਿਵੇਂ ਕਿ ਰਚੇ ਜਾਣ ਤੋਂ ਬਿਨਾਂ ਵੀ ਕੁਝ ਵਰਤਿਆ ਜਾ ਸਕਦਾ ਹੈ, ਜਾਂ ਕਿਸੇ ਚੀਜ਼ ਦੇ ਰਚੇ ਜਾਣ ਤੋਂ ਮਗਰੋਂ ਜਿਵੇਂ ਉਸ ਦੀ ਵਰਤੋਂ ਉਤੇ ਪਾਬੰਦੀ ਲਗ ਜਾਂਦੀ ਹੈ।)। ਇਸੇ ਤਰਾਂ ਦੀ ਭਰਾਤੀ ਰਚਨਾ ਦੇ ਮਨੋਰਥ ਰੱਖਣ ਜਾਂ ਨਾ ਰੱਖਣ ਬਾਰੇ ਹੈ, ਕਿਉਂਕਿ ਪ੍ਰਭਾਵ ਇਹ ਪੈਂਦਾ ਹੈ ਕਿ ਰਚਨਾ ਮਨੋਰਥ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਰਚਨਾ ਲਈ ਕੋਈ ਮਨੋਰਥ ਰੱਖਣਾ ਕਲਾ ਵਜੋਂ ਆਪਣੀ ਹੋਂਦ ਨੂੰ ਰੱਦ ਕਰਨਾ ਹੁੰਦਾ ਹੈ।
ਪਰ ਇਸ ਸਭ ਕੁਝ ਦੇ ਬਾਵਜੂਦ ਇਹ ਲੇਖ ਪੰਜਾਬੀ ਵਿਚ ਨਿੱਕੀ ਕਹਾਣੀ ਬਾਰੇ ਬਹਿਸ ਨੂੰ ਇਕ ਉਚੇਰੀ ਪੱਧਰ ਉਤੇ ਲੈ ਜਾਂਦਾ ਹੈ ਅਤੇ ਨਿੱਕੀ ਕਹਾਣੀ ਦੀ ਰੂਪਾਕਾਰਕ ਸਮੱਸਿਆ ਨੂੰ ਦਾਰਸ਼ਨਿਕ ਆਧਾਰ ਉਤੇ ਨਜਿੱਠਣ ਦੀ ਕੋਸ਼ਿਸ਼ ਕਰਦਾ ਹੈ। ਇਸ ਲੇਖ ਵਿੱਚ ਨਿੱਕੀ ਕਹਾਣੀ ਨੂੰ ਪਰਿਭਾਸ਼ਤ ਕਰਨ ਲੱਗਿਆਂ ਸ਼ਬਦਾਂ ਨੂੰ ਗਿਨਣ ਜਾਂ ਸਮੇਂ ਨੂੰ ਮਾਪਣ ਦੇ ਚੱਕਰ ਵਿਚ ਨਹੀਂ ਪਿਆ ਗਿਆ, ਅਤੇ ਨਾ ਹੀ ਘਟਨਾ ਦੇ ਇਕ ਜਾਂ ਬਹੁਤੀਆਂ ਹੋਣ, ਪ੍ਰਭਾਵ ਦੇ ਇਕਹਿਰੇ ਜਾਂ ਇਕਾਗਰ ਹੋਣ ਦੀ ਗੱਲ ਕੀਤੀ ਗਈ ਹੈ। ਇਹ ਗੱਲਾਂ ਉਸ ਵਾਸਤੇ ਨਿੱਕੀ ਕਹਾਣੀ ਨੂੰ ਪਰਿਭਾਸ਼ਤ ਕਰਨ ਵਿਚ ਪ੍ਰਾਥਮਿਕ ਮਹੱਤਾ ਰੱਖਦੀਆਂ ਨਹੀਂ ਲੱਗਦੀਆਂ। ਉਸ ਵਾਸਤੇ ਪ੍ਰਾਥਮਿਕ ਮਹੱਤਾ ਰੂਪ ਅਤੇ ਵਸਤੂ ਦੇ ਰਿਸ਼ਤੇ ਨੂੰ ਸਮਝਣ ਦੀ ਹੈ, ਜਿਸ ਵਿਚ ਬੁਨਿਆਦੀ ਮਿਥਣ ਇਹ ਹੈ ਕਿ ਰੂਪ ਵਸਤੂ ਉਤੇ ਨਿਰਭਰ ਕਰਦਾ ਹੈ। ਅਤੇ ਵਸਤੂ ਰੂਪ ਨੂੰ ਨਿਸਚਿਤ ਕਰਦਾ ਹੈ। ਵਸਤ ਵਿੱਚ ਆਈ ਤਬਦੀਲੀ ਰੂਪ ਵਿਚ ਵੀ ਤਬਦੀਲੀ ਲੈ ਆਉਂਦੀ ਹੈ ਅਤੇ ਬਦਲਿਆ ਹੋਇਆ ਵਸਤੂ ਆਪਣੇ ਅਨੁਕੂਲ ਰੂਪ ਨੂੰ ਜਨਮ ਦੇ ਲੈਂਦਾ ਹੈ। ਇਸ ਲਈ ਲੋੜ ਵਸਤੂ ਵਿਚਲੀ ਉਸ ਤਬਦੀਲੀ ਨੂੰ ਪਛਾਨਣ ਦੀ ਹੈ, ਜਿਸ ਨੇ ਨਿੱਕੀ ਕਹਾਣੀ ਦੀ ਵਿਧਾ ਨੂੰ ਜਨਮ ਦਿੱਤਾ, ਜਾਂ ਇਸ ਦੇ ਪੈਦਾ ਹੋਣ ਨੂੰ ਲਾਜ਼ਮੀ ਬਣਾਇਆ। ਇਸ ਦੇ ਰੂਪਗਤ ਲੱਛਣਾਂ ਨੂੰ ਨਿਖੇੜਣਾ ਤਾਂ ਮਗਰੋਂ' ਦੀ ਗੱਲ ਹੈ। ਸਮੁੱਚੇ ਸਾਹਿਤ-ਚਿੰਤਨ ਲਈ ਇਹ ਸੋਚ ਕੋਈ ਨਵੀਂ ਨਹੀਂ ਸੀ, ਪਰ ਪੰਜਾਬੀ ਵਿਚ ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਦੇ ਸੰਦਰਭ ਵਿਚ ਇਸ ਪ੍ਰਸ਼ਨ ਦੀ ਇਸ ਤਰਾਂ ਪੇਸ਼ਕਾਰੀ ਪਹਿਲੀ ਵਾਰੀ ਅਤਰ ਸਿੰਘ ਨੇ ਕੀਤੀ। ਉਸ ਦੇ ਸ਼ਬਦਾਂ ਵਿਚ :

ਕਲਾ ਵਿਚ ਮਨੁੱਖ ਦੇ ਅਨੁਭਵ ਦਾ ਇਕ ਮਹੱਤਵਪੂਰਨ ਪੱਖ ਕਲਾ ਰੂਪ ਦਾ ਭੇਖ ਧਾਰ ਕੇ ਜ਼ਾਹਰ ਹੁੰਦਾ ਹੈ। ਸਾਹਿਤ ਦੀ ਕਿਹੜੀ ਵੰਨਗੀ ਵਿਚ ਕੋਈ ਵਸਤੁ ਪ੍ਰਗਟ ਹੋਵੇ? ਜਾਂ ਇਸ ਮੰਤਵ ਦੀ ਪੂਰਤੀ ਲਈ ਕੋਈ ਅਸਲੋਂ ਹੀ ਨਵਾਂ ਸਾਹਿਤ ਰੂਪ ਰਚਿਆ ਜਾਵੇ ਕਿ ਨਾਂਹ? ਇਸ ਦਾ ਆਧਾਰ ਵਸਤੂ ਦੀਆਂ ਵਿਸ਼ੇਸ਼ਤਾਵਾਂ, ਕਿਸੇ ਸਾਹਿਤ ਦੀਆਂ ਪਰੰਪਰਾਵਾਂ ਦੀਆਂ ਸੰਭਾਵਨਾਵਾਂ ਅਤੇ ਲੇਖਕ ਦੀ ਰਚਨਾਤਮਕ ਸ਼ਕਤੀ ਉਤੇ ਹੈ। ਬਾਕੀ ਗੱਲਾਂ ਸਹਾਇਕ ਭਾਵੇਂ ਹੋਣ, ਮੂਲ ਉੱਕਾ ਨਹੀਂ ਹੋ ਸਕਦੀਆਂ।

ਵਸਤੂ-ਸਥਿਤੀ ਵਿਚ ਉਹ ਕਿਹੜੀਆਂ ਤਬਦੀਲੀਆਂ ਸਨ ਜਿਨ੍ਹਾਂ ਨੇ ਨਿੱਕੀ ਕਹਾਣੀ ਦੀ ਵਿਧਾ ਦਾ ਰਚਿਆ ਜਾਣਾ ਜ਼ਰੂਰੀ ਬਣਾਇਆ?

ਇਥੇ ਡਾ. ਅਤਰ ਸਿੰਘ ਵਲੋਂ ਪੰਜਾਬ ਦੀ ਵਸਤੂ-ਸਥਿਤੀ ਵਿਚ ਵਾਪਰ ਰਹੀਆਂ ਤਬਦੀਲੀਆਂ ਵੱਲ ਸੰਕੇਤ ਨਹੀਂ ਕੀਤਾ ਗਿਆ, ਸਗੋਂ ਸੰਸਾਰ ਪੱਧਰ ਉਤੇ ਨਿੱਕੀ ਕਹਾਣੀ ਦੇ ਵੱਖਰੀ ਵਿਧਾ ਵਜੋਂ ਉਦਭਵ ਲਈ ਜ਼ਿੰਮੇਵਾਰ ਤਬਦੀਲੀਆਂ ਗਿਣਵਾਈਆਂ ਗਈਆਂ ਹਨ। ਇਹ ਗੱਲ ਫਿਰ ਇਸ ਗੱਲ ਵੱਲ ਸੰਕੇਤ ਹੈ ਕਿ ਪੰਜਾਬੀ ਨਿੱਕੀ ਕਹਾਣੀ ਆਪਣੇ ਸਾਹਿਤ ਅਤੇ ਸਮਾਜ ਦੀ ਵਸਤੂ-ਸਥਿਤੀ ਦੇ ਵਿਕਾਸ ਦਾ ਸਹਿਜ ਪ੍ਰਗਟਾਅ ਨਹੀਂ ਸਗੋਂ' ਸੰਸਾਰ ਪੈਮਾਨੇ ਉਤੇ ਚੱਲ ਰਹੇ ਸਾਹਿਤਕ ਅਤੇ ਸਭਿਆਚਾਰਕ ਕਰਮ- ਪ੍ਰਤਿਕਰਮ ਦੀ ਸਿੱਟਾ ਹੈ। ਇਹ ਤਬਦੀਲੀਆਂ ਮੁੱਖ ਰੂਪ ਵਿਚ ਮਨੁੱਖ ਦੇ ਭੌਤਕ ਆਲੇ-ਦੁਆਲੇ ਵਿਚ ਆਈਆਂ ਸਨ, ਜਿਨ੍ਹਾਂ ਦਾ ਮੁੱਖ ਕਾਰਨ ਵਿਗਿਆਨ ਦੀ ਪ੍ਰਗਤੀ ਸੀ, ਜਿਸ ਨਾਲ ਕਿੱਤੀ ਉਪਰ ਮਨੁੱਖ ਦਾ ਅਧਿਕਾਰ ਵਧ ਗਿਆ। ਇਸ ਨਾਲ ਪ੍ਰਕਿਰਤੀ ਇਕ ਅੰਨ੍ਹੀ ਸ਼ਕਤੀ ਨਾ ਰਹੀ। ਮਨੁੱਖ ਉਸ ਅੱਗੇ ਨਿਤਾਣਾ ਅਤੇ ਮੁਥਾਜ ਨਾ ਰਿਹਾ। ਇਕ ਸਵੈ-ਵਿਸ਼ਵਾਸ, ਇਕ ਸਵੈ-ਮਾਣ, ਆਪਣੀ ਹੋਂਦ ਦੀ ਮਹੱਤਾ ਦਾ ਇਕ ਅਹਿਸਾਸ; ਇਹ ਮਨੁੱਖ ਲਈ ਇਕ ਬਿਲਕੁਲ ਨਵਾਂ ਅਨੁਭਵ ਸੀ। ਇਸ ਦੀ ਰੌਸ਼ਨੀ ਵਿਚ ਉਸ ਦਾ ਸਾਰਾ ਜੀਵਨ ਲਿਸ਼ਕ ਪਿਆ। ਉਸ ਨੂੰ ਆਪਣੇ ਚਾਰੇ ਪਾਸੇ ਇਕ ਨਵੀਂ ਹੋਦ ਦਾ ਅਹਿਸਾਸ ਹੋਇਆ, ਇਹ ਵਿਅਕਤੀਵਾਦ ਦੀਆਂ ਪਹਿਲੀਆਂ ਸੋਆਂ ਸਨ।' ਇਸੇ ਗੱਲ ਨੂੰ ਅੱਗੇ ਤੋਰਦਿਆਂ ਉਹ ਲਿਖਦਾ ਹੈ, 'ਵਿਗਿਆਨ ਦੀ ਉੱਨਤੀ ਨਾਲ ਪ੍ਰਕਿਰਤੀ ਉਤੇ ਵਧਦੇ ਅਧਿਕਾਰ ਨੇ ਸਮਾਜ ਦੀ ਸਾਰਥਕਤਾ ਨੂੰ ਘਟਾਇਆ ਹੈ। ਸਿੱਟਾ ਇਹ ਕਿ ਮਨੁੱਖ ਉਸ ਤੋਂ ਮੁਨਕਰ ਹੋ ਕੇ ਆਪਣੇ ਵਿਅਕਤਿਤਵ ਨੂੰ ਵਧੇਰੇ ਮਹੱਤਵਪੂਰਨ ਮੰਨਣ ਲੱਗ ਪਿਆ। 'ਡਾ. ਅਤਰ ਸਿੰਘ ਅਨੁਸਾਰ ਆਪਣੇ ਵਿਅਕਤਿਤਵ ਨੂੰ ਵਧੇਰੇ ਮਹੱਤਵਪੂਰਨ ਮੰਨਣ ਲੱਗ ਪੈਣਾ ਵਿਅਕਤੀਵਾਦ ਹੈ। ਅਤੇ 'ਇਹ ਵਿਅਕਤੀਵਾਦ ਹੀ ਉਹ ਕੁੰਜੀ ਹੈ ਜਿਸ ਨਾਲ ਆਧੁਨਿਕ ਸਾਹਿਤ, ਨਿੱਕੀ ਕਹਾਣੀ ਜਿਸ ਦਾ ਇਕ ਬਹੁਤ ਵੱਡਾ ਅੰਗ ਹੈ, ਦੇ ਰਹੱਸ ਦੇ ਤਾਲੇ ਖੁੱਲ੍ਹ ਸਕਦੇ ਹਨ। ਵਿਅਕਤੀਵਾਦ ਮਨੁੱਖ ਨੂੰ ਉਸ ਦੀ ਹੋਂਦ ਦਾ ਇਕ ਨਵਾਂ ਅਹਿਸਾਸ ਦੇ ਕੇ ਉਸ ਦੇ ਨਿੱਤ ਦੇ ਜੀਵਨ ਦੇ ਅਨੁਭਵ ਨੂੰ ਇਕ ਅਜਿਹੀ ਮਹੱਤਤਾ ਬਖ਼ਸ਼ਦਾ ਹੈ ਜਿਹੜੀ ਪਹਿਲਾਂ ਉਸ ਨੂੰ ਕਦੇ ਨਸੀਬ ਨਹੀਂ ਸੀ।' ਇਹ ਅਨੁਭਵ ਅਸਲੋਂ ਹੀ ਨਵਾਂ ਹੈ। ਇਸ ਲਈ ਸਾਹਿਤ ਦੇ ਪਰੰਪਰਾਗਤ ਰੂਪ, ਜਿਹਾ ਕਿ ਮਹਾਂ-ਕਾਵਿ ਜਾਂ ਕਥਾ-ਕਾਵਿ ਆਦਿ ਇਸ ਨੂੰ ਅਭਿਵਿਅਕਤੀ ਕਰਨ ਦੇ ਯੋਗ ਹੁੰਦੇ ਹਨ; ਨਵਾਂ ਵਸਤੂ ਨਵੇਂ ਰੂਪ ਰਚਣ ਦਾ ਪ੍ਰੇਰਕ ਬਣਦਾ ਹੈ। ਅੱਗੇ ਚੱਲ ਕੇ ਨਵੀਂ ਵਸਤੂ-ਸਥਿਤੀ ਨੂੰ ਨਵੇਂ ਸਾਹਿਤ-ਰੂਪਾਂ ਨਾਲ ਜੋੜਦਿਆਂ ਉਹ ਲਿਖਦਾ ਹੈ: 'ਨਾਵਲ ਵਿਚ ਸਾਧਾਰਣ ਮਨੁੱਖ ਆਪਣੇ ਵਿਸ਼ੇਸ਼ ਰੂਪ ਵਿਚ ਪ੍ਰਵੇਸ਼ ਕਰਦਾ ਹੈ। ਪਰ ਹਜ਼ਾਰਾਂ ਘਟਨਾਵਾਂ, ਸੋਚਾਂ, ਚਿੰਤਾਵਾਂ, ਖ਼ਿਆਲ, ਉਸ ਦੇ ਜੀਵਨ ਵਿਚ ਅਜਿਹੇ ਵੀ ਆਉਂਦੇ ਹਨ ਜਿਹੜੇ ਇਸ ਵਿਸ਼ੇਸ਼ਤਾ ਨੂੰ ਪਰਾਪਤ ਨਹੀਂ ਹੋ ਸਕਦੇ। ਇਨ੍ਹਾਂ ਤੋਂ ਮੁਕਤ ਕਿਵੇਂ ਹੋਵੇ? ਇਹ ਪ੍ਰੇਰਨਾ ਨਿੱਕੀ ਕਹਾਣੀ, ਨਿੱਕੀ ਕਵਿਤਾ, ਇਕਾਂਗੀ, ਨਿਬੰਧ ਆਦਿ ਨੂੰ ਜਨਮ ਦੇਂਦੀ ਹੈ। ਨਿੱਕੀ ਕਹਾਣੀ ਸਾਧਾਰਣ ਮਨੁੱਖ ਨੂੰ ਉਸ ਦੀ ਸਾਧਾਰਣਤਾ ਵਿਚ ਪੇਸ਼ ਕਰਦੀ ਹੈ। ਜੇ ਅਸੀਂ ਪਿੱਛੇ ਵੱਲ ਝਾਤੀ ਮਾਰੀਏ ਤਾਂ ਸੰਤ ਸਿੰਘ ਸੰਖ' ਨੇ ਸਮਾਚਾਰ ਦੇ ਮਗਰ ਦਿੱਤੇ ਆਪਣੇ ਨਿੱਕੀ ਕਹਾਣੀ ਬਾਰੇ ਨੋਟ ਵਿਚ ਨਿੱਕੀ ਕਹਾਣੀ ਦੀ ਉਪਜ ਨੂੰ ਇਸੇ ਤਰ੍ਹਾਂ ਦੇ ਵਿਚਾਰ ਨਾਲ ਜੋੜਿਆ ਸੀ:

...ਇਹ ਮੰਨਣਾ, ਪਏਗਾ ਕਿ ਕਈ ਘਟਨਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੇ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ। ਛੋਟੀ ਕਹਾਣੀ ਦੇ ਪਰਚੱਲਤ ਹੋਣ ਤੋਂ ਪਹਿਲਾਂ ਅਜਿਹੀਆਂ ਘਟਨਾਂ ਆਮ ਤੋਂਰ 'ਤੇ ਘਟ ਹੀ ਸਾਹਿਤ ਜਾਂ ਸੰਬੰਧਤ ਵਿਚਾਰ ਦਾ ਵਿਸ਼ੇ ਬਣਦੀਆਂ ਸਨ। ਹੁਣ ਅਜਿਹੀਆਂ ਘਟਨਾਂ ਦੀ ਸਾਹਿਤ ਵਿਚ ਥਾਉਂ ਬਣ ਗਈ ਹੈ ਤੇ ਦੂਜੇ ਪਾਸੇ ਅਸਾਡੀ ਧਿਆਨ ਸ਼ਕਤੀ ਲਈ ਇਕ ਖੁੱਲ੍ਹਾ ਤੇ ਵਿਸ਼ਾਲ ਅਖਾੜਾ ਮਿਲ ਗਿਆ ਹੈ।'

ਇਥੋਂ ਤੱਕ ਪਹੁੰਚਦਿਆਂ ਸਾਨੂੰ ਕੁਝ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ। ਅਸੀਂ ਜਿਵੇਂ ਪਹਿਲਾਂ ਕਹਿ ਆਏ ਹਾਂ, ਡਾ. ਅਤਰ ਸਿੰਘ ਆਪਣੇ ਇਸ ਲੇਖ ਵਿਚ ਨਿੱਕੀ ਕਹਾਣੀ ਦੀ ਰੂਪਾਕਾਰਕ ਸਮੱਸਿਆ ਨੂੰ ਦਾਰਸ਼ਨਿਕ ਪੱਧਰ ਉਤੇ ਪੇਸ਼ ਕਰਨ ਦੀ ਪਹਿਲ ਕਰਦਾ ਹੈ। ਇਸ ਪ੍ਰਭਾਵ ਦੇ ਕਾਰਨ ਦੇ ਹਨ। ਇਕ, ਉਸ ਦੀ ਪੇਸ਼ਕਾਰੀ, ਜਿਸ ਵਿਚ ਸੰਕਲਪਾਤਮਕ ਸ਼ਬਦਾਵਲੀ ਦੀ ਭਰਮਾਰ ਹੈ ਅਤੇ ਇਸ ਸ਼ਬਦਾਵਲੀ ਦੇ ਦੁਆਲੇ ਉਹ ਮਨੁੱਖੀ ਹੋਂਦ ਅਤੇ ਚਿੰਤਨ ਦੇ ਇਤਿਹਾਸ ਅਤੇ ਵਿਕਾਸ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ। ਦੂਜਾ, ਉਹ ਇਤ, ਮੁਖ, ਕੇਦਰੀ ਸਮੱਸਿਆ ਹੀ ਲੈਂਦਾ ਹੈ, ਜਿਸ ਨਾਲ ਇਸ ਲੇਖ ਦਾ ਪ੍ਰਭਾਵ ਬੱਝਵਾਂ ਅਤੇ ਇਕਾਗਰ ਹੋ ਨਿੱਬੜਦਾ ਹੈ। ਪਰ ਜਿਥੋਂ ਤੱਕ ਸਥਾਪਨਾਵਾਂ ਦਾ ਸਵਾਲ ਹੈ, ਇਸ ਵਿਚ ਆਪਣੇ ਤੋਂ ਪਹਿਲਾਂ ਦੇ, ਖ਼ਾਸ ਕਰਕੇ ਸੰਤ ਸਿੰਘ ਸੇਖੋਂ ਦੇ ਲੇਖਾਂ ਵਿਚਲੀਆਂ ਮੂਲ ਸਥਾਪਨਾਵਾਂ ਨੂੰ ਹੀ ਜਾਂ ਤਾਂ ਦੁਹਰਾਹਿਆ ਗਿਆ ਹੈ, ਜਾਂ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ। ਖ਼ਾਸ ਕਰਕੇ ਦੋ ਸਥਾਪਨਾਵਾਂ 'ਨਾਵਲ ਮਨੁੱਖ ਨੂੰ ਉਸ ਦੀ ਸਮਾਜਕ ਵਿਸ਼ੇਸ਼ਤਾ ਵਿਚ ਪੇਸ਼ ਕਰਦਾ ਹੈ' ਅਤੇ 'ਨਿੱਕੀ ਕਹਾਣੀ ਸਾਧਾਰਣ ਮਨੁੱਖ ਨੂੰ ਉਸ ਦੀ ਸਾਧਾਰਣਤਾ ਵਿਚ ਪੇਸ਼ ਕਰਦੀ ਹੈ' ਸੰਤ ਸਿੰਘ ਸੇਖੋਂ ਦੀਆਂ ਹਨ, ਅਤੇ ਅੱਧੇ ਤੋਂ ਬਹੁਤਾ ਲੇਖ ਇਹਨਾਂ ਦੀ ਹੀ ਵਿਆਖਿਆ ਹੈ।

ਦਾਰਸ਼ਨਿਕ ਪੱਧਰ ਉਤੇ ਇਹ ਲੇਖ ਹੋਰ ਵੀ ਘੱਟ ਵਿਕਦਾ ਹੈ। ਸਮਾਜ ਵਿੱਚ ਵਿਅਕਤੀ ਦੀ ਮਹੱਤਾ ਵਧਣ ਦਾ ਨਾਂ ਵਿਅਕਤੀਵਾਦ ਨਹੀਂ। ਨਾ ਹੀ ਵਿਅਕਤੀ ਦੀ ਮਹੱਤਾ ਵਧਣ ਨਾਲ ਸਮਾਜ ਦੀ ਸਾਰਥਕਤਾ ਘਟ ਜਾਂਦੀ ਹੈ ਜਾਂ ਖ਼ਤਮ ਹੋ ਜਾਂਦੀ ਹੈ। ਵਿਅਕਤੀਵਾਦ ਵਿਅਕਤੀ ਅਤੇ ਸਮੂਹ ਦੇ ਪ੍ਰਸਪਰ ਸੰਬੰਧਾਂ ਦੇ ਵਿਕਾਸ ਵਿਚ ਇਕ ਔਝੜ ਦਾ ਨਾਂ ਹੈ, ਜਿਹੜੀ ਆਪਣੀ ਸਿਖਰਲੀ ਸੀਮਾ ਉਤੇ ਉਸੇ ਤਰ੍ਹਾਂ ਦੇ ਵਰਤਾਰਿਆਂ ਵਿਚ ਪਰਗਟ ਹੁੰਦੀ ਹੈ, ਜਿਨ੍ਹਾਂ ਨੂੰ ਮਧਯੁਗੀ ਚੇਤਨਾ ਨਾਲ ਜੋੜਿਆ ਗਿਆ ਹੈ, ਜਿਸ ਚੇਤਨਾ ਦਾ ਕਿ ਨਿੱਕੀ ਕਹਾਣੀ ਨਾਲ ਕੋਈ ਵਾਸਤਾ ਨਹੀਂ। ਵਿਅਕਤੀਵਾਦ ਦੀ ਇਹ ਬਿਖਰਲੀ ਸੀਮਾ ਆਪਣੇ ਆਪ ਨੂੰ ਸਮਾਜ ਤੋਂ ਉਪਰ ਕੋਈ ਧਰਾ-ਮਨੁੱਖ ਜਾਂ ਸੁਪਰਮੈਨ ਸਮਝਣ ਦੀ ਹੈ, ਜੋ ਕਿ ਨੀਤਸ਼ੇ ਦਾ ਫ਼ਲਸਫ਼ਾ ਬਣ ਕੇ ਫਾ਼ਸਿਜ਼ਮ ਦਾ ਆਧਾਰ ਬਣਦੀ ਹੈ। ਵਿਅਕਤੀ ਅਤੇ ਸਮੂਹ ਦੀ ਸੰਬਾਦਕਤਾ ਦਾ ਹੀ ਦੂਜਾ ਪੱਖ ਇਹ ਹੈ ਕਿ ਵਿਅਕਤੀ ਭਾਵੇਂ ਕਿੰਨਾ ਵੀ ਮਹੱਤਵਪੂਰਨ ਹੋਵੇ, ਆਖ਼ਰ ਸਮੂਹ ਦੀ ਰਜ਼ਾ ਉਸ ਨਾਲੋਂ ਪ੍ਰਬਲ ਸਾਬਤ ਹੁੰਦੀ ਹੈ। ਸਮੂਹ ਦੀ ਇਹ ਸ਼ਕਤੀ ਵੀ ਅਸਲ ਵਿਚ ਵਿਅਕਤੀ ਦੀ ਆਪਣੀ ਸ਼ਕਤੀ ਪ੍ਰਤਿ ਨਵੀਂ ਚੇਤਨਾ ਦਾ ਹੀ ਪ੍ਰਗਟਾਅ ਹੈ, ਜਿਸ ਨੂੰ ਲੋਕ ਰਾਜ ਕਿਹਾ ਜਾਂਦਾ ਹੈ। ਲੋਕ ਰਾਜ ਵੱਲ ਨੂੰ ਵਧਣ ਦੇ ਸਾਰੇ ਅਮਲ ਵਿਚ ਜੇ ਵਿਅਕਤੀ ਦੀ ਮਹੱਤਾ ਦੀ ਗੱਲ ਕੀਤੀ ਜਾਏ ਤਾਂ ਸਮਝ ਆਉਂਦੀ ਹੈ। ਪਰ ਸੇਖੋਂ ਬਿਲਕੁਲ ਇਹਨਾਂ ਹੀ ਅਰਥਾਂ ਵਿਚ ਪਹਿਲਾਂ ਇਹ ਗੱਲ ਵੀ ਕਰ ਚੁੱਕਾ ਹੈ। ਅਤੇ ਲੋਕਰਾਜੀ ਭਾਵਨਾ ਵਿਅਕਤੀ ਨੂੰ ਮਹੱਤਾ ਦੇਂਦੀ ਹੈ, ਵਿਅਕਤੀਵਾਦ ਨੂੰ ਨਹੀਂ।

ਪੰਜਾਬੀ ਸਾਹਿਤ ਚਿੰਤਨ ਵਿਚ ਇਕ ਪ੍ਰਬਲ ਧਾਰਾ ਇਸ ਪ੍ਰਕਾਰ ਦੀ ਰਹੀ ਹੈ, ਜਿਸ ਵਿਚ ਗੱਲ ਨੂੰ ਦਿਲਖਿਚਵੇਂ ਢੰਗ ਨਾਲ ਕਿਹਾ ਜਾਣਾ ਜ਼ਰੂਰੀ ਹੁੰਦਾ ਹੈ, ਉਸ ਦਾ ਠੀਕ ਹੋਣਾ ਬਹੁਤ ਜ਼ਰੂਰੀ ਨਹੀਂ ਹੁੰਦਾ। ਇਸ ਤਰ੍ਹਾਂ ਦੀ ਪੇਸ਼ਕਾਰੀ ਦਾ ਮਕਸਦ ਪਾਠਕ ਨੂੰ ਆਪਣੀ ਰੌਅ ਵਿਚ ਵਹਾ ਲੇ ਜਾਣ ਦਾ ਹੁੰਦਾ ਹੈ, ਉਸ ਨੂੰ ਕਿਸੇ ਬੰਨੇ ਲਾਉਣ ਦਾ ਨਹੀਂ; ਇਸ ਦਾ ਮਤਲਬ ਸਿੱਧੇ ਸਪੱਸ਼ਟ ਸ਼ਬਦਾਂ ਵਿਚ ਪਾਠਕ ਨੂੰ ਚਾਨਣ ਕਰਾਉਣਾ ਨਹੀਂ, ਵਾਕ-ਛਲ ਨਾਲ ਪਾਠਕ ਨੂੰ ਚਕਾਚੌਂਦ ਕਰਨ ਦਾ ਹੁੰਦਾ ਹੈ। ਜਿਸ ਦੇ ਸਿੱਟੇ ਵਜੋਂ ਮਗਰੋਂ ਉਹ ਕਿੰਨਾ ਚਿਰ ਹਨੇਰੇ ਵਿਚ ਹੱਥ-ਪੱਥ ਮਾਰਦਾ ਰਹਿੰਦਾ ਹੈ।

ਇਸੇ ਤਰਾਂ ਦੇ ਸਾਹਿਤ-ਚਿੰਤਨ ਦੀ ਇਕ ਸਿਖਰਲੀ ਉਦਾਹਰਣ ਡਾ. ਹਰਭਜਨ ਸਿੰਘ ਦਾ ਲੇਖ ਕਹਾਣੀ ਅਤੇ ਪੰਜਾਬੀ ਕਹਾਣੀ ਹੈ। ਇਹ ਲੇਖ ਡਾ. ਹਰਿਭਜਨ ਸਿੰਘ ਦੀਆਂ ਲਿਖਤਾਂ ਵਿਚ ਵੀ ਨਵੇਕਲੀ ਥਾਂ ਰੱਖਦਾ ਹੈ, ਕਿਉਂਕਿ ਇਸ ਲੇਖ ਦਾ ਲਗਭਗ ਹਰ ਵਾਕ ਆਪਣੇ ਤੋਂ ਪਹਿਲਾਂ ਦੇ ਵਾਕ ਨਾਲ ਲੜਦਾ ਅਤੇ ਉਸ ਨੂੰ ਢਾਹੁੰਦਾ ਲਗਦਾ ਹੈ, ਅਤੇ ਅਗਲੇ ਵਾਕ ਨਾਲ ਆਪ ਚਿੱਤ ਹੋ ਜਾਂਦਾ ਹੈ। ਤਰਕ ਦੇ ਨੁਕਤੇ ਤੋਂ ਸ਼ਾਇਦ ਹੀ ਹੈ ਕੋਈ ਵਾਕ ਆਪਣੇ ਪੈਰਾਂ ਉਪਰ ਖੜਾ ਹੋਣ ਦੀ ਸਮਰੱਥਾ ਰੱਖਦਾ ਹੋਵੇ।

ਇਸ ਲੇਖ ਦੇ ਪਹਿਲੇ ਪੈਰੇ ਦੇ ਵਿਸ਼ਲੇਸ਼ਣ ਤੋਂ ਹੀ ਇਸ ਲੇਖ ਦੀ ਵਿਧੀ ਅਤੇ ਵਿਧਾਨ ਬਾਰੇ ਕੁਝ ਸਿੱਟੇ ਕੱਢਣੇ ਸੰਭਵ ਹੋ ਜਾਂਦੇ ਹਨ। 'ਸਾਹਿਤ ਦੇ ਲਗਭਗ ਸਾਰੇ ਰੂਪਾਂ ਵਿਚ ਛੋਟੀ ਕਹਾਣੀ, ਸ਼ਾਇਦ, ਸਭ ਤੋਂ ਵਧ ਸਹਿਜ ਅਤੇ ਪ੍ਰਾਕਿਰਤਕ ਹੈ।' ਇਥੇ ਨਿੱਕੀ ਕਹਾਣੀ ਦੇ ਇਕ ਗੁਣ 'ਸਹਿਜ ਅਤੇ ਪ੍ਰਾਕਿਰਤਕ' ਹੋਣ ਨੂੰ ਨਿਖੇੜਿਆ ਗਿਆ ਹੈ। ਇਸ ਗੱਲ ਨੂੰ ਹਾਲ ਦੀ ਘੜੀ ਜੇ ਇਕ ਪਾਸੇ ਵੀ ਛੱਡ ਦੇਈਏ ਕਿ ਕੀ ਕੋਈ ਵੀ ਕਲਾਤਮਕ ਰਚਨਾ ਸਹਿਜ ਅਤੇ ਪ੍ਰਕਿਰਤਕ ਹੁੰਦੀ ਹੈ ? ਤਾਂ ਵੀ ਪ੍ਰਤੱਖ ਹੈ ਕਿ ਇਹ ‘ਸ਼ਹਿਜ ਅਤੇ ਪ੍ਰਾਕਿਰਤਕ' ਹੋਣਾ 'ਸਾਹਿਤ ਦੇ ਲਗਭਗ ਸਾਰੇ ਰੂਪਾਂ' ਦਾ ਗੁਣ ਹੈ, ਸਿਰਫ਼ ਨਿੱਕੀ ਕਹਾਣੀ ਵਿਚ ਇਹ ਗੁਣ 'ਸਭ ਤੋਂ ਵਧ' ਮਿਲਦਾ ਹੈ, ਅਰਥਾਤ ਇਹ ਨਿਖੇੜ ਮਾਤਰਾ ਦਾ ਹੈ, ਗੁਣ ਦਾ ਨਹੀਂ। ਤਾਂ ਕੀ ਮਾਤਰਾ ਦਾ ਫ਼ਰਕ ਕਿਸੇ ਵਿਧਾ ਦੀ ਗੁਣਾਤਮਕ ਤੌਰ ਉਤੇ ਵੱਖਰੀ ਹੋਂਦ ਸਥਾਪਤ ਕਰ ਸਕਦਾ ਹੈ, ਫਿਰ, ਇਸ 'ਸਹਿਜ ਅਤੇ ਪ੍ਰਕਿਰਤਕ' ਹੋਣ ਤੋਂ ਕੀ ਭਾਵ ਹੈ ? ਇਸ ਦਾ ਪਤਾ ਅਗਲੇ ਵਾਕ ਤੋਂ ਹੀ ਲੱਗ ਜਾਂਦਾ ਹੈ। ਇਸ ਦਾ ਭਾਵ ਹੈ 'ਸਹਿਜ, ਸੈਭੰ ਸਿਰਜਨ, ਜੋ ਆਵੇਸ਼ ਦੇ ਛਿਣ ਵਿਚ ਖ਼ੁਦ-ਰੌਅ ਬੂਟੇ ਵਾਂਗ ਮਨੁੱਖ ਦੀ ਮਿੱਟੀ ਵਿਚੋਂ ਫੁੱਟ ਨਿਕਲਦਾ ਹੈ।' ਅਰਥਾਤੇ ਸਹਿਜ ਅਤੇ ਪ੍ਰਕਿਰਤਕ ਹੋਣ ਦਾ ਸੰਬੰਧ ਰਚਨਾ-ਪ੍ਰਕਿਰਿਆ ਨਾਲ ਹੈ, (ਜਿਸ ਬਾਰੇ ਅਸੀਂ ਪਹਿਲਾਂ ਕਹਿ ਆਏ ਹਾਂ ਕਿ ਇਸ ਨੂੰ ਅਸੀਂ ਕਿਸੇ ਸਾਹਿਤ-ਸ਼ਾਸਤਰ ਦਾ ਆਧਾਰ ਨਹੀਂ ਬਣਾ ਸਕਦੇ), ਖ਼ਾਸ ਕਰਕੇ ਐਸੀ ਰਚਨਾ-ਪ੍ਰਕਿਰਿਆ ਨਾਲ ਜਿਸ ਦਾ ਆਧਾਰ 'ਆਵੇਸ਼ ਦੇ ਛਿਣਾਂ' ਉਪਰ, ਅਰਥਾਤ ਗੂੰਗੇ ਦੀ ਮਠਿਆਈ ਉਪਰ ਹੈ। ਬਾਵਜੂਦ ਇਸ ਦੇ ਕਿ ਇਹਨਾਂ ਆਵੇਸ਼ ਦੇ ਛਿਣਾਂ ਦਾ ਕਿਸੇ ਨੇ ਵਰਣਨ ਨਹੀਂ ਕੀਤਾ, ਅਸੀਂ ਇਹਨਾਂ ਦੀ ਹੋਂਦ ਨੂੰ ਮੰਨ ਲੈਂਦੇ ਹਾਂ, ਕਿਉਂਕਿ ਖ਼ਾਸ ਕਰਕੇ ਕਵੀ ਲੋਕ ਇਸ ਦੇ ਅਨੁਭਵ ਦਾ ਅਕਸਰ ਦਾਅਵਾ ਕਰਦੇ ਹਨ। ਪਰ ਕੀ ਇਹ ਆਦੇਸ਼ ਇੱਕ ਸਹਿਜ ਅਤੇ ਪ੍ਰਕਿਰਤਕ ਅਵਸਥਾ ਹੈ ? ਇਸ ਦਾ ਜਵਾਬ ਨਿਸਚੇ ਹੀ ਨਾਂਹ ਵਿਚ ਮਿਲੇਗਾ, ਕਿਉਂਕਿ ਜੇ ਇਹ ਸਹਿਜ ਅਤੇ ਪ੍ਰਕਿਰਤਕ ਅਵਸਥਾ ਹੋਵੇ ਤਾਂ ਹਰ ਵਿਅਕਤੀ ਕਾਲੀਦਾਸ, ਸ਼ੇਕਸਪੀਅਰ ਜਾਂ ਭਾਈ ਵੀਰ ਸਿੰਘ ਅਤੇ ਸ਼ਿਵ ਕੁਮਾਰ ਬਣਨ ਦੇ ਸਮਰੱਥ ਹੁੰਦਾ। ਪਰ ਇੰਝ ਨਹੀਂ ਹੈ। ਤਾਂ ਫਿਰ ਇਹ 'ਸਹਿਜ ਅਤੇ ਪਾਕਿਰਤਕ' ਕੀ ਚੀਜ਼ ਹੈ, ਜਿਹੜੀ ਅਸਹਿਜ ਅਤੇ ਅ-ਪ੍ਰਕਿਰਤਕ ਅਵਸਥਾ ਵਿਚੋਂ ਜਨਮ ਲੈਂਦੀ ਹੈ ?

ਕਵੀ ਵੀ ਅਤੇ ਕਾਵਿ-ਸ਼ਾਸਤਰੀ ਵੀ ਇਸ ਤਰਾਂ ਦੀ ਅਵਸਥਾ ਦਾ ਦਾਅਵਾ ਕਰਦੇ ਹੈ। ਉਹਨਾਂ ਦੀ ਈਮਾਨਦਾਰੀ ਉਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਪਰ ਕਈ ਲੋਕ ਉਹਨਾਂ ਉਪਰ ਕਿੰਤੂ ਕਰਦੇ ਹਨ, ਉਹਨਾਂ ਦੀ ਈਮਾਨਦਾਰੀ ਉਤੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਤਾਂ ਗੱਲ ਕੀ ਬਣੀ ? ਸਾਨੂੰ ਦੱਸਿਆ ਜਾਂਦਾ ਹੈ ਕਿ 'ਈਮਾਨਦਾਰੀ ਸਚਾਈ ਦਾ ਬਦਲ ਨਹੀਂ!' ਅਰਥਾਤ ਕੋਈ ਝੂਠ ਬੋਲ ਕੇ ਵੀ ਈਮਾਨਦਾਰ ਹੋ ਸਕਦਾ ਹੈ ਅਤੇ ਬੇਈਮਾਨ ਹੋ ਕੇ ਵੀ ਸੱਚਾ ਹੋ ਸਕਦਾ ਹੈ।

ਤਾਂ ਸਚਾਈ ਕਿੱਥੇ ਹੈ · ? ਸਚਾਈ ਚੁੱਪ ਰਹਿਣ ਵਿਚ ਹੈ, ਅਤੇ ਇਹ ਕੰਮ ਕਹਾਣੀਕਾਰਾਂ ਨੇ 'ਇਸ ਪ੍ਰਕਾਰ ਦੀਆਂ ਉਕਤੀਆਂ ਤੋਂ ਗੁਰੇਜ਼' ਕਰਕੇ ਕੀਤਾ ਹੈ। ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਚੁੱਪ ਰਹਿ ਕੇ ਉਹ ਈਮਾਨਦਾਰ ਰਹੇ ਹੋਣ ਜਾਂ ਨਾ, ਪਰ ਸੱਚੇ ਜ਼ਰੂਰ ਹਨ।

ਪੈਰੇ ਦੀਆਂ ਆਖ਼ਰੀ ਸਤਰਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ 'ਖ਼ੁਸ਼ਕਿਸਮਤੀ ਨਾਲ ਕਹਾਣੀ-ਕਲਾ ਦੀ ਪ੍ਰਕਿਰਤੀ ਦੀ ਪੁਣ-ਛਾਣ ਕਰਨ ਵਾਲੇ ਕਥਾ-ਸ਼ਾਸਤਰ ਦੀ ਕੋਈ ਪੱਕੀ ਪੀਡੀ ਪਰੰਪਰਾ ਵੀ ਸਥਾਪਤ ਨਹੀਂ ਹੋਈ।' ਪੱਕੀ-ਪੀਡੀ ਪਰੰਪਰਾ ਨੂੰ ਸਥਾਪਤ ਹੋਇਆ ਸਮਝਣ ਲਈ ਕਿੰਨੇ ਸਮੇਂ ਦੀ ਜ਼ਰੂਰਤ ਸਮਝੀ ਜਾਣੀ ਚਾਹੀਦੀ ਹੈ ? ਜੇ ਕਿਸੇ ਵਿਧਾ ਦੀ ਆਪਣੀ ਉਮਰ ਕੁਝ ਦਹਾਕੇ ਹੋਵੇ ਅਤੇ ਨਾਲ ਹੀ ਉਸ ਦਾ ਸ਼ਾਸਤਰ ਘੜਣ ਦੇ, ਵੀ ਯਤਨੇ ਸ਼ੁਰੂ ਹੋ ਗਏ ਹੋਣ, ਤਾਂ ਇਸ ਨੂੰ ਪਰੰਪਰਾ ਮੰਨਿਆ ਜਾ ਸਕਦਾ ਹੈ ਜਾਂ ਨਹੀਂ ? 'ਵਿਕੋਲਿਤ੍ਰੀਆਂ ਕਹਾਣੀਆਂ ਜਾਂ ਕਹਾਣੀ - ਸੰਗ੍ਰਹਿਆਂ ਦੀ ਆਲੋਚਨਾ ਕਰਨ ਵੇਲੇ ਕਿਸੇ ਆਲੋਚਕ ਨੇ ਕੁਝ ਬੱਝਵੇਂ ਨੇਮਾਂ ਨੂੰ ਆਪਣੀ ਕਸਵੱਟੀ ਨਹੀਂ ਬਣਾਇਆ।' ਸਚਮੁਚ ! ਇਸ ਤੋਂ ਪਹਿਲਾਂ ਦੀ ਸਾਡੀ ਸਾਰੀ ਬਹਿਸ ਇਸੇ ਕਥਨ ਦੀ ਪੁਸ਼ਟੀ ਕਰਦੀ ਹੈ !

ਇਹ ਸਾਰਾ ਲੇਖ ਇਕ ਐਸੇ ਵਿਸ਼ੇ ਬਾਰੇ ਲਿਖਿਆ ਗਿਆ ਹੈ, ਜਿਸ ਬਾਰੇ ਲਿਖੇ ਜਾਣ ਦੀ ਲੋੜ ਨਹੀਂ ਕਿਉਂਕਿ 'ਏਸ ਕਲਾ ਨੂੰ ਨਾ ਕਿਸੇ ਮੁਸ਼ਕਲ ਕੁਸ਼ਾ ਦੇਵਤੇ ਦੀ ਮੁਹਤਾਜੀ ਹੈ, ਨਾ ਕਿਸੇ ਗੁੰਝਲਦਾਰ ਸਾਹਿਤ-ਸ਼ਾਸਤਰ ਦੀ।' ਸਗੋ ਜਿਸ ਬਾਰੇ ਨਾਂ ਲਿਖਿਆ ਹੋਣਾ ਅਤੇ ਜਿਸ ਦੀ ਕੋਈ ਪੱਕੀ ਪੀਡੀ ਪਰੰਪਰਾ ਨਾ ਹੋਣਾ ਇਕ ਖ਼ੁਸ਼ਕਿਸਮਤੀ ਵਾਲੀ ਗੱਲ ਹੈ। ਇਹ ਖ਼ੁਸ਼ਕਿਸਮਤੀ, ਵਾਲੀ ਗੱਲ ਇਸ ਲਈ ਹੈ, ਕਿਉਂਕਿ 'ਸ਼ਾਸਤਰ ਨਾ ਚਾਹੁੰਦੇ ਹੋਇਆਂ ਵੀ ਸਿਰਜਨ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਬੰਧਨ ਵਿਚ ਬੰਨ ਲੈਦਾ ਹੈ।' ਸਗੋਂ ਸਿਧਾਂਤ-ਨਿਰੂਪਣ ਨੂੰ ਤਾਂ ਮੌਕਾ ਹੀ ਉਦੋਂ ਮਿਲਦਾ ਹੈ ਜਦੋਂ 'ਰਚਨਾ-ਵਿਧੀ ਆਪਣੇ ਆਪ ਨੂੰ ਦੁਹਰਾਉਂਦੀ ਹੈ ਅਤੇ ਪੈਰ ਪੈਰ ਥਿਰ ਹੋ ਕੇ ਆਪਣੀ ਤਾਜ਼ਗੀ-ਗੁਆ ਬੈਠਦੀ ਹੈ। ਇਸ ਲਈ ਪੜ੍ਹੇ-ਲਿਖੇ ਲੋਕਾਂ ਵਿਚਕਾਰ ਕਾਵਿ-ਸ਼ਾਸਤਰ ਨੂੰ ਆਦਰਯੋਗ ਸਥਾਨ ਮਿਲਣਾ ਕੋਈ ਬਹੁਤੀ ਪ੍ਰਸ਼ੰਸਨੀ ਗੱਲ ਨਹੀਂ ਕਿਉਕਿ ਫਿਰ 'ਕਵੀਆਂ ਨੂੰ ਚਾਹੁੰਦੇ ਨਾ ਚਾਹੁੰਦੇ ਕਾਵਿ-ਪੰਡਤਾਂ ਦੀ ਗੱਲ ਸੁਣਨੀ ਪੈਂਦੀ ਹੈ। ਇਸ ਪ੍ਰਕਾਰ ਉਹ ਕਾਵਿਰਚਨਾ ਤੋਂ ਪਹਿਲਾਂ ਹੀ ਉਸ ਦੀ ਖ਼ੁਦਮੁਖਤਾਰ ਹਸਤੀ ਤੋਂ ਇਨਕਾਰੀ ਹੋ ਜਾਂਦੇ ਹਨ।' ਕਾਵਿ-ਸ਼ਾਸਤਰੀ ਤਾਂ ਆਪਣਾ ਸ਼ਾਸਤਰ ਕਵਿਤਾ ਪੜ੍ਹ ਕੇ ਉਸ ਦੇ ਆਧਾਰ ਉਤੇ ਹੀ ਰਚਦਾ ਹੈ, ਪਰ ਇਹ ਦਾਅਵਾ ਪਹਿਲੀ ਵਾਰੀ ਕੀਤਾ ਜਾ ਰਿਹਾ ਹੈ ਕਿ ਕਵਿਤਾ ਵੀ ਕਾਵਿਸ਼ਾਸਤਰ ਧੜ੍ਹ ਕੇ ਹੀ ਰਚੀ ਜਾਂਦੀ ਹੈ। ਇਸੇ ਕਰਕੇ ਕਾਵਿ-ਸ਼ਾਸਤਰ ਦੀ ਲੋੜ ਵੀ ਹੈ ਅਤੇ ਇਸ ਦੀ ਰਚਨਾ ਵੀ ਹੁੰਦੀ ਹੈ। ਜਦ ਕਿ 'ਕਹਾਣੀ ਦੀ ਪਹਿਲੀ ਲੋੜ ਹੈ ਕਹਾਣੀਕਾਰ ਤੇ ਦੂਸਰੀ ਲੋੜ ਹੈ ਸਰੋਤਾ। ਇਹਨਾਂ ਦੋਹਾਂ ਦੇ ਵਿਚਕਾਰ ਸਹਿਜ ਰਿਸ਼ਤਾ ਕਹਾਣੀ ਹੈ, ਕਹਾਣੀ ਦਾ ਸਿਧਾਂਤ ਨਹੀਂ।' ਤਾਂ ਕੀ ਕਵੀ ਅਤੇ ਪਾਠਕ ਵਿਚਕਾਰ ਸਹਿਜ-ਰਿਸ਼ਤਾ ਨਹੀਂ ਹੋ ਸਕਦਾ? ਤੇ ਜੇ ਹੋ ਸਕਦਾ ਹੈ ਤਾਂ ਕੀ ਇਹ ਕਵਿਤਾ ਦਾ ਨਹੀਂ, ਸਗੋਂ ਕਵਿਤਾ ਦੇ ਸਿਧਾਂਤ ਦਾ ਹੈ? ਕੀ ਭਾਈ ਵੀਰ ਸਿੰਘ ਅਤੇ ਪੂਰਨ ਸਿੰਘ ਨੂੰ ਸਮਝਣ ਲਈ ਪਹਿਲਾਂ ਕਵਿਤਾ ਬਾਰੇ ਉਹਨਾਂ ਦੇ ਸਿਧਾਂਤ ਬਾਰੇ ਜਾਣਨਾ ਜ਼ਰੂਰੀ ਹੈ? ਬਹੁਤੇ ਪਾਠਕਾਂ ਨੂੰ ਤਾਂ ਪਤਾ ਵੀ ਨਹੀਂ ਕਿ ਉਹਨਾਂ ਨੇ ਕਵਿਤਾ ਬਾਰੇ ਕੋਈ ਸਿਧਾਂਤ ਵੀ ਘੜਿਆ ਹੋਇਆ ਹੈ, ਪਰ ਤਾਂ ਵੀ ਉਹ ਉਹਨਾਂ ਦੀਆਂ ਰਚਨਾਵਾਂ ਦਾ ਆਨੰਦ ਮਾਣਦੇ ਹਨ।

ਸੋ ਹੁਣ ਤੱਕ ਸਿੱਟਾ ਇਹ ਨਿਕਲਦਾ ਹੈ ਕਿ ਕਹਾਣੀ ਦਾ ਸ਼ਾਸਤਰ ਜਾਂ ਸਿਧਾਂਤ ਨਾ ਤਾਂ ਹੈ, ਨਾ ਹੋ ਸਕਦਾ ਹੈ, ਨਾ ਹੋਣਾ ਚਾਹੀਦਾ ਹੈ, ਨਾ ਇਸ ਤੀ ਲੋੜ ਹੈ। ਕਿਉਂਕਿ 'ਕਹਾਣੀ ਸਾਰੇ ਸਾਹਿਤ-ਰੂਪਾਂ ਵਿਚ ਸਭ ਤੋਂ ਵਧੀਕ ਆਜ਼ਾਦ ਹੈ' ਅਤੇ ਇਸ ਦੇ 'ਮੁਕਤ ਚਰਿਤ੍ਰ ਦੀਆਂ ਜੜ੍ਹਾਂ ਵੀ ਕਿਸੇ ਨਿਸ਼ਚਿਤ ਕਥਾ-ਸ਼ਾਸਤਰ ਦੀ ਅਣਹੋਂਦ ਵਿਚ ਹਨ।' ਇਥੇ ਜੇ ਮਾਤਰਾ ਅਤੇ ਗੁਣ ਦੇ ਫ਼ਰਕ ਦਾ ਸਵਾਲ ਮੁੜਕੇ ਨਾ ਵੀ ਉਠਾਈਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਹਾਣੀ ਵਰਗੇ ਮੁਕਤ ਲੇਖਨ ਦਾ ਮੁਕਾਬਲਾ ਸਿਰਫ਼ ਨਿਬੰਧ ਨਾਲ ਹੀ ਨਹੀਂ ਕੀਤਾ ਜਾ ਸਕਦਾ, ਸਗੋਂ ਨਾਵਲ ਬਾਰੇ ਵੀ ਅਕਸਰ ਇਹੀ ਦਾਅਵਾ ਕੀਤਾ ਜਾਂਦਾ ਹੈ। ਸਗੋਂ ਨਾਵਲ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜਿਉਂਦਾ ਹੀ ਇਸ ਕਰਕੇ ਹੈ ਕਿ ਇਹ ਇਕ ਮੁਕਤ ਲੇਖਣ ਹੈ, ਅਤੇ ਇਸ ਦੇ ਬੱਝਵੇਂ ਨੇਮ ਨਹੀਂ ਘੜੇ ਜਾ ਸਕਦੇ। ਪਰ ਇਸ ਦੇ ਬਾਵਜੂਦ ਸਾਨੂੰ ਨਾਵਲ ਦੇ ਸਿਧਾਂਤ ਬਾਰੇ ਕਈ ਪੁਸਤਕਾਂ ਲਿਖੀਆਂ ਮਿਲ ਜਾਂਦੀਆਂ ਹਨ। ਲੇਖਾਂ ਦੀ ਤਕਨੀਕ ਬਾਰੇ ਕਈ ਲੇਖ ਮਿਲ ਜਾਂਦੇ ਹਨ। ਤਾਂ ਕੀ ਕਥਾ-ਸ਼ਾਸਤਰ ਬਾਰੇ ਉਪਰੋਕਤ ਕਿਸਮ ਦੇ ਦਾਅਵੇ ਸਿਰਫ਼ ਕਿਸੇ ਜ਼ਿਮੇਵਾਰੀ ਤੋਂ ਸੁਰਖਰੂ ਹੋਣ ਲਈ ਤਾਂ ਨਹੀਂ ਕੀਤੇ ਜਾ ਰਹੇ?

ਕਥਾ-ਸ਼ਾਸਤਰ ਦੇ ਨਿਸ਼ੇਧ ਉਤੇ ਉਸਰੇ ਇਸ ਲੇਖ ਵਿਚ ਨਿੱਕੀ ਕਹਾਣੀ ਦੀ ਵਿਧਾ ਬਾਰੇ ਫਿਰ ਵੀ ਕੁਝ ਸੂਤਰ ਪੇਸ਼ ਕੀਤੇ ਗਏ ਹਨ। ਪਰ ਇਹ ਸੂਤਰ ਵੀ ਜਾਂ ਤਾਂ ਆਪਣੇ ਨਿਸ਼ੇਧ ਵਿਚ ਜਾ ਮੁੱਕਦੇ ਹਨ, ਜਾਂ ਸਵੈ-ਵਿਰੋਧ ਵਿਚ। ਉਦਾਹਰਣ ਵਜੋਂ, ਇਕ ਸੂਤਰ ਇਹ ਪੇਸ਼ ਕੀਤਾ ਗਿਆ ਹੈ ਕਿ 'ਕਹਾਣੀ ਤਾਂ ਸਹਿਜ-ਸਾਧਾਰਣ ਸੱਚ ਨੂੰ ਸਰਲ-ਸਪਸ਼ਟ ਰੂਪ ਵਿਚ ਕਹਿੰਦੀ ਹੈ।' ਜੇ ਇਹ ਸੂਤਰ ਠੀਕ ਹੋਵੇ ਤਾਂ ਹੋਰ ਕਹਾਣੀ ਦਾ ਸੱਚ ਬਿਨਾਂ ਕਿਸ ਕਸ਼ਟ ਦੇ ਪਾਠਕ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਅਤੇ ਕਿਉਂ ਕਿ ਇਹ ਸਹਿਜਸਾਧਾਰਣ ਅਤੇ ਸਰਲ-ਸਪਸ਼ਟ ਹੈ, ਇਸ ਲਈ ਇਸ ਸੱਚ ਦਾ ਇਕੋ ਸਰੂਪ ਅਤੇ ਇਕੋ ਵਿਆਖਿਆ ਹਰ ਪਾਠਕ ਅਤੇ ਆਲੋਚਕ ਦੇ ਮਨ ਵਿਚ ਆਉਣੀ ਚਾਹੀਦੀ ਹੈ। ਪਰ ਇੰਝ ਹੈ ਨਹੀਂ। ਜੇ ਅਸੀਂ ਸੋਖੇ ਦੀ ਕਹਾਣੀ 'ਪ੍ਰਮੀ ਦੇ ਨਿਆਣੇ' ਅਤੇ ਦੁੱਗਲ ਦੀ ਕਹਾਣੀ 'ਕਰਾਮਾਤ' ਦੀ ਹੀ ਉਦਾਹਰਣ ਲਈਏ, ਤਾਂ ਇਹਨਾਂ ਦੀਆਂ ਇਕ ਤੋਂ ਵਧ ਵਿਆਖਿਆਵਾਂ ਮਿਲਦੀਆਂ ਹਨ। ਸਗੋਂ 'ਕਰਾਮਾਤ` ਬਾਰੇ ਤਾਂ ਜਿੰਨਿਆਂ ਨੇ ਲਿਖਿਆ ਹੈ, ਓਨੀਆਂ ਹੀ ਵਖ ਵਖ ਵਿਆਖਿਆਵਾਂ ਮਿਲਦੀਆਂ ਹਨ। ਤਾਂ ਕੀ ਸਮਝਿਆ ਜਾਏ, ਆਲੋਚਕਾਂ ਦੀ ਬੁਧੀ ਵਿਚ ਕੋਈ ਨੁਕਸ ਹੈ ਜਾਂ ਇਹ ਨਵੀਆਂ ਕਹਾਣੀਆਂ ਕਹਾਣੀਆਂ ਨਹੀਂ? ਕਿਉਂਕਿ ਇਕ ਤੋਂ ਬਹੁਤੀਆਂ ਵਿਆਖਿਆਵਾਂ ਦੀ ਸੰਭਾਵਨਾ ਤਾਂ ਕਹਾਣੀ ਦੀ ਜਟਿਲਤਾ ਵਲ ਸੰਕੇਤੇ ਕਰਦੀ ਹੈ, ਜਦ ਕਿ ਕਹਾਣੀ ਤਾਂ ਸਰਲ-ਸਪਸ਼ਟ ਹੋਣੀ ਚਾਹੀਦੀ ਹੈ। ਤਾਂ ਵੀ ਇਸ ਤੱਥ ਦਾ ਕੀ ਕੀਤਾ ਜਾਏ ਕਿ ਇਹ ਦੋਵੇਂ ਕਹਾਣੀਆਂ ਪੰਜਾਬੀ ਦੀਆਂ ਅਤੇ ਚੰਗੀਆਂ ਕਹਾਣੀਆਂ ਵਿਚੋਂ ਗਿਣੀਆਂ ਜਾਂਦੀਆਂ ਹਨ।

'ਛੋਟੀ ਕਹਾਣੀ ਅਤਿਅੰਤ ਸਰਲ ਉਕਤੀ ਵੀ ਹੋ ਸਕਦੀ ਹੈ ਅਤੇ ਅਤਿਅੰਤ ਪੇਚੀਦਾ ਬਣਤਰ ਵੀ। ਇਸ ਨੂੰ ਛਿੱਲੇ-ਤ੍ਰਾਸ਼ੇ ਸੰਗਠਨ ਰਾਹੀਂ ਵੀ ਪੇਸ਼ ਕੀਤਾ ਜਾ ਸਕਦਾ ਹੈ ਅਤੇ ਖਿੱਲਰੀ-ਬਿਖਰੀ ਬੇਤਰਤੀਬੀ ਰਾਹੀਂ ਵੀ। ਇਹ ਸ਼ੁਧ ਸ਼ੈਲੀ ਵੀ ਹੋ ਸਕਦੀ ਹੈ ਅਤੇ ਸ਼ੁਧ ਰਚਨਾ ਵੀ...'ਇਹਨਾਂ ਸ਼ਬਦਾਂ ਦਾ ਉਪਰੋਕਤ ਸਰਲ-ਸਪਸ਼ਟ ਵਾਲੀ ਉਕਤੀ ਨਾਲ ਸਾਝ ਲੱਭ ਸਕਣਾ ਵੈਸੇ ਵੀ ਮੁਸ਼ਕਲ ਹੈ।

ਪੰਜਾਬੀ ਕਥਾ-ਸ਼ਾਸਤਰ ਵਿਚ ਗਲਤ ਜਾਂ ਠੀਕ ਪਰ ਲਗਪਗ ਪਰੰਪਰਾ ਬਣ ਚੁੱਕੇ ਸੂਤਰ ਨੂੰ, ਕਿ ਕਹਾਣੀ ਸਾਧਾਰਣ ਮਨੁੱਖ ਨੂੰ ਉਸ ਦੀ ਸਾਧਾਰਨਤਾ ਵਿਚ ਪੇਸ਼ ਕਰਦੀ ਹੈ, ਇਸ ਲੇਖ ਵਿਚ ਦੁਹਰਾਇਆ ਗਿਆ ਹੈ, ਅਤੇ ਇਸ ਦੀ ਵਿਆਖਿਆ ਨੂੰ ਹਾਸੋਹੀਣੀ ਹੱਦ ਤੱਕ ਲਿਜਾਇਆ ਗਿਆ ਹੈ। ਹੁਣ ਕਹਾਣੀ ਵਿਚ ਸਿਰਫ਼ ਸਾਧਾਰਣ ਮਨੁੱਖ ਦੀ ਸਾਧਾਰਣਤਾ ਨੂੰ ਹੀ ਨਹੀਂ ਪੇਸ਼ ਕੀਤਾ ਜਾਣਾ ਚਾਹੀਦਾ, ਸਗੋਂ ਪੇਸ਼ ਕਰਨ ਵਾਲੇ ਨੂੰ ਵੀ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਆਪ ਇਕ ਸਾਧਾਰਣ ਵਿਅਕਤੀ ਹੈ, ਨਹੀਂ ਤਾਂ ਉਹ ਕੁਝ ਹੋਰ ਲਿਖ ਲਵੇ। ਪਰ ਇਹ ਸ਼ਰਤ ਪੂਰੀ ਕਿਵੇਂ ਹੋਵੇ? ਕੀ ਆਪਣੀ ਸਾਧਾਰਣਤਾ ਉਪਰ ਇਅਤਕਾਦ ਕਰਨ ਨਾਲ ਹੀ ਕੋਈ ਸਾਧਾਰਣ ਬਣ ਜਾਂਦਾ ਹੈ, ਜਾਂ ਇਸ ਲਈ ਕਿਸੇ ਹੋਰ ਯਤਨ ਜਾਂ ਸਨ ਜਾਂ ਤਸਦੀਕ ਦੀ ਵੀ ਲੋੜ ਪੈਂਦੀ ਹੈ? ਜਿਸ ਕਿਸੇ ਵਿਚ ਵੀ ਰਚਨਾਤਮਿਕਤਾ ਦੀ ਮਾਮੂਲੀ ਜਿਹੀ ਚਿੰਗਾਰੀ ਵੀ ਮਘਦੀ ਹੈ, ਉਸ ਲਈ ਇਕੋ ਇਕ ਸਭ ਤੋਂ ਮੁਸ਼ਕਲ ਗੱਲ ਆਪਣੇ ਆਪ ਨੂੰ ਸਾਧਾਰਣ ਸਮਝਣਾ ਹੈ, ਇਸ ਗੱਲ ਦੀ ਪ੍ਰੋੜਤਾਂ ਲੇਖਕਾਂ ਦੇ ਅਨੇਕਾਂ ਕਥਨ ਵੀ ਕਰਦੇ ਹਨ ਅਤੇ ਨਿੱਤ ਦਾ ਤਜਰਬਾ ਵੀ। ਪਰ ਸਾਨੂੰ ਦਸਿਆਂ ਗਿਆ ਹੈ ਕਿ 'ਸੰਥਾਰ-ਪ੍ਰਸਿਧ ਕਹਾਣੀਕਾਰਾਂ ਦੀ ਪ੍ਰਤਿਭਾ ਦੀਆਂ ਜੜ੍ਹਾਂ ਵੀ ਸਾਧਾਰਣ ਅਤੇ ਸੰਤਲਤ ਮਨੁੱਖਤਾ ਵਿਚ ਸਨ। ਅਤੇ ਉਦਾਹਰਣਾਂ ਮੋਪਾਸਾ ਅਤੇ ਚੈਖ਼ਵ ਦੀਆਂ ਦਿਤੀਆਂ ਗਈਆਂ ਹਨ। ਸ਼ਾਇਦ ਇਸੇ ਕਰ ਕੇ ਹੀ ਮੋਪਾਸਾਂ ਪਾਗਲ ਹੋ ਕੇ ਮਰਿਆ ਸੀ ਅਤੇ ਚੈਖ਼ਵ ਤਪਦਿਕ ਨਾਲ।

ਅੱਗੇ ਜਾ ਕੇ ਇਸੇ ਸਾਧਾਰਣਤਾ ਨੂੰ ਛੋਟੇਪਣ ਨਾਲ ਜੋੜਿਆ ਗਿਆ ਹੈ, ਅਤੇ ਇਸ ਸ਼ਬਦ ‘ਛੋਟੇ' ਵਿਚ ਛਲਾਵਾ ਅਰਥਾਂ ਦੀ ਸ਼ੂਕ ਇਸ ਹੱਦ ਤੱਕ ਭਰੀ ਗਈ ਹੈ ਕਿ ਇਹ ਅਖੀਰ ਫਟ ਜਾਂਦਾ ਹੈ। 'ਮਾਨਵੀ ਛੋਟੇਪਣ ਦੀ ਕਸਵੱਟੀ ਇਹ ਹੈ ਕਿ ਉਸ ਨਾਲ ਸੰਬੰਧਤ ਹਰ ਤੱਥ ਪ੍ਰਮਾਣਿਕ ਹੁੰਦਾ ਹੋਇਆ ਵੀ ਅੰਤਮ ਅਤੇ ਪੂਰਣ ਨਹੀਂ।' ਕੀ ਕੋਈ ਵੀ ਤੱਬ ਪ੍ਰਮਾਣਿਕ ਹੋਣ ਦੇ ਬਾਵਜੂਦ ਅੰਤਮ ਅਤੇ ਪੂਰਣ ਹੋ ਸਕਦਾ ਹੈ, ਭਾਵੇਂ ਉਹ ਮਨੁੱਖ ਦੇ ਛੋਟੇਪਣ ਨਾਲ ਸੰਬੰਧਤ ਹੋਵੇ, ਅਤੇ ਭਾਵੇਂ ਉਸ ਦੇ ਵੱਡੇਪਣ ਨਾਲ? ਜਾਂ ਕਿਸੇ ਚੀਜ਼ ਨਾਲ ਵੀ?

‘ਕਹਾਣੀ ਤੋਂ ਛੋਟੀ ਕਹਾਣੀ ਵਲ ਦੀ ਯਾਤਰਾ ਘਟਨਾ-ਪ੍ਰਵਾਹ ਤੇ ਘਟਨਾ-ਬਿੰਦੂ ਤਕ ਦੀ ਯਾਤਰਾ ਹੈ। ਇਸ ਦਾ ਅਰਥ ਸਿਰਫ਼ ਇਹ ਹੈ ਕਿ ਅੱਜ ਦੀ ਨਿੱਕੀ ਕਹਾਣੀ ਵਿਚ ਬਹੁਤੀਆਂ ਘਟਣਾਵਾਂ ਨਹੀਂ ਹੁੰਦੀਆਂ, ਸਗੋਂ ਇਕ ਘਟਣਾ ਹੁੰਦੀ ਹੈ ਅਤੇ ਇਹ ਗੱਲ ਇਸ ਤੋਂ ਪਹਿਲਾਂ ਲਗਭਗ ਹਰ ਕਥਾ-ਸ਼ਾਸਤਰੀ ਕਹਿ ਚੁੱਕਾ ਹੈ। ਕਹਾਣੀ ਵਿਚ ਕਿਉਂਕਿ ਬਹੁਤੀਆਂ ਘਟਣਾਵਾਂ ਨਹੀਂ ਹੋਣੀਆਂ, ਇਸ ਲਈ ਇਸ ਨੂੰ ‘ਤੌਰ’ ਦੀ ਮੁਥਾਜੀ ਨਹੀਂ। ਉਸ ਨੇ 'ਫਟ' ਕੇ ਆਪਣੀ ਹੋਂਦ ਦਾ ਪਰਿਚਯ ਦੇਣਾ ਹੈ। ਇਹ ਫਟਣ ਵਾਲਾ ਅਲੰਕਾਰਕ ਬਿਆਨ ਪਹਿਲਾਂ ਕਸੇਲ ਅਤੇ ਪ੍ਰਮਿੰਦਰ ਸਿੰਘ ਦੇ ਚੁੱਕੇ ਹਨ। ਪਰ ਇਥੇ ਜਿਹੜੀ ਗੱਲ ਸ਼ੱਕੀ ਹੈ ਉਹ ਇਹ ਕਿ ਇਹ ਫਟ ਕੇ ਆਪਣਾ ਪਰਿਚਯ ਦੇਣ ਵਾਲੀ ਘਟਨਾ-ਬੰਦ ਸੰਬੰਧਮੁਕਤ' ਹੈ, ਅਰਥਾਤ ਕਾਰਨ ਅਤੇ ਅਸਰ ਦੇ ਚੱਕਰ ਤੋਂ ਵੀ ਮੁਕਤ ਹੈ।

ਅੱਜ ਦੀ ਕਹਾਣੀ ਵਿਚ ਭਾਵੇਂ ਇਕ ਘਟਣਾ ਹੁੰਦੀ ਹੈ, ਪਰ ‘ਮਜ਼ੇ ਦੀ ਗੱਲ ਤਾਂ ਇਹ ਹੈ ਕਿ ਇਸ ਘਟਨਾ ਲਈ ਵੀ ਵਾਪਰਨਾ ਲਾਜ਼ਮੀ ਨਹੀਂ, ਵਾਪਰਨ ਦੀ ਸੰਭਾਵਨਾ ਹੀ ਛੋਟੀ ਕਹਾਣੀ ਦੇ ਪ੍ਰਭਾਵ ਨੂੰ ਉਸਾਰਨ ਲਈ ਕਾਫ਼ੀ ਹੈ।' ਇਹ ਗੱਲ ਵੀ ਚੌਕਾ ਦੇਣ ਵਾਲੇ ਢੰਗ ਨਾਲ ਕੀਤੀ ਗਈ ਹੈ ਨਹੀਂ ਤਾਂ ਜਿਸ ਚੀਜ਼ ਦੀ ਸੰਭਾਵਨਾ ਹੋਵੇ ਅਤੇ ਉਹ ਨਾ ਹੋਵੇ ਜਾਂ ਵਾਪਰੇ, ਤਾਂ ਇਸ ਨੂੰ ਵੀ ਘਟਨਾ ਹੀ ਕਹਿੰਦੇ ਹਨ।

ਬੀ ਖ਼ਬਰ ਗਰਮ ਕਿ ਗ਼ਾਲਬ ਕੇ ਉੜੇਂਗੇ ਪੁਰਜ਼ੇ

ਦੇਖਨੇ ਹਮ ਭੀ ਗਏ, ਤਮਾਸ਼ਾ ਨਾ ਹੁਆ

‘ਖ਼ਬਰ ਗਰਮ' ਸੰਭਾਵਨਾ ਹੈ, ਪਰ ‘ਤਮਾਸ਼ਾ ਨਾ ਹੂਆ ਘਟਣਾ ਹੈ। ਸੇਖੋਂ ਦੀ ਕਹਾਣੀ 'ਪ੍ਰੇਮੀ ਦੇ ਨਿਆਣੇ' ਵਿਚ ਘਟਨਾ ਦਾ ਨਾ ਵਾਪਰਨਾ ਹੀ ਅਸਲ ਘਟਣਾ ਹੈ, ਜਿਸ ਵਿਚ ਕਹਾਣੀ ਦਾ ਸੰਦੇਸ਼ ਲੁਕਿਆ ਹੋਇਆ ਹੈ।

ਇਸੇ ਤਰਾਂ ਦੇ ਕੁਝ ਸੂਤਰ ਇਸ ਲੇਖ ਵਿਚ ਹੋਰ ਮਿਲਦੇ ਹਨ, ਜਿਨ੍ਹਾਂ ਦਾ ਕਥਾ-ਸ਼ਾਸਤਰ ਨਾਲ ਸੰਬੰਧ ਨਹੀਂ ਪਰ ਪੰਜਾਬੀ ਨਿੱਕੀ ਕਹਾਣੀ ਦੀ ਵਿਸ਼ੇਸ਼ ਸਥਿਤੀ ਪ੍ਰਕਿਰਤੀ ਅਤੇ ਇਸ ਦੇ ਇਤਿਹਾਸ ਨਾਲ ਸੰਬੰਧ ਹੈ। ਇਹਨਾਂ ਵਿਚ ਵੀ ਸਰਲੀ ਕ੍ਰਿਤ ਸਿੱਟੇ ਕੱਢਣ ਦਾ ਅਤੇ ਕਮੀਆਂ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਉਹਨਾਂ ਨੂੰ ਗੁਣ ਦਸ ਕੇ ਵਡਿਆਉਣ ਹੈ। ਉਦਾਹਰਣ ਵਜੋਂ ਪੰਜਾਬ ਦੇ ਭੂਗਲ ਦਾ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਨਾਲ ਸਬੰਧ ਲੱਭਣ ਲਗਿਆਂ ਕਿਹਾ ਗਿਆ ਹੈ:

“ਪੰਜਾਬ ਦੇ ਭੋਇੰ-ਮੰਡਲ ਜਾਂ ਮੌਸਮ ਨੇ ਪੰਜਾਬੀ ਕਹਾਣੀ ਵਿਚ ਪਛਾਨਣਯੋਗ ਹਿੱਸਾ
ਨਹੀਂ ਪਾਇਆ। ਹਥੇਲੀ ਵਾਂਗ ਸਪਾਟ, ਸਮਤਲ ਵਿਛੀ ਪੰਜਾਬ ਦੀ ਧਰਤੀ ਲਗਭਗ ਬੇਨਕਸ਼ ਹੈ, ਉਹ ਹੋਰ ਥਾਂ ਇਕੋ ਜਿਹੀ ਹੈ। ਨਾ ਇਥੇ ਉਚੇ ਪਰਬਤ ਨਾ ਡੂੰਘੀਆਂ ਖੱਡਾਂ, ਨਾ ਸਮੁੰਦਰ, ਨਾ ਝੀਲਾਂ ਨਾ ਬਰੇਤੇ। ਨਾ ਰੱਖਾਂ, ਨਾ ਬੇਲੇ, ਨਾ ਜੰਗਲ। ਪੰਜਾਬ ਦੇ ਅਤਿਅੰਤ ਸਭਿਅ ਭੋਇੰ-ਮੰਡਲ ਤੇ ਅਸੀਲ ਮੌਸਮ ਨੇ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਨੂੰ ਸਹਿਜ-ਸੰਤੁਲਨ ਦੇ ਨੇੜੇ ਰਖਿਆ ਹੈ। ਉਸ ਦਾ ਕਹਾਣੀ-ਸਾਹਿਤ ਵੀ ਅਤੀਵਾਦ ਨੂੰ ਛੱਡ ਕੇ ਮੱਧ-ਮਾਰਗ ਦੇ ਨੇੜੇ ਤੇੜੇ ਰਿਹਾ ਹੈ।"

ਪਰ ਇਥੇ ਬਿਆਨ ਕੀਤਾ ਗਿਆ ਭੋਇੰ-ਮੰਡਲ ਇਸ ਲੇਖ ਦੇ ਲਿਖੇ ਜਾਣ ਵੇਲੇ ਦਾ ਭੋਇੰ-ਮੰਡਲ ਹੈ, ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਦੇ ਇਤਿਹਾਸ ਦਾ ਭੋਇੰ-ਮੰਡਲ ਨਹੀਂ। ਇਹ ਭੌਇੰ-ਮੰਡਲ ਤਾਂ ਨਿੱਕੀ ਕਹਾਣੀ ਦੇ ਵੀ ਆਰੰਭ ਤੋਂ ਤੀਹ ਸਾਲ ਮਗਰੋਂ ਦਾ ਭੋਇੰ-ਮੰਡਲ ਹੈ। ਤਾਂ ਫਿਰ ਏਨਾ ਮਗਰੋਂ ਜਾ ਕੇ ਰੂਪ ਧਾਰਨ ਵਾਲੇ ਭੌਇੰ-ਮੰਡਲ ਨੇ ਆਪਣੇ ਤੋਂ ਪਹਿਲਾਂ ਦੇ ਸਾਹਿਤ ਅਤੇ ਸੰਸਕ੍ਰਿਤੀ ਨੂੰ ਕਿਵੇਂ ਪ੍ਰਭਾਵਤ ਕਰ ਦਿੱਤਾ? ਅਸਲ ਵਿਚ ਇਸ ਲੇਖ ਵਿਚ ਆਮ ਪ੍ਰਵਿਰਤੀ ਇਹ ਹੈ ਕਿ ਹਕੀਕਤ ਦੇ ਆਧਾਰ ਉਤੇ ਧਾਰਨਾਵਾਂ ਨਹੀਂ ਬਣਾਈਆਂ ਗਈਆਂ, ਸਗੋਂ ਧਾਰਨਾਵਾਂ ਬਣਾ ਲਈਆਂ ਜਾਂਦੀਆਂ ਹਨ ਅਤੇ ਮਗਰੋਂ ਹਕੀਕਤ ਨੂੰ ਇਸ ਪ੍ਰਕਾਰ ਬਿਆਨ ਕਰ ਦਿੱਤਾ ਜਾਂਦਾ ਹੈ ਕਿ ਧਾਰਨਾਵਾਂ ਠੀਕ ਲੱਗਣ। ਪੰਜਾਬੀ ਵਿਚ ਬਾਰਾਮਾਹਾਂ ਦੀ ਭਰਮਾਰ ਇਸ ਗੱਲ ਦੀ ਸਾਖੀ ਨਹੀਂ-ਭਰਦੀ -ਕਿ ਪੰਜਾਬ ਵਿਚ ਵਿਅਕਤੀ ਅਤੇ ਪ੍ਰਕਿਰਤੀ ਦਾ ਕੋਈ ਪਛਾਨਣਯੋਗ ਸੰਬੰਧ ਨਹੀਂ। ਪੰਜਾਬੀ ਕਿੱਸਿਆਂ ਅਤੇ ਆਮ ਕਰਕੇ ਪੰਜਾਬੀ ਕਵਿਤਾ ਵਿਚ ਵਿਅਕਤੀ ਅਤੇ ਪ੍ਰਕਿਰਤੀ ਦਾ ਸੰਬਾਦ ਕੋਈ ਦੁਰਲੱਭ ਵਸਤ ਨਹੀਂ। ਨਿੱਕੀ ਕਹਾਣੀ ਦੇ ਖੇਤਰ ਵਿਚ ਵੀ ਬਹੁਤ ਕਹਾਣੀਆਂ ਐਸੀਆਂ ਮਿਲ ਜਾਣਗੀਆਂ ਜਿਨ੍ਹਾਂ ਵਿਚ ਭੋਇੰ-ਮੰਡਲ ਅਤੇ ਮੌਸਮ ਮਨੁੱਖਾ ਹੋਣੀ ਨੂੰ ਪ੍ਰਭਾਵਤ ਕਰ ਰਿਹਾ ਹੈ, ਅਤੇ ਕਹਾਣੀਆਂ ਇਸ ਪ੍ਰਭਾਵ ਉਤੇ ਉਸਰੀਆਂ ਹੋਈਆਂ ਹਨ। ਤਾਂ ਵੀ, ਜੋ ਸਾਨੂੰ ਇਹ ਗੱਲ ਫਿਰ ਵੀ ਕਿਸੇ ਹੱਦ ਤਕ (ਸਿਰਫ਼ ਕਿਸੇ ਹੱਦ ਤੱਕ) ਠੀਕ ਲੱਗਦੀ ਹੋਵੇ ਕਿ 'ਪੰਜਾਬ ਦੇ ਭੋਇੰ-ਮੰਡਲ ਜਾਂ ਮੌਸਮ ਨੇ ਪੰਜਾਬੀ ਕਹਾਣੀ ਵਿਚ ਪਛਾਨਣਯੋਗ ਹਿੱਸਾ ਨਹੀਂ ਪਾਇਆ, ਤਾਂ ਇਸ ਗੱਲ ਦਾ ਪੂਰੀ ਡੂੰਘਾਈ ਵਿਚ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਗਲਤ ਉਕਤੀਆਂ ਦੇ ਨਾਲ ਇਸ ਨੂੰ ਠੀਕ ਅਤੇ ਉਚਿਤ ਸਿੱਧ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।

ਇਸੇ ਤਰ੍ਹਾਂ ਇਹ ਵੀ ਕੋਈ ਰਸ਼ਕ ਕਰਨ ਵਾਲੀ ਗੱਲ ਨਹੀਂ ਕਿ ਸਾਡੀ ਕਹਾਣੀ ਵਿਚ ਸਾਡੇ ਸਮਾਜਿਕ ਜੀਵਨ ਦੇ ਕਈ ਖੰਡਾਂ ਨੂੰ ਪ੍ਰਤਿਨਿਧਤਾ ਨਹੀਂ ਮਿਲੀ। ਇਹ ਗੱਲ ਨੂੰ ਵੀ ਜੇ ਠੀਕ ਹੋਵੇ ਤਾਂ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ ਕਿ ਅਸੀਂ ਕਿਉਂ ਪੱਛਮ ਦੀ ਤਾਂ ਘਟੀਆ ਤੋਂ ਘਟੀਆ ਪ੍ਰਵਿਰਤੀ ਨੂੰ ਵੀ ਝੱਟ ਹਿਣ ਕਰਨ ਨੂੰ ਤਿਆਰ ਹੁੰਦੇ ਹਾਂ, ਜਦ ਕਿ ਆਪਣੇ ਸਮਾਜ ਉਤੇ ਵਾਪਰਦੀਆਂ ਹਨੇਰੀਆਂ ਵੀ ਕਈ ਵਾਰ ਸਾਡੇ ਮਨ ਨੂੰ ਪ੍ਰਭਾਵਤ ਨਹੀਂ ਕਰਦੀਆਂ? ਇਹ ਕੋਈ ਸਾਧਾਰਨ ਸਥਿਤੀ ਨਹੀਂ, ਨਾ ਵਿਅਕਤੀ ਲਈ

ਅਤੇ ਨਾ ਹੀ ਸਮੂਹਕ ਮਨ ਲਈ ਕਿ ਇਸ ਨੂੰ ਉਚਤ ਠਹਿਰਾਇਆ ਜਾਏ, ਜਾਂ ਸ਼ਿੰਗਾਰਵੇਂ ਢੰਗ ਨਾਲ ਪੇਸ਼ ਕੀਤਾ ਜਾਏ।
ਤਾਂ ਵੀ ਇਹ ਮਗਰਲੇ ਦੋਵੇਂ ਨੁਕਤੇ ਕਥ-ਸ਼ਾਸਤਰ ਨਾਲ ਸੰਬੰਧਿਤ ਨਹੀਂ। ਇਹਨਾਂ ਨੂੰ ਇਥੇ ਸਿਰਫ਼ ਇਸ ਕਰਕੇ ਲਿਆ ਗਿਆ ਹੈ ਕਿ ਜਿਵੇਂ ਉਲਾਰ ਦਲੀਲ ਇਹਨਾਂ ਨੁਕਤਿਆਂ ਪਿੱਛੇ ਕੰਮ ਕਰ ਰਹੀ ਹੈ, ਉਸੇ ਤਰ੍ਹਾਂ ਦੀ ਉਲਾਰ ਦਲੀਲ ਕਥ-ਸ਼ਾਸਤਰ ਨਾਲ ਸੰਬੰਧਤ ਨਕਤਿਆਂ ਪਿਛੇ ਵੀ ਕੰਮ ਕਰ ਰਹੀ ਹੈ। ' ਅਸਲ ਵਿਚ ਇਹ ਲੇਖ ਪੰਜਾਬੀ ਵਿਚ ਵਿਤੰਡਾਵਾਦ (sophistry) ਦਾ ਸ਼ਾਹਕਾਰ ਹੈ। ਏਨੇ ਸੰਘਣੇ ਰੂਪ ਵਿਚ ਇਹ ਸੋਫਿਸਟਰੀ ਪੰਜਾਬੀ ਵਿਚ ਹੋਰ ਕਿਤੇ ਨਹੀਂ ਮਿਲਦੀ, ਡਾ. ਹਰਿਭਜਨ ਸਿੰਘ ਦੀ ਕਿਸੇ ਹੋਰ ਰਚਨਾ ਵਿਚ ਵੀ ਨਹੀਂ।
ਕਥਾ-ਸ਼ਾਸਤਰ ਬਾਰੇ ਇਸ ਤੋਂ ਮਗਰੋਂ ਲਿਖੇ ਗਏ ਲੇਖ ਵੀ ਵਧੇਰੇ ਕਰਕੇ ਇਹਨਾਂ ਪਿਛਲੇ ਲੇਖਾਂ ਦੀਆਂ ਧੁਨੀਆਂ ਉਤੇ ਹੀ ਉਸਰੇ ਹੋਏ ਹਨ।
ਸੋ ਅਸੀਂ ਦੇਖਦੇ ਹਾਂ ਕਿ ਆਲੋਚਨਾਤਮਕ ਮੁਹਾਵਰੇ ਦੇ ਵਿਕਾਸ ਨੇ ਸ਼ਾਸਤਰ ਦੀ ਪ੍ਰਗਤਿ ਵਿਚ ਸਹਾਇਤਾ ਨਹੀਂ ਕੀਤੀ, ਜਿਸ ਦਾ ਮੁੱਖ ਕਾਰਨ ਤਾਰਕਿਕ ਅਤੇ ਦਾਰਸ਼ਨਿਕ ਦ੍ਰਿਸ਼ਟੀ ਦੀ ਅਤੇ ਇਕਸਾਰਤਾ ਦੀ ਘਾਟ ਹੈ। ਮੂਲ ਰੂਪ ਵਿਚ ਇਹ ਸਾਹਿਤ-ਸ਼ਾਸਤਰ ਵਿਚ ਵਿਧੀ-ਵਿਗਿਆਨਕ ਸਮੱਸਿਆ ਹੈ, ਜਿਸ ਦੀ ਅਜੇ ਸਾਡੇ ਕੋਈ ਪੱਕੀ-ਪੀਡੀ ਪਰੰਪਰਾ ਨਹੀਂ ਬਣੀ।
ਇਸੇ ਕਰਕੇ ਕਹਾਣੀਕਾਰਾਂ ਵਲੋਂ ਪੇਸ਼ ਕੀਤੇ ਗਏ ਸੂਤਰਾਂ ਵਿਚ ਸਾਨੂੰ ਫਿਰ ਵੀ ਕਿਸੇ ਨਾ ਕਿਸੇ ਹੱਦ ਤੱਕ ਇਕਸਾਰਤਾ ਮਿਲ ਜਾਂਦੀ ਹੈ, ਬਾਵਜੂਦ ਇਸ ਦੇ ਕਿ ਉਹਨਾਂ ਕੋਲ ਅਜੇ ਵਿਕਸਤ ਆਲੋਚਨਾਤਮਕ ਮੁਹਾਵਰਾ ਨਹੀਂ ਸੀ। ਆਪਣਾ ਸਿਰਜਣ-ਅਨੁਭਵ ਉਹਨਾਂ ਨੂੰ ਆਪਣੇ ਨਿਸ਼ਾਨੇ ਤੋਂ ਬਹੁਤਾ ਲਾਂਭੇ ਨਹੀਂ ਜਾਣ ਦੇਦਾ।