ਨੈਣੀਂ ਨੀਂਦ ਨਾ ਆਵੇ/ਮੁੱਢਲੇ ਸ਼ਬਦ

ਵਿਕੀਸਰੋਤ ਤੋਂ
Jump to navigation Jump to searchਮੁੱਢਲੇ ਸ਼ਬਦ

ਲੋਕਧਾਰਾ ਸਮੁੱਚੇ ਸੰਸਾਰ ਦੇ ਸਭਿਆਚਾਰਾਂ ਵਿੱਚ ਇੱਕ ਜੀਵੰਤ ਕਿਰਿਆਸ਼ੀਲ, ਸੁਨਿਸ਼ਚਤ ਪ੍ਰਬੰਧ ਅਤੇ ਵਰਤਾਰਾ ਹੈ ਜਿਹੜਾ ਹਰ ਸਭਿਆਚਾਰ ਨਾਲ ਸਬੰਧਤ ਵਿਅਕਤੀਆਂ ਦੇ ਵਿਹਾਰ, ਰਹਿਣ ਸਹਿਣ, ਖਾਣ ਪੀਣ ਅਤੇ ਮਾਨਸਿਕ ਕਿਰਿਆਵਾਂ ਤੇ ਵਿਸ਼ਵਾਸਾਂ ਦੇ ਪ੍ਰਬੰਧ ਨੂੰ ਨਿਰਧਾਰਿਤ ਵੀ ਕਰਦਾ ਹੈ ਅਤੇ ਇਸ ਸਭਿਆਚਾਰਕ ਪਰਕਿਰਿਆ ਵਿਚੋਂ ਲੋਕਧਾਰਾਂ ਨੂੰ ਨਿਰਮਤ ਵੀ ਕਰਦਾ ਹੈ।

ਪਹਿਲਾਂ ਪਹਿਲ ਲੋਕਧਾਰਾ ਨੂੰ ਪਰੰਪਰਾ ਦੀ ਰਹਿੰਦ ਖੂੰਹਦ ਸਮਝ ਕੇ ਹੀ ਕੋਈ ਬਹੁਤੀ ਮਹੱਤਤਾ ਨਹੀਂ ਸੀ ਦਿੱਤੀ ਜਾਂਦੀ। ਇਹ ਖੇਤਰ ਵਿਦਵਾਨਾਂ ਵੱਲੋਂ ਬਹੁਤ ਦੇਰ ਅਣਗੌਲ਼ਿਆ ਹੀ ਰਿਹਾ। ਲੋਕਧਾਰਾ ਦੇ ਰੂਪਾਂ ਅਤੇ ਵੰਗਨੀਆਂ ਵੱਲ ਸਭ ਤੋਂ ਪਹਿਲਾਂ ਸਾਹਿਤ ਸਿਰਜਣਾਂ ਕਰਨ ਵਾਲੇ ਸਾਹਿਤਕਾਰਾਂ ਦਾ ਹੀ ਧਿਆਨ ਗਿਆ। ਉਨ੍ਹਾਂ ਨੇ ਬਹੁਤ ਸਾਰੀਆਂ ਮਿੱਥਾਂ, ਦੰਦ ਕਥਾਵਾਂ ਅਤੇ ਲੋਕ ਕਹਾਣੀਆਂ ਨੂੰ ਆਧਾਰ ਬਣਾ ਕੇ ਆਪਣੀਆਂ ਰਚਨਾਵਾਂ ਦੀ ਸਿਰਜਣਾ ਕੀਤੀ। ਉਸ ਤੋਂ ਬਾਅਦ ਕਈ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਲੋਕ ਸਾਹਿਤ ਰੂਪਾਂ ਦੀਆਂ ਵੰਨਗੀਆਂ ਦਾ ਇਸਤੇਮਾਲ ਕਰਨ ਲੱਗੇ। ਆਪਣੀਆਂ ਰਚਨਾਵਾਂ ਨੂੰ ਖੂਬਸੂਰਤ ਬਣਾਉਣ ਲਈ ਉਹ ਆਪਣੀਆਂ ਰਚਨਾਵਾਂ ਵਿੱਚ ਲੋਕ ਸਾਹਿਤ ਦੇ ਰੂਪਾਂ ਅਖਾਣਾਂ, ਮੁਹਾਵਰਿਆਂ ਅਤੇ ਬੁਝਾਰਤਾਂ ਨੂੰ ਸ਼ਾਮਿਲ ਕਰਨ ਲੱਗੇ। ਉਹਨਾਂ ਨੇ ਲੋਕ ਸਾਹਿਤ ਦੇ ਛੰਦਾਂ ਦੀ ਵੀ ਭਰਪੂਰ ਵਰਤੋਂ ਕੀਤੀ। ਜਿਹੜੀ ਰਚਨਾ ਵਿੱਚ ਲੋਕ ਸਾਹਿਤ ਦੀਆਂ ਵੰਨਗੀਆਂ ਦੀ ਵਧੇਰੇ ਵਰਤੋਂ ਹੁੰਦੀ ਸੀ ਉਹ ਲੋਕਾਂ ਵਿੱਚ ਜ਼ਿਆਦਾ ਮਕਬੂਲ ਹੁੰਦੀ ਸੀ। ਹੌਲੀ ਹੌਲੀ ਲੋਕਧਾਰਾ ਨੇ ਆਪਣੀ ਵੱਖਰੀ ਅਤੇ ਨਿਵੇਕਲੀ ਪਛਾਣ ਕਾਇਮ ਕਰ ਲਈ। ਇੰਜ ਲੋਕਧਾਰਾ ਹੁਣ ਕੇਵਲ ਲੋਕਾਂ ਦੇ ਮਨੋਰੰਜਨ ਦੀ ਸਮੱਗਰੀ ਹੀ ਨਹੀਂ ਰਹਿ ਗਈ ਸਗੋਂ ਇਹ ਦੂਜੇ ਸਮਾਜ ਵਿਗਿਆਨਾਂ ਵਾਂਗ ਲੋਕਧਾਰਾ ਸ਼ਾਸਤਰ ਦਾ ਦਰਜਾ ਵੀ ਹਾਸਲ ਕਰ ਗਈ ਹੈ। ਵਿਦਵਾਨਾਂ ਦਾ ਮੱਤ ਹੈ ਕਿ ਲੋਕਧਾਰਾ ਇੱਕ ਇਤਿਹਾਸਕ ਵਿਗਿਆਨ ਹੈ। ਇਤਿਹਾਸਕ ਇਸ ਲਈ ਕਿ ਉਹ ਮਨੁੱਖੀ ਜੀਵਨ ਦੇ ਭੂਤਕਾਲੀ ਇਤਿਹਾਸ ਉੱਪਰ ਰੌਸ਼ਨੀ ਪਾਉਂਦਾ ਹੈ। ਲੋਕਧਾਰਾ ਵਿਗਿਆਨ ਇੱਕ ਵਿਹਾਰਕ ਵਿਗਿਆਨ ਵੀ ਹੈ।ਵਿਹਾਰਕ ਇਸ ਲਈ ਕਿ ਇਹ ਕਿਸੇ ਸਮਾਜਕ ਪ੍ਰਾਣੀ ਦੇ ਸਭਿਆਚਾਰਕ ਵਿਹਾਰ ਨੂੰ ਨਿਸ਼ਚਿਤ ਕਰਦਾ ਹੈ। ਲੋਕਧਾਰਾ ਵਿਗਿਆਨ ਹੁਣ ਕੇਵਲ ਅੰਦਾਜ਼ਿਆਂ ਜਾਂ ਪੂਰਵ ਨਿਸ਼ਚਿਤ ਨਤੀਜਿਆਂ ਦੇ ਆਧਾਰ ਉਪਰ ਹੀ ਕੰਮ ਨਹੀਂ ਕਰਦਾ ਸਗੋਂ ਦੂਜੇ ਵਿਗਿਆਨਾਂ ਵਾਂਗ Inductive ਵਿਧੀ ਨਾਲ ਵਿਗਿਆਨਕ ਖੋਜ ਕਰਦਾ ਹੈ। ਲੋਕਧਾਰਾ ਵਿਗਿਆਨ ਉਨ੍ਹਾਂ ਸਮਾਜ ਵਿਗਿਆਨਾਂ ਵਿਚੋਂ ਇੱਕ ਹੈ ਜੋ ਸਭਿਆਚਾਰਾਂ ਅਤੇ ਸਭਿਆਤਾਵਾਂ ਦਾ ਅਧਿਐਨ ਕਰਦਾ ਹੈ। ਲੋਕਧਾਰਾ ਦਾ ਇਹ ਅਧਿਐਨ ਸਭਿਆਚਾਰਾਂ ਦੇ ਪੈਟਰਨ ਲੱਭਣ ਅਤੇ ਮਨੁੱਖੀ ਵਿਹਾਰ ਦੇ ਨਿਯਮਾਂ ਨੂੰ ਨਿਸ਼ਚਿਤ ਕਰਨ ਦਾ ਯਤਨ ਕਰਦਾ ਹੈ। ਇਸ ਵਿਗਿਆਨ ਰਾਹੀਂ ਅਸੀਂ ਸੱਭਿਆਚਾਰ ਦੀਆਂ ਰੂੜ੍ਹੀਆਂ ਅਤੇ ਅਰਥਾਂ ਤੱਕ ਪਹੁੰਚ ਸਕਦੇ ਹਾਂ ਅਤੇ ਵਿਸ਼ਵ ਪੱਧਰ ਉਪਰ ਅਜੇਹੇ ਯਤਨ ਹੋ ਵੀ ਰਹੇ ਹਨ।
ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਲੋਕਧਾਰਾ ਨਾਲ ਸੰਬੰਧਤ ਵਿਦਵਾਨ ਵੀ ਬਾਹਰਲੇ ਵਿਦਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਧਾਰਾ ਦੇ ਅਜੇਹੇ ਅਧਿਐਨ ਵਿੱਚ ਜੁਟੇ ਹੋਏ ਹਨ ਅਤੇ ਸੁਖਦੇਵ ਮਾਦਪੁਰੀ ਇਹਨਾਂ ਮੁਢਲੇ ਵਿਦਵਾਨਾਂ ਵਿਚੋਂ ਇੱਕ ਹੈ।
ਸੁਖਦੇਵ ਮਾਦਪੁਰੀ ਬਾਰਾਂ ਜੂਨ 1935 ਵਿਚ ਪਿੰਡ ਮਾਦਪੁਰ ਜਿਲ੍ਹਾ ਲੁਧਿਆਣਾ ਵਿਖੇ ਸਰਦਾਰ ਦਿਆ ਸਿੰਘ ਦੇ ਘਰ ਪੈਦਾ ਹੋਏ। ਆਪਣੀ ਉਚੇਰੀ ਵਿੱਦਿਆ ਪੂਰੀ ਕਰਨ ਉਪਰੰਤ ਇਹਨਾਂ ਨੇ ਅਧਿਆਪਨ ਦਾ ਕਿੱਤਾ ਅਪਣਾਇਆ। ਕੁਝ ਦੇਰ ਅਧਿਆਪਨ ਦੇ ਖੇਤਰ ਵਿੱਚ ਕਾਰਜਸ਼ੀਲ ਰਹਿਕੇ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਚਲੇ ਗਏ ਉੱਥੇ ਸਹਾਇਕ ਡਾਇਰੈਕਟਰ, ਮੈਗਜ਼ੀਨ ਵਜੋਂ ਕਾਰਜ ਕਰਦਿਆਂ ਬਾਲ ਸਾਹਿਤ ਦੇ ਰਸਾਲਿਆਂ "ਪੰਖੜੀਆਂ" ਅਤੇ "ਪ੍ਰਾਇਮਰੀ ਸਿੱਖਿਆ" ਦੇ ਸੰਪਾਦਨ ਦਾ ਕਾਰਜ ਵੀ ਸੰਭਾਲਦੇ ਰਹੇ।
ਲੋਕਧਾਰਾ ਨਾਲ ਉਹਨਾਂ ਦਾ ਸੰਬੰਧ 1956 ਵਿੱਚ ਹੀ ਜੁੜ ਗਿਆ ਸੀ ਜਦੋਂ ਉਹਨਾਂ ਦੀ ਪਹਿਲੀ ਪੁਸਤਕ "ਲੋਕ ਬੁਝਾਰਤਾਂ" ਨੇ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ। ਉਸ ਤੋਂ ਬਾਅਦ ਤਾਂ ਜਿਵੇਂ ਉਹ ਲੋਕ ਸਾਹਿਤ ਦੇ ਹੀ ਹੋਕੇ ਰਹਿ ਗਏ ਅਤੇ ਹੇਠ ਉੱਪਰ ਹੀ ਕਈ ਪੁਸਤਕਾਂ ਪੰਜਾਬੀ ਲੋਕ ਸਾਹਿਤ ਜਗਤ ਨੂੰ ਦਿੱਤੀਆਂ। ਇਹਨਾਂ ਵਿੱਚ ‘ਜ਼ਰੀ ਦਾ ਟੋਟਾ', ‘ਗਾਉਂਦਾ ਪੰਜਾਬ', 'ਪੰਜਾਬ ਦੀਆਂ ਲੋਕ ਖੇਡਾਂ', 'ਨੈਣਾਂ ਦੇ ਵਣਜਾਰੇ', 'ਪੰਜਾਬ ਦੇ ਮੇਲੇ ਅਤੇ ਤਿਉਹਾਰ', 'ਆਉ ਨੱਚੀਏ', 'ਪੰਜਾਬੀ ਬੁਝਾਰਤਾਂ', 'ਫੁੱਲਾਂ ਭਰੀ ਚੰਗੇਰ' ਅਤੇ ‘ਭਾਰਤੀ ਲੋਕ ਕਹਾਣੀਆਂ' ਆਦਿ ਦਾ ਜ਼ਿਕਰ ਪੰਜਾਬੀ ਲੋਕਧਾਰਾ ਦੇ ਅਧਿਐਨ ਖੇਤਰ ਵਿੱਚ ਬੜੇ ਮਾਣ ਨਾਲ ਕੀਤਾ ਜਾ ਸਕਦਾ ਹੈ। ਇਹਨਾਂ ਤੋਂ ਇਲਾਵਾ ਇਹਨਾਂ ਦੀਆਂ ਬਹੁਤ ਸਾਰੀਆਂ ਸੰਪਾਦਤ ਅਤੇ ਅਨੁਵਾਦਿਤ ਪੁਸਤਕਾਂ ਵੀ ਹਨ ਜਿਨ੍ਹਾਂ ਵਿਚੋਂ 'ਬਾਲ ਕਹਾਣੀਆਂ', 'ਆਉ ਗਾਈਏ', 'ਮਹਾਂਬਲੀ ਰਣਜੀਤ ਸਿੰਘ’ ਅਤੇ ‘ਵਰਖਾ ਦੀ ਉਡੀਕ' ਦੇ ਨਾਂ ਲਏ ਜਾ ਸਕਦੇ ਹਨ।
ਇਹਨਾਂ ਦੀ ਘਾਲਣਾ ਨੂੰ ਮੁੱਖ ਰੱਖਦਿਆਂ ਭਾਸ਼ਾ ਵਿਭਾਗ ਪੰਜਾਬ, ਨੇ ਦੋ ਵਾਰੀ ਸਰਵੋਤਮ ਪੁਸਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ। 1995 ਵਿੱਚ ਇਹਨਾਂ ਨੂੰ "ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ" ਨਾਲ ਵੀ ਸਨਮਾਨਿਤ ਕੀਤਾ ਗਿਆ। ਇਹਨਾਂ ਇਨਾਮਾਂ ਪੁਰਸਕਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਨੇ ਸੁਖਦੇਵ ਮਾਦਪੁਰੀ ਦੇ ਇਤਿਹਾਸਕ ਮਹੱਤਤਾ ਵਾਲੇ ਕਾਰਜ ਨੂੰ ਮਾਨਤਾ ਦੇਂਦਿਆਂ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਹਨ।
ਵਿਸ਼ਵ ਪੱਥਰ ਉੱਪਰ ਭਾਵੇਂ ਲੋਕਧਾਰਾ ਦੀ ਪਛਾਣ ਅਤੇ ਇਸ ਦੇ ਇੱਕਤ੍ਰਰੀਕਰਣ ਦਾ ਕਾਰਜ 1711 ਈਸਵੀ ਵਿੱਚ ਬਿਸ਼ਪ ਥੌਮਸ ਪੇਰੀ ਦੇ ਯਤਨਾਂ ਨਾਲ ਹੋ ਚੁੱਕਾ ਸੀ ਪਰੰਤੂ ਭਾਰਤ ਵਿੱਚ ਇਹ ਕਾਰਜ ਸਰ ਵਿਲੀਅਮ ਜ਼ੋਨਜ ਵੱਲੋਂ ਸਥਾਪਤ ਕੀਤੀ ਗਈ 'ਏਸ਼ੀਆਟਕ ਸੋਸਾਇਟੀ ਆਫ ਬੰਗਾਲ’ ਦੀ ਸਥਾਪਨਾ ਨਾਲ ਹੀ ਸੰਭਵ ਹੋ ਸਕਿਆ ਹੈ। ਇਸ ਸੋਸਾਇਟੀ ਦੀ ਸਥਾਪਨਾ 1784 ਵਿੱਚ ਕੀਤੀ ਗਈ ਸੀ।
'ਪੰਜਾਬ ਨੋਟਸ ਐਂਡ ਕੁਆਇਰੀਜ਼’ ਦੇ ਅੰਕਾਂ ਵਿੱਚ ਪੱਛਮੀ, ਭਾਰਤੀ ਅਤੇ ਪੰਜਾਬੀ ਦੇ ਵਿਦਵਾਨਾਂ ਨੇ ਬਹੁਤ ਸਾਰੇ ਲੇਖ ਪੰਜਾਬੀ ਲੋਕਧਾਰਾ ਅਤੇ ਖਾਸ ਕਰਕੇ ਲੋਕ ਸਾਹਿਤ ਬਾਰੇ ਛਪਵਾਏ।
ਪੰਜਾਬੀ ਲੋਕਧਾਰਾ ਦੇ ਇੱਕਤ੍ਰੀਕਰਨ ਦਾ ਕਾਰਜ ਵੀ ਪੱਛਮੀ ਵਿਦਵਾਨਾਂ ਵੱਲੋਂ ਅਰੰਭਿਆ ਗਿਆ ਜਿਨ੍ਹਾਂ ਨੂੰ ਵੇਖ ਕੇ ਪੰਜਾਬੀ ਵਿਦਵਾਨ ਵੀ ਇਸ ਖੇਤਰ ਵਿਚ ਆ ਗਏ। ਸੁਖਦੇਵ ਮਾਦਪੁਰੀ ਉਹਨਾਂ ਮੁੱਢਲੇ ਵਿਦਵਾਨਾਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਕਰਕੇ ਸਾਂਭਣ ਦਾ ਮਹੱਤਵ ਪੂਰਨ ਇਤਿਹਾਸਕ ਕਾਰਜ ਨਿਭਾਇਆ ਹੈ। ਇਹਨਾਂ ਨੇ ਇਹ ਕੰਮ ਉਹਨਾਂ ਹਾਲਾਤਾਂ ਵਿੱਚ ਕੀਤਾ ਜਦੋਂ ਅਜੇ ਆਧੁਨਿਕ ਤਕਨੀਕਾਂ ਅਤੇ ਯੰਤਰ ਨਹੀਂ ਸੀ ਆਏ। ਇਹਨਾਂ ਸਹੂਲਤਾਂ ਤੋਂ ਬਿਨਾਂ ਲੋਕਧਾਰਾ ਦੇ ਖੇਤਰ ਵਿੱਚ ਖੇਤਰੀ ਕਾਰਜ ਕਰਨਾ ਅਤਿਅੰਤ ਮੁਸ਼ਕਲ ਹੁੰਦਾ ਹੈ ਕਿਉਂਕਿ ਤੁਹਾਨੂੰ ਬਹੁਤ ਸਾਰਾ ਵਕਤ ਲੋਕਾਂ ਵਿੱਚ ਰਹਿ ਕੇ ਉਹਨਾਂ ਪਾਸੋਂ ਲੋਕ ਸਾਹਿਤ ਰੂਪਾਂ ਨੂੰ ਸੁਣ ਕੇ ਲਿਪੀਬੱਧ ਕਰਨਾ ਹੁੰਦਾ ਹੈ। ਇਹ ਕੰਮ ਬਹੁਤ ਸਮਾਂ ਅਤੇ ਮਿਹਨਤ ਮੰਗਦਾ ਹੈ। ਇਸ ਲਈ ਯੰਤਰਾਂ ਵਿਹੂਣੇ ਉਹਨਾਂ ਵਿਦਵਾਨਾਂ ਨੂੰ ਦਾਦ ਦੇਣੀ ਹੀ ਬਣਦੀ ਹੈ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਸਮੇਂ ਦੇ ਹਨੇਰੇ ਵਿੱਚ ਗੁੰਮ ਹੋ ਜਾਣ ਤੋਂ ਬਚਾ ਲਿਆ ਹੈ। ਇਸ ਤਰ੍ਹਾਂ ਨਾਲ ਇਹਨਾਂ ਵਿਦਵਾਨਾਂ ਜਿੱਥੇ ਨਵੀਂ ਪੀੜੀ ਸਿਰ ਅਹਿਸਾਨ ਕੀਤਾ ਹੈ ਉੱਥੇ ਲੋਕਧਾਰਾ ਦੇ ਵਿਸ਼ੇ ਉੱਪਰ ਵੀ ਪਰਉਪਕਾਰ ਕੀਤਾ ਹੈ।
ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਵਿਦਵਾਨਾਂ ਨੇ ਲੋਕਧਾਰਾ ਦੀ ਡੂੰਘੀ ਵਿਗਿਆਨਕ ਖੋਜ ਤੋਂ ਜਾਣੂ ਨਾ ਹੋਣ ਕਾਰਨ ਬਹੁਤ ਸਾਰੀਆਂ ਕਥਾ ਕਹਾਣੀਆਂ ਨੂੰ ਲੋਕ ਭਾਸ਼ਾ ਤੋਂ ਬਦਲ ਕੇ ਸਾਹਿਤਕ ਰੰਗਣ ਦੇ ਦਿੱਤੀ ਹੈ ਜਿਸ ਕਾਰਨ ਉਸ ਦੀ ਲੋਕਧਾਰਾਈ ਕੀਮਤ ਅਤੇ ਖ਼ੁਸ਼ਬੂ ਗਾਇਬ ਹੋ ਗਈ ਹੈ। ਇਹ ਉਹਨਾਂ ਨੇ ਸਹਿਜ ਸੁਭਾਅ ਹੀ ਕੀਤਾ ਹੈ ਅਤੇ ਆਪਣੇ ਵੱਲੋਂ ਚੰਗਾਂ ਸਮਝ ਕੇ ਕੀਤਾ ਹੈ, ਪਰੰਤੂ ਇੱਕ ਲੋਕਧਾਰਾ ਸ਼ਾਸਤਰੀ ਦੀ ਦ੍ਰਿਸ਼ਟੀ ਤੋਂ ਇਹ ਠੀਕ ਨਹੀਂ।
ਸੁਖਦੇਵ ਮਾਦਪੁਰੀ ਦੀ ਖੂਬੀ ਅਤੇ ਵਿਗਿਆਨਕ ਦ੍ਰਿਸ਼ਟੀ ਇਹ ਹੈ ਕਿ ਉਸ ਨੇ ਲੋਕ ਸਾਹਿਤਕ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿੱਚ ਹੀ ਲਿਖਿਆ ਹੈ। ਇਸ ਲੋਕਧਾਰਾ ਵਿਗਿਆਨੀ ਦੀ ਹਿੰਮਤ ਹੀ ਸਮਝਣੀ ਚਾਹੀਦੀ ਹੈ ਕਿ ਉਸ ਨੇ ਲੋਕਾਂ ਵਿੱਚ ਵਿਚਰਕੇ ਉਹਨਾਂ ਦੀ ਭਾਸ਼ਾ ਵਿੱਚ ਹੀ ਲੋਕਧਾਰਾ ਵੰਨਗੀਆਂ ਨੂੰ ਲਿੱਪੀਬੱਧ ਕੀਤਾ ਹੈ। ਉਨ੍ਹਾਂ ਦੀ ਨਵੀਂ ਆਈ ਪਸਤਕ "ਬਾਤਾਂ ਦੇਸ ਪੰਜਾਬ" ਦੀਆਂ ਇਸ ਦੀ ਵਧੀਆ ਉਦਾਹਰਨ ਹੈ। ਇਸ ਪੁਸਤਕ ਵਿੱਚ ਉਸ ਨੇ 50 ਤੋਂ ਉੱਪਰ ਪੰਜਾਬੀ ਲੋਕ ਕਹਾਣੀਆਂ ਨੂੰ ਇਕੱਤਰ ਕਰਕੇ ਛਪਵਾਇਆ ਹੈ। ਇਸ ਪੁਸਤਕ ਵਿਚਲੀਆਂ ਲੋਕ ਕਹਾਣੀਆਂ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਹਨਾਂ ਲੋਕ ਕਹਾਣੀਆਂ ਨੂੰ ਲੋਕ ਬੋਲੀ ਵਿੱਚ ਹੀ ਪੇਸ਼ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਭਾਵੇਂ ਬਹੁਤ ਸਾਰੀਆਂ ਲੋਕ ਕਹਾਣੀਆਂ ਪਹਿਲਾਂ ਹੀ ਕਈ ਸੰਗ੍ਰਹਿਆਂ ਵਿੱਚ ਆ ਚੁੱਕੀਆਂ ਹਨ ਫਿਰ ਵੀ ਇਹ ਕਾਰਜ ਆਪਣੀ ਭਾਸ਼ਾ ਦੀ ਖੂਬਸੂਰਤੀ ਅਤੇ ਸਥਾਨਕ ਰੰਗਣ ਕਰਕੇ ਇਤਿਹਾਸਕ ਮਹੱਤਤਾ ਰੱਖਦਾ ਹੈ।
ਹੁਣੇ ਹੀ ਪ੍ਰਕਾਸ਼ਤ ਹੋਈ ਉਸ ਦੀ ਦੂਜੀ ਪੁਸਤਕ "ਖੰਡ ਮਿਸ਼ਰੀ ਦੀਆਂ ਡਲੀਆਂ" ਗਿੱਧੇ ਦੀਆਂ ਬੋਲੀਆਂ ਨਾਲ ਸੰਬੰਧਤ ਪੁਸਤਕ ਹੈ। ਇਸ ਸੰਗ੍ਰਹਿ ਨੂੰ ਉਸ ਨੇ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਲੰਬੀਆਂ ਬੋਲੀਆਂ ਅਤੇ ਦੂਜੇ ਭਾਗ ਵਿੱਚ ਇਕ ਲੜੀਆਂ ਬੋਲੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹਨਾਂ ਬੋਲੀਆਂ ਨੂੰ ਉਹਨੇ ਵਿਸ਼ੇ ਅਨੁਸਾਰ ਤਰਤੀਬ ਵੀ ਦਿੱਤੀ ਹੈ ਜੋ ਉਸ ਦੀ ਲੋਕਧਾਰਾ ਪ੍ਰਤੀ ਸੂਝ ਦੀ ਜਾਣਕਾਰੀ ਦਿੰਦੀ ਹੈ।
ਲੋਕਧਾਰਾ ਦੇ ਅਧਿਐਨ ਦੇ ਇਤਿਹਾਸ ਵਿੱਚ ਪਹਿਲਾਂ ਅਸੀਂ ਸੁਖਦੇਵ ਮਾਦਪੁਰੀ ਨੂੰ ਲੋਕਧਾਰਾ ਦੇ ਇਕਤ੍ਰੀਕਰਨ ਵਾਲੇ ਵਿਦਵਾਨਾਂ ਵਿੱਚ ਸ਼ਾਮਲ ਕਰਦੇ ਸਾਂ ਪਰੰਤੂ ਉਹਨਾਂ ਦੀ ਪੁਸਤਕ “ਲੋਕ ਗੀਤਾਂ ਦੀ ਸਮਾਜਿਕ ਵਿਆਖਿਆ" ਦੇ ਪ੍ਰਕਾਸ਼ਿਤ ਹੋਣ ਨਾਲ ਉਹਨਾਂ ਦਾ ਸ਼ੁਮਾਰ ਲੋਕਧਾਰਾ ਦੇ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨਾਂ ਵਿੱਚ ਵੀ ਹੋ ਗਿਆ ਹੈ।ਇਸ ਪੁਸਤਕ ਵਿੱਚ ਉਨ੍ਹਾਂ ਨੇ ਉਹ ਗੀਤ ਸ਼ਾਮਲ ਕੀਤੇ ਹਨ ਜਿਹੜੇ ਪੰਜਾਬੀ ਸਮਾਜ ਦੇ ਰਿਸ਼ਤੇ ਨਾਤਿਆਂ ਨਾਲ ਸੰਬੰਧ ਰੱਖਦੇ ਹਨ, ਇਹਨਾਂ ਵਿੱਚ ਪਿਓ ਧੀ ਦਾ ਰਿਸ਼ਤਾ, ਭੈਣ ਭਰਾ ਦਾ, ਦਿਓਰ ਭਰਜਾਈ ਦਾ, ਭਾਬੀ ਨਣਦ ਦਾ ਅਤੇ ਨੂੰਹ ਸੱਸ ਆਦਿ ਰਿਸ਼ਤਿਆਂ ਨਾਲ ਸੰਬੰਧਿਤ ਲੋਕ ਗੀਤਾਂ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਾਤਾਵਰਨ, ਮੇਲੇ ਤਿਉਹਾਰਾਂ, ਪੰਜਾਬ ਦੇ ਲੋਕ ਨਾਇਕਾਂ ਅਤੇ ਰੁਮਾਂਸਕ ਰਿਸ਼ਤਿਆਂ ਨਾਲ ਸੰਬੰਧਿਤ ਲੋਕ ਗੀਤਾਂ ਦੀ ਵਿਆਖਿਆ ਵੀ ਕੀਤੀ ਹੈ। ਇਸ ਵਿਆਖਿਆ ਲਈ ਉਸ ਨੇ ਭਾਵੇਂ ਕਿਸੇ ਲੋਕਧਾਰਾ ਵਿਧੀ ਜਾਂ ਮਾਡਲ ਦੀ ਸਹਾਇਤਾ ਨਹੀਂ ਲਈ ਫਿਰ ਵੀ ਉਸ ਨੇ ਆਪਣੀ ਮੌਲਕ ਵਿਧੀ ਰਾਹੀਂ ਆਤਮਪਰਕ ਢੰਗ ਨਾਲ ਇਹਨਾਂ ਲੋਕਾਂ ਗੀਤਾਂ ਦੀ ਰੂਹ ਅਤੇ ਖ਼ੁਸ਼ਬੂ ਨੂੰ ਪਕੜਨ ਦਾ ਯਤਨ ਕੀਤਾ ਹੈ। ਮੈਂ ਉਸ ਦੇ ਇਸ ਯਤਨ ਨੂੰ ਮੁਬਾਰਕਬਾਦ ਦੇਂਦਾ ਹਾਂ।
ਸੁਖਦੇਵ ਮਾਦਪੁਰੀ ਲੋਕਧਾਰਾ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਉਹ ਇਕ ਸੰਸਥਾ ਵਾਂਗ ਕੰਮ ਕਰ ਰਿਹਾ ਹੈ। “ਨੈਣੀ ਨੀਂਂਦ ਨਾ ਆਵੇ" ਉਸ ਦਾ ਸਜਰਾ ਮਹੱਤਵਪੂਰਨ ਅਤੇ ਮੁੱਲਵਾਨ ਲੋਕ ਗੀਤ ਸੰਗ੍ਰਹਿ ਹੈ ਜਿਸ ਵਿੱਚ ਉਸ ਨੇ ਪੰਜਾਬੀ ਸੱਭਿਆਚਾਰ ਵਿਚੋਂ ਅਲੋਪ ਹੋ ਰਹੇ ਲੋਕ-ਕਾਵਿ ਰੂਪਾਂ ਨਾਲ ਸੰਬੰਧਿਤ ਸਤ ਸੌ ਪੰਦਰਾਂ ਲੋਕ ਗੀਤ ਸ਼ਾਮਲ ਕਰਕੇ ਉਹਨਾਂ ਦਾ ਵਿਗਿਆਨਕ ਅਤੇ ਲੋਕਧਾਰਾਈ ਦ੍ਰਿਸ਼ਟੀ ਅਨੁਸਾਰ ਵਰਗੀਕਰਨ ਕੀਤਾ ਹੈ। ਅਜਿਹਾ ਕਰਕੇ ਉਸ ਨੇ ਲੋਕਧਾਰਾ ਦੇ ਖੋਜਾਰਥੀਆਂ ਲਈ ਬਹੁਮੁੱਲੀ ਸਮੱਗਰੀ ਸਾਂਭਣ ਦਾ ਸ਼ਲਾਘਾਯੋਗ ਕਾਰਜ ਹੀ ਨਹੀਂ ਕੀਤਾ ਬਲਕਿ ਆਮ ਪਾਠਕਾਂ ਨੂੰ ਵੀ ਆਪਣੇ ਵੱਡਮੁੱਲੇ ਵਿਰਸੇ ਤੋਂ ਜਾਣੂੰ ਕਰਵਾਇਆ ਹੈ।ਇਸ ਖੋਜ ਭਰਪੂਰ ਰਚਨਾ ਲਈ ਮੈਂ ਮਾਦਪੁਰੀ ਨੂੰ ਮੁਬਾਰਕ ਦੇਂਦਾ ਹੋਇਆ ਇਹ ਪੁਸਤਕ ਪਾਠਕਾਂ ਦੇ ਸਨਮੁਖ ਕਰਦਿਆਂ ਮਾਣ ਮਹਿਸੂਸ ਕਰਦਾ ਹਾਂ।

ਮਿਤੀ 26-12-2003

ਜੋਗਿੰਦਰ ਸਿੰਘ ਕੈਰੋਂ (ਡਾ.)

ਸੀਨੀਅਰ ਫੈਲੋ (ਲੋਕਧਾਰਾ)

ਗੁਰੂ ਨਾਨਕ ਦੇਵ ਯੂਨੀਵਰਸਿਟੀ,

ਅੰਮ੍ਰਿਤਸਰ।