ਸਮੱਗਰੀ 'ਤੇ ਜਾਓ

ਪਾਕਿਸਤਾਨੀ/ਚਾਨਣ ਦੀ ਲੋਅ

ਵਿਕੀਸਰੋਤ ਤੋਂ
49629ਪਾਕਿਸਤਾਨੀ — ਚਾਨਣ ਦੀ ਲੋਅਮੁਹੰਮਦ ਇਮਤਿਆਜ਼

ਚਾਨਣ ਦੀ ਲੋਅ

ਊਸ਼ਾ ਨੇ ਚੀਖ਼ਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਆਵਾਜ਼ ਨਹੀਂ ਨਿੱਕਲੀ। ਆਵਾਜ਼ ਉਸ ਦੇ ਸੰਘ 'ਚ ਹੀ ਕਿਤੇ ਅਟਕੀ ਪਈ ਸੀ।

ਫਿਰ ਉਸ ਨੇ ਉੱਠਣ ਲਈ ਜ਼ੋਰ ਲਾਇਆ।

ਅਚਾਨਕ ਉਹ ਤ੍ਰਭਕ ਕੇ ਉੱਠ ਬੈਠੀ, "ਉਫ਼! ਕਿੰਨਾ ਭਿਆਨਕ ਸੁਪਨਾ ਸੀ।"

ਉਸ ਦੇ ਮੱਥੇ ਤੇ ਪਸੀਨੇ ਦੀਆਂ ਤ੍ਰੇਲੀਆਂ ਆਈਆਂ ਪਈਆਂ ਸਨ। ਆਪਣੇ ਤੇਜ਼ ਧੜਕਦੇ ਦਿਲ ਦੀ ਆਵਾਜ਼ ਉਸ ਨੂੰ ਸਾਫ ਸੁਣਾਈ ਦੇ ਰਹੀ ਸੀ।

ਉਸ ਨੇ ਨਾਲ ਪਏ ਰਕੇਸ਼ ਵੱਲ ਵੇਖਿਆ।ਉਹ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ।

ਉਹ ਖ਼ੁਦ ਵੀ ਮੁੜ ਪੈ ਗਈ।

ਉਸ ਦੀਆਂ ਅੱਖਾਂ ਮਿਚਣ ਲੱਗੀਆਂ। ਨੀਂਦ ਦਾ ਹੁਲਾਰਾ ਉਸ ਤੇ ਹਾਵੀ ਹੋਣ ਲੱਗਿਆ। ਤਦੇ ਹੀ ਉਸ ਨੇ ਪਟਾਕ ਦੇਣੇ ਅੱਖਾਂ ਖੋਲ੍ਹ ਲਈਆਂ।

ਨੀਂਦ ਕਰਕੇ ਉਸ ਦੀਆਂ ਅੱਖਾਂ ਮਿਚਦੀਆਂ ਜਾ ਰਹੀਆਂ ਸਨ, ਪਰ ਭੈੜੇ ਸੁਪਨੇ ਦੇ ਡਰੋਂ ਉਹ ਜਾਗਣ ਦੀ ਕੋਸ਼ਿਸ਼ ਕਰ ਰਹੀ ਸੀ।

ਉਹ ਫਿਰ ਉੱਠੀ, ਅਤੇ ਉੱਠ ਕੇ ਕਮਰੇ 'ਚੋਂ ਬਾਹਰ ਚਲੀ ਗਈ।

ਰਸੋਈ ਵਿੱਚ ਜਾ ਕੇ ਉਸ ਨੇ ਥੋੜ੍ਹਾ ਜਿਹਾ ਪਾਣੀ ਪੀਤਾ, ਫਿਰ ਖੁੱਲ੍ਹੀ ਹਵਾ ਲੈਣ ਲਈ ਵਰਾਂਢੇ ਵੱਲ ਤੁਰ ਪਈ।

ਵਰਾਂਢੇ ਵਿੱਚ ਫੈਲੇ ਕਾਲੇ ਹਨ੍ਹੇਰੇ ਤੋਂ ਉਸ ਨੂੰ ਭੈਅ ਆਇਆ, ਤੇ ਉਹ ਉਥੇ ਬਿਨਾ ਰੁਕੇ ਬੱਚਿਆਂ ਵਾਲੇ ਕਮਰੇ ਵੱਲ ਮੁੜ ਪਈ।

ਅਚਾਨਕ ਉਸ ਨੂੰ ਲੱਗਿਆ ਕਿ ਜਿਵੇਂ ਕੋਈ ਉਸ ਦੇ ਪਿੱਛੇ ਆ ਰਿਹਾ ਹੋਵੇ। ਉਸ ਨੇ ਪਿੱਛੇ ਮੁੜ ਕੇ ਵੇਖਿਆ। ਕੋਈ ਨਹੀਂ ਸੀ। ਉਸ ਦੇ ਸ਼ਰੀਰ ਵਿੱਚ ਝੁਣਝੁਣੀ ਜਿਹੀ ਉੱਠੀ, ਤੇ ਉਸ ਦੇ ਕਦਮ ਤੇਜ਼ ਹੋ ਗਏ।

ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਉਸ ਨੇ ਬੱਤੀ ਜਗਾਈ।

ਟਿਊਬਲਾਈਟ ਦੇ ਚਾਨਣੇ ਨਾਲ ਸਾਹਮਣੀ ਕੰਧ ਤੇ ਟੰਗੀ ਵੱਡੀ ਤਸਵੀਰ ਚਮਕ ਉੱਠੀ। ਤਿੱਖੇ ਨੈਣ-ਨਕਸ਼ਾਂ ਵਾਲੀ ਗੋਰੀ ਰਜਨੀ ਤਸਵੀਰ ਵਿੱਚ ਮੁਸਕੁਰਾ ਰਹੀ ਸੀ।

"ਹੁਣ ਰਜਨੀ ਇਸ ਦੁਨੀਆ 'ਚ ਨਹੀਂ ਐ!" ਸੋਚ ਕੇ ਉਸ ਨੂੰ ਬੜਾ ਅਨੋਖਾ ਲੱਗਿਆ।

ਤਦੇ ਉਸ ਦੀ ਨਜ਼ਰ ਤਿਲਕਦੀ ਹੋਈ ਤਸਵੀਰ ਦੇ ਹੇਠਾਂ ਕੰਧ ਤੇ ਚਿਪਕਾਏ ਹੋਏ ਕਾਗਜ਼ ਦੇ ਟੁਕੜੇ ਤੇ ਪਈ। ਟੁੱਟੇ-ਭੱਜੇ ਗੁਰਮੁਖੀ ਦੇ ਅੱਖਰਾਂ `ਚ ਲਿਖਿਆ ਹੋਇਆ ਸੀ-"ਮੇਰੀ ਪਿਆਰੀ ਮੰਮੀ।'

ਉਸ਼ਾ ਨੇ ਬੈੱਡ ਤੇ ਪਏ ਬੱਚਿਆਂ ਵੱਲ ਵੇਖਿਆ। ਅੱਠਾਂ ਕੁ ਸਾਲਾਂ ਦੀ ਪਿੰਕੀ, ਪੰਜ ਸਾਲਾਂ ਦੇ ਰਾਜੂ ਦੁਆਲੇ ਇਸ ਤਰ੍ਹਾਂ ਬਾਂਹ ਲਪੇਟੀ ਪਈ ਸੀ, ਜਿਵੇਂ ਉਸ ਦੀ ਵੱਡੀ ਭੈਣ ਨਹੀਂ, ਸਗੋਂ ਮਾਂ ਹੋਵੇ।

ਬੱਚਿਆਂ ਦੇ ਮਾਸੂਮ ਚਿਹਰੇ ਵੇਖ ਕੇ ਊਸ਼ਾ ਦੇ ਅੰਦਰੋਂ ਇੱਕ ਚੀਖ਼ ਉੱਠੀ, ਜਿਸ ਨੂੰ ਉਸ ਨੇ ਆਪਣੇ ਅੰਦਰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ।

ਜਦੋਂ ਉਸ ਲਈ ਉਥੇ ਖੜ੍ਹਨਾ ਅਸਹਿ ਹੋ ਗਿਆ ਤਾਂ ਉਹ ਬੱਤੀ ਬੁਝਾ ਕੇ ਤੇਜ਼ ਕਦਮੀਂ ਆਪਣੇ ਕਮਰੇ ਵੱਲ ਤੁਰ ਗਈ।

ਕਮਰੇ 'ਚ ਬੈੱਡ ਤੇ ਲੇਟਿਆਂ ਉਸ ਦੇ ਦਿਮਾਗ 'ਚ ਲੇਡੀ ਇੰਸਪੈਕਟਰ ਦੇ ਆਖੇ ਸ਼ਬਦ ਘੁੰਮਣ ਲੱਗੇ। "ਜੇ ਕੋਈ ਵੀ ਹੋਰ ਇਨਫਰਮੇਸ਼ਨ ਧਿਆਨ 'ਚ ਆ ਜਾਏ ਤਾਂ ਮੇਰੇ ਇਸ ਨੰਬਰ ਤੇ ਫੋਨ ਕਰ ਦੇਣਾ," ਪੁੱਛ-ਗਿੱਛ ਤੋਂ ਬਾਅਦ ਊਸ਼ਾ ਨੂੰ ਨੰਬਰ ਦਿੰਦਿਆਂ ਇੰਸਪੈਕਟਰ ਉਸ ਵੱਲ ਟੇਢੀ ਨਿਗ੍ਹਾ ਨਾਲ ਝਾਕੀ ਸੀ।

ਮੈਂ ਕਿਉਂ ਰਜਨੀ ਨੂੰ ਇਹਨਾਂ ਮੁਸੀਬਤਾਂ 'ਚ ਫਸਾਇਆ! ਨਾ ਮੈਂ ਉਹ ਦੇ ਨਾਲ ਮੁੜ ਨਾਤਾ ਜੋੜਨ ਦੀ ਕੋਸ਼ਿਸ਼ ਕਰਦੀ, ਤੇ ਨਾ ਉਹ ਦੇ ਨਾਲ ਆਹ ਬੀਤਦੀ!!" ਉਸ਼ਾ ਦੀ ਬੇਚੈਨੀ ਵਧਦੀ ਜਾ ਰਹੀ ਸੀ।

ਉਦੋਂ, ਵਿਆਹ ਤੋਂ ਬਾਅਦ, ਤਾਂ ਊਸ਼ਾ ਨੂੰ ਸਾਰੀ ਦੁਨੀ ਹੋਰ ਖੂਬਸੂਰਤ ਨਜ਼ਰ ਆਉਣ ਲੱਗ ਪਈ ਸੀ! ਉਸ ਦਾ ਆਪਣੀ ਮਨਪਸੰਦ ਦੇ ਮੁੰਡੇ ਨਾਲ ਵਿਆਹ ਜੋ ਹੋ ਗਿਆ ਸੀ!

ਊਸ਼ਾ ਦੇ ਪਰਿਵਾਰ ਵਾਲਿਆਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ। ਸਿਰਫ ਰਕੇਸ਼ ਦੇ ਭਾਅ ਜੀ ਹੀ ਰਾਜ਼ੀ ਨਹੀਂ ਸਨ ਹੋ ਰਹੇ!

"ਭਾਅ ਜੀ ਨੂੰ ਇਹ ਐ ਕਿ ਲੋਕੀਂ ਕਹਿਣਗੇ ਮੁੰਡੇ ਨੂੰ ਨਾਲ ਦੀ ਗਲੀ 'ਚ ਹੀ ਵਿਆਹ ਲਿਆ!" ਰਕੇਸ਼ ਨੇ ਵਿਆਹ ਤੋਂ ਪਹਿਲਾਂ ਊਸ਼ਾ ਨੂੰ ਕਾਰਨ ਦੱਸਿਆ ਸੀ।

"ਪਰ ਇਹ ਗੱਲ ਤਾਂ ਉਹਨਾਂ ਨੂੰ ਉਦੋਂ ਸੋਚਣੀ ਚਾਹੀਦੀ ਸੀ, ਜਦੋਂ ਤੂੰ ਸਾਡੀ ਗਲੀ 'ਚ ਗੇੜੇ ਮਾਰਨੋਂ ਨਹੀਂ ਸੀ ਥੱਕਦਾ! ਉਦੋਂ ਤਾਂ ਮੇਰੇ ਨਾਂਹ ਕਰਨ ਤੇ ਤੂੰ ਮਰਨ ਲਈ ਤਿਆਰ ਹੋ ਗਿਆ ਸੀ!!" ਉਸ ਨੇ ਰਕੇਸ਼ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਸੀ।

ਪਰ ਰਕੇਸ਼ ਆਪਣੇ ਭਾਅ ਜੀ ਅੱਗੇ ਬੇਬਸ ਸੀ। ਜੇ ਉਸ ਦੇ ਮਾਂ-ਬਾਪ ਜਿਉਂਦੇ ਹੁੰਦੇ, ਤਾਂ ਵੀ ਹੋਰ ਗੱਲ ਸੀ। ਹੁਣ ਤਾਂ ਭਾਅ ਜੀ ਹੀ ਉਸ ਦੇ ਸਭ ਕੁਝ ਸਨ, ਤੇ ਉਹ ਉਹਨਾਂ ਦੀ ਮਰਜ਼ੀ ਵਿਰੁੱਧ ਕਿਵੇਂ ਜਾ ਸਕਦਾ ਸੀ!

ਆਖ਼ਿਰਕਾਰ, ਊਸ਼ਾ ਦੇ ਮਾਂ-ਬਾਪ ਨੂੰ ਹੀ ਭਾਅ ਜੀ ਦੀਆਂ ਮਿੰਨਤਾਂ ਕਰਨੀਆਂ ਪਈਆਂ ਸਨ। ਊਸ਼ਾ ਨੂੰ ਉਦੋਂ ਵੱਡੀਆਂ-ਵੱਡੀਆਂ ਗੱਲਾਂ ਮਾਰਨ ਵਾਲੇ ਰਕੇਸ਼ ਤੇ ਬਹੁਤ ਗੁੱਸਾ ਆਇਆ ਸੀ, ਪਰ ਭਾਅ ਜੀ ਦੇ ਮੰਨਣ ਤੋਂ ਬਾਅਦ ਊਹ ਸਾਰਾ ਕੁਝ ਭੁੱਲ ਗਈ ਸੀ।

ਵਿਆਹ ਤੋਂ ਬਾਅਦ ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਸਾਰੀ ਦੁਨੀਆ ਦੇ ਲੋਕ ਆਪਸ ਵਿੱਚ ਪਿਆਰ ਦੀਆਂ ਤੰਦਾਂ ਨਾਲ ਜੁੜੇ ਹੋਏ ਹਨ, ਤੇ ਇਸ ਦੁਨੀਆ ਵਿੱਚ ਪਿਆਰ-ਮੁਹੱਬਤ ਨਾਲ ਕੁੱਝ ਵੀ ਅਸੰਭਵ ਨਹੀਂ। ਇਸੇ ਹੌਸਲੇ ਨਾਲ ਉਸ ਨੇ ਰਜਨੀ ਨੂੰ ਘਰ ਬੁਲਾਉਣ ਦੀ ਜ਼ਿੱਦ ਕੀਤੀ ਸੀ।

ਪਹਿਲਾਂ ਤਾਂ ਭਾਅ ਜੀ ਅਤੇ ਰਕੇਸ਼ ਨੇ ਮਨ੍ਹਾ ਕਰ ਦਿੱਤਾ ਸੀ। ਪਰ ਊਸ਼ਾ ਦੇ ਵਾਰ-ਵਾਰ ਕਹਿਣ ਤੇ ਉਸ ਨੂੰ ਰਜਨੀ ਨਾਲ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਮਿਲ ਗਈ ਸੀ।

ਰਜਨੀ ਨੂੰ ਤਾਂ ਜਿਵੇਂ ਇੱਕ ਆਵਾਜ਼ ਮਾਰਨ ਦੀ ਹੀ ਦੇਰ ਸੀ। ਫੋਨ ਸੁਣਦਿਆਂ ਹੀ ਦੌੜੀ ਆਈ ਸੀ-ਜਿਵੇਂ ਭਰਾਵਾਂ ਨੂੰ ਮਿਲਣ ਲਈ ਤਰਸੀ ਬੈਠੀ ਹੋਵੇ! ਦੋਹਾਂ ਭਰਾਵਾਂ ਦੀ ਉਹ ਇਕੱਲੀ ਭੈਣ ਸੀ। ਜਦੋਂ ਦਾ ਉਸ ਨੇ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ, ਉਦੋਂ ਤੋਂ ਭਰਾਵਾਂ ਨੇ ਉਸ ਨਾਲ ਰਿਸ਼ਤਾ ਤੋੜਿਆ ਹੋਇਆ ਸੀ।

ਊਸ਼ਾ ਦੀਆਂ ਕੋਸ਼ਿਸ਼ਾਂ ਕਰਕੇ ਆਪਣੇ ਵਿਆਹ ਤੋਂ ਬਾਅਦ ਉਸ ਨੇ ਪਹਿਲੀ ਵਾਰ ਪੇਕੇ ਘਰ ਪੈਰ ਪਾਇਆ ਸੀ। ਉਸ ਦਿਨ ਤੋਂ ਉਹ ਉਸ ਘਰ ਵਿੱਚ ਆਉਣ-ਜਾਣ ਲੱਗ ਪਈ ਸੀ। ਭਾਵੇਂ ਉਸ ਦੇ ਪਤੀ ਲਈ ਉਸ ਘਰ ਦਾ ਦਰਵਾਜ਼ਾ ਕਦੇ ਵੀ ਨਹੀਂ ਖੁਲ੍ਹਿਆ, ਪਰ ਰਜਨੀ ਨੂੰ ਆਪਣੇ ਬੱਚਿਆਂ ਸਮੇਤ ਪ੍ਰਵਾਨਗੀ ਮਿਲ ਗਈ ਸੀ।

ਊਸ਼ਾ ਨਾਲ ਉਸ ਦਾ ਕਾਫੀ ਲਗਾਉ ਹੋ ਗਿਆ ਸੀ। ਉਸ ਨਾਲ ਉਹ ਆਪਣਾ ਸਾਰਾ ਦੁੱਖ-ਸੁੱਖ ਸਾਂਝਾ ਕਰ ਲੈਂਦੀ ਸੀ। ਆਪਣੇ ਘਰ ਦੀ ਗਰੀਬੀ ਬਾਰੇ ਵੀ ਉਸ ਨੇ ਉਸ਼ਾ ਨੂੰ ਸਾਰਾ ਕੁਝ ਦੱਸਿਆ ਹੋਇਆ ਸੀ।

ਪਰ ਪਿਛਲੇ ਕੁਝ ਸਮੇਂ ਤੋਂ ਊਸ਼ਾਂ ਨੂੰ ਉਹ ਜ਼ਿਆਦਾ ਹੀ ਉਦਾਸ ਲੱਗਣ ਲੱਗ ਪਈ ਸੀ। ਉਸ ਦਾ ਚਿਹਰਾ ਪਹਿਲਾਂ ਨਾਲੋਂ ਕਾਫੀ ਮੁਰਝਾ ਗਿਆ ਸੀ। ਊਸ਼ਾ ਦੇ ਵਾਰ-ਵਾਰ ਪੁੱਛਣ ਤੇ ਉਸ ਨੇ "ਬੱਸ! ਐਵੇਂ ਤਬੀਅਤ ਜਿਹੀ ਖ਼ਰਬਿ ਰਹਿੰਦੀ ਐ!" ਕਹਿ ਕੇ ਟਾਲ ਦਿੱਤਾ ਸੀ। ਊਸ਼ਾ ਵੀ ਇਹ ਸੋਚ ਕੇ ਚੁੱਪ ਕਰ ਗਈ ਸੀ ਕਿ ਘਰ ਦੀ ਤੰਗੀ ਦਾ ਫਿਕਰ ਕਰਦੀ ਹੋਵੇਗੀ।

ਪਰ ਅਗਲੀ ਵਾਰ ਜਦੋਂ ਰਜਨੀ ਪੇਕੀਂ ਆਈ ਸੀ ਤਾਂ ਉਸ ਤੋਂ ਆਪਣੇ ਢਿੱਡ ਦਾ ਦੁੱਖ ਲੁਕਾਇਆ ਨਹੀਂ ਸੀ ਗਿਆ।

ਉਸ ਦੀ ਗੱਲ ਸੁਣ ਕੇ ਊਸ਼ਾ ਦੇ ਵੀ ਰੌਂਗਟੇ ਖੜ੍ਹੇ ਹੋ ਗਏ ਸਨ। ਉਸ ਨੇ ਰਜਨੀ ਨੂੰ ਸਮਝਾਇਆ ਵੀ ਕਿ ਉਹ ਠੀਕ ਨਹੀਂ ਸੀ ਕਰ ਰਹੀ।

ਰਜਨੀ ਫੁੱਟ-ਫੁੱਟ ਕੇ ਰੋਣ ਲੱਗ ਪਈ, "ਜੇ ਮੈਂ ਪਿੰਕੀ ਦੇ ਡੈਡੀ ਦੀ ਗੱਲ ਨਹੀਂ ਮੰਨਦੀ ਤਾਂ ਉਹ ਦਾਰੂ ਪੀ ਕੇ ਕੁੱਟਣ ਲੱਗ ਪੈਂਦੈ ... ਘਰੇ ਰਾਸ਼ਨ ਲਿਆਉਣਾ ਬੰਦ ਕਰ ਦਿੰਦੈ। ਭੁੱਖ ਨਲ ਵਿਲਕਦੇ ਬੱਚੇ ਮੇਰੇ ਤੋਂ ਤਾਂ ਦੇਖੇ ਨ੍ਹੀਂ ਜਾਂਦੇ... ਤੇ ਨਾ ਮੈਂ ਕਿਸੇ ਕੋਲ ਗੱਲ ਕਰਨੀ ਜੋਗੀ ਆਂ!....!"

"ਜੇ ਕਹੇਂ ਤਾਂ ਮੈਂ ਰਕੇਸ਼ ਨਾਲ ਗੱਲ ਕਰਕੇ ਦੇਖਾਂ? ..."

"ਨਾਂਹ," ਰਜਨੀ ਤ੍ਰਭਕੀ, "ਘਰ ਨਾ ਕਿਸੇ ਨੂੰ ਦੱਸੀਂ! ਜੇ ਭਾਅ ਜੀ ਨੂੰ ਪਤਾ ਲੱਗ ਗਿਆ ਤਾਂ...! ... ਭੈਣ ਬਣ ਕੇ ਇਹ ਗੱਲ ਕਿਸੇ ਹੋਰ ਕੋਲ ਨਾ ਕਰੀਂ।"

... ਤੇ ਨਾ ਚਾਹੁੰਦਿਆਂ ਵੀ ਊਸ਼ਾ ਨੇ ਗੱਲ ਨੂੰ ਆਪਣੇ ਅੰਦਰ ਦੱਬ ਕੇ ਰੱਖ ਲਿਆ ਸੀ।

ਪਰ ਅਗਲੀ ਵਾਰ ਉਸ ਤੋਂ ਰਜਨੀ ਦਾ ਦੁੱਖ ਵੇਖਿਆ ਨਹੀਂ ਗਿਆ, ਤੇ ਉਸ ਨੇ ਰਕੇਸ਼ ਕੋਲ ਗੱਲ ਕਰ ਹੀ ਦਿੱਤੀ।

ਜਦੋਂ ਰਕੇਸ਼ ਨੂੰ ਪਤਾ ਲੱਗਿਆ ਕਿ ਰਜਨੀ ਦਾ ਪਤੀ ਉਸ ਨੂੰ ਗੈਰ-ਮਰਦਾਂ ਨਾਲ ਰਾਤਾਂ ਕੱਟਣ ਲਈ ਮਜਬੂਰ ਕਰਦਾ ਹੈ ਤਾਂ ਉਹ ਗੁੱਸੇ ਨਾਲ ਤੜਪ ਉੱਠਿਆ।

..."ਰਕੇਸ਼ ਨੇ ਹੀ ਭਾਅ ਜੀ ਨਾਲ ਗੱਲ ਕੀਤੀ ਹੋਣੀ ਐ!"

ਪਰ ਉਸ਼ਾ ਨੂੰ ਅੱਜ ਤੱਕ ਸਮਝ ਨਹੀਂ ਸੀ ਆਇਆ ਕਿ ਭਾਅ ਜੀ ਤੇ ਰਕੇਸ਼ ਨੇ ਕਤਲ ਨੂੰ ਦਿਲ ਦੇ ਦੌਰੇ 'ਚ ਕਿਵੇਂ ਬਦਲ ਦਿੱਤਾ ਸੀ। "ਪੁਲਿਸ ਨੂੰ ਰਿਸ਼ਵਤ ਦਿੱਤੀ ਹੋਣੀ ਐ... ਪਰ ਇਹ ਲੇਡੀ ਇੰਸਪੈਕਟਰ ਤਾਂ ਰਿਸ਼ਵਤਖੋਰ ਨ੍ਹੀਂ ਸੀ ਲੱਗਦੀ...," ਤੇ ਉਸ ਨੂੰ ਯਾਦ ਆਇਆ ਕਿ ਕਿਵੇਂ ਉਹ ਇੰਸਪੈਕਟਰ ਸ਼ੱਕ ਦੀ ਨਜ਼ਰ ਨਾਲ ਪੁੱਛਗਿੱਛ ਕਰ ਰਹੀ ਸੀ।

ਲੇਡੀ ਇੰਸਪੈਕਟਰ ਨੂੰ ਪਤਾ ਨਹੀਂ ਕਿਵੇਂ ਸ਼ੱਕ ਹੋਇਆ ਸੀ ਕਿ ਊਸ਼ਾ ਨੇ ਉਸ ਤੋਂ ਕੁਝ ਗੱਲਾਂ ਲੁਕਾਈਆ ਸਨ। ਜਾਣ ਤੋਂ ਪਹਿਲਾਂ ਉਸ ਨੇ ਉਸ ਨੂੰ ਅੱਖਾਂ ਗੱਡ ਕੇ ਘੂਰਦਿਆਂ ਦੁਬਾਰਾ ਫਿਰ ਕਿਹਾ ਸੀ, "ਰਜਨੀ ਨਾਲ ਸੰਬੰਧਿਤ ਹੋਰ ਕੋਈ ਵੀ ਗੱਲ ਧਿਆਨ ’ਚ ਆਵੇ ਤਾਂ ਮੈਨੂੰ ਫੋਨ ਕਰਨਾ-ਬਿਨਾ ਕਿਸੇ ਦੇ ਡਰ ਤੋਂ।"

ਊਸ਼ਾ ਨੇ ਰਜਨੀ ਦੇ ਗਲੇ ਤੇ ਗਹਿਰਾ ਨਿਸ਼ਾਨ ਵੀ ਵੇਖਿਆ ਸੀ। "ਇਹ ਤਾਂ ਦੌਰਾ ਪੈਣ ਕਰਕੇ ਹੋ ਗਿਆ ਹੋਣੈ!" ਜਦੋਂ ਉਸ ਨੇ ਰਕੇਸ਼ ਕੋਲ ਮਨ ’ਚ ਚੱਲ ਰਿਹਾ ਸਵਾਲ ਰੱਖਿਆ ਸੀ ਤਾਂ ਉਸ ਨੇ ਜਵਾਬ ਦਿੱਤਾ ਸੀ,"... ਤੂੰ ਪੁਲਿਸ ਵਾਲਿਆਂ ਕੋਲ ਜ਼ਿਆਦਾ ਦਿਮਾਗ਼ ਨ੍ਹੀਂ ਮਾਰਨਾ! ...ਵੈਸੇ ਵੀ ਤੂੰ ਤਾਂ ਓਦੋਂ ਘਰ ਹੀ ਹੈ ਨਹੀਂ ਸੀ!"

ਊਸ਼ਾ ਓਸ ਦਿਨ ਰਕੇਸ਼ ਦੇ ਕਹਿਣ ਤੇ ਜਾਣ-ਬੁੱਝ ਕੇ ਮਾਂ-ਬਾਪ ਦੇ ਘਰ ਚਲੀ ਗਈ ਸੀ, ਤਾਂ ਜੋ ਭੈਣ-ਭਰਾ ਰਜਨੀ ਦੇ ਮਸਲੇ ਤੇ ਖੁੱਲ੍ਹ ਕੇ ਗੱਲ ਕਰ ਸਕਣ।

ਪਰ ਉਸ ਨੂੰ ਸੁਨੇਹਾ ਮਿਲਿਆ ਸੀ ਕਿ ਪਿੱਛੋਂ ਰਜਨੀ ਨੂੰ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਭਾਅ ਜੀ ਤੇ ਰਕੇਸ਼ ਨੇ ਉਸਨੂੰ ਰਜਨੀ ਦੀ ਚੱਲ ਰਹੀ ਸਮੱਸਿਆ ਬਾਰੇ ਵੀ ਕਿਸੇ ਕੋਲ ਭਾਫ਼ ਕੱਢਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ, "ਰਜਨੀ ਤਾਂ ਹੁਣ ਚਲੀ ਗਈ! ਰੌਲਾ ਪਾ ਕੇ ਆਪਣੀ ਬਦਨਾਮੀ ਕਰਵਾਉਣ ਦਾ ਕੀ ਫਾਇਦਾ!" ਘਰ 'ਚ ਕਿਸੇ ਮੁਸੀਬਤ ਆ ਜਾਣ ਦੇ ਡਰੋਂ ਉਹ ਚੁੱਪ ਹੀ ਰਹੀ ਸੀ।

... ਤੇ ਹੁਣ ਉੱਡਦੀ-ਉੱਡਦੀ ਜੋ ਗੱਲ ਉਸ ਦੇ ਕੰਨੀਂ ਪਈ ਸੀ, ਉਸ ਨੇ ਉਸ ਦੀ ਬੇਚੈਨੀ ਨੂੰ ਬਰਦਾਸ਼ਤ ਤੋਂ ਬਾਹਰ ਕਰ ਦਿੱਤਾ ਸੀ। ਉਸ ਨੇ ਸੁਣਿਆ ਸੀ ਕਿ ਭਾਅ ਜੀ ਤੇ ਰਕੇਸ਼ ਨੇ ਮਿਲ ਕੇ ਰਜਨੀ ਨੂੰ ਗਲਾ ਘੁੱਟ ਕੇ ਮਾਰਿਆ ਸੀ।...

ਡਰ ਦੇ ਮਾਰੇ ਉਹ ਤ੍ਰਭਕ ਕੇ ਰਕੇਸ਼ ਤੋਂ ਪਰ੍ਹਾਂ ਹੋ ਗਈ।

ਉਸ ਨੇ ਬੈੱਡ ਦੇ ਛੇਜੇ 'ਤੇ ਪਿਆ ਆਪਣਾ ਮੋਬਾਇਲ ਚੁੱਕਿਆ ਤੇ 'ਕੰਟੈਕਟਸ' ਵਾਲੀ ਲਿਸਟ ਖੋਲ੍ਹੀ। ਲੇਡੀ ਇੰਸਪੈਕਟਰ ਦੇ ਨਾਮ ਤੇ ਇੱਕ ਨੰਬਰ ਸੇਵਡ ਸੀ। ਫਿਰ ਉਸ ਨੇ ਸਕਰੀਨ 'ਤੇ ਉੱਪਰਲੇ ਪਾਸੇ ਨਜ਼ਰ ਮਾਰੀ-ਸਾਢੇ ਪੰਜ ਵੱਜੇ ਸਨ। "ਇਸ ਟਾਇਮ ਤਾਂ ਫੋਨ ਕਰਨਾ ਠੀਕ ਨਹੀਂ!... ਥੋੜ੍ਹਾ ਚਾਨਣ ਹੋ-ਜੇ!" ਸੋਚਦਿਆਂ ਉਹ ਕਮਰੇ 'ਚੋਂ ਬਾਹਰ ਵੱਲ ਤੁਰ ਪਈ।

ਬਾਹਰ ਵਰਾਂਢੇ ’ਚ ਖੜ੍ਹਿਆਂ ਉਸ ਨੇ ਆਸਮਾਨ ਵੱਲ ਨਜ਼ਰ ਮਾਰੀ। ਉਸ ਨੂੰ ਮੱਧਮ ਹਨ੍ਹੇਰੇ 'ਚੋਂ ਚਾਨਣ ਦੀ ਲੋਅ ਫੁੱਟਦੀ ਨਜ਼ਰ ਆਈ।