ਸਮੱਗਰੀ 'ਤੇ ਜਾਓ

ਪਾਕਿਸਤਾਨੀ/ਪੁਰਾਣੇ ਦਿਨ

ਵਿਕੀਸਰੋਤ ਤੋਂ
49628ਪਾਕਿਸਤਾਨੀ — ਪੁਰਾਣੇ ਦਿਨਮੁਹੰਮਦ ਇਮਤਿਆਜ਼

ਪੁਰਾਣੇ ਦਿਨ

ਸਾਰੇ ਹੈਰਾਨ ਸਨ ਕਿ ਆਪਾ ਇਸ ਗੱਲ ਤੇ ਅੜੀ ਕਿਉਂ ਹੋਈ ਸੀ। ਸ਼ੌਕਤ ਸਾਹਿਬ ਵੀ ਉਸ ਅੱਗੇ ਬੇਵੱਸ ਨਜ਼ਰ ਆ ਰਹੇ ਸੀ।

"ਅੰਮੀ! ਜੇ ਆਪਾਂ ਪੂਜਾ ਹੁਰ੍ਹਾਂ ਨੂੰ ਬੁਲਾਵਾਂਗੇ ਤਾਂ ਬੂਆ ਦੀਆਂ ਕੁੜੀਆਂ ਵੀ ਤਾਂ ਹੈਗੀਆਂ ਨੇ! ਉਹਨਾਂ ਦੇ ਸਹੁਰੇ ਉਹਨਾਂ ਨੂੰ ਤਾਅਨੇ ਮਾਰਨਗੇ, ਅਖੇ-ਤੇਰੇ ਮਾਮੇ ਨੇ ਆਪਣੀ ਧੀ ਦੇ ਵਿਆਹ ਤੇ ਬਗਾਨੀ ਕੁੜੀ ਤਾਂ ਸੱਦ ਲਈ, ਪਰ ਥੋਨੂੰ ਛੱਡ 'ਤਾਂ!" ਤਬੱਸੁਮ ਨੇ ਆਪਾ ਨਾਲ ਗੱਲ ਕੀਤੀ। ਹਾਲਾਂਕਿ ਲਾੜੀ ਦਾ ਘਰ ਦੇ ਕੰਮਾਂ-ਕਾਰਾਂ ਵਿੱਚ ਬੋਲਣਾ ਉਸ ਨੂੰ ਖ਼ੁਦ ਨੂੰ ਵੀ ਸਹੀ ਨਹੀਂ ਸੀ ਲੱਗਦਾ, ਪਰ ਆਪਾ ਦੀ ਗੱਲ ਦਾ ਅਸਰ ਰਿਸ਼ਤਿਆਂ ਤੇ ਪੈਣ ਦੇ ਡਰੋਂ ਉਸ ਨੂੰ ਬੋਲਣਾ ਪਿਆ ਸੀ।

"ਫੇਰ, ਜੇ ਹਾਏਂ ਐ ਤਾਂ... ਤੇਰੀ ਬੂਆ ਦੀਆਂ ਕੁੜੀਆਂ ਨੂੰ ਵੀ ਬੁਲਾ ਲੈਨੇ ਆਂ।"

"ਪਰ, ਅੰਮੀ! ਮੁੰਡੇ ਆਲਿਆਂ ਨੇ ਕਿਹਾ ਤਾਂ ਹੋਇਐ, ਬਈ, 'ਕੱਠ ਨਾ ਕਰਿਓ! ਉਹ ਪੰਜ ਬੰਦੇ ਬਰਾਤ ਦੇ ਲੈ ਕੇ ਆਉਣਗੇ, ਤੇ ਏਥੇ ਆਪਣੇ ਏਨਾ 'ਕੱਠ ਦੇਖ ਕੇ ਅਗਲੇ ਬੇਜਤੀ ਨ੍ਹੀਂ ਮੰਨਣਗੇ!" ਤਬੱਸੁਮ ਦਾ ਆਵਾਜ਼ 'ਚ ਖਿਝ ਰਲ ਗਈ ਸੀ, "... ਫੇਰ, ਨਾਲੇ ਜੇ ਪੂਜਾ ਦੀਦੀ ਹੁਰ੍ਹਾਂ ਨੂੰ ਬਲਾਉਣੈ, ਤਾਂ ਗੁਆਂਢ ਦੇ ਜਿਹੜੇ ਲੋਕ ਛੱਡੇ ਨੇ, ਉਹਨਾਂ ਸਾਰਿਆਂ ਨੂੰ ਵੀ ਵਿਆਹ ਤੇ ਬੁਲਾਉਣਾ ਪਊ!"

ਸਾਰੇ ਹੈਰਾਨ ਸਨ ਕਿ ਘਰ ਦੀ ਕਬੀਲਦਾਰੀ ਨੂੰ ਸੰਭਾਲਣ ਵਾਲੀ ਹਲੀਮਾ ਆਪਾ ਨੇ ਇੰਨੀ ਜ਼ਿੱਦ ਕਿਉਂ ਫੜੀ ਹੋਈ ਸੀ।

ਜਦੋਂ ਪੂਜਾ ਤੇ ਸਚਿਨ ਉਹਨਾਂ ਦਾ ਘਰ ਛੱਡ ਕੇ ਗਏ ਸਨ, ਤਾਂ ਉਦੋਂ ਵੀ ਸਾਰੇ ਹੈਰਾਨ ਸਨ ਕਿ ਅਚਾਨਕ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ ਸੀ। ਸਭ ਤੋਂ ਵੱਡੀ ਗੱਲ, ਆਪਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਨਾ ਕੋਈ ਲੜਾਈ, ਨਾ ਝਗੜਾ! ਜਿੰਨੇ ਵੀ ਕਿਰਾਏਦਾਰ ਆਪਾ ਦੇ ਮਕਾਨ ਵਿੱਚ ਰਹਿ ਕੇ ਗਏ ਸਨ, ਸਾਰੇ ਉਸ ਦੀਆਂ ਸਿਫਤਾਂ ਕਰਦੇ ਸਨ।

ਆਪਾ ਸੀ ਵੀ ਮਿਲਾਪੜੇ ਸੁਭਾਅ ਦੀ! ਉਸ ਦਾ ਪਤੀ ਸ਼ੌਕਤ ਤਾਂ ਚੁੱਪ-ਚਪੀਤੇ ਸੁਭਾਅ ਵਾਲਾ ਤੇ ਆਪਣੇ ਕੰਮ ਵਿੱਚ ਮਸਤ ਰਹਿਣ ਵਾਲਾ ਬੰਦਾ ਸੀ, ਜਿਸ 'ਤੇ 'ਮੁੱਲਾਂ ਦੀ ਦੌੜ ਮਸੀਤ ਤੱਕ' ਵਾਲੀ ਗੱਲ ਪੂਰੀ ਢੁਕਦੀ ਸੀ। ਸਵੇਰੇ ਮੂੰਹ-ਹਨ੍ਹੇਰੇ ਹੀ ਦੁਕਾਨ ਤੇ ਚਲੇ ਜਾਣਾ ਤੇ ਰਾਤ ਨੂੰ ਦੇਰ ਨਾਲ ਘਰ ਵਾਪਿਸ ਆਉਣਾ। ਲੋਕਾਂ ਦੇ ਦੁੱਖਾਂ-ਸੁੱਖਾਂ ਵਿੱਚ ਆਪਾ ਹੀ ਜਾਇਆ ਕਰਦੀ ਸੀ। ਇਸੇ ਕਰਕੇ ਲੋਕ ਆਪਾ ਦੇ ਘਰ ਦਾ ਪਤਾ ਉਸ ਦੇ ਪਤੀ ਦੇ ਨਾਂ ਦੀ ਬਜਾਇ ਆਪਾ ਦੇ ਨਾਂ ਨਾਲ ਹੀ ਜਾਣਦੇ ਸਨ।

ਪੂਜਾ ਹੁਰ੍ਹਾਂ ਦਾ ਤਾਂ ਆਪਾ ਨਾਲ ਡੂੰਘਾ ਪਿਆਰ ਪੈ ਗਿਆ ਸੀ। ਪੂਜਾ ਵਿੱਚ ਆਪਾ ਨੂੰ ਆਪਣੀ ਜਵਾਨ ਹੋ ਰਹੀ ਤਬੱਸੁਮ ਦਾ ਰੂਪ ਸਾਕਾਰ ਹੋਇਆ ਨਜ਼ਰ ਆਉਂਦਾ ਸੀ। ਇਸੇ ਕਰਕੇ ਉਹ ਪੂਜਾ ਨਾਲ ਧੀਆਂ ਵਾਲੇ ਚਾਅ-ਲਾਡ ਕਰਦੀ ਰਹਿੰਦੀ ਸੀ। ਪੂਜਾ ਤੇ ਸਚਿਨ ਦੇ ਵਿਆਹ ਨੂੰ ਵੀ ਕੋਈ ਛੇ ਕੁ ਮਹੀਨੇ ਹੀ ਹੋਏ ਸਨ ਤੇ ਪਹਿਲੇ ਦਿਨੋਂ ਹੀ ਦੋਵੇਂ ਆਪਾ ਦੇ ਚੁਬਾਰੇ ਵਿੱਚ ਰਹਿ ਰਹੇ ਸਨ।

ਨਵੀਂ ਵਿਆਹੀ ਹੋਣ ਕਰਕੇ ਪੂਜਾ ਦੇ ਵੀ ਅਰਮਾਨ ਸਨ ਕਿ ਸਹੁਰੇ ਘਰ ਵਿੱਚ ਸਾਰੇ ਉਸ ਨਾਲ ਚਾਅ-ਲਾਡ ਕਰਨ। ਪਰ ਸਚਿਨ ਦੀ ਨੌਕਰੀ ਕਰਕੇ ਦੋਹਾਂ ਨੂੰ ਮਾਂ-ਬਾਪ ਕੋਲੋਂ ਦੂਰ ਰਹਿਣਾ ਪੈ ਰਿਹਾ ਸੀ। ਇਸੇ ਕਰਕੇ ਉਸ ਨੂੰ ਆਪਾ ਦਾ ਪਿਆਰ ਕਰਨਾ ਚੰਗਾ ਲੱਗਦਾ ਸੀ।

ਰੱਖੜੀ ਵਾਲੇ ਦਿਨ ਤਾਂ ਕਮਾਲ ਹੀ ਹੋ ਗਈ! ਜਦੋਂ ਪੂਜਾ ਨੇ ਸ਼ੌਕਤ ਸਾਹਿਬ ਅੱਗੇ ਰੱਖੜੀ ਬੰਨ੍ਹਣ ਦੀ ਪੇਸ਼ਕਸ਼ ਕੀਤੀ ਤਾਂ ਉਹ ਝੱਟ ਤਿਆਰ ਹੋ ਗਏ। ਰੱਖੜੀ ਬੰਨ੍ਹਵਾਉਣ ਤੋਂ ਬਾਅਦ ਜਦੋਂ ਪੂਜਾ ਨੂੰ ਉਹਨਾਂ ਨੇ ਪੰਜ ਸੌ ਦਾ ਨੋਟ ਕੱਢ ਕੇ ਫੜਾਇਆ ਤਾਂ ਪੂਜਾ ਨੇ ਨਾਂਹ-ਨੁੱਕਰ ਕੀਤੀ, "ਰਹਿਣ ਦਿਓ, ਭਾਈਜਾਨ! ਐਨੇ ਪੈਸੇ ਨ੍ਹੀਂ... ਘੱਟ ਦੇ ਦਿਉ!" ਸ਼ੌਕਤ ਸਾਹਿਬ ਧੱਕੇ ਨਾਲ ਉਸ ਦੇ ਹੱਥ ਵਿੱਚ ਪੈਸੇ ਫੜਾਉਂਦਿਆਂ ਆਖਣ ਲੱਗੇ, "ਲੈ ਲੈ, ਕੁੜੀਏ! ਭੈਣਾਂ ਤਾਂ ਵੀਰਾਂ ਕੋਲੋਂ ਧੱਕੇ ਨਾਲ ਖੋਹ ਕੇ ਵੀ ਲੈ ਜਾਂਦੀਆਂ ਹੁੰਦੀਆਂ ਨੇ!"

ਉਸ ਦਿਨ ਸਾਰਿਆਂ ਨੇ ਮਹਿਸੂਸ ਕੀਤਾ ਸੀ ਕਿ ਇਸ ਮਸ਼ੀਨੀ ਜਿਹੇ ਬੰਦੇ ਅੰਦਰ ਕਿੱਡਾ ਪਿਆਰ ਭਰਿਆ ਦਿਲ ਪਿਆ ਸੀ।

ਪਰ ਪੂਜਾ ਦਾ ਰਵੱਈਆ ਉਹਨੀ ਦਿਨੀਂ ਆਪਾ ਨੂੰ ਓਪਰਾ ਜਿਹਾ ਲੱਗਣ ਲੱਗ ਪਿਆ ਸੀ। ਕੁਝ ਦਿਨਾਂ ਤੋਂ ਆਪਾ ਦੇਖ ਰਹੀ ਸੀ ਕਿ ਹੁਣ ਉਹ ਉੱਪਰ ਆਪਣੇ ਕਮਰੇ 'ਚ ਹੀ ਤੜੀ ਰਹਿੰਦੀ ਸੀ-ਬਹੁਤੇ ਖ਼ਾਸ ਕੰਮ ਨੂੰ ਹੀ ਹੇਠਾਂ ਆਉਂਦੀ, ਤੇ ਫਿਰ ਫਟਾਫਟ ਉੱਪਰ ਚੜ੍ਹ ਜਾਂਦੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਪੂਜਾ ਉਸ ਨੂੰ ਘੱਟ ਹੀ ਬੁਲਾਉਂਦੀ ਸੀ।

ਸ਼ਾਮੀਂ ਜਦੋਂ ਆਪਾ ਤੇ ਗੁਆਂਢਣ, ਸ਼ਹਿਨਾਜ਼ ਚਾਚੀ, ਗੱਲਾਂ ਕਰ ਰਹੀਆਂ ਸਨ ਤਾਂ ਗੁਜਰਾਤ ਦੇ ਦੰਗਿਆਂ ਦੀ ਗੱਲ ਛਿੜ ਪਈ।

"ਨੀ, ਭੈਣੇ! ਕਹਿੰਦੇ, ਉਥੇ ਤਾਂ ਮੁਸਲਮਾਨਾਂ ਨੂੰ ਘਰਾਂ 'ਚ ਜਾ-ਜਾ ਕੇ ਮਾਰਦੇ ਨੇ!" ਚਾਚੀ ਨੇ ਫ਼ਿਕਰਮੰਦ ਲਹਿਜੇ 'ਚ ਆਲੇ-ਦੁਆਲੇ ਤੋਂ ਬਚਾ ਕੇ ਗੱਲ ਕੀਤੀ।

"ਆਹੋ, ਚਾਚੀ!..... ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪਿਆਰ ਕਰ ਲਈਏ, ਪਰ ਇਹਨਾਂ ਨੂੰ ਪਰਵਾਹ ਨ੍ਹੀਂ!"

"ਅੱਲਾਹ ਖੈਰ ਕਰੇ, ਧੀਏ! ‘ਸੰਤਾਲੀਂ' ਵੇਲੇ ਵੀ ਆਹੀ ਕੁਸ਼ ਹੋਇਆ ਤੀ!...", ਅਤੇ ਚਾਚੀ ਆਪਾ ਨੂੰ ਵੰਡ ਵੇਲੇ ਦੇ ਕਿੱਸੇ ਸੁਣਾਉਣ ਲੱਗ ਪਈ।

ਰਾਤ ਨੂੰ ਆਪਾ ਦੀ ਨੀਂਦ ਉੱਡ ਗਈ। ਉਸ ਨੂੰ ਪਈ-ਪਈ ਨੂੰ ਲੱਗਿਆ ਕਿ ਜਿਵੇਂ ਦੂਰ ਕਿਤੇ ਲੋਕਾਂ ਦੇ ਰੌਲੇ ਦੀ ਆਵਾਜ਼ ਆ ਰਹੀ ਹੋਵੇ।

ਅਚਾਨਕ ਉਸ ਨੂੰ ਲੱਗਿਆ ਕਿ ਜਿਵੇਂ ਗੋਲੀ ਚੱਲੀ ਹੋਵੇ। ਉਸ ਨੇ ਧਿਆਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਸੱਚਮੁੱਚ ਸ਼ਹਿਰ ਵਿੱਚ ਕੋਈ ਗੜਬੜ ਹੋ ਗਈ ਸੀ, ਜਾਂ ਉਸ ਨੂੰ ਸਿਰਫ਼ ਭੁਲੇਖਾ ਹੀ ਪੈ ਰਿਹਾ ਸੀ।

"ਮੇਰੇ ਮਾਲਕਾ! ਰਹਿਮ ਕਰੀਂ!" ਦਿਲ ਵਿੱਚ ਆਪਾ ਦੁਆ ਮੰਗ ਰਹੀ ਸੀ।

ਅਚਾਨਕ ਉਸ ਨੂੰ ਲੱਗਿਆ ਕਿ ਜਿਵੇਂ ਮੁਹੱਲੇ ਦੇ ਸਾਰੇ ਹਿੰਦੂ ਇਕੱਠੇ ਹੋ ਕੇ ਉਹਨਾਂ ਨੂੰ ਮਾਰਨ ਆ ਗਏ ਹੋਣ। ਆਪਾ ਦਾ ਦਿਲ 'ਧਕ-ਧਕ’ ਕਰਨ ਲੱਗ ਪਿਆ। ਉਸ ਨੇ ਖਿੜਕੀ ਵਿੱਚੋਂ ਬਾਹਰ ਦੇਖਿਆ ਤਾਂ ਬਾਹਰ ਸਿਰਫ਼ ਹਨ੍ਹੇਰਾ ਸੀ।"ਹੇ ਅੱਲਾਹ! ਤੂੰ ਹੀ ਬਚਾਉਣ ਵਾਲੈਂ!"

ਥੋੜ੍ਹੀ ਦੇਰ ਟਿਕਾਉ ਰਿਹਾ ਤੇ ਫਿਰ ਆਪਾ ਨੂੰ ਕਿਸੇ ਦੇ ਕਦਮਾਂ ਦੀ ਆਹਟ ਸੁਣਾਈ ਦਿੱਤੀ। ਉਸ ਨੇ ਖਿੜਕੀ ਰਾਹੀਂ ਬਾਹਰ ਦੇਖਿਆ। ਇੱਕ ਪਰਛਾਈ ਵਿਹੜੇ ਵਿੱਚ ਗੁਸਲਖ਼ਾਨੇ ਵੱਲ ਜਾ ਰਹੀ ਸੀ।

ਆਪਾ ਨੇ ਸੋਚਿਆ ਕਿ ਉਹ ਤਬੱਸੁਮ ਦੇ ਅੱਬਾ ਨੂੰ ਜਗਾ ਲਵੇ, ਪਰ ਡਾਂਟ ਦੇ ਡਰੋਂ ਚੁੱਪ ਹੀ ਰਹੀ, "ਆਖਣਗੇ ਥੋਡਾ, ਜਨਾਨੀਆਂ ਦਾ, ਤਾਂ ਦਮਾਗ਼ ਈ ਖ਼ਰਾਬ ਹੁੰਦੈ।"

ਗੁਸਲਖ਼ਾਨੇ 'ਚੋਂ ਨਿੱਕਲ ਕੇ ਪਰਛਾਈ ਪੌੜੀਆਂ ਵੱਲ ਗਈ, ਤੇ ਫਿਰ ਪੌੜੀਆਂ ਚੜ੍ਹ ਗਈ।

ਆਪਾ ਨੂੰ ਕੁਝ ਤਸੱਲੀ ਮਹਿਸੂਸ ਹੋਈ।

ਪਰ ਉਸ ਦੇ ਦਿਮਾਗ਼ ਵਿੱਚ ਨਵਾਂ ਹੀ ਖ਼ਿਆਲ ਆ ਗਿਆ, "ਕਿਤੇ, ਸਚਿਨ ਨਾ ਕੁਸ਼...! ਕਿਤੇ, ਬਾਹਰੋਂ ਮੁੰਡੇ 'ਕੱਠੇ ਕਰ ਕੇ .....," ...ਤੇ ਆਪਾ ਨੂੰ ਤਬੱਸੁਮ ਦੀ ਫਿਕਰ ਪੈ ਗਈ।

ਜਦੋਂ ਡਰ ਸਹਿਣਸ਼ੀਲਤਾ ਤੋਂ ਬਾਹਰ ਹੋ ਗਿਆ ਤਾਂ ਉਹ ਉੱਠੀ ਅਤੇ ਬਿਨਾ ਵਜ਼ੂ ਕੀਤਿਆਂ ਹੀ ਕੱਪੜਾ ਵਿਛਾ ਕੇ ਨਫ਼ਲ ਪੜ੍ਹਨ ਲੱਗ ਪਈ। ਧਿਆਨ ਨਮਾਜ਼ ਵੱਲ ਘੱਟ, ਆਲੇ-ਦੁਆਲੇ ਵੱਲ ਬਹੁਤਾ ਸੀ।

ਉਸ ਲਈ ਮਿੰਟ-ਮਿੰਟ ਕੱਢਣਾ ਔਖਾ ਹੋ ਗਿਆ।

ਜਦੋਂ ਫਜਰ ਦੀ ਆਜ਼ਾਨ ਹੋਈ ਤਾਂ ਆਪਾ ਨੂੰ ਕੁਝ ਹੌਸਲਾ ਹੋਇਆ।

ਨਮਾਜ਼ ਪੜ੍ਹਨ ਤੋਂ ਬਾਅਦ ਉਸ ਨੂੰ ਨੀਂਦ ਆ ਗਈ।

ਸਵੇਰੇ ਜਦੋਂ ਸਚਿਨ ਤਿਆਰ ਹੋ ਰਿਹਾ ਸੀ ਤਾਂ ਪੂਜਾ ਨੇ ਉਸ ਕੋਲ ਗੱਲ ਕੀਤੀ, "ਮੈਨੂੰ ਤਾਂ ਥੋਡੇ ਪਿੱਛੋਂ 'ਕੱਲੀ ਨੂੰ ਡਰ ਲੱਗਦਾ ਰਹਿੰਦੈ!"

"ਮੈਨੂੰ ਵੀ ਦੋ ਕੁ ਦਿਨਾਂ ਤੋਂ ਤੇਰੀ ਸਿਹਤ ਠੀਕ ਨ੍ਹੀਂ ਲੱਗ ਰਹੀ। ਰਾਤ ਨੂੰ ਵੀ, ਮੈਨੂੰ ਲੱਗਦੈ, ਤੈਨੂੰ ਨੀਂਦ ਘੱਟ ਈ ਆਉਂਦੀ ਐ!"

".... ਮੈਨੂੰ ਤਾਂ ਸਾਰੀ ਰਾਤ ਡਰ ਜਿਹਾ ਲੱਗਦਾ ਰਹਿੰਦੈ! ...ਕਈ ਵਾਰ ਮੈਨੂੰ ਆਏਂ ਲੱਗਦੈ ਜਿਵੇਂ ਕਿਤੇ ਰੌਲਾ ਪੈ ਰਿਹਾ ਹੁੰਦੈ! ਰਾਤ ਮੈਨੂੰ ਲੱਗੀ ਜਾਵੇ.... ਬਈ, ਕਿਤੇ ਕੋਈ ਆਪਣਾ ਨੁਕਸਾਨ ਈ ਨਾ ਕਰ ਦੇਵੇ।"

"ਤਾਂ ਹੀ ਤਾਂ ਕਹਿਨਾਂ ਖ਼ਬਰਾਂ-ਖ਼ਬਰਾਂ ਘੱਟ ਦੇਖਿਆ ਕਰ! ... .ਟੀ.ਵੀ. ਵਾਲਿਆਂ ਨੂੰ ਵੀ ਸਾਰਾ ਦਿਨ ਗੁਜਰਾਤ ਤੋਂ ਇਲਾਵਾ ਕੋਈ ਖ਼ਬਰ ਨ੍ਹੀਂ ਲੱਭਦੀ।"

".... ਮੈਨੂੰ ਤਾਂ, ਦੇਖਿਓ, ... ਆਪਾ ਹੁਰਾਂ ਤੋਂ ਵੀ ਡਰ ਜਿਹਾ...", ਪੂਜਾ ਨੇ ਦਬਵੀਂ ਆਵਾਜ਼ ਵਿੱਚ ਕਿਹਾ, "ਆਪਣੇ ਮੁਹੱਲੇ ’ਚ ਤਾਂ ਹੈਗੇ ਵੀ ਮੁਸਲਮਾਨ...1..."

"ਓ, ਨਹੀਂ!!... ਇਹੋ ਜਿਹੀ ਗੱਲ ਨ੍ਹੀਂ..!" ਸਚਿਨ ਨੇ ਗੱਲ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਦੇ ਅੰਦਰ ਨੇ ਉਸ ਦਾ ਪੂਰਾ ਸਾਥ ਨਾ ਦਿੱਤਾ।

"... ਪਰ, ਮੈਨੂੰ ਤਾਂ ਡਰ ਲੱਗਦੈ! ਮੈਂ ਤਾਂ ਕਹਿਨੀ ਆਂ, ਕਿਤੇ ਹੋਰ ਕਮਰਾ ਲੈ ਲਈਏ... ਆਪਣਿਆਂ 'ਚ ਕਿਤੇ!" ਪੂਜਾ ਨੇ ਫ਼ਿਕਰਮੰਦ ਲਹਿਜੇ 'ਚ ਆਪਣੇ ਮਨ ਵਿਚਲੀ ਗੱਲ ਬਾਹਰ ਕੱਢੀ।

ਕੁਝ ਦਿਨਾਂ ਬਾਅਦ ਉਹਨਾਂ ਨੇ ਆਪਣਾ ਕਮਰਾ ਬਦਲ ਲਿਆ।

"ਅਗਲੇ ਦੀ ਮਰਜ਼ੀ ਐ, ਭਾਈ! ਆਪਾਂ ਧੱਕਾ ਥੋੜ੍ਹਾ ਕਰ ਸਕਦੇ ਆਂ!" ਉਦੋਂ ਤਾਂ ਆਪਾ ਵੀ ਕਹਿ ਕੇ ਗੱਲ ਬੰਦ ਕਰ ਦਿੰਦੀ ਸੀ।

ਪਰ, ਹੁਣ ਕੁਝ ਸਾਲਾਂ ਤੋਂ ਆਪਾ ਪੂਜਾ ਕੋਲ ਜਾਣ-ਆਉਣ ਲੱਗ ਪਈ ਸੀ।

..."ਪਰ, ਆਏਂ ਜਾਣਨ ਵਾਲੇ ਤਾਂ ਆਪਣੇ ਬਥੇਰੇ ਨੇ! ਜੇ ਉਹਨਾਂ ਨੂੰ ਛੱਡ ਕੇ ਪੂਜਾ ਹੁਰ੍ਹਾਂ ਨੂੰ ਬਲਾਵਾਂਗੇ ਤਾਂ ਉਹ ਗੁੱਸਾ ਕਰਨਗੇ!" ਮਾਮਲੇ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਆਖ਼ਿਰ ਸ਼ੌਕਤ ਸਾਹਿਬ ਨੂੰ ਵੀ ਚੁੱਪ ਤੋੜਨੀ ਪਈ।

"ਤਬਸੂਮ ਦੇ ਅੱਬਾ! ਕੁੜੀ ਤਾਂ ਆਪਣੀ ਹੁਣ ਆਪਣੇ ਘਰ ਚਲੀ ਜਾਊ! ਘਰ ਜਮ੍ਹੀਂ ਸੁੰਝਾ ਹੋ-ਜੂ!" ਆਪਾ ਦਾ ਗਲਾ ਭਰ ਆਇਆ, "ਮੈਨੂੰ ਪਤਾ ਲੱਗਿਐ, ਪੂਜਾ ਹੁਰ੍ਹੀਂ ਵੀ ਆਪਦੇ ਹੁਣ ਆਲੇ ਮਕਾਨ 'ਚ ਖੁਸ਼ ਨ੍ਹੀਂ! ਜੇ ਪੂਜਾ ਹੁਰ੍ਹੀਂ ਮੁੜ ਕੇ ਆਪਣੇ ਮਕਾਨ 'ਚ ਆ ਜਾਣ ਤਾਂ ਤਬੱਸੁਮ ਦੀ ਕਮੀ ਪੂਰੀ ਹੋ ਜੂ! ਏਸੇ ਕਰਕੇ ਮੈਂ ਕਿਰਾਏ ਆਲਾ ਪਾਸਾ ਹਾਲੀਂ ਤੱਕ ਨੀਂ ਚੜ੍ਹਾਇਆ!... ਜੇ ਆਪਾਂ ਪੂਜਾ ਹੁਰ੍ਹਾਂ ਨੂੰ ਵਿਆਹ ’ਤੇ ਬੁਲਾ ਲੀਏ, ਤਾਂ ਪੁਰਾਣੀਆਂ ਤੰਦਾਂ ਜੁੜ ਜਾਣਗੀਆਂ! ਖਬਰੈ, ਪੁਰਾਣੇ ਦਿਨ ਮੁੜ ਆਉਣ!!"

ਆਪਾ ਦੀਆਂ ਅੱਖਾਂ 'ਚ ਚਮਕ ਦੇਖ ਕੇ ਸ਼ੌਕਤ ਲਾਜਵਾਬ ਹੋਇਆ ਖੜ੍ਹਾ ਸੀ।