ਸਮੱਗਰੀ 'ਤੇ ਜਾਓ

ਪਾਰਸ/੧.

ਵਿਕੀਸਰੋਤ ਤੋਂ
41848ਪਾਰਸ — ੧.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

੧.

ਮਜੂਮਦਾਰਾਂ ਦਾ ਵੰਸ ਬੜਾ ਵੱਡਾ ਵੰਸ ਹੈ, ਤੇ ਪਿੰਡ ਵਿਚ ਇਹਨਾਂ ਦੀ ਚੰਗੀ ਇੱਜ਼ਤ ਹੈ, ਵੱਡਾ ਭਰਾ ਗੁਰ-ਚਰਨ ਹੀ ਘਰ ਵਿੱਚ ਕਰਤਾ ਧਰਤਾ ਹੈ, ਇਹ ਘਰ ਵਿਚ ਹੀ ਪ੍ਰਧਾਨ ਨਹੀਂ ਸਗੋਂ ਪਰ੍ਹੇ ਦਾ ਵੀ ਸਰਦਾਰ ਹੈ, ਸਾਰਾ ਪਿੰਡ ਪੁਛ ਕੇ ਤੁਰਦਾ ਹੈ। ਵਡੇ ਆਦਮੀ ਤਾਂ ਹੋਰ ਵੀ ਕਈ ਸਨ, ਪਰ ਪਿੰਡ ਵਾਲਿਆਂ ਦੀਆਂ ਅੱਖੀਆਂ ਵਿਚ ਅੱਜ ਇੱਜ਼ਤ ਹੋਰ ਕੋਈ ਨਹੀਂ ਪ੍ਰਾਪਤ ਕਰ ਸਕਿਆ। ਪਿੰਡ ਛਡ ਕੇ ਉਹ ਕਿਧਰੇ ਨਹੀਂ ਗਏ। ਕਿਤੇ ਵੱਡੀ ਨੌਕਰੀ ਉਹਨਾਂ ਨਹੀਂ ਕੀਤੀ। ਛੋਟੀ ਉਮਰ ਵਿੱਚ ਹੀ ਉਹ ਸਕੂਲ ਮਾਸਟਰ ਬਣ ਗਏ ਤੇ ਫੇਰ ਇਸ ਮਾਸਟਰੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਤੁਰਿਆ। ਇਹਨਾਂ ਦੀ ਤਨਖਾਹ ਵੀਹਾਂ ਤੋਂ ਵਧ ਕੇ ਪੰਜਾਹ ਰੁਪੈ ਹੋ ਗਈ ਸੀ ਤੇ ਹੁਣ ਪੰਜਾਹਾਂ ਦੀ ਅਗੇ ਪੰਝੀ ਰੁਪੈ ਪੈਨਸ਼ਨ ਲੈ ਰਹੇ ਸਨ।

ਉਨਾਂ ਨੇ ਦੁਨੀਆਂ ਵਿਚ ਰੁਪਿਆ ਹੀ ਸਭ ਕੁਝ ਨਹੀਂ ਸਮਝਿਆ। ਜੇ ਏਦਾਂ ਨ ਹੁੰਦਾ ਤਾਂ ਅੱਜ ਕੁੰਜ ਪੁਰ ਵਿਚ ਉਹ ਸਭ ਦੇ ਝਗੜੇ ਨਬੇੜਨ ਵਾਲੇ ਪੰਚਾਇਤ ਦੇ ਮੁਹਰੀ ਤੇ ਸਾਰਿਆਂ ਦਾ ਭਲਾ ਚਾਹੁਣ ਵਾਲੇ ਸਾਂਝ ਆਦਮੀ ਨਹੀਂ ਸਨ ਬਣ ਸਕਦੇ। ਇਹਨਾਂ ਦੇ ਧਰਮ ਭਾਵਾਂ, ਸਿਆਣਪ, ਆਚਰਣ ਤੇ ਹੋਰ ਸ਼ੁਭ ਗੁਣਾਂ ਦੀ ਹਰ ਇਕ ਦੇ ਦਿਲ ਵਿਚ ਇੱਜ਼ਤ ਹੈ, ਉਮਰ ਕੋਈ ਸੱਠਾਂ ਦੇ ਅੰਦਰ ਬਾਹਰ ਹੋਵੇਗੀ। ਜੇ ਕੋਈ ਚੰਗਾ ਧਰਮ ਵਾਲਾ ਜਾਂ ਨੇਕੀ ਵਾਲਾ ਆਦਮੀ ਵੇਖਦੇ ਤਾਂ ਪਿੰਡ ਵਾਲੇ ਉਹਨੂੰ ਠਠੇ ਨਾਲ ਆਖਦੇ ਤੂੰ ਤਾਂ ਦੂਜਾ ਗੁਰਚਰਨ ਏਂ।

ਗੁਰਚਰਨ ਦੀ ਇਸਤਰੀ ਨਹੀਂ ਸੀ, ਇਕੇ ਲੜਕਾ ਬਿਮਲ ਹੀ ਸੀ। ਦੁਨੀਆਂ ਵਿਚ ਗੰਢਿਆਂ ਵਿਚੋਂ ਗੰਢੇਲਾ ਨਿਕਲਦੀਆਂ ਹੀ ਰਹਿੰਦੀਆਂ ਸਨ। ਇਸੇ ਕਰਕੇ ਐਹੋ ਜਹੇ ਧਰਮਾਤਮਾ ਤੇ ਸਰਬ ਗੁਣਾ ਭਰਪੂਰ ਲਾਇਕ ਪੁਤਰ ਦੇ ਘਰ ਬਿਮਲ ਵਰਗਾ ਪੰਜੇ ਐਬ ਸ਼ਰਈ ਬੱਚਾ ਪੈਦਾ ਹੋ ਪਿਆ ਸੀ।

ਪੁੱਤਰ ਨਾਲ ਗੁਰਚਰਨ ਦਾ ਕੋਈ ਜ਼ਿਆਦਾ ਮੋਹ ਨਹੀਂ ਸੀ, ਉਸਦਾ ਸਾਰਾ ਮੋਹ ਆਪਣੇ ਭਤੀਜੇ ਪਾਰਸ ਨਾਲ ਪੈ ਗਿਆ ਸੀ। ਹਰਿਚਰਨ ਦਾ ਵੱਡਾ ਮੁੰਡਾ ਪਾਰਸ ਹੀ ਉਹਦਾ ਸਕਾ ਪੁਤਰ ਸੀ, ਪਾਰਸ ਐਮ. ਏ. ਪਾਸ ਕਰਕੇ ਕਨੂੰਨ ਪੜ੍ਹ ਰਿਹਾ ਹੈ। ਇਸ ਨੂੰ ੳ. ਅ. ਤੋਂ ਲਗਕੇ ਅਜ ਤੱਕ ਸਭ ਕੁਝ ਇਹੋ ਪੜ੍ਹਾਂਦੇ ਆਏ ਹਨ। ਉਹਨਾਂ ਦੀ ਇਹ ਥੁੜ ਕਿ ਬਿਮਲ ਨੇ ਕੁਝ ਨਹੀਂ ਸਿਖਿਆ, ਪਾਰਸ ਨੇ ਸਭ ਕੁਝ ਸਿਖ ਕੇ ਪੂਰੀ ਕਰ ਦਿਤੀ ਹੈ।

ਛੋਟਾ ਭਰਾ ਹਰਚਰਨ ਏਨਾਂ ਚਿਰ ਪ੍ਰਦੇਸ਼ ਵਿਚ ਇਕ ਮਾਮੂਲੀ ਨੌਕਰੀ ਕਰ ਰਿਹਾ ਸੀ। ਲੜਾਈ ਦੇ ਪਿਛੋਂ ਉਹ ਝਟ ਪਟ ਹੀ , ਵੱਡਾ ਆਦਮੀ ਬਣ ਗਿਆ ਤੇ ਨੌਕਰੀ ਛੱਡ ਕੇ ਘਰ ਆ ਗਿਆ। ਲੋਕਾਂ ਨੂੰ ਰੁਪੈ ਬਿਆਜੂ ਦੇਣ ਲਗ ਪਿਆ। ਘਰ ਵਾਲੀ ਦੇ ਨਾਂ ਤੇ ਇਕ ਬਗੀਚਾ ਖਰੀਦ ਲਿਆ ਤੇ ਏਦਾਂ ਇਸ ਦੇ ਰੁਪੈ ਦੀ ਮੁਸ਼ਕ ਲਾਗਲੇ ਦੇ ਪਿੰਡਾਂ ਵਿਚ ਫੈਲ ਗਈ।

ਇਕ ਦਿਨ ਹਰਚਰਨ ਨੇ ਆਕੇ ਅਧੀਨ ਨਾਲ ਆਖਿਆ, 'ਭਰਾ ਜੀ ਕਈਆਂ ਦਿਨਾਂ ਤੋਂ ਮੈਂ ਤੁਹਾਡੇ ਨਾਲ ਇਕ ਗਲ ਕਰਨੀ ਚਾਹੁੰਦਾ ਹਾਂ।'

ਗੁਰਚਰਨ ਨੇ ਆਖਿਆ, 'ਜੀ ਸਦਕੇ ਕਰੋ।'

ਹਰਚਰਨ ਨੇ ਆਸੇ ਪਾਸੇ ਵੇਖ ਕੇ ਆਖਿਆ, 'ਤੁਸੀ ਇਕੱਲੇ ਕਿੰਨਾ ਚਿਰ ਚਲ ਸਕੋਗੇ ਉਮਰ ਵੀ ਤਾਂ ਸਿਆਣੀ ਹੋ ਗਈ ਹੈ.........।'

ਗੁਰਚਰਨ ਨੇ ਆਖਿਆ, 'ਇਹਦੇ ਵਿਚ ਸ਼ੱਕ ਕੀ ਹੈ, ਸੱਠਵਾਂ ਸਾਲ ਜਾ ਰਿਹਾ ਹੈ।'

ਹਰਚਰਨ ਫੇਰ ਬੋਲਿਆ, ਇਸੇ ਕਰਕੇ ਮੈਂ ਆਖਿਆ ਮੈਂ ਹੁਣ ਘਰ ਹੀ ਰਹਾਂ ਜ਼ਮੀਨ ਜਾਇਦਾਦ ਸਭ ਉਲਟੀ ਪੁਲਟੀ ਹੋ ਰਹੀ ਹੈ ਜ਼ਰਾ ਸੰਭਾਲ ਸੰਭੂਲ ਕੇ ਮੈਂ ਹੀ.......।'

ਗੁਰਚਰਨ ਨੇ ਆਪਣੇ ਭਰਾ ਦੇ ਮੂੰਹ ਵਲ ਵੇਖ ਕੇ ਆਖਿਆ, 'ਜ਼ਮੀਨ ਜਾਇਦਾਦ ਤਾਂ ਹੈ ਵੀ ਥੋੜੀ ਜਹੀ ਤੇ ਇਹ ਕਿਧਰੇ ਭੱਜੀ ਨਹੀਂ ਜਾਂਦੀ ਕੀ ਤੁਸੀਂ ਅੱਡ ਹੋਣਾ ਚਾਹੁੰਦੇ ਹੋ?'

ਹਰਚਰਨ ਨੇ ਸ਼ਰਮ ਨਾਲ ਦੰਦਾਂ ਥੱਲੇ ਜ਼ਬਾਨ ਲੈ ਕੇ ਆਖਿਆ, 'ਜੀ ਨਹੀਂ, ਜਿੱਦਾਂ ਹੁਣ ਚਲ ਰਿਹਾ ਹੈ, ਏਦਾਂ ਹੀ ਚਲਦਾ ਰਹੇਗਾ। ਗਲ ਏਨੀ ਹੈ ਕਿ ਹਰ ਇਕ ਚੀਜ਼ ਜੋ ਕਿ ਸਾਡੇ ਪਾਸ ਹੈ, ਜ਼ਰਾ ਗਿਣਤੀ ਵਿਚ ਆ ਜਾਣੀ ਚਾਹੀਦੀ ਹੈ, ਬਾਕੀ ਸਭ ਕੁਝ ਇਕੱਠਾ ਹੀ ਰਹੇਗਾ, ਜਰਾ ਰੋਟੀ ਅੱਡ ਅੱਡ ਪੱਕਣ ਲਗ ਜਾਏ ਤਾਂ ਕੋਈ ਹਰਜ ਨਹੀਂ।

ਗੁਰਚਰਨ ਨੇ ਆਖਿਆ ਜਿਦਾਂ ਤੇਰੀ ਮਰਜ਼ੀ ਹੈ ਭਰਾਵਾ, ਕੱਲ ਤੋਂ ਏਦਾਂ ਹੀ ਹੋ ਜਾਵੇਗਾ।

ਹਰਚਰਨ ਨੇ ਫੇਰ ਪੁਛਿਆ, 'ਚੀਜ਼ਾਂ ਨੂੰ ਨਿਸ਼ਾਨ ਕਿੱਦਾਂ ਲਾਉਗੇ ਕੁਝ ਫੈਸਲਾ ਕੀਤਾ ਹੈ?'

ਗੁਰਚਰਨ ਨੇ ਆਖਿਆ, ਅਗੇ ਤਾਂ ਇਸ ਗਲ ਦੀ ਲੋੜ ਹੀ ਨਹੀਂ ਸੀ ਪਈ। ਅਜ ਤੋਂ ਤਿੰਨਾਂ ਭਰਾਵਾਂ ਦੇ ਬਰਾਬਰ ਹਿਸੇ ਵੰਡ ਦਿਆਂਗੇ, ਆਪੇ ਕੰਮ ਚਲਦਾ ਰਹੇਗਾ।

ਹਰਿਚਰਨ ਨੇ ਹੈਰਾਨ ਹੋ ਕੇ ਆਖਿਆ, ਤਿੰਨ ਹਿੱਸੇ ਕਿਦਾਂ ਵਿਚਕਾਰਲੀ ਨੋਂਹ ਤਾਂ ਰੰਡੀ ਹੈ ਤੇ ਪੁਤ ਧੀ ਵੀ ਕੋਈ ਨਹੀਂ ਦੋ ਹਿਸੇ ਹੋਣਗੇ।

ਗੁਰਚਰਨ ਨੇ ਸਿਰ ਹਿਲਾ ਕੇ ਆਖਿਆ, ਨਹੀਂ ਤਿੰਨ ਹਿੱਸੇ ਹੀ ਹੋਣਗੇ। ਵਿਚਕਾਰਲੀ ਨੋਂਹ ਮੇਰੇ ਸ਼ਿਆਮ ਚਰਨ ਦੀ ਰੰਡੀ ਇਸਤ੍ਰੀ ਹੈ, ਜਦ ਤਕ ਜੀਵੇਗੀ ਆਪਣਾ ਹਿੱਸਾ ਬਰਾਬਰ ਖਾਂਦੀ ਰਹੇਗੀ।

ਹਰਿਚਰਨ ਰੁਸ ਪਿਆ? ਕਹਿਣ ਲਗਾ ਕਾਨੂੰਨੀ ਤੌਰ ਤੇ ਉਹਦੇ ਹਿਸੇ ਦਾ ਹੱਕ ਨਹੀਂ, ਉਹ ਪਹਿਨਣ ਖਾਣ ਲਈ ਗੁਜ਼ਾਰਾ ਲੈ ਸਕਦੀ ਹੈ।

ਗੁਰਚਰਨ ਨੇ ਆਖਿਆ, ਹਾਂ ਗੁਜ਼ਾਰਾ ਤਾਂ ਲੈ ਹੀ ਸਕਦੀ ਹੈ, ਕਿਉਂਕਿ ਘਰ ਦੀ ਨੋਂਹ ਜੂ ਹੈ।

ਹਰਿਚਰਨ ਨੇ ਆਖਿਆ, ਜੇ ਉਹ ਹਿੱਸਾ ਲੈ ਕੇ ਵੇਚ ਦੇਵੇ ਜਾਂ ਗਹਿਣੇ ਪਾ ਦੇਵੇ ਤਾਂ ਫੇਰ ? ਗੁਰਚਰਨ ਨੇ ਆਖਿਆ, ਜੇ ਕਾਨੂੰਨ ਉਹਨੂੰ ਇਹ ਹੱਕ ਦੇਂਦਾ ਹੈ ਤਾਂ ਉਹ ਕਰੇ।'

ਹਰਿਚਰਨ ਦਾ ਮੂੰਹ ਲਾਲ ਹੋ ਗਿਆ, 'ਤੂੰ ਕਰੇਂਗੀ ਕਿੱਦਾਂ ਕਰੇਂਗੀ।'

****