ਸਮੱਗਰੀ 'ਤੇ ਜਾਓ

ਪਾਰਸ/੨.

ਵਿਕੀਸਰੋਤ ਤੋਂ
41893ਪਾਰਸ — ੨.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

ਦੂਜੇ ਦਿਨ ਹਰਚਰਨ ਨੇ ਫੀਤਾ ਲੈ ਕੇ ਸਾਰਾ ਘਰ ਮਿਣਨਾਂ ਸ਼ੁਰੂ ਕਰ ਦਿਤਾ। ਗੁਰਚਰਨ ਨੇ ਨਾ ਕੁਝ ਪੁਛਿਆ ਤੇ ਤੇ ਨਾ ਹੀ ਰੋਕਿਆ, ਦੋ ਤਿੰਨਾਂ ਦਿਨਾਂ ਪਿਛੋਂ ਇੱਟਾਂ ਤੇ ਚੂਨਾਂ ਵੀ ਆ ਗਿਆ। ਮਹਿਰੀ ਨੇ ਕਿਹਾ ਕੱਲ੍ਹ ਤੋਂ ਰਾਜ ਲਗ ਜਾਣਗੇ ਛੋਟੇ ਬਾਬੂ ਆਪਣੀ ਕੰਧ ਕਰਾ ਲੈਣਗੇ।

ਗੁਰਚਰਨ ਨੇ ਕਿਹਾ, 'ਦਿਸਦਾ ਈ ਹੈ ਆਖਣ ਦੀ ਕੀ ਲੋੜ ਹੈ।'

ਚੌਂਹ ਪੰਜਾਂ ਦਿਨਾਂ ਪਿਛੋਂ ਇਕ ਦਿਨ ਦਰਵਾਜ਼ੇ ਦੇ ਬਾਹਰ ਪੈਰਾਂ ਦਾ ਖੜਾਕ ਸੁਣਕੇ ਗੁਰਚਰਨ ਨੇ ਪੁਛਿਆ, 'ਪੰਚੂ ਦੀ ਮਾਂ ਕੌਣ ਹੈ ?'

ਪੰਚੂ ਦੀ ਮਾਂ ਪੁਰਾਣੀ ਮਹਿਰੀ ਹੈ, ਉਸ ਨੇ ਇਸ਼ਾਰੇ ਨਾਲ ਦਸਿਆ, ਵਿਚਕਾਰਲੀ ਨੂੰਹ ਖੜੀ ਹੈ ਬਾਬੂ ਜੀ।

ਘਰ ਵਾਲੀ ਦੇ ਮਰ ਜਾਣ ਕਰਕੇ ਵਿਚਕਾਰਲੀ ਨੌਂਹ ਹੀ ਇਸ ਘਰ ਦੀ ਮਾਲਕਿਆਣੀ ਹੈ, ਉਹ ਜਦ ਵੀ ਜੇਠ ਨਾਲ ਗਲ ਬਾਤ ਕਰਦੀ ਹੈ ਪਰਦੇ ਪਿੱਛੇ ਹੋ ਕੇ ਕਰਦੀ ਹੈ ਇਹਨਾਂ ਨੇ ਮਿੱਠੀ ਜਿਹੀ ਆਵਾਜ਼ ਨਾਲ ਪੁਛਿਆ, ਸਹੁਰੇ ਦੇ ਘਰ ਵਿਚ ਮੈਂ ਕੁਝ ਵੀ ਹਿੱਸਾ ਨਹੀਂ ? ਛੋਟੀ ਭੈਣ ਮੈਨੂੰ ਰਾਤ ਦਿਨ ਗਾਲਾਂ ਕੱਢਦੀ ਰਹਿੰਦੀ ਹੈ। ਗੁਰਚਰਨ ਨੇ ਆਖਿਆ, 'ਹੈ ਕਿਉਂ ਨਹੀਂ ਜਿੱਦਾਂ ਉਹ ਮਾਲਕ ਹੈ ਉਸੇ ਤਰ੍ਹਾਂ ਆਪਣੇ ਹਿੱਸੇ ਦੀ ਤੂੰ ਵੀ ਮਾਲਕ ਹੈਂ ?

ਪੰਚੂ ਦੀ ਮਾਂ ਨੇ ਕਿਹਾ, 'ਏਸ ਤਰ੍ਹਾਂ ਤਾਂ ਘਰ ਵਿਚ ਟਿਕਣਾ ਮੁਸ਼ਕਲ ਹੋ ਜਾਇਗਾ। ਗੁਰਚਰਨ ਸਭ ਕੁਝ ਸੁਣ ਰਿਹਾ ਸੀ ਕੁਝ ਚਿਰ ਚੁਪ ਰਹਿਕੇ ਬੋਲਿਆ, ਪਾਰਸ ਨੂੰ ਆਉਣ ਵਾਸਤੇ ਚਿੱਠੀ ਲਿਖ ਦਿਤੀ ਹੈ ਉਹਦੇ ਆਉਂਦਿਆਂ ਹੀ ਸਭ ਠੀਕ ਹੋ ਜਾਇਗਾ। ਉਦੋਂ ਤਕ ਤੁਸੀਂ ਜ਼ਰਾ ਸਬਰ ਨਾਲ ਦਿਨ ਕਟਦੇ ਰਹੋ।

ਵਿਚਕਾਰਲੀ ਨੌਂਹ ਨੇ ਸ਼ਕ ਜਹੇ ਨਾਲ ਆਖਿਆ, ‘ਕੀ ਪਾਰਸ.....'

ਗੁਰਚਰਨ ਨੇ ਵਿਚੋਂ ਹੀ ਟੋਕਦਿਆਂ ਕਿਹਾ, ਨਹੀਂ ਪਾਰਸ ਬੜਾ ਬੀਬਾ ਹੈ। ਮੇਰੇ ਪਾਰਸ ਦੇ ਮੁਆਮਲੇ ਵਿਚ ਕੋਈ ਅਗਰ ਮਗਰ ਨਹੀਂ ਚਲ ਸਕਦੀ। ਹਰਿਚਰਨ ਉਸ ਦਾ ਪਿਉ ਜਰੂਰ ਹੈ, ਪਰ ਮੈਂ ਵੀ ਉਸਨੂੰ ਬਚਿਆਂ ਵਾਂਗੂੰ ਹੀ ਜਾਣਦਾ ਹਾਂ। ਸਾਰੀ ਦੁਨੀਆਂ ਇਕ ਪਾਸੇ ਹੋ ਜਾਏ ਤਾਂ ਵੀ ਪਾਰਸ ਮੇਰਾ ਹੀ ਰਹੇਗਾ । ਉਹਦੇ ਤਾਇਆ ਜੀ ਵੀ ਕਦੇ ਬੇਇਨਸਾਫੀ ਨਹੀਂ ਕਰਦੇ, ਇਹ ਗਲ ਉਹ ਨਾਂ ਸਮਝ ਸਕਿਆ ਤਾਂ ਸਮਝ ਲੈਣਾ ਕਿ ਮੈਂ ਬਿਗਾਨੇ ਪੁੱਤਰ ਨੂੰ ਐਵੇਂ ਹੀ ਗਲ ਨਾਲ ਲਾਕੇ ਜਵਾਨ ਕੀਤਾ ਹੈ।

ਟਹਿਲਣ ਨੇ ਆਖਿਆ, ਇਹਦੇ ਨੀਂਦ ਵਿਚ ਕੀ ਸ਼ਕ ਹੈ | ਜਦ ਉਸਨੂੰ ਮਾਤਾ ਨਿਕਲੀ ਸੀ ਤਾਂ ਤੁਹਾਡੇ ਬਿਨਾਂ ਕੌਣ ਉਸ ਨੂੰ ਮਾਤਾ ਦੇ ਮੂੰਹੋਂ ਕੱਢ ਸਕਦਾ ਸੀ ? ਓਦੋਂ ਉਹਦਾ ਪਿਉ ਤੇ ਮਤੇਈ ਮਾਂ ਕਿਥੇ ਸਨ ? ਡਰਦਿਆਂ ਮਾਰਿਆਂ ਕੋਈ ਪਰਛਾਵਾਂ ਵੀ ਨਹੀਂ ਸੀ ਲੈਣਾ ਚਾਹੁੰਦਾ। ਬਸ ਦਿਨ ਰਾਤ ਤਾਇਆ ਜੀ ਹੀ ਸਨ ਜੋ ਮੰਜੇ ਨਾਲ ਮੰਜਾ ਬਣੇ ਹੋਏ ਸਨ।

ਵਿਚਕਾਰਲੀ ਨੋਂਹ ਨੇ ਆਖਿਆ,'ਜੇ ਪਾਰਸ ਦੀ ਮਾਂ ਜੀਉਂਦੀ ਵੀ ਰਹਿੰਦੀ ਤਾਂ ਇਹ ਕੁਝ ਨ ਕਰ ਸਕਦੀ ।'

ਗੁਰਚਰਨ ਕੁਝ ਸੰਗ ਜਹੀ ਨਾਲ ਬੋਲੇ, ਰਹਿਣ ਦੇ ਧੀਏ, ਇਹ ਪਿਛਲੀਆਂ ਗਲਾਂ ਕੀ ਫੋਲਣੀਆਂ ਹੋਈਆਂ ।

ਉਹਦੇ ਚਲੇ ਜਾਣ ਪਿੱਛੋਂ ਬੁੱਢੇ ਗੁਰਚਰਨ ਦੀਆਂ ਅਖਾਂ ਅਗੇ ਬਿਮਲ ਤੇ ਪਾਰਸ ਦੋਵੇਂ ਇਕ ਵੇਰਾਂ ਹੀ ਆਗਏ। ਅੰਧੇਰੀ ਰਾਤ ਵਿਚ ਕਾਲੇ ਅਕਾਸ਼ ਵਲੋਂ ਵੇਖ ਕੇ ਉਸ ਦੇ ਮੂੰਹੋਂ ਇਕ ਵੱਡਾ ਸਾਰਾ ਹੌਕਾ ਨਿਕਲ ਗਿਆ ਇਹਦੇ ਪਿਛੋਂ ਇਕ ਮੋਟੀ ਸਾਰੀ ਡਾਂਗ ਲੈਕੇ ਉਹ ਸਰਕਾਰਾਂ ਦੀ ਬੈਠਕ ਵਿਚ ਸ਼ਤਰੰਜ ਖੇਡਣ ਚਲੇ ਗਏ।

ਦੂਜੇ ਦਿਨ ਦੁਪਹਿਰ ਨੂੰ ਗੁਰਚਰਨ ਰੋਟੀ ਖਾਣ ਬੈਠੇ ਸਨ। ਰਸੋਈ ਦਾ ਪਹਾੜ ਵੱਲ ਦਾ ਕੁਝ ਹਿੱਸਾ ਵਲਕੇ ਹਰਿਚਰਨ ਦਾ ਕੰਮ ਚਲਾ ਰਿਹਾ ਸੀ । ਇਥੋਂ ਉੱਚੀ ਉੱਚੀ ਇਕ ਇਸਤ੍ਰੀ ਦੇ ਮੂੰਹੋ ਐਹੋ ਜਹੀਆਂ ਗੱਲਾਂ ਨਿਕਲ ਰਹੀਆਂ ਸਨ ਕਿ ਜਿਨ੍ਹਾਂ ਦਾ ਕਦੇ ਭਰੋਸਾ ਨਹੀਂ ਸੀ ਹੋ ਸਕਦਾ। ਇਹ ਕੁਝ ਸੁਣ ਕੇ ਉਹਨਾਂ ਲਈ ਰੋਟੀ ਖਾਣੀ ਭਾਰੂ ਹੋ ਰਹੀ ਸੀ । ਇਸ ਇਸਤ੍ਰੀ ਦੀ ਬਰੀਕ ਆਵਾਜ਼ ਨਾਲ ਹੁਣ ਇਕ ਆਦਮੀ ਦਾ ਮੋਟਾ ਜਿਹਾ ਅਵਾਜ਼ ਵੀ ਆ ਮਿਲਿਆ ਸੀ । ਇਹ ਸੁਣ ਕੇ ਉਹਨਾਂ ਦੇ ਕੰਨ ਖੜੇ ਹੋ ਗਏ ਤੇ ਉਹ ਇਕ ਦਮ ਉਠ ਕੇ ਖਲੋ ਗਏ । ਵਿਚਕਾਰਲੀ ਨੋਂਹ ਪਰਦੇ ਪਿਛੋਂ ਹੀ 'ਹਾਏ ਹਾਏ' ਕਰ ਉਠੀ ਤੇ ਪੰਚੂ ਦੀ ਮਾਂ ਨੇ ਮਾਰੇ ਗੁੱਸੇ ਦਾ ਸਾਰਾ ਭਾਂਡਾ ਹੀ ਭੰਨ ਦਿਤਾ।

ਵਿਹੜੇ ਵਿਚ ਖਲੋਕੇ ਗੁਰਚਰਨ ਨੇ ਆਪਣੇ ਭਰਾ ਨੂੰ ਅਵਾਜ਼ ਦੇਕੇ ਆਖਿਆ, ਹਰਿਚਰਨ! ਮੈਂ ਬੁੱਢੀਆਂ ਦੀਆਂ ਗੱਲਾ ਵਲ ਧਿਆਨ ਨਹੀਂ ਦੇਂਦਾ, ਪਰ ਜੇ ਤੂੰ ਆਪ ਵੀ ਵਿਚਕਾਰਲੀ ਨੋਂਹ ਦਾ ਐਨਾ ਨਿਰਾਦਰ ਕਰਨ ਲੱਗੇਂਗਾ ਤਾਂ ਏਦਾਂ ਉਸ ਦਾ ਗੁਜ਼ਾਰਾ ਮੁਸ਼ਕਲ ਹੋ ਜਾਇਗਾ।

ਇਸ ਗਲ ਦਾ ਕਿਸੇ ਨੇ ਮੋੜ ਨ ਮੋੜਿਆ। ਪਰ ਬਾਹਰ ਜਾਣ ਵਾਲੇ ਰਾਹ ਥਾਣੀ ਉਹਨਾਂ ਨੂੰ ਛੋਟੀ ਨੋਂਹ ਦਾ ਉੱਚੀ ਉੱਚੀ ਬੋਲਣਾ ਸੁਣ ਪਿਆ। ਉਹ ਠੱਠਾ ਕਰਦੀ ਹੋਈ ਆਖ ਰਹੀ ਸੀ, 'ਏਸ ਤਰ੍ਹਾਂ ਨਿਰਾਦਰ ਨ ਕਰਿਆ ਕਰੋ,' ਆਖ ਦੇਦੀ ਹਾਂ, ਨਹੀਂ ਤਾਂ ਵਿਚਕਾਰਲੀ ਨੋਂਹ ਘਰ ਵਿਚ ਨਹੀਂ ਰਹੇਗੀ, ਫੇਰ ਕੀ ਕਰੋਗੇ?

ਹਰਿਚਰਨ ਜੁਵਾਬ ਦੇ ਰਿਹਾ ਸੀ, 'ਫੇਰ ਕਿਹੜੀ ਦੁਨੀਆਂ ਗਰਕ ਚੱਲੀ ਹੈ। ਅਸੀਂ ਕਿਹੜਾ ਉਹਦੇ ਪੈਰੀਂ ਹੱਥ ਲਾਉਣਾ ਹੈ ਕਿ ਨਾ ਜਾਵੇ। ਇਕ ਵੇਰਾਂ ਛਡ ਕੇ ਸੌ ਵਾਰੀ ਚਲੀ ਜਾਏ।' ਗੁਰਚਰਨ ਠਠੰਬਰ ਕੇ ਖਲੋ ਗਏ ਤੇ ਇਹਨਾਂ ਦੀ ਗਲ ਬਾਤ ਮੁੱਕਣ ਤੇ ਸਭ ਕੁਝ ਸੁਣ ਕੇ ਬਾਹਰ ਨੂੰ ਚਲੇ ਗਏ।