ਸਮੱਗਰੀ 'ਤੇ ਜਾਓ

ਪਾਰਸ/੩.

ਵਿਕੀਸਰੋਤ ਤੋਂ
41849ਪਾਰਸ — ੩.ਸ: ਦਸੌਂਧਾ ਸਿੰਘ ਜੀਬਾਬੂ ਸਰਤ ਚੰਦ ਚੈਟਰਜੀ

੩.

ਹੈਡਮਾਸਟ੍ਰ ਸਾਹਿਬ ਦੀ ਲੜਕੀ ਦੇ ਵਿਆਹ ਤੇ ਜਾਣ ਲਈ ਗੁਰਚਰਨ ਕ੍ਰਿਸ਼ਨ ਨਗਰ ਵਲ ਜਾਣ ਲਈ ਤਿਆਰ ਹੋ ਰਹੇ ਸਨ। ਏਨੇ ਚਿਰ ਨੂੰ ਸੁਣ ਲਿਆ ਕਿ ਪਾਰਸ ਘਰ ਆਗਿਆ ਹੈ ਤੇ ਆਉਂਦੇ ਨੂੰ ਹੀ ਤਾਪ ਨੇ ਘੇਰ ਲਿਆ ਹੈ। ਇਹ ਪਾਰਸ ਦੇ ਕਮਰੇ ਅੰਦਰ ਜਾ ਹੀ ਰਹੇ ਸਨ ਕਿ ਅਗੋਂ ਛੋਟੇ ਭਰਾ ਨੂੰ ਵੇਖਕੇ ਪੁਛਿਆ, ਕੀ ਪਾਰਸ ਨੂੰ ਤਾਪ ਚੜ੍ਹ ਗਿਆ ਹੈ?

ਹਰਿਚਰਨ ‘ਹੂੰ` ਆਖਕੇ ਚਲਿਆ ਗਿਆ | ਛੋਟੀ ਨੋਂਹ ਦੀ ਪੇਕਆਂ ਦੀ ਟਹਿਲਣ ਨੇ ਰਾਹ ਰੋਕ ਕੇ ਆਖਿਆ, ਤੁਸੀਂ ਅੰਦਰ ਨ ਜਾਓ! ਨ ਜਾਓ? ਕਿਉਂ? 'ਅੰਦਰ ਬੀਬੀ ਜੀ ਬੈਠੇ ਹਨ।'

ਉਹਨੂੰ ਆਖ ਦਿਉ ਜ਼ਰਾ ਪਰੇ ਹੋ ਜਾਏ। ਮੈਂ ਪਾਰਸ ਨੂੰ ਵੇਖਣਾ ਚਾਹੁੰਦਾ ਹਾਂ।

ਨੋਕਰਿਆਣੀ ਨੇ ਆਖਿਆ, ਪਰੇ ਕਿਧਰ ਹੋ ਜਾਣਗੇ ਉਹ ਪਾਰਸ ਦਾ ਸਿਰ ਘੁਟ ਰਹੇ ਹਨ। ਇਹ ਆਖਕੇ ਉਹ ਆਪਣੇ ਕੰਮ ਵਿਚ ਲਗ ਗਏ।

ਗੁਰਚਰਨ ਸੁਪਨੇ ਵਾਲਿਆਂ ਵਾਰੀ ਕੁਝ ਚਿਰ ਖਲੋਤੇ ਰਹੇ ਫੇਰ ਅਵਾਜ਼ ਮਾਰਕੇ ਆਖਿਆ ਕੀ ਹਾਲ ਹੈ ਬੇਟਾ ਪਾਰਸ! ਤਬੀਅਤ ਠੀਕ ਹੈ ਨਾਂ? ਅੰਦਰੋਂ ਕੋਈ ਜਵਾਬ ਨ ਆਇਆ । ਨੌਕਰਿਆਣੀ ਨੇ ਉੱਥੋਂ ਹੀ ਆਖਿਆ, ਬਾਬੂ ਜੀ ਨੂੰ ਬੁਖਾਰ ਹੈ ਸੁਣਿਆਂ ਨਹੀਂ ?

ਗੁਰਚਰਨ ਬੁੱਤ ਜਿਹਾ ਬਣੀ ਦੋ ਚਾਰ ਮਿੰਟ ਉਥੇ ਹੀ ਖੜੇ ਰਹੇ । ਫੇਰ ਉਥੋਂ ਬਿਨਾ ਕਿਸੇ ਨੂੰ ਕੁਝ ਦਸੇ ਸੁਣੇ ਦੋ ਸਿੱਧੇ ਰੇਲਵੇ ਸਟੇਸ਼ਨ ਤੇ ਚਲੇ ਗਏ ।

ਉੱਥੇ ਵਿਆਹ ਦੀ ਧੂਮ ਧਾਮ ਵਿਚ ਤਾਂ ਕਿਸੇ ਨੇ ਕੁਝ ਨ ਕਿਹਾ ਸੁਣਿਆਂ, ਪਰ ਵਿਆਹ ਮੁੱਕਣ ਪਿਛੋਂ ਉਹਨਾਂ ਦੇ ਪੁਰਾਣੇ ਮਿਤ੍ਰ ਹੈਡਮਾਸਟਰ ਨੇ ਪੁਛਿਆ।

ਕੀ ਗਲ ਹੈ ਗੁਰਚਰਨ ਸਣਿਆਂ ਹੈ ਤੁਹਾਡੇ ਛੋਟੇ ਭਰਾ ਹਰਿਚਰਨ ਤੁਹਾਡੇ ਬਹੁਤ ਪਿਛੇ ਪੈਗਏ ਹਨ ।

ਗੁਰਚਰਨ ਨੇ ਬੇਧਿਆਨੇ ਹੀ ਕਿਹਾ, ਕੌਣ ਹਰਿਚਰਨ ? ਨਹੀਂ।

'ਨਹੀਂ ਕੀ, ਹਰਿਚਰਨ ਦੀ ਸ਼ੈਤਾਨੀ ਦਾ ਹਾਲ ਤਾਂ ਸਾਰੇ ਜਾਣਦੇ ਹਨ।

ਗੁਰਚਰਨ ਨੂੰ ਸਾਰੀਆਂ ਪਿਛਲੀਆਂ ਚੇਤੇ ਆ ਗਈਆਂ । ਕਹਿਣ ਲੱਗਾ 'ਹਾਂ ਜ਼ਮੀਨ ਤੇ ਜਾਇਦਾਦ ਸਬੰਧੀ ਉਹ ਕੁਝ ਗੜ ਬੜੀ ਕਰ ਰਿਹਾ ਹੈ।

ਇਹਨਾਂ ਦੀਆਂ ਗੱਲਾਂ ਦੇ ਢੰਗ ਤੋਂ ਹੈਡਮਾਸਟਰ ਸਾਹਿਬ ਕੁਝ ਗੁੰਮ ਜਹੇ ਹੋ ਗਏ । ਦੋਵੇਂ ਛੋਟੇ ਹੁੰਦਿਆਂ ਦੇ ਲੰਗੋਟੀਏ ਮਿਤ੍ਰ ਸਨ, ਪਰ ਗੁਰਚਰਨ ਆਪਣੇ ਦੁੱਖ ਦੀ ਗਲ ਬਾਤ ਇਹਨਾਂ ਪਾਸੋਂ ਉਦਾਸੀ ਦੇ ਪਰਦੇ ਹੇਠ ਛਪਾਉਣਾ ਚਾਹੁੰਦਾ ਹੈ, ਇਹ ਵੇਖ ਕੇ ਉਹ ਫੇਰ ਕੁਝ ਨਾ ਬੋਲੇ | ਵਿਆਹ ਤੋਂ ਮੁੜਕੇ ਗੁਰਚਰਨ ਨੇ ਵੇਖਿਆ ਕਿ ਇਨ੍ਹਾਂ ਦੇ ਪਿਛੋਂ ਹਰਿਚਰਨ ਨੇ ਸਾਰੇ ਵਿਹੜੇ ਵਿਚ ਐਨੇ ਟੋਏ ਤੇ ਖੱਡੇ ਪਾ ਦਿੱਤੇ ਹਨ ਕਿ ਖੜੇ ਹੋਣ ਨੂੰ ਥਾਂ ਨਹੀਂ ਰਿਹਾ। ਉਹ ਸਮਝ ਗਏ ਕਿ ਹਚਰਨ ਸਾਰੇ ਘਰ ਨੂੰ ਆਪਣੀ ਮਰਜ਼ੀ ਨਾਲ ਵੰਡਕੇ ਵਿਚ ਜ਼ਰੂਰ ਕੰਧ ਕਰ ਲਏਗਾ। ਉਹਦੇ ਪਾਸ ਰੁਪਇਆ ਹੈ ਇਸ ਕਰਕੇ ਉਹਨੂੰ ਕਿਸੇ ਨੂੰ ਪੁਛਣ ਗਿਛਣ ਦੀ ਲੋੜ ਨਹੀਂ ।

ਉਹ ਆਪਣੇ ਕਮਰੇ ਵਿਚ ਜਾਕੇ ਕਪੜੇ ਬਦਲ ਰਹੇ ਸਨ ਕਿ ਇਨੇ ਚਿਰ ਨੂੰ ਪੰਚੂ ਦੀ ਮਾਂ ਵਿਚਕਾਰਲੀ ਨੋਂਹ ਨੂੰ ਲੈਕੇ ਸਾਹਮਣੇ ਆ ਖੜੀ ਹੋਈ। ਗੁਰਚਰਨ ਅਜੇ ਕੁਝ ਪੁਛਣ ਹੀ ਲੱਗਾ ਸੀ ਕਿ ਉਹ ਅੱਗੋਂ ਰੋਣ ਲਗ ਪਈ । ਰੋਂਦਿਆਂ ਰੋਂਦਿਆਂ ਉਸਨੇ ਕਿਹਾ, ਕਿ ਪਰਸੋਂ ਸਵੇਰੇ ਛੋਟੇ ਬਾਬੂ ਨੇ ਵਿਚਕਾਰਲੀ ਨੋਂਹ ਨੂੰ ਧੱਕੇ ਮਾਰਕੇ ਘਰੋਂ ਕੱਢ ਦਿਤਾ ਸੀ ਜੇ ਮੈਂ ਨ ਹੁੰਦੀ ਤਾਂ ਖਬਰੇ ਮਾਰ ਮਾਰ ਕੇ ਮਾਰ ਹੀ ਸੁਟਦੇ।

ਗਲ ਬਾਤ ਪੂਰੀ ਤਰਾਂ ਨੂੰ ਸਮਝਦਿਆਂ ਹੋਇਆਂ ਗੁਰਚਰਨ ਨੇ ਮਿੱਟੀ ਦੇ ਪੁਤਲੇ ਵਾਂਗ ਕੁਝ ਚਿਰ ਚੁੱਪ ਰਹਿਕੇ ਪੁਛਿਆ, ਸੱਚ ਮੁੱਚ ਹੀ ਹਰਿਚਰਨ ਨੇ ਤੁਹਾਡੇ ਸਰੀਰ ਨੂੰ ਛੋਹ ਲਿਆ ਹੈ ? ਉਹਦਾ ਹੌਸਲਾ ਕਿਦਾਂ ਪਿਆ ?

ਥੋੜੀ ਦੇਰ ਪਿਛੋਂ ਫੇਰ ਕਹਿਣ ਲੱਗੇ, ਮਲੂਮ ਹੁੰਦਾ ਹੈ ਕਿ ਪਾਰਸ ਕਿਤੇ ਮੰਜੀ ਤੇ ਪਏ ਹੋਏ ਹੋਣਗੇ ।

ਪੰਚੂ ਦੀ ਮਾਂ ਨੇ ਆਖਿਆ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਸੀ ਹੋਇਆ, ਉਹ ਅੱਜ ਹੀ ਰੇਲ ਰਾਹੀਂ, ਕਲਕਤੇ ਚਲੇ ਗਏ ਹਨ।

ਕੁਝ ਨਹੀਂ ਹੋਇਆ ਤਾਂ ਕੀ ਉਹ ਆਪਣੇ ਪਿਉ ਦੀ ਕਰਤੂਤ ਵੇਖ ਗਿਆ ਹੈ ?

ਪੰਚੂ ਦੀ ਮਾਂ ਨੇ ਆਖਿਆ, 'ਹਾਂ ਸਭ ਕੁਝ ਅੱਖੀਂ ਵੇਖ ਗਿਆ ਹੈ।

ਗੁਰਚਰਨ ਦੇ ਪੈਰਾਂ ਥਲਿਓਂ ਜ਼ਮੀਨ ਨਿਕਲ ਗਈ। ਕਹਿਣ ਲਗੇ, “ਚਲ ਬੀਬਾ ਜੇ ਉਸਨੂੰ ਐਨੇ ਕਸੂਰ ਦੀ ਸਜ਼ਾ ਵੀ ਨ ਮਿਲੇ ਤਾਂ ਮੇਰਾ ਇਸ ਘਰ ਵਿਚ ਰਹਿਣਾ ਫਜ਼ੂਲ ਹੈ। ਮੈਂ ਗੱਡੀ ਲਿਆਉਨਾ ਹਾਂ ਸਾਨੂੰ ਕਚਹਿਰੀ ਜਾਕੇ ਉਸਤੇ ਮੁਕੱਦਮਾ ਚਲਾਣਾ ਪਏਗਾ।

ਅਦਾਲਤ ਵਿਚ ਜਾਕੇ ਮੁਕਦਮਾ ਕਰਨਾ ਸੁਣਕੇ ਵਿਚਕਾਰਲ ਨੋਂਹ ਤ੍ਰਬਕ ਪਈ। ਗੁਰਚਰਨ ਨੇ ਆਖਿਆ “ਮੈਂ ਜਾਣਦਾ ਹਾਂ ਕਿ ਟਬਰ ਦਾਰ ਵਾਸਤੇ ਆਪਣੀਆਂ ਨੋਹਾਂ ਧੀਆਂ ਨਾਲ ਇਹ ਸਲੂਕ ਕਰਨਾ ਬਿਲਕੁਲ ਠੀਕ ਨਹੀਂ। ਜੇ ਤੂੰ ਚੁਪ ਚਾਪ ਇਹ ਨਿਰਾਦਰ ਸਹਾਰ ਲਿਆ ਤਾਂ ਰੱਬ ਵੀ ਤੇਰੇ ਤੇ ਗੁਸੇ ਹੋ ਜਾਇਗਾ।

ਵਿਚਕਾਰਲੀ ਨੋਂਹ ਉਠ ਕੇ ਖਲੋ ਗਈ। ਕਹਿਣ ਲੱਗੀ ਤੁਸੀਂ ਪਿਉ ਦੀ ਥਾਂ ਹੋ ਜਦੋਂ ਮੈਨੂੰ ਆਖੋਗੇ ਮੈਂ ਮੰਨਣ ਨੂੰ ਤਿਆਰ ਹਾਂ।

ਹਰਚਰਨ ਦੇ ਬਰ ਖਿਲਾਫ ਮੁਕਦਮਾਂ ਚਲਾਇਆ ਗਿਆ, ਗੁਰਚਰਨ ਨੇ ਆਪਣੇ ਪੁਰਾਣੇ ਜ਼ਮਾਨੇ ਦੀ ਸੋਨੇ ਦੀ ਜੰਜੀਰੀ ਵੇਚਕੇ ਵਕੀਲ ਨੂੰ ਡਬਲਫੀਸ ਦੇ ਦਿੱਤੀ।

ਤ੍ਰੀਕ ਵਾਲੇ ਦਿਨ ਪੇਸ਼ੀ ਹੋਈ। ਦੂਜਾ ਫਰੀਕ ਹਰਿਚਰਨ ਹਾਜ਼ਰ ਹੋਇਆ ਪਰ ਵਾਦਨੀ ਕਿਧਰੇ ਨ ਦਿੱਸੀ। ਵਕੀਲ ਨੇ ਪਤਾ ਨਹੀਂ ਕੀ ਕੁਝ ਆਖਿਆ, ਹਾਕਮ ਨੇ ਮੁਕਦਮਾਂ ਖਾਰਜ ਕਰ ਦਿਤਾ ਭੀੜ ਵਿਚ ਅਚਾਨਕ ਗੁਰਚਰਨ ਨੇ ਪਾਰਸ ਨੂੰ ਵੇਖ ਲਿਆ ਉਹ ਮਾੜਾ ਮਾੜਾ ਹੱਸ ਰਿਹਾ ਸੀ।

ਗੁਰਚਰਨ ਨੇ ਘਰ ਆਕੇ ਪਤਾ ਕੀਤਾ ਕਿ ਪੇਕਿਆਂ ਵਿਚ ਕਿਸੇ ਦੀ ਸਖਤ ਬੀਮਾਰੀ ਦੀ ਖਬਰ ਸੁਣ ਕੇ ਉਹ ਚੁਪ ਚਾਪ ਬਿਨਾ ਨਾਏ ਧੋਏ ਤੇ ਖਾਧੇ ਪੀਤੇ ਦੇ ਗੱਡੀ ਲੈ ਕੇ ਪੇਕੇ ਚਲੀ ਗਈ ਹੈ।

ਪੰਚੂ ਦੀ ਮਾਂ ਹੱਥ ਮੂੰਹ ਧੋਣ ਨੂੰ ਪਾਣੀ ਦੇਣ ਆਈ ਤਾਂ ਰੋ ਕੇ ਕਹਿਣ ਲੱਗੀ, ਦਿਨੇ ਵੀ ਧੋਖਾ ਹੈ ਤੇ ਰਾਤ ਵੀ ਧੋਖਾ ਹੈ, ਤੁਸੀਂ ਕਿਧਰੇ ਹੋਰ ਜਗ੍ਹਾ ਚਲੇ ਜਾਉ। ਇਸ ਪਾਪੀ ਦੇ ਪਾਸ ਤੁਹਾਡੇ ਰਹਿਣ ਦੀ ਹੋਰ ਕੋਈ ਥਾਂ ਨਹੀਂ।

ਢੋਲ ਆਏ, ਨਗਾਰੈ ਆਏ, ਮੁਕਦਮਾ ਜਿੱਤ ਲੈਣ ਦੀ ਖੁਸ਼ੀ ਵਿਚ ਹਰਿਚਰਨ ਨੇ ਕਈ ਲੋਹੜੇ ਕੀਤੇ। ਐਨਾ ਰੌਲਾ ਰੱਪਾ ਪਾਇਆ ਕਿ ਸਾਰਾ ਪਿੰਡ ਹੀ ਅਲਕਾਂਦ ਆ ਗਿਆ।