ਪੰਜਾਬ ਦੇ ਹੀਰੇ/ਬਾਬਾ ਫ਼ਰੀਦੁਦੀਨ ਸ਼ਕਰਗੰਜ

ਵਿਕੀਸਰੋਤ ਤੋਂ

ਬਾਬਾ ਫ਼ਰੀਦੁਦੀਨ ਸ਼ਕਰਗੰਜ

ਆਪ ਦਾ ਜਨਮ ੫੮੦ ਹਿਜਰੀ (ਮੁਤਾਬਕ ਸੰਨ ੧੧੮੯ ਈਸਵੀ) ਵਿੱਚ ਕਸਬਾ ਖੋਤਵਾਲ ਇਲਾਕਾ ਮੁਲਤਾਨ ਵਿਚ ਹੋਇਆ ਸੀ ।

ਆਪ ਸ਼ਾਹੀ ਖਾਨਦਾਨ ਵਿੱਚੋਂ ਸਨ। ਆਪ ਦੇ ਪਿਤਾ ਹਜ਼ਰਤ ਜਮਾਲਦੀਨ, (ਕਈਆਂ ਨੇ ਹਜ਼ਰਤੇ ਕੰਮਾਲੇ ਦੀਨ ਲਿਖਿਆ ਹੈ) ਸੁਲਤਾਨ ਮਹਮੂਦ ਗ਼ਜ਼ਨਵੀ ਦੇ ਭਣੇਂਵੇਂ ਸਨ, ਜੋ ਸੁਲਤਾਨ ਸ਼ਹਾਬਉਦੀਨ ਦੇ ਸਮੇਂ ਕਾਬਲ ਤੋਂ ਲਾਹੌਰ ਆਏ ਅਤੇ ਕਸੂਰ ਜ਼ਿਲਾ ਲਾਹੌਰ ਵਿਚ ਵੱਸੇ। ਪਰ ਕੁਝ ਸਮੇਂ ਪਿਛੋਂ ਸੁਲਤਾਨ ਦੇ ਹੁਕਮ ਅਨੁਸਾਰ ਮੁਲਤਾਨ ਮੁੜ ਗਏ, ਜਿਥੇ ਮਲਾਂ ਵਜੀਹੁੱਦੀਨ ਦੀ ਸਪੁਤ੍ਰੀ ਨਾਲ ਸ਼ਾਦੀ ਕੀਤੀ, ਜਿਨ੍ਹਾਂ ਦੇ ਪੇਟੋਂ ਤਿੰਨ ਸਾਹਿਬਜ਼ਾਦੇ ਜਨਮੇ। ਵਡੇ ਸਾਹਿਬਜ਼ਾਦੇ ਦਾ ਨਾਂ ਅਜ਼ੀਜ਼ਉਦੀਨ ਮਹਮੂਦ, ਵਿਚਕਾਰਲੇ ਦਾ ਨਾਂ ਫਰੀਦੁੱਦੀਨ ਮਸਊਦ ਅਤੇ ਛੋਟੇ ਦਾ ਨਾਂ ਨਜੀਬੁਦੀਨ ਮੁਤਵਕਲ ਸੀ। ਬਾਬਾ ਫ਼ਰੀਦ ਦਾ ਸ਼ਜਰਾ ਨਸਬ ਸਤਾਰਾਂ ਪੁਸ਼ਤਾਂ ਵਿਚ ਹਜ਼ਰਤ ਸੁਲਤਾਨ ਇਬਰਾਹੀਮ ਅਦਮ ਨਾਲ ਅਤੇ ੩੦ ਪੁਸ਼ਤਾਂ ਵਿੱਚ ਖਲੀਫ਼ਾ ਸਾਨੀ ਹਜ਼ਰਤ ਉਮਰ ਨਾਲ ਜਾ ਮਿਲਦਾ ਹੈ ।

ਏਸੇ ਸਿਲਸਿਲੇ ਦੀ ਅਠਵੀਂ ਪੀਹੜੀ ਵਿੱਚ ਫ਼ੁੱਰੁਖ ਸ਼ਾਹ ਬਾਦਸ਼ਾਹ ਕਾਬਲ ਦਾ ਨਾਂ ਹੈ। 'ਫੱਰੁਖ ਸ਼ਾਹ ਦੇ ਚਲਾਣੇ ਪਿਛੋਂ ਜਦ ਗਜ਼ਨੀ ਦੇ ਬਾਦਸ਼ਾਹ ਸਲਤਨਤ ਕਾਬਲ ਦੇ ਹੁਕਮਰਾਨ ਹੋਏ ਤਾਂ ਉਨਾਂ ਨੇ ਪੁਰਾਣੇ ਬੰਦੋਬਸਤ ਨੂੰ ਭੰਨ ਤੋੜਕੇ ਮੁਲਕੀ ਕਾਨੂੰਨਾਂ ਵਿਚ ਇਨਕਲਾਬ ਪੈਦਾ ਕਰ ਦਿਤਾ। ਇਸ ਪਿਛੋਂ ਜਦੋਂ ਚੰਗੇਜ਼ ਖਾਂ ਨੇ ਆਫਤ ਮਚਾਈ ਅਤੇ ਕਾਬਲ ਦੇ ਖਾਸ ਆਦਮੀਆਂ ਉਤੇ ਹੱਦੋਂ ਵੱਧ ਜ਼ੁਲਮ ਕੀਤੇ ਤਾਂ ਇਸ ਖ਼ਾਨਦਾਨ ਉਤੇ ਉਥੋਂ ਦੀ ਜ਼ਿੰਦਗੀ ਔਖੀ ਹੋ ਗਈ । ਏਸੇ ਹੀ ਰੌਲੇ ਗੌਲੇ ਅਤੇ ਅੰਧਾ ਧੁੰਦ ਦੇ ਸਿਲੇਸਲੇ ਵਿੱਚ ਆਪ ਦੇ ਦਾਦਾ ਖਵਾਜਾ ਮੁਹੰਮਦ ਸ਼ੁਐਬ ਸ਼ਹੀਦ ਹੋ ਗਏ ਅਤੇ ਆਪਦੇ ਪਿਤਾ ਮਜਬੂਰਨ ਇਸ ਬੇਬਸੀ ਅਤੇ ਬੇਕਸੀ ਦੀ ਹਾਲਤ ਵਿੱਚ ਕਾਬਲ ਨੂੰ ਛਡ ਕੇ ਹਿੰਦੁਸਤਾਨ ਚਲੇ ਆਏ। |

ਬਾਬਾ ਫ਼ਰੀਦ ਦਾ ਜਨਮ ੫੮੦ ਹਿ: ਜਾਂ ੫੮੪ ਹਿ: ਵਿਚ ਖੋਤਵਾਲ(ਜਿਸ ਨੂੰ ਹੁਣ ਚਾਵਲੀ ਮੁਸ਼ਾਇਖ ਆਖਿਆ ਜਾਂਦਾ ਹੈ।) ਇਲਾਕਾਂ ਮੁਲਤਾਨ ਵਿਚ ਹੋਇਆਂ ਅਤੇ ਇਸ ਥਾਂ ਤੇ ਪਲੇ। ਰਵਾਜ ਅਨੁਸਾਰ ਆਪ ਇਕ ਮਸੀਤ ਵਿਚ ਵਿਦਿਆ ਪੜ੍ਹਨ ਲਗ ਪਏ। ਪਹਿਲਾਂ ਪਹਿਲ ਆਪ ਨੇ ਕੁਰਾਨ ਸ਼ਰੀਫ ਕੰਠ ਕੀਤਾ ਇਸ ਪਿਛੋਂ ਜ਼ਰੂਰੀ ਪੁਸਤਕਾਂ ਦਾ ਦਰਸੀ ਮੁਤਾਲਿਆ ਕੀਤਾ ਅਤੇ ਹੋਰ ਵਿਦਿਆ ਪ੍ਰਾਪਤੀ ਲਈ ਹਜ਼ਰਤ ਮੌਲਾਨਾ ਮਿਨਹਾਜੁਦੀਨ ਦੇ ਮੁਰੀਦ ਹੋਏ। ਆਪ ਧਾਰਮਕ ਵਿਦਿਆ ਦੇ ਪੁਸਤਕ ਪੜ੍ਹਨ ਲਗ ਪਏ ।

ਆਪ ਮੁੱਢ ਤੋਂ ਹੀ ਫ਼ਕੀਰਾਨਾ ਜੀਵਨ ਵਲ ਮਾਇਲ ਸਨ। ਜਵਾਨੀ ਦੀ ਉਮਰ ਸੀ ਪਰ ਕੇਵਲ ਦੋ ਹੀ ਕੰਮ ਸਨ। ਇਕ ਧਾਰਮਕ ਵਿਦਿਆ ਅਤੇ ਦੂਜਾ ਤਸਵਫ਼ ਦਾ ਸ਼ੌਂਕ। ੧੮ ਸਾਲ ਦੀ ਉਮਰ ਸੀ ਜਦ ਪਹਿਲੀ ਵਾਰੀ ਹਜ਼ਰਤ ਖ਼ਵਾਜਾ ਕੁਤਬੁ ਦੀਨ ਬਖ਼ਤਿਆਰ ਕਾਕੀ ਨਾਲ ਆਪ ਦਾ ਮੇਲ ਹੋਇਆ। ਉਨ੍ਹਾਂ ਦਿਨਾਂ ਵਿਚ ਆਪ ਮੌਲਾਨਾ ਮਨਹਾਜੁ ਦੀਨ ਪਾਸੋਂ ਪੁਸਤਕ ਨਾਫ਼ਾ ਤਿਰਮਜ਼ੀ ਪੜ ਰਹੇ ਸਨ।

ਆਪ ਮਸੀਤ ਵਿਚ ਇਕ ਵਾਰੀ ਆਂਪਣਾ ਸਬਕ ਦੁਹਰਾ ਰਹੇ ਸਨ, ਕਿ ਹਜ਼ਰਤ ਖਵਾਜਾ ਆ ਗਏ । ਆਪ ਦੇ ਵਿਦਿਅਕ ਸ਼ੌਕ ਨੂੰ ਵੇਖ ਕੇ ਖੁਸ਼ ਹੋਏ ਅਤੇ ਫ਼ਰਮਾਇਆ ਕਿ ਕਿਉਂ ਸਾਹਿਬਜ਼ਾਦੇ ਕੀ ਪੜ ਰਹੇ ਹੋ? ਆਪ ਨੇ ਉਤਰ ਦਿੱਤਾ ਹਜ਼ਰਤ ! ਨਾਫ਼ੇ (ਨਫੇ ਵਾਲੀ ਸ਼ੈ) ਉਹ ਉਤਰ ਸੁਣ ਕੇ ਪ੍ਰਸੰਨ ਹੋਏ ਅਤੇ ਫ਼ਰਮਾਇਆ, ਰਬ ਨੇ ਚਾਹਿਆ ਤਾਂ ਨਫ਼ਾ ਹੀ ਰਹੇਗਾ। ਇਹ ਵਰ ਸੁਣ ਕੇ ਆਪ ਦੇ ਦਿਲ ਵਿਚ ਸ਼ਰਧਾ ਅਤੇ ਸ਼ੌਕ ਦੀ ਲਹਿਰ ਦੌੜ ਗਈ ਅਤੇ ਫੌਰਨ ਹੀ ਉਨਾਂ ਦੇ ਮੁਰੀਦ ਹੋ ਗਏ । ਜਦ ਹਜ਼ਰਤ ਖਵਾਜਾ ਸਾਹਿਬ ਮੁਲਤਾਨ ਤੋਂ ਵਾਪਸ ਦਿੱਲੀ ਚਲੇ ਤਾਂ ਆਪ ਭੀ ਲਿਖਣਾ ਪੜਨਾ ਛਡਕੇ ਉਨ ਦੇ ਨਾਲ ਦਿੱਲੀ ਜਾਣ ਲਈ ਤਿਆਰ ਹੋ ਪਏ। ਇਸ ਪਰ ਉਨ੍ਹਾਂ ਨੇ ਫਰਮਾਇਆ ਕਿ ਦਿੱਲੀ ਦੇ ਸਫ਼ਰ ਵਿੱਚ ਤਾਂ ਕੋਈ ਹਰਜ ਨਹੀਂ ਪਰ ਲੋੜ ਇਸ ਗੱਲ ਦੀ ਹੈ ਕਿ ਪਹਿਲਾਂ ਬਾਹਰਲੀ ਵਿਦਿਆ ਹਾਸਲ ਕਰ ਕੇ ਫਿਰ ਤਸੱਵਫ ਵਲ ਧਿਆਨ ਦਿਓ ਕਿਉਂਕਿ ਜਾਹਲ ਸੂਫ਼ੀ ਇਕ ਮਖੌਲੀਏ ਤੋਂ ਜ਼ਿਆਦਾ ਹੈਸੀਅਤ ਨਹੀਂ ਰਖਦਾ। ਜਦ ਸ਼ਰਈ ਵਿਦਿਆ ਤੋਂ ਵੇਹਲ ਮਿਲ ਜਾਏ ਤਾਂ ਦਿੱਲੀ ਚਲੇ ਆਉਣਾ।

ਸਫ਼ਰ-ਹਜ਼ਰਤ ਖਵਾਜਾ ਬਖਤਿਆਰ ਕਾਕੀ ਦੇ ਹੁਕਮ ਅਨੁਸਾਰ ਆਪ ਓਥੇ ਹੀ ਠਹਿਰ ਗਏ ਅਤੇ ਆਪਣੇ ਕੋਰਸ ਮੁਤਾਬਕ ਮਲਤਾਨ ਤੋਂ ਕੰਧਾਰ ਚਲੇ ਗਏ ਤੇ ਉਥੇ ਹੀ ਵਿਦਿਆ ਦਾ ਸਿਲਸਿਲਾ ਜਾਰੀ ਕਰ ਦਿਤਾ। ਇਸ ਪਿਛੋਂ ਬਗਦਾਦ ਪਹੁੰਚੇ ਅਤੇ ਹਜ਼ਰਤ ਸ਼ੇਖ ਸ਼ਹਾਬਉਦੀਨ ਸੁਹਰਵਰਦੀ, ਸੈਫ਼ ਦੀਨ ਬਾਖਰਜ਼ੀ ਬਹਾਉਦੀਨ ਜ਼ਕਰੀਆ, ਫ਼ਰੀਦ ਦੀਨ ਅੱਤਾਰ ਨੇਸ਼ਾਪੁਰੀ ਆਦਿ ਬਜ਼ਰਗਾਂ ਦੀ ਸੰਗਤ ਵਿੱਚ ਰਹਿ ਕੇ ਨਫ਼ਸ ਤੇ ਦਿਲ ਦੀ ਸਫ਼ਾਈ ਵਿੱਚ ਲਗੇ ਰਹੇ।ਏਥੋਂ ਵੇਹਲੇ ਹੋ ਕੇ ਅਰਾਕ, ਖ਼ੁਰਾਸਾਨ ਮਾਵਰਾਉਲ ਨਹਿਰ ਅਤੇ ਮਕੇ ਦੀ ਯਾਤਰਾ ਕਰਦੇ ਹੋਏ ਵਾਪਸ ਦਿੱਲੀ ਆ ਗਏ ਅਤੇ ਖਵਾਜਾ ਸਾਹਿਬ ਦੇ ਪਾਸ ਇਕ ਹੁਜਰੇ ਵਿੱਚ ਰਹਿਣ ਲਗ ਪਏ ਜੋ ਗ਼ਜ਼ਨੀ ਦਰਵਾਜ਼ੇ ਦੇ ਲਾਗੇ ਸੀ।

ਮਨ ਦੀ ਸਫਾਈ ਲਈ ਹਰ ਰੋਜ਼ ਇਕ ਵਾਰੀ ਆਪ ਕੁਰਾਨ ਸ਼ਰੀਫ਼ ਦਾ ਪਾਠ ਕਰ ਲਿਆ ਕਰਦੇ। ਬੇ-ਪਰਵਾਹੀ ਦੀ ਇਹ ਹਾਲਤ ਸੀ ਕਿ ਬਹੁਤ ਕਰਕੇ ਜੰਗਲ ਵਿੱਚ ਚਲੇ ਜਾਂਦੇ। ਆਪ ਕਈ ਕਈ ਦਿਨ ਰੋਜ਼ਾ ਰਖਦੇ ਅਤੇ ਤਿੰਨ ਕੁ ਦਿਨਾਂ ਪਿਛੋਂ ਕੇਵਲ ਜੰਗਲੀ ਫਲਾਂ ਅਤੇ ਪਤਿਆਂ ਨਾਲ ਰੋਜ਼ਾ ਖੋਲ ਲੈਂਦੇ । ਆਪ ਨੇ ਲਕੜੀ ਦੀ ਇਕ ਰੋਟੀ ਬਣਾ ਰਖੀ ਸੀ । ਰੋਜ਼ੇ ਦੀ ਹਾਲਤ ਵਿੱਚ ਬਹੁਤ ਕਰ ਕੇ ਉਸ ਰੋਟੀ ਨੂੰ ਢਿੱਡ ਨਾਲ ਬੰਨ ਰਖਦੇ। ਜਦ ਰੋਜ਼ਾ ਖੋਲਣ ਲਈ ਕੋਈ ਸ਼ੈ ਨਾ ਮਿਲਦੀ ਤਾਂ ਲਕੜੀ ਦੀ ਰੋਟੀ ਢਿਡ ਨਾਲੋਂ ਖੋਲ ਕੇ ਅਸਲੀ ਰੋਟੀ ਵਾਂਗ ਮੁੰਹ ਨਾਲ ਤੋੜ ਕੇ ਖਾਣ ਦੀ ਕੋਸ਼ਸ਼ ਕਰਦੇ । ਓਹੀ ਰੋਟੀ ਆਪ ਦੇ ਮਜ਼ਾਰ ਦੇ ਗਦੀ ਨਸ਼ੀਨ ਪਾਸ ਹੁਣ ਤਕ ਸਾਂਭੀ ਪਈ ਹੈ । ਇਸ ਰੋਟੀ ਬਾਬਤ ਆਪ ਫਰਮਾਂਦੇ ਹਨ -

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖੁ
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ

(੩)

ਗੰਜ ਸ਼ਕਰ ਦਾ ਖਿਤਾਬ:-ਬਾਬਾ ਫ਼ਰੀਦ ਦੇ ਨਾਂ ਨਾਲ ਗੰਜ ਸ਼ਕਰ ਦਾ ਲਕਬ ਤਵਾਰੀਖ ਵਾਲਿਆਂ ਦੀ ਲਿਖਤ ਅਨੁਸਾਰ ਤਿੰਨ ਸੂਤਰਾਂ ਵਿੱਚ ਵੰਡਿਆ ਜਾ ਸਕਦਾ ਹੈ। ਕਈਆਂ ਨੇ ਲਿਖਿਆ ਹੈ ਕਿ ਆਪ ਬਾਲ ਅਵਸਥਾ ਵਿੱਚ ਸ਼ੱਕਰ ਬਹੁਤ ਖੁਸ਼ ਹੋ ਕੇ ਖਾਇਆ ਕਰਦੇ ਸਨ। ਆਪ ਦੀ ਮਾਤਾ ਜੋ ਇਕ ਨੇਕ ਅਤੇ ਪਰਹੇਜ਼ਗਾਰ ਦੇਵੀ ਸੀ, ਆਪ ਨੂੰ ਨਮਾਜ਼ ਦਾ ਸ਼ੌਕ ਦਿਲਾਣ ਲਈ ਪੰਜੇ ਵਕਤ ਮੁਸੱਲੇ ਹੇਠਾਂ ਸ਼ੱਕਰ ਰਖ ਦਿਤਾ ਕਰਦੀ ਅਤੇ ਆਖਦੀ ਕਿ ਨਮਾਜ਼ ਪੜ੍ਹਨ ਵਾਲਿਆਂ ਨੂੰ ਰਬ ਸ਼ੱਕਰ ਦੇਂਦਾ ਹੈ।

ਇਕ ਵਾਰੀ ਆਪ ਆਪਣੀ ਉਮਰ ਦੇ ਕੁਝ ਬਾਲਾਂ ਨਾਲ ਕਿਧਰੇ ਬਾਹਰ ਖੇਡਣ ਲਈ ਗਏ। ਉਥੇ ਹੀ ਨਮਾਜ਼ ਦਾ ਸਮਾਂ ਹੋ ਗਿਆ ਅਤੇ ਆਪ ਕਪੜਾ ਵਿਛਾ ਕੇ ਨਮਾਜ਼ ਪੜਨ ਲਗੇ। ਜਦੇ ਨਮਾਜ਼ ਪੜ੍ਹ ਚੁੱਕੇ ਤਾਂ ਪਹਿਲੇ ਵਾਂਗੂੰ ਕਪੜਾ ਚੁੱਕ ਕੇ ਵੇਖਿਆ ਤਾਂ ਉਸ ਬਲੇ ਸ਼ਕਰ ਦਾ ਢੇਰ ਸੀ। ਜਿਸਨੂੰ ਆਪ ਨੇ ਮਿਤਾਂ ਸਣੇ ਖੂਬ ਖਾਧਾ। ਜਦ ਵਾਪਸ ਮੁੜੇ ਤਾਂ ਸਾਰੀ ਗਲ ਮਾਂ ਨੂੰ ਸੁਣਾਈ । ਉਨ੍ਹਾਂ ਨੇ ਰਬ ਦਾ ਸ਼ੁਕਰ ਕਰਦਿਆਂ ਹੋਇਆਂ ਦਸਿਆ ਕਿ ਮੈਂ ਖ਼ੁਦਾ ਅਗੇ ਬੇਨਤੀ ਕਰ ਰਹੀ ਸਾਂ ਕਿ ਰੱਬ ਮੇਰੀ ਇੱਜ਼ਤ ਰਖੇ। ਉਸੇ ਦਿਨ ਤੋਂ ਆਪ ਸ਼ਕਰ ਗੰਜ ਦੇ ਨਾਂ ਤੇ ਉਘੇ ਹਨ।

ਦੂਜੀ ਰਵਾਇਤ ਇਹ ਹੈ ਕਿ ਆਪ ਹਜ਼ਰਤ ਖਵਾਜਾ ਬਖਤਿਆਰ ਕਾਕੀ ਦੇ ਪਾਸ ਦਿੱਲੀ ਸਨ ਅਤੇ ਆਪਣੇ ਹੁਜਰੇ ਵਿੱਚੋਂ ਚੌਥੇ ਪੰਜਵੇਂ ਦਿਨ ਨਿਕਲਕੇ ਖਵਾਜਾ ਸਾਹਿਬ ਦੀ ਕਦਮਬੋਸੀ ਕੀਤਾ ਕਰਦੇ। ਇਕ ਵਾਰੀ ਆਪ ਆਪਣੇ ਮੁਰਸ਼ਦ ਵੱਲ ਆ ਰਹੇ ਸਨ ਕਿ ਰਾਹ ਵਿੱਚ ਮੀਂਹ ਕਾਰਨ ਕਾਫੀ ਚਿਕੜ ਹੋ ਗਿਆ। ਆਪ ਇਸ ਦਾ ਇਉਂ ਕਥਨ ਕਰਦੇ ਹਨ:-

ਫਰੀਦਾ ਗਲੀਏ ਚਿਕੜ ਦੂਰਿ ਘਰੁ ਨਾਲਿ ਪਿਆਰੇ ਨੇਹੁ
ਚਲਾ ਤ ਭਿਜੈ ਕੰਬਲੀ ਹਹਾਂ ਤ ਤੁਟੈ ਨੇਹੁ
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ

ਆਪ ਖੜਾਵਾਂ ਪਾਈ ਜਾ ਰਹੇ ਸਨ ਕਿ ਆਪ ਦਾ ਪੈਰ ਤਿਲਕ ਗਿਆ ਅਤੇ ਆਪ ਡਿਗ ਪਏ। ਮਿਟੀ ਦੀ ਇਕ ਛਿਟ ਉਡ ਕੇ ਆਪ ਦੇ ਮੂੰਹ ਵਿਚ ਡਿੱਗੀ ਅਤੇ ਡਿਗਦਿਆਂ ਹੀ ਸ਼ਕਰ ਹੋ ਗਈ । ਆਪ ਉਠ ਕੇ ਖਵਾਜਾ ਸਾਹਿਬ ਦੀ ਸੇਵਾ ਵਿੱਚ ਆਵੇ ਅਤੇ ਮਿੱਟੀ ਦੇ ਸ਼ੱਕਰ ਹੋ ਜਾਣ ਦਾ ਜ਼ਿਕਰ ਕੀਤਾ । ਖਵਾਜਾ ਸਾਹਿਬ ਨੇ ਫ਼ਰਮਾਇਆ ਕਿ ਅੱਜ ਮਿੱਟੀ ਦੀ ਇਕ ਕੰਕਰ ਤੁਹਾਡੇ ਮੂੰਹ ਵਿਚ ਡਿੱਗੀ ਤੇ ਸ਼ੱਕਰ ਹੋ ਗਈ ਕੋਈ ਵੱਡੀ ਗੱਲ ਨਹੀਂ ਕਿ ਤੁਹਾਨੂੰ ਰਬ ਗੰਜ ਸ਼ਕਰ ਭਾਵ ਸ਼ਕਰ ਦਾ ਖਜ਼ਾਨਾ ਬਣਾ ਦੇਵੇ। ਇਹ ਸੁਣਦੇ ਹੀ ਆਪ ਨੇ ਸ਼ਕਰ ਦਾ ਸਿਜਦਾ ਅਦਾ ਕੀਤਾ। ਉਸ ਦਿਨ ਤੋਂ ਆਪ ਸ਼ਕਰ ਗੰਜ ਦੇ ਨਾਂ ਤੇ ਉਘੇ ਹੋ ਗਏ।

ਤੀਜੀ ਰਵਾਇਤ:-ਆਪ ਨਫ਼ਸ ਦੇ ਕਾਬੂ ਲਈ ਰੋਜ਼ੇ ਰਖਿਆ ਕਰਦੇ ਸਨ। ਇਕ ਦਿਨ ਆਪ ਤਿੰਨ ਦਿਨ ਦਾ ਰੋਜ਼ਾ ਕਿਸੇ ਫਲ ਨਾਲ ਖੋਲ੍ਹਣ ਵਾਲੇ ਸਨ ਕਿ ਇਕ ਪੁਰਸ਼ ਖਾਣਾ ਲੈ ਆਇਆ। ਆਪ ਨੇ ਉਸ ਖਾਣੇ ਨਾਲ ਰੋਜ਼ਾ ਖੋਲ੍ਹ ਲਿਆ ਪਰ ਰੱਬ ਦੀ ਕੁਦਰਤ ਉਹ ਖਾਣਾ ਆਪ ਨੂੰ ਪੱਚ ਨਾ ਸਕਿਆ ਅਤੇ ਉਲਟੀ ਆ ਗਈ ਆਪ ________________

ਨੇ ਮੁਰਸ਼ਦ ਨੂੰ ਆਖਿਆ। ਉਨ੍ਹਾਂ ਫਰਮਾਇਆ ਕਿ ਉਹ ਖਾਣਾ ਇਕ ਸ਼ਰਾਬ ਵੇਚਣ ਵਾਲੇ ਦੇ ਘਰ ਦਾ ਸੀ ਇਸ ਲਈ ਹਜ਼ਮ ਨਹੀਂ ਹੋ ਸਕਿਆ। ਹੁਣ ਦੂਜੀ ਵਾਰੀ ਰੋਜ਼ਾ ਰਖੋ ਅਤੇ ਤੀਜੇ ਦਿਨ ਜੋ ਮਿਲੇ ਖਾ ਲਓ। ਆਪ ਨੇ ਏਸੇ ਤਰ੍ਹਾਂ ਹੀ ਕੀਤਾ ਪਰ ਤੀਜੇ ਦਿਨ ਜਦ ਆਪ ਜੀ ਨੂੰ ਕੁਝ ਹੱਥ ਨ ਆਇਆ ਤਾਂ ਮਜਬੂਰੀ ਭੁਖ ਅਤੇ ਕਮਜ਼ੋਰੀ ਕਾਰਨ ਕੁਝ ਕੰਕਰੀਆਂ ਚੁਕ ਕੇ ਮੂੰਹ ਵਿਚ ਪਾ ਲਈਆਂ; ਪਰ ਇਉਂ ਪਤਾ ਲਗਾ ਕਿ ਇਹ ਮਿਸਰੀ ਦੀਆਂ ਡਲੀਆਂ ਸਨ। ਆਪ ਨੇ ਇਸ ਨੂੰ ਸ਼ੈਤਾਨ ਦੀ ਕਾਰਿਸਤਾਨੀ ਸਮਝ ਕੇ ਥੁਕ ਦਿੱਤਾ। ਇਸ ਪਿਛੋਂ ਕੁਝ ਕੰਕਰੀਆਂ ਚੁੱਕ ਕੇ ਫੇਰ ਪਾਈਆਂ ਪਰ ਉਹ ਭੀ ਮਿਸਰੀ ਦੀਆਂ ਡਲੀਆਂ ਹੋ ਗਈਆਂ। ਹੁਣ ਆਪ ਨੂੰ ਯਕੀਨ ਹੋ ਗਿਆ ਕਿ ਇਹ ਖੁਦਾ ਦੀ ਬਖਸ਼ਿਸ਼ ਹੈ।

ਆਪ ਨੂੰ ਜਦ ਖਵਾਜਾ ਸਾਹਿਬ ਪਾਸ ਰਹਿੰਦੇ ਹੋਏ ਬਹੁਤ ਸਮਾਂ ਲੰਘ ਗਿਆ ਤਾਂ ਉਨ੍ਹਾਂ ਇਹ ਮਹਿਸੂਸ ਕੀਤਾ ਕਿ ਲਾਇਕ ਸ਼ਾਗਿਰਦ ਵਿਦਿਆ ਵਿੱਚ ਬਹੁਤ ਨਿਪੁੰਨ ਹੋ ਚੁਕਾ ਹੈ ਇਸ ਲਈ ਆਪ ਨੂੰ ਹੁਕਮ ਦਿਤਾ ਕਿ ਆਪ ਦਿੱਲੀ ਤੋਂ ਹਾਂਸੀ ਚਲੇ ਜਾਓ ਅਤੇ ਉਥੇ ਹੀ ਬੈਠ ਕੇ ਰੱਬ ਦੀ ਯਾਦ ਅਤੇ ਦੀਨ ਦੀ ਇਸ਼ਾਇਤ ਕਰੋ। ਆਪ ਹਾਂਸੀ ਤਸ਼ਰੀਫ ਲੈ ਗਏ ਅਤੇ ਇਕ ਇਕਾਂਤ ਥਾਂ ਤੇ ਬੈਠ ਕੇ ਰੱਬ ਦੀ ਯਾਦ ਕਰਨ ਲਗ ਪਏ। ੬੩੩ ਜਾਂ ੬੩੪ ਹਿ:ਵਿੱਚ ਖਵਾਜਾ ਬਖਤਿਆਰ ਕਾਕੀ ਨੇ ਚਲਾਣਾ ਕੀਤਾ ਤਾਂ ਆਪ ਦਿਲੀ ਆਏ ਅਤੇ ਖਵਾਜਾ ਸਾਹਿਬ ਦਾ ਚੋਲਾ ਪਾ ਕੇ ਗਦੀ ਨਸ਼ੀਨ ਹੋਏ ਅਤੇ ਲੋਕਾਂ ਵਿਚ ਗਿਆਨ ਉਪਦੇਸ਼ ਦਾ ਪ੍ਰਚਾਰ ਕਰਨ ਲਗ ਪਏ । ਆਪ ਦੀ ਸ਼ੁਹਰਤ ਹਰ ਥਾਂ ਫੈਲ ਚੁਕੀ ਸੀ ਇਸ ਲਈ ਚਾਹਵਾਨ ਚੌਹਾਂ ਪਾਸਿਆਂ ਤੋਂ ਉਮਡ ਪਏ ਅਤੇ ਆਪ ਇਸ ਬੇਓੜਕ ਹਜੂਮ ਤੋਂ ਘਬਰਾ ਕੇ ਵਾਪਸ ਹਾਂਸੀ ਚਲੇ ਗਏ ਪਰ ਹੁਣ ਉਥੇ ਭੀ ਸ਼ੁਹਰਤ ਕਾਰਨ ਬਹੁਤ ਚਾਹਵਾਨ ਆ ਗਏ ਇਸ ਲਈ ਮਜਬੂਰੀ ਉਹ ਥਾਂ ਛਡ ਕੇ ਅਜੋਧਨ (ਜਿਸ ਨੂੰ ਹੁਣ ਪਾਕਪਟਨ ਕਹਿੰਦੇ ਹਨ) ਤਸ਼ਰੀਫ ਲੈ ਗਏ ਅਤੇ ਇਸ ਬੇਆਬਾਦ ਥਾਂ ਤੇ ਰਹਿ ਕੇ ਦਿਨ ਰਾਤ ਰੱਬ ਦੀ ਯਾਦ ਵਿੱਚ ਲੱਗ ਗਏ। ਅਜੋਧਨ ਵਿੱਚ ਜਿਥੇ ਆਪ ਰਹਿੰਦੇ ਸਨ,ਨਾ ਉਥੇ ਕੋਈ ਬਜ਼ਾਰ ਸੀ,ਨਾ ਮਕਾਨ,ਨਾ ਰੋਣਕ ਅਤੇ ਨਾਂ ਹੀ ਆਬਾਦੀ ਸੀ। ਕੇਵਲ ਕਰੀਰ ਦਾ ਇਕ ਜੰਗਲ ਸੀ ਅਤੇ ਇਹ ਕੰਡਿਆਂ ਵਾਲੇ ਰੁੱਖ ਏਥੋਂ ਦੀ ਸਜਾਵਟ ਸਨ। ਇਸ ਲਈ ਕਈ ਵਾਰੀ ਆਪ ਕਰੀਰ ਦੇ ਫੁਲਾਂ ਨਾਲ ਹੀ ਰੋਜ਼ਾ ਖੋਲ੍ਹ ਲੈਂਦੇ।

ਜਦ ਭਗਤੀ ਅਤੇ ਤਪ ਦੀ ਆਵਾਜ਼ ਇਸ ਬੇਆਬਾਦ ਧਰਤੀ ਤੇ ਗੂੰਜੀ ਤਾਂ ਹਜ਼ਾਰਾਂ ਦਰਸ਼ਕਾਂ ਦਾ ਇਕੱਠ ਹੋਣ ਲਗ ਪਿਆ ਜਿਸ ਕਰਕੇ ਇਹ ਬੇਰੌਣਕਾ ਜੰਗਲ ਸ੍ਵਰਗ ਦਾ ਨਮੂਨਾ ਬਣ ਗਿਆ।

ਕਮਾਲਾਤ:-ਹਜ਼ਰਤ ਬਾਬਾ ਫ਼ਰੀਦ ਦੀਆਂ ਕਰਾਮਾਤਾਂ ਦੀਆਂ ਇੰਨੀਆਂ ਰਵਾਇਤਾਂ ਹਨ ਕਿ ਜੇ ਇਨ੍ਹਾਂ ਨੂੰ ਕੱਠਾ ਕੀਤਾ ਜਾਏ ਤਾਂ ਇਕ ਵਡਾਂ ਦਫ਼ਤਰ ਤਿਆਰ ਹੋ ਸਕਦਾ ਹੈ। ਇਸ ਲਈ ਸੰਕੋਚ ਕਰਦੇ ਹੋਏ ਕੇਵਲ ਦੋ ਘਟਨਾਵਾਂ ਵਨਗੀ ਲਈ ਦੇਂਦੇ ਹਾਂ:-

ਤਜ਼ਕਰਾਤਲ ਆਸ਼ਕੀਨ ਦੇ ਲਿਖਾਰੀ ਦਾ ਕਥਨ ਹੈ ਕਿ ਇਕ ਵਾਰੀ ਇਕ ਸੌਦਾਗਰ ਉਠ ਉਤੇ ਸ਼ੱਕਰ ਲੱਦ ਕੇ ਮੁਲਤਾਨ ਦੇ ਰਸਤੇ ਦਿੱਲੀ ਵੱਲ ਜਾ ਰਿਹਾ ਸੀ। ਆਪ ਨੇ ਇਨ੍ਹਾਂ ਭਰੇ ਹੋਏ ਊਠਾਂ ਨੂੰ ਵੇਖ ਕੇ ਸੌਦਾਗਰ ਪਾਸੋਂ ਪੁਛਿਆ ਕਿ ਇਨ੍ਹਾਂ ਊਠਾਂ ਉਤੇ ਕੀ  ਹੈ ? ਉਸ ਨੇ ਅਖਿਆਂ ਲੁਣ। ਆਪ ਨੇ ਫੁਰਮਾਇਆ, ਚੰਗਾ, ਲੂਣ ਹੀ ਹੋਸੀ। ਜਦ ਨਿਯਤ ਟਿਕਾਣੇ ਤੇ ਅਪੜਿਆ ਤਾਂ ਪਤਾ ਲਗਾ ਕਿ ਸਾਰੀ ਸ਼ੱਕਰ ਲੂਣ ਹੋ ਗਈ ਹੈ। ਬਹੁਤ ਹੈਰਾਨ ਤੇ ਦੁਖੀ ਹੋਇਆ ੨ ਮੁਲਤਾਨ ਪੂਜਾ ਅਤੇ ਖਿਦਮਤ ਵਿੱਚ ਹਾਜ਼ਰ ਹੋ ਕੇ ਸਾਰਾਂ ਵਾਕਿਆ ਦਸਿਆ ਤਾਂ ਆਪ ਨੇ ਫਰਮਾਇਆ ਕਿ ਚੰਗਾ ਤੁਸੀਂ ਸ਼ੱਕਰ ਕਹਿੰਦੇ ਹੋ ਤਾਂ ਸ਼ੱਕਰ ਹੀ ਸਹੀਂ ਤਾਂ ਉਸ ਨੇ ਮੁਸੀਬਤ ਤੋਂ ਛੁਟਕਾਰਾ ਪਾਇਆ ।

{gap}}ਦਿਲੀ ਤੋਂ ਇਕ ਸੋਹਣਾ ਨੌਜਵਾਨ ਆਪ ਦੀ ਵਡਿਆਈ ਸੁਣ ਕੇ ਚੇਲਾ ਹੋਣ ਲਈ ਆਇਆ। ਉਨ੍ਹਾਂ ਦਿਨਾਂ ਵਿਚ ਰੇਲ ਜਾਂ ਮੋਟਰ ਦੀਆਂ ਆਸਾਨੀਆਂ ਨਹੀਂ ਸਨ,ਪੈਦਲ ਜਾਂ ਵੱਧ ਤੋਂ ਵੱਧ ਬੈਲ ਗਡੀਆਂ ਵਿੱਚ ਸਫ਼ਰ ਹੁੰਦਾ ਸੀ। ਇਸ ਲਈ ਉਹ ਭੀ ਪੈਦਲ ਤੁਰ ਪਿਆ | ਰਾਹ ਵਿਚ ਇਕ ਵੇਸਵਾ ਭੀ ਜਾ ਰਹੀ ਸੀ। ਉਸ ਦਾ ਅਤੇ ਇਨਾਂ ਦਾ ਸਾਥ ਹੋ ਗਿਆ, ਉਹ ਇਨਾਂ ਦੀ ਜਵਾਨੀ ਅਤੇ ਸੁਹੱਪਣ ਨੂੰ ਵੇਖ ਕੇ ਘਾਇਲ ਹੋ ਗਈ। ਕਈ ਦਿਨ ਲੰਘ ਗਏ ਪਰ ਉਸ ਦਾ ਦਾਉ ਨਾ ਲਗਾ। ਕਰਨਾ ਰੱਬ ਦਾ ਇਕ ਦਿਨ ਦੋਹਾਂ ਨੂੰ ਇਕ ਹੀ ਥਾਂ ਉਤੇ ਰਾਤ ਗੁਜ਼ਾਰਨ ਦਾ ਸਮਾਂ ਮਿਲਿਆਂ। ਥਾਂ ਇਕਾਂਤ ਸੀ । ਕਰੀਬ ਸੀ ਕਿ ਉਹ ਕੋਈ ਗ਼ਲਤ ਕਦਮ ਉਠਾਂਦੇ ਅਤੇ ਸ਼ੈਤਾਨ ਦੇ ਢਹੇ ਚੜ੍ਹ ਜਾਂਦੇ, ਅਚਾਨਕ ਹੀ ਇਕ ਪੁਰਸ਼ ਜ਼ਾਹਿਰ ਹੋਇਆ ਅਤੇ ਉਸ ਨੇ ਖਿਚ ਕੇ ਮਰਦ ਦੇ ਮੁੰਹ ਤੇ ਚਪੇੜ ਮਾਰ ਕੇ ਆਖਿਆ ਕਿ ਸ਼ੇਖ ਦੀ ਸੇਵਾ ਵਿੱਚ ਤੋਬਾ ਦੀ ਨੀਯਤ ਨਾਲ ਜਾ ਰਿਹਾ ਹੈ ਅਤੇ ਇਹ ਭੈੜੀਆਂ ਹਰਕਤਾਂ ਕਰਦਾ ਹੈਂ ? ਇਹ ਕਹਿ ਕੇ ਉਹ ਲੋਪ ਹੋ ਗਿਆ ਅਤੇ ਉਹ ਪੁਰਸ਼ ਪਾਪ ਤੋਂ ਬਚ ਗਿਆ। ਜਦ ਉਹ ਪੁਰਸ਼ ਆਪ ਦੀ ਸੇਵਾ ਵਿਚ ਹਾਜ਼ਰ ਹੋਇਆ ਤਾਂ ਆਪ ਨੇ ਸਭ ਤੋਂ ਪਹਿਲਾਂ ਓਸੇ ਵਾਕਿਆ ਦਾ ਜ਼ਿਕਰ ਕੀਤਾ ਅਤੇ ਫਰਮਾਇਆ "ਖ਼ੁਦਾ ਦਾ ਸ਼ੁਕਰ ਹੈ ਕਿ ਤੁਸੀਂ ਇਕ ਵੇਸਵਾ ਦੇ ਮਕਰ ਤੋਂ ਬਚ ਗਏ, ਨਾਲ ਹੀ ਤੁਸਾਨੂੰ ਪਾਪ ਤੋਂ ਰੱਬ ਨੇ ਬਚਾ ਲਿਆ।

ਸ਼ਾਇਰੀ:-ਆਪ ਵਲੀਆਂ ਦੇ ਸਰਦਾਰ, ਸੂਫੀ ਅਤੇ ਆਲਮ ਹੋਣ ਤੋਂ ਛੁਟ ਤੇ ਪੰਜਾਬੀ ਅਤੇ ਫਾਰਸੀ ਦੇ ਚੰਗੇ ਕਵੀ ਸਨ। ਆਪ ਦੇ ਸ਼ਲੋਕ ਬਾਵਾ ਫ਼ਰੀਦ ਹਰ ਥਾਂ ਤੇ ਉਘੇ ਹਨ। ਬਾਜ਼ਿਆਂ ਦਾ ਖਿਆਲ ਹੈ ਕਿ ਪੰਜਾਬੀ ਕਵੀਸ਼ਰੀ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਬੱਝਾ ਅਤੇ ਇਹ ਸ਼ਲੋਕ ਸ਼ੇਖ ਇਬਰਾਹੀਮ ਦੇ ਹਨ, ਜੋ ਆਪ ਦੇ ਪਿਛੋਂ ਸ਼ਾਇਦ ਬਾਰਵੀਂ ਪੁਸ਼ਤ ਵਿੱਚ ਹੋਏ,ਜੋ ਭਗਤੀ ਅਤੇ ਤਪ ਕਾਰਨ ੬ ਵਿੱਚ ਫਰੀਦ ਸਾਨੀ ਦੇ ਨਾਂ ਤੇ ਉਘੇ ਹੋ ਗਏ। ਇਹ ਖਿਆਲ ਬਹੁਤ ਹਦ ਤਕ ਠੀਕ ਨਹੀਂ ਇਸ ਲਈ ਕਿ ਹਜ਼ਰਤ ਬਾਬਾ ਫ਼ਰੀਦ ਮੁਲਤਾਨ ਦੇ ਰਹਿਣ ਵਾਲੇ ਸਨ। ਉਹ ਬਗਦਾਦ ਦੇ ਵਸਨੀਕ ਨਹੀਂ ਸਨ ਕਿ ਉਨਾਂ ਦੀ ਬੋਲੀ ਅਰਬੀ ਹੁੰਦੀ। ਉਹ ਈਰਾਨ ਜਾਂ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਨਹੀਂ ਸਨ ਕਿ ਉਨ੍ਹਾਂ ਦੀ ਬੋਲੀ ਫ਼ਾਰਸੀ ਹੁੰਦੀ। ਉਹ ਲਖਨਊ ਜਾਂ ਯੂ. ਪੀ. ਦੇ ਵਸਨੀਕ ਨਹੀਂ ਸਨ ਕਿ ਉਨ੍ਹਾਂ ਦੀ ਬੋਲੀ ਪੂਰਬੀ ਜਾਂ ਉਰਦੂ ਹੁੰਦੀ। ਉਹ ਪੰਜਾਬ ਦੇ ਖਾਸ ਪੇਂਡੂ ਮੁਕਾਮ ਮਿੰਟਗੁਮਰੀ (ਪਾਕ-ਪਟਨ) ਅਤੇ ਮੁਲਤਾਨ ਆਦਿ ਦੇ ਰਹਿਣ ਵਾਲੇ ਸਨ ਅਤੇ ਬਹੁਤਾ ਸਮਾਂ ਇਸੇ ਇਲਾਕੇ ਵਿੱਚ ਰਹੇ। ਇਸ ਲਈ ਉਨ੍ਹਾਂ ਦੀ ਬੋਲੀ ਪੰਜਾਬੀ ਸੀ, ਪੰਜਾਬ ਵਿੱਚ ਹੀ ਉਨ੍ਹਾਂ ਨੇ ਵਿਦਿਆ ਪ੍ਰਾਪਤ ਕੀਤੀ ਅਤੇ ਪੰਜਾਬੀ ਨੂੰ ਹੀ ਆਪਣੇ ਖਿਆਲ ਪ੍ਰਗਟ ਕਰਨ ਦਾ ਸਾਧਨ ਬਣਾਇਆ। ਏਸ ਲਈ ਆਪ ਨੇ ਜੇ ਪੜੇ ਲਿਖੇ ਅਤੇ ਸਮਝਦਾਰ ਸਜਣਾਂ ਲਈ ਫਾਰਸੀ ਵਿਚ ਪੁਸਤਕਾਂ ਲਿਖੀਆਂ ਤਾਂ ਅਨਪੜ ਸਜਣਾਂ ਲਈ ਸਾਦਾ ਅਤੇ ਸੌਖੀ ਬੋਲੀ ਵਿਚ ਪੰਜਾਬੀ ਲੋਕਾਂ ਦੇ ਭੰਡਾਰ ਭਰ ਦਿਤੇ। ਡਾ: ਮੋਹਨ ਸਿੰਘ ਐਮ. ਏ. ਪੀ. ਐਚ. ਡੀ. ਨੇ ਆਪਣੀ ਪੁਸਤਕ 'ਹਿਸਟਰੀ ਆਫ ਪੰਜਾਬੀ ਲਿਟਰੇਚਰ' ਵਿਚ ਆਪ ਨੂੰ ਪੰਜਾਬੀ ਸ਼ਾਇਰ ਮੰਨ ਕੇ ਇਹ ਤਸਲੀਮ ਕੀਤਾ ਹੈ ਕਿ ਇਹ ਸ਼ਲੋਕ ਇਨਾਂ ਦੇ ਹੀ ਹਨ। ਇਨ੍ਹਾਂ ਤੋਂ ਛੁਟ ਪ੍ਰੋ:ਮਹਮੂਦ ਸ਼ੀਰਾਨੀ ਦੀ ਕਿਤਾਬ ਪੰਜਾਬ ਮੇਂ ਉਰਦੂ ਤੇ ਮਿਸਟਰ ਮਾਇਲਜ਼ ਅਰਵਿੰਗ ਦੀ ਕਿਤਾਬ “ਸ਼ਰਾਇਨ ਆਫ਼ ਬਾਬਾ ਫਰੀਦ ਆਦਿ ਵਿਚ ਭੀ ਆਪ ਦੀ ਪੰਜਾਬੀ ਸ਼ਾਇਰੀ ਦਾ ਜ਼ਿਕਰ ਮੌਜੂਦ ਹੈ।

ਤਸਨੀਫਾਤ:-੧. ਸ਼ਲੋਕ ਫਰੀਦ (ਪੰਜਾਬੀ) ਇਕੱਠੇ ਕੀਤੇ ਹੋਏ ਮੁਨਸ਼ੀ ਜੈਸ਼ੀ ਰਾਮ ਸਾਹਿਬ ਮੁਸ਼ਤਾਕ ਸਣੇ ਵਿਆਖਿਆ, ਸਫੇ ੧੫੬।

੨. ਰਾਹਿਤ ਉਲ ਕਲੂਬ (ਬਚਨ ਬਾਵਾ ਫਰੀਦ) ਇਕੱਠੇ ਕੀਤੇ ਹੋਏ ਹਜ਼ਰਤ ਨਜ਼ਾਮ ਦੀਨ ਦੇਹਲੀ।

੩. ਇਸਰਾਰ ਉਲ ਔਲੀਆ (ਬਚਨ ਬਾਵਾ ਫ਼ਰੀਦ) ਜਮਾਂ ਕੀਤੇ ਹੋਏ ਹਜ਼ਰਤ ਬਦਰ ਦੀਵਾਨ ਸੱਜਾਦਾ ਨਸ਼ੀਨ ਦਰਗਾਹ ਪਾਕ ਪਟਨ।

੪. ਫੁਆਇਦ ਉਲ ਸਾਲਕੀਨ (ਬਚਨ ਖਵਾਜਾ ਬਖਤਿਆਰ ਕਾਕੀ) ਇਕੱਠੇ ਕੀਤੇ ਹੋਏ ਬਾਵਾ ਫਰੀਦ ਜੀ। 

੫. ਸਲੋਕ ਫਰੀਦ ਸਟੀਕ ਖਾਲਸਾ ਟ੍ਰੈਕਟ ਸੁਸਾਇਟੀ ਵਾਲੇ।

ਚਲਾਣਾ:-ਆਪ ਬੜੇ ਬਾ-ਇਖਲਾਕ, ਨੇਕ ਅਤੇ ਪਾਕ ਬਜ਼ੁਰਗ ਸਨ, ਅੰਤ ਸਮੇਂ ਤਕ ਭਗਤੀ ਅਤੇ ਤਪ ਵਿਚ ਰੁਝੇ ਰਹੇ। ਆਪ ਦੀ ਗਿਣਤੀ ਚੋਟੀ ਦੇ ਵਲੀ ਅੱਲਾ ਅਤੇ ਖੁਦਾ ਦੇ ਮਨਜ਼ੂਰ ਬੰਦਿਆਂ ਵਿਚ ਹੁੰਦੀ ਹੈ। ਆਪ ਦੇ ਚਲਾਣੇ ਬਾਬਤ ਤਵਾਰੀਖ ਵਾਲਿਆਂ ਦੀ ਵਖੋ ਵਖ ਰਾਏ ਹੈ। ਸ਼ਾਹ ਅਬਦੁਲਹਕ ਦੇਹਲਵੀ ਮੁਸਨਫ਼ ਅਖਬਾਰ ਉਲ ਅਖਯਾਰ ਮੁਨਸ਼ੀ ਜੈਸ਼ੀ ਰਾਮ ਮੁਸ਼ਤਾਕ ਲਿਖਾਰੀ ਅਨੁਸ਼ਾਦਾਤ ਫ਼ਰੀਦੀ ਤੇ ਡਾ:ਮੋਹਣ ਸਿੰਘ ਲਿਖਾਰੀ ਹਿਸਟਰੀ ਆਫ਼ ਪੰਜਾਬੀ ਲਿਟਰੇਚਰ ਨੇ ੬੬੪ ਹਿ: ਦਸਿਆ ਹੈ, ਮਹੰਮਦ ਕਾਸਮ ਲਿਖਾਰੀ ਤਾਰੀਖ ਫਰਿਸ਼ਤਾ ਨੇ ੬੬੦ ਹਿ ਅਤੇ ਲਿਖਾਰੀ ਸੀਰੁਲ ਅਕਤਾਬ ਨੇ ੬੯੦ ਹਿ: ਲਿਖਿਆ ਹੈ ਪਰ ਹੋਰ ਖੋਜੀਆਂ ਦੀ ਰਾਏ ਹੈ ਕਿ ਚਲਾਣੇ ਦਾ ਸੰਨ ੬੭੦ ਹਿ: ਹੈ। ਮਹਾਨ ਕੋਸ਼ ਭਾਈ ਕਾਹਨ ਸਿੰਘ ਵਿਚ ਆਪ ਦਾ ਜਨਮ ੧੧੭੩ ਈ: ਤੇ ਦੇਹਾਂਤ ੧੨੬੬ ਈ: ਦਰਜ ਹੈ ਜੋ ੬੬੫ ਹਿ: ਨਾਲ ਮਿਲਦਾ ਹੈ।

ਆਪ ਦਾ ਮਜ਼ਾਰ ਕਸਬਾ ਪਾਕ ਪਟਨ ਜਿਲਾ ਮਿੰਟਗੁਮਰੀ ਵਿੱਚ ਜ਼ਿਆਰਤ ਅਸਥਾਨ ਖਾਸੋ ਆਮ ਹੈ, ਜਿਥੇ ਹਰ ਸਾਲ ਆਪ ਦੀ ਕਬਰ ਉਤੇ ਮੁਹਰਮ ਮਹੀਨੇ ਦੀ ਪੰਜ ਛੇ ਤਾਰੀਖ ਨੂੰ ਉਰਸ ਹੁੰਦਾ ਹੈ,ਜਿਸ ਵਿਚ ਅਣਗਿਣਤ ਸ਼ਰਧਾਲੂ ਅਤੇ ਆਸਾਵੰਦ ਸ਼ਾਮਲ ਹੁੰਦੇ ਹਨ। ਇਕ ਦਰਵਾਜ਼ਾ ਜੁਮਾ ਖਿੜਕੀ ਜਿਸ ਨੂੰ ਬਹਿਸ਼ਤੀ ਬੂਹਾ ਕਹਿੰਦੇ ਹਨ, ਲੰਘਦੇ ਹਨ। ਇਸ ਖਿੜਕੀ ਬਾਰੇ ਬਹੁਤ ਸਾਰੀਆਂ ਰਵਾਇਤਾਂ ਉਘੀਆਂ ਹਨ, ਜਿਨ੍ਹਾਂ ਵਿਚੋਂ ਮੰਨਣ ਯੋਗ ਇਹ ਹੈ ਕਿ ਇਕ ਵਾਰੀ ਹਜ਼ਰਤ ਨਜ਼ਾਮ ਔਲੀਆ ਦੇਹ-ਲਵੀ ਨੇ ਸੁਫ਼ਨੇ ਵਿਚ ਰਸੂਲ ਮਕਬੁਲ ਨੂੰ ਕਹਿੰਦੇ ਸੁਣਿਆ ਜਿਸ ਦਾ ਭਾਵ ਸੀ ਕਿ ਐ ਨਜ਼ਾਮਦੀਨ!ਜੋ ਕੋਈ ਇਸ ਦਰਵਾਜ਼ੇ ਵਿੱਚ ਦਾਖਲ ਹੋਇਆ, ਅਮਨ ਵਿੱਚ ਆ ਗਿਆ। ਇਸ ਕਾਰਨ ਅਜ ਹਜ਼ਾਰਾਂ ਰੱਬ ਦੇ ਬੰਦੇ ਇਸ ਬੂਹੇ ਵਿਚੋਂ ਲੰਘਦੇ ਹਨ। ਆਪ ਬਹੁਤ ਸਾਰੀ ਉਲਾਦ ਛਡ ਗਏ ਜੋ ਸਭ ਪੀਰੀ ਦੇ ਦਰਜੇ ਤੇ ਅਪੜੀ। ਏਸੇ ਤਰਾਂ ਬੇਸ਼ੁਮਾਰ ਮੁਰੀਦ ਅਤੇ ਖਲੀਫ਼ੇ ਆਪ ਦੀ ਯਾਦਗਾਰ ਰਹੇ*। ਹਜ਼ਰਤ ਨਜ਼ਾਮ ਦੀਨ ਔਲੀਆਂ ਆਪ ਦੇ ਜਵਾਈ ਅਤੇ ਹਜ਼ਰਤ ਅਲੀ ਅਹਿਮਦ ਸਾਬਰੀ ਸਰਹੰਦ ਸ਼ਰੀਫ਼ ਵਾਲੇ ਆਪ ਦੇ ਭਣੇਵੇਂ ਸਨ।

ਆਪ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਪੜੀ ਜਾਂਦੀ ਹੈ। ਆਪ ਦੇ ਸ਼ਲੋਕ ਵੈਰਾਗ ਦੇ ਭਰੇ ਹੋਏ ਹਨ ਅਤੇ ਬਹੁਤ ਕਰਕੇ ਲੋਕਾਂ ਦੀ ਜ਼ਬਾਨ ਤੇ ਹਨ।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਤਤਿ ਜਾਹਿ
ਜਿਤ ਪਿਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ
ਫਰੀਦਾ ਖਾਕੁ ਨ ਨਿੰਦੀਐ ਖਾਕੁ ਜੇਡੁ ਨ ਕੋਇ
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ
ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ
ਅਜੈ ਸੁ ਰਬ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ
ਫਰੀਦਾ ਜੇ ਜਾਣਾਂ ਤਿਲ ਥੋੜੜੇ ਸੰਮਲਿ ਬੁਕੁ ਭਰੀ
ਜੋ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀਂ
ਦੇਖੁ ਫਰੀਦਾ ਜਿ ਥੀਆ ਦਾੜੀ ਹੋਈ ਭੂਰ
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰ
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ
ਧਿਗੁ ਤਿਨ੍ਹਾਂ ਦਾ ਜੀਵਿਆ ਜਿਨਾ ਵਡਾਣੀ ਆਸ
ਫਰੀਦਾ ਸਕਰ ਖੰਡੁ ਨਿਵਾਤ ਗੁੜ ਮਾਖਿਉ ਮਾਂਝਾ ਦੁਧੁ
ਸਭੇ ਵਸਤੁ ਮਿਠੀਆਂ ਰਬ ਨਾ ਪੁਜਨਿ ਤੁਧੁ
ਰੁਖੀ ਸੁਖੀ ਖਾਇਕੈ ਠੰਢਾ ਪਾਣੀ ਪੀਉ
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ

ਬਾਬਾ ਫ਼ਰੀਦ ਸ਼ਕਰ ਗੰਜ ਨੇ ਆਪਣੇ ਸ਼ਲੋਕਾਂ ਵਿੱਚ ਸ਼ੱਕਰ ਵੀ ਕਈ ਥਾਵਾਂ ਤੇ ਜ਼ਿਕਰ ਕੀਤਾ ਹੈ ਜੋ ਆਪ ਦੇ ਨਾਂ ਨਾਲ ਸਬੰਧ ਰਖਦਾ ਹੈ।


*ਮਹਾਨ ਕੋਸ਼ ਭਾਈ ਕਾਹਨ ਸਿੰਘ ਜੀ ਵਿਚ ਦਰਜ ਹੈ ਕਿ ਫਰੀਦਕੋਟ (ਮੌਜੂਦਾ ਫਰੀਦਕੋਟ ਰਿਆਸਤ ਦੀ ਰਾਜਧਾਨੀ) ਦਾ ਪਹਿਲਾ ਨਾਮ ਮੋਕਲ ਨਗਰ ਰਾਜਾ ਮੋਕਲ ਦੇਵ ਦਾ ਵਸਾਇਆ ਹੋਇਆ ਸੀ, ਪਰ ਬਾਬਾ ਫਰੀਦ ਜੀ ਦੇ ਚਰਨ ਪਾਉਣ ਸਮੇਂ ਉਸ ਨੇ ਉਨਾਂ ਦੇ ਨਾਮ ਪਰ ਹੀ ਫਰੀਦਕੋਟ ਨਾਮ ਰਖ ਦਿਤਾ ਤੇ ਹੁਣ ਤਕ ਇਸੇ ਨਾਮ ਤੇ ਵਸਦਾ ਆ ਰਿਹਾ ਹੈ।