ਇਹ ਸਫ਼ਾ ਪ੍ਰਮਾਣਿਤ ਹੈ
ਮੀਰੀ ਤੇ ਪੀਰੀ
ਵਿਸਰੀ ਖੁਦਾਈ ਜਦੋਂ ਖੁਦੀ ਦੇ ਘੁਮੰਡ ਵਿਚ,
ਧੁਮਾਂ ਪਾਈਆਂ ਜਗ ਉਤੇ ਰਾਜ ਜਹਾਂਗੀਰੀ ਨੇ।
ਚਿਟੇ ਦਿਨ ਹੁੰਦੇ ਜਦੋਂ ਪੈ ਗਿਆ ਹਨੇਰ ਘੁਪ,
ਰੱਜ ਕੇ ਮਚਾਈਆਂ ਜਦੋਂ ਅੰਨੀਆਂ ਅਮੀਰੀ ਨੇ।
ਭੁਬਾਂ ਮਾਰ ਮਾਰ ਕੇ ਮਾਸੂਮ ਤੇ ਯਤੀਮ ਰੋਏ,
ਨੱਪ ਲਏ ਨਮਾਨੇ ਜਦੋਂ ਸਹਿਮ ਦਲਗੀਰੀ ਨੇ।
ਬਹਿ ਗਈ ਇਕ ਨੁਕਰੇ ਲੁਕਾਕੇ ਸਿਰ ਪਾਨ ਪੱਤ,
ਚੁਕ ਲਿਆ ਸਿਰੇ ਅਸਮਾਨ ਜਾਂ ਟੱਟੀਰੀ ਨੇ।
ਫ਼ੈਲ ਗਈ ਚੁਗਲੀ ਬਖੀਲੀ ਜਦੋਂ ਦੱਭ ਵਾਂਗ,
ਦਬ ਲੀਤਾ ਸਚ ਜਦੋਂ ਪਾਪ ਦੀ ਪਨੀਰੀ ਨੇ।
ਫੜ ਇਨਸਾਫ ਕਰਨ ਵਾਸਤੇ ਮੈਦਾਨ ਸਾਫ,
ਨਿਕਲਕੇ ਮਿਆਨ ਵਿਚੋਂ ਲਿਸ਼ਕ ਮਾਰੀ ਮੀਰੀ ਨੇ।
ਲੱਕ ਬੰਨ ਖੜੇ ਹੋਏ ਬਹੁਤਿਆਂ ਦੇ ਟਾਕਰੇ ਤੇ,
ਚਕਰੀ ਭੁਆਈ ਦਿਲੋਂ ਜੋਸ਼ ਖਾ ਕੇ ਥੋੜਿਆਂ।
ਵੱਜ ਵੱਜ ਤੀਰਾਂ ਉਹ ਸਰੀਰਾਂ ਚੋਂ ਫੁਆਰੇ ਕਢੇ,
ਛੱਡੀਆਂ ਤਤੀਰੀਆਂ ਜਿਉਂ ਰਿਸੇ ਹੋਏ ਫੋੜਿਆਂ।
੧੫.