ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(Facticity) ਹੈ।

ਕੁਦਰਤ ਵੱਲੋਂ ਸਾਜੇ ਇਸ ਸੰਸਾਰ ਵਿੱਚ ਆ ਕੇ ਵਿਅਕਤੀ ਨੇ ਆਪਣੇ ਆਪੇ ਨੂੰ, ਆਪਣੇ ਸਵੈ ਨੂੰ ਪ੍ਰਾਪਤ ਸਥਿਤੀ ਅਨੁਸਾਰ ਸਮਝਣਾ ਹੈ। ਫ਼ਰੀਦ ਜੀ ਵਿਅਕਤੀ ਨੂੰ 'ਅਕਲਿ ਲਤੀਫ਼' ਮੰਨਦੇ ਹੋਏ ਉਸਨੂੰ ‘ਕਾਲੇ ਲੇਖ’ ਨਾ ਲਿਖਣ ਦੀ ਪ੍ਰੇਰਣਾ ਦਿੰਦੇ ਹਨ। ਆਪਣਾ ‘ਮੂਲ ਪਛਾਣਨ’ (Know thyself) ਲਈ ਕਹਿੰਦੇ ਹਨ:

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ॥6॥

ਉਹ ਦੱਸਦੇ ਹਨ ਕਿ ਹੇ ਬੰਦੇ! ਜਿਸ ਰੱਬ ਦੀ ਤੂੰ ਚੁੰਡ ਵਿੱਚ ਹੈਂ ਉਹ ਤੇਰੇ ਹਿਰਦੇ ਵਿੱਚ ਹੈ, ਉਸਨੂੰ ਜੰਗਲਾਂ ਦੇ ਕੰਡੇ ਖਾਕੇ ਲੱਭਣ ਦੀ ਲੋੜ ਨਹੀਂ। ਲੋੜ ਤਾਂ ਸਵੈ ਨੂੰ ਸਮਝਣ ਦੀ ਹੈ ਪਰ ਤੂੰ ਤਾਂ ‘ਬਾਵਲੇ' ਰੰਗ ਰਲੀਆਂ ਵਿੱਚ ਰੁੱਝਾ ਹੋਇਆ ਹੈਂ। 'ਸਵੈ' ਨੂੰ ਧੋਖੇ ਵਿੱਚ ਨਾ ਰੱਖ, ਕਾਲੇ ਪਹਿਰਾਵੇ ਨਾਲ ਤੂੰ ਦਰਵੇਸ਼ ਨਹੀਂ ਅਖਵਾ ਸਕਦਾ ਕਿਉਂਕਿ ਤੂੰ ਤਾਂ 'ਗੁਨਾਹੀਂ' ਭਰਿਆ ਪਿਆ ਹੈਂ। ਤੂੰ ਜਦੋਂ ਰੱਬ ਕੋਲੋਂ ਆਇਆ ਸੈਂ ਪਵਿੱਤਰ ਸੈਂ (ਕੁਆਰਾ ਸੈਂ) ਤੈਨੂੰ ਦੁਨੀਆਂ ਵਿੱਚ ਖਚਿਤ ਹੋਣ ਦਾ ਚਾਅ ਸੀ, ਤੇ ਖਚਿਤ ਵੀ ਇਤਨਾ ਹੋ ਗਿਆ ਕਿ ਹੁਣ ਮੁੜ ਤੇਰੇ ਲਈ ਪਹਿਲੋਂ ਜੇਹਾ ਹੋਣਾ ਕਠਿਨ ਹੋ ਗਿਆ ਹੈ। ਇਸ ਸਥਿਤੀ ਨੂੰ ਆਪਣੀ ਚੇਤਨਾ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰ।

‘ਸਵੈ' ਬਾਰੇ ਚੇਤੰਨ ਕਰਦਿਆਂ ਫ਼ਰੀਦ ਜੀ ਸਮਝਾਉਂਦੇ ਹਨ ਕਿ ਬੰਦੇ ਅੱਗੇ ਆਪਣੇ ਮਾਰਗ ਦੀ ਚੋਣ ਲਈ ਅਨੇਕ ਸੰਭਾਵਨਾਵਾਂ ਹਨ। ਦਰਅਸਲ ਸੰਭਾਵਨਾਵਾਂ (Possibilities) ਬੰਦੇ ਦੇ ਅਸਤਿਤਵ ਦਾ ਅਭਿੰਨ ਅੰਗ ਹਨ। ਕਈਆਂ ਨੂੰ ਇਨ੍ਹਾਂ ਸੰਭਾਵਨਾਵਾਂ ਦੀ ਸੋਝੀ ਆ ਜਾਂਦੀ ਹੈ ਪਰ ਕਈ ਸਾਰੀ ਆਯੂ ਹੀ ਬੇਪਰਵਾਹੀ ਤੋਂ ਕੰਮ ਲੈਂਦੇ ਹਨ। ਜੇ ਕਰ ਬੰਦਾ ਆਪਣੇ ਜੀਵਨ ਵਿੱਚ ਚੰਗੇ ਅਮਲਾਂ ਦੀ ਚੋਣ ਕਰੇਗਾ ਤਾਂ ਉਹ ਅਮਲ ਦਰਗਾਹ ਵਿੱਚ ਬੰਦੇ ਦੇ ਹੱਕ ਵਿੱਚ ਗੁਣਾਂ ਵਜੋਂ ਸਵੀਕਾਰ ਕੀਤੇ ਜਾਣਗੇ। ਮੋਢਿਆਂ ’ਤੇ ਕੁਹਾੜਾ ਰੱਖਕੇ ਲੱਕੜੀਆਂ ਵੱਢਣ ਜਾਂਦੇ ਲੱਕੜਹਾਰੇ ਅੱਗੇ ਸੰਭਾਵਨਾ ਹੋਰ ਹੈ ਪਰ ਸਚਾਈ ਦੇ ਖੋਜੀ ਅੱਗੇ ਸੰਭਾਵਨਾ ਹੋਰ ਹੈ। ਕਹਿਣ ਦਾ ਭਾਵ ਹੈ ਕਿ ਸੰਸਾਰ ਵਿੱਚ ਵਿਅਕਤੀ ਲਈ ਅਨੇਕ ਸੰਭਾਵਨਾਵਾਂ ਹਨ ਪਰ ਸਭ ਦੀ ਚੋਣ ਇੱਕ ਨਹੀਂ ਹੋ ਸਕਦੀ। ਸੰਸਾਰ ਵਿੱਚ ਮਾਰਗ ਦਰਸ਼ਕ ਦੀ ਚੋਣ (Choice) ਵੀ ਬੜੀ ਸੂਝ-ਬੂਝ ਨਾਲ ਕਰਨੀ ਪੈਂਦੀ ਹੈ। ਗ਼ਲਤ ਚੋਣ ਕਾਰਨ ‘ਹੰਸ' ਦੀ ਥਾਂ ‘ਬਗਲਾ' ਅਰਥਾਤ ਪਾਖੰਡੀ ਵੀ ਪੱਲੇ ਪੈ ਸਕਦਾ ਹੈ:

ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗੁ॥
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥2 123॥

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 101