ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਥਿਤੀ ਨੂੰ ਮੁੜ ਬਲ ਪ੍ਰਦਾਨ ਕਰਦੀ ਹੈ ਜੋ ਬੰਦੇ ਵੱਲੋਂ ਕੀਤੇ ਗੁਨਾਹਾਂ (Guilt) ਦੀ ਮੁਆਫ਼ੀ ਵੱਲ ਸੰਕੇਤ ਕਰਦੀ ਹੈ। ਕਿਉਂਕਿ ਬੰਦਾ ਆਪਣੇ ਅਤੀਤ ਦੀਆਂ ਭੁੱਲਾਂ ਕਾਰਨ ਅਜਿਹੀ ਸਥਿਤੀ ਵਿੱਚ ਡਿੱਗ ਚੁੱਕਾ ਹੁੰਦਾ ਹੈ ਜਿੱਥੇ ਉਸਦੇ ਪ੍ਰਮਾਣਿਕ ਮਾਰਗ ਤੇ ਚੱਲਣ ਦੀਆਂ ਸੰਭਾਵਨਾਵਾਂ ਨਿਰਹੋਂਦ ਹੋ ਜਾਂਦੀਆਂ ਹਨ। ਇੰਜ 'ਨਦਰ' ਅਤੀਤ ਨੂੰ ਭੁਲਾਕੇ ਪਿਛਲੇ ਗੁਨਾਹ ਬਖ਼ਸ਼ਕੇ ਭਵਿੱਖ ਦੇ ਮਾਰਗ ਤੇ ਪਾਉਣ ਦਾ ਕਾਰਜ ਕਰਦੀ ਹੈ। ਬੁਲਟਮਾਨ ਅਨੁਸਾਰ ਅਜਿਹੀ ਅਵਸਥਾ ਨੂੰ ਪਰਾਸਰੀਰਕ ਇਸ ਲਈ ਆਖਿਆ ਜਾ ਸਕਦਾ ਹੈ ਕਿਉਂ ਜੋ ਮਨੁੱਖ ਦੀ ਸਥਿਤੀ ਵਿੱਚ ਇਹ ਬਾਹਰਲੀ ਦਖ਼ਲ ਅੰਦਾਜ਼ੀ ਹੈ। ਨਦਰ (Grace) ਸੰਬੰਧੀ ਜਪੁਜੀ ਸਾਹਿਬ ਵਿੱਚ ਕਿਹਾ ਗਿਆ ਹੈ:

ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥6
ਨਾਨਕ ਨਦਰੀ ਪਾਈਐ
ਕੂੜੀ ਕੂੜੈ ਠੀਸ॥7
ਨਦਰੀ ਕਰਮਿ ਪਵੈ ਨੀਸਾਣੁ॥8
ਕਰਿ ਕਰਿ ਵੇਖੈ ਨਦਰਿ ਨਿਹਾਲ॥9
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥10

ਪਰ ਇਸ ਨਦਰ ਦੀ ਪ੍ਰਾਪਤੀ ਲਈ ਵਿਅਕਤੀ ਨੂੰ ਹੁਕਮ ਵਿੱਚ ਰਹਿਕੇ, ਸੁਣਨ ਮਨਨ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਕੇ, ਪੰਜ ਖੰਡਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ। ਸ਼ਾਇਦ ਇਹੋ ਹੀ ਧਾਰਮਿਕ ਅਸਤਿਤਵਵਾਦੀਆਂ ਅਨੁਸਾਰ ਚੇਤਨਾ ਦੀ ਪਾਰਗਮਤਾ (Transcendence of ego) ਹੈ, ਇਹ ਖੰਡ ਹਨ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਧਰਮ ਖੰਡ ਵਿੱਚ ਜੀਵਨ-ਜੁਗਤੀਆਂ ਦੀ ਸਮਝ, ਸੱਚ-ਝੂਠ ਦੀ ਪਰਖ ਹੋ ਜਾਂਦੀ ਹੈ। ਗਿਆਨ ਖੰਡ ਵਿੱਚ ਬ੍ਰਹਿਮੰਡੀ ਚੇਤਨਾ ਦੀ ਸੋਝੀ ਆਉਂਦੀ ਹੈ। ਸਰਮ ਖੰਡ ਵਿੱਚ ਮਿਹਨਤ ਦੀ ਸਥਿਤੀ ਸ਼ਾਮਲ ਹੈ ਜਿਸਦੇ ਫਲਸਰੂਪ ਸੁੰਦਰ ਸ਼ਖ਼ਸੀਅਤ ਦੀ ਘਾੜਤ ਹੁੰਦੀ ਹੈ। ਸ਼ਖ਼ਸੀਅਤ (Personality) ਅਤੇ ਵਿਅਕਤੀ (Individual) ਵਿੱਚ ਨਿਕੋਲਸ ਬਰਦੀਏਵ ਅੰਤਰ ਮੰਨਦਾ ਹੈ। 'ਜਣਾ' (Individual) ਕਿਸੇ ਵੀ ਮਾਂ-ਬਾਪ ਦੇ ਜਨਮ ਲੈ ਸਕਦਾ ਹੈ ਪਰ ਸ਼ਖ਼ਸੀਅਤ (Personality) ਕਿਸੇ ਮਾਂ-ਬਾਪ ਦੇ ਨਹੀਂ ਜਨਮਦੀ ਭਾਵੇਂ ਹੁੰਦੀ ਇਹ ਵਿਅਕਤੀ ਦੀ ਹੈ। ‘ਸ਼ਬਦ' ਦੁਆਰਾ ਇਸਦੀ ਘਾੜਤ ਘੜੀ ਜਾਂਦੀ ਹੈ। ਕਰਮ ਖੰਡ ਤਾਂ ਬਖ਼ਸ਼ਿਸ਼ ਦਾ ਖੰਡ ਹੈ। ਇਸ ਸਥਿਤੀ ਵਿੱਚ ਘਾਲਣਾ ਘਾਲਣ ਵਾਲੇ ਹੀ ਪੁੱਜਦੇ ਹਨ। ਸਚ ਖੰਡ, ਦਰਅਸਲ, ਪ੍ਰਮਾਣਿਕ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 112