ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਪੁਜੀ ਸਾਹਿਬ ਅਨੁਸਾਰ ਇਸ ਸੰਸਾਰ ਦੀ ਸਿਰਜਨਾ ‘ਕੀਤਾ ਪਸਾਓ ਏਕੋ ਕਵਾਓ' ਅਨੁਸਾਰ ਅਕਾਲਪੁਰਖ ਨੇ ਕੀਤੀ ਹੈ। ਸਿਰਜੇ ਜਾਣ ਦੀ ਰੁੱਤ, ਵਕਤ, ਥਿਤਿ ਵੇਲੇ ਦਾ ਸਿਰਜਨਹਾਰ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ। ਧਰਤੀ ਦੇ ਇਸ ਗੋਲੇ ਤੇ ਬੰਦੇ ਨੂੰ ਟਿਕਾਇਆ ਗਿਆ ਹੈ। ਇਸ ਵਿੱਚ ਰਹਿਕੇ ਉਸਨੇ ਆਪਣੇ ਸਚਿਆਰਾ ਹੋਣ ਦੀ ਘਾੜਤ ਘੜਨੀ ਹੈ। ਸੰਸਾਰ ਵਰਕਸ਼ਾਪ ਹੈ। ਇਹ ਸੱਚੇ ਪ੍ਰਭੂ ਦੀ ਸੱਚੀ ਰਚਨਾ (ਸਾਚੀ ਕਾਰ) ਹੈ। ਇਹ ‘ਧਰਮਸਾਲ’ ਹੈ। ਇੱਥੇ ਬੰਦੇ ਦਾ ‘ਕਚ-ਪਕ’ ਪਰਖਿਆ ਜਾਂਦਾ ਹੈ। ਗਿਆਨ ਖੰਡ ਵਿੱਚ ਸ਼ਿਸ਼ਟੀ ਦੇ ਅਨੇਕਾਂ ਪੱਖ ਉਜਾਗਰ ਹੁੰਦੇ ਹਨ। ਸਰਮ ਖੰਡ ਦਾ ਮਹੱਤਵ ਬਿਆਨ ਕਰਨਾ ਮੁਸ਼ਕਲ ਹੈ। ਕਰਮ ਖੰਡ ਸਚੇ ਅਨੰਦ ਦੀ ਪ੍ਰਾਪਤੀ ਹੈ। ਸਚ ਖੰਡ ਨਿਰੰਕਾਰ ਨਾਲ ਮਿਲਾਪ ਵਾਲਾ ਹੈ। ਪਰ ਬੰਦੇ ਨੇ ਕਿਸੇ ਭਰਮ ਅਧੀਨ ਸਿਰਜਨਹਾਰ ਦੀ ਥਾਂ ਜੀਵ/ ਵਸਤਾਂ/ਪੱਥਰਾਂ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ। ਬੰਦਾ 'ਬੋਲੁ ਵਿਗਾੜ’, ‘ਆਪੋ ਜਾਣੈ' (ਆਪਣੇ ਆਪਨੂੰ ਸਭ ਕੁੱਝ ਸਮਝਕੇ, ਪਾਪਾਂ ਸੰਗਿ ਮਤਿ ਨੂੰ ਭਰਕੇ, ਰੱਬ ਤੋਂ ਦੂਰ ਹੋ ਗਿਆ ਹੈ। ਉਹ ਰੱਬ ਅਤੇ ਸੰਸਾਰਕ ਮਾਇਆ ਦੇ ਵਿਚਕਾਰ ਲਟਕ ਗਿਆ ਹੈ। ਉਸਨੇ ਫ਼ੈਸਲਾ ਲੈਣਾ ਹੈ ਕਿ ਕਿਸ ਬੰਨੇ ਖੜ੍ਹਨਾ ਹੈ। ਇਹ ਸੰਸਾਰ ‘ਮਨਿ ਜੀਤੈ' ਜਿੱਤਿਆ ਜਾ ਸਕਦਾ ਹੈ। ਤੀਰਥਾਂ ਤੇ ਘੁੰਮਣ ਨਾਲੋਂ ‘ਅੰਤਰਗਤਿ ਤੀਰਥਿ ਮਲਿ ਨਾਉਂ' ਅਨੁਸਾਰ ਚੱਲਣਾ ਬਣਦਾ ਹੈ। ਧਾਰਮਿਕ ਅਸਤਿਤਵਵਾਦੀਆਂ ਦਾ ਵਿਚਾਰ ਹੈ "Theological knowledge must be from the inside, it must be faith interpreting itself."11 ਇਸ ਪ੍ਰਕਾਰ ਸੰਸਾਰ ਦੀ ਸਮਝ ਧਾਰਮਿਕ ਵਿਸ਼ਵਾਸ ਦਾ ਪਰੋਜੈਕਟ ਹੈ। ਇਹ ਸਿੱਧਾਂਤਕ ਨਹੀਂ ਸਗੋਂ ਇਹ ਅਸਤਿਤਵੀ ਸਮਝ (Existential understanding) ਹੈ। ਵਿਸ਼ਵਾਸ ਨਾਲ ਹੀ ਇਹ ਸਮਝ ਪੈ ਸਕਦੀ ਹੈ ਕਿ ਸੰਸਾਰ ਇੱਕ ਸ਼ਬਦ (ਕਵਾਓ) ਅਰਥਾਤ Word of God ਦੁਆਰਾ ਹੋਂਦ ਵਿੱਚ ਆਇਆ ਹੈ।

ਇਸ ਸੰਸਾਰ ਵਿੱਚ ਰਹਿੰਦਿਆਂ ਅਨੇਕਾਂ ਬੰਦੇ ਵਿਕਾਰਾਂ ਵਿੱਚ ਪੈ ਕੇ (ਖਪਿ ਤੁਟਹਿ ਵੇਕਾਰ) ਟੁੱਟ (ਮਰ) ਜਾਂਦੇ ਹਨ। ਪ੍ਰਭੂ ਤੋਂ ਦਾਤਾਂ ਪ੍ਰਾਪਤ ਕਰਕੇ ਮੁਕਰਦੇ ਹਨ। ਕਈ ਲੋੜੋਂ ਵੱਧ ਖਾਂਦੇ ਹਨ। ਜਿਤਨਾ ਬਹੁਤਾ ਸੰਸਾਰ ਵਿੱਚ ਡਿਗਦੇ ਜਾਂਦੇ ਹਨ ਉਤਨਾ ਹੀ ਸਵੈ ਤੋਂ ਦੂਰ ਹੋ ਜਾਂਦੇ ਹਨ। "The deeper his fall into the world, the further he is far from himself."12

ਸੱਚੀ ਟਕਸਾਲ ਵਿੱਚ ‘ਸ਼ਬਦ' ਦੁਆਰਾ ਬੰਦੇ ਦੀ ਨਵੀਂ ਸ਼ਖ਼ਸੀਅਤ ਦੀ ਘਾੜਤ ਹੁੰਦੀ ਹੈ। ਪ੍ਰਭੂ ਦੀ ਨਦਰ ਨਾਲ ਉਸ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।"That possibility is given to him by the grace of God."13

ਇਹੋ ਅਸਤਿਤਵੀ ਸੰਭਾਵਨਾ ਹੈ। ਇੰਜ ਹੀ ਵਿਅਕਤੀ ਦੀ ਹੋਂਦ ਸਚਿਆਰੀ ਹੁੰਦੀ ਹੈ ਅਤੇ ਇਹੋ ਪ੍ਰਮਾਣਿਕ ਅਸਤਿਤਵ ਲਈ ਮਾਰਗ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 114