ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਕੜ ਵਿੱਚ ਸਨ।

ਸਮਾਜ ਜਾਂ ਕਿਸੇ ਵਿਅਕਤੀ ਵਿਰੁੱਧ ਜੁਰਮ ਨੂੰ ਰੱਬ ਦੇ ਵਿਰੁੱਧ ਜੁਰਮ ਘੋਸ਼ਿਤ ਕੀਤਾ ਜਾਂਦਾ ਸੀ। ਅਠਾਰਵੀਂ ਸਦੀ ਦੇ ਅੱਧ ਤੱਕ ਜਾਦੂਗਰਾਂ ਅਤੇ ਚਮਤਕਾਰ ਵਿਖਾਉਣ ਵਾਲਿਆਂ ਲਈ ਦੰਡ ਸਮਾਪਤ ਕਰ ਦਿੱਤੇ ਗਏ ਸਨ। ਮੌਤ ਦੀ ਸਜ਼ਾ, ਜਲਾਵਤਨੀ, ਸਰੀਰ ਦੇ ਅੰਗ ਕੱਟਣਾ, ਖੰਭੇ ਨਾਲ ਨੂੜਕੇ ਅੱਗ ਲਾਉਣੀ, ਸਰੀਰ ਨੂੰ ਪੁਰਜਾ ਪੁਰਜਾ ਕੱਟਣਾ, ਚਰਖੜੀ ਤੇ ਚਾੜ੍ਹਕੇ ਪੀੜ੍ਹਨਾ, ਫਾਹੇ ਲਾਉਣਾ, ਗਲਾ ਘੁੱਟਕੇ ਮਾਰਨਾ ਅਤੇ ਸਿਰ ਕਲਮ ਕਰਨਾ ਆਦਿ ਸਜ਼ਾਵਾਂ ਨੇ ਲੋਕਾਂ ਦੀ ਸੁਤੰਤਰ ਸੋਚ ਅਤੇ ਅਸਤਿਤਵ ਨੂੰ ਪੂਰੀ ਤਰ੍ਹਾਂ ਕੁਚਲਿਆ ਹੋਇਆ ਸੀ। ਮੁਲਜ਼ਮ ਨੂੰ ਹਰ ਹਾਲਤ ਵਿੱਚ ਇਕਬਾਲ ਕਰਾਉਣ ਲਈ ਹਰ ਤਸੀਹਾ ਵਰਤਿਆ ਜਾਂਦਾ ਸੀ। ਅੰਗੂਠੇ ਮਰੋੜਨੇ, ਲੱਤਾਂ ਤੋੜਨੀਆਂ, ਬਾਹਾਂ ਪਿੱਠ ਪਿੱਛੇ ਬੰਨ੍ਹਕੇ ਚੱਕਰ ਵਿੱਚ ਘੁੰਮਾਉਣਾ ਅਤੇ ਉੱਪਰ ਵੱਲ ਖਿੱਚਣਾ ਆਦਿ ਤਾਂ ਆਮ ਜਿਹੇ ਤਸੀਹੇ ਸਨ।ਨਿਆਂ ਕਰਨ ਵਾਲੇ ਜੱਜਾਂ ਦੀਆਂ ਸੀਟਾਂ ਖਰੀਦੀਆਂ ਅਤੇ ਵੇਚੀਆਂ ਜਾਂਦੀਆਂ ਹਨ। ਅਫਵਾਹਾਂ ਦਾ ਅੱਠਵਾਂ ਹਿੱਸਾ ਮਿਲਾਕੇ ਇਹ ਮੰਨ ਲਿਆ ਜਾਂਦਾ ਕਿ ਦੋ ਚਸ਼ਮਦੀਦ ਗਵਾਹਾਂ ਦੇ ਬਰਾਬਰ ਹੋ ਗਿਆ। ਨਿਆਂ ਦੀ ਸਾਰੀ ਪ੍ਰਕਿਰਿਆ ਗੁਪਤ ਰੱਖੀ ਜਾਂਦੀ ਸੀ। ਆਮ ਬੰਦੇ ਨੂੰ ਬੰਦਾ ਹੀ ਨਹੀਂ ਸੀ ਸਮਝਿਆ ਜਾਂਦਾ। ਮੁਲਜ਼ਮ ਦੇ ਇਕਬਾਲ ਨੂੰ ਅਜਿਹਾ ਗੁਣ ਮੰਨਿਆ ਜਾਂਦਾ ਸੀ ਕਿ ਉਹ ਸਿੱਧਾ ਸੁਰਗ ਜਾਵੇਗਾ।

ਸਿੱਖਿਆ ਦੇ ਖੇਤਰ ਵਿੱਚ ਚੋਣ ਕਰਨ ਲਈ ਬਾਪ ਦਾ ਫ਼ੈਸਲਾ ਅਟੱਲ ਮੰਨਿਆ ਜਾਂਦਾ ਸੀ। ਜਿਹੜਾ ਪੁੱਤਰ ਬਾਪ ਦੀ ਗੱਲ ਨਾ ਮੰਨੇ ਉਸਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਵੋਲਟੇਅਰ ਦਾ ਪਿਤਾ ਉਸਨੂੰ ਵਕੀਲ ਬਣਾਉਣਾ ਚਾਹੁੰਦਾ ਸੀ ਪਰ ਉਸਨੇ ਸਾਹਿਤਕਾਰ ਬਣਨ ਦੀ ਚੋਣ ਕੀਤੀ। ਇਹੋ ਚੋਣ ਉਸਦੇ ਜੀਵਨ ਨੂੰ ਨਿਰਧਾਰਿਤ ਕਰਨ ਵਾਲੀ ਕਸਵੱਟੀ ਬਣ ਗਈ। ਇਸੇ ਚੋਣ ਕਾਰਨ ਉਸਨੇ ‘ਓਪੀਡੀ’ ਨਾਟਕ 21 ਸਾਲ ਦੀ ਉਮਰ ਵਿੱਚ ਲਿਖਿਆ। ਇਸ ਵਿੱਚ ਰੀਜੈਂਟ ਦੀ ਧੀ ਦੇ ਵਿਭਚਾਰ ਵੱਲ ਸੰਕੇਤ ਸੀ। ਫਲਸਰੂਪ ਵੋਲਟੇਅਰ ਨੂੰ ਦੇਸ਼ ਨਿਕਾਲੇ ਦੀ ਸਜ਼ਾ ਮਿਲੀ ਜੋ ਉਸਦੇ ਬਾਪ ਦੇ ਅਸਰ ਰਸੂਖ ਨਾਲ ਘਟਾ ਦਿੱਤੀ ਗਈ। ਫਿਰ ਉਸਨੇ ‘ਕਾਮੇਡੀ ਫਰੈਂਕਾਈਸ' ਵਾਸਤੇ ਸੋਧਿਆ ਹੋਇਆ ਨਾਟਕੀ ਰੂਪ ਪੇਸ਼ ਕੀਤਾ। ਬੈਸਲੇ ਜੇਲ੍ਹ ਦੀ ਹਵਾ ਵੀ ਖਾਣੀ ਪਈ। ਇਸੇ ਜੇਲ੍ਹ ਵਿੱਚ ਉਸਨੇ ਅਪਣਾ ਨਾਮ ਅਰਾਊਟ ਡੀ.ਵੋਲਟੇਅਰ ਰੱਖ ਲਿਆ। ਨਵੰਬਰ 1718 ਵਿੱਚ ਇਸ ਨਾਟਕ ਨੇ 45 ਰਾਤਾਂ ਲਈ ਲੋਕਾਂ ਨੂੰ ਪ੍ਰਭਾਵਿਤ ਕੀਤਾ। ਹੁਣ ਉਹ ਸਾਹਿਤਕ ਸਤਾਰਾ ਬਣ ਗਿਆ ਅਤੇ 300 ਪੌਂਡ ਵਾਰਸ਼ਿਕ ਪੈਨਸ਼ਨ ਦਾ ਹੱਕਦਾਰ ਹੋ ਗਿਆ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 218