ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਦੀ ‘ਈਪਿਕ' ਕਵਿਤਾ ‘ਲਾ ਹੈਨਰੀਆਡ' ਵਿੱਚ ਫ਼ਰਾਂਸੀਸੀ ਸ਼ਾਸਨ ਪ੍ਰਣਾਲੀ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ ਜਿਸ ਨਾਲ ਸ਼ਾਹੀ ਦਰਬਾਰ ਨਰਾਜ਼ ਹੋ ਗਿਆ। ਉਸਦੀਆਂ ਹੋਰ ਰਚਨਾਵਾਂ ਵਿੱਚ- ਹਿਸਟਰੀ ਚਾਰਲਸ ਦੂਜਾ, ਲੂਈ ਚੌਧਵੇਂ ਅਤੇ ਲੂਈ ਪੰਦਰਵੀਂ ਦਾ ਸਮਾਂ, ਇੰਗਲਿਸ਼ ਲੈਟਰਜ਼, ਨਿਊਟਨ ਦੀ ਫ਼ਿਲਾਸਫ਼ੀ ਦੇ ਤੱਤ; ਰੌਮਸੌਵੀ ਅਤੇ ਓਰੈਸਟੀ (ਦੋਵੇਂ ਦੁਖਾਂਤ ਨਾਟਕ), ਫੋਨੀਮ ਮੋਰੀਬੰਦ, ਈਰੀਨ ਆਖਰੀ ਨਾਟਕ ਅਤੇ ਕਹਾਣੀ ‘ਕੈਂਡਾਈਡ' ਆਦਿ ਸ਼ਾਮਲ ਹਨ। ਕੈਂਡਾਈਡ ਕਹਾਣੀ ਬਾਰੇ ਅਨਾਤੋਲ ਫ਼ਰਾਂਸ ਦੇ ਵਿਚਾਰ ਉੱਲੇਖਨੀਯ ਹਨ:-

ਵੋਲਟੇਅਰ ਦੀਆਂ ਉਂਗਲਾਂ ਵਿੱਚ ਕਲਮ ਨੱਚਦੀ ਅਤੇ ਹੱਸਦੀ ਹੈ, ਸਾਰੇ ਸਾਹਿਤ ਵਿੱਚ ਇਹ ਸ਼ਾਇਦ ਸਭ ਤੋਂ ਵੱਧ ਮਨੋਹਰ ਕਹਾਣੀ ਹੈ।[1]

ਵਿਸ਼ਵਕੋਸ਼ ਦੀ ਸੱਤਵੀਂ ਜਿਲਦ ਦੀ ਪ੍ਰਕਾਸ਼ਨਾ ਨਾਲ ਬੜਾ ਪੁਆੜਾ ਖੜ੍ਹਾ ਹੋ ਜਾਂਦਾ ਹੈ। ਇਸ ਵਿੱਚ ਧਰਮ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਉਹ ਆਪਣੀ ਇੱਕ ਕਵਿਤਾ ਵਿੱਚ ਮਨੁੱਖ ਨੂੰ ਆਪਣੇ ਅਸਤਿਤਵ ਤੋਂ ਅਣਜਾਨ ਵਿਖਾਉਂਦਾ ਹੈ। ਲਿਖਦਾ ਹੈ:

ਮਨੁੱਖ ਅਣਜਾਨ ਹੈ ਆਪਣੀ ਖੋਜ ਪ੍ਰਤੀ, ਉਸਨੂੰ ਪਤਾ ਨਹੀਂ, ਉਹ ਕਿਥੋਂ ਆਉਂਦਾ ਹੈ, ਨਾ ਇਹ ਕਿ ਕਿਥੇ ਜਾਂਦਾ ਹੈ।[2]

ਇਸ ਨਾਵਲ ਵਿੱਚ ਦੋ ਸ਼ਬਦ ਚਿੱਤਰ ਉਪਲਬਧ ਹਨ। ਵੋਲਟੇਅਰ ਦੀ ਸ਼ਖ਼ਸੀਅਤ ਬਾਰੇ ਇਕ ਸ਼ਬਦ-ਚਿੱਤਰ ਕਿਸੇ ਅਗਿਆਤ ਲੇਖਕ ਦਾ, ਜਿਸ ਵਿੱਚ ਉਹ ਉਸਦੇ ਕਈ ਗੁਣਾਂ ਦੀ ਪ੍ਰਸ਼ੰਸਾ ਕਰਦਾ ਹੈ ਪਰ ਕਈ ਗੱਲਾਂ ਵਿੱਚ ਨਿੰਦਿਆ ਕੀਤੀ ਗਈ ਹੈ। ਇਹ ਸ਼ਬਦ ਚਿੱਤਰ ਪੜ੍ਹਕੇ ਵੋਲਟੇਅਰ ਨੂੰ ਬਹੁਤ ਕ੍ਰੋਧ ਆਉਂਦਾ ਹੈ। ਉਹ ਲਿਖਦਾ ਹੈ:

"ਮੈਂ ਉਹ ਸ਼ਬਦ ਚਿੱਤਰ ਪੜ੍ਹਿਆ ਹੈ ਜਿਹੜਾ ਮੇਰੇ ਬਾਰੇ ਲਿਖਿਆ ਗਿਆ ਹੈ। ਮੇਰਾ ਖਿਆਲ ਹੈ ਕਿ ਇਹ ਮੇਰੇ ਨਾਲ, ਬਿਲਕੁੱਲ ਨਹੀਂ ਮਿਲਦਾ। ਮੇਰੇ ਵਿੱਚ ਉਨ੍ਹਾਂ ਗੁਣਾਂ ਨਾਲੋਂ ਜ਼ਿਆਦਾ ਔਗੁਣ ਹਨ। ਪਰ ਮੈਂ ਵਿਸ਼ਵਾਸ ਨਾਲ ਆਖ ਸਕਦਾ ਹਾਂ ਕਿ ਮੈਂ ਲਾਲਚ ਅਤੇ ਅਸੰਵੇਦਨਾ ਜਿਹੇ ਔਗੁਣਾਂ ਦਾ ਹੱਕਦਾਰ ਨਹੀਂ ਜਿਹੜੇ ਮੇਰੇ ਬਾਰੇ ਲਿਖੇ ਗਏ ਹਨ।[3]

ਦੂਜਾ ਸ਼ਬਦ ਚਿੱਤਰ ਜੇਮਜ਼ ਬਾਸਵੈਲ ਨੇ ਲਿਖਿਆ ਹੈ ਜਿਸ ਵਿੱਚ ਉਹ ਲਿਖਦਾ ਹੈ ਕਿ (ਵੋਲਟੇਅਰ) ਇੱਕ ਸਾਕਾਰ ਪ੍ਰਤਿਭਾ ਹੈ......ਵਧੀਆ ਇੰਗਲਿਸ਼ ਬੋਲਦਾ ਸੀ.......ਉਸ ਕੋਲ ਹਾਸਾ ਮਜ਼ਾਕ ਕਰਨ ਦੀ ਕਲਾ ਹੈ......ਉਹ ਕਸਮਾਂ ਬਹੁਤ ਖਾਂਦਾ ਸੀ.........।[4]

ਜਿੱਥੋਂ ਤੱਕ ਸਾਹਿਤਕ ਖੇਤਰ ਦਾ ਸੰਬੰਧ ਹੈ, ਵੋਲਟੇਅਰ ਦੀ ਪ੍ਰਸਿੱਧੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 219

  1. ਇੰਦਰ ਸਿੰਘ ਖਾਮੋਸ਼, ਬੁੱਤ ਸ਼ਿਕਨ (ਨਾਵਲ), ਸੰਗਮ ਪਬਲੀਕੇਸ਼ਨਜ਼ ਸਮਾਣਾ 2013, ਪੰ. 186
  2. ਇੰਦਰ ਸਿੰਘ ਖਾਮੋਸ਼, ਬੁੱਤ ਸ਼ਿਕਨ (ਨਾਵਲ), ਸੰਗਮ ਪਬਲੀਕੇਸ਼ਨਜ਼ ਸਮਾਣਾ 2013, ਪੰ. 186
  3. ਉਹੀ, ਪੰ. 94
  4. ਉਹੀ, ਪੰ. 224