ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਚੈਨ ਹੈ। ਇੱਥੋਂ ਤੱਕ ਕਿ ਨੀਂਦਰ ਵਿਚ ਵੀ ਬੇਚੈਨੀ ਮਹਿਸੂਸਦਾ ਹੈ ਪਰ ਕੀ ਛਟਪਟਾਉਣ ਨਾਲ ਹੀ ਨਾਨਕਾ ਪਰਿਵਾਰ ਦੀ ਮਦਦ ਹੋ ਸਕਦੀ ਹੈ?

ਦਰਅਸਲ ਉਸ ਬੰਦੇ ਪਾਸ ਗਤੀਸ਼ੀਲ (Man in action) ਹੋਣ ਦੀ ਘਾਟ ਹੈ। ਰੰਨ-ਮੁਰੀਦ ਹੋਣਾ ਉਸਦੀ ਕਮਜ਼ੋਰੀ ਹੈ। ਉਸ ਨੂੰ ਮਹਿਤਾ ਦੇ ਡਿਨਰ ਤੇ ਜਾਣ ਦੀ ਲੋੜ ਨਹੀਂ ਸੀ। ਘਰੇ ਹੁੰਦਾ ਤਾਂ ਮਾਮੇ ਨਾਲ ਹੋਰ ਦੁਖ-ਸੁਖ ਵੰਡਾਉਂਦਾ। ਘਰੇ ਹੁੰਦਾ ਤਾਂ ਡੀ.ਐਸ.ਪੀ. ਨਾਲ ਦੁਬਾਰਾ ਗੱਲ ਕਰ ਸਕਦਾ ਸੀ। ਉਸ ਦੇ ਗੁਆਂਢ 'ਚ ਤਾਂ ਵੱਡੇ ਅਫ਼ਸਰਾਂ ਦੇ ਬੰਗਲਿਆਂ ਦੀ ਲੰਮੀ ਕਤਾਰ ਸੀ। ਘਰੇ ਹੁੰਦਾ ਤਾਂ ਕਿਸੇ ਹੋਰ ਵੱਡੇ ਅਫ਼ਸਰ ਨਾਲ ਵੀ ਗੱਲ ਕਰ ਸਕਦਾ ਸੀ। ਕਿਸੇ ਹੋਰ ਨਾਲ ਸੰਪਰਕ ਕਰਨ ਦੇ ਅਵਸਰ ਨੂੰ ਉਹ ਡਿਨਰ ਦੀ ਭੇਟ ਚੜ੍ਹਾ ਗਿਆ। ਇਹੋ ਕਥਾ-ਨਾਇਕ ਦੀ ਕਾਰਜੀ ਭੁੱਲ (act of omission) ਹੈ।

ਵੱਡਾ ਅਫ਼ਸਰ ਹੋਣਾ ਅਸਤਿਤਵ ਨਹੀਂ ਹੁੰਦਾ। ਡਾਲਰ ਜਾਂ ਪੌਂਡ ਅਸਤਿਤਵ ਨਹੀਂ ਬਣਾਉਂਦੇ। ਵੱਡੇ ਘਰ ਸ਼ਾਦੀ ਹੋਣਾ ਅਸਤਿਤਵ ਨਹੀਂ ਹੁੰਦਾ। ਅਸਤਿਤਵ ਤਾਂ ਬੰਦੇ ਦਾ ‘ਬੰਦਾ' ਹੋਣਾ ਹੈ। ਮਾਮਾ ਬਿਨਾਂ ਅਫ਼ਸਰੀ ਦੇ ਪ੍ਰਮਾਣਿਕ ਅਸਤਿਤਵ ਦਾ ਪ੍ਰਗਟਾਵਾ ਕਰ ਗਿਆ ਹੈ। ਮਾਮੇ ਦਾ ਉਸਨੂੰ ‘ਸਰਦਾਰ ਸਾਹਿਬ' ਕਹਿਕੇ ਉਸਦੇ ਘਰੋਂ ਬਾਹਰ ਹੋਣਾ ਉਸ ਦੀ ਅਫ਼ਸਰੀ ਦੇ ਮੂੰਹ 'ਤੇ ਚਪੇੜ ਨਹੀਂ ਤਾਂ ਹੋਰ ਕੀ ਹੈ? ਪਰ ਕਥਾਕਾਰ ਨੇ ਤਾਂ ਜੀਵਨ ਦੀ ਇੱਕ ਯਥਾਰਥਕ ਝਲਕ ਪੇਸ਼ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਕਹਾਣੀ ਦੇ ਅੰਤ ਤੇ ਨਾਇਕ ਸ਼ੀਜ਼ੋਫ਼ਰੇਨਿਆ (Schizophrenia) ਦੀ ਅਵਸਥਾ ਵਿੱਚ ਹੈ ਅਤੇ ਮਹਿਸੂਸ ਕਰਦਾ ਹੈ ਜਿਵੇਂ ਉਸਦਾ ਵੀ ਉਧਾਲਾ ਹੋ ਗਿਆ ਹੈ। ਇੰਜ ਉਹ ਵਿਅਕਤਿਤਵ-ਵੰਚਿਤ (depersonalize) ਹੋ ਜਾਂਦਾ ਹੈ। ਇਸ ਦਸ਼ਾ ਵਿੱਚ ਹੀ ਉਸ ਦੇ ਬੋਲ ਹਨ:

‘ਮੈਂ... ਮੈਂ... ਲਾਡੀ ਨੂੰ ਕਿਵੇਂ ਲੱਭ ਸਕਨਾਂ ਵਾਂ ਮਾਮਾ! ਮੈਂ ਤਾਂ ਆਪ... ਮੈਂ ਤਾਂ ...ਜੇ ਹੋ ਸਕਿਆ ਤਾਂ ਮੈਨੂੰ ਵੀ ਲੱਭੀ... ਮਾਮਾ!"[1]

ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਭੂਪਿੰਦਰ ਸਿੰਘ ਗਰੇਵਾਲ ਦੇ ਮੁਕਾਬਲੇ ਮਾਮੇ ਬਚਨ ਸਿੰਘ ਦਾ ਅਸਤਿਤਵ ਪ੍ਰਮਾਣਿਕ ਹੈ। ਅਸਤਿਤਵਵਾਦ ਮਾਨਵਵਾਦ ਹੈ (Existentialism is humanism) ਇਸ ਦ੍ਰਿਸ਼ਟੀ ਤੋਂ ਰਾਜਵਿੰਦਰ ਕੌਰ ਰੋਜ਼ੀ ਦਾ ਵਿਵਹਾਰ ਅਮਾਨਵੀ ਹੋਣ ਕਾਰਨ ਉਸਦਾ ਅਸਤਿਤਵ ਅਪ੍ਰਮਾਣਿਕ (Inauthentic) ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 260

  1. ਉਹੀ